ਰਾਜੇਸ਼ ਰਾਮਚੰਦਰਨ
ਅਕਸਰ ਪੱਤਰਕਾਰ ਅਤੇ ਕਦੇ ਕਦਾਈਂ ਅਖ਼ਬਾਰਾਂ ਆਪਣੀਆਂ ਰਾਜਨੀਤੀਆਂ, ਰਾਵਾਂ ਅਤੇ ਵਤੀਰੇ ਆਪਣੀਆਂ ਬਾਹਾਂ ’ਤੇ ਚੜ੍ਹਾ ਲੈਂਦੇ ਹਨ ਤਾਂ ਕਿ ਉਨ੍ਹਾਂ ਨੂੰ ਆਪਣੀ ਪਛਾਣ ਦਾ ਚਿੰਨ੍ਹ ਬਣਾ ਕੇ ਪ੍ਰਾਪੇਗੰਡੇ ਦੇ ਅਖਾੜੇ ਵਿਚ ਉੱਤਰਿਆ ਜਾ ਸਕੇ। ਇਹ ਵਿਚਾਰ ਜਿੰਨਾ ਕੁ ਮਾੜਾ ਹੈ, ਇਸ ਦੀ ਧਾਰ ਓਨੀ ਹੀ ਜ਼ਿਆਦਾ ਤਿੱਖੀ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਤਜਾਰਤੀ ਅਤੇ ਮਾਲੀ ਮੁਫ਼ਾਦ ਲਈ ਨਫ਼ਰਤੀ ਤਕਰੀਰਾਂ ਵਲ੍ਹੇਟ ਕੇ ਪੇਸ਼ ਕੀਤੀਆਂ ਜਾਂਦੀਆਂ ਹਨ। ਸਾਡੇ ਕੁਝ ਸਮਕਾਲੀ ਨਿਊਜ਼ ਟੈਲੀਵਿਜ਼ਨ ਐਂਕਰਾਂ ਦੀਆਂ ਭੱਦੀਆਂ ਪੇਸ਼ਕਾਰੀਆਂ ਤੋਂ ਬਿਨਾਂ ਇਸ ਸਭ ਕਾਸੇ ਦੀ ਬਿਹਤਰੀਨ ਮਿਸਾਲ ਮਿਲ ਨਹੀਂ ਸਕਦੀ ਜੋ ਹਰ ਸ਼ਾਮ ਨੂੰ ਆਪਣੀ ਕੰਗਾਰੂ ਕਚਹਿਰੀ ਸਜਾ ਕੇ ਬਹਿ ਜਾਂਦੇ ਹਨ ਅਤੇ ਫ਼ਿਰ ਕਿਰਦਾਰਕੁਸ਼ੀ ਦੇ ਫ਼ਤਵੇ ਜਾਰੀ ਕਰਦੇ ਹਨ ਜਾਂ ਮਿਲ ਜੁਲ ਕੇ ਰਹਿੰਦੇ ਲੋਕਾਂ ਨੂੰ ਇਕ ਦੂਜੇ ਨਾਲ ਭਿੜਾਉਣ ਲਈ ਮਜ਼ਹਬੀ ਕੱਟੜਪੁਣੇ ਦਾ ਢੰਡੋਰਾ ਪਿੱਟਦੇ ਹਨ। ਇਹੋ ਜਿਹੇ ਸਮਾਜਿਕ ਤੇ ਰਾਜਨੀਤਕ ਪ੍ਰਸੰਗ ਵਿਚ ‘ਦਿ ਟ੍ਰਿਬਿਊਨ’ ਦੀ ਬਾਤ ਮੁੜ ਪਾਉਣ ਤੇ ਸਲਾਹੁਣ ਦੀ ਲੋੜ ਪਈ ਹੈ। ਇਹ ਅਜਿਹਾ ਅਖ਼ਬਾਰ ਹੈ ਜਿਹੜਾ ਬਸਤੀਵਾਦੀ ਦਮਨ, ਫ਼ੌਜੀ ਮੁਕੱਦਮਿਆਂ, ਜਾਨ ਖ਼ਤਰੇ ’ਚ ਪਾਉਣ ਵਾਲੀ ਹਜੂਮੀ ਹਿੰਸਾ ਦੀਆਂ ਧਮਕੀਆਂ, ਮਾਲ ਅਸਬਾਬ ਦੇ ਨੁਕਸਾਨ ਤੇ ਉਜਾੜੇ ਨੂੰ ਬਰਦਾਸ਼ਤ ਕਰਦਿਆਂ ਅੱਗੇ ਵਧਿਆ ਹੈ ਤੇ ਸਲੀਕੇ, ਨਿਰਮਾਣਤਾ ਅਤੇ ਸ਼ਰਾਫ਼ਤ ਨੂੰ ਪੱਤਰਕਾਰੀ ਦਾ ਮਾਰਗ ਦਰਸ਼ਨ ਤੇ ਠੋਸ ਬੁਨਿਆਦ ਬਣਾ ਕੇ ਰੱਖਿਆ ਹੈ। ਸੌ ਸਾਲਾਂ ਬਾਅਦ ਵੀ ‘ਦਿ ਟ੍ਰਿਬਿਊਨ’ ਦੇ ਸਭ ਤੋਂ ਮਹਾਨ ਸੰਪਾਦਕ ਦੀਆਂ ਲਿਖਤਾਂ ਅਖ਼ਬਾਰ ਦੀ ਹੁਨਰਮੰਦੀ ਦੀ ਕਸੌਟੀ ਮੰਨੀਆਂ ਜਾਂਦੀਆਂ ਹਨ ਤੇ ਪਾਠਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਜਦੋਂ ਸਾਡੇ ਅੰਦਰ ਸ਼ੈਤਾਨ ਤੇ ਦੇਵਤਾ ਦਾ ਮੱਲ-ਯੁੱਧ ਹੁੰਦਾ ਹੈ ਤਾਂ ਹਮੇਸ਼ਾਂ ਕੋਈ ਸਮਾਜਿਕ ਜਾਂ ਬੌਧਿਕ ਵਾਜਬੀਅਤ ਦੀ ਬਾਹਰੀ ਇਕਾਈ ਹੁੰਦੀ ਹੈ ਜੋ ਪਾਸਕੂ ਸਾਬਤ ਹੁੰਦੀ ਹੈ। ਇਹ ਅਖ਼ਬਾਰ ਹਮੇਸ਼ਾਂ ਕਾਨੂੰਨ ਆਧਾਰਿਤ ਸਮਾਜ, ਜਨਤਕ ਵਿਹਾਰ ਵਿਚ ਸਲੀਕੇ ਅਤੇ ਸਿਆਸੀ ਲੈਣ ਦੇਣ ਵਿਚ ਫਰਾਖ਼ਦਿਲੀ ਦਾ ਹਮਾਇਤੀ ਰਿਹਾ ਹੈ, ਪਰ ਇਸ ਦਾ ਹਰਗਿਜ਼ ਮਤਲਬ ਨਹੀਂ ਹੈ ਕਿ ਸੁਧਾਰ ਦੀ ਮੰਗ ਕਰਦੀਆਂ ਹੱਕੀ ਤਾਕਤਾਂ ਨੂੰ ਬਲ ਨਾ ਮਿਲੇ ਜਾਂ ਬੀਤੇ ਤੇ ਮੌਜੂਦਾ ਸਮਿਆਂ ਦੇ ਹਾਕਮਾਂ ਦੀ ਜਵਾਬਦੇਹੀ ਨਾ ਬਣਾਈ ਜਾਵੇ। ਅੱਤ ਦੇ ਮਾੜੇ ਗਵਰਨਰਾਂ ਬਾਰੇ ਸਵਾਲ ਉਠਾਉਂਦਿਆਂ ਵੀ ਸੁਧਾਰ ਦੀ ਭਾਸ਼ਾ ਹੋਣੀ ਚਾਹੀਦੀ ਹੈ ਨਾ ਕਿ ਇਨਕਲਾਬ ਵਾਲੀ, ਹਰ ਵਿਰੋਧੀ ਭਾਵੇਂ ਉਹ ਹੱਕਦਾਰ ਨਾ ਵੀ ਹੋਵੇ, ਨੂੰ ਪੂਰੀ ਨਿਮਰਤਾ ਤੇ ਮਾਣ-ਇੱਜ਼ਤ ਨਾਲ ਦੋਸ਼-ਪੱਤਰ ਸੌਂਪਿਆ ਜਾਵੇ।
ਜਦੋਂ ਬਸਤੀਵਾਦੀ ਧੌਂਸ ਸਿਰ ਚੜ੍ਹ ਕੇ ਬੋਲ ਰਹੀ ਸੀ ਤਾਂ ਪੰਜਾਬ ਦਾ ਲਾਟ ਸਾਬ੍ਹ ਸੂਬੇ ਦੇ ਲੋਕਾਂ ਵੱਲੋਂ ਆਪਣੇ ਹੱਕ ਜਤਾਉਣ ਬਦਲੇ ਉਨ੍ਹਾਂ ’ਤੇ ਜਬਰ ਢਾਹ ਰਿਹਾ ਸੀ ਤਾਂ ‘ਦਿ ਟ੍ਰਿਬਿਊਨ’ ਨੇ ਉਸ ਦਾ ਨਾਂ ਲਏ ਬਗ਼ੈਰ ਜਾਂ ਫਿਰ ਉਸ ਦੇ ਮਾਣ-ਤਾਣ ਨੂੰ ਕੋਈ ਢਾਹ ਲਾਏ ਬਗ਼ੈਰ ਉਸ ਦੀਆਂ ਕਾਰਵਾਈਆਂ ਨੂੰ ਮੂਰਖਤਾਈ ਕਰਾਰ ਦਿੱਤਾ ਸੀ: ‘ਸਾਨੂੰ ਵੱਡਾ ਇਤਰਾਜ਼ ਸਰ ਮਾਈਕਲ ਓ’ਡਵਾਇਰ ਦੀ ਵਾਦ ਵਿਵਾਦ ਦੀ ਉਸ ਭਾਵਨਾ ਤੇ ਹੈਂਕੜ ’ਤੇ ਹੈ। ਮਾਣਯੋਗ ਲਾਟ ਸਾਬ੍ਹ ਅਤੇ ਅਸੀਂ ਵੀ ਇਹ ਜਾਣਦੇ ਹਾਂ ਕਿ ਮਾਹੌਲ ਬਹੁਤ ਹੀ ਉਤੇਜਿਤ ਹੈ ਅਤੇ ਲੋਕਾਂ ਦੇ ਮਨਾਂ ’ਚ ਉਬਾਲ ਆਇਆ ਹੋਇਆ ਹੈ। ਅਜਿਹੇ ਮੌਕਿਆਂ ’ਤੇ ਇਕ ਸੂਝਵਾਨ ਸ਼ਾਸਕ ਨਰਮ ਲਫ਼ਜ਼ਾਂ ਨਾਲ ਲੋਕਾਂ ਦੇ ਮਨਾਂ ਵਿਚਲੇ ਸ਼ੰਕੇ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਜੇ ਕੋਈ ਕੁੜੱਤਣ ਤੋਂ ਕੰਮ ਲਵੇਗਾ ਤਾਂ ਇਹ ਲੋਕ ਰੋਹ ਹੋਰ ਮਘ ਪਵੇਗਾ।’ ਇਹ ਸੀ ਉਹ ਸੰਪਾਦਕੀ ‘ਦਗ਼ ਦਗ਼ ਕਰਦੀ ਨਾਸਮਝੀ’ ਜੋ 10 ਅਪਰੈਲ 1919 ਨੂੰ ਪ੍ਰਕਾਸ਼ਤ ਹੋਈ ਸੀ ਤੇ ਜਿਸ ਕਰ ਕੇ ਸ਼੍ਰੀ ਕਾਲੀਨਾਥ ਰੇਅ ਨੂੰ ਚਾਰ ਮਹੀਨਿਆਂ ਦੀ ਬਾਮੁਸ਼ੱਕਤ ਕੈਦ ਕੱਟਣੀ ਪਈ ਸੀ ਤੇ ਦੋ ਮਹੀਨਿਆਂ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਸੀ। ਇਸ ਦੇ ਬਾਵਜੂਦ 13 ਅਪਰੈਲ 1919 ਨੂੰ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਅਤੇ ਮਾਰਸ਼ਲ ਲਾਅ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਤੇ ਨਪੀੜੇ ਗਏ ਲੋਕਾਂ ਲਈ ਇਨਸਾਫ਼ ਲੈਣ ਲਈ ਉਨ੍ਹਾਂ ਦੀ ਜੱਦੋਜਹਿਦ ਬੇਰੋਕ ਜਾਰੀ ਰਹੀ ਹਾਲਾਂਕਿ ਉਨ੍ਹਾਂ ਦੇ ਮਨ ’ਚ ਜ਼ਾਤੀ ਬਦਲੇ ਜਾਂ ਵੈਰ ਦੀ ਕੋਈ ਭਾਵਨਾ ਨਹੀਂ ਸੀ। ਸ਼੍ਰੀ ਰੇਅ ਧੁਰ ਅੰਦਰ ਤਕ ਵਿਸ਼ਲੇਸ਼ਕ, ਤਰਕਸ਼ੀਲ ਅਤੇ ਸਭ ਤੋਂ ਵੱਧ ਨਿਰਪੱਖ ਸਨ। ਉਨ੍ਹਾਂ ਨਾਲ ਕੀਤੀ ਗਈ ਜ਼ਿਆਦਤੀ ਦਾ ਪ੍ਰਸ਼ਾਸਨ ਪ੍ਰਤੀ ਉਨ੍ਹਾਂ ਦੇ ਰਵੱਈਏ ’ਤੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਦੀਆਂ ਲਿਖਤਾਂ ’ਤੇ ਗਾਂਧੀਵਾਦੀ ਅਸੂਲਾਂ ਦੀ ਛਾਪ ਹੁੰਦੀ ਸੀ ਅਤੇ ਉਹ ਬੁਰੇ ਨੂੰ ਨਫ਼ਰਤ ਕਰਨ ਨਾਲੋਂ ਬੁਰਿਆਈ ਨੂੰ ਰੱਦਦੇ ਸਨ। ਸ੍ਰੀ ਰੇਅ ਦੀ ਨਜ਼ਰ ਵਿਚ ਗਾਂਧੀ ‘ਭਾਰਤੀ ਆਗੂਆਂ ’ਚੋਂ ਸਭ ਤੋਂ ਵੱਧ ਸੰਤਪੁਰਸ਼ ਸਨ… ਜਿਨ੍ਹਾਂ ਦੇ ਰੂਪ ਵਿਚ ਭਾਰਤੀ ਮਾਨਵਤਾ ਸਿਖਰ ’ਤੇ ਪਹੁੰਚ ਗਈ ਸੀ।’ ਉਂਜ, ਇਸ ਦੇ ਹੁੰਦੇ ਸੁੰਦੇ ਸ੍ਰੀ ਰੇਅ ਨੇ ਗਾਂਧੀ ਦੀ ਅਗਵਾਈ ਹੇਠ ਖਿਲਾਫ਼ਤ ਤੇ ਨਾਮਿਲਵਰਤਣ ਲਹਿਰਾਂ, ਖਾਸਕਰ ਸਿੱਖਿਆ ਸੰਸਥਾਵਾਂ ਦੇ ਬਾਈਕਾਟ ਦੇ ਸਿੱਟਿਆਂ ਦੀ ਨੁਕਤਾਚੀਨੀ ਕਰਨ ਦਾ ਫ਼ਰਜ਼ ਨਿਭਾਇਆ।
ਸ੍ਰੀ ਰੇਅ ਦੀਆਂ ਲਿਖਤਾਂ ਪੜ੍ਹਦਿਆਂ ਕਿਸੇ ਵਿਅਕਤੀ ਲਈ ਇਕ ਪੱਤਰਕਾਰ ਅਤੇ ਇਨਸਾਨ ਦੇ ਤੌਰ ’ਤੇ ਆਪਣੇ ਆਪ ਨੂੰ ਮੁੜ ਤਲਾਸ਼ਣ ਦਾ ਕਾਰਜ ਹੁੰਦਾ ਹੈ ਜੋ ਇਕ ਮਹਾਂ ਯੱਗ ਵਿਚ ਆਪਣੇ ਆਪ ਨੂੰ ਨੀਵਾਂ ਬਣਾ ਕੇ ਰੱਖਣ ਦਾ ਵਿਲੱਖਣ ਸਬਕ ਹੈ। ਦਰਅਸਲ, ਸ੍ਰੀ ਰੇਅ ਬੇਖੌਫ਼ ਮਨਾਂ ਵਾਲੀ ਉਸ ਪੀੜ੍ਹੀ ਦੀ ਤਰਜਮਾਨੀ ਕਰਦੇ ਸਨ ਜਿਸ ਨੇ ਆਪਣੇ ਨਿੱਤ ਦੇ ਕੰਮ ਧੰਦਿਆਂ ਦੇ ਫ਼ਰਜ਼ ਪੂਰੇ ਕਰਦਿਆਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਯੋਗਦਾਨ ਦਿੱਤਾ ਸੀ। ਸਾਲ 2019 ਵਿਚ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਦੇ ਸ਼ਤਾਬਦੀ ਸਮਾਰੋਹ ਦੌਰਾਨ ‘ਦਿ ਟ੍ਰਿਬਿਊਨ’ ਅਤੇ ਸ੍ਰੀ ਰੇਅ ਦੀਆਂ ਯਾਦਾਂ ਤਾਜ਼ਾ ਕਰਨਾ ਬਹੁਤ ਹੀ ਤਸੱਲੀ ਦਾ ਅਹਿਸਾਸ ਦਿੰਦਾ ਹੈ।
‘ਦਿ ਟ੍ਰਿਬਿਊਨ’ ਦੇ ਸਟਾਫ਼ ਦੇ ਜਬ੍ਹੇ ਦੀ ਕਹਾਣੀ ਵੀ ਓਨੀ ਹੀ ਪ੍ਰੇਰਨਾਦਾਇਕ ਹੈ ਜਿਸ ਨੂੰ ਦੇਸ਼ ਦੀ ਵੰਡ ਦੇ ਕਤਲੇਆਮ ਵੇਲੇ : ਲੱਖਾਂ ਦੇਸਵਾਸੀਆਂ ਵਾਂਗ ਹੀ ਲਾਹੌਰ ਛੱਡਣਾ ਪਿਆ ਸੀ ਤੇ ਮੁੜ ਸਿਫ਼ਰ ਤੋਂ ਸ਼ੁਰੂਆਤ ਕਰਨੀ ਪਈ ਸੀ। ਪ੍ਰਕਾਸ਼ ਆਨੰਦ ਨੇ ‘ਦਿ ਟ੍ਰਿਬਿਊਨ’ ਦਾ ਇਤਿਹਾਸ’ ਵਿਚ ਲਿਖਿਆ: ‘ਦਿ ਟ੍ਰਿਬਿਊਨ ਸਿਰਫ਼ ਆਪਣਾ ਨਾਮ ਲੈ ਕੇ ਆਇਆ ਸੀ।’ ਇਸ ਦੀ ਸਾਰੀ ਦੀ ਸਾਰੀ ਸਮੱਗਰੀ (ਬੈਂਕ ਜਮਾਂ ਪੂੰਜੀਆਂ ਤੇ ਸਰਕਾਰੀ ਬੌਂਡਾਂ ਦਾ ਤਾਂ ਕਹਿਣਾ ਹੀ ਕੀ) ਗੁਆਚ ਗਈ ਸੀ ਤੇ ਇਸ ਲਿਹਾਜ਼ ਤੋਂ ‘ਦਿ ਟ੍ਰਿਬਿਊਨ’ ਹਰ ਉਸ ਮਿਹਨਤਕਸ਼, ਇਮਾਨਦਾਰ ਸ਼ਰਨਾਰਥੀ ਦੀ ਕਹਾਣੀ ਹੈ ਜਿਸ ਨੇ ਇਕ ਵਾਰ ਫਿਰ ਨਵੇਂ ਸਿਰਿਓਂ ਆਪਣੀ ਜ਼ਿੰਦਗੀ ਖੜ੍ਹੀ ਕੀਤੀ ਸੀ। 1947 ਦੇ ਸਤੰਬਰ ਮਹੀਨੇ ਸ਼ਿਮਲੇ ਤੋਂ ਦੋ ਸਫ਼ਿਆਂ ਦੇ ਅਖ਼ਬਾਰ ਤੋਂ ਲੈ ਕੇ ਕੁਝ ਮਹੀਨਿਆਂ ਦੇ ਅੰਦਰ ਅੰਦਰ ਅੰਬਾਲੇ ਵਿਚ ਇਸ ਨੇ ਪੁਨਰਜਨਮ ਲਿਆ ਤੇ ਇਸ ਦੀ ਛਪਣਗਿਣਤੀ ਇਕ ਲੱਖ ਤੋਂ ਟੱਪ ਗਈ ਤੇ ਕੁਝ ਦਹਾਕਿਆਂ ਵਿਚ ਹੀ ਇਕ ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋ ਗਿਆ। ਇਹ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ ਹੈ। ਅਸਲ ਵਿਚ ਇਹ ਜੁਝਾਰੂ ਲੋਕਾਂ ਦੀ ਘਾਲਣਾ ਹੈ। ਇਕ ਅਜਿਹੀ ਪਰੀ ਕਹਾਣੀ ਜੋ ਜਿੰਨੀ ਵਾਰ ਦੁਹਰਾਈ ਜਾਵੇਗੀ ਓਨੀ ਹੀ ਲੰਮੇਰੀ ਹੁੰਦੀ ਜਾਂਦੀ ਹੈ।
*ਮੁੱਖ ਸੰਪਾਦਕ, ‘ਦਿ ਟ੍ਰਿਬਿਊਨ’।