ਅਮੋਲਕ ਸਿੰਘ
27 ਫਰਵਰੀ ਦਾ ਦਿਹਾੜਾ ਤਿੰਨ ਇਤਿਹਾਸਕ ਲਹਿਰਾਂ ਦੇ ਸੰਗਮ ਦਾ ਅਭੁੱਲ ਦਿਹਾੜਾ ਹੈ। ਇਤਿਹਾਸ ਦੀਆਂ ਪੈੜਾਂ ਦੱਸਦੀਆਂ ਹਨ ਕਿ ਆਪਣੇ ਮੁਲਕ ਦੀ ਆਜ਼ਾਦੀ ਦੀ ਗੱਲ ਕਰਨ ਦੇ ਦੋਸ਼ ਤਹਿਤ ਬੱਬਰ ਅਕਾਲੀ ਲਹਿਰ ਦੇ ਸੰਗਰਾਮੀਏ ਕਿਸ਼ਨ ਸਿੰਘ ਗੜਗੱਜ (ਵੜਿੰਗ, ਜਲੰਧਰ), ਕਰਮ ਸਿੰਘ (ਮਾਣਕੋ, ਜਲੰਧਰ), ਨੰਦ ਸਿੰਘ (ਘੁੜਿਆਲ, ਜਲੰਧਰ), ਸੰਤਾ ਸਿੰਘ (ਛੋਟੀ ਹਰਿਓਂ, ਲੁਧਿਆਣਾ), ਦਲੀਪ ਸਿੰਘ (ਧਾਮੀਆਂ, ਹੁਸ਼ਿਆਰਪੁਰ) ਅਤੇ ਧਰਮ ਸਿੰਘ (ਹਿਯਾਤਪੁਰ ਰੁੜਕੀ, ਹੁਸ਼ਿਆਰਪੁਰ) 27 ਫਰਵਰੀ 1926 ਨੂੰ ਅਤੇ ਨਿੱਕਾ ਸਿੰਘ (ਗਿੱਲ, ਲੁਧਿਆਣਾ), ਮੁਕੰਦ ਸਿੰਘ (ਜਵੱਧੀ ਕਲਾਂ, ਲੁਧਿਆਣਾ), ਬੰਤਾ ਸਿੰਘ (ਗੁਰੂਸਰ, ਲੁਧਿਆਣਾ), ਸੁੰਦਰ ਸਿੰਘ (ਲਹੁਕਾ, ਅੰਮ੍ਰਿਤਸਰ), ਗੁੱਜਰ ਸਿੰਘ (ਢੱਪਈ, ਲੁਧਿਆਣਾ) ਅਤੇ ਨਿੱਕਾ ਸਿੰਘ ਦੂਜਾ (ਆਲੋਵਾਲ, ਅੰਮ੍ਰਿਤਸਰ) 27 ਫਰਵਰੀ 1927 ਨੂੰ ਬਰਤਾਨਵੀ ਹਕੂਮਤ ਵੱਲੋਂ ਲਾਹੌਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਲਗਾ ਕੇ ਸ਼ਹੀਦ ਕੀਤੇ ਗਏ।
ਇਨ੍ਹਾਂ ਬੱਬਰਾਂ ਨੇ ਗ਼ਦਰ ਲਹਿਰ ਨੂੰ ਆਪਣੇ ਲਹੂ ਸੰਗ ਹੋਰ ਗੂੜ੍ਹਾ ਕੀਤਾ। ਉਸ ਦਿਨ ਹੋਲੀ ਦਾ ਦਿਹਾੜਾ ਸੀ। ਜਦੋਂ ਲੋਕ ਹੋਲੀ ਦੇ ਰੰਗਾਂ ਵਿੱਚ ਮਸਤ ਸਨ ਤਾਂ 19 ਵਰ੍ਹਿਆਂ ਦੇ ਭਗਤ ਸਿੰਘ ਨੇ ਇਸ ਬਾਰੇ ‘ਹੋਲੀ ਵਾਲੇ ਦਿਨ ਖ਼ੂਨ ਦੇ ਛਿੱਟੇ’ ਸਿਰਲੇਖ ਹੇਠ ਲੇਖ ਲਿਖਿਆ ਸੀ। ਇਹ ਲੇਖ ਪੰਜਾਬੀ ਯੁਵਕ ਦੇ ਨਾਂ ਹੇਠ 15 ਮਾਰਚ 1926 ਨੂੰ ਕਾਨਪੁਰ (ਯੂ.ਪੀ.) ਤੋਂ ਛਪਦੇ ਅਖ਼ਬਾਰ ‘ਪ੍ਰਤਾਪ’ ਵਿੱਚ ਛਪਿਆ। ਗ਼ਦਰ ਪਾਰਟੀ ਦਾ ਅਗਲਾ ਸਫ਼ਾ ਬੱਬਰ ਅਕਾਲੀ ਲਹਿਰ ਅਤੇ ਭਗਤ ਸਿੰਘ ਹੋਰਾਂ ਦੀ ਲਹਿਰ ਦਾ ਸੰਗਮ ਬਣ ਕੇ ਸਾਹਮਣੇ ਆਉਂਦਾ ਹੈ। ਇਤਿਹਾਸ ਦੀਆਂ ਲੜੀਆਂ ਅਤੇ ਕੜੀਆਂ ਨੂੰ ਜੋੜਦਾ ਇਹ ਲੇਖ ਦਰਸਾਉਂਦਾ ਹੈ ਕਿ ਜਬਰ ਜ਼ੁਲਮ, ਜਲ੍ਹਿਆਂਵਾਲਾ ਬਾਗ਼ ਵਰਗੇ ਖ਼ੂਨੀ ਕਾਂਡ ਅਤੇ ਫਾਂਸੀ ਦੇ ਫੰਦੇ ਵੀ ਲੋਕ ਵੇਗ ਨੂੰ ਰੋਕ ਨਹੀਂ ਸਕਦੇ।
ਭਗਤ ਸਿੰਘ ਨੇ ਸਮਾਜਿਕ ਹਾਲਾਤ ਦਾ ਇਹ ਪੱਖ ਵੀ ਗੰਭੀਰਤਾ ਨਾਲ ਸਾਹਮਣੇ ਲਿਆਂਦਾ ਕਿ ਇੱਕ ਬੰਨੇ ਮੁਲਕ ਦੀ ਆਜ਼ਾਦੀ ਲਈ ਲੜਨ ਮਰਨ ਵਾਲਿਆਂ ਦੇ ਮ੍ਰਿਤਕ ਸਰੀਰਾਂ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਸਾਕ-ਸਬੰਧੀ ਲਾਹੌਰ ਦੀਆਂ ਸੜਕਾਂ ’ਤੇ ਲੈ ਕੇ ਜਾ ਰਹੇ ਸਨ, ਪਰ ਦੂਜੇ ਬੰਨੇ ਸ਼ਹਿਰ ਅੰਦਰ ਉਹੀ ਚਹਿਲ ਪਹਿਲ ਸੀ। ਇਸ ਅਲਗਰਜ਼ੀ ਦੀਆਂ ਜੜ੍ਹਾਂ ਕਿਵੇਂ ਸਾਡੇ ਸਮਾਜਿਕ ਤਾਣੇ-ਬਾਣੇ ਅੰਦਰ ਡੂੰਘੀਆਂ ਧਸੀਆਂ ਹਨ, ਇਸ ਨੂੰ ਸਮਝਣ ਦਾ ਸਰੋਕਾਰ ਭਗਤ ਸਿੰਘ ਦੇ ਸਮਿਆਂ ਦਾ ਹੀ ਨਹੀਂ ਸਗੋਂ ਸਾਡੇ ਸਮਿਆਂ ਦਾ ਵੀ ਬੇਹੱਦ ਗੰਭੀਰ ਸੁਆਲ ਹੈ।
1926, 1927 ਦੇ ਵਰ੍ਹਿਆਂ ਦੀ ਸ਼ੁਰੂਆਤ ਹੀ ਆਜ਼ਾਦੀ ਦੇ ਲਾੜਿਆਂ ਵੱਲੋਂ ਮੌਤ ਦੀ ਘੋੜੀ ਚੜ੍ਹ ਕੇ ਹੁੰਦੀ ਹੈ। ਇਸ ਤੋਂ ਪਹਿਲਾਂ 1923 ਵਿੱਚ ਬੰਬੇਲੀ, ਬਹਬਿਲਪੁਰ, ਮੰਨਣਹਾਣਾ, ਰੱਕੜਾਂ ਅਤੇ ਮੰਡੇਰਾਂ ਪਿੰਡਾਂ ਵਿੱਚ ਹੋਏ ਪੁਲੀਸ ਮੁਕਾਬਲਿਆਂ ਵਿੱਚ ਬੱਬਰ ਸ਼ਹੀਦੀ ਜਾਮ ਪੀ ਜਾਂਦੇ ਹਨ। ਇਸ ਦੀ ਅਗਲੀ ਲੜੀ ਜੇਲ੍ਹਾਂ ਵਿੱਚ ਸ਼ਹਾਦਤਾਂ, ਉਮਰ ਕੈਦ ਦੀ ਹੈ। ਇਸੇ ਤਰ੍ਹਾਂ 16 ਮਈ 1931 ਨੂੰ ਜਲੰਧਰ ਜੇਲ੍ਹ ਵਿੱਚ ਬੱਬਰ ਅਕਾਲੀ ਲਹਿਰ ਦੇ ਲਾਭ ਸਿੰਘ ਅਤੇ ਭਾਨ ਸਿੰਘ ਰੰਧਾਵਾ ਮਸੰਦਾਂ ਅਤੇ ਸਾਧੂ ਸਿੰਘ ਸਾਂਧਰਾ ਫਾਂਸੀ ਲਗਾਏ ਗਏ।
ਇਤਿਹਾਸ ਨਿਰੰਤਰ ਵਹਿੰਦਾ ਦਰਿਆ ਹੈ। ਇਸ ਦਾ ਅਤੀਤ, ਵਰਤਮਾਨ ਅਤੇ ਭਵਿੱਖ ਆਪਣੇ ਆਪ ’ਚ ਆਜ਼ਾਦ ਨਹੀਂ ਸਗੋਂ ਅੰਤਰ-ਸਬੰਧਿਤ ਵਰਤਾਰੇ ਹਨ। ਬੱਬਰ ਅਕਾਲੀ ਲਹਿਰ ਦੀਆਂ ਲਹੂ ਭਿੱਜੀਆਂ ਪੈੜਾਂ ਨਾ ਇਸ ਤੋਂ ਸ਼ੁਰੂ ਹੋਈਆਂ ਅਤੇ ਨਾ ਹੀ ਬਰਤਾਨਵੀ ਹਾਕਮਾਂ ਤੇ ਉਨ੍ਹਾਂ ਦੇ ਦੇਸੀ ਝੋਲੀਚੁੱਕਾਂ ਵੱਲੋਂ ਹਰ ਹਰਬਾ ਵਰਤਣ ’ਤੇ ਮਿਟਾਈਆਂ ਜਾ ਸਕੀਆਂ।
ਗ਼ਦਰ ਲਹਿਰ ਨੇ ਸਾਮਰਾਜ ਤੋਂ ਮੁਕੰਮਲ ਆਜ਼ਾਦੀ, ਜਮਹੂਰੀਅਤ ਅਤੇ ਨਿਆਂ ’ਤੇ ਟਿਕੇ ਨਿਜ਼ਾਮ ਦੀ ਸਿਰਜਣਾ ਦਾ ਬਿਗਲ ਵਜਾਇਆ। 1913-15 ਦੇ ਮਹਾਨ ਗ਼ਦਰ ਨੂੰ ਕੁਚਲਣ ਲਈ ਹੁਕਮਰਾਨਾਂ ਨੇ ਪੂਰੀ ਤਾਕਤ ਝੋਕ ਦਿੱਤੀ। ਗ਼ਦਰ ਲਹਿਰ ਨੂੰ ਵਕਤੀ ਸੱਟ ਵੱਜੀ। ਚੰਗਿਆੜੀ ਸੁਲਗ਼ਦੀ ਰਹੀ। ਪੰਜਾਬ ਰੋਹ ’ਚ ਬਲਣ ਲੱਗਾ। ਥਾਂ-ਥਾਂ ਬਗ਼ਾਵਤ ਦੀਆਂ ਲਾਟਾਂ ਉੱਠਣ ਲੱਗੀਆਂ। ਕਾਲ਼ੇ ਕਾਨੂੰਨ ਮੜ੍ਹੇ ਜਾਣ ਲੱਗੇ। ਹਵਾਈ ਹਮਲੇ ਹੋਣ ਲੱਗੇ। ਜਲ੍ਹਿਆਂਵਾਲਾ ਬਾਗ਼ ਅੰਦਰ ਖ਼ੂਨੀ ਵਿਸਾਖੀ ਦਾ ਹਿਰਦੇਵੇਦਕ ਕਾਂਡ ਰਚਿਆ ਤਾਂ ਜੋ ਬਾਗ਼ੀ ਸੁਰਾਂ ਸਦਾ ਲਈ ਖ਼ਾਮੋਸ਼ ਕਰ ਦਿੱਤੀਆਂ ਜਾਣ।
ਬਰਤਾਨਵੀ ਦਾਬੇ ਖ਼ਿਲਾਫ਼ ਲੰਮਾ ਸਮਾਂ ਬਗ਼ਾਵਤੀ ਤੇਵਰਾਂ ਦਾ ਖਾਸਾ ਆਮ ਕਰਕੇ ਪੁਰਅਮਨ ਰਿਹਾ। ਕਹਿਰ ਦੇ ਝੱਖੜ ਝੱਲ ਕੇ ਵੀ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਗ਼ਦਰ ਲਹਿਰ ਪਿੱਛੋਂ ਸ਼ਾਂਤਮਈ ਅੰਦੋਲਨਾਂ ਨੇ ਜ਼ੋਰ ਫੜਿਆ। ਸ਼ਾਂਤਮਈ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਅਤੇ ਪੁਰਅਮਨ ਰਹਿੰਦਿਆਂ ਆਪਣੇ ਪਿੰਡੇ ’ਤੇ ਜ਼ੁਲਮ ਸਹਿ ਕੇ ਜਾਬਰ ਨੂੰ ਹਰਾਉਣ ਦੀ ਵਿਰਾਸਤੀ ਪਰੰਪਰਾ ਨੇ ਨਵੀਂ ਕਰਵਟ ਲਈ।
‘ਚੂੰ ਕਾਰ ਅਜ਼ ਹਮਾਂ ਹੀਲਤੇ ਕਰ ਗੁਜ਼ਸ਼ਤ
ਹਲਾਲ ਅਸਤ ਬਰਦਨ ਬ ਸ਼ਮਸ਼ੀਰ ਦਸਤ’
ਇਹ ਆਵਾਜ਼ਾਂ ਮੋਰਚਿਆਂ ਵਿੱਚ ਆਉਣ ਲੱਗੀਆਂ। (ਇਸ ਦਾ ਮਤਲਬ ਇਹ ਹੈ ਕਿ ਜਦੋਂ ਸਾਰੇ ਹੀਲੇ ਮੁੱਕ ਜਾਣ ਫ਼ਿਰ ਤਲਵਾਰ ਉਠਾਉਣਾ ਜਾਇਜ਼ ਹੈ।) ਇਹ ਸੁਰ ਭਾਰੂ ਪੈ ਜਾਣ ਨਾਲ ਬੱਬਰ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ ਵਾਲੇ ਅਕਾਲੀ ਮੋਰਚਿਆਂ ਦੇ ਮਾਰਗ ਨਾਲੋਂ ਅੱਗੇ ਵਧ ਕੇ ਗਰਮ ਤੇਵਰਾਂ ’ਤੇ ਆ ਗਈ ਸੀ। ਜਨਤਕ ਇਕੱਠ ਰੁਕਣ ਲੱਗੇ। ਬੱਬਰ ਅਕਾਲੀ, ਚਕਰਵਰਤੀ ਜਥੇ ਆਪਣਾ ਪ੍ਰਚਾਰ ਜਾਂ ਐਕਸ਼ਨ ਕਰ ਕੇ ਰੂਪੋਸ਼ ਹੋਣ ਲੱਗੇ ਖ਼ਾਸਕਰ ਗੋਰੇ ਹਾਕਮਾਂ ਦੀਆਂ ਥੰਮ੍ਹੀਆਂ, ਚੂਲਾਂ ਦਾ ਕੰਮ ਕਰਦੇ ਸ਼ਾਹੂਕਾਰਾਂ, ਟੋਡੀਆਂ, ਜ਼ੈਲਦਾਰਾਂ ਨੂੰ ਸਬਕ ਸਿਖਾਉਣ ਲੱਗੇ।
ਅਜਿਹੇ ਮਾਹੌਲ ਅੰਦਰ ਬੱਬਰ ਅਕਾਲੀ ਸੂਰਮਿਆਂ ਦੀ ਸੂਰਮਗਤੀ ਦੀਆਂ ਚਰਚਾਵਾਂ ਗਰਮਾਉਣ ਲੱਗੀਆਂ, ਪਰ ਲੋਕ ਇਸ ਲਹਿਰ ਦਾ ਹਿੱਸਾ ਕਿਵੇਂ ਬਣਨ, ਇਸ ਸਰੋਕਾਰ ਦੀ ਡੋਰ ਖਿਸਕਦੀ ਖਿਸਕਦੀ ਹੱਥੋਂ ਖਿਸਕਣ ਲੱਗੀ। ਲੋਕ ਜਥੇਬੰਦੀ, ਲੋਕ ਸੰਘਰਸ਼ ਉਪਰ ਟੇਕ ਰੱਖ ਕੇ ਚੱਲਣ ਦੀ ਬਜਾਏ ਰਾਹ ਬਦਲ ਗਿਆ। ਇਸ ਰਣਨੀਤੀ ਸਮੇਂ ਵਿਚਾਰ ਇਹ ਸੀ ਕਿ ਜਦੋਂ ਬਰਤਾਨਵੀ ਹਾਕਮਾਂ ਲਈ ਥੰਮ੍ਹੀਆਂ ਦਾ ਕੰਮ ਕਰ ਰਹੇ ਹਿੱਸਿਆਂ ’ਤੇ ਕਰਾਰੀ ਸੱਟ ਮਾਰੀ ਜਾਵੇਗੀ ਤਾਂ ਦਹਿਸ਼ਤ ਨਾਲ ਉਹ ਕੰਬ ਉੱਠਣਗੇ। ਲੋਕਾਂ ਦੇ ਹੌਸਲੇ ਬੁਲੰਦ ਹੋਣਗੇ ਅਤੇ ਲੋਕ ਧੜਾਧੜ ਆਜ਼ਾਦੀ ਦੀ ਲਹਿਰ ਵਾਲੀ ਗੱਡੀ ਵਿੱਚ ਸਵਾਰ ਹੋ ਜਾਣਗੇ।
ਇਤਿਹਾਸ ਗਵਾਹ ਹੈ ਕਿ ਇਸ ਆਸ ਦੇ ਉਲਟ, ਲੋਕ ਹੌਲੀ ਹੌਲੀ ਬੱਬਰ ਅਕਾਲੀ ਲਹਿਰ ਨਾਲੋਂ ਦੂਰ ਹੋਣ ਲੱਗੇ। ਭਾਵੇਂ ਲੋਕ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਵਾਰੇ ਵਾਰੇ ਜਾਂਦੇ ਸਨ। ਦਿਲੋਂ ਉਨ੍ਹਾਂ ਨਾਲ ਹਮਦਰਦੀ ਅਤੇ ਬਰਤਾਨਵੀ ਧਾੜਵੀਆਂ ਨਾਲ ਤਿੱਖੀ ਨਫ਼ਰਤ ਵੀ ਸੀ, ਪਰ ਬੱਬਰ ਅਕਾਲੀ ਜਥਿਆਂ ਦੀ ਰਣਨੀਤੀ ਲੋਕ ਕਾਫ਼ਲੇ ਨਾ ਤੋਰ ਸਕੀ। ਜਨਤਾ ਦਾ ਜੰਗਲ ਪੈਦਾ ਨਾ ਕਰ ਸਕੀ। ਲੋਕ-ਤਾਕਤ ਦਾ ਕਿਲ੍ਹਾ ਨਾ ਉਸਾਰ ਸਕੀ। ਬਰਤਾਨਵੀ ਹਾਕਮਾਂ ਨੇ ਸਾਧਾਂ, ਵੈਦਾਂ, ਟਾਊਟਾਂ, ਤਸਕਰਾਂ, ਡੇਰਿਆਂ ਦਾ ਖੁਫ਼ੀਆਤੰਤਰ ਏਨਾ ਕੁ ਫੈਲਾਅ ਦਿੱਤਾ ਕਿ ਉਹ ਬੱਬਰ ਦੇਸ਼ ਭਗਤਾਂ ਨੂੰ ਘੇਰਨ, ਕਾਬੂ ਕਰਨ, ਫੜਨ, ਘੇਰ ਕੇ ਮੁਕਾਬਲੇ ਬਣਾ ਕੇ ਮਾਰਨ ਦੀ ਨੀਤੀ ਨੂੰ ਅੱਡੀ ਲਾਉਣ ਲੱਗੇ। ਬੱਬਰ ਅਕਾਲੀ ਦੋਆਬਾ ਅਖ਼ਬਾਰ ਛਾਪਣ, ਉਤਾਰੂ ਪ੍ਰੈਸ ਅਤੇ ਪ੍ਰਚਾਰ ਦੇ ਅਨੇਕਾਂ ਢੰਗ ਤਰੀਕਿਆਂ ਰਾਹੀਂ ਲੋਕਾਂ ਨੂੰ ਜਗਾਉਣ ਦੇ ਅਥਾਹ ਯਤਨ ਹੋਏ। ਬੱਬਰ ਅਕਾਲੀ ਲਹਿਰ ਵਿੱਚ ਅਗਲੀ ਕਤਾਰ ਵਿੱਚ ਲੜਨ ਅਤੇ ਸ਼ਹਾਦਤਾਂ ਪਾਉਣ ਵਾਲਿਆਂ ਪਿੱਛੇ ਪਰਿਵਾਰਾਂ ਖ਼ਾਸਕਰ ਔਰਤਾਂ ਨੇ ਅਮੁੱਲਾ ਯੋਗਦਾਨ ਪਾਇਆ। ਜੇਕਰ ਪ੍ਰਤੀਬੱਧਤਾ, ਸਮਰਪਣ ਅਤੇ ਆਪਾ ਵਾਰਨ ਦੀ ਲਟਲਟ ਬਲਦੀ ਇਹ ਜਵਾਲਾ ਅਤੇ ਨਿਸ਼ਾਨੇ ਦੀ ਸਪੱਸ਼ਟਤਾ ਨਾਲ ਜਨਤਕ ਲਹਿਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਤਾਂ ਇਤਿਹਾਸ ਦਾ ਮੁਹਾਂਦਰਾ ਹੋਰ ਦਾ ਹੋਰ ਹੀ ਹੋਣਾ ਸੀ।
ਬੱਬਰ ਅਕਾਲੀ ਲਹਿਰ ਵਿੱਚ ਸਿੱਖ, ਮੁਸਲਮਾਨ, ਹਿੰਦੂ ਸਭ ਨੇ ਕੁਰਬਾਨੀਆਂ ਦੀ ਮਸ਼ਾਲ ਜਗਦੀ ਰੱਖਦਿਆਂ ਅਥਾਹ ਯੋਗਦਾਨ ਪਾਇਆ। ਇਸ ਲਹਿਰ ਵਿੱਚ ਸਿੱਖਾਂ ਦੇ ਨਾਲ ਊਧੋ ਪੰਡਤ ਨੂਸੀ, ਫਕੀਰੀਆ, ਸਵਾਮੀ ਪੂਰਨਾਨੰਦ, ਜੀਵਾ ਘੁਮਿਆਰ, ਤੂਫ਼ੈਲ ਮੁਹੰਮਦ ਉਰਫ਼ ਤੂਲਾ, ਚੰਨਣ ਪੰਡਿਤ ਉਰਫ਼ ਚੰਨਣ ਸਿੰਘ ਅਤੇ ਨੱਥੂ ਰਾਮ ਵਰਗਿਆਂ ਦੀ ਸੰਗਰਾਮੀ ਗਾਥਾ ਉਨ੍ਹਾਂ ਫ਼ਿਰਕੂ ਤਾਕਤਾਂ ਨੂੰ ਕਰਾਰਾ ਜਵਾਬ ਹੈ ਜਿਹੜੀਆਂ ਹਰ ਪਲ ਸਮਾਜਿਕ ਭਾਈਚਾਰੇ ਨੂੰ ਵੰਡਣ, ਪਾੜਨ, ਨਫ਼ਰਤ ਦੀ ਜ਼ਹਿਰ ਚਾੜ੍ਹਨ ਅਤੇ ਕਤਲੋਗਾਰਤ ਕਰਾ ਕੇ ਆਪਣੇ ਸੌੜੇ ਸਿਆਸੀ ਮਨੋਰਥਾਂ ਦੀਆਂ ਰੋਟੀਆਂ ਸੇਕਣ ਵਿੱਚ ਗਲਤਾਨ ਹਨ।
ਬੱਬਰ ਅਕਾਲੀ ਲਹਿਰ ਦਾ ਮਹੱਤਵਪੂਰਨ ਇਤਿਹਾਸਕ ਮੋੜ 5 ਜੁਲਾਈ 1938 ਨੂੰ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਵਿੱਚ ਕਿਸਾਨ ਸਭਾ ਦੀ ਸਥਾਪਨਾ ਕਰਨਾ ਸੀ। ਇਸ ਘਟਨਾ ਨੇ ਬੱਬਰ ਅਕਾਲੀ ਲਹਿਰ ਅੰਦਰ ਨਵੀਂ ਚੇਤਨਾ ਦਾ ਸੰਚਾਰ ਕੀਤਾ। ਬੱਬਰਾਂ ਨੇ ਐਲਾਨ ਕੀਤਾ ਕਿ ਖੇਤ ਸਾਡੇ, ਨਹਿਰਾਂ, ਸੜਕਾਂ, ਰਾਹਾਂ ਤੇ ਲੱਗੇ ਅੰਬਾਂ ਦੇ ਦਰਖ਼ਤ ਸਾਡੇ, ਇਹ ਬਾਹਰੋਂ ਆਏ ਧਾੜਵੀ ਕੌਣ ਹੁੰਦੇ ਨੇ ਸਾਡੇ ਅੰਬਾਂ ਦੀ ਬੋਲੀ ਲਾਉਣ ਵਾਲੇ। ਬੱਬਰਾਂ ਦਾ ਐਲਾਨ ਸੁਣ ਕੇ ਠੇਕੇਦਾਰਾਂ ਅਤੇ ਜ਼ੈਲਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਠੇਕੇ ਵਾਸਤੇ ਬੋਲੀ ਦੇਣ ਤੋਂ ਹੀ ਤਿੱਤਰ ਹੋ ਗਏ। ਬੱਬਰਾਂ ਦਾ ਇਹ ਇਤਿਹਾਸ ਅੱਜ ਘਰ-ਘਰ, ਗਲੀ-ਗਲੀ ਲਿਜਾਣ ਵਾਲਾ ਹੈ ਜਦੋਂ ਸਾਡੇ ਖੇਤਾਂ, ਖਣਿਜ ਪਦਾਰਥਾਂ, ਸੜਕਾਂ, ਬਿਜਲੀ, ਪਾਣੀ, ਸਿੱਖਿਆ, ਸਿਹਤ, ਰੁਜ਼ਗਾਰ, ਇਤਿਹਾਸ, ਸਾਹਿਤ/ਸਭਿਆਚਾਰ ਦੀ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣੇ ਅਤੇ ਹਾਕਮ ਬੋਲੀ ਲਗਾ ਰਹੇ ਹਨ।
27 ਫਰਵਰੀ ਦਾ ਦਿਹਾੜਾ ਬੱਬਰਾਂ ਦੇ ਇਤਿਹਾਸ ਦੀ ਸਾਮਰਾਜ ਅਤੇ ਉਸ ਦੇ ਸੇਵਾਦਾਰਾਂ ਵਿਰੋਧੀ ਸੁਰ ਨੂੰ ਸੰਭਾਲਣ, ਸਮਿਆਂ ਦੀ ਹਾਣੀ ਬਣਾਉਣ ਅਤੇ ਲੋਕਾਂ ਦੇ ਜੀਵਨ ’ਚ ਖੇੜਾ ਲਿਆਉਣ ਵਾਲਾ ਨਵਾਂ ਨਰੋਆ ਸਮਾਜ ਸਿਰਜਣ ਦਾ ਅਹਿਦ ਕਰਨ ਦਾ ਦਿਹਾੜਾ ਹੈ। ਇਹ ਵੇਲਾ ਇਤਿਹਾਸ ਦੀਆਂ ਪੈੜਾਂ ’ਤੇ ਸਵੈ-ਮੰਥਨ ਅਤੇ ਚਿੰਤਨ ਕਰਨ ਦਾ ਵੇਲਾ ਹੈ।
ਸੰਪਰਕ: 98778-68710