ਸਰਬਜੀਤ ਸਿੰਘ ਵਿਰਕ ਐਡਵੋਕੇਟ
ਸੰਨ 1981 ਵਿਚ ਤਿੰਨ ਇਨਕਲਾਬੀ ਵੀਰਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 50ਵੇਂ ਸ਼ਹੀਦੀ ਦਿਹਾੜੇ ’ਤੇ ਸਮਾਗਮ ਹੋਏ। ਇਸ ਉਪਰਾਲੇ ਨਾਲ ਜਿੱਥੇ ਆਜ਼ਾਦੀ ਸੰਗਰਾਮ ਪਿੱਛੋਂ ਆਈਆਂ ਨਸਲਾਂ ਨੂੰ ਇਨ੍ਹਾਂ ਯੋਧਿਆਂ ਦੀਆਂ ਘਾਲਣਾਵਾਂ ਅਤੇ ਕੁਰਬਾਨੀਆਂ ਬਾਰੇ ਪਤਾ ਲੱਗਾ, ਉਥੇ ਹੀ ਇਸ ਗੱਲ ਦੀ ਜ਼ਰੂਰੀ ਲੋੜ ਵੀ ਮਹਿਸੂਸ ਕੀਤੀ ਗਈ ਕਿ ਦੇਸ਼ ਵਾਸੀਆਂ, ਖ਼ਾਸਕਰ ਨੌਜਵਾਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪ੍ਰਫੁੱਲਤ ਕਰਨ ਲਈ ਇਨ੍ਹਾਂ ਸ਼ਹੀਦਾਂ ਨਾਲ ਸਬੰਧਤ ਸਾਹਿਤ ਨੂੰ ਖੋਜਿਆ ਜਾਵੇ ਅਤੇ ਇਕੱਠਾ ਕਰਕੇ ਛਾਪਿਆ ਜਾਵੇ। ਇਸ ਪਿੱਛੋਂ ਉਸ ਸਮੇਂ ਦੇ ਅਖ਼ਬਾਰਾਂ, ਰਸਾਲਿਆਂ, ਅਦਾਲਤਾਂ ਦੇ ਰਿਕਾਰਡ ਅਤੇ ਲਾਇਬਰੇਰੀਆਂ ਨੂੰ ਛਾਣਨ ਅਤੇ ਨਾਲ ਹੀ ਇਨ੍ਹਾਂ ਸ਼ਹੀਦਾਂ ਦੇ ਦੋਸਤਾਂ, ਸਬੰਧੀਆਂ ਤੇ ਹੋਰ ਲੋਕਾਂ ਕੋਲੋਂ ਉਨ੍ਹਾਂ ਦੀਆਂ ਲਿਖਤਾਂ ਬਾਰੇ ਪਤਾ ਕਰਨ ਦਾ ਰੁਝਾਨ ਸਾਹਮਣੇ ਆਇਆ। ਇਨ੍ਹਾਂ ਹੀ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਮਹੱਤਵਪੂਰਣ ਲਿਖਤਾਂ ਸਾਹਮਣੇ ਆਉਣ ਲੱਗੀਆਂ। ਇਸੇ ਲੜੀ ਵਿਚ ਸੰਨ 1986 ਵਿਚ ‘ਭਗਤ ਸਿੰਘ ਔਰ ਉਨਕੇ ਸਾਥੀਓਂ ਕੇ ਦਸਤਾਵੇਜ਼’ ਨਾਂ ਦੀ ਕਿਤਾਬ ਪ੍ਰੋ. ਜਗਮੋਹਨ ਸਿੰਘ ਅਤੇ ਪ੍ਰੋ. ਚਮਨ ਲਾਲ ਦੀ ਘਾਲਣਾ ਦੇ ਸਿੱਟੇ ਵਜੋਂ ਛਪੀ। ਇਸੇ ਸਮੇਂ ਹੀ ਅਮਰਜੀਤ ਚੰਦਨ ਨੇ ਭਗਤ ਸਿੰਘ ਦੀਆਂ ਕੁਝ ਲਿਖਤਾਂ ਪਾਠਕਾਂ ਦੀ ਨਜ਼ਰ ਕੀਤੀਆਂ। ਇਸ ਤੋਂ ਬਾਅਦ ਤਾਂ ਸੁਤੰਤਰਤਾ ਸੰਗਰਾਮ ਦੇ ਨਾਇਕਾਂ ਨੂੰ ਜਿਵੇਂ ਕਿਤਾਬਾਂ ਰਾਹੀਂ ਸ਼ਰਧਾਂਜਲੀ ਭੇਟ ਕਰਨ ਦਾ ਹੜ੍ਹ ਆ ਗਿਆ ਹੋਵੇ।
ਭਗਤ ਸਿੰਘ ਨੂੰ ਰਾਜਸੀ ਜੀਵਨ ਵਿਚ ਸੱਤ-ਅੱਠ ਸਾਲ ਹੀ ਸੰਘਰਸ਼ ਕਰਨ ਦਾ ਮੌਕਾ ਮਿਲਿਆ, ਜਿਸ ’ਚੋਂ ਤਿੰਨ ਸਾਲ ਉਨ੍ਹਾਂ ਜੇਲ੍ਹ ਵਿਚ ਹੀ ਗ਼ੁਜ਼ਰੇ। ਇਨ੍ਹਾਂ ਤਿੰਨਾਂ ਸਾਲਾਂ ਵਿਚ ਇਕ ਵੀ ਦਿਨ ਅਜਿਹਾ ਨਹੀਂ ਹੋਵੇਗਾ, ਜਿਸ ਦਿਨ ਭਗਤ ਸਿੰਘ ਜਾਂ ਉਨ੍ਹਾਂ ਦੇ ਸਾਥੀਆਂ ਦੀ ਚਰਚਾ ਸਥਾਨਕ ਅਤੇ ਕੌਮੀ ਅਖ਼ਬਾਰਾਂ ਵਿਚ ਨਾ ਹੋਈ ਹੋਵੇ। ਸਕੂਲ ਸਮੇਂ ਤੋਂ ਹੀ ਉਨ੍ਹਾਂ ਦੇ ਵਿਚਾਰਾਂ ਵਿਚ ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਦੀ ਭਾਵਨਾ ਸ਼ਾਮਲ ਹੋ ਚੁੱਕੀ ਸੀ, ਜਿਸ ਦੇ ਪ੍ਰਭਾਵ ਹੇਠ ਉਹ 1919 ਦੀ ਵਿਸਾਖੀ ਵੇਲੇ ਜਨਰਲ ਰੇਗੀਨਾਲਡ ਹੈਰੀ ਡਾਇਰ ਵੱਲੋਂ ਕੀਤੇ ਭਿਆਨਕ ਕਤਲੇਆਮ ਪਿੱਛੋਂ ਜੱਲ੍ਹਿਆਂਵਾਲਾ ਬਾਗ਼ ਪਹੁੰਚੇ ਅਤੇ ਉਨ੍ਹਾਂ ਸ਼ਹੀਦਾਂ ਦੀ ਲਹੂ ਭਿੱਜੀ ਮਿੱਟੀ ਨੂੰ ਸਾਹਮਣੇ ਰੱਖ ਕੇ ਆਪਣਾ ਜੀਵਨ ਦੇਸ਼ ਨੂੰ ਸਮਰਪਿਤ ਕਰਨ ਦਾ ਅਹਿਦ ਕੀਤਾ। ਦੇਸ਼ ਭਗਤੀ ਦੀ ਇਸੇ ਲਗਨ ’ਚ ਉਨ੍ਹਾਂ ਦੇਸ਼ਾਂ-ਵਿਦੇਸ਼ਾਂ ਦੀਆਂ ਆਜ਼ਾਦੀ ਅਤੇ ਇਨਕਲਾਬੀ ਲਹਿਰਾਂ ਬਾਰੇ ਪੜ੍ਹਨਾ ਸ਼ੁਰੂ ਕੀਤਾ। ਆਪਣੇ ਪੜ੍ਹੇ ਹੋਏ ਗਿਆਨ ਨੂੰ ਲੋਕਾਂ ਤੱਕ ਪੁਚਾਉਣ ਲਈ ਉਨ੍ਹਾਂ ਅਖ਼ਬਾਰਾਂ ਤੇ ਰਸਾਲਿਆਂ ਵਿਚ ਲੇਖ ਛਪਵਾਉਣੇ ਸ਼ੁਰੂ ਕੀਤੇ। ਇਨ੍ਹਾਂ ਲੇਖਾਂ ਨੇ ਸਾਡੇ ਸਮਾਜ ਵਿਚ ਨਵੀਂ ਜਾਗਰੂਕਤਾ ਲਿਆਂਦੀ ਅਤੇ ਲੋਕ ਆਪਣੇ ਜਾਤ-ਪਾਤ ਤੇ ਮਜ਼ਹਬੀ ਵਖਰੇਵਿਆਂ ਤੋਂ ਉਪਰ ਉੱਠ ਕੇ ਅਤੇ ਨਿੱਜੀ ਮੁਫ਼ਾਦਾਂ ਨੂੰ ਛੱਡ ਕੇ ਆਜ਼ਾਦੀ ਲਹਿਰ ਵਿਚ ਕੁੱਦਣ ਲੱਗੇ।
ਭਗਤ ਸਿੰਘ ਦਾ ਪਹਿਲਾ ਗੰਭੀਰ ਵਿਸ਼ੇ ’ਤੇ ਲਿਖਿਆ ਲੇਖ ‘ਪੰਜਾਬ ਮੇਂ ਭਾਸ਼ਾ ਔਰ ਲਿਪੀ ਕੀ ਸਮੱਸਯਾ’ ਹੈ। ਇਹ ਉਨ੍ਹਾਂ 1923 ਵਿਚ ਲਿਖਿਆ, ਜਦੋਂ ਉਹ 16 ਵਰ੍ਹਿਆਂ ਦੇ ਸਨ। ਇਸ ਲੇਖ ਤੋਂ ਪਤਾ ਲੱਗਦਾ ਹੈ ਕਿ ਉਹ ਪੰਜਾਬ ’ਚ ਭਾਸ਼ਾ ਅਤੇ ਲਿਪੀ ਦੇ ਆਧਾਰ ’ਤੇ ਲੋਕਾਂ ਦੇ ਦਿਲਾਂ ਵਿਚ ਪਨਪ ਰਹੀ ਵੰਡ ਅਤੇ ਨਫ਼ਰਤ ਦਾ ਦਰਦ ਕਿੰਨੀ ਸ਼ਿੱਦਤ ਨਾਲ ਮਹਿਸੂਸ ਕਰ ਰਹੇ ਸਨ। ਇਸ ਲੇਖ ਵਿਚ ਉਨ੍ਹਾਂ ਸਾਰੇ ਪੰਜਾਬੀਆਂ ਨੂੰ ਆਪਣੇ ਮਜ਼ਹਬੀ, ਜਾਤੀ, ਅਤੇ ਖੇਤਰੀ ਭੇਦ ਭਾਵ ਭੁਲਾ ਕੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਅਪਣਾਉਣ ਉਤੇ ਜ਼ੋਰ ਦਿੱਤਾ ਸੀ। ਭਗਤ ਸਿੰਘ ਨੇ ਤਰਕ ਦਿੱਤਾ ਸੀ ਕਿ ਉਹ ਭਾਸ਼ਾ ਹੀ ਰਾਜ, ਕੰਮਕਾਰ ਤੇ ਸਿੱਖਿਆ ਦਾ ਮਾਧਿਮਅ ਹੋਣੀ ਚਾਹੀਦੀ ਹੈ, ਜਿਸ ’ਚ ਲੋਕ ਆਪਣੀ ਗੱਲ ਚੰਗੀ ਤਰ੍ਹਾਂ ਸਮਝ ਅਤੇ ਸਮਝਾ ਸਕਣ।
ਪੰਜਾਬੀ ਨੂੰ ਸਾਰੀਆਂ ਧਿਰਾਂ ਵੱਲੋਂ ਦਿਲੋਂ ਨਾ ਅਪਣਾਏ ਜਾਣ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਭਗਤ ਸਿੰਘ ਨੇ ਲਿਖਿਆ,‘‘ਸਾਨੂੰ ਇਹ ਹੀ ਦੁੱਖ ਹੈ ਕਿ ਐਨੀ ਮਿੱਠੀ, ਪਿਆਰੀ ਤੇ ਮੰਤਰ-ਮੁਗਧ ਕਰ ਦੇਣ ਵਾਲੀ ਭਾਸ਼ਾ ਪੰਜਾਬੀਆਂ ਨੇ ਕਿਉਂ ਨਹੀਂ ਅਪਣਾਈ। ਵੱਡੀ ਸਮੱਸਿਆ ਇਹ ਹੈ ਕਿ ਉਹ ਹੁਣ ਵੀ ਨਹੀਂ ਅਪਣਾ ਰਹੇ। ਹਰ ਕੋਈ ਆਪਣੀ ਦਲੀਲ ਪਿੱਛੇ ਧਰਮ ਦਾ ਡੰਡਾ ਲੈ ਕੇ ਖੜ੍ਹਾ ਹੈ।’’
ਭਗਤ ਸਿੰਘ ਦੇ ਜਵਾਨੀ ਦੀ ਉਮਰੇ ਲਿਖੇ ਦੋ ਹੋਰ ਲੇਖ ਵੀ ਮਹੱਤਵਪੂਰਣ ਵਿਸ਼ਿਆਂ ’ਤੇ ਹੋਣ ਕਾਰਨ ਚਰਚਾ-ਯੋਗ ਹਨ। ਇਹ ਲੇਖ ‘ਵਿਸ਼ਵ ਪ੍ਰੇਮ’ ਅਤੇ ‘ਯੁਵਕ’ ਹਨ, ਜੋ ਕ੍ਰਮਵਾਰ 1924 ਅਤੇ 1925 ਵਿਚ ਲਿਖੇ ਗਏ। 17-18 ਵਰ੍ਹਿਆਂ ਦੀ ਉਮਰੇ ਲਿਖੇ ਇਹ ਲੇਖ ਸਮਾਜ ਪ੍ਰਤੀ ਭਗਤ ਸਿੰਘ ਦੇ ਗੰਭੀਰ ਚਿੰਤਨ ਨੂੰ ਦਰਸਾਉਂਦੇ ਹਨ। ‘ਵਿਸ਼ਵ ਪ੍ਰੇਮ’ ਵਿਚ ਉਹ ਭਾਰਤ ਅਤੇ ਦੁਨੀਆਂ ਦੇ ਲੋਕਾਂ ਨੂੰ ਅਜਿਹੇ ਸਮਾਜ ਦੀ ਸਥਾਪਨਾ ਕਰਨ ਦਾ ਉਦੇਸ਼ ਸਾਹਮਣੇ ਰੱਖ ਕੇ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਹਨ, ਜਿਸ ਨਾਲ ਸਾਰੇ ਆਪਸੀ ਝਗੜੇ ਮੁੱਕ ਜਾਣ ਅਤੇ ਹਰ ਇੱਕ ਦੇ ਜੀਵਨ ਵਿਚ ਸੱਚੀ ਖ਼ੁਸ਼ੀ ਪ੍ਰਵੇਸ਼ ਕਰ ਸਕੇ। ਉਹ ਅਖੌਤੀ ਵਿਸ਼ਵ-ਪ੍ਰੇਮੀਆਂ ’ਤੇ ਚੋਟ ਕਰਦੇ ਹੋਏ ਕਹਿੰਦੇ ਹਨ ਕਿ ਸਿਰਫ ਗੱਲਾਂ ਨਾਲ ਇਹ ਆਦਰਸ਼ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਪ੍ਰਾਪਤ ਕਰਨ ਲਈ ਵੱਡੀ ਘਾਲਣਾ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਲਿਖਿਆ, ‘‘ਨਿਰਬਲ ਲੋਕਾਂ ਨੂੰ ਬਲ, ਗ਼ੁਲਾਮਾਂ ਨੂੰ ਆਜ਼ਾਦੀ, ਅਨਪੜ੍ਹਾਂ ਨੂੰ ਸਿੱਖਿਆ, ਬੇਆਸਿਆਂ ਨੂੰ ਆਸ, ਭੁੱਖਿਆਂ ਨੂੰ ਰੋਟੀ, ਬੇਘਰਾਂ ਨੂੰ ਘਰ, ਬੇਵਿਸ਼ਵਾਸਿਆਂ ਨੂੰ ਵਿਸ਼ਵਾਸ ਅਤੇ ਅੰਧਵਿਸ਼ਵਾਸੀਆਂ ਨੂੰ ਵਿਚਾਰਾਂ ਦੀ ਆਜ਼ਾਦੀ ਦੇਣੀ ਪਵੇਗੀ। ਕੀ ਲੋਕ ਇਹ ਕੰਮ ਕਰ ਸਕਣਗੇ? ਐ ਵਿਸ਼ਵ ਭਰਾਤਰੀਭਾਵ ਦਾ ਰਾਗ ਅਲਾਪਣ ਵਾਲਿਓ ਕੀ ਤੁਸੀਂ ਇਨ੍ਹਾਂ ਗੱਲਾਂ ਲਈ ਤਿਆਰ ਹੋ?’’
‘ਯੁਵਕ’ ਲੇਖ ਦੀ ਖ਼ੂਬਸੂਰਤੀ ਇਹ ਹੈ ਕਿ ਜਵਾਨੀ ਦੀ ਗੱਲ ਕਰਦਿਆਂ ਭਗਤ ਸਿੰਘ ਨੇ ਅਲੰਕਾਰਾਂ ਤੇ ਦ੍ਰਿਸ਼ਟਾਂਤਾਂ ਦੀ ਝੜੀ ਲਾ ਦਿੱਤੀ। ਉਨ੍ਹਾਂ ਜਵਾਨੀ ਦੇ ਸਮੇਂ ਨੂੰ ਮਨਮੋਹਕ ਸ਼ਬਦਾਂ ਨਾਲ ਸਜਾ ਕੇ ਬਿਆਨ ਕੀਤਾ ਹੈ, ਜੋ ਇਸ ਅਵਸਥਾ ਦੀ ਰੰਗੀਨੀ ਅਤੇ ਜੋਸ਼ ਨੂੰ ਦੁੱਗਣਾ ਕਰਕੇ ਪਾਠਕ ਨੂੰ ਭਾਵ-ਵਿਭੋਰ ਕਰ ਦਿੰਦੇ ਹਨ। ਭਗਤ ਸਿੰਘ ਲਿਖਦੇ ਹਨ, ‘‘ਇਹ ਵੇਲਾ ਆਉਣ ’ਤੇ ਮਨੁੱਖ ਅਕਸਰ ਆਪੇ ਵਿਚ ਨਹੀਂ ਰਹਿੰਦਾ। ਉਸ ਨੂੰ ਹਜ਼ਾਰਾਂ ਬੋਤਲਾਂ ਦਾ ਨਸ਼ਾ ਹੋਇਆ ਮਹਿਸੂਸ ਹੁੰਦਾ ਹੈ। ਕੁਦਰਤ ਦੀਆਂ ਦਿੱਤੀਆਂ ਸਾਰੀਆਂ ਸ਼ਕਤੀਆਂ ਇਸ ਬਹਾਰ ਉਮਰੇ ਸੈਂਕੜੇ ਚਸ਼ਮਿਆਂ ਦੀ ਤਰ੍ਹਾਂ ਫੁੱਟਦੀਆਂ ਨੇ। ਜਵਾਨੀ ਦੀ ਉਮਰ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਕੋਈ ਹਾਥੀ ਮਸਤ ਹੋ ਕੇ ਕਾਬੂ ਵਿਚ ਨਾ ਆਵੇ, ਜਿਵੇਂ ਕਾਲੇ ਬੱਦਲ ਵਰਖਾ ਰੁੱਤੇ ਆਪਣਾ ਸਬਰ ਗੁਆ ਕੇ ਝੜੀਆਂ ਲਾਈ ਜਾਣ।’’ ਇੰਨੇ ਸੁਹਜਮਈ ਸ਼ਬਦਾਂ ਵਿਚ ਜਵਾਨੀ ਨੂੰ ਬਿਆਨ ਕਰਨ ਤੋਂ ਬਾਅਦ ਭਗਤ ਸਿੰਘ ਆਪਣੇ ਅਸਲੀ ਮਕਸਦ ਵੱਲ ਆਉਂਦੇ ਹਨ। ਉਹ ਹੈ ਇਸ ਉਮਰ ਦੇ ਵੇਗ ਅਤੇ ਜੋਸ਼ ਨੂੰ ਸਮਾਜਕ ਸੰਵੇਦਨਾਂ ਅਤੇ ਹੋਸ਼ ਦੀਆਂ ਹੱਦਾਂ ਵਿਚ ਰੱਖ ਕੇ ਅੱਗੇ ਵਧਣ ਲਈ ਪ੍ਰੇਰਨਾ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਅੰਦਰ ਬਹਾਦਰੀ ਅਤੇ ਕੁਰਬਾਨੀ ਦੀ ਭਾਵਨਾ ਨੂੰ ਬੁਲੰਦ ਰੱਖ ਕੇ ਦੇਸ਼ ਭਗਤ ਬਣਨ ਦੀ ਪ੍ਰੇਰਨਾ ਦਿੰਦੇ ਹੋਏ ਲਿਖਿਆ, ‘‘ਇਹ ਨੌਜਵਾਨ ਹੀ ਕਿਸੇ ਆਜ਼ਾਦ ਕੌਮ ਦੀ ਗੌਰਵਤਾ ਵਿਚ ਵੱਜ ਰਹੇ ਨਾਦਾਂ ਅਤੇ ਡਗਿਆਂ ਦਾ ਜੁਝਾਰੂ ਸੰਗੀਤ ਹਨ। ਨੌਜਵਾਨ ਹੀ ਆਜ਼ਾਦੀ ਦੀ ਜਿੱਤ ਵਾਲੇ ਝੰਡਿਆਂ ਦਾ ਮਜ਼ਬੂਤ ਕੱਪੜਾ ਹਨ।…ਐ ਮੇਰੇ ਦੇਸ਼ ਭਾਰਤ ਦੇ ਨੌਜਵਾਨ! ਤੂੰ ਕਿਉਂ ਬੇਸਮਝੀ ਦੀ ਨੀਂਦਰ ਵਿਚ ਡੁੱਬਾ ਹੋਇਆ ਹੈਂ। ਉਠ ਅੱਖਾਂ ਖੋਲ੍ਹ ਤੇ ਵੇਖ, ਸੂਰਜ ਪੂਰਬ ਦੇ ਅਕਾਸ਼ ਵਿਚੋਂ ਚੜ੍ਹਨ ਲਈ ਤਿਆਰ ਹੈ।’’
ਜਵਾਨੀ ਚੜ੍ਹਨ ਤੱਕ ਭਗਤ ਸਿੰਘ ਨੇ ਕਾਫੀ ਰਾਜਸੀ ਸੂਝ ਹਾਸਲ ਕਰ ਲਈ ਸੀ ਅਤੇ ਆਪਣੀ ਦੇਸ਼ ਭਗਤ ਵਿਰਾਸਤ ਨੂੰ ਅੱਗੇ ਤੋਰਨ ਦਾ ਮਨ ਬਣਾ ਲਿਆ ਸੀ। 1920 ’ਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਚਲਾਈ ਗਈ ਨਾ-ਮਿਲਵਰਤਨ ਲਹਿਰ ਦੀ ਬੇਉਮੀਦੀ ’ਚੋਂ ਉਮੀਦ ਜਗਾਉਣ ਦੇ ਮਕਸਦ ਨਾਲ ਉਨ੍ਹਾਂ ਆਪਣੇ ਹਮਖ਼ਿਆਲ ਦੋਸਤਾਂ ਨਾਲ ਮਿਲ ਕੇ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕੀਤੀ ਅਤੇ ਪਹਿਲੀ ਵਾਰ ਲੋਕਾਂ ਸਾਹਮਣੇ ਪੂਰਨ ਆਜ਼ਾਦੀ ਦਾ ਸੰਕਲਪ ਰੱਖਿਆ। ਨੌਜਵਾਨ ਭਾਰਤ ਸਭਾ ਵੱਲੋਂ ਤਿਆਰ ਕੀਤਾ ਮੈਨੀਫੈਸਟੋ ਅਜਿਹਾ ਇਤਿਹਾਸਕ ਦਸਤਾਵੇਜ਼ ਹੈ, ਜਿਸ ਨੇ ਮੌਜੂਦਾ ਭਾਰਤੀ ਸੰਵਿਧਾਨ ਦੀ ਨੀਂਹ ਰੱਖੀ।
ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀਆਂ ਕਈ ਲਿਖਤਾਂ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਲਈ ਪੂਰਨ ਆਜ਼ਾਦੀ ਦੇ ਕੀ ਅਰਥ ਹਨ। ਇਸ ਵੇਲੇ ਤੱਕ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰਨ ਆਜ਼ਾਦੀ ਦੀ ਮੰਗ ਨਹੀਂ ਸੀ ਕੀਤੀ ਅਤੇ ਇਸ ਦੇ ਆਗੂ ਡੋਮੀਨੀਅਨ ਸਟੇਟਸ (ਸਾਮਰਾਜ ਦੀ ਅਧੀਨਗੀ ਵਾਲਾ ਪ੍ਰਬੰਧ) ਪ੍ਰਾਪਤ ਕਰਨ ਨਾਲ ਹੀ ਸੰਤੁਸ਼ਟ ਸਨ ਪਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਲਈ ਪੂਰਨ ਆਜ਼ਾਦੀ ਇਕ ਸਮਾਜਿਕ ਤੇ ਆਰਥਿਕ ਇਨਕਲਾਬ ਦਾ ਨਾਂ ਸੀ। ਉਨ੍ਹਾਂ ਕਾਂਗਰਸ ਦੀ ਡੋਮੀਨੀਅਨ ਸਟੇਟਸ ਦੀ ਮੰਗ ਨੂੰ ਮੂਲੋਂ ਨਕਾਰਦੇ ਹੋਏ ਭਾਰਤ ਨੂੰ ਸਾਰੇ ਸੰਭਵ ਸਾਧਨਾਂ ਦੀ ਵਰਤੋਂ ਕਰਕੇ ਸੰਪੂਰਨ ਆਜ਼ਾਦ, ਸਮਾਜਵਾਦੀ ਗਣਤੰਤਰ ਬਣਾਉਣ ਦਾ ਉਦੇਸ਼ ਰੱਖਿਆ ਸੀ।
ਦਿੱਲੀ ਅਸੈਂਬਲੀ ਬੰਬ ਮੁਕੱਦਮੇ ਵਿਚ ਸੈਸ਼ਨ ਅਦਾਲਤ ਸਾਹਮਣੇ 6 ਜੂਨ, 1929 ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਵੱਲੋਂ ਦਿੱਤਾ ਬਿਆਨ ਵੀ ਬਸਤੀਵਾਦੀ ਅੰਗਰੇਜ਼ ਹਕੂਮਤ ਨੂੰ ਸਸ਼ਕਤ ਦਲੀਲਾਂ ਨਾਲ ਲਲਕਾਰਨ ਅਤੇ ਚਿੱਤ ਕਰਨ ਵਾਲੇ ਦਸਤਾਵੇਜ਼ ਦੇ ਤੌਰ ’ਤੇ ਸਾਡੇ ਕੋਲ ਮੌਜੂਦ ਹੈ। ਬਿਆਨ ਵਿਚ ਉਨ੍ਹਾਂ ਕਿਹਾ ਸੀ,‘‘ਸਮਾਜ ਦਾ ਪ੍ਰਮੁੱਖ ਅੰਗ ਹੋਣ ਦੇ ਬਾਵਜੂਦ ਅੱਜ ਕਾਸ਼ਤਕਾਰਾਂ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੁੱਢਲੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਖ਼ੂਨ ਪਸੀਨੇ ਦੀ ਕਮਾਈ ਲੁੱਟੀ ਜਾ ਰਹੀ ਹੈ। ਦੂਜਿਆਂ ਲਈ ਅੰਨਦਾਤਾ ਮੰਨਿਆ ਜਾਣ ਵਾਲਾ ਕਿਸਾਨ ਅੱਜ ਆਪਣੇ ਪਰਿਵਾਰ ਦੀ ਦੋ ਵੇਲੇ ਦੀ ਰੋਟੀ ਲਈ ਮੁਥਾਜ ਹੈ। ਦੁਨੀਆਂ ਭਰ ਦੇ ਬਾਜ਼ਾਰਾਂ ਨੂੰ ਕੱਪੜਾ ਤਿਆਰ ਕਰਕੇ ਦੇਣ ਵਾਲੇ ਬੁਣਕਰਾਂ ਨੂੰ ਆਪਣਾ ਅਤੇ ਆਪਣੇ ਬੱਚਿਆਂ ਦਾ ਤਨ ਢਕਣ ਲਈ ਵੀ ਕੱਪੜਾ ਨਸੀਬ ਨਹੀਂ ਹੋ ਰਿਹਾ। ਰਾਜਗੀਰ, ਲੋਹਾਕੁੱਟ ਅਤੇ ਕਾਰੀਗਰ ਜਿਹੜੇ ਖ਼ੂਬਸੂਰਤ ਮਹਿਲਾਂ ਦਾ ਨਿਰਮਾਣ ਕਰਦੇ ਹਨ, ਖੁਦ ਨਿਥਾਵਿਆਂ ਵਾਂਗੂ ਗੰਦੀਆਂ ਬਸਤੀਆਂ ਵਿਚ ਰਹਿੰਦੇ ਹਨ। ਦੂਜੇ ਪਾਸੇ ਸਮਾਜ ਵਿਚ ਲਹੂ-ਪੀਣ ਵਾਲੀਆਂ ਜੋਕਾਂ ਭਾਵ ਸਰਮਾਏਦਾਰ ਤੇ ਮਿਹਨਤਾਂ ਦੇ ਲੁਟੇਰੇ ਆਪਣੀ ਐਸ਼ੋ-ਇਸ਼ਰਤ ’ਤੇ ਲੱਖਾਂ ਰੁਪਏ ਉਡਾ ਰਹੇ ਹਨ..ਇਸ ਕਰਕੇ ਬੁਨਿਆਦੀ ਤਬਦੀਲੀ ਦੀ ਫੌਰੀ ਲੋੜ ਹੈ।’’
ਅੱਜ ਜਦੋਂ ਅਸੀਂ ਆਜ਼ਾਦੀ ਦਾ 75ਵਾਂ ਵਰ੍ਹਾ ਉਤਸਵ ਦੀ ਤਰ੍ਹਾਂ ਮਨਾ ਰਹੇ ਹਾਂ ਤਾਂ ਇਸ ਗੱਲ ਨਾਲ ਤਸੱਲੀ ਹੁੰਦੀ ਹੈ ਕਿ ਲੋਕ ਆਜ਼ਾਦੀ ਨਾਇਕਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ ਪਰ ਸਾਨੂੰ ਸਿਰਫ ਇਸ ਜਾਣਕਾਰੀ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਉਨ੍ਹਾਂ ਆਜ਼ਾਦੀ ਪਰਵਾਨਿਆਂ ਦੀਆਂ ਸ਼ਹੀਦੀਆਂ ਅਤੇ ਕੁਰਬਾਨੀਆਂ ਦੇ ਮਕਸਦ ਨੂੰ ਸਮਝ ਕੇ ਦੇਸ਼ ਦੀਆਂ ਗੰਭੀਰ ਸਮੱਸਿਆਵਾਂ ਹੱਲ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਸੰਪਰਕ: 94170-72314