ਕੁਲਦੀਪ ਸਿੰਘ ਐਡਵੋਕੇਟ
17 ਮਈ 2021 ਨੂੰ ਡਾ. ਐੱਸ ਐੱਸ ਛੀਨਾ ਦਾ ਲੇਖ ‘ਭਾਰਤ ਵਿਚ ਕਮਿਊਨਿਸਟ ਲਹਿਰ: ਇੱਕ ਨਜ਼ਰ’ ਪੜ੍ਹਿਆ ਜੋ ਤੱਥਾਂ ਦੇ ਪੱਖ ਤੋਂ ਦੇਖੀਏ ਤਾਂ ਨੇੜੇ ਤੇੜੇ ਹੈ ਪਰ ਸਿਧਾਂਤਕ ਤੇ ਵਿਸ਼ਲੇਸ਼ਣ ਦੇ ਤੌਰ ਤੇ ਡੂੰਘਾਈਆਂ ਤੋਂ ਦੂਰ ਹੈ। ਲੇਖ ਵਿਚ ਵਾਰ ਵਾਰ ਕਮਿਊਨਿਜ਼ਮ ਅਤੇ ਸਮਾਜਵਾਦ ਨੂੰ ਰਲਗਡ ਕੀਤਾ ਗਿਆ ਹੈ, ਜਦੋਂ ਕਿ ਕਮਿਊਨਿਜ਼ਮ ਅਤੇ ਸਮਾਜਵਾਦ ਸਮਾਜ ਦੇ ਵਿਕਾਸ ਵਿਚ ਵੱਖਰੇ ਵੱਖਰੇ ਪੜਾਅ ਹਨ। ਕਮਿਊਨਿਜ਼ਮ ਸਮਾਜਵਾਦ ਤੋਂ ਅਗਲਾ ਪੜਾਅ ਹੈ ਜਿਸ ਵਿਚ ਮਨੁੱਖ ਹਥੋਂ ਮਨੁੱਖ ਦੀ ਲੁੱਟ ਦਾ ਮੁਕੰਮਲ ਖਾਤਮਾ ਅਤੇ ਨਿੱਜੀ ਜਾਇਦਾਦ ਲਈ ਕੋਈ ਜਗ੍ਹਾ ਨਹੀਂ ਹੈ। ਇਹ ਪੈਦਾਵਾਰੀ ਦੇ ਵਸੀਲਿਆਂ ਦੀ ਮੁਕੰਮਲ ਸਾਂਝੀਵਾਲਤਾ ਕਰ ਕੇ ਮਨੁੱਖ ਦੀ ਦਿਮਾਗੀ ਅਤੇ ਸਰੀਰਕ ਕਿਰਤ ਦੇ ਫਰਕ ਨੂੰ ਖਤਮ ਕਰਦਾ ਹੈ। ਕਿਸੇ ਵੀ ਮੁਲਕ ਵਿਚ ਕਮਿਊਨਿਜ਼ਮ ਦੀ ਪ੍ਰਾਪਤੀ ਨਹੀਂ ਹੋ ਸਕੀ ਸਗੋਂ ਸਿਰਫ ਜਮਹੂਰੀ ਸਮਾਜਵਾਦ ਤੱਕ ਸੀਮਤ ਢਾਂਚਾ ਰਿਹਾ। ਕਾਰਲ ਮਾਰਕਸ ਅਨੁਸਾਰ ਸਮਾਜਵਾਦ ਦੀ ਪ੍ਰਕਿਰਿਆ ਵਿਕਸਤ ਸਰਮਾਏਦਾਰੀ ਤੇ ਸਾਮਰਾਜੀ ਢਾਂਚੇ ਤੋਂ ਬਾਅਦ ਉਸ ਵੇਲੇ ਸ਼ੁਰੂ ਹੁੰਦੀ ਹੈ ਜਦੋਂ ਸਰਮਾਏਦਾਰੀ ਢਾਂਚਾ ਅੰਨ੍ਹੇ ਮੁਨਾਫੇ ਦੀ ਹੋੜ ਵਿਚ ਸਮਾਜ ਦੇ ਵਿਕਾਸ ਨੂੰ ਅੱਗੇ ਵਧਾਉਣ ਦੀ ਬਜਾਏ ਰੋੜਾ ਬਣ ਜਾਂਦਾ ਹੈ ਅਤੇ ਉਸ ਦਾ ਪੈਦਾਵਾਰੀ ਸੰਬਧਾਂ ਨਾਲ ਟਕਰਾਉ ਆ ਜਾਂਦਾ ਹੈ ਕਿਉਂਕਿ ਵਿਕਸਤ ਸਰਮਾਏਦਾਰੀ ਢਾਂਚੇ ਵਿਚ ਵੀ ਪੈਦਾਵਾਰ ਵੱਡੀ ਪੱਧਰ ਤੇ ਨਿੱਜੀ ਦਰ ਤੇ ਛੋਟੇ ਅਕਾਰ ਤੋਂ ਬਦਲ ਕੇ ਸਾਂਝੀ ਤੇ ਸਮਾਜੀ ਹੋ ਜਾਂਦੀ ਹੈ। ਸੋ ਇਨ੍ਹਾਂ ਪੈਦਾਵਾਰੀ ਸ਼ਕਤੀਆਂ ਤੇ ਪੈਦਾਵਾਰੀ ਸਬੰਧਾਂ ਦੇ ਜਮਾਤੀ ਸੰਘਰਸ਼ ਵਿਚੋਂ ਹੀ ਵਡੀਆਂ ਤਬਦੀਲੀਆਂ ਤੇ ਇਨਕਲਾਬ ਜਨਮ ਲੈਂਦੇ ਹਨ। ਇਉਂ, ਸਮਾਜਵਾਦ ਦੀ ਪ੍ਰਕਿਰਿਆ ਵੀ ਸਰਮਾਏਦਾਰੀ ਢਾਂਚੇ ਵਿਚ ਹੀ ਜਨਮ ਲੈਂਦੀ ਹੈ ਅਤੇ ਪਨਪਦੀ ਹੈ। ਇਥੇ ਵਰਗ ਸੰਘਰਸ਼ ਵਿਚ ਕਾਰਲ ਮਾਰਕਸ ਨੇ ਕਿਰਤੀ ਵਰਗ ਲਈ ਸੰਦੇਸ਼ ਦਿੱਤਾ ਸੀ ਕਿ ਇਸ ਸੰਘਰਸ਼ ਵਿਚ ਕਿਰਤੀਆਂ ਲਈ ਜ਼ੰਜੀਰਾਂ ਤੋੜਨ ਤੋਂ ਸਿਵਾਏ ਗੁਆਉਣ ਲਈ ਕੁਝ ਨਹੀਂ।
ਰੂਸ ਵਿਚ ਵੀ ਜਦੋਂ 1917 ਵਿਚ ਲੈਨਿਨ ਦੀ ਅਗਵਾਈ ਹੇਠ ਬਾਲਸ਼ਿਵਕ ਪਾਰਟੀ ਦੀ ਲੀਡਰਸ਼ਿਪ ਥੱਲੇ ਇਨਕਲਾਬ ਹੋਇਆ ਸੀ, ਉਸ ਵੇਲੇ ਰੂਸ ਵੀ ਇਸ ਸਨਅਤੀ ਤੌਰ ਤੇ ਪੱਛੜਿਆ ਮੁਲਕ ਸੀ। ਪੈਦਾਵਾਰੀ ਸ਼ਕਤੀਆਂ ਅਤੇ ਪੈਦਾਵਾਰੀ ਸਬੰਧ ਅਜੇ ਬਹੁਤ ਹੇਠਲੀ ਪੱਧਰ ਦੇ ਸਨ ਜਿਸ ਵਿਚ ਨਵੀਂ ਆਰਥਿਕ ਨੀਤੀ ਤੇ ਤਿੱਖੇ ਜ਼ਮੀਨੀ ਸੁਧਾਰਾਂ ਦੁਆਰਾ ਕਾਫੀ ਵਿਕਾਸ ਕੀਤਾ ਗਿਆ। ਇਨ੍ਹਾਂ ਸੁਧਾਰਾਂ ਦਾ ਜਗੀਰਦਾਰਾਂ ਵਲੋਂ ਮੁੱਢ ਵਿਚ ਬਹੁਤ ਵਿਰੋਧ ਵੀ ਹੋਇਆ ਸੀ ਜਿਨ੍ਹਾਂ ਨੂੰ ਪੱਛਮੀ ਮੁਲਕਾਂ ਵਲੋਂ ਸ਼ਹਿ ਪ੍ਰਾਪਤ ਸੀ।
ਕਮਿਊਨਿਸਟ ਲਹਿਰ ਨੂੰ ਧੱਕਾ ਸਿਰਫ 1991 ਵਿਚ ਹੀ ਨਹੀਂ ਲਗਿਆ ਸਗੋਂ ਇਸ ਨੂੰ ਖੋਰਾ ਬਹੁਤ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ। ਇਹ ਖੋਰਾ ਤਾਂ ਸਟਾਲਿਨ ਤੋਂ ਬਾਅਦ ਖਰੁਸ਼ਚੋਵ ਵੇਲੇ ਹੀ ਸ਼ੁਰੂ ਹੋ ਗਿਆ ਸੀ ਜਦੋਂ ਸਾਮਰਾਜ ਨਾਲ ਜਮਾਤੀ ਸੰਘਰਸ਼ ਦੀ ਜਗ੍ਹਾ ਸ਼ਾਂਤਮਈ ਸਹਿਹੋਂਦ, ਸ਼ਾਂਤਮਈ ਮੁਕਾਬਲਾ ਅਤੇ ਸ਼ਾਂਤਮਈ ਤਬਦੀਲੀ ਦਾ ਸਿਧਾਂਤ ਅਪਣਾ ਲਿਆ ਸੀ। ਇਸ ਸਿਧਾਂਤਕ ਖੋਰੇ ਦਾ ਮੁੱਢ ਖਰੁਸ਼ਚੋਵ ਤੋਂ ਲੈ ਕੇ ਗੋਰਬਾਚੇਵ ਤੱਕ ਦੇ ਸਮੇਂ ਦੇ ਸਫਰ ਦਾ ਅਸਰ ਮਿਕਦਾਰੀ ਤਬਦੀਲੀ ਤੋਂ ਸਿਫਤੀ ਤਬਦੀਲੀ ਵਿਚ ਨਿਕਲਿਆ। ਉਸ ਵੇਲੇ ਤੱਕ ਸਾਮਰਾਜੀ ਮੁਲਕ ਅਮਰੀਕਨ ਸਾਮਰਾਜ ਦੀ ਅਗਵਾਈ ਹੇਠ ਸੋਵੀਅਤ ਯੂਨੀਅਨ ਵਿਰੁੱਧ ਸਾਜਿ਼ਸ਼ਾਂ ਕਰਦੇ ਰਹੇ ਅਤੇ ਆਖਰ ਸੋਵੀਅਤ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਗੋਰਬਾਚੇਵ ਦੀ ਅਗਵਾਈ ਹੇਠ ਸਮਾਜਵਾਦੀ ਰਹਿੰਦ-ਖੂੰਹਦ ਦਾ ਰਾਹ ਮੁਕੰਮਲ ਰੂਪ ਵਿਚ ਤਿਆਗ ਕੇ ਅਮਰੀਕਨ ਸਾਮਰਾਜ ਅਤੇ ਪੱਛਮੀ ਯੂਰੋਪੀਅਨ ਮੁਲਕਾਂ ਦੇ ਢਾਚਾਂਗਤ ਰਾਹ ਤੇ ਤੁਰ ਪਈ। ਨਿਸਚੇ ਹੀ ਇਸ ਘਟਨਾਕ੍ਰਮ ਨੇ ਸਮੇਤ ਭਾਰਤ ਦੀ ਕਮਿਊਨਿਸਟ ਲਹਿਰ ਦੇ ਕੌਮਾਂਤਰੀ ਪਧੱਰ ਤੇ ਸੱਮੁਚੇ ਤੌਰ ਤੇ ਮਾਰੂ ਪ੍ਰਭਾਵ ਪਾਇਆ।
ਭਾਰਤ ਦੀ ਕਮਿਊਨਿਸਟ ਲਹਿਰ ’ਤੇ ਵੀ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਸਮੇਂ ਸਮੇਂ ਆਈਆਂ ਤਬਦੀਲੀਆਂ ਦਾ ਅਸਰ ਹੁੰਦਾ ਰਿਹਾ ਹੈ, ਭਾਵੇਂ ਉਹ 1964 ਦੀ ਕਮਿਊਨਿਸਟ ਲਹਿਰ ਵਿਚ ਸੀਪੀਆਈ ਤੇ ਸੀਪੀਆਈ (ਐਮ) ਦੀ ਘਟਨਾ ਸੀ ਤੇ ਭਾਵੇਂ ਉਸ ਤੋਂ ਬਾਅਦ 1967-69 ਦੀ ਨਕਸਲਬਾੜੀ ਲਹਿਰ ਦੀ ਘਟਨਾ ਸੀ। ਬਾਅਦ ਵਿਚ ਇਹ ਵਰਤਾਰਾ ਹੋਰ ਤੇਜ਼ ਹੁੰਦਾ ਗਿਆ। 1964 ਤੋਂ ਪਹਿਲਾਂ ਵੀ ਕਮਿਊਨਿਸਟ ਪਾਰਟੀ ਤੇ ਲਹਿਰ ਅੰਦਰ ਦੇਸ਼ ਵਿਚ ਭਾਰਤੀ ਸਰਮਾਏਦਾਰੀ ਵੱਲ ਵਿਹਾਰ ਅਤੇ ਰਵੱਈਏ ਬਾਰੇ ਤਿੱਖੇ ਮੱਤਭੇਦ ਸਨ ਅਤੇ ਬਹਿਸਾਂ ਚਲਦੀਆਂ ਰਹੀਆਂ। ਲਹਿਰ ਦਾ ਇੱਕ ਹਿੱਸਾ ਨਹਿਰੂ ਦੀ ਅਗਵਾਈ ਹੇਠ ਕਾਂਗਰਸ ਨਾਲ ਸਹਿਯੋਗ ਤੇ ਮਿਲਵਰਤਨ ਨਾਲ ਚੱਲਣ ਦਾ ਮੁਦਈ ਸੀ, ਜਦੋਂ ਕਿ ਦੂਜਾ ਹਿੱਸਾ ਕਾਂਗਰਸ ਵਿਰੁੱਧ ਸੰਘਰਸ਼ ਦੇ ਰਾਹ ਤੇ ਚੱਲ ਕੇ ਸੰਘਰਸ਼ ਨੂੰ ਤਿੱਖਾ ਕਰਨ ਦਾ ਹਮਾਇਤੀ ਸੀ। ਇਸੇ ਤਰ੍ਹਾਂ 1967-68 ਵਿਚ ਨਕਸਲਬਾੜੀ ਲਹਿਰ ਦੇ ਆਗੂ ਦੇਸ਼ ਵਿਚ ਪਾਰਲੀਮਾਨੀ ਰਵਾਇਤਾਂ ਨੂੰ ਮੁਕੰਮਲ ਤਿਆਗ ਕੇ ਹਥਿਆਰਬੰਦ ਘੋਲਾਂ ਦੁਆਰਾ ਤਬਦੀਲੀ ਦੇ ਹੱਕ ਵਿਚ ਸਨ।
ਸੁਤੰਤਰਤਾ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਕਮਿਊਨਿਸਟਾਂ ਵਲੋਂ ਲਾ-ਮਿਸਾਲ ਸੰਘਰਸ਼ ਲੜੇ ਗਏ ਜੋ ਮੁੱਖ ਤੌਰ ਤੇ ਕਿਸਾਨੀ ਦੇ ਸੰਘਰਸ਼ ਹੀ ਸਨ, ਜਿਵੇਂ ਤਿਲੰਗਾਨਾ ਦਾ ਹਥਿਆਰਬੰਦ ਘੋਲ, ਪੈਪਸੂ ਦੀ ਮੁਜ਼ਾਹਰਾ ਲਹਿਰ ਅਤੇ ਪੰਜਾਬ ਵਿਚ ਖੁਸ਼-ਹੈਸੀਅਤ ਟੈਕਸ ਮੋਰਚਾ। ਇਥੇ ਇਹ ਵੀ ਵਰਨਣਯੋਗ ਹੈ ਕਿ ਉਸ ਵੇਲੇ ਪਾਰਲੀਮਾਨੀ ਚੋਣਾਂ ਨੂੰ ਵੀ ਜਮਾਤੀ ਸੰਘਰਸ਼ ਨੂੰ ਤੇਜ਼ ਕਰਨ ਲਈ ਹੀ ਵਰਤਿਆ ਜਾਂਦਾ ਸੀ ਅਤੇ ਰਾਜਸੀ ਤਾਕਤ ਆਮ ਲੋਕਾਂ ਖਾਸ ਕਰ ਕੇ ਮਿਹਨਤਕਸ਼ ਲੋਕਾਂ ਦੀ ਭਲਾਈ ਵਾਸਤੇ ਵਰਤੀ ਜਾਂਦੀ ਰਹੀ ਹੈ; ਇਸੇ ਕਰ ਕੇ ਕੇਰਲ, ਪੱਛਮੀ ਬੰਗਾਲ ਤੇ ਤ੍ਰਿਪੁਰਾ ਵਿਚ ਕਮਿਊਨਿਸਟ ਪ੍ਰਭਾਵੀ ਰੋਲ ਅਦਾ ਕਰਦੇ ਰਹੇ ਹਨ ਅਤੇ ਪਾਰਲੀਮੈਂਟ ਵਿਚ ਵੀ ਅਸਰਦਾਰ ਗਿਣਤੀ ਅਤੇ ਦਖਲ ਅੰਦਾਜ਼ੀ ਕਰਦੇ ਰਹੇ।
ਜਿਵੇਂ ਜਿਵੇਂ ਕਮਿਊਨਿਸਟ ਪਾਰਟੀਆਂ ਆਪਣੇ ਆਜ਼ਾਦ ਸਪਸ਼ਟ ਸਟੈਂਡ ਦੀ ਬਜਾਇ ਅਤੇ ਆਪਣੇ ਸਹਿਯੋਗ ਤੇ ਨੇੜਤਾ ਦੀ ਬਜਾਇ ਸਰਮਾਏਦਾਰ ਜਗੀਰਦਾਰ ਪਾਰਟੀਆਂ ਨਾਲ ਸਹਿਯੋਗ ਤੇ ਮਿਲਵਰਤਣ ਦੇ ਰਾਹ ਚੱਲਣ ਲੱਗ ਪਈਆਂ ਤਾਂ ਜਮਾਤੀ ਸੰਘਰਸ਼ ਨੂੰ ਵੀ ਢਾਹ ਲਗੀ ਅਤੇ ਲੋਕਾਂ ਵਿਚ ਇਸ ਲਹਿਰ ਦੀ ਭਰੋਸੇਯੋਗਤਾ ਵਿਚ ਵੀ ਘਾਟ ਆਈ। ਕਮਿਊਨਿਸਟ ਆਗੂ ਆਪਣੀ ਲਹਿਰ ਨੂੰ ਮਜ਼ਬੂਤ ਕਰਨ ਦੀ ਬਜਾਇ ਦੂਜਿਆਂ, ਭਾਵ ਹਾਕਮ ਜਮਾਤਾਂ ਦੀ ਸੇਵਾ ਵਿਚ ਲੱਗੇ ਰਹੇ ਅਤੇ ਇਸ ਮੌਜੂਦਾ ਸਰਮਾਏਦਾਰ-ਜਾਗੀਰਦਾਰ ਢਾਂਚੇ ਨੂੰ ਬਦਲਣ ਦੀ ਬਜਾਇ ਇਸਨੂੰ ਸੁਧਾਰਨ ਦੀ ਪ੍ਰਕਿਰਿਆ ਤੱਕ ਹੀ ਸੀਮਤ ਹੋ ਕੇ ਰਹਿ ਗਏ।
ਇਸੇ ਤਰ੍ਹਾਂ ਲੇਖ ਵਿਚ ਸਮਾਜਵਾਦੀ ਪਾਰਟੀ ਦੀ ਸਥਾਪਨਾ ਅਤੇ ਉਸ ਦੇ ਮੁੱਖ ਆਗੂਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਭਾਰਤ ਵਿਚ ਸਮਾਜਵਾਦੀ ਪਾਰਟੀ ਤੇ ਇਸ ਤਰ੍ਹਾਂ ਦੇ ਹੋਰ ਗਰੁੱਪ ਤੇ ਪਾਰਟੀਆਂ ਉਨ੍ਹਾਂ ਦੇ ਆਗੂਆਂ ਦੀ ਸ਼ਖ਼ਸੀਅਤ-ਪ੍ਰਸਤੀ ਉਤੇ ਨਿਰਧਾਰਤ ਰਹੇ ਹਨ। ਉਹ ਹੇਠਾਂ ਤੋਂ ਜਥੇਬੰਦਕ ਕੇਡਰ ਤੇ ਨਿਰਧਾਰਤ ਪਾਰਟੀਆਂ ਜਾਂ ਗਰੁੱਪ ਨਹੀ ਹਨ। ਇਹ ਪਾਰਟੀਆਂ, ਗਰੁੱਪ ਅਤੇ ਇਨ੍ਹਾਂ ਦੇ ਆਗੂ ਵੀ ਕਿਸੇ ਸਰਮਾਏਦਾਰੀ ਢਾਂਚੇ ਅੰਦਰ ਪਾਰਲੀਮਾਨੀ ਜਮਹੂਰੀਅਤ ਦੁਆਰਾ ਇਸ ਢਾਂਚੇ ਨੂੰ ਸੁਧਾਰਨ ਤੱਕ ਸੀਮਤ ਰਹਿੰਦੇ ਹਨ। ਫਿਰ ਵੀ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਵੀ ਇਨ੍ਹਾਂ ਦੇ ਆਗੂਆਂ ਦਾ ਵੀ ਸਮੇਂ ਸਮੇਂ ਵਰਨਣਯੋਗ ਯੋਗਦਾਨ ਰਿਹਾ ਹੈ, ਜਿਵੇਂ ਜੂਨ 1975 ਦੀ ਐਮਰਜੈਂਸੀ ਤੋਂ ਪਹਿਲਾਂ ਤੇ ਬਾਅਦ ਵਿਚ ਜੈਪ੍ਰਕਾਸ਼ ਨਰਾਇਣ ਅਤੇ ਉਸ ਦੇ ਹੋਰ ਆਗੂ ਸਾਥੀਆਂ ਵਲੋਂ ਐਮਰਜੈਂਸੀ ਵਿਰੁੱਧ ਜਮਹੂਰੀਅਤ ਦੀ ਰਾਖੀ ਲਈ ਮੁੱਖ ਭੂਮਿਕਾ ਨਿਭਾਈ ਗਈ ਸੀ।
ਕਈ ਸੂਬਿਆਂ ਜਿਵੇਂ ਪੱਛਮੀ ਬੰਗਾਲ, ਕੇਰਲ ਅਤੇ ਤ੍ਰਿਪੁਰਾ ਵਿਚ ਭਾਵੇਂ ਚੋਣਾਂ ਜਿੱਤ ਕੇ ਕਮਿਊਨਿਸਟਾਂ ਦੀ ਅਗਵਾਈ ਹੇਠ ਲੰਬਾ ਸਮਾਂ ਰਾਜ ਕੀਤਾ ਪਰ ਉਹ ਵੀ ਜਮਾਤੀ ਸੰਘਰਸ਼ ਨੂੰ ਤਿੱਖਾ ਕਰਨ ਅਤੇ ਅੱਗੇ ਵਧਾਉਣ ਵਿਚ ਸਫਲ ਨਹੀਂ ਹੋ ਸਕੇ ਅਤੇ ਦੇਸ਼ਿਵਆਪੀ ਅਸਰ ਨਹੀਂ ਪਾ ਸਕੇ ਸਗੋਂ ਇੱਥੇ ਸਰਮਾਏਦਾਰੀ ਢਾਂਚੇ ਅੰਦਰ ਨਿਰੋਲ ਪਾਰਲੀਮਾਨੀ ਰਾਹ ਤੇ ਚੱਲਣ ਕਰ ਕੇ ਕੇਡਰ ਅਤੇ ਜਨ-ਆਧਾਰ ਨੂੰ ਵੀ ਖੋਰਾ ਲਗਿਆ ਹੈ ਅਤੇ ਜਮਾਤੀ ਸੰਘਰਸ਼ ਉੱਤੇ ਵੀ ਨਾਂਹ-ਪੱਖੀ ਅਸਰ ਪਿਆ ਹੈ। ਕਮਿਊਨਿਸਟ ਲਹਿਰ ਲਈ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਗੰਭੀਰ ਵਿਚਾਰ-ਵਟਾਂਦਰੇ ਦੁਆਰਾ ਠੋਸ ਹਾਲਤਾਂ ਤੇ ਸਹੀ ਵਿਸ਼ਲੇਸ਼ਣ ਤੇ ਸਹੀ ਨਿਰਣੇ ਕਰ ਕੇ ਵਰਗ ਸੰਘਰਸ਼ ਨੂੰ ਤਿੱਖਾ ਕਰ ਕੇ ਹੀ ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਸੰਪਰਕ: 98552-53845