ਤਜਿੰਦਰ
ਮਨੁੱਖ ਨੇ ਕਿਰਤ ਦੇ ਅਮਲ ਰਾਹੀਂ ਕੁਦਰਤ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਇਸ ਨੂੰ ਆਪਣੀਆਂ ਲੋੜਾਂ ਅਨੁਸਾਰ ਢਾਲ਼ਿਆ। ਕਿਰਤ ਦੀ ਇਸ ਲੰਮੀ ਪ੍ਰਕਿਰਿਆ ਵਿਚ ਮਨੁੱਖ ਨੇ ਪੱਥਰ ਦੇ ਸੰਦਾਂ ਤੋਂ ਲੈ ਕੇ ਆਧੁਨਿਕ ਮਸ਼ੀਨਾਂ ਤੱਕ ਦਾ ਸਫ਼ਰ ਤੈਅ ਕੀਤਾ ਹੈ। ਪੀੜ੍ਹੀ-ਦਰ-ਪੀੜ੍ਹੀ ਕੁਦਰਤੀ ਤਾਕਤ ਨਾਲ਼ ਸੰਘਰਸ਼ ਦੇ ਰੂਪ ’ਚ ਕੀਤੀ ਗਈ ਸਮੂਹਿਕ ਕਿਰਤ ਨੇ ਹੀ ਅਧੁਨਿਕ ਵਿਗਿਆਨ ਦੀ ਨੀਂਹ ਰੱਖੀ ਤੇ ਮਨੁੱਖੀ ਸਮਾਜ ਨੇ ਮੁੱਢ-ਕਦੀਮੀ ਸਮਾਜ ਤੋਂ ਸਰਮਾਏਦਾਰੀ ਸਮਾਜ ਤੱਕ ਦਾ ਸਫ਼ਰ ਤੈਅ ਕੀਤਾ। ਬਿਨਾ ਸ਼ੱਕ ਸਰਮਾਏਦਾਰੀ ਯੁੱਗ ’ਚ ਵਿਗਿਆਨ ਨੇ ਲੰਮੀਆਂ ਪੁਲਾਂਘਾ ਪੁੱਟੀਆਂ ਪਰ ਇਸ ਵਿਕਾਸ ਦਾ ਦੂਜਾ ਪੱਖ ਇਹ ਸੀ ਕਿ ਇਸ ਦੇ ਕੇਂਦਰ ’ਚ ਮਨੁੱਖ ਨਹੀਂ
ਸਗੋਂ ਮੁਨਾਫਾ ਰਿਹਾ। ਮੁਨਾਫੇ ਦੀ ਇਹ ਦੌੜ ਹੁਣ ਸਿਰਫ ਧਰਤੀ ਤੱਕ ਸੀਮਤ ਨਹੀਂ ਰਹੀ ਸਗੋਂ ਧਰਤੀ ਦੇ ਕੁਦਰਤੀ ਸ੍ਰੋਤਾਂ ਦੀ ਲੁੱਟ ਤੋਂ ਬਾਅਦ ਹੁਣ ਇਹ ਦੌੜ ਪੁਲਾੜ ਤੱਕ ਪਹੁੰਚ ਗਈ ਹੈ।
ਪੁਲਾੜ ਲਈ ਦੌੜ ਦਾ ਪਹਿਲਾ ਦੌਰ ਅਮਰੀਕੀ ਸਾਮਰਾਜ ਤੇ 1956 ਵਿਚ ਸਮਾਜਵਾਦ ਨੂੰ ਪਛਾੜ ਲੱਗਣ ਮਗਰੋਂ ਸਾਮਰਾਜੀ ਬਣੇ ਸੋਵੀਅਤ ਯੂਨੀਅਨ ਵਿਚਾਕਰ ਠੰਡੀ ਜੰਗ ਦਾ ਦੌਰ ਹੈ। ਸੰਸਾਰ ਦੀਆਂ ਦੋ ਤਾਕਤਾਂ ਵਿਚਕਾਰ ਲਗਭਗ 20 ਸਾਲ ਤੱਕ ਇਹ ਮੁਕਾਬਲਾ ਚੱਲਦਾ ਰਿਹਾ ਹੈ। ਇਸੇ ਦੌਰਾਨ ਮਨੁੱਖ ਨੇ ਚੰਦ ਉੱਪਰ ਆਪਣਾ ਪਹਿਲਾ ਕਦਮ ਵੀ ਰੱਖਿਆ। ਇਸ ਨੇ ਸੰਚਾਰ ਸਾਧਨਾਂ ਤੋਂ ਲੈ ਕੇ ਮੈਡੀਕਲ ਖੇਤਰ ਦੇ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾਈ ਪਰ ਇਹ ਮੁਕਾਬਲੇਬਾਜ਼ੀ ਵਧੇਰੇ ਉਪ-ਗ੍ਰਹਿਆਂ ਦੀ ਫੌਜੀ ਤਕਨੀਕ ਨੂੰ ਵਿਕਸਤ ਕਰਨ ਲਈ ਵਰਤੀ ਗਈ। ਇਸ ਤੋਂ ਬਾਅਦ ਕਈ ਹੋਰ ਦੇਸ਼ ਵੀ ਇਸ ਦੌੜ ਵਿਚ ਸ਼ਾਮਲ ਹੁੰਦੇ ਗਏ। ਭੂ-ਸਿਆਸੀ ਹਿੱਤਾਂ ਤੋਂ ਇਲਾਵਾ ਪੁਲਾੜ ਬਾਰੇ ਜਾਨਣ, ਬ੍ਰਹਿਮੰਡ ਦੀ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਅਤੇ ਤਕਨੀਕੀ ਸਾਧਨਾਂ ਜਿਵੇਂ ਟੀਵੀ, ਇੰਟਰਨੈੱਟ, ਐਕਸਰੇਅ ਆਦਿ ਇਸੇ ਦੀ ਦੇਣ ਹੈ) ਦਾ ਵਿਕਾਸ ਜਿਹੇ ਵਿਗਿਆਨਕ ਕਾਰਕ ਵੀ ਸਨ ਜਿਸ ਲਈ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੇ ਵਿਗਿਆਨੀ, ਤਕਨੀਸ਼ੀਅਨ ਤੇ ਇੰਜੀਨੀਅਰ ਮੋਢੇ ਨਾਲ਼ ਮੋਢਾ ਜੋੜ ਕੰਮ ਕਰਦੇ ਰਹੇ ਤੇ ਮਨੁੱਖ ਨੇ ਪੁਲਾੜ ’ਚ ਵੱਡੀਆਂ ਮੱਲਾਂ ਮਾਰੀਆਂ।
ਪਿਛਲੇ ਕੁਝ ਸਾਲਾਂ ਤੋਂ ਵੱਖ ਵੱਖ ਦੇਸ਼ਾਂ ਵਿਚਕਾਰ ਪੁਲਾੜ ਲਈ ਮੁਕਾਬਲਾ ਫਿਰ ਤੋਂ ਤਿੱਖਾ ਹੋ ਰਿਹਾ ਹੈ; ਖਾਸ ਤੌਰ ’ਤੇ ਤਿੰਨ ਸਾਮਰਾਜੀ ਤਾਕਤਾਂ ਅਮਰੀਕਾ, ਚੀਨ ਤੇ ਰੂਸ ਵਿਚਕਾਰ। ਇਸ ਦੇ ਨਾਲ਼ ਹੀ ਸੰਸਾਰ ਦੇ ਅਰਬਪਤੀ ਵੀ ਪੁਲਾੜ ਵਿਚ ਜਾਣ ਲਈ ਤਰਲੋਮੱਛੀ ਹੋ ਰਹੇ ਹਨ। ਸੰਸਾਰ ਦੀਆਂ ਦਰਜਨਾਂ ਅਜਿਹੀਆਂ ਕੰਪਨੀਆਂ ਹਨ ਜੋ ਇੱਕ ਦੂਜੇ ਨਾਲ਼ ਮੁਕਾਬਲਾ ਕਰ ਰਹੀਆਂਹਨ। ਇਨ੍ਹਾਂ ਕੰਪਨੀਆਂ ਵਿਚ ਸਭ ਤੋਂ ਵੱਡੇ ਖਿਡਾਰੀ ਜੋ ਉੱਭਰ ਕੇ ਸਾਹਮਣੇ ਆਏ ਹਨ, ਉਹ ਹਨ: ਇਲੋਨ ਮਸਕ ਦੀ ਕੰਪਨੀ ‘ਸਪੇਸ ਐਕਸ’, ਜੈਫ ਬੇਜ਼ੋਸ ਦੀ ਕੰਪਨੀ ‘ਬਲੂ ਉਰਿਜ਼ਨ’ ਅਤੇ ਰਿਚਰਡ ਬਰੈਨਸਨ ਦੀ ਕੰਪਨੀ ‘ਵਰਜਨ ਗਲੈਕਟਿਕ’। ਕੀ ਇਹ ਸਰਮਾਏਦਾਰ ਮਨੁੱਖਤਾ ਦੀ ਬਿਹਤਰੀ ਲਈ ਇੱਕ ਦੂਜੇ ਨਾਲ਼ ਮੁਕਾਬਲੇ ਕਰ ਰਹੇ
ਹਨ? ਬਿਲਕੁਲ ਨਹੀਂ, ਭਾਵੇਂ ਇਹ ਸਰਮਾਏਦਾਰ
ਬਿਹਤਰ ਭਵਿੱਖ ਦੇ ਸਬਜ਼ਬਾਗ ਦਿਖਾ ਰਹੇ ਹਨ ਪਰ ਇਥੇ ਵੀ ਇਨ੍ਹਾਂ ਦਾ ਮੁੱਖ ਮਕਸਦ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੀ ਹੈ।
ਪਿਛਲੇ ਸਾਲ 30 ਮਈ ਨੂੰ ਇਲੋਨ ਮਸਕ ਦੀ ਕੰਪਨੀ ‘ਸਪੇਸ ਐਕਸ’ ਦੁਆਰਾ ‘ਨਾਸਾ’ ਦੇ ਪੁਲਾੜ ਯਾਤਰੀਆਂ ਨਾਲ਼ ਪਹਿਲੀ ਸਫ਼ਲ ਉਡਾਣ ਨੂੰ ਅੰਜਾਮ ਦਿੱਤਾ ਗਿਆ। 2011 ਤੋਂ ‘ਨਾਸਾ’ ਦੇ ‘ਸਪੇਸ ਸ਼ਟਲ’ ਨੂੰ ਬੰਦ ਕਰਨ ਤੋਂ ਬਾਅਦ ਇਹ ਇਨਸਾਨ ਨਾਲ਼ ਇਹ ਪਹਿਲੀ ਉਡਾਨ ਸੀ ਤੇ ਇਹ ਪਹਿਲੀ ਵਾਰ ਸੀ ਕਿ ਕਿਸੇ ਨਿੱਜੀ ਕੰਪਨੀ ਦੁਆਰਾ ਮਨੁੱਖ ਨਾਲ਼ ਪੁਲਾੜ ਦਾ ਸਫ਼ਰ ਤੈਅ ਕੀਤਾ ਹੋਵੇ। ਵੱਡੇ ਪੱਧਰ ’ਤੇ ਅਮਰੀਕੀ ਮੀਡੀਆ ਤੇ ਡੋਨਲਡ ਟਰੰਪ ਦੁਆਰਾ ਜਸ਼ਨ ਮਨਾਇਆ ਗਿਆ। ਇਸ ਨੂੰ ਇੰਝ ਪੇਸ਼ ਕੀਤਾ ਗਿਆ ਜਿਵੇਂ ਅਮਰੀਕਾ ਨੇ ਪੁਲਾੜ-ਖੋਜ ਵਿਚ ਕੋਈ ਨਵਾਂ ਇਤਿਹਾਸਕ ਕਦਮ ਪੁੱਟਿਆ ਹੋਵੇ ਪਰ ਅਸਲ ’ਚ ਇਹ 60ਵਿਆਂ ਦੀਆਂ ਪੁਲਾੜ ਯਾਤਰਾਵਾਂ ਦਾ ਦੁਹਰਾਅ ਹੀ ਸੀ।
ਅੱਗੇ ‘ਸਪੇਸ ਐਕਸ’ ਦੀ 2021 ਦੇ ਅੰਤ ਤੱਕ ‘ਆਮ ਨਾਗਰਿਕਾਂ’ ਨੂੰ ਪੁਲਾੜ ਦੀ ਯਾਤਰਾ ਕਰਾਉਣ ਦੀ ਯੋਜਨਾ ਹੈ। ਇਲੋਨ ਮਸਕ ਦਾ ਦਾਅਵਾ ਹੈ ਕਿ 2026 ਤੱਕ ਮੰਗਲ ਗ੍ਰਹਿ ’ਤੇ ਪੈਰ ਧਰਿਆ ਜਾਵੇਗਾ। ਇਸ ਤੋਂ ਬਾਅਦ ਇਸ ਖਰਬਪਤੀ ਦਾ ਕਹਿਣਾ ਹੈ ਕਿ ਉਸ ਦੁਆਰਾ ਮੰਗਲ ਗ੍ਰਹਿ ’ਤੇ ਆਉਣ ਵਾਲ਼ੇ ਦਹਾਕਿਆਂ ’ਚ ਕਲੋਨੀ ਵੀ ਵਸਾਈ ਜਾਵੇਗੀ। ਲਗਾਤਾਰ ਮੀਡੀਆ ਵਿਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਭਵਿੱਖ ਵਿਚ ਮਨੁੱਖ ਬਹੁ-ਗ੍ਰਹਿਾਂ ’ਤੇ ਵਸਣ ਵਾਲ਼ੀ ਪ੍ਰਜਾਤੀ ਹੋਵੇਗੀ। ਜਿੱਥੇ ਇਲੋਨ ਮਸਕ ਦੁਆਰਾ ਆਪਣੀਆਂ ਯੋਜਨਾਵਾਂ ਨੂੰ ਮਨੁੱਖਤਾ ਦੀ ਤਰੱਕੀ ਦੀ ਚਾਸ਼ਣੀ ’ਚ ਡਬੋ ਕੇ ਪੇਸ਼ ਕੀਤਾ ਜਾ ਰਿਹਾ, ਉਥੇ ਜੈਫ ਬੇਜ਼ੋਸ ਅਤੇ ਰਿਚਰਡ ਬਰੈਨਸਨ ਦੁਆਰਾ ਆਪਣੇ ਅਸਲ ਮਨਸੂਬਿਆਂ ਨੂੰ ਨੰਗੇ ਚਿੱਟੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਜੈਫ ਬੇਜ਼ੋਸ ਦੁਆਰਾ ਐਲਾਨ ਕੀਤਾ ਗਿਆ ਸੀ ਕਿ ਉਸ ਦੀ ਕੰਪਨੀ ਇਸ ਸਾਲ ਜੁਲਾਈ ਦੇ ਅੰਤ ’ਚ ਉਸ ਨੂੰ ਪੁਲਾੜ ਦੀ ਸੈਰ ਕਰਵਾਏਗੀ। ਇਹ ਐਲਾਨ ਹੋਣ ਤੋਂ ਬਾਅਦ ‘ਵਰਜਨ ਬਲੂ’ ਕੰਪਨੀ ਦੇ ਮਾਲਕ ਰਿਚਰਡ ਬਰੈਨਸਨ ਦੁਆਰਾ ਐਲਾਨ ਕੀਤਾ ਗਿਆ ਕਿ ਉਹ ਜ਼ੈਫ ਬੇਜ਼ੋਸ ਤੋਂ ਕੁਝ ਹਫਤੇ ਪਹਿਲਾਂ ਪੁਲਾੜ ਦੀ ਸੈਰ ਕਰਨ ਜਾ ਰਿਹਾ ਹੈ ਤੇ ਇਸ ਅਰਬਪਤੀ ਨੇ ਪੁਲਾੜ ਦੀ ਕੁੱਤਾ ਦੌੜ ’ਚ ਅੱਗੇ ਨਿੱਕਲਦਿਆਂ ਹੋਇਆ 11 ਜੁਲਾਈ ਨੂੰ ਪੁਲਾੜ ਲਈ ਉਡਾਣ ਵੀ ਭਰੀ।
ਸੈਰ-ਸਪਾਟਾ ਤਾਂ ਇਸ ਪੁਲਾੜ ਸਨਅਤ ਦੀ ਤਸਵੀਰ ਦਾ ਛੋਟਾ ਜਿਹਾ ਹਿੱਸਾ ਹੈ। ਸਾਲ 2000 ਤੋਂ ਹੀ ਅਮਰੀਕੀ ਸਰਕਾਰ ਦੁਆਰਾ ਵੱਡੇ ਪੱਧਰ ’ਤੇ ਰਾਕਟ ਤੇ ਪੁਲਾੜ ਯੋਜਨਾਵਾਂ ਸਬੰਧੀ ਠੇਕੇ ਤੇ ਸਬਸਿਡੀਆਂ ਨਿੱਜੀ ਕੰਪਨੀਆਂ ਨੂੰ ਦਿੱਤੇ ਗਏ ਜਿਨ੍ਹਾਂ ’ਚ ਇਲੋਨ ਮਸਕ ਦੀ ਕੰਪਨੀ ‘ਸਪੇਸ ਐਕਸ’ ਬਰਾਕ ਓਬਾਮਾ ਤੇ ਡੋਨਲਡ ਟਰੰਪ ਦੀ ਮਨਪਸੰਦ ਕੰਪਨੀ ਰਹੀ ਹੈ। 2000 ਤੋਂ ਲੈ ਕੇ 2019 ਤੱਕ ਲੋਕਾਂ ਦੇ ਟੈਕਸ ਦੇ ਪੈਸੇ ’ਚੋਂ 2.7 ਅਰਬ ਡਾਲਰ ਦੀਆਂ ਸਬਸਿਡੀਆਂ ਇਨ੍ਹਾਂ ਕੰਪਨੀਆਂ ਨੂੰ ਦਿੱਤੀਆਂ ਗਈਆਂ ਜਿਸ ਵਿਚੋਂ 93 ਫੀਸਦੀ ਰਾਕਟ ਯੋਜਨਾਵਾਂ ਲਈ ਦਿੱਤੇ ਗਏ। ਇਸ ਤੋਂ ਇਲਾਵਾ ਚੰਨ ਉੱਪਰ 2 ਪੁਲਾੜ ਯਾਤਰੀਆਂ ਨੂੰ ਲਿਜਾਣ ਲਈ ਇਸ ਸਾਲ ਦੇ ਸ਼ੁਰੂ ਵਿਚ ਕਈ ਅਰਬ ਡਾਲਰ ਦਾ ਠੇਕਾ ਇਲੋਨ ਮਸਕ ਦੀ ਕੰਪਨੀ ਨੂੰ ਦਿੱਤਾ ਗਿਆ। ਇਸ ’ਤੇ ਜ਼ੈਫ ਬੇਜ਼ੋਸ ਦੁਆਰਾ ਵਿਰੋਧ ਕੀਤਾ ਗਿਆ ਤਾਂ ਅਮਰੀਕੀ ਸਰਕਾਰ ਨੇ ‘ਯੂਐੱਸ ਇਨੋਵੇਸ਼ਨ ਐਂਡ ਕੰਪੀਟੀਟਿਵਨੈੱਸ ਐਕਟ’ ਪਾਸ ਕੀਤਾ ਜਿਸ ਵਿਚ 10 ਅਰਬ ਡਾਲਰ ਦਾ ਰਾਹਤ ਪੈਕਜ ਸ਼ਾਮਲ ਸੀ ਜੋ ਸਿੱਧਾ ਜ਼ੈਫ ਬੇਜ਼ੋਸ ਦੀ ਜੇਬ ਵਿਚ ਗਿਆ।
ਇਨ੍ਹਾਂ ਕੰਪਨੀਆਂ ਦੁਆਰਾ ਇੱਕ ਦੂਜੇ ਤੋਂ ਅੱਗੇ ਵਧ ਕੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਪੁਲਾੜ ਯੋਜਨਾਵਾਂ ਲਈ ਬਿਹਤਰ ਰਾਕਟ ਤਕਨੀਕ ਵਿਕਸਤ ਕਰ ਰਹੇ ਹਨ, ਹਾਲਾਂਕਿ ਇਸ ਰਾਕਟ ਤਕਨੀਕ ਨੂੰ ਵਿਕਸਤ ਕਰਨ ਦਾ ਅਸਲ ਮਕਸਦ ਅਮਰੀਕੀ ਸਾਮਰਾਜ ਦੀ ਮਿਜ਼ਾਈਲ ਤਕਨੀਕ ਨੂੰ ਵਿਕਸਤ ਕਰਨਾ ਤੇ ਉਸ ਦੀ ਫੌਜੀ ਤਾਕਤ ਨੂੰ ਵਧਾਉਣਾ ਹੀ ਹੈ। ਇਲੋਨ ਮਸਕ ਦੀ ਕੰਪਨੀ ‘ਸਪੇਸ ਐਕਸ’ ਦੇ ਸ਼ੁਰੂਆਤੀ 10 ਸਾਲ ਦੌਰਾਨ ਕੁੱਲ ਫੰਡ ਦਾ ਅੱਧਾ ਹਿੱਸਾ ਅਮਰੀਕੀ ਸਰਕਾਰ ਦੁਆਰਾ ਦਿੱਤਾ ਗਿਆ ਸੀ।
ਧਰਤੀ ਦੇ ਕੁਦਰਤੀ ਸਾਧਨਾਂ ਦੀ ਲੁੱਟ ਤੇ ਵਾਤਾਵਰਨ ਦੀ ਤਬਾਹੀ ਤੋਂ ਬਾਅਦ ਹੁਣ ਸਰਮਾਏਦਾਰ ਪੁਲਾੜ ਵੱਲ ਰੁਖ਼ ਕਰ ਰਹੇ ਹਨ। ਜੇ ਨਾਸਾ ਦੇ ਹਵਾਲੇ ਨਾਲ਼ ਗੱਲ ਕਰੀਏ ਤਾਂ ਸਾਡੇ ਸੂਰਜ ਮੰਡਲ ਵਿਚ ਲਗਭਗ 8 ਲੱਖ ਉਲਕਾ ਪਿੰਡ ਹਨ ਜੋ ਕੀਮਤੀ ਧਾਤਾਂ ਜਿਵੇਂ ਸੋਨਾ, ਲੋਹਾ, ਪਲੈਟੀਨਮ ਆਦਿ ਨਾਲ਼ ਭਰਪੂਰ ਹਨ। ਜੇ ਇਨ੍ਹਾਂ ਵਿਚੋਂ ‘16 ਸਾਈਕੀ’ ਨਾਮ ਦੇ ਸਿਰਫ ਇੱਕ ਉਲਕਾ ਪਿੰਡ ਜਿਸ ਦਾ ਵਿਆਸ 200 ਕਿਲੋਮੀਟਰ ਹੈ, ਵਿਚਲੇ ਧਾਤਾਂ ਦੇ ਖਜ਼ਾਨੇ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 700 1018 (700 ਕਿਉਂਟਿਲੀਅਨ) ਅਮਰੀਕੀ ਡਾਲਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਚੰਨ ’ਤੇ ਪਾਣੀ ਅਤੇ ਹੀਲੀਅਮ-3 ਜਿਸ ਨੂੰ ਅੱਗੇ ਰਾਕਟ ਦੇ ਬਾਲਣ ’ਚ ਤਬਦੀਲ ਕੀਤਾ ਜਾਵੇਗਾ, ਲਈ ਖੁਦਾਈ ਦੀਆ ਯੋਜਨਾਵਾਂ ’ਤੇ ਵੀ ਕੰਮ ਹੋ ਰਿਹਾ ਹੈ। ਪੁਲਾੜ ਦੇ ਇਨ੍ਹਾਂ ਖਜ਼ਾਨਿਆਂ ਨੂੰ ਲੁੱਟਣ ਲਈ ਅਮਰੀਕਾ ਤੇ ਲਗਜ਼ਮਬਰਗ ਵਰਗੇ ਦੇਸ਼ਾਂ ਦੇ ਸਰਮਾਏਦਾਰਾ-ਸਾਮਰਾਜੀ ਹਾਕਮਾਂ ਦੁਆਰਾ ਕਨੂੰਨ ਪਾਸ ਕੀਤੇ ਜਾ ਰਹੇ ਹਨ ਜਿਸ ਨਾਲ਼ ਪ੍ਰਾਈਵੇਟ ਕੰਪਨੀਆਂ ਚੰਨ, ਮੰਗਲ ਜਾਂ ਪੁਲਾੜ ਵਿਚ ਕਿਤੇ ਵੀ ਖੁਦਾਈ ਰਾਹੀਂ ਜੋ ਵੀ ਹਾਸਲ ਕਰਨਗੀਆਂ, ਉਨ੍ਹਾਂ ’ਤੇ ਇਨ੍ਹਾਂ ਕੰਪਨੀਆਂ ਦਾ ਨਿੱਜੀ ਕਬਜ਼ਾ ਹੋਵੇਗਾ। ਸੰਯੁਕਤ ਰਾਸ਼ਟਰ ਦੇ 1967 ਦੇ ਪੁਲਾੜ ਸਮਝੌਤੇ ਅਨੁਸਾਰ ਕੋਈ ਵੀ ਦੇਸ਼ ਪੁਲਾੜ ਵਿਚ ਚੰਨ ਸਮੇਤ ਕਿਸੇ ਵੀ ਅਜਿਹੀ ਚੀਜ਼ ’ਤੇ ਆਪਣੀ ਦਾਅਵੇਦਾਰੀ ਨਹੀਂ ਠੋਕ ਸਕਦਾ ਹੈ, ਇਸ ਨੂੰ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਮੰਨਿਆ ਜਾਵੇਗਾ ਪਰ ਉਪਰੋਕਤ ਨਿਯਮਾਂ ਵਿਚ ਚੋਰ ਮੋਰੀ ਹੈ, ਇਹ ਸਮਝੌਤਾ ਨਿੱਜੀ ਕੰਪਨੀਆਂ ਦੁਆਰਾ ਪੁਲਾੜ ਦੇ ਕੁਦਰਤੀ ਸ੍ਰੋਤਾਂ ’ਤੇ ਕਬਜ਼ੇ ਬਾਰੇ ਚੁੱਪ ਹੈ। ਇਸੇ ਚੋਰ ਮੋਰੀ ਦਾ ਫਾਇਦਾ ਅਮਰੀਕਾ ਵਰਗੀ ਸਾਮਰਾਜੀ ਤਾਕਤ ਦੁਆਰਾ ਚੁੱਕਿਆ ਜਾ ਰਿਹਾ ਹੈ ਜਿਸ ਲਈ ਅਮਰੀਕਾ ਦੀ ਆਲੋਚਨਾ ਵੀ ਹੋ ਰਹੀ ਹੈ। ਇਸੇ ਲਈ ਪੁਲਾੜ ਵਿਚ ਆਪਣੀ ਚੌਧਰ ਸਥਾਪਤ ਕਰਨ ਲਈ ਅਮਰੀਕਾ, ਰੂਸ ਤੇ ਚੀਨ ਵਰਗੀਆਂ ਸਾਮਰਾਜੀ ਤਾਕਤਾਂ ਵੀ ਪੁਲਾੜ ਦੌੜ ’ਚ ਸ਼ਾਮਲ ਹੋ ਗਈਆਂ ਹਨ।
ਧਰਤੀ ਦੇ ਕੁਦਰਤੀ ਸ੍ਰੋਤਾਂ ਤੇਲ, ਗੈਸ, ਕੋਲ਼ਾ, ਖਣਿਜ ਪਦਾਰਥ ਆਦਿ ਦੀ ਅੰਨੇਵਾਹ ਲੁੱਟ ਕਾਰਨ ਅੱਜ ਅਸੀਂ ਵਾਤਾਵਰਨ ਸੰਕਟ ਦੇ ਮੂੰਹ ’ਤੇ ਖੜ੍ਹੇ ਹਾਂ। ਸਰਮਾਏਦਾਰੀ ਢਾਂਚੇ ’ਚ ਮੁੱਠੀ ਭਰ ਸਰਮਾਏਦਾਰਾਂ ਦੇ ਮੁਨਾਫ਼ੇ ਲਈ ਅੰਨ੍ਹੀ ਦੌੜ ਅਤੇ ਬੇਲੋੜੀ ਪੈਦਾਵਾਰ ਦਾ ਨਤੀਜਾ ਹੈ ਕਿ ਅੱਜ ਪਾਣੀ ਤੇ ਹਵਾ ਜੋ ਸਾਰੀ ਮਨੁੱਖਤਾ ਦੇ ਸਾਂਝੇ ਹਨ, ਵੀ ਧਨਾਢਾਂ ਲਈ ਰਾਖਵੇਂ ਰਹਿ ਗਏ ਹਨ। ਅੱਜ ਵੱਡੀ ਬਹੁਗਿਣਤੀ ਆਬਾਦੀ ਸਰਮਾਏਦਾਰਾਂ ਦੁਆਰਾ ਘੋਲ਼ੀਆਂ ਗਈਆਂ ਹਵਾ ਤੇ ਪਾਣੀ ਵਿਚਲੀਆਂ ਜ਼ਹਿਰਾਂ ਲਈ ਸਰਾਪੀ ਗਈ ਹੈ।
ਹੁਣ ਪੁਲਾੜ ਨੂੰ ਲੁੱਟਣ ਲਈ ਸਾਮਰਾਜੀ ਦੇਸ਼ ਤੇ ਵੱਡੇ ਸਰਮਾਏਦਾਰ ਆਪਸ ਵਿਚ ਲਗਾ ਰਹੇ ਹਨ ਤੇ ਇਸ ਮੁਨਾਫੇ ਦੀ ਭੁੱਖ ਲਈ ਮਨੁੱਖਤਾ ਦੇ ਭਵਿੱਖ ਨੂੰ ਦਾਅ ’ਤੇ ਲਾਇਆ ਜਾ ਰਿਹਾ ਹੈ। ਬਿਨਾ ਸ਼ੱਕ ਪੁਲਾੜ ਨੂੰ ਵੱਧ ਤੋਂ ਵੱਧ ਜਾਨਣ ਸਮਝਣ ਦਾ ਮਨੁੱਖ ਦਾ ਸਫ਼ਰ ਅੱਗੇ ਵਧਣਾ ਚਾਹੀਦਾ ਹੈ ਪਰ ਇਸ ਦਾ ਮਕਸਦ ਕੁੱਲ ਮਨੁੱਖਤਾ ਲਈ ਬਿਹਤਰ ਭਵਿੱਖ ਦੀ ਸਿਰਜਣਾ ਹੋਣਾ ਚਾਹੀਦਾ ਹੈ ਨਾ ਕਿ ਮੁੱਠੀ ਭਰ ਸਰਮਾਏਦਾਰਾਂ ਦਾ ਮੁਨਾਫਾ।
ਸੰਪਰਕ: 98155-87807