ਹਰਕੀਰਤ ਕੌਰ
ਭਾਰਤ ਨੂੰ ਆਜ਼ਾਦ ਹੋਇਆਂ ਭਾਵੇਂ 74 ਸਾਲ ਪੂਰੇ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਦੇਸ਼ ਦੀ ਸਮੁੱਚੀ ਰਾਜਸੀ, ਸਮਾਜੀ ਅਤੇ ਆਰਥਿਕ ਹਾਲਤ ਨੂੰ ਦੇਖੀਆਂ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਦੇਸ਼ ਵਾਸੀਆਂ ਅਜ਼ਾਦ ਭਾਰਤ ਦੇ ਸੁਹਾਵਣੇ ਸੁਪਨੇ ਦੇਖੇ ਸਨ। ਦੇਸ਼ ਦੀ ਅਜ਼ਾਦ ਫਿਜ਼ਾ ਵਿੱਚ ਰਹਿੰਦਿਆਂ ਸਭ ਦੇਸ਼ ਵਾਸੀ ਬਰਾਬਰ ਹੋਣਗੇ। ਸਿੱਖਿਆ ਅਤੇ ਸਿਹਤ ਸਹੂਲਤਾਂ ਸਭ ਦੇਸ਼ ਵਾਸੀਆਂ ਨੂੰ ਬਰਾਬਰ ਮਿਲਣਗੀਆਂ। ਕੋਈ ਵੀ ਦੇਸ਼ ਵਾਸੀ ਗੁਰਬਤ ਦੀ ਜ਼ਿੰਦਗੀ ਨਹੀਂ ਜੀਵੇਗਾ, ਨਾ ਹੀ ਕੋਈ ਅਨਪੜ੍ਹ ਹੋਵੇਗਾ। ਦੇਸ਼ ਦਾ ਹਰ ਨਾਗਰਿਕ ਕਾਨੂੰਨ ਦੇ ਸਾਹਮਣੇ ਬਰਾਬਰ ਹੋਵੇਗਾ। ਸਾਰੇ ਦੇਸ਼ ਵਾਸੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਹਰ ਨਾਗਰਿਕ ਸਿਰ ਉੱਚਾ ਕਰਕੇ ਸ਼ਾਨ ਨਾਲ ਰਹੇਗਾ। ਲੋਕ ਆਪ ਹੀ ਪਰਜਾ ਅਤੇ ਆਪ ਹੀ ਸਰਕਾਰ ਹੋਣਗੇ। ਪਰ ਹੋਇਆ ਸਭ ਕੁਝ ਇਸ ਦੇ ਉਲਟ। ਮੁੱਠੀ ਭਰ ਲੋਕਾਂ ਨੇ ਕਰੋੜਾਂ ਦੇਸ਼ ਵਾਸੀਆਂ ਉੱਪਰ ਇਸ ਤਰ੍ਹਾਂ ਰਾਜ ਕਰਨਾ ਸ਼ੁਰੂ ਕੀਤਾ ਕਿ ਜਿਵੇਂ ਲੋਕ ਇਨਸਾਨ ਨਾ ਹੋ ਕੇ ਕੀੜੇ ਮਕੌੜੇ ਹੋਣ।
ਇੱਕ ਕਲਿਆਣਕਾਰੀ ਰਾਜ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ ਜਾ ਰਿਹਾ ਹੈ। ਸਰਕਾਰੀ ਮਹਿਕਮਿਆਂ ਨੂੰ ਖਤਮ ਕਰਕੇ ਸਭ ਕੁਝ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਬਜ਼ਾਰੀਕਰਨ ਅਤੇ ਵਪਾਰੀਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ। ਠੇਕੇਦਾਰੀ ਸਿਸਟਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਰਿਸ਼ਵਤਖੋਰਾਂ ਦਾ ਹਰ ਜਗ੍ਹਾ ਬੋਲਬਾਲਾ ਹੈ। ਸਮੁੱਚਾ ਦੇਸ਼ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧੱਸਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਹੈਰਾਨੀ ਦੀ ਗੱਲ ਹੈ ਕਿ ਜਦੋਂ ਰਾਜਨੀਤੀਵਾਨ ਭ੍ਰਿਸ਼ਟਾਚਾਰ ਦੇ ਕੇਸਾਂ ਵਿਚੋਂ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਉਦੇ ਹਨ ਤਾਂ ਇਵੇਂ ਖੁਸ਼ ਹੋ ਕੇ ਹੱਥ ਹਿਲਾਉਂਦੇ ਜਲੂਸ ਦੀ ਸ਼ਕਲ ਵਿੱਚ ਨਿਕਲਦੇ ਹਨ ਜਿਵੇਂ ਕਿਸੇ ਬਹੁਤ ਵਧੀਆ ਕੰਮ ਲਈ ਜੇਲ੍ਹ ਯਾਤਰਾ ਕੀਤੀ ਹੋਵੇ। ਇਸੇ ਤਰ੍ਹਾਂ ਵਧਦੀ ਅਬਾਦੀ, ਬੇਰੁਜ਼ਗਾਰੀ ਅਤੇ ਗੁਰਬਤ ਜਿਹੀਆਂ ਲਾਹਨਤਾਂ ਵਿਕਰਾਲ ਰੂਪ ਵਿੱਚ ਮੂੰਹ ਟੱਡੀ ਖਲੋਤੀਆਂ ਹਨ।
ਭਾਰਤ ਇੱਕ ਸੁਤੰਤਰ ਅਤੇ ਗਣਤੰਤਰ ਦੇਸ਼ ਹੈ, ਸੁਤੰਤਰ ਤੋਂ ਭਾਵ ਆਜ਼ਾਦ ਅਤੇ ਗਣਤੰਤਰ ਤੋਂ ਭਾਵ ‘ਲੋਕਾਂ ਦੁਆਰਾ ਚੁਣਿਆ ਹੋਇਆ ਲੋਕਾਂ ਦਾ ਆਪਣਾ ਰਾਜ ਪ੍ਰਬੰਧ’। ਆਜ਼ਾਦੀ ਤੋਂ ਬਾਅਦ ਦੇ ਦੇਸ਼ ਦੇ ਇਤਹਾਸ ’ਤੇ ਨਜ਼ਰ ਮਾਰੀਏ ਤਾਂ ਅਫਸੋਸ ਹੁੰਦਾ ਹੈ ਕਿ ਸਾਡੇ ਭਾਰਤੀ ਗਣਰਾਜ ਦੀ ਦਸ਼ਾ ਤੇ ਦਿਸ਼ਾ ਗਲਤ ਪਾਸੇ ਤੋਰ ਦਿੱਤੀ ਗਈ ਹੈ। ਖਾਨਦਾਨੀ ਸਿਆਸਤ ਦਾ ਸਾਡੇ ਦੇਸ਼ ਵਿੱਚ ਬੋਲਬਾਲਾ ਹੈ। ਪੁਰਾਣੀਆਂ ਰਿਆਸਤਾਂ ਦੇ ਰਾਜੇ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹੁਕਮਰਾਨ ਕੁਰਸੀਆਂ ’ਤੇ ਬਿਰਾਜਮਾਨ ਹਨ, ਚਾਹੇ ਉਹ ਸਰਕਾਰ ਵਿੱਚ ਹੋਣ ਅਤੇ ਚਾਹੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਵਿੱਚ ਹੋਣ।
ਲੋਕਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਕਾਂਗਰਸ ਹੋਵੇ ਜਾਂ ਭਾਜਪਾ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਅਸਲੀਅਤ ਤਾਂ ਇਹ ਹੈ ਕਿ ਪਾਰਟੀਆਂ ਨਾ ਤਾਂ ਦੇਸ਼ ਦੀਆਂ ਲੋੜਾਂ ਸਮਝ ਰਹੀਆਂ ਹਨ ਅਤੇ ਨਾ ਹੀ ਉਨ੍ਹਾਂ ਨੂੰ ਪੂਰਿਆਂ ਕਰਨ ਦੇ ਸਮਰੱਥ ਹਨ। ਲੋਕ ਆਪਣੇ ਮਸਲਿਆਂ ਦਾ ਹੱਲ ਚਾਹੁੰਦੇ ਹਨ ਪਰ ਇਨ੍ਹਾਂ ਕੋਲ ਲੋਕਾਂ ਦੇ ਮਸਲੇ ਹੱਲ ਕਰਨ ਦਾ ਨਾ ਤਾਂ ਸਮਾਂ ਹੈ ਅਤੇ ਨਾ ਹੀ ਕੋਈ ਚਿੰਤਾ ਹੈ ਤੇ ਨਾ ਅਜਿਹਾ ਕਰਨ ਦੀ ਸੋਚ ਹੈ। ਉਦਾਰਵਾਦ ਦੇ ਨਾਮ ’ਤੇ ਦੇਸ਼ ਨੂੰ ਬਹੁਕੌਮੀ ਕਾਰਪੋਰੇਸ਼ਨ ਘਰਾਣਿਆਂ ਕੋਲ ਵੇਚਿਆ ਜਾ ਰਿਹਾ ਹੈ। ਮੰਦੀ ਆਰਥਿਕਤਾ ਦੇ ਕਾਰਨ ਦੇਸ਼ ਆਉਣ ਵਾਲੇ ਸਮੇਂ ਵਿੱਚ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੋਕੇ ਰਹਿ ਜਾਵੇਗਾ, ਜਿਸ ਦੇ ਚਿੰਨ੍ਹ ਪ੍ਰਗਟ ਹੋਣੇ ਸ਼ੁਰੂ ਹੋ ਗਏ ਹਨ। ਦੇਸ਼ ਦੀਆਂ ਸਾਰੀਆਂ ਰਾਜ ਸਰਕਾਰਾਂ ਆਰਥਿਕ ਸੰਕਟ ਵਿੱਚ ਬੁਰੀ ਤਰ੍ਹਾਂ ਗ੍ਰਸਤ ਹਨ।
ਅੱਜ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਰਾਜ-ਕਾਜ ਵਿਚ ਵਿਆਪ ਸੁਧਾਰ ਕੀਤੇ ਜਾਣ। ਸਰਕਾਰੀ ਯੋਜਨਾਬੰਦੀ ਦੀ ਰਵਾਇਤੀ ਪਹੁੰਚ ਤਿਆਗ ਕੇ ਯੋਜਨਾਬੰਦੀ ਦਾ ਫੌਰੀ ਤੌਰ ’ਤੇ ਵਿਕੇਂਦਰੀਕਰਨ ਕੀਤਾ ਜਾਵੇ। ਪਿੰਡਾਂ ਵਿੱਚ ਵਧੀਆ ਸਕੂਲ ਬਣਾਏ ਜਾਣ, ਉਨ੍ਹਾਂ ਨੂੰ ਅਧਿਆਪਕਾਂ ਦੇ ਨਾਲ ਨਾਲ ਬੁਨਿਆਦੀ ਸਹੂਲਤਾਂ ਨਾਲ ਵੀ ਲੈਸ ਕੀਤਾ ਜਾਵੇ, ਤਾਂ ਜੋ ਪੇਂਡੂ ਸਿੱਖਿਆ ਨੂੰ ਆਧੁਨਿਕ ਲੀਹਾਂ ’ਤੇ ਲਿਆਦਾਂ ਜਾ ਸਕੇ, ਸੜਕਾਂ ’ਤੇ ਰੁਲਦੇ ਕਿਸਾਨਾਂ ਦੀ ਬਾਂਹ ਫੜੀ ਜਾਵੇ। ਤਨਖਾਹਾਂ ਅਤੇ ਪੱਕੇ ਰੁਜ਼ਗਾਰ ਦੀ ਭਾਲ਼ ਹੇਠਾਂ ਸੜਕਾਂ ’ਤੇ ਬੈਠੇ ਅਧਿਆਪਕਾਂ ਦੀ ਗੱਲ ਸੁਣੀ ਜਾਵੇ, ਸਿੱਖਿਆ ਹਰ ਇੱਕ ਤੱਕ ਪੁੱਜਦੀ ਕੀਤੀ ਜਾਵੇ। ਅਜਿਹਾ ਕਰ ਕੇ ਹੀ ਅਸੀਂ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸੱਚੀ ਸ਼ਰਧਾਂਜਲੀ ਭੇਟ ਕਰ ਸਕਦੇ ਹਾਂ।
ਪਿੰਡ: ਸਭਰਾ, ਜ਼ਿਲ੍ਹਾ: ਤਰਨ ਤਾਰਨ।
ਸੰਪਰਕ: 97791-18066