ਡਾ. ਹਰਦੀਪ ਸਿੰਘ
ਜੱਸਾ ਸਿੰਘ ਆਹਲੂਵਾਲੀਆ ਮਹਾਨ ਯੋਧਾ, ਜਰਨੈਲ ਅਤੇ ਪੰਥ ਸੇਵਕ ਸਨ। ਨਵਾਬ ਕਪੂਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਮਗਰੋਂ ਸਮੁੱਚੇ ਪੰਥ ਨੇ ਇਕ ਮੱਤ ਹੋ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਦਾ ਸ਼੍ਰੋਮਣੀ ਜਥੇਦਾਰ ਪ੍ਰਵਾਨ ਕਰ ਲਿਆ। ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਮੁਖੀ ਤੇ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਦੇ ਜਥੇਦਾਰ ਵੀ ਰਹੇ।
ਜੱਸਾ ਸਿੰਘ ਦਾ ਜਨਮ 3 ਮਈ, 1718 ਈ. ਨੂੰ ਬਦਰ ਸਿੰਘ ਅਤੇ ਮਾਤਾ ਜੀਵਨ ਕੌਰ ਦੇ ਘਰ ਪਿੰਡ ਆਹਲੂ ਜ਼ਿਲ੍ਹਾ ਲਾਹੌਰ (ਮੌਜੂਦਾ ਪਾਕਿਸਤਾਨ) ਵਿਚ ਹੋਇਆ। 1722 ਵਿਚ ਪਿਤਾ ਦੇ ਦੇਹਾਂਤ ਮਗਰੋਂ ਜੱਸਾ ਸਿੰਘ ਆਪਣੀ ਮਾਤਾ ਜੀਵਨ ਕੌਰ ਨਾਲ ਮਾਤਾ ਸੁੰਦਰ ਕੌਰ ਜੀ ਕੋਲ ਦਿੱਲੀ ਚਲੇ ਗਏ ਅਤੇ ਕਰੀਬ 7 ਸਾਲ ਉਨ੍ਹਾਂ ਦੀ ਸੇਵਾ ਵਿਚ ਰਹੇ। ਇੱਥੇ ਹੀ ਜੱਸਾ ਸਿੰਘ ਨੇ ਕੀਰਤਨ ਤੇ ਗੁਰਬਾਣੀ ਦੀ ਅਸੀਸ ਪ੍ਰਾਪਤ ਕੀਤੀ।
ਉਨ੍ਹਾਂ ਮਾਤਾ ਸੁੰਦਰੀ ਜੀ ਦੀ ਸਰਪ੍ਰਸਤੀ ਹੇਠ ਹੀ ਸਿੱਖ ਵਿਚਾਰਧਾਰਾ, ਆਤਮਿਕ ਤੇ ਸਮਾਜਿਕ ਪੱਖਾਂ ’ਤੇ ਬਹੁਪੱਖੀ ਸਿੱਖਿਆ ਅਤੇ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਦਿੱਲੀ ਤੋਂ ਚੱਲਣ ਸਮੇਂ ਮਾਤਾ ਸੁੰਦਰੀ ਜੀ ਨੇ ਬਾਲਕ ਜੱਸਾ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕਰ ਕਮਲਾਂ ਦੀ ਛੋਹ ਪ੍ਰਾਪਤ ਤਲਵਾਰ, ਸ਼ਸਤਰ, ਤੀਰਾਂ ਦਾ ਭੱਥਾ, ਕਮਾਨ, ਢਾਲ, ਪੁਸ਼ਾਕਾ, ਇਕ ਚਾਂਦੀ ਦੀ ਚੋਬ ਆਦਿ ਭੇਟ ਕੀਤੇ। ਇਸ ਮਗਰੋਂ ਮਾਂ, ਪੁੱਤਰ ਤੇ ਮਾਮਾ ਬਾਘ ਸਿੰਘ ਹਲੋਵਾਲੀਆ ਕਰਤਾਰਪੁਰ (ਜਲੰਧਰ) ਵਿਚ ਜਥੇਦਾਰ ਨਵਾਬ ਕਪੂਰ ਸਿੰਘ ਕੋਲ ਪਹੁੰਚ ਗਏ। ਨਵਾਬ ਕਪੂਰ ਸਿੰਘ ਜੱਸਾ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਮਾਤਾ ਜੀਵਨ ਕੌਰ ਨੂੰ ਜੱਸਾ ਸਿੰਘ ਨੂੰ ਆਪਣੇ ਕੋਲ ਹੀ ਰਹਿਣ ਦੇਣ ਲਈ ਆਖਿਆ। ਇਸ ਮਗਰੋਂ ਭੈਣ-ਭਰਾ ਨੇ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਨੂੰ ਸੌਂਪ ਦਿੱਤਾ। ਜੱਸਾ ਸਿੰਘ ਕਹਿਣੀ ਦੇ ਪੂਰੇ ਅਤੇ ਕਥਨੀ ਦੇ ਸੂਰੇ ਸਨ। ਮਗਰੋਂ ਇਹੋ ਜੱਸਾ ਸਿੰਘ, ਨਵਾਬ ਕਪੂਰ ਸਿੰਘ ਦੇ ‘ਧਰਮ ਪੁੱਤਰ’ ਵਜੋਂ ਪ੍ਰਸਿੱਧ ਹੋਏ।
ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਘੋੜ ਸਵਾਰੀ, ਤੇਗ ਜੌਹਰ, ਨੇਜਾਬਾਜ਼ੀ ਤੇ ਤੀਰਕਮਾਨ ਆਦਿ ਦੀ ਬਰੀਕੀ ਨਾਲ ਸਿੱਖਿਆ ਦਿਵਾਈ। ਜੱਸਾ ਸਿੰਘ ਇਸ ਸਿਖਲਾਈ ਦੇ ਨਾਲ ਦੀਵਾਨਾਂ ਵਿਚ ਸੰਗਤ ਨੂੰ ਪੱਖਾ ਝੱਲਣ ਤੇ ਭਾਂਡੇ ਸਾਫ਼ ਕਰਨ ਦੀ ਸੇਵਾ ਵੀ ਖੂਬ ਕਰਦੇ। ਜੱਸਾ ਸਿੰਘ ਜਵਾਨ ਹੋਏ ਤਾਂ ਨਵਾਬ ਕਪੂਰ ਸਿੰਘ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਖ਼ਾਲਸੇ ਦੀ ਰਹਿਤ ਵਿਚ ਪਰਪੱਕ ਰਹਿਣ ਲਈ ਪ੍ਰੇਰਿਆ। ਉਪਰੰਤ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਘੋੜਿਆਂ ਨੂੰ ਖੁਰਾਕ ਦੇਣ ਦੀ ਸੇਵਾ ਸੌਂਪ ਦਿੱਤੀ, ਜਿਹੜੀ ਉਨ੍ਹਾਂ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਈ। ਆਹਲੂਵਾਲੀਆ ਕਈ ਮੁਹਿੰਮਾਂ ਵਿੱਚ ਨਵਾਬ ਕਪੂਰ ਸਿੰਘ ਨਾਲ ਹੀ ਰਹੇ ਅਤੇ ਜਿੱਤਾਂ ਹਾਸਲ ਕਰਦੇ ਰਹੇ। 1738 ਈ: ਦੇ ਕਰੀਬ ਉਹ ‘ਸਿੱਖ ਸਰਦਾਰਾਂ’ ਦੀ ਪਹਿਲੀ ਕਤਾਰ ’ਚ ਸ਼ਾਮਲ ਹੋ ਗਏ। ਜੱਸਾ ਸਿੰਘ ਨੇ ਜਿੱਥੇ ਅਫ਼ਗਾਨੀਆਂ ਵਿਰੁੱਧ ਯੁੱਧ ਜਿੱਤੇ ਉੱਥੇ ਹੀ 1761 ਵਿਚ ਅਹਿਮਦ ਸ਼ਾਹ ਅਬਦਾਲੀ ਕੋਲੋਂ 2200 ਹਿੰਦੂ ਲੜਕੀਆਂ ਨੂੰ ਛੁਡਾ ਕੇ ਘਰੋ-ਘਰੀ ਪਹੁੰਚਾਇਆ। ਜਦੋਂ 1761 ਵਿਚ ਲਾਹੌਰ ਦੇ ਹਾਕਮ ਖੁਆਜਾ ਊਬੈ ਦੁੱਲਾ ਨੂੰ ਗੁਜਰਾਂਵਾਲਾ ’ਤੇ ਹਮਲਾ ਕਰਨ ਗਏ ਨੂੰ ਹਰਾ ਕੇ ਜੱਸਾ ਸਿੰਘ ਦੀ ਕਮਾਨ ਹੇਠ ਸਿੱਖ ਫ਼ੌਜਾਂ ਲਾਹੌਰ ਵਿਚ ਦਾਖ਼ਲ ਹੋਈਆਂ, ਤਾਂ ਸਿੰਘਾਂ ਨੇ ਜਿੱਤ ਦੀ ਖੁਸ਼ੀ ਵਿਚ ਜੱਸਾ ਸਿੰਘ ਆਹਲੂਵਾਲੀਆ ਨੂੰ ‘ਪਾਤਸ਼ਾਹ’ ਦਾ ਲਕਬ ਦੇ ਦਿੱਤਾ। ਉਹ ਖ਼ਾਲਸੇ ਦਾ ‘ਸ਼੍ਰੋਮਣੀ ਸਰਦਾਰ’ ਅਤੇ ‘ਸੁਲਤਾਨ-ਉਲ-ਕੌਮ’ ਬਣ ਗਏ। ਸਿੱਖ ਮਿਸ਼ਨਰੀ ਕਾਲਜ ਦੇ ਮਾਸਿਕ ਪੱਤਰ ‘ਸਿੱਖ ਫੁਲਵਾੜੀ’ ਵਿਚਲੇ ਲੇਖ ‘ਸ. ਜੱਸਾ ਸਿੰਘ ਆਹਲੂਵਾਲੀਆ ਪਿਛੋਕੜ ਅਤੇ ਮੁੱਢਲਾ ਜੀਵਨ’ ਅਨੁਸਾਰ, ‘‘ਮਗਰੋਂ ਜੱਸਾ ਸਿੰਘ ਨੇ ਸਿੱਖਾਂ ਦੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਸਿੱਖ ਗੁਰੂ ਸਾਹਿਬਾਨ ਦੇ ਨਾਂ ਦੇ ਸਿੱਕੇ ਜਾਰੀ ਕੀਤੇ। ਸਿੱਕੇ ਦੇ ਇਕ ਪਾਸੇ ਇਹ ਉਕਰਿਆ ਹੋਇਆ ਸੀ:
ਦੇਗ ਤੇਗ ਫਤਹਿ ਵ ਨੁਸਰਤ ਬੇਦਰੰਗ॥
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ॥
ਪਿਛਲੇ ਪਾਸੇ ਇਹ ਸ਼ਬਦ ਉਕਾਰੇ ਗਏ:
ਸਿੱਕਾ ਮਾਰਿਆ ਰਾਜਧਾਨੀ ਲਾਹੌਰ ਸੰਮਤ 1822
ਇਹ ਹੀ ਸਿੱਕਾ ਮਿਸਲਦਾਰ ਸਰਦਾਰਾਂ ਨੇ ਹਰ ਥਾਂ ਜਾਰੀ ਕੀਤਾ ਅਤੇ ਇਸੇ ਨੂੰ ਹੀ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ (1799-1839) ਨੇ ਵੀ ਜਾਰੀ ਰੱਖਿਆ। ਸਿਰਫ ਸਿੱਕਾ ਮਾਰਨ ਦਾ ਸਥਾਨ ਅਤੇ ਸੰਮਤ ਹੀ ਲੋੜ ਅਨੁਸਾਰ ਬਦਲਦਾ ਗਿਆ।’’
ਜੱਸਾ ਸਿੰਘ ਆਹਲੂਵਾਲੀਆ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇ ਜਥੇਦਾਰ ਬਣੇ ਤੇ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਵੀ ਸੇਵਾ ਨਿਭਾਈ। ਇਤਿਹਾਸਕਾਰਾਂ ਅਨੁਸਾਰ 5 ਫਰਵਰੀ, 1762 ਈ: ਨੂੰ ਮਾਲੇਰਕੋਟਲੇ ਨੇੜੇ ਕੁੱਪ ਰੁਹੀੜੇ ਦੇ ਸਥਾਨ ’ਤੇ ਵਾਪਰੇ ਵੱਡੇ ਘੱਲੂਘਾਰੇ ਵਿਚ ਜੱਸਾ ਸਿੰਘ ਨੇ ਬੜੀ ਦਲੇਰੀ ਤੇ ਸਮਝਦਾਰੀ ਨਾਲ ਕੌਮ ਦੀ ਅਗਵਾਈ ਕੀਤੀ ਤੇ ਇਸ ਖ਼ੂਨੀ ਸਾਕੇ ਦੌਰਾਨ ਜੱਸਾ ਸਿੰਘ ਦੇ ਸਰੀਰ ’ਤੇ ਦੋ ਦਰਜਨ ਤੋਂ ਵੱਧ ਜ਼ਖ਼ਮ ਹੋਏ।
17 ਜਨਵਰੀ, 1767 ਵਿਚ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਂ ਦੀ 15,000 ਫ਼ੌਜ ’ਤੇ ਜੱਸਾ ਸਿੰਘ ਆਹਲੂਵਾਲੀਆ ਨੇ ਅੰਮ੍ਰਿਤਸਰ ਨੇੜੇ ਹਮਲਾ ਕਰ ਦਿੱਤਾ। ਜਦੋਂ ਇਸੇ ਹੀ ਵਰ੍ਹੇ ਬਘੇਲ ਸਿੰਘ ਨੇ ਪਟਿਆਲੇ ’ਤੇ ਕਬਜ਼ਾ ਕਰਨ ਦੀ ਧਮਕੀ ਦਿੱਤੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਉਥੇ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ।
ਜੱਸਾ ਸਿੰਘ ਅਹਲੂਵਾਲੀਆ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਲਈ 9 ਲੱਖ ਰੁਪਏ ਭੇਟ ਕੀਤੇ। ਇਕ ਹੋਰ ਇਤਿਹਾਸਕ ਘਟਨਾ ਸਾਹਮਣੇ ਆਉਂਦੀ ਹੈ ਕਿ ਇਸ ਸਮੇਂ ਨੌਸ਼ਹਿਰਾ ਪੰਨੂਆਂ (ਅਜੋਕਾ ਜ਼ਿਲ੍ਹਾ ਤਰਨ ਤਾਰਨ) ਦੇ ਚੌਧਰੀ ਰਾਏ, ਜਿਸ ਕੋਲ ਹਰਿਮੰਦਰ ਸਾਹਿਬ ਦੀ ਜ਼ਮੀਨ ਗਿਰਵੀ ਸੀ, ਨੂੰ ਤਿੰਨ ਲੱਖ ਰੁਪਏ ਦੇ ਕੇ ਜੱਸਾ ਸਿੰਘ ਨੇ ਸਿੱਖ ਪੰਥ ਉੱਤੋਂ ਵੱਡਾ ਭਾਰ ਉਤਾਰਿਆ।
11 ਮਾਰਚ, 1783 ਈ: ਨੂੰ ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ, ਭਾਗ ਸਿੰਘ ਅਤੇ ਗੁਰਦਿੱਤ ਸਿੰਘ ਨੇ ਮਿਲ ਕੇ ਦਿੱਲੀ ਦੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਲਹਿਰਾਇਆ ਤੇ ਜੱਸਾ ਸਿੰਘ ਆਹਲੂਵਾਲੀਆ ਨੂੰ ‘ਪੰਥ ਦਾ ਪਾਤਸ਼ਾਹ’ ਐਲਾਨਿਆ ਗਿਆ। 20 ਅਕਤੂਬਰ, 1783 ਈ: ਨੂੰ ਕੌਮ ਦੇ ਤੇਜ ਤਪ ਨੂੰ ਬੁਲੰਦੀਆਂ ’ਤੇ ਪਹੁੰਚਾ ਕੇ ਆਖ਼ਰ ਜੱਸਾ ਸਿੰਘ ਆਹਲੂਵਾਲੀਆ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋ ਗਏ। ਉਨ੍ਹਾਂ ਦਾ ਸਸਕਾਰ ਅੰਮ੍ਰਿਤਸਰ ਵਿਖੇ ਕੀਤਾ ਗਿਆ। ਜੱਸਾ ਸਿੰਘ ਆਹਲੂਵਾਲੀਆ ਦਾ ਅੰਗੀਠਾ ਬਾਕੀ ਸਰਦਾਰਾਂ ਦੇ ਨਾਲ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ (ਅੰਮ੍ਰਿਤਸਰ) ਦੀ ਪਰਿਕਰਮਾ ’ਚ ਬਣਿਆ ਹੋਇਆ ਹੈ। ਜੱਸਾ ਸਿੰਘ ਦੀ ਪੰਜਾਬ ਨੂੰ ਸਭ ਤੋਂ ਵੱਡੀ ਦੇਣ ਦੇਸ਼ੀ ਅਤਿਆਚਾਰੀਆਂ ਤੇ ਵਿਦੇਸ਼ੀ ਜਾਬਰਾਂ ਤੋਂ ਆਜ਼ਾਦੀ ਦਿਵਾਉਣਾ ਸੀ, ਜਿਸ ’ਚ ਉਨ੍ਹਾਂ ਨੇ ਦਲ ਖ਼ਾਲਸਾ ਤੇ ਸਿੱਖ ਮਿਸਲਾਂ ਦੇ ਮੋਹਰੇਦਾਰ ਦੀ ਹੈਸੀਅਤ ’ਚ ਸੇਵਾ ਕਰ ਕੇ ਕਾਮਯਾਬੀ ਹਾਸਲ ਕੀਤੀ ਸੀ।
ਸੰਪਰਕ: 94633-64992