ਡਾ. ਅਰੁਣ ਮਿੱਤਰਾ
ਭਾਰਤੀ ਸੁਪਰਸੌਨਿਕ ਕਰੂਜ਼ ਮਿਜ਼ਾਈਲ ਜੋ 9 ਮਾਰਚ 2022 ਨੂੰ ਗਲਤੀ ਨਾਲ ਪਾਕਿਸਤਾਨੀ ਖੇਤਰ ਵਿਚ ਡਿੱਗ ਗਈ ਸੀ, ਨਾ ਸਿਰਫ਼ ਦੋ ਪਰਮਾਣੂ ਹਥਿਆਰਬੰਦ ਗੁਆਂਢੀ ਦੇਸ਼ਾਂ ਲਈ ਸਗੋਂ ਸਮੁੱਚੇ ਵਿਸ਼ਵ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਘਟਨਾ ਬਾਰੇ 10 ਮਾਰਚ ਨੂੰ ਪਾਕਿਸਤਾਨੀ ਫੌਜੀ ਅਦਾਰੇ ਦੁਆਰਾ ਪਹਿਲੀ ਵਾਰ ਦੱਸਿਆ ਗਿਆ। ਇਹ ਘਟਨਾ ਉਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਦੀ ਹੈ ਕਿ ਪਰਮਾਣੂ ਹਥਿਆਰ ਗਲਤੀ ਨਾਲ ਵੀ ਚਲ ਸਕਦੇ ਹਨ। ਇਸ ਘਟਨਾ ਦੇ ਵਾਪਰਨ ਦੇ ਲਗਭਗ 48 ਘੰਟੇ ਬਾਅਦ ਹੀ ਭਾਰਤੀ ਰੱਖਿਆ ਮੰਤਰਾਲੇ ਨੇ ਇਸ ਘਟਨਾ ’ਤੇ ਡੂੰਘੇ ਅਫਸੋਸ ਦਾ ਇਜ਼ਹਰ ਕੀਤਾ। ਭਾਰਤ ਸਰਕਾਰ ਵਲੋਂ ਗੁਆਂਢੀ ਮੁਲਕ ਨੂੰ ਇਸ ਘਟਨਾ ਬਾਰੇ ਸਮੇਂ ਸਿਰ ਆਗਾਹ ਨਾ ਕਰਨਾ, ਦੂਜੇ ਦੇਸ਼ ਨੂੰ ਤੁਰੰਤ ਸਾਵਧਾਨ ਕਰਨ ਦੇ ਸਹਿਮਤ ਨਿਯਮਾਂ ਦੇ ਵਿਰੁੱਧ ਹੈ। ਸ਼ਾਇਦ ਪਾਕਿਸਤਾਨ ਦੀ ਪ੍ਰਤੀਕਿਰਿਆ ਇਸ ਲਈ ਘੱਟ ਸੀ ਕਿਉਂਕਿ ਪਾਕਿਸਤਾਨ ਵਿਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਇਲਾਵਾ ਦੇਸ਼ ਡੂੰਘੇ ਅੰਦਰੂਨੀ ਸਿਆਸੀ ਅਤੇ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ, ਇਸ ਨੇ ਵੀ ਉਨ੍ਹਾਂ ਦੇ ਪ੍ਰਤੀਕਰਮ ਨੂੰ ਘੱਟ ਪੱਧਰ ’ਤੇ ਰੱਖਣ ਲਈ ਮਜਬੂਰ ਕੀਤਾ ਹੋ ਸਕਦਾ ਹੈ।
ਭਾਰਤੀ ਰੱਖਿਆ ਮੰਤਰੀ ਨੇ ਭਰੋਸਾ ਦਿਵਾਇਆ ਹੈ ਕਿ ਦੇਸ਼ ਹਥਿਆਰ ਪ੍ਰਣਾਲੀਆਂ ਦੇ ਸੰਚਾਲਨ, ਸਾਂਭ-ਸੰਭਾਲ ਅਤੇ ਨਿਰੀਖਣ ਲਈ ਆਪਣੀਆਂ ਸਟੈਂਡਿੰਗ ਕਾਰਜ ਪ੍ਰਣਾਲੀਆਂ ਦੀ ਸਮੀਖਿਆ ਕਰ ਰਿਹਾ ਹੈ। ਅਲਬਾਨੀ ਯੂਨੀਵਰਸਿਟੀ ਵਿਚ ਰਾਜਨੀਤੀ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਕ੍ਰਿਸਟੋਫਰ ਕਲੈਰੀ ਨੇ ਕਿਹਾ ਹੈ ਕਿ ‘ਇਹ ਦੁਰਘਟਨਾ ਜਾਪਦੀ ਹੈ, ਸ਼ੁਕਰ ਹੈ ਕਿ ਇਸ ਵਿਚ ਅਸਲਾ ਨਹੀਂ ਸੀ ਪਰ ਪਰਮਾਣੂ ਹਥਿਆਰਬੰਦ ਦੇਸ਼ ਤੋਂ ਦੂਜੇ ਦੇਸ਼ ’ਤੇ ਦਾਗੀ ਕੋਈ ਵੀ ਮਿਜ਼ਾਈਲ ਗਹਿਰਾਈ ਵਿਚ ਜਾਂਚ ਦੀ ਮੰਗ ਕਰਦੀ ਹੈ। ਇਹ ਐਪੀਸੋਡ ਸੁਰੱਖਿਆ ਅਤੇ ਸੁਰੱਖਿਆ ਪ੍ਰਕਿਰਿਆਵਾਂ ਬਾਰੇ ਕਈ ਸਵਾਲ ਖੜ੍ਹੇ ਕਰਦਾ ਹੈ ਜਿਨ੍ਹਾਂ ਨੂੰ ਭਾਰਤੀ ਅਧਿਕਾਰੀਆਂ ਨੂੰ ਹੱਲ ਕਰਨ ਦੀ ਲੋੜ ਹੈ। ਸ਼ਾਇਦ ਇਹ ਹਾਦਸਾ ਭਾਰਤ ਨੂੰ ਦੱਖਣੀ ਏਸ਼ੀਆ ਵਿਚ ਪਰਮਾਣੂ ਖਤਰੇ ਘੱਟ ਕਰਨ ਲਈ ਲੰਮੇ ਸਮੇਂ ਤੋਂ ਸੁਸਤ ਕੂਟਨੀਤਕ ਪ੍ਰਸਤਾਵਾਂ ’ਤੇ ਮੁੜ ਵਿਚਾਰ ਕਰਨ ਲਈ ਪ੍ਰੇਰੇਗਾ।’
ਇਸ ਦੁਰਘਟਨਾ ਦੀ ਜਾਂਚ ਦੇ ਮੁਢਲੇ ਨਤੀਜੇ ਸੁਰੱਖਿਆ ਮਾਪਦੰਡਾਂ ਨੂੰ ਕਾਇਮ ਰੱਖਣ ਵਿਚ ਹਵਾਈ ਸੈਨਾ ਦੇ ਇਕ ਗਰੁੱਪ ਕਪਤਾਨ ਦੀ ਅਸਫਲਤਾ ਵੱਲ ਇਸ਼ਾਰਾ ਕਰਦੇ ਹਨ। ਪਾਕਿਸਤਾਨ ਨੇ ਇਸ ਘਟਨਾ ਦੀ ਸਾਂਝੀ ਜਾਂਚ ਦੀ ਮੰਗ ਕੀਤੀ ਹੈ ਜਿਸ ਨਾਲ ਭਾਰਤ ਸਰਕਾਰ ਦੇ ਸਹਿਮਤ ਹੋਣ ਦੀ ਸੰਭਾਵਨਾ ਨਹੀਂ ਜਾਪਦੀ।
ਪਾਕਿਸਤਾਨ ਦੇ ਏਅਰ ਵਾਈਸ ਮਾਰਸ਼ਲ ਤਾਰਿਕ ਜਿ਼ਆ ਦੁਆਰਾ ਇਸ਼ਾਰਾ ਕੀਤਾ ਗਿਆ ਇੱਕ ਹੋਰ ਖ਼ਤਰਾ ਇਹ ਹੈ ਕਿ ‘ਜਿਸ ਸਮੇਂ ਪ੍ਰੋਜੈਕਟਾਈਲ ਨੂੰ ਚੁੱਕਿਆ ਗਿਆ ਸੀ, ਉੱਥੇ ਦੋ ਹਵਾਈ ਮਾਰਗ ਸਰਗਰਮ ਸਨ ਅਤੇ ਕਈ ਵਪਾਰਕ ਏਅਰਲਾਈਨਾਂ ਖੇਤਰ ਵਿਚ ਸਨ। ਜੇ ਤੁਸੀਂ ਪ੍ਰੋਜੈਕਟਾਈਲ ਦੀ ਗਤੀ ਅਤੇ ਉਚਾਈ ’ਤੇ ਨਜ਼ਰ ਮਾਰੋ ਤਾਂ ਇਹ 40000 ਫੁੱਟ ਉੱਚਾ ਸੀ, ਤੇ ਹਵਾਈ ਜਹਾਜ਼ 35000 ਤੋਂ 42000 ਫੁੱਟ ਦੇ ਵਿਚਕਾਰ ਉਡ ਰਹੇ ਸੀ। ਇਹ ਯਾਤਰੀਆਂ ਦੀ ਸੁਰੱਖਿਆ ਲਈ ਬਹੁਤ ਨੁਕਸਾਨਦੇਹ ਹੋ ਸਕਦਾ ਸੀ।
ਰੂਸ ਯੂਕਰੇਨ ਜੰਗ ਕਾਰਨ ਇਸ ਘਟਨਾ ਨੂੰ ਵਿਸ਼ਵ ਦੇ ਮੀਡੀਆ ਵਿਚ ਉਛਾਲਿਆ ਨਹੀਂ ਗਿਆ ਹਾਲਾਂਕਿ ਇਹ ਘਟਨਾ ਵਿਸ਼ਵ ਭਰ ਵਿਚ, ਖਾਸਕਰ ਪਰਮਾਣੂ ਹਥਿਆਰਬੰਦ ਦੇਸ਼ਾਂ ਵਿਚ ਪਰਮਾਣੂ ਸੁਰੱਖਿਆ ਦੇ ਖਤਰਿਆਂ ਬਾਰੇ ਸੰਕੇਤ ਹੈ। ਇਹ ਘਟਨਾ ਇਸ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰਦੀ ਹੈ ਕਿ ਹਥਿਆਰਾਂ ’ਤੇ ਸਭ ਤੋਂ ਵਧੀਆ ਤਕਨੀਕ ਅਤੇ ਮਨੁੱਖੀ ਮੁਹਾਰਤ ਹੋਣ ਦੇ ਬਾਵਜੂਦ ਇਨ੍ਹਾਂ ਦੀ ਦੁਰਘਟਨਾ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਇਸੇ ਵਿਸ਼ੇ ਬਾਰੇ ਕ੍ਰਿਸਟੋਫਰ ਕਲੈਰੀ ਅਗਾਂਹ ਆਖਦੇ ਹਨ, “ਫੌਜੀ ਸੰਸਥਾਵਾਂ ਗਲਤੀਆਂ ਕਰਦੀਆਂ ਹਨ, ਉਹ ਗਲਤੀਆਂ ਸ਼ਾਂਤੀ ਦੇ ਸਮੇਂ, ਸੰਕਟ ਤੇ ਯੁੱਧ ਵਿਚ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ ਅਤੇ ਉਹ ਹਾਦਸੇ ਖਤਰਨਾਕ ਤੇ ਘਾਤਕ ਹੋ ਸਕਦੇ ਹਨ।
ਅਜਿਹੇ ਹਾਲਾਤ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਲਈ ਭਰੋਸੇਯੋਗ ਅਤੇ ਪ੍ਰਭਾਵੀ ਭਰੋਸੇਮੰਦ ਉਪਾਅ ਤੁਰੰਤ ਲਾਗੂ ਕਰਨਾ ਸਭ ਤੋਂ ਵੱਧ ਮਹੱਤਵਪੂਰਨ ਹੈ। ਵਿਸ਼ਵਾਸ ਬਣਾਉਣ ਲਈ ਆਪਸ ਵਿਚ ਗਲਬਾਤ ਨੂੰ ਵਧਾਉਣਾ ਅਤਿ ਮਹੱਤਵਪੂਰਨ ਹੈ।
ਭਾਰਤ ਅਤੇ ਪਾਕਿਸਤਾਨ ਦੋਵੇਂ ਪਿਛਲੇ ਕਈ ਦਹਾਕਿਆਂ ਤੋਂ ਟਕਰਾਅ ਅਤੇ ਤਣਾਅ ਵਿਚ ਹਨ। ਰਿਸ਼ਤਿਆਂ ਵਿਚ ਇੰਨੀ ਕਮਜ਼ੋਰੀ ਹੈ ਕਿ ਸ਼ਾਂਤੀ ਦੇ ਸਮੇਂ ਦੀ ਛੋਟੀ ਜਿਹੀ ਘਟਨਾ ਵੀ ਦੋਵਾਂ ਵਿਚਕਾਰ ਚੱਲ ਰਹੀ ਬਿਆਨਬਾਜ਼ੀ ਨੂੰ ਵਧਾ ਸਕਦੀ ਹੈ। ਸਰਹੱਦ ’ਤੇ ਝੜਪਾਂ ਲਗਭਗ ਰੋਜ਼ਾਨਾ ਦਾ ਮਾਮਲਾ ਹੈ, ਅਜਿਹੀ ਕੋਈ ਵੀ ਘਟਨਾ ਮਾੜੀ ਸਥਿਤੀ ਦਾ ਕਾਰਨ ਬਣ ਸਕਦੀ ਹੈ ਜਿੱਥੇ ਪਰਮਾਣੂ ਹਥਿਆਰਾਂ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ। ਇਸ ਲਈ ਇਹ ਮਹੱਤਵਪੂਰਨ ਹੈ ਕਿ ਕਿਸੇ ਵੀ ਗਲਤਫ਼ਹਿਮੀ ਨੂੰ ਦੂਰ ਕਰਨ ਲਈ ਕੁਝ ਜ਼ਰੂਰੀ ਕਦਮ ਚੁੱਕੇ ਜਾਣ। ਦੋਵਾਂ ਦੇਸ਼ਾਂ ਨੂੰ 9 ਮਾਰਚ ਵਾਲੇ ਹਾਲਾਤ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਪਾਰਦਰਸ਼ੀ ਹੋਣਾ ਚਾਹੀਦਾ ਹੈ। ਵੱਖ ਵੱਖ ਮੁੱਦਿਆਂ ਦੇ ਹੱਲ ਅਤੇ ਆਪਸੀ ਵਿਸ਼ਵਾਸ ਦੀ ਉਸਾਰੀ ਲਈ ਦੋਵਾਂ ਵਿਚਕਾਰ ਗੱਲਬਾਤ ਦੀ ਨਿਰੰਤਰ ਪ੍ਰਕਿਰਿਆ ਹੋਣੀ ਚਾਹੀਦੀ ਹੈ। ਦੋਹਾਂ ਦੇਸ਼ਾਂ ਨੂੰ ਨੀਤੀ ਦੇ ਤੌਰ ’ਤੇ ਪਰਮਾਣੂ ਹਥਿਆਰਾਂ ਦੀ ਪਹਿਲੇ ਵਰਤੋਂ ਨਾ ਕਰਨ ਦਾ ਖੁੱਲ੍ਹੇਆਮ ਐਲਾਨ ਕਰਨਾ ਚਾਹੀਦਾ ਹੈ। ਸਾਰਕ ਨੂੰ ਦੱਖਣੀ ਏਸ਼ੀਆ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਖੇਤਰ ਐਲਾਨਣ ਲਈ ਦੱਖਣੀ ਏਸਿ਼ਆਈ ਦੇਸ਼ਾਂ ਤੇ ਆਲੇ-ਦੁਆਲੇ ਦੇ ਦੇਸ਼ਾਂ ਨੂੰ ਇਸ ਮੁੱਦੇ ਤੇ ਲਿਆਉਣ ਲਈ ਸਰਗਰਮ ਹੋਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਨੇ ਪਰਮਾਣੂ ਹਥਿਆਰਾਂ ’ਤੇ ਪਾਬੰਦੀ ਲਗਾਉਣ ਵਾਲੀ ਸੰਧੀ ਨੂੰ 2017 ਵਿਚ ਪਾਸ ਕਰ ਦਿੱਤਾ ਸੀ। ਦੱਖਣੀ ਏਸਿ਼ਆਈ ਪਰਮਾਣੂ ਹਥਿਆਰ ਮੁਕਤ ਜ਼ੋਨ, ਧਰਤੀ ਤੋਂ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਵਲੀ ਯੂਐੱਨਓ ਦੀ ਸੰਧੀ ਵਿਚ ਸ਼ਾਮਲ ਕਰਨ ਲਈ ਦੂਜੇ ਪਰਮਾਣੂ ਹਥਿਆਰਬੰਦ ਦੇਸ਼ਾਂ ’ਤੇ ਕਾਫੀ ਦਬਾਅ ਪਾ ਸਕਦਾ ਹੈ। ਇਸ ਮਾਮਲੇ ਵਿਚ ਕੋਈ ਵੀ ਢਿੱਲ ਭਵਿੱਖ ਲਈ ਘਾਤਕ ਹੋ ਸਕਦੀ ਹੈ। ਪਰਮਾਣੂ ਯੁੱਧ ਦੀ ਰੋਕਥਾਮ ਲਈ ਕੌਮਾਂਤਰੀ ਡਾਕਟਰਾਂ ਦੇ ਅਧਿਐਨਾਂ ਨੇ ਵਿਗਿਆਨਕ ਸਬੂਤ ਦੇ ਕੇ ਸਿੱਟਾ ਕੱਢਿਆ ਹੈ ਕਿ ਹੀਰੋਸ਼ੀਮਾ ਆਕਾਰ ਦੇ 100 ਪਰਮਾਣੂ ਬੰਬਾਂ ਦੀ ਵਰਤੋਂ ਕਾਰਨ ਦੋ ਅਰਬ ਤੋਂ ਵੱਧ ਲੋਕਾਂ ਦਾ ਜੀਵਨ ਖਤਰੇ ਵਿਚ ਪੈ ਸਕਦਾ ਹੈ। ਅਮਰੀਕਾ ਅਤੇ ਰੂਸ ਵਿਚਕਾਰ ਕੋਈ ਵੀ ਪਰਮਾਣੂ ਵਟਾਂਦਰਾ ਹਜ਼ਾਰਾਂ ਸਾਲਾਂ ਦੀ ਮਨੁੱਖੀ ਕਿਰਤ ਦੁਆਰਾ ਬਣਾਈ ਆਧੁਨਿਕ ਸਭਿਅਤਾ ਨੂੰ ਸੰਪੂਰਨ ਵਿਨਾਸ਼ ਵੱਲ ਲੈ ਜਾਵੇਗਾ। ਪਰਮਾਣੂ ਹਥਿਆਰਾਂ ਦੇ ਵਰਤੋਂ ਦੇ ਕਾਰਨ ਹੋਣ ਵਾਲੇ ਮਨੁੱਖੀ ਪ੍ਰਭਾਵ ਕਲਪਨਾ ਤੋਂ ਪਰੇ ਹਨ। ਸਾਗਨ ਨੇ ਤਿੰਨ ਦਹਾਕੇ ਪਹਿਲਾਂ ਕਿਹਾ ਸੀ- “ਇਤਿਹਾਸ ਵਿਚ ਜੋ ਚੀਜ਼ਾਂ ਪਹਿਲਾਂ ਕਦੇ ਨਹੀਂ ਵਾਪਰੀਆਂ, ਉਹ ਕਿਸੇ ਸਮੇਂ ਵੀ ਸਮੇਂ ਵਾਪਰ ਸਕਦੀਆਂਹਨ।” ਮਿਜ਼ਾਈਲ ਦੀ ਗਲਤ ਲਾਂਚ ਇਸ ਸ਼੍ਰੇਣੀ ਵਿਚ ਆਉਂਦੀ ਹੈ।
ਮੈਡੀਕਲ ਵਿਗਿਆਨ ਕੋਲ ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਕਾਰਨ ਹੋਣ ਵਾਲੀ ਭਿਆਨਕ ਤਬਾਹੀ ਦੇ ਬਾਅਦ ਹੋਣ ਵਾਲੇ ਨੁਕਸਾਨ ਦਾ ਕੋਈ ਹੱਲ ਨਹੀਂ ਹੈ। ਸੰਪੂਰਨ ਪਰਮਾਣੂ ਨਿਸ਼ਸਤਰੀਕਰਨ ਹੀ ਇੱਕ-ਮਾਤਰ ਹੱਲ ਹੈ।
ਸੰਪਰਕ: 94170-00360