ਸੰਜੀਵ ਕੁਮਾਰ ਸ਼ਰਮਾ
ਭਾਰਤ ਅਨੇਕਾਂ ਰੁੱਤਾਂ ਦਾ ਦੇਸ਼ ਹੈ। ਵੰਨ–ਸੁਵੰਨੀਆਂ ਰੁੱਤਾਂ ਵਾਲੇ ਇਸ ਦੇਸ਼ ਵਿਚ, ਚੇਤ–ਵਿਸਾਖ (ਮੱਧ ਮਾਰਚ ਤੋਂ ਮੱਧ ਮਈ), ਦਾ ਸਮਾਂ ਬਸੰਤ ਰੁੱਤ ਅਧੀਨ ਆਉਂਦਾ ਹੈ। ਫੁੱਲ ਖਿੜਨ ਅਤੇ ਨਵੇਂ ਪੱਤਿਆਂ ਦੇ ਆਗਮਨ ਦੀ ਇਸ ਰੁੱਤ ਨੂੰ ਛੇ ਰੁੱਤਾਂ – ਬਸੰਤ, ਗ੍ਰੀਸ਼ਮ (ਗਰਮੀ), ਵਰਸ਼ਾ (ਬਰਸਾਤ), ਸ਼ਰਦ (ਪਤਝੜ), ਹੇਮੰਤ (ਸਰਦੀ ਤੋਂ ਪਹਿਲਾਂ) ਅਤੇ ਸ਼ਿਸ਼ਿਰ (ਸਰਦੀ) – ਵਿਚੋਂ ‘ਸ਼੍ਰੋਮਣੀ ਰੁੱਤ’ ਅਤੇ ‘ਰੁੱਤਾਂ ਦਾ ਰਾਜਾ’ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸਨੂੰ ਰਸ-ਭਿੰਨੀ (ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ) ਅਤੇ ਸੁਹਣੀ (ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ) ਰੁੱਤ ਕਰਕੇ ਸਲਾਹਿਆ ਗਿਆ ਹੈ। ਭਗਵਤ ਗੀਤਾ ਵਿੱਚ ਵੀ ਭਗਵਾਨ ਸ੍ਰੀ ਕ੍ਰਿਸ਼ਨ ਮਾਸਾਨਾਮ ਮਾਰਗਾਸ਼ੀਰਸ਼ੋਹਮ ਰਿਤੁਨਾਮ ਕੁਸੁਮਾਕਰਾਹ ਸ਼ਲੋਕ ਵਿੱਚ ਆਪਣੇ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਮਹੀਨਿਆਂ ਵਿਚੋਂ ਮੈਂ ਮੱਘਰ ਦਾ ਮਹੀਨਾ ਹਾਂ ਅਤੇ ਸਾਰੀਆਂ ਰੁੱਤਾਂ ਵਿਚੋਂ ਮੈਂ ਫੁੱਲਾਂ ਦੇ ਖਿੜਨ ਵਾਲੀ ਬਸੰਤ ਰੁੱਤ ਹਾਂ।
ਨਾ ਜ਼ਿਆਦਾ ਗਰਮੀ, ਨਾ ਸਰਦੀ ਅਤੇ ਨਾ ਬਰਸਾਤ ਵਾਲੀ ਇਸ ਰੁੱਤ ਦੇ ਆਉਣ ਨਾਲ ਨਾ ਸਿਰਫ ਕੁਦਰਤ, ਬਲਕਿ ਹਰੇਕ ਪ੍ਰਾਣੀ ਵੀ ਝੂਮ ਉਠਦਾ ਹੈ। ਸਾਰੀ ਬਨਸਪਤੀ ਦੀ ਰਗ–ਰਗ ਵਿਚ ਨਵੇਂ ਜੀਵਨ ਦਾ ਸੰਚਾਰ ਹੋਣ ਲੱਗਦਾ ਹੈ। ਗੱਲ ਕੀ, ਇਸ ਰੁੱਤ ਦੇ ਆਉਣ ਨਾਲ ਸਾਰੀ ਦੁਨੀਆਂ ਦੀ ਨੁਹਾਰ ਹੀ ਬਦਲ ਜਾਂਦੀ ਹੈ। ਭਾਰਤੀ ਉਪ ਮਹਾਂਦੀਪ ਦੇ ਵਾਤਾਵਰਨ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਆਯੁਰਵੇਦ ਵਿਚ ਸਾਲ ਨੂੰ ਦੋ–ਦੋ ਮਹੀਨੇ ਦੀਆਂ, ਉੱਪਰ ਦੱਸੀਆਂ, ਛੇ ਰੁੱਤਾਂ ਵਿਚ ਵੰਡਿਆ ਗਿਆ ਹੈ। ਸਾਡੇ ਸਰੀਰ ’ਤੇ ਖਾਣ–ਪਾਣ ਤੋਂ ਇਲਾਵਾ ਮੌਸਮ ਅਤੇ ਜਲਵਾਯੂ ਦਾ ਵੀ ਪ੍ਰਭਾਵ ਪੈਂਦਾ ਹੈ। ਕਿਸੇ ਇੱਕ ਮੌਸਮ ਵਿੱਚ ਕੋਈ ਇੱਕ ਦੋਸ਼ (ਵਾਤ, ਪਿੱਤ ਅਤੇ ਕਫ਼) ਵਧਦਾ ਹੈ ਅਤੇ ਕੋਈ ਦੂਸਰਾ ਸ਼ਾਂਤ ਹੁੰਦਾ ਹੈ, ਜਦ ਕਿ ਦੂਸਰੇ ਮੌਸਮ ਵਿੱਚ ਕੋਈ ਹੋਰ ਦੋਸ਼ ਵਧਦਾ ਘਟਦਾ ਹੈ। ਇਸੇ ਲਈ ਆਯੁਰਵੇਦ ਵਿੱਚ ਹਰ ਮੌਸਮ ਦੇ ਹਿਸਾਬ ਨਾਲ ਰਹਿਣ–ਸਹਿਣ ਅਤੇ ਖਾਣ–ਪਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਕੇ ਅਸੀਂ ਨਿਰੋਗ ਰਹਿ ਸਕਦੇ ਹਾਂ।
ਬਸੰਤ ਰੁੱਤ ਅਸਲ ਵਿਚ ਸਰਦੀ ਅਤੇ ਗਰਮੀ ਦੇ ਵਿਚਕਾਰ ਸੰਧੀਕਾਲ ਹੈ। ਸੰਧੀ ਹੋਣ ਕਰਕੇ ਥੋੜ੍ਹਾ–ਥੋੜ੍ਹਾ ਅਸਰ ਇਨ੍ਹਾਂ ਦੋਹਾਂ ਰੁੱਤਾਂ ਦਾ ਹੁੰਦਾ ਹੈ। ਕੁਦਰਤ ਨੇ ਇਹ ਪ੍ਰਬੰਧ ਇਸ ਲਈ ਕੀਤਾ ਹੈ ਤਾਂ ਕਿ ਮਨੁੱਖ ਨੂੰ ਸਰਦੀ ਦੀ ਰੁੱਤ ’ਚੋਂ ਗਰਮੀ ਦੀ ਰੁੱਤ ਵਿਚ ਜਾਣ ਵਿਚ ਕੋਈ ਦਿੱਕਤ ਨਾ ਆਏ। ਇਸ ਕਰ ਕੇ ਇਸ ਰੁੱਤ ਨੂੰ ਸੰਤੁਲਨ ਬਣਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ ਪਰ ਇਹ ਸੰਤੁਲਨ ਉਦੋਂ ਹੀ ਕਾਇਮ ਰਹਿੰਦਾ ਹੈ ਜਦੋਂ ਅਸੀਂ ਆਪਣੇ ਖਾਣ–ਪੀਣ ’ਤੇ ਨਿਯੰਤਰਨ ਰੱਖਦੇ ਹਾਂ ਅਤੇ ਆਪਣੀ ਜੀਵਨ–ਸ਼ੈਲੀ ਅਤੇ ਆਦਤਾਂ ਸਹੀ ਰੱਖਦੇ ਹਾਂ। ਹੇਠਾਂ ਅਸੀਂ ਜ਼ਿਕਰ ਕਰਾਂਗੇ ਕਿ ਬਸੰਤ ਰੁੱਤ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਬਸੰਤ ਰੁੱਤ ਦਾ ਆਗਮਨ ਸਰਦੀ ਦੀ ਰੁੱਤ ਤੋਂ ਬਾਅਦ ਹੁੰਦਾ ਹੈ। ਸਰਦੀ ਦੀ ਰੁੱਤ ਵਿੱਚ ਭਾਰੇ ਭੋਜਨ ਖਾਧੇ ਹੋਣ ਕਰਕੇ ਸਰੀਰ ਵਿੱਚ ਕਫ਼ ਜਮ੍ਹਾਂ ਹੁੰਦੀ ਹੈ। ਇਸ ਤੋਂ ਇਲਾਵਾ ਅਣਪਚਿਆ ਭੋਜਨ ਵੀ ਜ਼ਹਿਰ ਦੇ ਰੂਪ ਵਿੱਚ (ਜਿਸ ਨੂੰ ‘ਆਮਾ’ ਵੀ ਕਿਹਾ ਜਾਂਦਾ ਹੈ) ਤਬਦੀਲ ਹੋ ਜਾਂਦਾ ਹੈ। ਜਿਵੇਂ ਧੁੱਪ ਨਾਲ ਸਰਦੀ ਵਿੱਚ ਜੰਮੀ ਹੋਈ ਬਰਫ ਪਿਘਲਦੀ ਹੈ, ਉਸੇ ਤਰ੍ਹਾਂ ਬਸੰਤ ਰੁੱਤ ਦੀ ਹਲਕੀ ਧੁੱਪ ਅਤੇ ਹਲਕੇ ਗਰਮ ਵਾਤਾਵਰਨ ਦੇ ਕਾਰਨ ਸਰੀਰ ਵਿੱਚ ਜਮ੍ਹਾਂ ਕਫ਼ ਦੋਸ਼ ਅਤੇ ‘ਆਮਾ’ ਪਿਘਲਣ ਲੱਗਦਾ ਹੈ। ਜਿਥੇ ‘ਆਮਾ’ ਦੇ ਪਿਘਲਣ ਨਾਲ ਸਰੀਰ ਦੀ ਸੰਚਾਰ ਪ੍ਰਣਾਲੀ ਵਿੱਚ ਰੁਕਾਵਟ ਆ ਜਾਂਦੀ ਹੈ, ਉਥੇ ਕਫ਼ ਦੇ ਪਿਘਲਣ ਨਾਲ ਪਾਚਣ ਅਗਨੀ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਜੇਕਰ ਅਸੀਂ ਆਪਣੇ ਸਰੀਰ ’ਚੋਂ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਨੂੰ ਨਹੀਂ ਕੱਢਦੇ ਤਾਂ ਖਾਂਸੀ, ਜ਼ੁਕਾਮ, ਨਜ਼ਲਾ, ਗਲੇ ਦੀ ਖ਼ਰਾਸ਼, ਟੌਨਸਿਲਜ਼, ਅਪਚ, ਆਦਿ ਰੋਗ ਸਰੀਰ ਨੂੰ ਘੇਰ ਲੈਂਦੇ ਹਨ ਅਤੇ ਸਰੀਰ ਵਿੱਚ ਕਮਜ਼ੋਰੀ, ਥਕਾਵਟ ਅਤੇ ਆਲਸ ਘਰ ਕਰ ਲੈਂਦੇ ਹਨ।
ਇਸ ਰੁੱਤ ਵਿੱਚ ਪਾਚਣ ਸ਼ਕਤੀ ਦਰਮਿਆਨੇ ਪੱਧਰ ਦੀ ਹੋਣ ਕਰਕੇ ਤਾਜ਼ਾ ਅਤੇ ਹਲਕਾ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਠੰਢੇ ਅਤੇ ਭਾਰੇ ਭੋਜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੌੜੇ (Bitter) , ਤਿੱਖੇ (Pungent) ਅਤੇ ਕੁਸੈਲੇ (Astringent) ਸੁਆਦ ਵਾਲੇ ਭੋਜਨ ਵਿਸ਼ੇਸ਼ ਲਾਭਕਾਰੀ ਹਨ ਜਦਕਿ ਖੱਟੇ (Sour) ਅਤੇ ਮਿੱਠੇ (Sweet) ਸੁਆਦ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ। ਸਵੇਰ ਵੇਲੇ ਹਲਕਾ ਨਾਸ਼ਤਾ ਕਰੋ ਕਿਉਂਕਿ ਉਸ ਵੇਲੇ ਕਫ਼ ਦੋਸ਼ ਪੂਰੇ ਜ਼ੋਰ ’ਤੇ ਹੁੰਦਾ ਹੈ। ਧਨੀਆ, ਜ਼ੀਰਾ, ਹਲਦੀ, ਅਦਰਕ, ਲੌਂਗ, ਲਸਣ, ਸੌਂਫ਼, ਕਾਲੀ ਮਿਰਚ ਦਾ ਲੋੜ ਅਨੁਸਾਰ ਉਪਯੋਗ ਕਰਨਾ ਚਾਹੀਦਾ ਹੈ। ਮੂੰਗ, ਛੋਲੇ, ਪੁਰਾਣੀ ਕਣਕ ਅਤੇ ਚੌਲ ਦਾ ਸੇਵਨ ਕਰਨਾ ਚਾਹੀਦਾ ਹੈ। ਪਾਲਕ, ਜ਼ਿਮੀਕੰਦ, ਕੱਚੀ ਮੂਲੀ, ਪੁਦੀਨਾ, ਕਰੇਲਾ, ਗੋਭੀ, ਗਾਜਰ, ਮੇਥੀ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਲਾਂ ਵਿੱਚ ਅਮਰੂਦ, ਬੇਰ, ਸੰਤਰਾ, ਆਂਵਲਾ, ਨਿੰਬੂ ਆਦਿ ਦਾ ਉਪਯੋਗ ਲਾਜ਼ਮੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਅਤੇ ਪਾਚਨ ਕਿਰਿਆ ਨੂੰ ਠੀਕ ਕਰਕੇ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ।
ਇਸ ਰੁੱਤ ਵਿਚ ਨਿੰਮ ਦੀਆਂ ਕਰੂੰਬਲਾਂ ਫੁੱਟਦੀਆਂ ਹਨ। ਕੁਝ ਦਿਨ 10–15 ਕਰੂੰਬਲਾਂ ਕਾਲੀ ਮਿਰਚ ਦੇ 1–2 ਦਾਣਿਆਂ ਨਾਲ ਚਬਾ ਕੇ ਖਾਣ ਨਾਲ ਸਾਲ ਭਰ ਚਮੜੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ, ਲਹੂ ਸਾਫ ਰਹਿੰਦਾ ਹੈ ਅਤੇ ਸਰੀਰ ਦੀ ਰੋਗ–ਪ੍ਰਤੀਰੋਧਕ ਸ਼ਕਤੀ ਵਿਚ ਵਾਧਾ ਹੁੰਦਾ ਹੈ। ਯੋਗ, ਹਲਕੀ ਕਸਰਤ ਅਤੇ ਸਵੇਰ ਦੀ ਸੈਰ ਇਸ ਰੁੱਤ ਵਿਚ ਬਹੁਤ ਹੀ ਲਾਜ਼ਮੀ ਹੈ। ਕਫ਼ ਨੂੰ ਦੂਰ ਕਰਨ ਲਈ ਹਰੜ ਦਾ ਚੂਰਨ ਸ਼ਹਿਦ ਵਿੱਚ ਮਿਲਾ ਕੇ ਲੈਣਾ ਚਾਹੀਦਾ ਹੈ। ਨਵੇਂ ਅਨਾਜ, ਮਾਂਹ, ਰਬੜੀ, ਮਲਾਈ ਵਰਗੇ ਭਾਰੇ ਭੋਜਨ ਤੋਂ ਬਚਣਾ ਚਾਹੀਦਾ ਹੈ। ਇਸੇ ਤਰ੍ਹਾਂ ਇਸ ਰੁੱਤ ਵਿੱਚ ਦਹੀਂ ਦੇ ਉਪਯੋਗ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ। ਭੋਜਨ ਤੋਂ ਪਹਿਲਾਂ ਇੱਕ ਛੋਟਾ ਅਦਰਕ ਦਾ ਟੁਕੜਾ ਸੇਂਧੇ ਨਮਕ ਨਾਲ ਖਾਣ ਨਾਲ ਪਾਚਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਤੇਲ ਦੀ ਮਾਲਿਸ਼ ਅਤੇ ਉਸ ਤੋਂ ਬਾਅਦ ਇਸ਼ਨਾਨ ਕਰਨ ਨਾਲ ਸਰੀਰ ਵਿੱਚ ਚੁਸਤੀ ਅਤੇ ਤੰਦਰੁਸਤੀ ਆਉਂਦੀ ਹੈ। ਖੁੱਲ੍ਹੇ ਆਕਾਸ਼ ਹੇਠ, ਤ੍ਰੇਲ ਵਿੱਚ ਜਾਂ ਦਿਨ ਵਿਚ ਸੌਣ ਦੀ ਵੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਇਸ ਨਾਲ ਸਰੀਰ ਵਿੱਚ ਕਫ਼ ਤੇਜ਼ੀ ਨਾਲ ਜਮ੍ਹਾਂ ਹੁੰਦਾ ਹੈ। ਇਸੇ ਤਰ੍ਹਾਂ ਸੁਸਤ ਜੀਵਨ–ਸ਼ੈਲੀ, ਜਿਹੜੀ ਕਫ਼ ਦੋਸ਼ ਵਿੱਚ ਵਾਧਾ ਕਰਦੀ ਹੈ, ਤੋਂ ਵੀ ਬਚਣਾ ਚਾਹੀਦਾ ਹੈ। ਉਪਵਾਸ ਲਈ ਅਤੇ ਭਾਰ ਘਟਾਉਣ ਲਈ ਇਹ ਸਭ ਤੋਂ ਉੱਤਮ ਰੁੱਤ ਹੈ।
ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸ਼ੁੱਧੀਕਰਨ (detoxification) ਦੇ ਲਈ ਬਸੰਤ ਰੁੱਤ ਸਭ ਤੋਂ ਵਧੀਆ ਰੁੱਤ ਹੈ। ਇਸ ਰੁੱਤ ਵਿੱਚ ਕੁਦਰਤ ਵਿੱਚ ਵੀ ਸ਼ੁੱਧੀਕਰਨ ਹੁੰਦਾ ਨਜ਼ਰ ਆਉਂਦਾ ਹੈ, ਜਿਵੇਂ ਕਿ ਪੇੜ–ਪੌਦੇ ਨਵੇਂ ਪੱਤਿਆਂ ਅਤੇ ਫੁੱਲਾਂ ਨਾਲ ਖਿੜ ਉਠਦੇ ਹਨ। ਸਹੀ ਆਹਾਰ, ਵਿਹਾਰ, ਯੋਗ ਦੀ ਮਦਦ ਨਾਲ ਇੱਕ ਬਿਹਤਰ ਜੀਵਨ ਸ਼ੈਲੀ ਦਾ ਨਿਰਮਾਣ ਕਰ ਕੇ, ਗੁਰਬਾਣੀ ਦੇ ਵਾਕ, ਬਸੰਤ ਰੁਤਿ ਆਈ॥ ਪਰਫੂਲਤਾ ਰਹੇ॥ ਅਨੁਸਾਰ ਰੋਗਾਂ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਰਿਹਾ ਜਾ ਸਕਦਾ ਹੈ।
ਸੰਪਰਕ: 98147-11605