ਸੁਭਾਸ਼ ਪਰਿਹਾਰ
ਕਈ ਵਾਰ ਕਿਸੇ ਸਥਾਨ ਨਾਲ ਕੋਈ ਬਹੁਤ ਵੱਡੀ ਘਟਨਾ ਜੁੜ ਜਾਂਦੀ ਹੈ ਜੋ ਉਸ ਦੇ ਸਾਰੇ ਇਤਿਹਾਸ ’ਤੇ ਭਾਰੂ ਹੋ ਜਾਂਦੀ ਹੈ। ਮੱਧਕਾਲ ਦੌਰਾਨ ਦਿੱਲੀ-ਲਾਹੌਰ ਸ਼ਾਹਰਾਹ ਵਿਚਾਲੇ ਸਥਿਤ ਸਭ ਤੋਂ ਮਹੱਤਵਪੂਰਨ ਸ਼ਹਿਰ ਸਰਹਿੰਦ ਨਾਲ ਵੀ ਅਜਿਹਾ ਕੁਝ ਹੀ ਵਾਪਰਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਅਦੱੁਤੀ ਸ਼ਹਾਦਤ ਨੇ ਲੋਕ-ਸਿਮ੍ਰਤੀ ’ਤੇ ਇੰਨਾ ਡੂੰਘਾ ਪ੍ਰਭਾਵ ਪਾਇਆ ਕਿ ਇਸ ਸ਼ਹਿਰ ਦੇ ਬਾਕੀ ਦੇ ਇਤਿਹਾਸ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਹੈ। ਇਸ ਦਾ ਇਤਿਹਾਸ ਪੁਰਾਤਨ ਹੈ।
‘ਸਰਹਿੰਦ’ ਨਾਂ ਦੇ ਨਿਕਾਸ ਸਬੰਧੀ ਅਨੇਕਾਂ ਵਿਚਾਰ ਪ੍ਰਚੱਲਿਤ ਹਨ। ਇਹ ਬਹੁਤੇ ਇਸ ਨਾਂ ਦਾ ਮੂਲ ਮੱਧਕਾਲ ਵਿੱਚ ਦੱਸਦੇ ਹਨ ਜੋ ਕਿ ਠੀਕ ਨਹੀਂ ਹੈ। ਛੇਵੀਂ ਸਦੀ ਦੇ ਹਿੰਦੁਸਤਾਨੀ ਖਗੋਲ-ਵਿਗਿਆਨੀ ਵਰਾਹ ਮਿਹਿਰ ਨੇ ਆਪਣੇ ਗ੍ਰੰਥ ‘ਬ੍ਰਹਿਤ-ਸੰਹਿਤਾ’ ਵਿਚ ਇਸ ਥਾਂ ਦੇ ਲੋਕਾਂ ਨੂੰ ‘ਸੈਰਿੰਧਰ’ ਸ਼ਬਦ ਨਾਲ ਸੰਬੋਧਿਤ ਕੀਤਾ ਹੈ। ਇਸ ਦਾ ਮਤਲਬ ਹੈ ਕਿ ਮੱਧਕਾਲ ਤੋਂ ਪਹਿਲਾਂ ਵੀ ਇਹ ਨਾਂ ਪ੍ਰਚੱਲਿਤ ਸੀ। 1863-64 ਵਿੱਚ ਸਰਹਿੰਦ ਵਿਖੇ ਠਹਿਰ ਦੌਰਾਨ ਭਾਰਤੀ ਪੁਰਾਤੱਤਵ ਸਰਵੇਖਣ ਦੇ ਪਹਿਲੇ ਸਰਵੇਅਰ ਜਨਰਲ ਅਲੈਗਜ਼ੈਂਡਰ ਕਨਿੰਘਮ ਨੂੰ ਇੱਥੋਂ ਕੁਝ ਪੁਰਾਤਨ ਸਿੱਕੇ ਮਿਲੇ ਸਨ ਜਿਨ੍ਹਾਂ ਵਿੱਚੋਂ ਇੱਕ ਸਿੱਕਾ ਪ੍ਰਸਿੱਧ ਕੁਸ਼ਾਣ ਨਰੇਸ਼ ਕਨਿਸ਼ਕ ਦਾ ਸੀ ਜਿਸ ਨੇ 127 ਤੋਂ 150 ਸਾਂਝੇ ਸੰਮਤ ਤੀਕ ਗੰਧਾਰ ਪ੍ਰਦੇਸ ਤੋਂ ਪਾਟਲੀਪੁੱਤਰ ਦੇ ਭਾਰਤੀ ਇਲਾਕੇ ਅਤੇ ਮੱਧ ਏਸ਼ੀਆ ’ਤੇ ਰਾਜ ਕੀਤਾ ਸੀ। ਇਸ ਤੋਂ ਕਨਿੰਘਮ ਨੇ ਸਿੱਟਾ ਕੱਢਿਆ ਕਿ ਨਿਸ਼ਚਿਤ ਤੌਰ ’ਤੇ ਸਰਹਿੰਦ ਕਨਿਸ਼ਕ ਦੇ ਰਾਜ ਦੌਰਾਨ ਵੀ ਹੋਂਦ ਵਿਚ ਸੀ। ਉਂਜ ਵੀ ਕਿਸੇ ਵੀ ਥਾਂ ਦੀ ਭੂਗੋਲਿਕ ਸਥਿਤੀ ਹੀ ਇਸ ਦੇ ਵੱਸਣ ਅਤੇ ਪ੍ਰਫੁੱਲਿਤ ਹੋਣ ਵਿਚ ਨਿਰਣਾਇਕ ਕਾਰਕ ਹੁੰਦੀ ਹੈ ਅਤੇ ਇਸ ਪੱਖੋਂ ਵੀ ਇਹ ਸਥਾਨ ਇਤਿਹਾਸਕ ਕਾਲ ਦੇ ਸ਼ੁੁਰੂ ਵਿਚ ਹੀ ਆਬਾਦ ਹੋ ਗਿਆ ਹੋਵੇਗਾ। ਪ੍ਰਸਿੱਧ ਚੀਨੀ ਯਾਤਰੀ ਹਿਊਨ ਸਾਂਗ ਦੀ 629-45 ਦੌਰਾਨ ਕੀਤੀ ਭਾਰਤ ਯਾਤਰਾ ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਪੁਰਾਤਨ ਸਮੇਂ ਵਿਚ ਇਸ ਸ਼ਹਿਰ ਦੀ ਪੱਛਮੀ ਸੀਮਾ ਦੇ ਨਾਲ ਹੰਸਲਾ ਨਦੀ ਵਗਦੀ ਸੀ ਅਤੇ ਇਹ ‘ਸ਼ੀ-ਤੂ-ਤੂ-ਲੋ’ ਜਾਂ ਸਤਾਦਰੂ ਇਲਾਕੇ ਦੀ ਰਾਜਧਾਨੀ ਸੀ।
ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਰਹਿੰਦ ਦੀ ਅਸਲ ਚੜ੍ਹਾਈ ਉਦੋਂ ਹੋਈ ਜਦੋਂ ਤੁਗ਼ਲਕ ਸੁਲਤਾਨ ਫਿਰੋਜ਼ ਸ਼ਾਹ (ਰਾਜਕਾਲ: 1351-88) ਨੇ 1360 ਵਿਚ ਇਸ ਨੂੰ ਸਮਾਣੇ ਦੀ ਪ੍ਰਬੰਧਕੀ ਇਕਾਈ ਤੋਂ ਵੱਖ ਕਰ ਕੇ ਜ਼ਿਲ੍ਹਾ ਹੈੱਡਕੁਆਰਟਰ ਥਾਪ ਦਿੱਤਾ। ਇੱਥੇ ਇੱਕ ਮਜ਼ਬੂਤ ਕਿਲ੍ਹੇ ਦੀ ਉਸਾਰੀ ਕਰਵਾ ਦਿੱਤੀ ਜਿਸ ਦਾ ਨਾਂ ਸੁਲਤਾਨ ਨੇ ਆਪਣੇ ਨਾਂ ’ਤੇ ਹੀ ‘ਫ਼ਿਰੋਜ਼ਪੁਰ’ ਰੱਖਿਆ ਸੀ। ਸਰਹਿੰਦ ਦੀ ਪ੍ਰਬੰਧਕੀ ਜ਼ਿੰਮੇਵਾਰੀ ਲਈ ਉਸ ਨੇ ਆਪਣੇ ਵਿਸ਼ਵਾਸਪਾਤਰ ਮਲਿਕ ਜ਼ਿਆ-ਉਲ-ਮੁਲਕ, ਸ਼ਮਸੁਦੀਨ ਅਬੂ ਰਜ਼ਾ ਨੂੰ ਨਿਯੁਕਤ ਕਰ ਦਿੱਤਾ। ਸੁਲਤਾਨ ਨੇ ਇਸ ਇਲਾਕੇ ਦੀ ਸਿੰਜਾਈ ਲਈ ਸਤਲੁਜ ਦਰਿਆ ਤੋਂ ਇੱਕ ਨਹਿਰ ਵੀ ਖੁਦਵਾਈ ਜੋ ਸਰਹਿੰਦ ਹੁੰਦੀ ਹੋਈ ਰੋਹਤਕ ਨੇੜਲੇ ਕਸਬੇ ਝੱਜਰ ਤੱਕ ਵਗਦੀ ਸੀ। ਇਸ ਨਹਿਰ ਦੀ ਖੁਦਾਈ ਦੌਰਾਨ ਇਸ ਇਲਾਕੇ ਵਿਚੋਂ ਪੂਰਵ-ਇਤਿਹਾਸਕ ਕਾਲ ਦੇ ਮਨੁੱਖਾਂ ਅਤੇ ਹਾਥੀਆਂ ਦੇ ਕੁਝ ਪਥਰਾਟ ਵੀ ਮਿਲੇ ਸਨ। ਇਹ ਤੱਥ ਸਰਹਿੰਦ ਦੀ ਉਤਪਤੀ ਨੂੰ ਕਾਲਕ੍ਰਮ ਵਿਚ ਹੋਰ ਪਿੱਛੇ ਵੱਲ ਲੈ ਜਾਂਦਾ ਹੈ।
ਸਰਹਿੰਦ ਦੀ ਉੱਨਤੀ ਵਿਚ ਇਕ ਪੱਖ ਤੋਂ ਕੁਦਰਤ ਵੀ ਸਹਾਈ ਹੋਈ। ਪਹਿਲਾ ਦਿੱਲੀ ਨੂੰ ਉੱਤਰ-ਪੱਛਮੀ ਜਗਤ ਨਾਲ ਜੋੜਨ ਵਾਲਾ ਮੁੱਖ ਰਾਹ ਹਾਂਸੀ, ਸਿਰਸਾ, ਅਬੋਹਰ, ਭਟਨੇਰ (ਵਰਤਮਾਨ ਹਨੂੰਮਾਨਗੜ੍ਹ) ਅਤੇ ਮੁਲਤਾਨ ਵਿਚਦੀ ਲੰਘਦਾ ਸੀ। ਹੌਲੀ ਹੌਲ ਫੈਲ ਰਹੇ ਰਾਜਪੁਤਾਨੇ ਦੇ ਰੇਗਿਸਤਾਨ ਨੇ ਇਸ ਰਾਹ ਰਾਹੀਂ ਸਫ਼ਰ ਨੂੰ ਮੁਸ਼ਕਿਲ ਬਣਾ ਦਿੱਤਾ। ਰਹਿੰਦੀ ਕਸਰ 1398 ਵਿਚ ਮੱਧ ਏਸ਼ਿਆਈ ਤੁਰਕ ਹਮਲਾਵਰ ਤੈਮੂਰ (1336-1405) ਦੇ ਹਮਲੇ ਨੇ ਪੂਰੀ ਕਰ ਦਿੱਤੀ ਜਿਸ ਦੌਰਾਨ ਉਸ ਨੇ ਇਸ ਰਾਹ ਦੇ ਸਾਰੇ ਸ਼ਹਿਰ ਤਬਾਹ ਕਰ ਦਿੱਤੇ। ਹੁਣ ਦਿੱਲੀ ਨੂੰ ਉੱਤਰ-ਪੱਛਮੀ ਜਗਤ ਨਾਲ ਮਿਲਾਉਣ ਵਾਲਾ ਨਵਾਂ ਰਾਹ ਉੱਤਰ ਵੱਲ ਖਿਸਕ ਕੇ ਪਾਨੀਪਤ, ਕਰਨਾਲ, ਅੰਬਾਲਾ, ਸਰਹਿੰਦ, ਲੁਧਿਆਣੇ ਅਤੇ ਲਾਹੌਰ ਵਿਚਦੀ ਲੰਘਣ ਲੱਗਾ। ਸਰਹਿੰਦ ਦਿੱਲੀ ਅਤੇ ਲਾਹੌਰ ਦੇ ਵਿਚਕਾਰ ਪੈਂਦਾ ਸੀ। ਇਸ ਨਾਲ ਇਸ ਦੀ ਤਰੱਕੀ ਦੀ ਰਫ਼ਤਾਰ ਤੇਜ਼ ਹੋ ਗਈ। ਇਸ ਤੋਂ ਬਾਅਦ ਵਾਲੀਆਂ ਤਿੰਨ ਸਦੀਆਂ ਤੀਕ ਇਹ ਸ਼ਹਿਰ ਵੱਧ ਤੋਂ ਵੱਧ ਉੱਨਤੀ ਕਰਦਾ ਗਿਆ।
ਅਕਬਰ ਦੇ ਸਮੇਂ ਸਰਹਿੰਦ ਦੀ ਸਰਕਾਰ (ਜ਼ਿਲ੍ਹਾ) ਦਿੱਲੀ ਸੂਬੇ ਦੀ ਸਭ ਤੋਂ ਵੱਡੀ ਸਰਕਾਰ ਸੀ (ਪੰਜਾਬੀ ਅਕਸਰ ਸਰਹਿੰਦ ਨੂੰ ਸੂਬਾ ਕਹਿ ਦਿੰਦੇ ਹਨ ਪਰ ਇਹ ਸੂਬਾ ਕਦੇ ਵੀ ਨਹੀਂ ਸੀ)। 1580 ਵਿਚ ਸਰਹਿੰਦ ਵਿਚਦੀ ਲੰਘਿਆ ਪੁਰਤਗਾਲੀ ਪਾਦਰੀ ਫ਼ਾਦਰ ਮੌਂ+ਸਰੇਤ ਇਸ ਦੀ ਤੁਲਨਾ ਮਿਸਰ ਦੇ ਸ਼ਹਿਰ ਮੈਮਫ਼ਿਸ (ਵਰਤਮਾਨ ਕਾਹਿਰਾ) ਨਾਲ ਕਰਦਾ ਹੈ। ਉਹ ਇਸ ਸ਼ਹਿਰ ਵਿਚ ਬਹੁਤ ਵੱਡੇ ਮੈਡੀਸਨ ਸਕੂਲ ਦਾ ਜ਼ਿਕਰ ਵੀ ਕਰਦਾ ਹੈ ਜਿਸ ਵਿਚ ਪੜ੍ਹੇ ਡਾਕਟਰਾਂ ਨੂੰ ਸਾਰੇ ਮੁਗ਼ਲ ਸਾਮਰਾਜ ਵਿੱਚ ਭੇਜਿਆ ਜਾਂਦਾ ਸੀ। ਫ਼ਾਦਰ ਮੌਂਸਰੇਤ ਇਹ ਵੀ ਲਿਖਦਾ ਹੈ ਕਿ ਸਰਹਿੰਦ ਵਿਖੇ ਧਨੁਸ਼, ਤਰਕਸ਼, ਅਤੇ ਜੁੱਤੀਆਂ ਵੀ ਬਣਾਈਆਂ ਜਾਂਦੀਆਂ ਸਨ ਜੋ ਕਿ ਮੁਗ਼ਲ ਸਾਮਰਾਜ ਦੇ ਸਾਰੇ ਸ਼ਹਿਰਾਂ ਵਿੱਚ ਨਿਰਯਾਤ ਕੀਤੀਆਂ ਜਾਂਦੀਆਂ ਸਨ। ਪਹਾੜੀਆਂ ਨੇੜੇ ਸਥਿਤ ਹੋਣ ਕਾਰਨ ਇਹ ਚੀਨੀ ਵਸਤਾਂ ਦੀ ਮਾਰਕੀਟ ਵੀ ਬਣ ਗਿਆ ਸੀ। ਮੌਂਸਰੇਤ ਇੱਥੋਂ ਦੇ ਅਮੀਰ ਅਤੇ ਖੁਸ਼ਹਾਲ ਸੂਦ ਖੱਤਰੀਆਂ ਦਾ ਵਿਸ਼ੇਸ਼ ਜ਼ਿਕਰ ਕਰਦਾ ਹੈ ਜੋ ਇਲਾਕੇ ਦਾ ਮਾਲੀਆ ਇਕੱਠਾ ਕਰਨ ਦੇ ਠੇਕੇ ਲੈਂਦੇ ਸਨ। ਇਤਿਹਾਸਕਾਰ ਖ਼ਫ਼ੀ ਖ਼ਾਨ (1664-1732) ਨੇ ਤਾਂ ਇੱਥੋਂ ਤੀਕ ਲਿਖਿਆ ਹੈ ਕਿ ਇੱਕ ਸਮਾਂ ਸੀ ਜਦੋਂ ਸਰਹਿੰਦ ਵਿਖੇ ਇਮਾਰਤਾਂ ਦੀਆਂ ਕੀਮਤਾਂ ਦਿੱਲੀ ਨਾਲੋਂ ਦੁੱਗਣੀਆਂ ਹੋ ਗਈਆਂ ਸਨ।
ਬਾਦਸ਼ਾਹ ਔਰੰਗਜ਼ੇਬ ਆਪਣੇ ਰਾਜ ਦੇ ਪਿਛਲੇ 25 ਕੁ ਸਾਲ ਦੱਖਣ ਵਿਚ ਮਰਾਠਿਆਂ ਨਾਲ ਉਲਝਿਆ ਰਿਹਾ ਅਤੇ ਉੱਧਰ ਹੀ ਫ਼ੌਤ ਹੋ ਗਿਆ। ਇਸ ਲੰਮੀ ਮੁਹਿਮ ਦਾ ਸ਼ਾਹੀ ਖ਼ਜ਼ਾਨੇ ’ਤੇ ਅਸਰ ਤਾਂ ਪੈਣਾ ਹੀ ਸੀ ਸਗੋਂ ਸਾਰਾ ਰਾਜ ਪ੍ਰਬੰਧ ਵੀ ਅਸਤ-ਵਿਅਸਤ ਹੋ ਗਿਆ। 1707 ਵਿਚ ਬਾਦਸ਼ਾਹ ਦੀ ਮੌਤ ਮਗਰੋਂ ਸਾਰਾ ਉੱਤਰੀ ਭਾਰਤ ਅਰਾਜਕਤਾ ਦੀ ਗ੍ਰਿਫ਼ਤ ਵਿਚ ਆ ਗਿਆ। ਪੰਜਾਬ ਤੋਂ ਰਾਜਸਥਾਨ ਤੀਕ ਦੇ ਜੱਟ ਅਤੇ ਮਹਾਰਾਸ਼ਟਰ ਵਿਚ ਮਰਹੱਟੇ ਉੱਠ ਖੜ੍ਹੇ ਹੋਏ। ਪੰਜਾਬ ਵਿਚ 12 ਮਈ 1710 ਨੂੰ ਸਰਹਿੰਦ ਦਾ ਵਜ਼ੀਰ ਖ਼ਾਨ ਮਾਰਿਆ ਗਿਆ ਅਤੇ ਸ਼ਹਿਰ ਲੁੱਟ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਦੇ 54 ਸਾਲਾਂ ਦੌਰਾਨ ਹੋਏ ਹਮਲਿਆਂ ਨੇ ਇਹ ਸ਼ਹਿਰ ਇੱਕ ਵਾਰ ਤਾਂ ਨੇਸਤ-ਓ-ਨਾਬੂਦ ਕਰ ਦਿੱਤਾ।
1764 ਵਿਚ ਇਹ ਇਲਾਕਾ ਫੂਲਕੀਆਂ ਮਿਸਲ ਦੇ ਮੁਖੀ ਬਾਬਾ ਆਲਾ ਸਿੰਘ ਦੇ ਕਬਜ਼ੇ ਵਿਚ ਆ ਗਿਆ। ਇਸ ਤੋਂ ਬਾਅਦ 1948 ਤੀਕ ਇਹ ਪਟਿਆਲੇ ਦੇ ਹਾਕਮਾਂ ਅਧੀਨ ਹੀ ਰਿਹਾ। ਇਸ ਦੌਰਾਨ ਹੀ ਉਨ੍ਹਾਂ ਨੇ ਪੁਰਾਤਨ ਕਿਲ੍ਹੇ ਦੇ ਖੰਡਰ ਉੱਪਰ ਸਭ ਤੋਂ ਪਹਿਲਾਂ ਗੁਰਦੁਆਰਾ ਸ਼ਹੀਦੀ ਅਸਥਾਨ ਦੀ ਉਸਾਰੀ ਕਰਵਾਈ ਸੀ ਜਿੱਥੇ ਵਿਕਰਮੀ ਸੰਮਤ ਦੇ ਪੋਹ ਮਹੀਨੇ ਦੀ 13 ਤਾਰੀਖ਼ ਨੂੰ ਸ਼ਹੀਦੀ ਜੋੜ ਮੇਲਾ ਲੱਗਣ ਲੱਗ ਪਿਆ।
ਸਲਤਨਤ ਅਤੇ ਮੁਗ਼ਲ ਕਾਲ ਦਾ ਸਰਹਿੰਦ ਉਸ ਥਾਂ ਦੇ ਆਸੇ-ਪਾਸੇ ਵਸਿਆ ਹੋਇਆ ਸੀ ਜਿੱਥੇ ਹੁਣ ਗੁਰਦੁਆਰਾ ਸ਼ਹੀਦੀ ਅਸਥਾਨ ਹੈ। ਮੰਨਿਆ ਜਾਂਦਾ ਹੈ ਕਿ ਉਸ ਸਮੇਂ ਇੱਥੇ 360 ਮਸਜਿਦਾਂ, ਬਗ਼ੀਚੇ, ਸਰਾਵਾਂ, ਮਕਬਰੇ ਅਤੇ ਖੂਹ ਸਨ। ਭਾਵੇਂ ਇਹ ਤਾਂ ਅਤਿਕਥਨੀ ਹੋਵੇ ਪਰ ਇਮਾਰਤਾਂ ਦੀ ਵੱਡੀ ਗਿਣਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਵੀ ਇਨ੍ਹਾਂ ਵਿਚੋਂ ਦਰਜਨ ਤੋਂ ਵੱਧ ਇਤਿਹਾਸਕ ਇਮਾਰਤਾਂ ਚੰਗੀ-ਮਾੜੀ ਹਾਲਤ ਵਿਚ ਫ਼ਤਹਿਗੜ੍ਹ ਸਾਹਿਬ ਅਤੇ ਇਸ ਦੇ ਆਲ਼ੇ-ਦੁਆਲ਼ੇ ਦੇ ਪਿੰਡਾਂ ਵਿਚ ਮੌਜੂਦ ਹਨ ਅਤੇ ਮੱਧਕਾਲੀ ਇਮਾਰਤਸਾਜ਼ੀ ਕਲਾ ਦੀ ਸਦੀਆਂ ਲੰਮੀ ਤਸਵੀਰ ਪੇਸ਼ ਕਰਦੀਆਂ ਹਨ।
ਬਚਦੇ ਸਮਾਰਕਾਂ ਵਿੱਚੋਂ ਸਭ ਤੋਂ ਸ਼ਾਨਦਾਰ ਹੈ- ਮੁਗ਼ਲ ਬਾਗ਼ ਦੇ ਖੰਡਰ ਜਿਸ ਨੂੰ ਹੁਣ ‘ਆਮ-ਖ਼ਾਸ ਬਾਗ਼’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਇਹ ਨਾਂ ਪਟਿਆਲੇ ਦੇ ਹੁਕਮਰਾਨਾਂ ਦੇ ਰਾਜ ਦੌਰਾਨ ਪਿਆ ਸੀ। ਮੱਧਕਾਲੀ ਇਤਿਹਾਸਕਾਰ ਤਾਂ ਇਸ ਦਾ ਨਾਂ ‘ਬਾਗ਼-ਏ ਹਫ਼ੀਜ਼ ਰਖਨਾ’ ਲਿਖਦੇ ਹਨ ਕਿਉਂਕਿ ਇਸ ਦੀ ਉਸਾਰੀ ਅਕਬਰ ਬਾਦਸ਼ਾਹ ਦੇ ਰਾਜ ਦੌਰਾਨ ਸਰਹਿੰਦ ਦੇ ਸਿਕਦਾਰ ਸੁਲਤਾਨ ਹਫ਼ੀਜ਼ ਰਖਨਾ ਨੇ ਕਰਵਾਈ ਸੀ। ਸਮਕਾਲੀ ਇਤਿਹਾਸਕਾਰ ਮੁੱਲਾ ਅਬਦੁਲ ਕਾਦਿਰ ਬਦਾਯੂਨੀ ਅਨੁਸਾਰ, ਉਸ ਸਮੇਂ ਇਸ ਬਾਗ਼ ਅਤੇ ਇਸ ਦੀਆਂ ਇਮਾਰਤਾਂ ਦਾ ਸਾਰੇ ਹਿੰਦ ਵਿਚ ਕੋਈ ਸਾਨੀ ਨਹੀਂ ਸੀ।
1592 ਵਿਚ ਸੁਲਤਾਨ ਹਫ਼ੀਜ਼ ਰਖਨਾ ਫ਼ੌਤ ਹੋ ਗਿਆ ਤਾਂ ਮੁਗ਼ਲ ਰਾਜ ਦੀ ਪਰੰਪਰਾ ਮੁਤਾਬਿਕ ਇਹ ਬਾਗ਼ ਸ਼ਾਹੀ ਸੰਪਤੀ ਬਣ ਗਿਆ। ਬਾਅਦ ਵਿਚ ਬਾਦਸ਼ਾਹ ਜਹਾਂਗੀਰ ਅਤੇ ਸ਼ਾਹਜਹਾਂ ਨੇ ਵੀ ਇਸ ਬਾਗ਼ ਵਿਚ ਖ਼ੂਬਸੂਰਤ ਇਮਾਰਤਾਂ ਦੀ ਉਸਾਰੀ ਕਰਵਾਈ। ਦਿੱਲੀ ਤੋਂ ਲਾਹੌਰ ਜਾਂਦੇ ਮੁਗ਼ਲ ਬਾਦਸ਼ਾਹ ਅਕਸਰ ਇਸ ਬਾਗ਼ ਵਿਚ ਠਹਿਰਦੇ ਸਨ, ਖ਼ਾਸਕਰ ਬਰਸਾਤ ਦੇ ਮੌਸਮ ਵਿੱਚ ਕਿਉਂਕਿ ਇਸ ਬਾਗ਼ ਦੇ ਅੰਬ ਬਹੁਤ ਸੁਆਦੀ ਹੁੰਦੇ ਸਨ। 1641 ਵਿਚ ਸ਼ਾਹਜਹਾਂ ਦੇ ਰਾਜਕਾਲ ਦੌਰਾਨ ਇੱਥੇ ਆਉਣ ਵਾਲਾ ਪੁਰਤਗਾਲੀ ਪਾਦਰੀ ਫ਼ਰੇ ਸੇਬੇਸਟਿਅਨ ਮੈਨਰਿਕ ਲਿਖਦਾ ਹੈ ਕਿ ਇਹ ਬਾਗ਼ ਸਰੂ ਦੇ ਵੱਡੇ ਦਰੱਖ਼ਤਾਂ ਨਾਲ ਚਾਰ ਭਾਗਾਂ ਵਿਚ ਵੰਡਿਆ ਹੋਇਆ ਹੈ। ਇਕ ਭਾਗ ਵਿਚ ਹਰ ਕਿਸਮ ਦੇ ਫ਼ਲਦਾਰ ਦਰੱਖ਼ਤ, ਦੂਜੇ ਭਾਗ ਵਿੱਚ ਹਰ ਕਿਸਮ ਦੇ ਫੁੱਲ ਅਤੇ ਸੁਗੰਧ ਵਾਲੀਆਂ ਜੜ੍ਹੀਆਂ-ਬੂਟੀਆਂ, ਤੀਜੇ ਭਾਗ ਵਿੱਚ ਹਰ ਕਿਸਮ ਦੀਆਂ ਸਬਜ਼ੀਆਂ ਅਤੇ ਚੌਥੇ ਭਾਗ ਵਿੱਚ ਮਹਿਲ ਆਦਿ ਸਨ। ਮੈਨਰੀਕ ਤੋਂ ਤਿੰਨ ਕੁ ਦਹਾਕੇ ਪਹਿਲਾਂ ਇੱਥੇ ਆਉਣ ਵਾਲਾ ਬ੍ਰਿਟਿਸ਼ ਯਾਤਰੀ ਵਿਲੀਅਮ ਫਿੰਚ ਲਿਖਦਾ ਹੈ ਕਿ ਬਾਗ਼ ਵਿੱਚ ਫ਼ਸਲਾਂ ਦੀ ਇੰਨੀ ਭਰਮਾਰ ਸੀ ਕਿ ਇਸ ਨੂੰ 50,000 ਰੁਪਏ ਸਾਲਾਨਾ ਠੇਕੇ ’ਤੇ ਦਿੱਤਾ ਜਾਂਦਾ ਸੀ।
ਹੁਣ ਬਚਦਾ ਬਾਗ਼ ਪੂਰੇ ਬਾਗ਼ ਦਾ ਇੱਕ ਚੌਥਾਈ ਹਿੱਸਾ ਹੀ ਹੈ ਜਿਸ ਵਿਚ ਦੀਵਾਨਖ਼ਾਨਾ-ਏ ਖ਼ਾਸ, ਸਰਦ ਖ਼ਾਨਾ, ਹਮਾਮ ਅਤੇ ਸ਼ੀਸ਼ ਮਹਿਲ ਦੀਆਂ ਮਨਮੋਹਕ ਇਮਾਰਾਤਾਂ ਜਾਂ ਇਨ੍ਹਾਂ ਦੇ ਖੰਡਰ ਬਚੇ ਹੋਏ ਹਨ।
ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਉੱਤਰ ਵੱਲ ਥੋੜ੍ਹੀ ਹੀ ਦੂਰੀ ’ਤੇ ਦਰਗਾਹ ਰੌਜ਼ਾ ਸ਼ਰੀਫ਼ ਹੈ। ਇਸ ਦਰਗਾਹ ਦੀ ਕੇਂਦਰੀ ਇਮਾਰਤ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਨਕਸ਼ਬੰਦੀ ਸੂਫ਼ੀ ਸ਼ੇਖ਼ ਅਹਿਮਦ ਸਰਹਿੰਦੀ ਦਾ ਮਕਬਰਾ ਹੈ। ਸਾਰੇ ਪੰਜਾਬੀਆਂ ਦੀ ਸੋਚ ਵਿਚ ਸੂਫ਼ੀ ਸੰਤਾਂ ਦਾ ਬਿੰਬ ਧਾਰਮਿਕ ਕੱਟੜਤਾ ਤੋਂ ਕੋਹਾਂ ਦੂਰ ਸਾਈਂ ਬੁੱਲੇ ਸ਼ਾਹ (1680-1758) ਵਰਗਾ ਹੈ ਪਰ ਸ਼ੇਖ਼ ਅਹਿਮਦ ਬਿਲਕੁਲ ਇਸ ਦਾ ਉਲਟ ਸੀ। ਉਹ ਕੱਟੜ ਸੁੰਨੀ ਸੋਚ ਦਾ ਧਾਰਕ ਸੀ ਅਤੇ ਆਪਣੇ ਆਪ ਨੂੰ ‘ਮੁਜੱਦਿਦ ਅਲਫ਼-ਏ-ਸਾਨੀ’ (ਦੂਜੇ ਹਜ਼ਾਰ ਸਾਲ ਦਾ ਧਰਮ-ਸੁਧਾਰਕ) ਮੰਨਦਾ ਸੀ।
ਦਰਗਾਹ ਅੰਦਰ ਸਰਹਿੰਦੀ ਦੇ ਮੁੱਖ ਮਕਬਰੇ ਦੇ ਆਲੇ-ਦੁਆਲੇ ਉਸ ਦੇ ਵੰਸ਼ਜਾਂ ਦੇ ਮਕਬਰਿਆਂ ਅਤੇ ਕਬਰਾਂ ਤੋਂ ਇਲਾਵਾ ਅਫ਼ਗ਼ਾਨਿਸਤਾਨ ਦੇ ਬਾਦਸ਼ਾਹ ਸ਼ਾਹ ਜ਼ਮਾਨ ਅਤੇ ਉਸ ਦੀ ਬੇਗ਼ਮ ਦੀਆਂ ਕਬਰਾਂ ਵੀ ਹਨ। ਮੁਸਲਿਮ ਲੋਕਾਂ ਦਾ ਵਿਸ਼ਵਾਸ ਹੈ ਕਿ ਮੌਤ ਮਗਰੋਂ ਰੌਜ਼ਾ ਸ਼ਰੀਫ਼ ਵਿਚ ਦਫ਼ਨਾਏ ਜਾਣ ’ਤੇ ਉਨ੍ਹਾਂ ਨੂੰ ਜੰਨਤ ਨਸੀਬ ਹੋਵੇਗੀ। ਇਸ ਰੌਜ਼ੇ ਨੂੰ ਨਾ ਸਿਰਫ਼ ਭਾਰਤੀ ਮੁਸਲਮਾਨ ਸਗੋਂ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਲੋਕ ਵੀ ਬਹੁਤ ਸਤਿਕਾਰ ਦਿੰਦੇ ਹਨ। ਸ਼ਰਧਾਲੂ ਹਰ ਸਾਲ ਮੁਸਲਿਮ ਕੈਲੰਡਰ ਦੇ ਸਫ਼ਰ ਮਹੀਨੇ ਦੀ 27 ਅਤੇ 28 ਤਾਰੀਖ਼ ਵਿਚਲੀ ਰਾਤ ਨੂੰ ਸ਼ੇਖ ਦਾ ਉਰਸ (ਬਰਸੀ) ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਇਕੱਠੇ ਹੁੰਦੇ ਹਨ।
ਸਰਹਿੰਦ ਵਿਖੇ ਸਭ ਤੋਂ ਪੁਰਾਣੀ ਮਸਜਿਦ ਫ਼ਤਹਿਗੜ੍ਹ ਸਾਹਿਬ ਵਿਖੇ ਪਿੰਡ ਮੀਰ ਮੀਰਾਂ ਨੂੰ ਜਾਂਦੀ ਸੜਕ ’ਤੇ ਰੇਲਵੇ ਕਰਾਸਿੰਗ ਦੇ ਨੇੜੇ ਸਥਿਤ ‘ਸਧਨੇ ਕਸਾਈ ਦੀ ਮਸਜਿਦ’ ਹੈ। ਇਸ ਨੂੰ ਪੂਰੇ ਪੂਰਬੀ ਪੰਜਾਬ ਵਿੱਚ ਸਭ ਤੋਂ ਵੱਡੀ ਅਤੇ ਸਭ ਤੋਂ ਪ੍ਰਭਾਵਸ਼ਾਲੀ ਮੁਗ਼ਲ ਮਸਜਿਦ ਹੋਣ ਦਾ ਮਾਣ ਪ੍ਰਾਪਤ ਹੈ। ਭਾਵੇਂ ਇਸ ਦੀ ਉਸਾਰੀ ਬਾਰੇ ਕੋਈ ਠੋਸ ਇਤਿਹਾਸਕ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਪਰ ਇਮਾਰਤ ਦੀ ਸ਼ੈਲੀ ਤੋਂ ਲੱਗਦਾ ਹੈ ਕਿ ਇਸ ਦੀ ਉਸਾਰੀ 1550 ਦੇ ਆਸ-ਪਾਸ ਕਰਵਾਈ ਗਈ ਹੋਵੇਗੀ। ਇਹ ਕਾਫ਼ੀ ਹੱਦ ਤੀਕ ਦਿੱਲੀ ਦੇ ਪੁਰਾਣੇ ਕਿਲ੍ਹੇ ਅੰਦਰਲੀ ਮਸਜਿਦ ਨਾਲ ਮਿਲਦੀ-ਜੁਲਦੀ ਹੈ। ਸਧਨਾ ਭਗਤ (ਕਸਾਈ) ਸਿੰਧ (ਪਾਕਿਸਤਾਨ) ਦਾ ਰਹਿਣ ਵਾਲਾ ਸੀ ਅਤੇ ਬ੍ਰਿਟਿਸ਼ ਵਿਦਵਾਨ ਮੈਕਸ ਆਰਥਰ ਮੈਕਾਲਿਫ਼ (1838-1913) ਮੁਤਾਬਿਕ ਉਹ ਸੰਤ ਨਾਮਦੇਵ (1271-1347) ਦਾ ਸਮਕਾਲੀ ਸੀ। ਰਾਗ ਬਿਲਾਵਲ ਵਿਚ ਉਸ ਦਾ ਰਚਿਆ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 858 ’ਤੇ ਦਰਜ ਹੈ। ਪਰ ਇਹ ਨਹੀਂ ਪਤਾ ਲੱਗਦਾ ਕਿ ਉਸ ਦਾ ਨਾਂ ਇਸ ਮਸਜਿਦ ਨਾਲ ਕਿਵੇਂ ਜੁੜ ਗਿਆ।
ਇਸ ਮਸਜਿਦ ਤੋਂ ਥੋੜ੍ਹੀ ਦੂਰੀ ’ਤੇ ਰੇਲਵੇ ਲਾਈਨ ਦੇ ਪਾਰ ਇਕ ਮੁਗ਼ਲਕਾਲੀਨ ਰਿਹਾਇਸ਼ੀ ਇਮਾਰਤ ਦੇ ਖੰਡਰ ਹਨ ਜਿਸ ਨੂੰ ਕੁਝ ਲੋਕ ਟੋਡਰ ਮੱਲ ਦੀ ਹਵੇਲੀ ਮੰਨਦੇ ਹਨ। ਟੋਡਰ ਮੱਲ ਸ਼ਾਹਜਹਾਂ ਦੇ ਰਾਜ ਸਮੇਂ ਸਰਹਿੰਦ ਦਾ ਅਮੀਨ, ਕਰੋੜੀ ਅਤੇ ਫ਼ੌਜਦਾਰ ਸੀ। ਸਿੱਖਾਂ ਵਿਚ ਉਸ ਦਾ ਬਹੁਤ ਸਤਿਕਾਰ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰਾਂ ਅਤੇ ਉਨ੍ਹਾਂ ਦੀ ਮਾਤਾ ਜੀ ਦੇ ਸਸਕਾਰ ਲਈ ਚੌਧਰੀ ਅਟਾ ਨਾਂ ਦੇ ਵਿਅਕਤੀ ਤੋਂ ਬਹੁਤ ਉੱਚੀ ਕੀਮਤ ਦੇ ਕੇ ਜ਼ਮੀਨ ਖਰੀਦੀ ਸੀ ਜਿੱਥੇ ਇਸ ਸਮੇਂ ਗੁਰਦੁਆਰਾ ਜੋਤੀ ਸਰੂਪ ਹੈ।
ਪਤਾ ਨਹੀਂ ਟੋਡਰ ਮੱਲ ਦਾ ਨਾਂ ਇਸ ਇਮਾਰਤ ਨਾਲ ਕਦੋਂ ਜੁੜ ਗਿਆ ਕਿਉਂਕਿ 19ਵੀਂ ਸਦੀ ਵਿਚ ਜਨਰਲ ਕਨਿੰਘਮ ਅਤੇ ਚਾਰਲਸ ਰੌਜਰਜ਼ ਇਸ ਇਮਾਰਤ ਦਾ ਨਾਂ ਸਲਾਬਤ ਬੇਗ਼ ਦੀ ਹਵੇਲੀ ਲਿਖਦੇ ਹਨ। ਉਸ ਸਮੇਂ ਕੁਝ ਲੋਕ ਇਸ ਨੂੰ ਜਹਾਜ਼ੀ ਹਵੇਲੀ ਵੀ ਕਹਿੰਦੇ ਸਨ। ਸ਼ਾਇਦ ਉਨ੍ਹਾਂ ਲੋਕਾਂ ਨੂੰ ਇਸ ਖੰਡਰ ਦੀ ਸ਼ਕਲ (ਸਮੁੰਦਰੀ) ਜਹਾਜ਼ ਵਰਗੀ ਜਾਪੀ ਹੋਵੇਗੀ। ਇਸ ਹਵੇਲੀ ਦੀ ਮਹੱਤਤਾ ਇਸ ਤੱਥ ਵਿੱਚ ਹੈ ਕਿ ਇਹ ਮੁਗ਼ਲ ਰਾਜ ਦੀ ਘਰੇਲੂ ਇਮਾਰਤਸਾਜ਼ੀ ਕਲਾ ਦੇ ਚੰਦ ਬਚੇ ਹੋਏ ਨਮੂਨਿਆਂ ਵਿਚੋਂ ਇਕ ਹੈ।
ਸਰਹਿੰਦ ਵਿਖੇ ਸਭ ਤੋਂ ਖ਼ੂਬਸੂਰਤ ਮਕਬਰੇ ਇਸ ਹਵੇਲੀ ਤੋਂ ਥੋੜ੍ਹੀ ਹੀ ਦੂਰੀ ’ਤੇ ਹਨ ਪਰ ਉਨ੍ਹਾਂ ਤੀਕ ਪਹੁੰਚਣ ਲਈ ਪੱਕੀ ਸੜਕ ਪਿੰਡ ਤਲਾਣੀਆਂ ਵਿਚਦੀ ਹੈ। ਇਨ੍ਹਾਂ ਨੂੰ ਉਸਤਾਦ ਅਤੇ ਸ਼ਾਗਿਰਦ ਦੇ ਮਕਬਰਿਆਂ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਯਾਦਗਾਰਾਂ ਬਾਰੇ ਇੱਕ ਬਹੁਤ ਹੀ ਦਿਲਚਸਪ ਕਹਾਣੀ ਪ੍ਰਚਲਿਤ ਹੈ ਜਿਸ ਮੁਤਾਬਿਕ ਕਿਸੇ ਉਸਤਾਦ (ਮਿਸਤਰੀ) ਅਤੇ ਉਸ ਦੇ ਸ਼ਾਗਿਰਦ ਵਿਚਕਾਰ ਉਸਾਰੀ ਕਲਾ ਦਾ ਮੁਕਾਬਲਾ ਹੋਇਆ। ਦੋਹਾਂ ਨੇ ਲਗਭਗ ਇੱਕੋ ਜਿਹੀ ਇਮਾਰਤ ਉਸਾਰਨੀ ਸੀ ਅਤੇ ਜਿਸ ਨੇ ਆਪਣੀ ਇਮਾਰਤ ਪਹਿਲੇ ਪੂਰੀ ਕਰ ਦਿੱਤੀ ਉਸ ਨੇ ਹਾਰਨ ਵਾਲੇ ਦਾ ਸਿਰ ਵੱਢ ਦੇਣਾ ਸੀ। ਦੋਹਾਂ ਨੇ ਉਸਾਰੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਮਗਰੋਂ ਉਸਤਾਦ ਕਾਰੀਗਰ ਨੇ ਵੇਖਿਆ ਕਿ ਉਸ ਦਾ ਸ਼ਾਗਿਰਦ ਉਸ ਨਾਲੋਂ ਕਾਫ਼ੀ ਅੱਗੇ ਸੀ। ਉਸਤਾਦ ਨੇ ਆਪਣੀ ਇਮਾਰਤ ਦੀ ਸੁੰਦਰਤਾ ਅਤੇ ਬਾਰੀਕੀਆਂ ਵੱਲ ਬਹੁਤਾ ਧਿਆਨ ਨਾ ਦਿੱਤਾ ਅਤੇ ਇਸ ਨੂੰ ਛੇਤੀ ਛੇਤੀ ਪੂਰੀ ਕਰ ਕੇ ਮੁਕਾਬਲਾ ਜਿੱਤ ਲਿਆ। ਪਰ ਉਸ ਨੇ ਆਪਣੇ ਸ਼ਾਗਿਰਦ ਦਾ ਸਿਰ ਵੱਢਣ ਦੀ ਥਾਂ ਪ੍ਰਤੀਕਾਤਮਕ ਤੌਰ ’ਤੇ ਉਸ ਦੀ ਇਮਾਰਤ ਉੱਪਰਲੇ ਗੁੰਬਦ ਦਾ ਕਲਸ਼ ਡੇਗ ਦਿੱਤਾ।
ਇਹ ਬਿਰਤਾਂਤ ਨਿਰੋਲ ਕਲਪਨਾ ਜਾਪਦਾ ਹੈ ਕਿਉਂਕਿ ਥੋੜ੍ਹੀ ਜਿਹੀ ਭਿੰਨਤਾ ਨਾਲ ਅਜਿਹੇ ਕਿੱਸੇ ਪੰਜਾਬ ਅਤੇ ਹਰਿਆਣੇ ਵਿਚ ਸਮਾਰਕਾਂ ਦੇ ਅਨੇਕਾਂ ਜੋੜਿਆਂ ਬਾਰੇ ਪ੍ਰਚਲਿਤ ਹਨ। ਨਾ ਹੀ ਇਹ ਦੋਵੇਂ ਸਮਾਰਕ ਸਮਕਾਲੀ ਹਨ। ਇਹ ਨਿਸ਼ਚਿਤ ਹੈ ਕਿ ਅਖੌਤੀ ਉਸਤਾਦ ਦਾ ਮਕਬਰਾ ਪਹਿਲਾਂ ਉਸਾਰਿਆ ਗਿਆ ਸੀ ਅਤੇ ਸ਼ਾਗਿਰਦ ਦਾ ਮਕਬਰਾ ਕੁਝ ਦਹਾਕੇ ਮਗਰੋਂ। ਖ਼ੈਰ, ਇਨ੍ਹਾਂ ਦੀ ਉਸਾਰੀ ਬਾਰੇ ਸੱਚਾਈ ਜੋ ਵੀ ਹੋਵੇ, ਇਹ ਦੋਵੇਂ ਮੁਗ਼ਲ ਇਮਾਰਤਸਾਜ਼ੀ ਕਲਾ ਦੇ ਬਿਹਤਰੀਨ ਨਮੂਨੇ ਹਨ।
ਇਨ੍ਹਾਂ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਡੇਰਾ ਮੀਰ ਮੀਰਾਂ ਵਿਖੇ ਸੁਲਤਾਨ ਬਹਿਲੋਲ ਲੋਧੀ ਦੀ ਧੀ ਸੁਭਾਨ ਦਾ ਮਕਬਰਾ ਹੈ। ਇਹ ਤੱਥ ਇਸ ਇਮਾਰਤ ਉੱਪਰ ਪੱਥਰ ਵਿਚ ਉਕਰਿਆ ਹੋਇਆ ਹੈ। ਦਰਅਸਲ, ਬਹਿਲੋਲ ਦਿੱਲੀ ਦੀ ਗੱਦੀ ’ਤੇ ਬੈਠਣ ਤੋਂ ਪਹਿਲੇ ਸਰਹਿੰਦ ਵਿਖੇ ਆਪਣੇ ਚਾਚੇ ਦੀ ਜਾਗੀਰ ਦਾ ਪ੍ਰਬੰਧ ਕਰਦਾ ਸੀ। ਇਸ ਲਈ ਉਸ ਦੀ ਧੀ ਦਾ ਮਕਬਰਾ ਇੱਥੇ ਹੀ ਉਸਾਰਿਆ ਗਿਆ। ਉਂਜ ਸੁਭਾਨ ਦੀ ਮੌਤ 1 ਨਵੰਬਰ 1496 ਨੂੰ ਹੋਈ ਸੀ ਜਦੋਂਕਿ ਸੁਲਤਾਨ ਬਹਿਲੋਲ ਇਸ ਤੋਂ ਸੱਤ ਸਾਲ ਪਹਿਲਾਂ ਫ਼ੌਤ ਹੋ ਚੁੱਕਿਆ ਸੀ। ਇਸ ਮਕਬਰੇ ਦੀ ਉਸਾਰੀ ਬਹਿਲੋਲ ਲੋਧੀ ਦੇ ਵਾਰਿਸ ਸੁਲਤਾਨ ਸਿਕੰਦਰ ਲੋਧੀ ਦੇ ਰਾਜ (1489-1517) ਦੌਰਾਨ ਕੀਤੀ ਗਈ ਸੀ।
ਸਰਹਿੰਦ ਵਿਚ ਇਨ੍ਹਾਂ ਸਮਾਰਕਾਂ ਤੋਂ ਇਲਾਵਾ ਕੁਝ ਹੋਰ ਇਮਾਰਤਾਂ ਵੀ ਬਚੀਆਂ ਹੋਈਆਂ ਹਨ ਪਰ ਦੇਖਭਾਲ ਦੀ ਘਾਟ ਕਾਰਨ ਇਹ ਖੰਡਰਾਂ ਵਿਚ ਬਦਲ ਰਹੀਆਂ ਹਨ। ਪਿਛਲੇ ਕੁਝ ਦਹਾਕਿਆਂ ਦੌਰਾਨ ਹੀ ਇਨ੍ਹਾਂ ਵਿਚੋਂ ਅਨੇਕਾਂ ਸਮਾਰਕ ਨੇਸਤ-ਓ-ਨਾਬੂਦ ਹੋ ਚੁੱਕੇ ਹਨ ਜਾਂ ਉਨ੍ਹਾਂ ਦਾ ਅਸਲ ਸਰੂਪ ਬਦਲਿਆ ਜਾ ਚੁੱਕਾ ਹੈ। ਆਪਣੇ ਇਤਿਹਾਸ ਦੀਆਂ ਪੈੜਾਂ ਮਿਟਾਉਣ ਲਈ ਦੋਸ਼ੀ ਕੋਈ ਹੋਰ ਨਹੀਂ ਸਗੋਂ ਅਸੀਂ ਆਪ ਹਾਂ।
ਸੰਪਰਕ: 98728-22417