ਸਿਆਸਤਦਾਨਾਂ ਦੇ ਲਾਲਚਾਂ ਦਾ ਸ਼ਿਕਾਰ ਹੋ ਰਹੇ ਨੌਜਵਾਨ
ਗੁਰੂਆਂ-ਪੀਰਾਂ ਦੀ ਇਸ ਮੁਕੱਦਸ ਧਰਤੀ ਉਪਰ ਅੱਜ 48 ਕਿਸਮਾਂ ਦਾ ਨਸ਼ਾ ਵਿਕ ਰਿਹਾ ਦੱਸਿਆ ਜਾਂਦਾ ਹੈ। ਇਸ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਹਾਕਮਾਂ ਦੀ ਸ਼ਹਿ ਤੋਂ ਬਿਨਾਂ ਅਜਿਹਾ ਨਹੀਂ ਹੋ ਸਕਦਾ। ਲੌਕਡਾਊਨ ਵਿਚ ਸਰਕਾਰਾਂ ਸਾਰਾ ਕੁਝ ਬੰਦ ਕਰ ਸਕਦੀਆਂ ਹਨ, ਤਾਂ ਨਸ਼ਾ ਕਿੰਨੀ ਕੁ ਵੱਡੀ ਗੱਲ ਹੈ। ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਰਕੇ ਕਈ ਮਾਵਾਂ ਦੇ ਪੁੱਤਾਂ ਨੇ ਆਪਣੀ ਜਾਨ ਗਵਾ ਦਿੱਤੀ। ਇਸ ਲਈ ਜ਼ਿੰਮੇਵਾਰ ਕੌਣ ਹੈ, ਇਹ ਦੱਸਣ ਦੀ ਜ਼ਰੂਰਤ ਨਹੀਂ। ਸਿਆਸਤਦਾਨ ਗੁੰਮਰਾਹ ਕਰਦੇ ਨੇ ਨੌਜਵਾਨਾਂ ਨੂੰ ਤੇ ਆਪਣੇ ਲਾਲਚਾਂ ਦੀ ਪੂਰਤੀ ਲਈ ਅਤੇ ਵੋਟਾਂ ਵਿਚ ਜਿੱਤ ਹਾਸਲ ਕਰਨ ਵਾਸਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਧਕੇਲ ਦਿੰਦੇ ਹਨ। ਅੱਜ ਲੋੜ ਹੈ ਆਪਣੇ ਗੌਰਵਮਈ ਇਤਿਹਾਸ ਤੋਂ ਸਿੱਖਿਆ ਲੈ ਕੇ ਨਸ਼ੇ ਦੀ ਦਲਦਲ ਤੋਂ ਬਚੀਏ ਅਤੇ ਸਿਆਸਤਦਾਨਾਂ ਤੋਂ ਸੁਚੇਤ ਰਹੀਏ।
ਸਿਮਰਜੋਤ ਸਿੰਘ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ, ਬਹਾਦਰਗੜ੍ਹ, ਪਟਿਆਲਾ। ਸੰਪਰਕ: 72992-41000
ਸਰਕਾਰ ਨਸ਼ੇ ਰੋਕਣ ਵਿਚ ਨਾਕਾਮ
ਪਿਛਲੇ ਦਿਨੀਂ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 120 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੇ ਲੋਕ ਅੱਖਾਂ ਦੀ ਰੌਸ਼ਨੀ ਗਵਾ ਬੈਠੇ। ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਵਿੱਚ ਵਾਪਰੇ ਹਿਰੀਲੀ ਸ਼ਰਾਬ ਦੇ ਦੁਖਾਂਤ ਨੇ ਹਰ ਇਨਸਾਨ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫ਼ਤਿਆਂ ’ਚ ਨਸ਼ਾ ਖਤਮ ਕਰਨ ਦਾ ਭਰੋਸਾ ਦਿੱਤਾ ਸੀ, ਪਰ ਇਹ ਲਾਰਾ ਹੀ ਸਾਬਤ ਹੋਇਆ ਤੇ ਉਹ ਇਹ ਵਾਅਦਾ ਚਾਰ ਸਾਲਾਂ ਵਿੱਚ ਪੂਰਾ ਕਰਨ ਵਿਚ ਨਾਕਾਮਯਾਬ ਰਹੇ। ਨਸ਼ਾ ਚਾਹੇ ਕਿਸੇ ਵੀ ਕਿਸਮ ਦਾ ਹੋਵੇ, ਉਸ ਦਾ ਕਾਰੋਬਾਰ ਸਰਕਾਰੀ ਸ਼ਹਿ ਤੋਂ ਬਿਨਾਂ ਬਿਲਕੁਲ ਸੰਭਵ ਨਹੀਂ ਹੈ। ਸਰਕਾਰ ਜਿੰਨੀ ਦੇਰ ਵੱਡੇ ਨਸ਼ਾ ਤਸਕਰਾਂ ਨੂੰ ਨੱਥ ਨਹੀਂ ਪਾਵੇਗੀ, ਨਸ਼ੇ ਦਾ ਇਹ ਕਾਲਾ ਧੰਦਾ ਨਹੀਂ ਰੁਕੇਗਾ। ਲੋਕਾਂ ਨੂੰ ਵੀ ਨਸ਼ਾ ਮਾਫ਼ੀਆ, ਭ੍ਰਿਸ਼ਟ ਸਿਆਸਤਦਾਨਾਂ ਤੇ ਅਫ਼ਸਰਸ਼ਾਹਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਹੋਵੇਗੀ।
ਗੁਰਮੀਤ ਰੌਣੀ, ਲੁਧਿਆਣਾ। ਸੰਪਰਕ: 99148-90230
ਨੌਜਵਾਨੀ ਲਈ ਨਸ਼ਿਆਂ ਦਾ ਸੰਕਟ ਕਰੋਨਾ ਤੋਂ ਕਿਤੇ ਵੱਡਾ
ਪੰਜਾਬ ਦੀ ਜਵਾਨੀ ‘ਤੇ ਨਸ਼ਿਆਂ ਦਾ ਸੰਕਟ, ਕਰੋਨਾ ਨਾਲੋਂ ਕਈ ਗੁਣਾ ਵੱਡਾ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਹੁੰਦੀਆਂ ਮੌਤਾਂ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਪਰ ਸ਼ਾਇਦ ਅਸੀਂ ਇਨ੍ਹਾਂ ਖਬਰਾਂ ਨੂੰ ਤਵੱਜੋ ਨਹੀਂ ਦਿੰਦੇ ਤੇ ਇਨ੍ਹਾਂ ਦੇ ਆਦੀ ਹੋ ਚੁੱਕੇ ਹਾਂ। ਸਾਡੇ ਇੱਥੇ ਚਿੱਟੇ ਵਰਗੇ ਖਤਰਨਾਕ ਨਸ਼ੇ ਦੇ ਆਮ ਹੋ ਜਾਣ ਤੇ ਇਸ ਕਾਰਨ ਹੁੰਦੀਆਂ ਮੌਤਾਂ ਕਰ ਕੇ ਲੋਕ ਸ਼ਰਾਬ ਨੂੰ ਤਾਂ ਨਸ਼ਾ ਮੰਨਣ ਤੋਂ ਵੀ ਇਨਕਾਰੀ ਹੋ ਗਏ ਨੇ, ਭਾਵੇਂ ਸ਼ਰਾਬ ਨਾਲ ਹਰ ਸਾਲ ਕਿੰਨੀਆਂ ਹੀ ਜਾਨਾਂ ਜਾਦੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਨੂੰ ਕਿਹਾ ਜਾ ਸਕਦਾ। ਪਿਛਲੇ ਦਿਨੀਂ ਪੰਜਾਬ ‘ਚ ਵਾਪਰਿਆ ਸ਼ਰਾਬ ਕਾਂਡ ਵੀ ਸਾਡੇ ਦੇਸ਼ ਲਈ ਕੋਈ ਨਵਾਂ ਨਹੀਂ, ਜੋ ਪਹਿਲਾਂ ਨਾ ਵਾਪਰਿਆ ਹੋਵੇ। ਕੀ ਪ੍ਰਸ਼ਾਸਨ ਤੇ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਅਜਿਹੇ ਮਾਫੀਏ ਪਨਪ ਸਕਦੇ ਨੇ? ਨੌਜਵਾਨਾਂ ਨੂੰ ਚਾਹੀਦਾ ਹੈ ਕਿ ਅੱਗੇ ਆਉਣ ਤੇ ਇਸ ਵਰਤਾਰੇ ਖ਼ਿਲਾਫ਼ ਅਵਾਜ਼ ਉਠਾਉਣ।
ਗੁਰਮੀਤ ਬਰਾੜ, ਜੰਡਾਂਵਾਲਾ, ਬਠਿੰਡਾ।
ਨਸ਼ਾ ਸਰਕਾਰਾਂ ਲਈ ਕਮਾਈ ਦਾ ਵੱਡਾ ਜ਼ਰੀਆ
ਪੰਜਾਬ ਦਾ ਹਾਲ ਇਹ ਹੈ ਕਿ ਸ਼ਹਿਰ ਵਿਚ ਹਸਪਤਾਲ ਮਹਿਜ਼ ਇਕ ਹੋਵੇਗਾ, ਪਰ ਸ਼ਰਾਬ ਦਾ ਠੇਕਾ ਹਰ ਮੋੜ ਉੱਤੇ ਮਿਲ ਜਾਵੇਗਾ। ਨਸ਼ੇ ਦਾ ਚਾਰ ਹਫ਼ਤੇ ਵਿਚ ਲੱਕ ਤੋੜਨ ਦੀ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਨੇ ਲੌਕਡਾਊਨ ਵਿਚ ਹੋਰ ਦੁਕਾਨਾਂ ਛੱਡ ਕੇ ਠੇਕੇ ਖੋਲ੍ਹਣਾ ਜ਼ਰੂਰੀ ਸਮਝਿਆ, ਕਿਉਂਕਿ ਪੰਜਾਬ ਸਰਕਾਰ ਸ਼ਰਾਬ ਤੋਂ ਸਾਲਾਨਾ 5000 ਕਰੋੜ ਰੁਪਏ ਤੋਂ ਉੱਪਰ ਕਮਾਉਂਦੀ ਹੈ। ਸਰਕਾਰ ਵੱਲੋਂ ਹਰ ਸਾਲ ਇਸ ਕਮਾਈ ਨੂੰ ਵਧਾਉਣ ਦਾ ਟੀਚਾ ਮਿੱਥਿਆ ਜਾਂਦਾ ਹੈ। ਜਦੋਂ ਸਰਕਾਰਾਂ ਨੂੰ ਨਸ਼ੇ ਤੋਂ ਮੋਟੀ ਕਮਾਈ ਹੁੰਦੀ ਹੋਵੇ ਤਾਂ ਉਹ ਇਸ ’ਤੇ ਕਾਬੂ ਕਿਉਂ ਪਾਉਣਗੀਆਾਂ।
ਸਿਮਰਨਜੀਤ ਸਿੰਘ, ਪਿੰਡ ਮੋਟੇ ਮਾਜਰਾ,
ਜ਼ਿਲ੍ਹਾ ਮੁਹਾਲੀ। ਸੰਪਰਕ: 78378-49148
ਨਸ਼ੇ ਛੱਡੋ, ਤੰਦਰੁਸਤ ਬਣੋ
ਨਸ਼ੇ ਪੰਜਾਬ ਹੀ ਨਹੀਂ ਸਗੋਂ ਸਾਰੇ ਦੇਸ਼ ਲਈ ਗੰਭੀਰ ਸਮੱਿਸਆ ਬਣੇ ਹੋਏ ਹਨ। ਨੌਜਵਾਨ ਇਨ੍ਹਾਂ ਦੀ ਲਪੇਟ ਵਿਚ ਵੱਧ ਆ ਰਹੇ ਹਨ ਅਤੇ ਸਿਆਸਤਦਾਨ ਤੇ ਅਫ਼ਸਰ ਮਿਲ ਕੇ ਇਨ੍ਹਾਂ ਨੂੰ ਵਧਾ ਰਹੇ ਹਨ। ਸਰਕਾਰਾਂ ਆਪਣੇ ਫ਼ਾਇਦੇ ਲਈ ਨਸ਼ਿਆਂ ਨੂੰ ਰੋਕਣਾ ਨਹੀਂ ਚਾਹੁੰਦੀਆਂ। ਪੰਜਾਬ ਵਿਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਰਨ ਕਿੰਨੀਆਂ ਹੀ ਕੀਮਤੀ ਜਾਨਾਂ ਜਾਂਦੀਆਂ ਰਹੀਆਂ। ਇਸ ਲਈ ਜ਼ਰੂਰੀ ਹੈ ਕਿ ਲੋਕ ਸਰਕਾਰਾਂ ਵੱਲ ਦੇਖਣ ਦੀ ਥਾਂ ਖ਼ੁਦ ਨਸ਼ੇ ਰੋਕਣ ਲਈ ਅੱਗੇ ਆਉਣ ਅਤੇ ਇਨ੍ਹਾਂ ਦਾ ਵਿਰੋਧ ਕਰਨ। ਸਾਨੂੰ ਨੌਜਵਾਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਨਸ਼ੇ ਆਰਥਿਕਤਾ ਅਤੇ ਸਿਹਤ ਸਭ ਕਾਸੇ ਦੀ ਬਰਬਾਦੀ ਕਰਦੇ ਹਨ ਅਤੇ ਅਸੀਂ ਨਸ਼ੇ ਛੱਡ ਕੇ ਹੀ ਤੰਦਰੁਸਤ ਰਹਿ ਸਕਦੇ ਹਾਂ।
ਜਸਦੀਪ ਕੌਰ, ਖ਼ਾਲਸਾ ਕਾਲਜ ਫਾਰ ਵਿਮੈਨ, ਲੁਧਿਆਣਾ।