ਰਮੇਸ਼ ਬੱਗਾ ਚੋਹਲਾ
ਮੱਧ ਕਾਲ ਵਿਚ ਉੱਭਰੀ ਭਗਤੀ ਲਹਿਰ ਨੇ ਮਨੁੱਖ ਦੇ ਅਧਿਆਤਮਕ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ। ਇਸ ਲਹਿਰ ਨਾਲ ਜੁੜੇ ਭਗਤ ਆਪਣੀ ਭਗਤੀ-ਭਾਵਨਾ ਸਦਕਾ ਅਕਾਲ ਪੁਰਖ ਦੀ ਕਿਰਪਾ ਦੇ ਵਿਸ਼ੇਸ਼ ਪਾਤਰ ਰਹੇ ਹਨ। ਸਮਾਜਿਕ ਅਤੇ ਸਭਿਆਚਾਰਕ ਵਖਰੇਵੇਂ ਦੇ ਬਾਵਜੂਦ ਇਨ੍ਹਾਂ ਭਗਤਾਂ ਦੀ ਟੇਕ ਹਮੇਸ਼ਾਂ ਇੱਕ ਅਕਾਲ ਪੁਰਖ ’ਤੇ ਰਹੀ। ਇਸ ਟੇਕ ਸਦਕਾ ਹੀ ਇਹ ਭਗਤ ਉਸ ਪਰਮ ਪਿਤਾ ਨਾਲ ਇਕਸੁਰ ਹੁੰਦੇ ਰਹੇ। ਸੋਚ ਪੱਖੋਂ ਉੱਚੇ ਅਤੇ ਵਿਹਾਰ ਪੱਖੋਂ ਸੁੱਚੇ ਇਨ੍ਹਾਂ ਭਗਤਾਂ ਦੀ ਚਾਲ ਸੰਸਾਰੀਆਂ ਨਾਲੋਂ ਕੁੱਝ ਨਿਰਾਲੀ ਬਣੀ ਰਹੀ। ਇਸ ਚਾਲ ਦੀ ਗਵਾਹੀ ਤੀਸਰੇ ਗੁਰੂ ਅਮਰਦਾਸ ਜੀ ਆਪਣੀ ਬਾਣੀ ‘ਆਨੰਦ ਸਾਹਿਬ’ ਦੀ 14ਵੀਂ ਪਾਉੜੀ ਵਿਚ ਇਸ ਤਰ੍ਹਾਂ ਭਰਦੇ ਹਨ:
ਭਗਤਾ ਕੀ ਚਾਲ ਨਿਰਾਲੀ
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ।।
ਲਬੁ ਲੋਭੁ ਅੰਹਕਾਰ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ (ਅੰਗ-918)
ਸਿਦਕਦਿਲੀ ਅਤੇ ਸਮਰਪਣ ਦੀ ਭਾਵਨਾ ਨਾਲ ਕੀਤੀ ਪ੍ਰੇਮਾ-ਭਗਤੀ ਜਦੋਂ ਆਪਣੀ ਸਿਖ਼ਰ ਛੋਹ ਜਾਂਦੀ ਹੈ ਤਾਂ ਉਸ ਵੇਲੇ ਰੱਬ ਨੂੰ ਵੀ ਇਨ੍ਹਾਂ ਭਗਤਾਂ ਦੀ ਗ਼ੁਲਾਮੀ ਕਰਨੀ ਪੈ ਜਾਂਦੀ ਹੈ। ਅਜਿਹੀ ਹੀ ਗ਼ੁਲਾਮੀ ਰੱਬ ਨੂੰ ਧੰਨੇ ਭਗਤ ਦੀ ਵੀ ਕਰਨੀ ਪਈ ਸੀ ਜਦੋਂ ਉਸ ਨੇ ਆਪਣੇ ਭੋਲੇਪਨ ਅਤੇ ਦ੍ਰਿੜ ਵਿਸ਼ਵਾਸ ਨਾਲ ਉਸ ਨੂੰ ਆਪਣਾ ਸੱਜਣ ਬਣਾ ਲਿਆ ਸੀ।
ਜੱਟਕੀ ਜ਼ਿੱਦ ਤੇ ਅਟਲ ਭਰੋਸਤਾ ਨਾਲ ਰੱਬੀ ਬਖ਼ਸ਼ਿਸ਼ ਦਾ ਪਾਤਰ ਬਣਨ ਵਾਲੇ ਅਤੇ ਇਸ ਬਖ਼ਸ਼ਿਸ਼ ਦੀ ਬਦੌਲਤ ਆਪਣੇ ਖੇਤਾਂ ਦੇ ਨੱਕੇ ਮੁੜਵਾਉਣ ਵਾਲੇ ਭਗਤ ਧੰਨਾ ਦਾ ਜਨਮ 20 ਅਪਰੈਲ 1416 ਨੂੰ ਰਾਜਸਥਾਨ ਦੇ ਟਾਂਕ ਇਲਾਕੇ ਦੇ ਪਿੰਡ ਧੂਆਨ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਭੋਲਾ ਅਤੇ ਮਾਤਾ ਦਾ ਨਾਂ ਧੰਨੋ ਸੀ। ਉਨ੍ਹਾਂ ਦਾ ਸ਼ੁਮਾਰ ਉਨ੍ਹਾਂ ਸਿਦਕਵਾਨਾਂ ਵਿਚ ਕੀਤਾ ਜਾਂਦਾ ਹੈ ਜਿਹੜੇ ਆਪਣਾ ਹੱਥ ਕਾਰ (ਕਿਰਤ) ਵੱਲ ਅਤੇ ਦਿਲ ਯਾਰ (ਪ੍ਰਭੂ) ਵੱਲ ਲਗਾਈ ਰੱਖਦੇ ਹਨ। ਇਸ ਲਗਨ ਸਦਕਾ ਉਨ੍ਹਾਂ ਨੇ ਉਸ ਪਰਮ ਪਿਤਾ ਦੇ ਨਾਂ ਸਿਰਫ ਦਰਸ਼ਨ ਹੀ ਕੀਤੇ ਸਗੋਂ ਉਸ ਨੂੰ ਆਪਣੇ ਕੰਮ-ਕਾਜ ਦਾ ਹਿੱਸਾ ਵੀ ਬਣਾ ਲਿਆ।
ਭਗਤ ਧੰਨਾ ਜੀ ਨਾਲ ਜੁੜੇ ਸਾਖੀ-ਸਾਹਿਤ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਗੱਲਾਂ ਪ੍ਰਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਅਨੁਸਾਰ ਬਚਪਨ ਤੋਂ ਧਾਰਮਿਕ ਰੁਚੀਆਂ ਰੱਖਣ ਵਾਲੇ ਭਗਤ ਧੰਨਾ ਜੀ ਦਾ ਜੀਵਨ ਬਹੁਤ ਹੀ ਸਾਦਾ ਅਤੇ ਸੰਘਰਸ਼ਮਈ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਪੰਡਿਤ ਨੂੰ ਠਾਕੁਰ ਦੀ ਪੂਜਾ ਕਰਦੇ ਹੋਏ ਬੜੇ ਧਿਆਨ ਨਾਲ ਦੇਖਿਆ। ਦੇਖਣ ਮਗਰੋਂ ਭਗਤ ਜੀ ਦੇ ਮਨ ਵਿਚ ਵੀ ਪੂਜਾ ਦੀ ਇੱਛਾ ਪ੍ਰਚੰਡ ਹੋ ਗਈ। ਆਪਣੀ ਇਸ ਪ੍ਰਚੰਡਿਤ ਇੱਛਾ ਕਾਰਨ ਉਨ੍ਹਾਂ ਨੇ ਉਸ ਪੰਡਿਤ ਤੋਂ ਠਾਕੁਰ ਦੀ ਮੰਗ ਕੀਤੀ। ਬਦਲੇ ਵਿਚ ਉਸ ਪੰਡਿਤ ਨੇ ਭਗਤ ਜੀ ਨੂੰ ਕੁੱਝ ਦੁਨਿਆਵੀ ਵਸਤਾਂ ਦਕਸ਼ਣਾ ਦੇ ਰੂਪ ਵਿਚ ਦੇਣ ਲਈ ਕਿਹਾ, ਜੋ ਭਗਤ ਜੀ ਨੇ ਸਹਿਜ ਨਾਲ ਹੀ ਦੇਣੀਆਂ ਪ੍ਰਵਾਨ ਕਰ ਲਈਆਂ। ਇਸ ਸਮਝੌਤੇ ਤੋਂ ਬਾਅਦ ਪੰਡਿਤ ਨੇ ਇਕ ਸਾਧਾਰਨ ਪੱਥਰ ਭਗਤ ਧੰਨਾ ਜੀ ਦੇ ਸਪੁਰਦ ਕਰ ਦਿੱਤਾ। ਸਿਦਕੀ ਭਾਵਨਾ ਅਤੇ ਸੱਚੀ ਲਗਨ ਵਾਲੇ ਭਗਤ ਨੇ ਉਸ ਸਾਧਾਰਨ ਪੱਥਰ (ਭਗਵਾਨ ਸਮਝ ਕੇ) ਦਾ ਇਸ਼ਨਾਨ ਕਰਾ ਕੇ ਉਸ ਦੀ ਪੂਜਾ ਕੀਤੀ ਅਤੇ ਉਸ ਨੂੰ ਪ੍ਰਸ਼ਾਦੇ-ਪਾਣੀ ਨੂੰ ਭੋਗ ਲਗਾਉਣ ਲਈ ਕਿਹਾ। ਪੱਥਰ ਵੱਲੋਂ ਕੋਈ ਹੁੰਗਾਰਾ ਨਾ ਮਿਲਦਾ ਦੇਖ ਕੇ ਭਗਤ ਨੇ ਆਪ ਵੀ ਕੁੱਝ ਖਾਣ ਤੋਂ ਇਨਕਾਰ ਕਰ ਦਿੱਤਾ। ਭਗਤ ਧੰਨਾ ਜੀ ਦੇ ਇਸ ਹੱਠ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ ਦਸਵੀਂ ਵਾਰ ਦੀ 13ਵੀਂ ਪਾਉੜੀ ਵਿਚ ਇਸ ਤਰ੍ਹਾਂ ਭਰੀ ਹੈ:
ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।
ਹਥਿ ਜੋੜਿ ਮਿਨਤਿ ਕਰੈ ਪੈਰੀ ਪੈ ਪੈ ਬਹੁਤੁ ਮਨਾਵੈ।
ਹਉ ਭੀ ਮੁਹੁ ਨ ਜਠਾਲਾਸਾਂ ਤੂ ਰੁਠਾ ਮੈ ਕਿਹੁ ਨਾ ਸੁਖਾਵੇ।
ਗੋਸਾਈ ਪਰਤਖਿ ਹੋਇ ਰੋਟੀ ਖਾਹਿ ਛਾਹਿ ਮੁਹਿ ਲਾਵੈ।
ਭੋਲਾ ਭਾਉ ਗੋਬਿੰਦੁ ਮਿਲਾਵੈ।
ਗੁਰੂ ਅਰਜਨ ਦੇਵ ਜੀ ਬਸੰਤ ਰਾਗ ਦੇ ਇੱਕ ਸ਼ਬਦ ਵਿਚ ਜਿਥੇ ਹੋਰ ਬਹੁਤ ਸਾਰੇ ਭਗਤਾਂ ਦੀ ਕਰੜੀ ਕਮਾਈ ਦਾ ਜ਼ਿਕਰ ਕਰਦੇ ਹਨ, ਉਥੇ ਭਗਤ ਧੰਨਾ ਜੀ ਨੂੰ ‘ਧੰਨਾ ਸੇਵਿਆ ਬਾਲ ਬੁਧਿ’ ਕਹਿ ਕੇ ਉਨ੍ਹਾਂ ਦੇ ਪ੍ਰਭੂ-ਮਿਲਾਪ ਦਾ ਹਵਾਲਾ ਵੀ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਅੰਗ 487 ਉਪਰ ਸ਼ੁਸ਼ੋਭਿਤ ਆਪਣੇ ਇਕ ਹੋਰ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ:
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥
ਗੁਰੂ ਅਰਜਨ ਦੇਵ ਇਨ੍ਹਾਂ ਪੰਕਤੀਆਂ ਰਾਹੀਂ ਇਹ ਸੰਕੇਤ ਦੇ ਰਹੇ ਹਨ ਕਿ ਭਗਤ ਧੰਨਾ ਨੇ ਇਸ ਗੱਲ ਨੂੰ ਭਲੀ-ਭਾਂਤ ਸਮਝ ਲਿਆ ਸੀ ਕਿ ਪਰਮਾਤਮਾ ਨੂੰ ਹਿਰਦੇ ਵਿਚ ਵਸਾਉਣ ਨਾਲ ਜਿਥੇ ਉਸ ਤੋਂ ਪੂਰਵਕਾਲੀ ਭਗਤਾਂ (ਨਾਮਦੇਵ, ਰਵਿਦਾਸ ਅਤੇ ਸੈਣ ਆਦਿ) ਨੇ ਰੱਬੀ ਪਿਆਰ ਨੂੰ ਹਾਸਲ ਕਰ ਲਿਆ ਸੀ ਤਾਂ ਭਗਤੀ ਦੀ ਇਹ ਵਿਧੀ ਉਸ ਨੂੰ ਵੀ ਪਰਮੇਸ਼ਰ ਤੱਕ ਪਹੁੰਚਾ ਸਕਦੀ ਹੈ। ਉਸ ਦੀ ਇਸ ਸਮਰਪਣ ਦੀ ਭਾਵਨਾ ਵਾਲੀ ਭਗਤੀ ਨੇ ਉਸ ਨੂੰ ਪ੍ਰਭੂ ਦੇ ਦਰਸ਼ਨ-ਦੀਦਾਰੇ ਕਰਵਾ ਵੀ ਦਿੱਤੇ। ਗੱਲ ਸਿਰਫ ਦਰਸ਼ਨ-ਦੀਦਾਰੇ ਤੱਕ ਹੀ ਸੀਮਤ ਨਹੀਂ ਰਹੀ ਸਗੋਂ ਪ੍ਰਭੂ ਨੇ ਆਪਣੇ ਪਿਆਰੇ ਅਤੇ ਨਿਆਰੇ ਭਗਤ ਦੇ ਕਾਰਜ ਵੀ ਆਪਣੇ ਜ਼ਿੰਮੇ ਲੈ ਲਏ ਸਨ। ਗੋਪਾਲ ਵੱਲੋਂ ਨਿਭਾਏ ਜਾ ਰਹੇ ਇਸ ਜ਼ਿੰਮੇ ਨੂੰ ਦੇਖ ਕੇ ਹੀ ਭਗਤ ਧੰਨਾ ਜੀ ਉਚਾਰਦੇ ਹਨ:
ਗੋਪਾਲ ਤੇਰਾ ਆਰਤਾ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ॥1॥ ਰਹਾਉ॥
ਭਗਤ ਧੰਨਾ ਦੀ ਧੰਨਤਾ ਇਸ ਗੱਲ ਵਿਚ ਵੀ ਹੈ ਕਿ ਜਿਥੇ ਕੁੱਝ ਧਾਰਮਿਕ ਰਹਬਿਰ ਔਰਤ ਨੂੰ ਭਗਤੀ-ਮਾਰਗ ਲਈ ਰੁਕਾਵਟ ਮਹਿਸੂਸ ਕਰਦੇ ਹਨ ਉੱਥੇ ਹੀ ਭਗਤ ਧੰਨਾ ਜੀ ਧੜੱਲੇ ਨਾਲ ਆਖਦੇ ਹਨ:
ਘਰ ਕੀ ਗੀਹਨਿ ਚੰਗੀ॥
ਜਨੁ ਧੰਨਾ ਲੇਵੈ ਮੰਗੀ॥
ਔਰਤ ਅਤੇ ਕਿਰਤ ਪ੍ਰਤੀ ਅਜਿਹੀ ਸਤਿਕਾਰਤ ਤੇ ਨੇਕ ਸੋਚ ਰੱਖਣ ਵਾਲੇ ਭਗਤ ਧੰਨਾ ਜੀ ਦਾ ਰੱਜਵਾਂ ਅਤੇ ਫਬਵਾਂ ਸਤਿਕਾਰ ਕਰਦਿਆਂ ਹੀ ਗੁਰੂ ਅਰਜਨ ਦੇਵ ਨੇ ਜਦੋਂ ਇਲਾਹੀ ਬਚਨਾਂ ਦਾ ਉਚਾਰਨ ਕਰਨ ਵਾਲੇ ਛੇ ਗੁਰੂ ਸਾਹਿਬਾਨ, ਗਿਆਰਾਂ ਭੱਟਾਂ, ਚਾਰ ਗੁਰੂ ਦੇ ਨਿਕਵਰਤੀਆਂ ਅਤੇ ਪੰਦਰਾਂ ਭਗਤਾਂ ਦੀ ਬਾਣੀ ਨੂੰ ਇਕ (ਆਦਿ ਗ੍ਰੰਥ ਸਾਹਿਬ ਦੇ ਰੂਪ ਵਿਚ) ਲੜੀ ਵਿਚ ਪਰੋਇਆ ਤਾਂ ਉਸ ਵਿਚ ਭਗਤ ਧੰਨਾ ਜੀ ਦੇ ਤਿੰਨ ਸ਼ਬਦ (ਦੋ ਰਾਗ ਆਸਾ ਅਤੇ ਇੱਕ ਰਾਗ ਧਨਾਸਰੀ) ਵੀ ਸ਼ਾਮਲ ਕੀਤੇ। ਭਗਤੀ ਲਹਿਰ ਦੇ ਪ੍ਰਮੁੱਖ ਭਗਤ ਧੰਨਾ ਜੀ ਆਪਣੀ ਧਾਰਮਿਕ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਹੋਏ 15 ਦਸੰਬਰ 1502 ਨੂੰ ਪਰਲੋਕ ਸਿਧਾਰ ਗਏ।
ਸੰਪਰਕ: 94631-32719