ਹੰਝੂ

ਹੰਝੂ

ਵੀਰ ਸਿੰਘ ਥਿੰਦ

ਵੀਰ ਸਿੰਘ ਥਿੰਦ

ਗੁਰਵਿੰਦਰ ਨੇ ਆਵਾਜ਼ ਮਾਰੀ, ਪਰ ਪ੍ਰਗਟ ਨੂੰ ਨਾ ਸੁਣੀ ਕਿਉਂਕਿ ਕਾਰ ਦੇ ਸ਼ੀਸ਼ੇ ਬੰਦ ਸਨ। ਪ੍ਰਗਟ ਮੋਟਰਸਾਈਕਲ ’ਤੇ ਬੈਠ ਕੇ ਕਿੱਕ ਮਾਰਨ ਤੋਂ ਪਹਿਲਾਂ ਸਾਫੇ ਨਾਲ ਆਪਣੀਆਂ ਅੱਖਾਂ ਪੂੰਝਣ ਲੱਗਾ। ਗੁਰਵਿੰਦਰ ਕਾਹਲੀ ਨਾਲ ਕਾਰ ਰੋਕ ਕੇ ਬਾਹਰ ਆਇਆ ਅਤੇ ਪ੍ਰਗਟ ਕੋਲ ਜਾ ਕੇ ਉਸ ਦੇ ਧੱਫਾ ਮਾਰਿਆ। ਗੁਰਵਿੰਦਰ ਦੀ ਕੁਝ ਮਹੀਨੇ ਪਹਿਲਾਂ ਪ੍ਰਗਟ ਦੀ ਭੈਣ ਨਾਲ ਮੰਗਣੀ ਹੋਈ ਸੀ ਅਤੇ ਵਿਆਹ ਨੇੜੇ ਹੀ ਸੀ। ਦੋਵੇਂ ਧਿਰਾਂ ਦੇ ਪਿੰਡ ਇਸੇ ਸ਼ਹਿਰ ਦੇ ਨੇੜੇ ਹੋਣ ਕਾਰਨ ਆਉਣਾ ਜਾਣਾ ਵੀ ਇਸੇ ਸ਼ਹਿਰ ਬਣਿਆ ਰਹਿੰਦਾ ਸੀ। ਮੰਡੀ ਵਿਚ ਆੜਤ ਦੀਆਂ ਦੁਕਾਨਾਂ ਵੀ ਕੋਈ ਜ਼ਿਆਦਾ ਦੂਰ ਨਹੀਂ ਸਨ। ਗੁਰਵਿੰਦਰ ਨੇ ਪ੍ਰਗਟ ਨੂੰ ਵੇਖਦਿਆਂ ਬੜੀ ਉਤਸੁਕਤਾ ਨਾਲ ਆਵਾਜ਼ ਮਾਰੀ ਸੀ। ਪ੍ਰਗਟ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਹੈਰਾਨ ਰਹਿ ਗਿਆ।

ਪ੍ਰਗਟ ਬੋਲਿਆ, ‘‘ਉਹ! ਭਾ’ਜੀ ਤੁਸੀਂ? ਸਤਿ ਸ੍ਰੀ ਅਕਾਲ ਭਾ’ਜੀ।’’

‘‘ਸਤਿ ਸ੍ਰੀ ਅਕਾਲ। ਹੋਰ ਪ੍ਰਗਟ ਕੀ ਹਾਲ ਨੇ, ਆਹ ਅੱਖਾਂ ਕਿਵੇਂ ਪੂੰਝੀ ਜਾਨੈਂ?’’

‘‘ਬੱਸ ਵੈਸੇ ਹੀ ਕੁਝ ਉੱਡ ਕੇ ਪੈ ਗਿਆ ਸੀ, ਤਾਂ ਕਰਕੇ।’’ ਪ੍ਰਗਟ ਨੇ ਅੱਖਾਂ ਚੰਗੀ ਤਰ੍ਹਾਂ ਸਾਫੇ ਨਾਲ ਸੁਕਾਈਆਂ ਅਤੇ ਆਖਿਆ।

‘‘ਦੋਹਾਂ ਅੱਖਾਂ ’ਚ, ਕਮਾਲ ਐ? ਰਿਸ਼ਤੇਦਾਰੀ ਤਾਂ ਆਪਣੀ ਹਾਲੇ ਕੱਚੀ ਹੀ ਐ, ਪਰ ਫਿਰ ਵੀ ਮੈਂ ਪੁੱਛਣਾ ਚਾਹੁੰਨਾ ਕਿ ਕੀ ਗੱਲ ਐ?’’

‘‘ਨਹੀਂ ਕੋਈ ਗੱਲ ਨਹੀਂ ਭਾ’ਜੀ। ਚਾਹ ਪਾਣੀ ਦੀ ਦੱਸੋ।’’

‘‘ਚਾਹ ਵੀ ਪੀਵਾਂਗੇ ਪਰ ਪਹਿਲਾਂ ਗੱਲ ਤਾਂ ਦੱਸ।’’

‘‘ਨਹੀਂ ਭਾ’ਜੀ ਕੁਝ ਨਹੀਂ, ਤੁਸੀਂ ਚਾਹ ਦੀ ਦੱਸੋ।’’

‘‘ਚਲ ਫਿਰ ਮੈਂ ਆੜਤੀਏ ਨਾਲ ਗੱਲ ਕਰਦਾਂ।’’ ਇੰਨਾ ਕਹਿ ਕੇ ਗੁਰਵਿੰਦਰ ਅੰਦਰ ਵੱਲ ਹੋਇਆ।

‘‘ਗੱਲ ਤਾਂ ਸੁਣੋ ਭਾ’ਜੀ, ਕੋਈ ਗੱਲ ਨਹੀਂ।’’ ਪ੍ਰਗਟ ਨੇ ਉਸ ਨੂੰ ਬਾਂਹ ਤੋਂ ਫੜਿਆ।

‘‘ਤਾਂ ਫਿਰ ਗੱਲ ਦੱਸ। ਘਬਰਾ ਨਾ।’’ ਗੁਰਵਿੰਦਰ ਨੂੰ ਜਿਵੇਂ ਕੋਈ ਗਹਿਰਾ ਸ਼ੱਕ ਹੋ ਗਿਆ ਸੀ।

‘‘ਭਾ’ਜੀ ਤੁਸੀਂ ਮੈਨੂੰ ਮਜਬੂਰ ਨਾ ਕਰੋ।’’ ਪ੍ਰਗਟ ਨੇ ਮੂੰਹ ਥੱਲੇ ਨੂੰ ਕਰਦਿਆਂ ਆਖਿਆ।

‘‘ਓ ਤੂੰ ਚਿੰਤਾ ਕਿਉਂ ਕਰਦਾ ਏਂ। ਤੇਰੀ ਸਮੱਸਿਆ ਦਾ ਹੱਲ ਮੈਂ ਆਪੇ ਕਰੂੰ, ਪਰ ਦੱਸੀਂ ਗੱਲ ਸੱਚੀ।’’ ਗੁਰਵਿੰਦਰ ਨੇ ਹੌਸਲਾ ਦਿੱਤਾ।

‘‘ਭਾ’ਜੀ ਕਿਵੇਂ ਦੱਸਾਂ, ਡਰ ਲਗਦੈ।’’ ਪ੍ਰਗਟ ਰਿਸ਼ਤੇ ਟੁੱਟਣ ਤੋਂ ਡਰ ਗਿਆ ਸੀ।

‘‘ਜੇ ਆਪਣੇ ਹੀ ਆਪਣਿਆਂ ਤੋਂ ਡਰਨ ਲੱਗੇ ਤਾਂ ਫਿਰ ਕੰਮ ਕਿਵੇਂ ਚੱਲੂ। ਮੰਨਿਆ ਕਿ ਅੱਜ ਦੀ ਦੁਨੀਆਂ ਵਿਚ ਜਿੱਥੇ ਬੇਗਾਨੇ ਤਾਂ ਬੇਗਾਨੇ, ਆਪਣੇ ਵੀ ਜ਼ਖ਼ਮ ਦਿੰਦੇ ਨੇ, ਪਰ ਇੱਕ ਗੱਲ ਯਾਦ ਰੱਖੀਂ ਪ੍ਰਗਟ, ਮਲ੍ਹਮ ਵੀ ਆਪਣੇ ਹੀ ਲਾਉਂਦੇ ਨੇ। ਤੂੰ ਡਰ ਨਾ।’’

‘‘ਭਾ’ਜੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਈ ਐ ਕਿ ਤੁਹਾਡਾ ਵਿਆਹ ਨੇੜੇ  ਹੈ। ਤੁਹਾਡਾ ਰਿਸ਼ਤਾ ਕਰਨ ਤੋਂ ਪਹਿਲਾਂ ਭਾਪਾ ਜੀ ਢਿੱਲੇ ਰਹੇ, ਪੈਸਾ ਕਾਫ਼ੀ ਲੱਗ ਗਿਆ। ਉਦੋਂ ਤਾਂ ਆੜਤੀਆਂ ਨੇ ਦੇ ਦਿੱਤਾ, ਪਰ ਸਾਥੋਂ ਚਾਹ ਕੇ ਵੀ ਨਹੀਂ ਮੁੜਿਆ। ਹੁਣ ਵਿਆਹ ਲਈ ਪੁੱਛਿਆ ਤਾਂ ਉਨ੍ਹਾਂ ਨੇ ਸਾਫ਼ ਜਵਾਬ ਦੇ ਦਿੱਤਾ।’’

‘‘ਅੱਛਾ! ਆਹ ਗੱਲ ਐ। ਫਿਰ ਤਾਂ ਤੇਰੀਆਂ ਅੱਖਾਂ ਵਿਚੋਂ ਹੰਝੂ ਆਉਣੇ ਬਣਦੇ ਨੇ ਪ੍ਰਗਟ। ਆਖਰ ਗੁਰਵਿੰਦਰ ਨੂੰ ਵੱਡੀ ਗੱਡੀ ਵੀ ਚਾਹੀਦੀ ਐ। ਦਾਜ ਵੀ ਖ਼ੂਬ ਚਾਹੀਦੈ। ਜੰਝ ਦੀ ਵੀ ਸੇਵਾ ਖ਼ੂਬ ਹੋਵੇ ਤਾਂ ਹੀ ਦੋਹਾਂ ਧਿਰਾਂ ਦਾ ਨੱਕ ਰਹੂ। ਹੈਂ ਨਾ ਪ੍ਰਗਟ।’’ ਗੁਰਵਿੰਦਰ ਨੇ ਹੱਸਦਿਆਂ ਆਖਿਆ।

‘‘ਭਾ’ਜੀ ਵਿਆਹ ਤਾਂ ਵਿਆਹ ਈ ਹੈ। ਆਖਰ ਕਿੱਲੇ ਵੀ ਤਾਂ ਪੰਦਰਾਂ ਆਉਂਦੇ ਨੇ ਤੁਹਾਨੂੰ। ਬਾਕੀ ਵਿਚੋਲੇ ਨੇ ਵੀ ਤਾਂ ਗੱਲ ਪਹਿਲਾਂ ਮੁਕਾਈ ਸੀ।’’

‘‘ਜੇ ਵਿਚੋਲੇ ਨੇ ਗੱਲ ਪਹਿਲਾਂ ਮੁਕਾਈ ਸੀ ਤਾਂ ਪ੍ਰਾਹੁਣਾ ਗੱਲ ਅਖੀਰ ’ਤੇ ਮੁਕਾ ਦਿੰਦੈ ਪ੍ਰਗਟਾ, (ਪ੍ਰਗਟ ਘਬਰਾ ਗਿਆ)। ਬੰਦੇ ਗਿਆਰਾਂ ਲੈ ਕੇ ਆਊਂਗਾ ਮੈਂ ਅਤੇ ਜੇ ਹੋਰ ਵੀ ਘੱਟ ਕਹੇਂ ਤਾਂ ਘੱਟ ਲੈ ਆਊਂ। ਘਰੇ ਚਾਹ ਪੀਵਾਂਗੇ ਅਤੇ ਆਨੰਦ ਕਾਰਜ ਗੁਰਦੁਆਰੇ ਹੋਣਗੇ। ਆਵਦੀ ਭੈਣਨੂੰ ਇੱਕ ਸੂਟ ਸਵਾਂਦੀ। ਬਾਕੀ ਬੱਸ।’’

‘‘ਨਹੀਂ ਭਾ’ਜੀ, ਸ਼ਰਮਿੰਦਾ ਨਾ ਕਰੋ, ਇਉਂ ਕਿਵੇਂ ਹੋ ਸਕਦਾ ਏ। ਲੋਕ ਕੀ ਆਖਣਗੇ?’’ ਪ੍ਰਗਟ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਵਹਿ ਤੁਰਿਆ।

‘‘ਵਿਆਹ ਮੇਰਾ ਹੋਣੈ ਅਤੇ ਮੇਰੇ ਵਿਆਹ ’ਤੇ ਮੇਰੀ ਜਾਂ ਮੇਰੇ ਬੇਬੇ-ਬਾਪੂ ਦੀ ਚੱਲੂ, ਨਾ ਕਿ ਲੋਕਾਂ ਦੀ। ਜਿੱਥੋਂ ਤੱਕ ਬੇਬੇ-ਬਾਪੂ ਦਾ ਸਵਾਲ ਐ, ਮੈਂ ਆਪੇ ਮਨਾ ਲੂੰ।’’ ਗੁਰਵਿੰਦਰ ਨੇ ਪ੍ਰਗਟ ਦੇ ਮੋਢੇ ’ਤੇ ਹੱਥ ਰੱਖਿਆ।

‘‘ਭਾ’ਜੀ, ਤੁਸੀਂ... ਕਿੰਨੇ ਮਹਾਨ ਓ...’’ ਪ੍ਰਗਟ ਦੇ ਮੂੰਹੋਂ ਮਸਾਂ ਹੀ ਸ਼ਬਦ ਨਿਕਲੇ ਅਤੇ ਉਹ ਗੁਰਵਿੰਦਰ ਦੇ ਗਲ ਲੱਗ ਰੋ ਪਿਆ।

‘‘ਮਹਾਨ ਮਹੂਨ ਕਾਹਦੇ ਪ੍ਰਗਟ। ਜੇਕਰ ਬੰਦਾ ਕਿਸੇ ਦੇ ਹੰਝੂ ਪੂੰਝ ਨਹੀਂ ਨਾ ਸਕਦਾ ਤਾਂ ਹੰਝੂ ਦੇਣ ਦਾ ਵੀ ਹੱਕ ਨਹੀਂ ਬਣਦਾ। ਵੈਸੇ ਇਹ ਹੰਝੂ ਵੀ ਕਮਾਲ ਦੀ ਚੀਜ਼ ਐ ਪ੍ਰਗਟ। ਬੰਦੇ ਦਾ ਅੰਦਰ ਪਤਾ ਲਾ ਦਿੰਦੇ ਨੇ। ਬੜੀ ਤਕੜੀ ਚੀਜ਼ ਨੇ ਹੰਝੂ।’’ ਗੁਰਵਿੰਦਰ ਨੇ ਪ੍ਰਗਟ ਨੂੰ ਪਲੋਸਦਿਆਂ ਆਖਿਆ।

‘‘ਸਹੀ ਗੱਲ ਐ ਭਾ’ਜੀ, ਹੰਝੂ ਬਦਲਦਿਆਂ ਵੀ ਦੇਰ ਨਹੀਂ ਲੱਗਦੀ। ਹੁਣੇ-ਹੁਣੇ ਦਰਦਾਂ ਦੇ ਹੰਝੂ ਵਗ ਰਹੇ ਸਨ, ਹੁਣ ਖ਼ੁਸ਼ੀਆਂ ਵਿੱਚ ਬਦਲ ਗਏ।’’ ਉਸ ਦਾ ਹਰ ਸਾਹ ਸ਼ੁਕਰਾਨਾ ਕਰਦਿਆਂ ਨਿਕਲ ਰਿਹਾ ਸੀ।

‘‘ਲੈ ਹੁਣ ਤੂੰ ਇਨ੍ਹਾਂ ਖ਼ੁਸ਼ੀ ਦੇ ਹੰਝੂਆਂ ਨਾਲ ਮੋਟਰ ਸਾਈਕਲ ’ਤੇ ਬੈਠ ਅਤੇ ਸਿੱਧਾ ਘਰ ਨੂੰ ਤੁਰ ਜਾ। ਮੈਂ ਵੀ ਚੱਲਾਂ।’’ ਉਸ ਨੇ ਪ੍ਰਗਟ ਨੂੰ ਮੋਟਰ ਸਾਈਕਲ ਵੱਲ ਤੋਰਿਆ।

‘‘ਭਾ’ਜੀ...!’’ ਪ੍ਰਗਟ ਦੇ ਹੱਥ ਜੁੜੇ ਰਹਿ ਗਏ।

‘‘ਮਿੰਟ ਮਾਰ ਘਰ ਨੂੰ ਤੁਰ ਜਾ। ਨਾਲੇ ਭੈਣ ਤੇਰੀ ਨੂੰ ਕਹਿ ਦੀਂ, ਬਈ ਗੁਰਵਿੰਦਰ ਮਿਲਿਆ ਸੀ।’’ ਉਸ ਨੇ ਹੱਸਦਿਆਂ ਮਖੌਲ ਕੀਤਾ ਅਤੇ ਕਾਰ ਲੈ ਕੇ ਚਲਾ ਗਿਆ।

ਪ੍ਰਗਟ ਨੂੰ ਦੂਰ ਜਾਂਦੀ ਕਾਰ ਦੀ ਧੂੜ ਚੰਗੀ-ਚੰਗੀ ਲੱਗ ਰਹੀ ਸੀ।

ਸੰਪਰਕ: 94163-63622


ਅਹਿਸਾਸ

ਮਨਕੰਵਲ ਸਿੰਘ

ਆਪਣੇ ਡਰਾਇੰਗ ਰੂਮ ਦੀ ਖਿੜਕੀ ਕੋਲ ਆਰਾਮ ਕੁਰਸੀ ’ਤੇ ਬੈਠਾ ਬ੍ਰਿਜ ਮੋਹਨ ਸੋਚਾਂ ਦੇ ਸਮੁੰਦਰ ਵਿੱਚ ਬੜਾ ਡੂੰਘਾ ਉਤਰਿਆ ਹੋਇਆ ਸੀ। ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸ ਨਾਲ ਵੀ ਕਦੇ ਅਜਿਹਾ ਹੋ ਸਕਦਾ ਹੈ। ਉਹ ਤਾਂ ਆਪਣੇ ਆਪ ਨੂੰ ਬੜਾ ਦਲੇਰ ਤੇ ਹਿੰਮਤ ਵਾਲਾ ਇਨਸਾਨ ਸਮਝਦਾ ਸੀ, ਪਰ ਅੱਜ ਉਸ ਦੀ ਹਿੰਮਤ ਤੇ ਦਲੇਰੀ, ਉਸ ਦੀ ਆਪਣੀ ਹੀ ਆਤਮਾ ਅੰਦਰ ਪਤਾ ਨਹੀਂ ਕਿੱਥੇ ਛੁਪ ਕੇ ਬੈਠ ਗਈ ਸੀ। ਉਸ ਨੂੰ ਲੱਭਣ ਲਈ ਅੱਜ ਉਹ ਪੂਰਾ ਜ਼ੋਰ ਲਾ ਰਿਹਾ ਸੀ, ਪਰ ਲੱਖ ਲੱਭਣ ’ਤੇ ਵੀ ਅੱਜ ਉਸ ਨੂੰ ਇਹ ਕਿਤੇ ਨਾ ਲੱਭੀ। ਇਸ ਦਾ ਇੱਕ ਮੁੱਖ ਕਾਰਨ ਸੀ ਕਿ ਸ਼ਾਇਦ ਅੱਜ ਉਸ ਨੂੰ ਹਰਪਾਲ ਸਿੰਘ ਤੇ ਉਸ ਦੇ ਪੰਜ ਸਾਲ ਦੇ ਬੱਚੇ ਜਸਕਰਨ ਸਿੰਘ ਦਾ ਖ਼ਿਆਲ ਵਾਰ-ਵਾਰ ਆ ਰਿਹਾ ਸੀ। ਸਭ ਕੁਝ ਜਾਣਦਿਆਂ ਵੀ ਬ੍ਰਿਜ ਮੋਹਨ ਅਣਜਾਣ ਬਣਦਾ ਕਮਰੇ ’ਚ ਟੰਗੇ ਕੈਲੰਡਰ ਵੱਲ ਅੱਜ ਦੀ ਤਾਰੀਖ਼ ਵੱਲ ਝਾਕਿਆ। ਤਾਰੀਖ਼ ਵੇਖਦਿਆਂ ਹੀ ਉਸ ਨੇ ਆਪਣਾ ਮੂੰਹ ਦੂਸਰੇ ਪਾਸੇ ਕਰ ਲਿਆ ਜਿਵੇਂ ਇਸ ਤਾਰੀਖ਼ ਨੇ ਉਸ ਦੇ ਮੂੰਹ ’ਤੇ ਟਿਕਾ ਕੇ ਥੱਪੜ ਮਾਰਿਆ ਹੋਵੇ। ਹਰਪਾਲ ਸਿੰਘ ਤੇ ਉਸ ਦਾ ਮਾਸੂਮ ਬੱਚਾ ਜਸਕਰਨ ਸਿੰਘ ਅੱਜ ਸਵੇਰ ਤੋਂ ਹੀ ਉਸ ਦੇ ਸਾਹਮਣੇ ਆ ਕੇ ਖੜ੍ਹ ਗਏ ਸਨ। ਦੋਵੇਂ ਪਿਉ-ਪੁੱਤ ਉਸ ਉੱਤੇ ਉੱਚੀ-ਉੱਚੀ ਹੱਸ ਰਹੇ ਸਨ। ਬ੍ਰਿਜ ਮੋਹਨ ਦਾ ਬਿਰਧ ਸਰੀਰ ਉਨ੍ਹਾਂ ਨੂੰ ਆਪਣੀ ਖਿੜਕੀ ਵਿੱਚੋਂ ਭਜਾਉਣ ਤੋਂ ਅਸਮਰੱਥ ਸੀ। ਉਸ ਨੇ ਬੜੀ ਹੀ ਮੁਸ਼ਕਿਲ ਨਾਲ ਉੱਠ ਕੇ ਖਿੜਕੀ ਬੰਦ ਕਰ ਦਿੱਤੀ ਤੇ ਉਸ ਦੇ ਅੱਗੇ ਟੰਗੇ ਪਰਦਿਆਂ ਨੂੰ ਖੋਲ੍ਹ ਦਿੱਤਾ। ਪਰਦਿਆਂ ਨੇ ਖੁੱਲ੍ਹਦਿਆਂ ਹੀ ਵੱਡੀ ਸਾਰੀ ਖਿੜਕੀ ਨੂੰ ਆਪਣੇ ਵਿੱਚ ਸਮਾ ਲਿਆ। ਉਸ ਤੋਂ ਬਾਅਦ ਉਹ ਆਪਣੀ ਖੂੰਡੀ ਦੇ ਸਹਾਰੇ ਬੜੀ ਹੀ ਮੁਸ਼ਕਿਲ ਨਾਲ ਤੁਰ ਕੇ ਕੰਧ ’ਤੇ ਟੰਗੀ ਆਪਣੀ ਤਲਵਾਰ ਕੋਲ ਪਹੁੰਚਿਆ। ਤਲਵਾਰ ਨੂੰ ਪੂਰੀ ਤਰ੍ਹਾਂ ਨਾਲ ਜੰਗ ਲੱਗ ਚੁੱਕੀ ਸੀ। ਬੁਰੀ ਤਰ੍ਹਾਂ ਜੰਗਾਲ ਲੱਗਣ ਕਾਰਨ ਹੁਣ ਇਹ ਤਲਵਾਰ ਕਿਸੇ ਕੰਮ ਦੀ ਨਹੀਂ ਰਹੀ ਸੀ। ਤਲਵਾਰ ਨੂੰ ਵੇਖਦਿਆਂ ਉਸ ਦੀ ਨਜ਼ਰ ਇਸ ਦੇ ਲਾਗੇ ਟੰਗੀ ਆਪਣੇ ਪੁੱਤਰ ਰਵੀ ਦੀ ਫੋਟੋ ’ਤੇ ਪਈ। ਰਵੀ ਦੀ ਫੋਟੋ ਨੂੰ ਤੱਕਦਿਆਂ ਹੀ ਉਸ ਦਾ ਚਿਹਰਾ ਇਕਦਮ ਪੀਲਾ ਪੈ ਗਿਆ। ਉਸ ਨੂੰ ਲੱਗਿਆ ਜਿਵੇਂ ਰਵੀ ਹੁਣੇ ਫੋਟੋ ’ਚੋਂ ਬਾਹਰ ਨਿੱਕਲ ਕੇ ਜੰਗਾਲ ਲੱਗੀ ਤਲਵਾਰ ਉਸ ਦੇ ਆਰ ਪਾਰ ਕਰ ਦੇਵੇਗਾ। ਬ੍ਰਿਜ ਮੋਹਨ ਅੱਜ ਖ਼ੁਦ ਦੰਗਿਆਂ ਵੇਲੇ ਦੇ ਉਸ ਅਭਾਗੇ ਦਿਨ ਨੂੰ ਯਾਦ ਕਰਕੇ ਪਛਤਾ ਰਿਹਾ ਸੀ, ਜਦ ਉਸ ਨੂੰ ਹਰਪਾਲ ਸਿੰਘ ਤੇ ਉਸ ਦਾ ਬੇਟਾ ਜਸਕਰਨ ਸਿੰਘ ਮਿਲੇ ਸਨ। ਬ੍ਰਿਜ ਮੋਹਨ ਇਹ ਕੁਝ ਸੋਚਦਿਆਂ ਸੋਚਾਂ ਦੀ ਲੜੀ ਵਿੱਚ ਉਲਝਦਾ ਹੀ ਗਿਆ।

ਦਿੱਲੀ ਦੇ ਮੰਨੇ-ਪ੍ਰਮੰਨੇ ਬਿਜਨਸਮੈਨਾਂ ਅਤੇ ਧਨਾਢ ਆਦਮੀਆਂ ਵਿੱਚ ਹਰਪਾਲ ਸਿੰਘ ਦਾ ਨਾਮ ਸਭ ਤੋਂ ਉੱਪਰ ਆਉਂਦਾ ਸੀ। ਉਸ ਦਾ ਦਿੱਲੀ ਵਿੱਚ ਬਹੁਤ ਵੱਡਾ ਕਾਰਖਾਨਾ ਸੀ। ਹਰ ਪਲ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਗ਼ਰੀਬਾਂ ਦੀ ਮੱਦਦ ਪਹਿਲ ਦੇ ਆਧਾਰ ’ਤੇ ਕਰਨੀ ਅਤੇ ਝੂਠ-ਬੇਈਮਾਨੀ ਤੋਂ ਸਖ਼ਤ ਨਫ਼ਰਤ  ਉਸ ਦੀ ਜ਼ਿੰਦਗੀ ਦੇ ਮੁੱਖ ਵਿਹਾਰ ਸਨ। ਬ੍ਰਿਜ ਮੋਹਨ ਉਸ ਦੇ ਕਾਰਖਾਨੇ ਵਿੱਚ ਇੱਕ ਮਜ਼ਦੂਰ ਦੇ ਤੌਰ ’ਤੇ ਕੰਮ ਕਰਦਾ ਸੀ। ਰੂੜੀਵਾਦੀ ਤੇ ਫ਼ਿਰਕਾਪ੍ਰਸਤ ਸੋਚ ਦਾ ਮਾਲਕ ਹੋਣ ਕਰਕੇ ਉਹ ਇੱਕ ਘੱਟਗਿਣਤੀ ਤਬਕੇ ਦੇ ਵਿਅਕਤੀ ਦੀ ਅਗਵਾਈ ’ਚ ਕੰਮ ਕਰਨਾ ਆਪਣੀ ਅਤੇ ਆਪਣੇ ਭਾਈਚਾਰੇ ਦੀ ਹੇਠੀ ਸਮਝਦਾ ਸੀ। ਉਹ ਇਸ ਨੌਕਰੀ ਨੂੰ ਕਦੋਂ ਦਾ ਛੱਡ ਦਿੰਦਾ, ਪਰ ਘਰ ਦੇ ਮੰਦੇ ਹਾਲਾਤ ਤੇ ਉਪਰੋਂ ਪਤਨੀ ਦੀ ਬਿਮਾਰੀ ਤੇ ਦੋ ਪੁੱਤਰਾਂ ਦਾ ਖ਼ਿਆਲ ਉਸ ਨੂੰ ਅਜਿਹਾ ਕਰਨ ਤੋਂ ਹਰ ਵਾਰ ਰੋਕ ਦਿੰਦੇ। ਦਿਲ ਵਿੱਚ ਫ਼ਿਰਕਾਪ੍ਰਸਤੀ ਖੋਟ ਹੋਣ ਕਾਰਨ ਉਸ ਨੇ ਕਾਰਖਾਨੇ ਵਿੱਚ ਹੇਰਾ-ਫੇਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਹਰਪਾਲ ਕੋਲ ਪੁੱਜੀਆਂ। ਉਸ ਨੇ ਬ੍ਰਿਜ ਮੋਹਨ ਨੂੰ ਆਪਣੇ ਕੋਲ ਬੁਲਾ ਕੇ ਸਮਝਾਇਆ ਤੇ ਅੱਗੇ ਤੋਂ ਅਜਿਹਾ ਕੰਮ ਨਾ ਕਰਨ ਦੀ ਹਦਾਇਤ ਕੀਤੀ। ਬ੍ਰਿਜ ਮੋਹਨ ਨੇ ਹਰਪਾਲ ਦੀਆਂ ਗੱਲਾਂ ਇੱਕ ਕੰਨ ਪਾਈਆਂ ਤੇ ਦੂਸਰੇ ਕੰਨੋਂ ਬਾਹਰ ਕੱਢ ਦਿੱਤੀਆਂ। ਜਦ ਬ੍ਰਿਜ ਮੋਹਨ ਆਪਣੀਆਂ ਗ਼ਲਤੀਆਂ ਤੋਂ ਬਾਜ਼ ਨਾ ਆਇਆ ਅਤੇ ਵਾਰ-ਵਾਰ ਸਮਝਾਉਣ ’ਤੇ ਵੀ ਨਾ ਹਟਿਆ ਤਾਂ ਹਰਪਾਲ ਨੇ ਉਸ ਦਾ ਹਿਸਾਬ-ਕਿਤਾਬ ਕਰਕੇ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ। ਬ੍ਰਿਜ ਮੋਹਨ ਨੂੰ ਹੁਣ ਕੋਈ ਵੀ ਕੰਮ ’ਤੇ ਨਹੀਂ ਰੱਖ ਰਿਹਾ ਸੀ। ਦਿਲ ਵਿੱਚ ਭਰੇ ਗੁੱਸੇ ਤੇ ਘਰ ਦੀ ਗ਼ਰੀਬੀ ਅਤੇ ਹਾਲਾਤ ਨੂੰ ਵੇਖਦਿਆਂ ਹੁਣ, ਜੇ ਕੋਈ ਉਸ ਨੂੰ ਸਹਾਰਾ ਦਿਸ ਰਿਹਾ ਸੀ ਤਾਂ ਉਹ ਸੀ ਉਸ ਦਾ ਭਰਾਵਾਂ ਵਰਗਾ ਦੋਸਤ ਸੋਹਣ ਲਾਲ ਤੇ ਉਸ ਦੀ ਬਦਮਾਸ਼ਾਂ ਦੀ ਟੋਲੀ ਦਾ। ਸੋਹਣ ਲਾਲ  ਪਹਿਲਾਂ ਵੀ ਬ੍ਰਿਜ ਮੋਹਨ ਨੂੰ ਬਹੁਤ ਵਾਰ ਆਪਣੇ ਨਾਲ ਗ਼ਲਤ ਕੰਮਾਂ ਵਿੱਚ ਸਾਥ ਦੇਣ ਤੇ ਚੋਰੀ-ਚਕਾਰੀ ਕਰਕੇ ਵਾਧੂ ਪੈਸੇ ਕਮਾਉਣ ਲਈ ਅਕਸਰ ਹੀ ਕਹਿੰਦਾ ਰਹਿੰਦਾ ਸੀ, ਪਰ ਉਹ ਉਸ ਵਕਤ ਆਪਣੇ ਘਰ ਦੇ ਹਾਲਾਤ ਤੋਂ ਡਰਦਾ ਉਸ ਨੂੰ ਮਨ੍ਹਾਂ ਕਰ ਦਿੰਦਾ ਸੀ। ਅੱਜ ਉਹ ਆਪਣੇ ਸਾਰੇ ਡਰ ਭੁਲਾ ਕੇ ਦਿਲ ਵਿੱਚ ਬਲ ਰਹੀ ਅੱਗ ਨੂੰ ਬੁਝਾਉਣ ਲਈ ਖ਼ੁਦ ਸੋਹਣ ਲਾਲ ਦੇ ਕੋਲ ਪਹੁੰਚ ਗਿਆ। ਸੋਹਣ ਲਾਲ ਨੇ ਬੜੇ ਹੀ ਖ਼ੁਸ਼ੀ ਭਰੇ ਲਹਿਜੇ ਵਿੱਚ ਬ੍ਰਿਜ ਮੋਹਨ ਦਾ ਬਦਮਾਸ਼ੀ ਦੀ ਦੁਨੀਆਂ ਵਿੱਚ ਸਵਾਗਤ ਕੀਤਾ। ਦੇਖਦੇ ਹੀ ਦੇਖਦੇ ਦਿਨਾਂ ਵਿੱਚ ਹੀ ਬ੍ਰਿਜ ਮੋਹਨ ਦਾ ਨਾਮ ਬਦਮਾਸ਼ੀ ਦੀ ਦੁਨੀਆਂ ਵਿੱਚ ਚੋਟੀ ’ਤੇ ਪਹੁੰਚ ਗਿਆ। ਚੋਰੀ-ਚਕਾਰੀ ਤਾਂ ਹੁਣ ਉਸ ਲਈ ਖੱਬੇ ਹੱਥ ਦੀ ਖੇਡ ਸੀ।

ਦੰਗਿਆਂ ਵੇਲੇ ਥਾਂ-ਥਾਂ ’ਤੇ ਲਾਸ਼ਾਂ ਦੇ ਢੇਰ ਲਾਉਂਦਾ, ਗਲਾਂ ਵਿੱਚ ਟਾਇਰ ਪਾ ਕੇ ਅੱਗ ਲਾਉਂਦਾ ਬ੍ਰਿਜ ਮੋਹਨ ਘੱਟਗਿਣਤੀ ਫ਼ਿਰਕੇ ਵਾਲਿਆਂ ਲਈ ਯਮਰਾਜ ਬਣਿਆ ਅੱਗੇ ਹੀ ਅੱਗੇ ਵਧਦਾ ਜਾ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਦੇ ਜਿੰਨੇ ਵੀ ਘਰ ਆਉਂਦੇ, ਉਹ ਉਨ੍ਹਾਂ ਨੂੰ ਕਸਾਈਆਂ ਵਾਂਗ ਵੱਢਦਾ-ਕੁੱਟਦਾ ਬੇਕਾਬੂ ਭੀੜ ਦਾ ਮੋਢੀ ਬਣਿਆ ਵਧਦਾ ਜਾ ਰਿਹਾ ਸੀ। ਉਸ ਦੇ ਦਿਲ ਵਿੱਚ ਮੱਚ ਰਹੀ ਅੱਗ ਸ਼ਾਇਦ ਉਸ ਨੂੰ ਕਿਸੇ ਖ਼ਾਸ ਆਦਮੀ ਦੇ ਘਰ ਵੱਲ ਜਲਦੀ ਤੋਂ ਜਲਦੀ ਪਹੁੰਚਣ ਲਈ ਉਕਸਾ ਰਹੀ ਸੀ। ਧੱਕਾ-ਮੁੱਕੀ ਕਰਦਾ ਬ੍ਰਿਜ ਮੋਹਨ ਜਲਦੀ ਤੋਂ ਜਲਦੀ ਉਸ ਖ਼ਾਸ ਆਦਮੀ ਦੇ ਘਰ ਪਹੁੰਚਣਾ ਚਾਹੁੰਦਾ ਸੀ। ਉਸ ਨੂੰ ਖ਼ੁਦ ਪਤਾ ਹੀ ਨਾ ਲੱਗਿਆ ਕਿ ਕਦ ਉਹ ਆਪਣੇ ਪੰਜ ਸਾਥੀਆਂ ਸਮੇਤ ਹਰਪਾਲ ਸਿੰਘ ਗਰੇਵਾਲ ਦੀ ਕੋਠੀ ਅੱਗੇ ਪਹੁੰਚ ਗਿਆ। ਓਧਰ, ਹਰਪਾਲ ਆਪਣੀ ਜ਼ਰੂਰਤ ਦਾ ਕੁਝ ਸਾਮਾਨ ਬੰਨ੍ਹ ਕੇ ਆਪਣੀ ਪਤਨੀ ਬਲਵੀਰ ਕੌਰ ਤੇ ਪੰਜ ਸਾਲਾਂ ਦੇ ਪੁੱਤਰ ਜਸਕਰਨ ਸਿੰਘ ਨਾਲ ਆਪਣੀ ਗੱਡੀ ਵਿੱਚ ਬੈਠ ਕੇ ਸ਼ਹਿਰ ਛੱਡਣ ਦੀ ਤਿਆਰੀ ਕਰ ਰਿਹਾ ਸੀ। ਬ੍ਰਿਜ ਮੋਹਨ ਨੂੰ ਵੇਖਦਿਆਂ ਹੀ ਹਰਪਾਲ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਬ੍ਰਿਜ ਮੋਹਨ ਤੇ ਉਸ ਦੇ ਸਾਥੀਆਂ ਨੇ ਪਹਿਲਾਂ ਹੀ ਘਰ ਦਾ ਮੇਨ ਗੇਟ ਬੰਦ ਕਰ ਦਿੱਤਾ ਸੀ। ਗੱਡੀ ’ਚੋਂ ਉਤਰਦੇ ਹਰਪਾਲ ਦੇ ਜਬਾੜੇ ’ਤੇ ਉਸ ਨੇ ਤਲਵਾਰ ਦਾ ਪੁੱਠਾ ਪਾਸਾ ਦੇ ਮਾਰਿਆ। ਪਲਾਂ ਵਿੱਚ ਹੀ ਹਰਪਾਲ ਦੇ ਨੱਕ ਵਿੱਚੋਂ ਖ਼ੂਨ ਦੀ ਤਤੀਰੀ ਵਹਿ ਤੁਰੀ। ਆਪਣੇ ਪਿਤਾ ’ਤੇ ਹੋਏ ਵਾਰ ਨੂੰ ਵੇਖਦਿਆਂ ਗੁੱਸੇ ’ਚ ਆਏ ਨੰਨ੍ਹੇ ਜਸਕਰਨ ਨੇ ਕੋਲ ਪਿਆ ਪੱਥਰ ਦਾ ਟੁਕੜਾ ਚੁੱਕ ਕੇ ਬ੍ਰਿਜ ਮੋਹਨ ਦੇ ਮੂੰਹ ’ਤੇ ਮਾਰਿਆ। ਸਕਿੰਟਾਂ ਵਿੱਚ ਹੀ ਬ੍ਰਿਜ ਮੋਹਨ ਦੇ ਨੱਕ ਵਿੱਚੋਂ ਖ਼ੂਨ ਵਗਣ ਲੱਗਿਆ। ਆਪਣੇ ’ਤੇ ਹੋਏ ਵਾਰ ਨੂੰ ਨਾ ਸਹਿਣ ਕਰਦਿਆਂ ਉਹ ਆਪਣੀ ਸੁੱਧ-ਬੁੱਧ ਭੁੱਲ ਗਿਆ ਤੇ ਬਿਨਾਂ ਕੁਝ ਸੋਚੇ ਉਸ ਨੇ ਜਸਕਰਨ ਦੇ ਢਿੱਡ ਵਿੱਚੋਂ ਤਲਵਾਰ ਆਰ-ਪਾਰ ਕਰ ਦਿੱਤੀ। ਇਹ ਸਭ ਵੇਖਦਿਆਂ ਹੀ ਕੋਲ ਖੜ੍ਹੀ ਬਲਵੀਰ ਕੌਰ ਉੱਚੀ-ਉੱਚੀ ਵੈਣ ਪਾਉਣ ਲੱਗੀ ਤੇ ਬ੍ਰਿਜ ਮੋਹਨ ਨੂੰ ਬਦਦੁਆ ਦੇਣ ਲੱਗੀ: ਜਿਸ ਤਰ੍ਹਾਂ ਤੂੰ ਅੱਜ ਮੇਰੇ ਪੁੱਤ ਨੂੰ ਮਾਰਿਆ ਹੈ ਤੇ ਇੱਕ ਮਾਂ ਦੀਆਂ ਆਂਦਰਾਂ ਨੂੰ ਤੜਫਾਇਆ ਹੈ, ਉਸੇ ਤਰ੍ਹਾਂ ਤੇਰਾ ਪੁੱਤ ਵੀ ਤੈਨੂੰ ਹਰ ਪਲ ਤੜਪਾਏਗਾ। ਇਸ ਤੋਂ ਬਾਅਦ ਆਪਣੇ ਨਾਲ ਹੋਣ ਵਾਲੀ ਅਣਹੋਣੀ ਦਾ ਅਹਿਸਾਸ ਹੁੰਦਿਆਂ ਉਸ ਨੇ ਬੜੀ ਹੀ ਵੈਰਾਗਮਈ ਝਾਕਣੀ ਨਾਲ ਇੱਕ ਟੱਕ ਆਪਣੇ ਪਤੀ ਵੱਲ ਵੇਖਿਆ ਤੇ ਉਸ ਤੋਂ ਬਾਅਦ ਨੰਨ੍ਹੇ ਜਸਕਰਨ ਦੀ ਲਾਸ਼ ਨੂੰ। ਫਿਰ ਅਚਾਨਕ ਹੀ ਕੋਲ ਖੜ੍ਹੇ ਬ੍ਰਿਜ ਮੋਹਨ ਦੇ ਆਦਮੀ ਦੇ ਹੱਥੋਂ ਤਲਵਾਰ ਖੋਹ ਕੇ ਆਪਣੇ ਢਿੱਡ ਦੇ ਆਰ-ਪਾਰ ਕਰ ਲਈ। ਇਹ ਸਭ ਕੁਝ ਵੇਖ ਕੇ ਬ੍ਰਿਜ ਮੋਹਨ ਘਬਰਾ ਗਿਆ। ਬੁਰੀ ਤਰ੍ਹਾਂ ਘਬਰਾਏ ਹੋਏ ਬ੍ਰਿਜ ਮੋਹਨ ਨੇ ਆਪਣੀ ਜੇਬ੍ਹ ਵਿੱਚੋਂ ਜਾਇਦਾਦ ਦੇ ਪਹਿਲਾਂ ਤੋਂ ਹੀ ਤਿਆਰ ਕਰਵਾਏ ਹੋਏ ਕਾਗਜ਼ ਕੱਢੇ ਤੇ ਧੱਕੇ ਨਾਲ ਹਰਪਾਲ ਸਿੰਘ ਤੋਂ ਉਨ੍ਹਾਂ ਕਾਗਜ਼ਾਂ ਉੱਤੇ ਦਸਤਖ਼ਤ ਕਰਵਾ ਲਏ। ਇਸ ਤੋਂ ਬਾਅਦ ਬਿਨਾਂ ਦੇਰ ਕੀਤਿਆਂ ਬ੍ਰਿਜ ਮੋਹਨ ਨੇ ਉਸ ਨੂੰ ਵੀ ਪਾਰ ਬੁਲਾ ਦਿੱਤਾ।

ਫੈਕਟਰੀ ਹੁਣ ਬ੍ਰਿਜ ਮੋਹਨ ਦੇ ਨਾਂ ਹੇਠ ਦਰਜ ਹੋ ਗਈ। ਹਰਪਾਲ ਦੀ ਮਿਹਨਤ ਨਾਲ ਬਣਾਈ ਸ਼ਾਨਦਾਰ ਮਹਿਲਾਂ ਵਰਗੀ ਕੋਠੀ ਦਾ ਮਾਲਕ ਹੁਣ ਬ੍ਰਿਜ ਮੋਹਨ ਬਣ ਗਿਆ ਸੀ। ਉਸ ਦੀ ਪਤਨੀ ਬਿਮਲਾ ਦੇਵੀ ਅਤੇ ਉਸ ਦੇ ਦੋਵੇਂ ਪੁੱਤਰ ਰਵੀ ਤੇ ਵਿੱਕੀ ਇਸ ਨਵੀਂ ਬਣੀ ਕੋਠੀ ਵਿੱਚ ਜਾਣ ਲਈ ਬੜੇ ਉਤਾਵਲੇ ਸਨ। ਕੁਦਰਤ ਦੀ ਕਰਨੀ, ਪਹਿਲਾਂ ਤੋਂ ਹੀ ਬਿਮਾਰ ਬਿਮਲਾ ਕੋਠੀ ਅੰਦਰ ਪੈਰ ਪਾਉਂਦਿਆਂ ਹੀ ਚੱਕਰ ਖਾ ਕੇ ਡਿੱਗ ਪਈ। ਜਲਦੀ-ਜਲਦੀ ਬ੍ਰਿਜ ਮੋਹਨ ਤੇ ਉਸ ਦੇ ਪੁੱਤਰ ਉਸ ਨੂੰ ਚੁੱਕ ਕੇ ਹਸਪਤਾਲ ਲੈ ਕੇ ਗਏ। ਡਾਕਟਰਾਂ ਦੀ ਟੀਮ ਨੇ ਉਸ ਦਾ ਚੈੱਕਅੱਪ ਕਰ ਅਤੇ ਰਿਪੋਰਟਾਂ ਦੇਖ ਕੇ ਕੈਂਸਰ ਦੀ ਆਖ਼ਰੀ ਸਟੇਜ ’ਤੇ ਹੋਣ ਦੀ ਗੱਲ ਆਖੀ। ਬਿਮਲਾ ਬਾਰੇ ਸੁਣ ਕੇ ਬ੍ਰਿਜ ਮੋਹਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਘਰ ਦੀ ਗ਼ਰੀਬੀ ਤੇ ਨਵੀਂ ਸ਼ੁਰੂ ਕੀਤੀ ਬਦਮਾਸ਼ੀ ਨੇ ਉਸ ਨੂੰ ਕਦੇ ਆਪਣੀ ਪਤਨੀ ਦੀ ਬਿਮਾਰੀ ਵੱਲ ਧਿਆਨ ਦੇਣ ਦੀ ਕੋਸ਼ਿਸ਼ ਵੀ ਨਹੀਂ ਸੀ ਕਰਨ ਦਿੱਤੀ। ਬਿਮਲਾ ਦੀ ਬਿਮਾਰੀ ਵਧਦੀ ਵਧਦੀ ਐਨੀ ਜ਼ਿਆਦਾ ਫੈਲ ਗਈ ਸੀ ਕਿ ਉਹ ਕੈਂਸਰ ਦੀ ਆਖ਼ਰੀ ਸਟੇਜ ’ਤੇ ਪਹੁੰਚ ਗਈ ਸੀ। ਅੱਜ ਬ੍ਰਿਜ ਮੋਹਨ ਦੀ ਪਹੁੰਚ ਇੱਕ ਆਮ ਮੁਲਾਜ਼ਮ ਤੋਂ ਲੈ ਕੇ ਵਿਧਾਇਕਾਂ ਤੱਕ ਸੀ। ਉਹ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਨਾਲ ਕੋਈ ਵੀ ਕੰਮ ਕਰਵਾ ਸਕਦਾ ਸੀ, ਪਰ ਹੁਣ ਕੁਦਰਤ ਅੱਗੇ ਉਹ ਖ਼ੁਦ ਨੂੰ ਬਿਲਕੁਲ ਬੇਵਸ ਤੇ ਬੇਸਹਾਰਾ ਮਹਿਸੂਸ ਕਰ ਰਿਹਾ ਸੀ। ਕੁਦਰਤ ਅੱਗੇ ਅੱਜ ਉਸ ਦੀ ਕੋਈ ਪਹੁੰਚ ਜਾਂ ਸਿਫ਼ਾਰਿਸ਼ ਕੰਮ ਨਹੀਂ ਕਰ ਰਹੀ ਸੀ। ਦੇਖਦੇ ਹੀ ਦੇਖਦੇ ਬਿਮਲਾ ਦਿਨਾਂ ਵਿੱਚ ਹੀ ਹੋਰ ਕਮਜ਼ੋਰ ਤੇ ਬਿਮਾਰ ਹੁੰਦੀ ਗਈ ਤੇ ਅੰਤ ਰੱਬ ਨੂੰ ਪਿਆਰੀ ਹੋ ਗਈ। ਬ੍ਰਿਜ ਮੋਹਨ ਨੇ ਬੜੇ ਹੀ ਉਦਾਸੀ ਭਰੇ ਮਨ ਨਾਲ ਬਿਮਲਾ ਦੀ ਚਿਖਾ ਨੂੰ ਅੱਗ ਦੇ ਹਵਾਲੇ ਕੀਤਾ। ਉਸ ਤੋਂ ਬਾਅਦ ਉਹ ਆਪਣੇ ਦੋਵੇਂ ਪੁੱਤਰਾਂ ਸਮੇਤ ਬਿਮਲਾ ਦੀਆਂ ਅਸਥੀਆਂ ਨੂੰ ਹਰਿਦੁਆਰ ਜਲ ਪ੍ਰਵਾਹ ਕਰਨ ਪਹੁੰਚਿਆ। ਉੱਥੇ ਇੱਕ ਸੰਤ ਜੀ ਦੇ ਆਸ਼ਰਮ ਅਤੇ ਸ਼ਾਂਤੀ ਨਾਲ ਭਰੇ ਵਾਤਾਵਰਨ ਵਿੱਚ ਉਸ ਦੇ ਬੁਰੀ ਤਰ੍ਹਾਂ ਭਟਕ ਰਹੇ ਅਸ਼ਾਂਤ ਮਨ ਨੂੰ ਕਾਫ਼ੀ ਸ਼ਾਂਤੀ ਮਿਲੀ। ਇਸ ਲਈ ਉਸ ਨੇ ਸੰਤ ਜੀ ਦੇ ਆਸ਼ਰਮ ਵਿੱਚ ਹੀ ਕੁਝ ਹੋਰ ਦਿਨ ਰੁਕਣ ਦਾ ਮਨ ਬਣਾਇਆ ਅਤੇ ਆਪਣੇ ਪੁੱਤਰਾਂ ਨੂੰ ਵਾਪਸ ਜਾਣ ਲਈ ਕਿਹਾ। ਜਦ ਉਸ ਦੇ ਪੁੱਤਰ ਹਰਪਾਲ ਸਿੰਘ ਦੀ ਗੱਡੀ ਵਿੱਚ ਵਾਪਸ ਜਾ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਐਨੀ ਜਬਰਦਸ਼ਤ ਸੀ ਕਿ ਬ੍ਰਿਜ ਮੋਹਨ ਦੇ ਵੱਡੇ ਲੜਕੇ ਵਿੱਕੀ ਦੀ ਥਾਂ ’ਤੇ ਹੀ ਮੌਤ ਹੋ ਗਈ ਜਦੋਂਕਿ ਛੋਟਾ ਰਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਲੋਕਾਂ ਨੇ ਉਸ ਨੂੰ ਚੁੱਕ ਕੇ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ। ਜਦ ਬ੍ਰਿਜ ਮੋਹਨ ਨੂੂੰ ਇਹ ਖ਼ਬਰ ਮਿਲੀ ਤਾਂ ਉਸ ਦੀ ਰੂਹ ਧੁਰ ਤੱਕ ਜ਼ਖ਼ਮੀ ਹੋ ਗਈ। ਉਹ ਤਾਂ ਆਪਣੀ ਪਤਨੀ ਦੀ ਮੌਤ ਦੇ ਦੁੱਖ ਵਿੱਚੋਂ ਹੀ ਬਾਹਰ ਨਹੀਂ ਸੀ ਆਇਆ ਕਿ ਜੇਠੇ ਪੁੱਤ ਦੀ ਮੌਤ ਨੇ ਉਸ ਨੂੰ ਬੁਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ।

ਰਵੀ ਨੂੰ ਅੱਜ ਹਸਪਤਾਲੋਂ ਛੁੱਟੀ ਮਿਲ ਗਈ। ਬੜੇ ਹੀ ਦੁਖੀ ਤੇ ਉਦਾਸ ਮਨ ਨਾਲ ਉਹ ਆਪਣੇ ਪਿਤਾ ਨਾਲ ਹਰਪਾਲ ਸਿੰਘ ਦੇ ਮਹਿਲ ਵਿੱਚ ਵਾਪਸ ਆਇਆ। ਇਸ ਮਹਿਲ ਵਿੱਚ ਰਵੀ ਦਾ ਹੁਣ ਬਿਲਕੁਲ ਵੀ ਮਨ ਨਹੀਂ ਸੀ ਲੱਗ ਰਿਹਾ। ਰਹਿ-ਰਹਿ ਕੇ ਉਸ ਨੂੰ ਆਪਣੀ ਮਾਂ ਤੇ ਵੱਡੇ ਭਰਾ ਦੀ ਯਾਦ ਆ ਰਹੀ ਸੀ। ਹੁਣ ਉਸ ਨੂੰ ਆਪਣੇ ਪਿਤਾ ’ਤੇ ਖਿੱਝ ਅਤੇ ਗੁੱਸਾ ਆ ਰਿਹਾ ਸੀ। ਉਸ ਨੂੰ ਹਰਪਾਲ ਸਿੰਘ ਦਾ ਇਹ ਮਹਿਲ ਹੁਣ ਕਿਸੇ ਖੰਡਰ ਤੋਂ ਘੱਟ ਨਹੀਂ ਸੀ ਲੱਗ ਰਿਹਾ। ਆਪਣੀ ਮਾਂ ਤੇ ਭਰਾ ਦਾ ਦੋਸ਼ੀ ਉਸ ਨੂੰ ਆਪਣਾ ਪਿਤਾ ਬ੍ਰਿਜ ਮੋਹਨ ਹੀ ਜਾਪ ਰਿਹਾ ਸੀ। ਇਸ ਤਰ੍ਹਾਂ ਇਸ ਮਹਿਲ ਤੋਂ ਉਹ ਦੋ ਦਿਨਾਂ ਵਿੱਚ ਹੀ ਅੱਕ ਗਿਆ। ਆਪਣੇ ਪਿਤਾ ਨਾਲ ਉਸ ਦੀ ਨਫ਼ਰਤ ਏਨੀ ਜ਼ਿਆਦਾ ਵਧ ਗਈ ਕਿ ਅੱਜ ਉਹ ਅੱਧੀ ਰਾਤ ਨੂੰ ਉੱਠ ਕੇ ਹੀ ਆਪਣੇ ਪਿਤਾ ਨਾਲ ਲੜਨ ਲੱਗਿਆ। ਬ੍ਰਿਜ ਮੋਹਨ ਨੂੰ ਉਹ ਵਾਰ-ਵਾਰ ਆਪਣੀ ਮਾਂ ਤੇ ਭਰਾ ਦਾ ਕਾਤਲ ਕਹਿਣ ਲੱਗਾ। ਆਪਣੇ ਪਿਤਾ ਪ੍ਰਤੀ ਉਸ ਦੇ ਦਿਲ ਵਿੱਚ ਨਫ਼ਰਤ ਏਨੀ ਵਧ ਗਈ ਕਿ ਉਸ ਨੇ ਆਪਣੇ ਪਿਤਾ ਨਾਲੋਂ ਅਲੱਗ ਆਪਣੇ ਪੁਰਾਣੇ ਘਰ ਵਿੱਚ ਹੀ ਰਹਿਣ ਦਾ ਫ਼ੈਸਲਾ ਕਰ ਲਿਆ। ਰਵੀ ਨੇ ਅੱਧੀ ਰਾਤ ਨੂੰ ਹੀ ਬ੍ਰਿਜ ਮੋਹਨ ਦਾ ਸਾਥ ਤੇ ਉਸ ਦਾ ਮਹਿਲ ਛੱਡ ਦਿੱਤਾ। ਬ੍ਰਿਜ ਮੋਹਨ ਨੇ ਰਵੀ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ। ਉਸ ਨੂੰ ਇਹ ਅਹਿਸਾਸ ਵੀ ਕਰਵਾਉਣਾ ਚਾਹਿਆ ਕਿ ਹੁਣ ਉਹ ਹੀ ਉਸ ਦਾ ਇਕੱਲਾ ਸਹਾਰਾ ਹੈ। ਦੂਜੇ ਪਾਸੇ ਰਵੀ ਦੀ ਜ਼ਮੀਰ ਉਸ ਨੂੰ ਉਸ ਮਹਿਲਨੁਮਾ ਕੋਠੀ ਵਿੱਚ ਇੱਕ ਮਿੰਟ ਲਈ ਵੀ ਰੁਕਣ ਤੋਂ ਰੋਕ ਰਹੀ ਸੀ। ਉਹ ਬ੍ਰਿਜ ਮੋਹਨ ਨੂੰ ਧੱਕਾ ਮਾਰ ਘਰ ਤੋਂ ਬਾਹਰ ਨਿੱਕਲ ਗਿਆ ਅਤੇ ਰਾਤ ਦੇ ਹਨੇਰੇ ਵਿੱਚ ਹੌਲੀ-ਹੌਲੀ ਲੋਪ ਹੁੰਦਾ ਹੁੰਦਾ ਬਿਲਕੁਲ ਦਿਸਣੋਂ ਹਟ ਗਿਆ। ਉਸ ਨੇ ਆਪਣੇ ਪੁਰਾਣੇ ਘਰ ਵਿੱਚ ਜਾ ਕੇ ਆਪਣੇ ਪਿਤਾ ਨਾਲੋਂ ਸਾਰੇ ਰਿਸ਼ਤੇ ਤੋੜ ਕੇ ਉਸ ਤੋਂ ਅਲੱਗ ਰਹਿ ਕੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ।

ਹੁਣ ਬ੍ਰਿਜ ਮੋਹਨ ਹਰ ਪਲ ਮਰ-ਮਰ ਕੇ ਕੱਟ ਰਿਹਾ ਸੀ। ਆਪਣੇ ਪੂਰੇ ਪਰਿਵਾਰ ਦੀ ਜੁਦਾਈ ਉਸ ਕੋਲੋਂ ਬਰਦਾਸ਼ਤ ਨਹੀਂ ਸੀ ਹੋ ਰਹੀ। ਏਨੇ ਸਾਲਾਂ ਬਾਅਦ ਅੱਜ ਫਿਰ ਉਸੇ ਤਰੀਕ ਨੂੰ ਉਸ ਨੂੰ ਹਰਪਾਲ ਸਿੰਘ ਤੇ ਉਸ ਵਰਗੇ ਪਤਾ ਨਹੀਂ ਕਿੰਨੇ ਹੀ ਪਰਿਵਾਰਾਂ ’ਤੇ ਕੀਤੇ ਅੱਤਿਆਚਾਰਾਂ ਅਤੇ ਜ਼ੁਲਮਾਂ ਦਾ ਅਹਿਸਾਸ ਵਾਰ-ਵਾਰ ਹੋ ਰਿਹਾ ਸੀ। ਇਸੇ ਲਈ ਅੱਜ ਉਸ ਨੂੰ ਆਪਣੀ ਖਿੜਕੀ ਵਿੱਚ ਦੋਵੇਂ ਪਿਉ-ਪੁੱਤ ਸਵੇਰ ਤੋਂ ਹੀ ਖੜ੍ਹੇ ਦਿਖਾਈ ਦੇ ਰਹੇ ਸਨ। ਸੋਚਾਂ ਦੀ ਘੁੰਮਣਕੇਰੀ ਵਿੱਚ ਗੋਤੇ ਖਾਂਦਿਆਂ ਅਤੇ ਹਰਪਾਲ ਤੇ ਜਸਕਰਨ ਦਾ ਪਿੱਛਾ ਕਰਦਿਆਂ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦ ਉਹ ਘਰ ਦੀ ਛੱਤ ’ਤੇ ਪਹੁੰਚ ਗਿਆ। ਬਨੇਰੇ ਕੋਲ ਖੜ੍ਹੇ ਬ੍ਰਿਜ ਮੋਹਨ ਨੂੰ ਹਰਪਾਲ ਸਿੰਘ ਤੇ ਜਸਕਰਨ ਸਿੰਘ ਥੱਲ੍ਹੇ ਖੜ੍ਹੇ ਬੁਰੀ ਤਰ੍ਹਾਂ ਚਿੜਾ ਰਹੇ ਸਨ। ਦੋਵੇਂ ਪਿਉ-ਪੁੱਤਾਂ ਤੋਂ ਪਿੱਛਾ ਛੁਡਵਾਉਣ ਲਈ ਉਸ ਨੇ ਹਰਪਾਲ ਸਿੰਘ ਦੇ ਮਹਿਲ ਦੀ ਦੂਸਰੀ ਮੰਜ਼ਿਲ ਦੀ ਛੱਤ ਤੋਂ ਹੇਠਾਂ ਛਲਾਂਗ ਲਗਾ ਦਿੱਤੀ।

ਸੰਪਰਕ: 98763-85878


ਗ਼ੁਲਾਮੀ

ਕੰਵਰਦੀਪ ਸਿੰਘ ਭੱਲਾ

ਰਾਜੇ ਦੇ ਦਰਬਾਰ ਵਿੱਚ ਅਲੀ ਨਾਂ ਦਾ ਇੱਕ ਅਹਿਲਕਾਰ ਸੀ ਜੋ ਰਾਜੇ ਦੇ ਬਹੁਤ ਨੇੜੇ ਸੀ। ਉਹ ਹਮੇਸ਼ਾ ਦੂਸਰੇ ਅਹਿਲਕਾਰਾਂ ਨਾਲ ਦੁਰ-ਵਿਵਹਾਰ ਕਰਨ ਕਰਕੇ ਸਾਰਿਆਂ ਦੀਆਂ ਅੱਖਾਂ ਵਿੱਚ ਰੜਕਦਾ ਰਹਿੰਦਾ ਸੀ। ਇੱਕ ਸਾਧੂ ਅਚਾਨਕ ਰਾਜੇ ਦੇ ਦਰਬਾਰ ਵਿੱਚ ਆਇਆ ਤਾਂ ਰਸਤੇ ਵਿੱਚ ਆਪਣੀ ਆਦਤ ਅਨੁਸਾਰ, ਅਲੀ ਨੇ ਸਾਧੂ ਨੂੰ ਰੋਕਿਆ ਅਤੇ ਕਿਹਾ, ‘‘ਹਾਂ! ਦੱਸ ਤੈਨੂੰ ਕੀ ਚਾਹੀਦਾ ਏ?’’ ਸਾਧੂ ਨੇ ਕਿਹਾ, ‘‘ਤੁਹਾਡੇ ਕੋਲ ਅਜਿਹਾ ਕੁਝ ਨਹੀਂ ਜੋ ਤੁਸੀਂ ਮੈਨੂੰ ਦੇ ਸਕੋ।’’ ਇਹ ਸੁਣ ਕੇ ਅਲੀ ਨੂੰ ਗੁੱਸਾ ਆ ਗਿਆ। ਉਸ ਨੇ ਕਿਹਾ, ‘‘ਕਿਉਂ, ਮੇਰੇ ਕੋਲ ਤਾਂ ਜ਼ਿੰਦਗੀ ਦੀ ਹਰ ਸੁੱਖ ਸਹੂਲਤ ਹੈ।’’ ਇਹ ਸੁਣ ਕੇ ਸਾਧੂ ਉੱਚੀ-ਉੱਚੀ ਹੱਸਣ ਲੱਗ ਪਿਆ। ਸਾਧੂ ਨੇ ਅਲੀ ਨੂੰ ਕਿਹਾ, ‘‘ਤੂੰ ਤਾਂ ਖ਼ੁਦ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਪਿਆ ਏਂ...।’’ ਇਸ ’ਤੇ ਅਲੀ ਉੱਚੀ ਆਵਾਜ਼ ਵਿੱਚ ਬੋਲਿਆ, ‘‘ਬਿਲਕੁਲ ਨਹੀਂ, ਮੈਂ ਤਾਂ ਆਜ਼ਾਦ ਹਾਂ।’’ ਮੇਰੇ ਕੋਲ ਜ਼ਮੀਨ, ਪੈਸਾ, ਸੋਨਾ ਅਤੇ ਚਾਂਦੀ ਤੋਂ ਇਲਾਵਾ ਸਾਰੇ ਸੁੱਖ ਸਹੂਲਤ ਦੇ ਸਾਧਨ ਹਨ। ਸਾਧੂ ਨੇ ਕਿਹਾ, ‘‘ਆਪਣੀ ਝੌਂਪੜੀ ’ਚ ਰਾਜ ਕਰਨਾ ਦੂਜਿਆਂ ਦੇ ਮਹਿਲ ’ਚ ਗ਼ੁਲਾਮੀ ਕਰਨ ਨਾਲੋਂ ਕਿਤੇ ਵਧੀਆ ਹੈ।’’

ਸੰਪਰਕ: 99881-94776

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All