ਪ੍ਰਿੰ. ਸਰਵਣ ਸਿੰਘ
ਅਜਮੇਰ ਸਿੰਘ ਅਜੇ ਸੱਤਵੀਂ ’ਚ ਪੜ੍ਹਦਾ ਸੀ ਜਦੋਂ 17 ਸਾਲ ਤੋਂ ਘੱਟ ਉਮਰ ਦੇ ਸਕੂਲੀ ਖੇਡ ਮੁਕਾਬਲਿਆਂ ਵਿਚ 19 ਫੁੱਟ ਲੰਮੀ ਛਾਲ ਲਾ ਕੇ ਜਿ਼ਲ੍ਹਾ ਸੰਗਰੂਰ ਦੇ ਸਕੂਲਾਂ ਦਾ ਚੈਂਪੀਅਨ ਬਣਿਆ। ਫਿਰ ਉਹ ਲੰਮੀ ਛਾਲ ਛੱਡ ਕੇ ਪੋਲ ਵਾਲਟ ਕਰਨ ਲੱਗ ਪਿਆ ਅਤੇ 1968 ਵਿਚ 10 ਫੁੱਟ 10 ਇੰਚ ਉੱਚੀ ਛਾਲ ਲਾ ਕੇ ਪੰਜਾਬ ਯੂਨਵਿਰਸਿਟੀ ਚੰਡੀਗੜ੍ਹ ਦਾ ਪੋਲ ਵਾਲਟ ਚੈਂਪੀਅਨ ਬਣ ਗਿਆ। ਉਦੋਂ ਪੰਜਾਬ ਯੂਨੀਵਰਸਿਟੀ ਵਿਚ ਪਠਾਨਕੋਟ ਤੋਂ ਮਹਿੰਦਰਗੜ੍ਹ ਤਕ ਤੇ ਕੁੱਲੂ ਕਾਂਗੜੇ ਤੋਂ ਅਬੋਹਰ ਫਾਜਿ਼ਲਕਾ ਤਕ ਸਾਰੇ ਕਾਲਜ ਸ਼ਾਮਲ ਸਨ। ਪੰਜਾਬ ਯੂਨੀਵਰਸਿਟੀਦਾ ਚੈਂਪੀਅਨ ਹੋਣਾ ਸਟੇਟ ਚੈਂਪੀਅਨ ਹੋਣ ਜਿੱਡੀ ਗੱਲ ਸੀ। ਡੀਪੀਐੱਡ ਕੋਰਸ ਕਰਨ ਪਿੱਛੋਂ ਸਕੂਲ ’ਚ ਡੀਪੀਈ ਲੱਗ ਗਿਆ। ਉਸ ਨੇ ਕਈ ਹੋਣਹਾਰ ਖਿਡਾਰੀ ਤਿਆਰ ਕੀਤੇ। ਉਸ ਨੇ ਖਿਡਾਰੀਆਂ ਬਾਰੇ ਛੇ ਪੁਸਤਕਾਂ ਲਿਖੀਆਂ।
ਅਜਮੇਰ ਸਿੰਘ ਫਰੀਦਪੁਰ ਪੰਦਰਾਂ ਸਾਲ ਖੇਡਿਆ, ਪੈਂਤੀ ਸਾਲ ਸਕੂਲਾਂ ਵਿਚ ਡੀਪੀਈ ਰਿਹਾ ਤੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋ ਕੇ ਖੇਡ ਲੇਖਕ ਬਣਿਆ। ਉਸ ਨੇ ਖਿਡਾਰੀਆਂ ਬਾਰੇ ਛੇ ਪੁਸਤਕਾਂ ਲਿਖੀਆਂ ਜਿਨ੍ਹਾਂ ਦੇ ਨਾਂ ‘ਪਹਿਲੇ ਆਲਮੀ ਕਬੱਡੀ ਕੱਪ ਦੇ ਧਰੂ ਤਾਰੇ’, ‘ਕਬੱਡੀ ਖੇਡ ਜਗਤ ਦੇ ਸੁੱਚੇ ਮੋਤੀ’, ‘ਜਿਨ੍ਹਾਂ ’ਤੇ ਮਾਣ ਕਬੱਡੀ ਨੂੰ’, ‘ਖੇਡਾਂ ਦੇ ਵਣਜਾਰੇ’, ‘ਮੇਰੀ ਕੈਨੇਡਾ ਫੇਰੀ ਤੇ ਕਬੱਡੀ’ ਅਤੇ ‘ਖੇਡਾਂ ਦਾ ਵਗਦਾ ਦਰਿਆ’ ਹਨ। ਅੱਜ ਕੱਲ੍ਹ ਉਹ ਆਪਣੇ ਪਿੰਡ ਫਰੀਦਪੁਰ ਕਲਾਂ (ਜਿ਼ਲ੍ਹਾ ਮਾਲੇਰਕੋਟਲਾ) ਵਿਚ ਰਹਿੰਦਾ ਪੰਜਾਬ ਦੇ ਨਵੇਂ ਪੁਰਾਣੇ ਖਿਡਾਰੀਆਂ ਬਾਰੇ ਲਿਖ ਰਿਹਾ ਹੈ। ਉਹ ਸੌ ਤੋਂ ਵੱਧ ਖਿਡਾਰੀਆਂ ਬਾਰੇ ਤਾਂ ਲਿਖ ਹੀ ਚੁੱਕਾ, ਉਮੀਦ ਹੈ ਉਹਦੀ ਕਲਮ ਅਜੇ ਹੋਰ ਖਿਡਾਰੀਆਂ ਬਾਰੇ ਵੀ ਚੱਲੇਗੀ। ਉਹ ਦੋ ਵਾਰ ਕੈਨੇਡਾ ਰਹਿੰਦੇ ਖਿਡਾਰੀਆਂ ਪਾਸ ਵੀ ਜਾ ਚੁੱਕਾ ਜਿਥੇ ਉਸ ਦੀ ਪੁਸਤਕ ‘ਮੇਰੀ ਕੈਨੇਡਾ ਫੇਰੀ ਤੇ ਕਬੱਡੀ’ ਕੈਨੇਡਾ ਦੇ ਤੱਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਲੋਕ ਅਰਪਨ ਕੀਤੀ। ਉਸ ਵਿਚ ਬੌਡੀ ਬਿਲਡਰ ਬਿੱਕਰ ਸਿੰਘ ਪਰਹਾਰ, ਕਬੱਡੀ ਖਿਡਾਰੀ ਰਾਣਾ ਵੰਝ, ਮਨੋਹਰ ਟਿਵਾਣਾ ਉੱਚਾ ਪਿੰਡ ਸਨੇਤ, ਭਿੰਦਰ ਨਵੇਂ ਪਿੰਡੀਆ, ਸੁੱਖ ਪੰਧੇਰ ਘਲੋਟੀ, ਟੋਨੀ ਕਾਲਖ, ਜਗਜੀਤ ਫੌਜੀ ਕੁਰੜ, ਅੰਗਰੇਜ਼ ਅੜੈਚਾਂ, ਸਿ਼ੰਦਾ ਅੱਚਰਵਾਲੀਆ, ਬਿੱਟੂ ਜਸਪਾਲ ਬਾਂਗਰ, ਅਵਤਾਰ ਭੈਣੀ ਵੜਿੰਗਾਂ, ਕਬੱਡੀ ਦਾ ਧਾਵੀ ਸੁਰਜੀਤ ਛੋਟਾ ਖੰਨਾ, ਮਾਸਟਰ ਨਿਰਭੈ ਸਿੰਘ ਚੱਕ ਭਾਈਕਾ, ਪੱਥਰ ਘਣਗਸਾਂ, ਕਲੋਨਾ ਕੈਨੇਡਾ ਦਾ ਕਸ਼ਮੀਰ, ਰਛਪਾਲ ਹਾਰਾ, ਬਿੱਟੂ ਨਾਰੀਕੇ ਟੋਰਾਂਟੋ, ਗੁਰਮੇਲ ਰੁੜਕਾ, ਘੁੱਦਾ ਫੱਲੇਵਾਲੀਆ, ਜੀਤਾ ਠੁੱਲ੍ਹੀਵਾਲ, ਹਰਜਿੰਦਰ ਠਾਣਾ ਕੈਨੇਡਾ, ਜਗਤਾਰ ਧਨੌਲਾ, ਸੱਤਪਾਲ ਸ਼ਰਮਾ ਸੁਰਖ਼ਪੁਰੀਆ, ਅਮਰਜੀਤ ਭੰਮੀਪੁਰਾ, ਜੂਡੋ ਦਾ ਧੱਕੜ ਖਿਡਾਰੀ ਕੇਵਲ ਸੰਗਰੂਰੀਆ, ਮੁੱਕੇਬਾਜ਼ ਸੰਜੀਵ ਕੁਮਾਰ ਪੱਪੀ ਤੇ ਲੱਖਾ ਗਾਜ਼ੀਪੁਰੀਆ ਬਾਰੇ ਜਾਣਕਾਰੀ ਭਰਪੂਰ ਲੇਖ ਪਾਏ ਗਏ ਹਨ।
ਇਸ ਪੁਸਤਕ ਦੇ ਸਰਵਰਕ ਉਤੇ ਤਰਕ ਭਾਰਤੀ ਪ੍ਰਕਾਸ਼ਨ ਵਾਲੇ ਮੇਘ ਰਾਜ ਮਿੱਤਰ ਨੇ ਲਿਖਿਆ: ਪਹਿਲਾਂ ਅਜਮੇਰ ਨੇ ਚਾਰ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ, ਫਿਰ ਪੰਜਵੀਂ ਪੁਸਤਕ ਲਿਖਣ ਲਈ ਕੈਨੇਡਾ ਤੋਂ ਸੱਦਾ ਆ ਗਿਆ। ਮੈਂ ਅਜਮੇਰ ਨੂੰ ਬਹੁਤ ਚਿਰਾਂ ਤੋਂ ਜਾਣਦਾਂ। ਅਸੀਂ ਦੋਵਾਂ ਨੇ ਐੱਸਡੀ ਕਾਲਜ ਬਰਨਾਲਾ ਤੋਂ ਬੀਏ ਇਕੱਠਿਆਂ ਕੀਤੀ ਸੀ। ਅਜਮੇਰ ਬਹੁਤ ਤਕੜਾ ਖਿਡਾਰੀ ਵੀ ਰਿਹੈ। 1968 ਵਿਚ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪੋਲ ਵਾਲਟ ਚੈਂਪੀਅਨ ਬਣਿਆ। ਉਦੋਂ ਪੰਜਾਬ, ਹਰਿਆਣਾ ਤੇ ਹਿਮਾਚਲ ਦੀ ਇਕੋ ਹੀ ਸਾਂਝੀ ਯੂਨੀਵਰਸਿਟੀ ਸੀ ਪੰਜਾਬ ਯੂਨੀਵਰਸਿਟੀ। ਏਸੇ ਹੀ ਯੂਨੀਵਰਸਿਟੀ ਤੋਂ ਅਜਮੇਰ ਨੇ ਡੀਪੀਈ ਦਾ ਕੋਰਸ ਕੀਤਾ ਤੇ ਨਾਲ ਲੱਗਦੇ ਹੀ ਸਰਕਾਰੀ ਨੌਕਰੀ ਮਿਲ ਗਈ। ਪੈਂਤੀ ਸਾਲ ਦੀ ਸਰਵਿਸ ਕਰ ਕੇ 2006 ਵਿਚ ਨੌਕਰੀ ਤੋਂ ਸੇਵਾ ਮੁਕਤੀ ਪਾਈ। ਕਬੱਡੀ ਦੇ ਵਿਸ਼ਵ ਕੱਪਾਂ ਤੋਂ ਪ੍ਰਭਾਵਿਤ ਹੋ ਕੇ ਕਲਮ ਚੁੱਕ ਲਈ ਤੇ ਲੱਗ ਪਿਆ ਪੁਸਤਕਾਂ ਦੇ ਅੰਬਾਰ ਲਾਉਣ। ਹਥਲੀ ਪੁਸਤਕ ਅਜਮੇਰ ਦੀ ਪੰਜਵੀਂ ਪੁਸਤਕ ਹੈ ਜਿਹੜੀ ਉਸ ਨੇ ਕੈਨੇਡਾ ਵਿਚ ਜਾ ਕੇ ਲਿਖੀ।
ਅਜਮੇਰ ਸਿੰਘ ਖ਼ੁਦ ਸਟੇਟ ਪੱਧਰ ਦਾ ਖਿਡਾਰੀ ਰਿਹਾ। ਉਹ ਅਜੇ ਸੱਤਵੀਂ ਚ ਪੜ੍ਹਦਾ ਸੀ ਜਦੋਂ 17 ਸਾਲ ਤੋਂ ਘੱਟ ਉਮਰ ਦੇ ਸਕੂਲੀ ਖੇਡ ਮੁਕਾਬਲਿਆਂ ਵਿਚ 19 ਫੁੱਟ ਲੰਮੀ ਛਾਲ ਲਾ ਕੇ ਜਿ਼ਲ੍ਹਾ ਸੰਗਰੂਰ ਦੇ ਸਕੂਲਾਂ ਦਾ ਚੈਂਪੀਅਨ ਬਣਿਆ। ਉਸ ਸਮੇਂ ਜੇ ਉਹਨੂੰ ਕੋਈ ਚੰਗਾ ਕੋਚ ਮਿਲ ਜਾਂਦਾ ਤਾਂ ਉਹ ਉਸ ਤੋਂ ਜੁਆਨੀ ਵਿਚ ਪੱਚੀ ਛੱਬੀ ਫੁੱਟ ਲੰਮੀ ਛਾਲ ਲੁਆ ਸਕਦਾ ਸੀ। ਸਾਇੰਟੇਫਿਕ ਕੋਚਿੰਗ ਵਿਚ ‘ਕੈਚ ਦੈੱਮ ਯੰਗ’ ਦਾ ਨਾਅਰਾ ਐਵੇਂ ਨਹੀਂ ਲਾਇਆ ਜਾਂਦਾ। ਫਿਰ ਉਹ ਲੰਮੀ ਛਾਲ ਛੱਡ ਕੇ ਪੋਲ ਵਾਲਟ ਕਰਨ ਲੱਗ ਪਿਆ ਤੇ 1968 ਵਿਚ 10 ਫੁੱਟ 10 ਇੰਚ ਉੱਚੀ ਛਾਲ ਲਾ ਕੇ ਪੰਜਾਬ ਯੂਨਵਿਰਸਿਟੀ ਚੰਡੀਗੜ੍ਹ ਦਾ ਪੋਲ ਵਾਲਟ ਚੈਂਪੀਅਨ ਬਣ ਗਿਆ। ਉਦੋਂ ਪੰਜਾਬ ਯੂਨੀਵਰਸਿਟੀ ਵਿਚ ਪਠਾਨਕੋਟ ਤੋਂ ਮਹਿੰਦਰਗੜ੍ਹ ਤਕ ਤੇ ਕੁੱਲੂ ਕਾਂਗੜੇ ਤੋਂ ਅਬੋਹਰ ਫਾਜਿ਼ਲਕਾ ਤਕ ਸਾਰੇ ਕਾਲਜ ਸ਼ਾਮਲ ਸਨ। ਪੰਜਾਬ ਯੂਨੀਵਰਸਿਟੀ ਦਾ ਚੈਂਪੀਅਨ ਹੋਣਾ ਸਟੇਟ ਚੈਂਪੀਅਨ ਹੋਣ ਜਿੱਡੀ ਮੱਲ ਮਾਰਨ ਵਾਲੀ ਗੱਲ ਸੀ। ਖਿਡਾਰੀ ਹੋਣ ਕਰਕੇ ਉਹ ਪਟਿਆਲੇ ਦੇ ਸਰੀਰਕ ਸਿੱਖਿਆ ਕਾਲਜ ਤੋਂ ਡੀਪੀਐੱਡ ਦਾ ਕੋਰਸ ਕਰਨ ਪਿੱਛੋਂ ਸਕੂਲ ਚ ਡੀਪੀਈ ਲੱਗ ਗਿਆ। ਉਸ ਨੇ ਕਈ ਹੋਣਹਾਰ ਖਿਡਾਰੀ ਤਿਆਰ ਕੀਤੇ ਜਿਨ੍ਹਾਂ ਨੇ ਸਕੂਲਾਂ, ਜਿ਼ਲ੍ਹਾ ਤੇ ਸਟੇਟ ਪੱਧਰ ਦੀਆਂ ਜਿੱਤਾਂ ਜਿੱਤੀਆਂ।
ਡੀਪੀਈ ਹੋਣ ਕਾਰਨ ਸਕੂਲੀ ਖਿਡਾਰੀਆਂ ਦੇ ਖੇਡ ਮੁਕਾਬਲਿਆਂ ਦੌਰਾਨ ਅਜਮੇਰ ਸਿੰਘ ਦਾ ਵਾਹ ਨਵੇਂ ਖਿਡਾਰੀਆਂ ਨਾਲ ਪੈਂਦਾ ਰਿਹਾ। ਪਿੰਡਾਂ ਦੇ ਕਬੱਡੀ ਟੂਰਨਾਮੈਂਟਾਂ ਚ ਮੈਚ ਖਿਡਾਉਣ ਦੀ ਡਿਊਟੀ ਦਿੰਦਿਆਂ ਅਤੇ ਪੰਜਾਬ ਵਰਲਡ ਕਬੱਡੀ ਕੱਪ ਵੇਖਦਿਆਂ ਕਬੱਡੀ ਦੇ ਸਟਾਰ ਖਿਡਾਰੀ ਉਹਦੇ ਸੰਪਰਕ ਵਿਚ ਆਉਂਦੇ ਗਏ ਜਿਨ੍ਹਾਂ ਬਾਰੇ ਉਹ ਸਮੱਗਰੀ ਇਕੱਠੀ ਕਰਦਾ ਗਿਆ। ਉਸ ਨੇ ਲਿਖਿਆ ਕਿ ਖੇਡਾਂ ਖਿਡਾਰੀਆਂ ਬਾਰੇ ਲਿਖਣ ਦੀ ਪ੍ਰੇਰਨਾ ਉਸ ਨੂੰ ‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਵਿਚ ਛਪਦੇ ਮੇਰੇ ਕਾਲਮ ‘ਖੇਡ ਮੈਦਾਨ ਚੋਂ’ ਤੋਂ ਮਿਲੀ ਸੀ। ਮੈਂ ਉਹ ਕਾਲਮ ਕਈ ਸਾਲ ਲਗਾਤਾਰ ਲਿਖਿਆ ਸੀ। ਉਸ ਮੈਗਜ਼ੀਨ ਵਿਚ ਸੰਪਾਦਕ ਰਾਜਿੰਦਰ ਸਿੰਘ ਭਾਟੀਆ ਦਾ ਕਾਲਮ ‘ਕੁਝ ਜਾਤੀ ਕੁਝ ਸਿਆਸੀ’, ਡਾ. ਹਰਿਭਜਨ ਸਿੰਘ ਦਾ ‘ਪੁਰਾਣਾ ਮਾਖਿਉਂ, ਸੋਹਣ ਸਿੰਘ ਸੀਤਲ ਦਾ ‘ਇਤਿਹਾਸ ਦੇ ਪੰਨੇ’, ਸ੍ਰੀਮਤੀ ਕੈਲਾਸ਼ ਪੁਰੀ ਦਾ ‘ਸੇਜ ਉਲਝਣਾਂ’, ਗੁਰਦੇਵ ਸਿੰਘ ਮਾਨ ਦਾ ‘ਕੁੰਡਾ ਖੋਲ੍ਹ ਬਸੰਤਰੀਏ’ ਤੇ ਮੇਰੇ ਵੱਲੋਂ ਪਹਿਰੇਦਾਰ ਦੇ ਨਾਂ ਹੇਠ ‘ਪਿੰਡ ਦੀ ਸੱਥ ਚੋਂ’ ਕਾਲਮ ਛਪਦੇ ਰਹੇ ਸਨ। ‘ਸਪਤਾਹਿਕ ਕੌਮੀ ਏਕਤਾ’ ਪਰਚੇ ਨੂੰ ਇਲੱਸਟੇ੍ਰਟਿਡ ਵੀਕਲੀ ਦੇ ਐਡੀਟਰ ਖੁਸ਼ਵੰਤ ਸਿੰਘ ਦੇ ਮਸ਼ਵਰੇ ਤੇ ਹੀ ਸਚਿੱਤਰ ਮੈਗਜ਼ੀਨ ਬਣਾਇਆ ਗਿਆ ਸੀ ਜਿਸ ਦੀ ਛਪਣ ਗਿਣਤੀ ਫਿਰ ਲੱਖ ਕਾਪੀਆਂ ਤੋਂ ਵੀ ਟੱਪ ਗਈ ਸੀ। ਉਸ ਦਾ ਹਰ ਅੰਕ ਕਿਸੇ ਖ਼ਾਸ ਵਿਸ਼ੇ ਦਾ ਵਿਸ਼ੇਸ਼ ਅੰਕ ਹੁੰਦਾ ਸੀ; ਮਸਲਨ ‘ਸਿੱਖ ਸੰਤ’, ‘ਸਿੱਖ ਗੁਰਦਵਾਰੇ’, ‘ਸਿੱਖ ਸਿਆਸਤਦਾਨ’, ‘ਸਿੱਖ ਮਹਾਰਾਜੇ’, ‘ਪੰਜਾਬ ਤੇ ਸ਼ਰਾਬ’ ‘ਪੰਜਾਬੀ ਕਿਸਾਨ’, ‘ਸਿੱਖ ਸ਼ਹੀਦ’ ਆਦਿ। ‘ਸਿੱਖ ਸ਼ਹੀਦ’ ਅੰਕ ਦੀ ਮੰਗ ਏਨੀ ਹੋਈ ਕਿ ਉਹ ਦੋ ਵਾਰ ਛਾਪਣਾ ਪਿਆ ਸੀ।
ਉਦੋਂ ਪੰਜਾਬ ਦੇ ਹਰ ਸ਼ਹਿਰ ਦੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੇ ਹਰ ਸਟਾਲ ਤੋਂ ‘ਸਚਿੱਤਰ ਕੌਮੀ ਏਕਤਾ’ ਮਿਲਦਾ ਸੀ। ਉਸ ਦੇ ਸੰਪਾਦਨ ਵਿਚ ਪਹਿਲਾਂ ਡਾ. ਹਰਿਭਜਨ ਸਿੰਘ ਸਹਿਯੋਗ ਦਿੰਦਾ ਸੀ ਤੇ ਪਿੱਛੋਂ ਡਾ. ਸਤਿੰਦਰ ਸਿੰਘ ਨੂਰ ਸਾਥ ਦੇਣ ਲੱਗ ਪਿਆ ਸੀ। ਮੈਨੂੰ ਡਾ. ਹਰਿਭਜਨ ਸਿੰਘ ਨੇ ਹੀ ‘ਸਚਿੱਤਰ ਕੌਮੀ ਏਕਤਾ’ ਨਾਲ ਜੋੜਿਆ ਸੀ। ਬਾਅਦ ਵਿਚ ਸਚਿੱਤਰ ਕੌਮੀ ਏਕਤਾ ਵਿਚ ਛਪਦੇ ਮੇਰੇ ਕਾਲਮਾਂ ਦੇ ਨਾਂ ਤੇ ਦੋ ਪੁਸਤਕਾਂ ‘ਖੇਡ ਮੈਦਾਨ ਚੋਂ’ ਅਤੇ ‘ਪਿੰਡ ਦੀ ਸੱਥ ਚੋਂ’ ਛਪੀਆਂ ਸਨ। ਮੇਰੇ ਮਸ਼ਵਰੇ ਨਾਲ ਸਚਿੱਤਰ ਕੌਮੀ ਏਕਤਾ ਦੇ ਦੋ ਵਿਸ਼ੇਸ਼ ਖੇਡ ਅੰਕ ‘ਓਲੰਪਿਕ ਖੇਡਾਂ’ ਅਤੇ ‘ਏਸਿ਼ਆਈ ਖੇਡਾਂ’ ਵੀ ਛਾਪੇ ਗਏ ਸਨ। ਫਿਰ ਉਹ ਮਕਬੂਲ ਹੋਇਆ ਰੰਗੀਨ ਮੈਗਜ਼ੀਨ ਰਾਜਿੰਦਰ ਸਿੰਘ ਭਾਟੀਆ ਦੀ ਮ੍ਰਿਤੂ ਨਾਲ ਹੀ ਬੰਦ ਹੋ ਗਿਆ ਸੀ। ਉਵੇਂ ਹੀ ਜਿਵੇਂ ਭਾਪਾ ਪ੍ਰੀਤਮ ਸਿੰਘ ਦੀ ਮ੍ਰਿਤੂ ਨਾਲ ਸਾਹਿਤਕ ਪਰਚਾ ‘ਆਰਸੀ’ ਅਤੇ ਅੰਮ੍ਰਿਤਾ ਪ੍ਰੀਤਮ ਦੀ ਮ੍ਰਿਤੂ ਨਾਲ ‘ਨਾਗਮਣੀ’ ਬੰਦ ਹੋਏ। ਪੰਜਾਬੀ ਰਸਾਲਿਆਂ ਦੀ ਲਗਭਗ ਇਹੋ ਹੋਣੀ ਰਹੀ ਹੈ ਕਿ ਜਿਨ੍ਹਾਂ ਨੇ ਉਹ ਕੱਢਣੇ ਸ਼ੁਰੂ ਕੀਤੇ, ਉਹਨਾਂ ਦੀ ਮ੍ਰਿਤੂ ਨਾਲ ਹੀ ਬੰਦ ਹੁੰਦੇ ਗਏ। ਉਨ੍ਹਾਂ ਦੀ ਔਲਾਦ ਨੇ ਉਹ ਘੱਟ ਹੀ ਜਾਰੀ ਰੱਖੇ ਜਿਵੇਂ ਗੁਰਬਖ਼ਸ਼ ਸਿੰਘ ਦਾ ‘ਪ੍ਰੀਤ ਲੜੀ’ ਹਾਲੇ ਵੀ ਬਚਿਆ ਹੋਇਐ।
ਅਜਮੇਰ ਸਿੰਘ ਦਾ ਜਨਮ 6 ਜਨਵਰੀ 1948 ਨੂੰ ਪਾਖਰ ਸਿੰਘ ਅਤੇ ਚਤਿੰਨ ਕੌਰ ਦੇ ਘਰ ਪਿੰਡ ਫਰੀਦਪੁਰ ਕਲਾਂ (ਡਾਕਘਰ ਮੁਬਾਰਕਪੁਰ, ਜਿ਼ਲ੍ਹਾ ਸੰਗਰੂਰ) ਵਿਚ ਹੋਇਆ ਸੀ। ਉਸ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡੋਂ ਤੇ ਦਸਵੀਂ ਤਕ ਦੀ ਪੜ੍ਹਾਈ ਹਾਈ ਸਕੂਲ ਮੁਬਾਰਕਪੁਰ ਤੋਂ ਕੀਤੀ। ਸਕੂਲ ਵਿਚ ਉਹ ਦੌੜਾਂ ਵੀ ਲਾਉਂਦਾ ਤੇ ਛਾਲਾਂ ਵੀ ਮਾਰਦਾ। ਕਬੱਡੀ, ਵਾਲੀਬਾਲ, ਖੋ ਖੋ ਤੇ ਫੁੱਟਬਾਲ ਵੀ ਖੇਡਦਾ। ਸਰੀਰ ਦਾ ਭਾਵੇਂ ਇਕਹਿਰਾ ਜਿਹਾ ਸੀ ਪਰ ਤੇਜ਼ਤਰਾਰ ਬਹੁਤ ਸੀ। ਦਸਵੀਂ ਕਰਨ ਪਿੱਛੋਂ ਉਹ ਤਿੰਨ ਕਾਲਜਾਂ ਵਿਚ ਪੜ੍ਹਿਆ। ਪਹਿਲਾਂ ਸਰਕਾਰੀ ਕਾਲਜ ਮਾਲੇਰਕੋਟਲੇ, ਫਿਰ ਸਪੋਰਟਸ ਕਾਲਜ ਜਲੰਧਰ, ਅਖ਼ੀਰ ਐੱਸਡੀ ਕਾਲਜ ਬਰਨਾਲੇ। ਮਾਲੇਰਕੋਟਲੇ ਦੇ ਕਾਲਜ ਨੇ ਉਸ ਨੂੰ ਰੋਲ ਆਫ ਆਨਰ ਨਾਲ ਸਨਮਾਨਿਆ। 1968 ਵਿਚ ਉਸੇ ਕਾਲਜ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਅਥਲੈਟਿਕਸ ਮੀਟ ਵਿਚ ਭਾਗ ਲੈਂਦਿਆਂ ਉਹ ਪੋਲ ਵਾਲਟ ਦਾ ਯੂਨੀਵਰਸਿਟੀ ਚੈਂਪੀਅਨ ਬਣਿਆ ਸੀ। ਸਪੋਰਟਸ ਕਾਲਜ ਜਲੰਧਰ ਦਾ ਵਿਦਿਆਰਥੀਆਂ ਹੁੰਦਿਆਂ ਉਹ ਪੰਜਾਬ ਯੂਨੀਵਰਸਿਟੀ ਦੀ ਅਥਲੈਟਿਕਸ ਟੀੰਮ ਦਾ ਮੈਂਬਰ ਚੁਣਿਆ ਗਿਆ ਸੀ। ਸਪੋਰਟਸ ਕਾਲਜ ਨੇ ਉਸ ਨੂੰ ਕਾਲਜ ਕਲਰ ਨਾਲ ਨਿਵਾਜਿਆ। ਐੱਸਡੀ ਕਾਲਜ ਬਰਨਾਲੇ ਨੇ ਵੀ ਉਸ ਨੂੰ ਕਾਲਜ ਕਲਰ ਦੇ ਕੇ ਸਨਮਾਨਿਆ। ਪੇਸ਼ ਹਨ ਉਹਦੀਆਂ ਖੇਡ ਲਿਖਤਾਂ ਦੇ ਕੁਝ ਅੰਸ਼:
ਬੌਡੀ ਬਿਲਡਰ ਬਿੱਕਰ ਸਿੰਘ
ਪਹਿਲਵਾਨ ਬਿੱਕਰ ਸਿੰਘ ਪਰਹਾਰ ਨੂੰ ਮੈਂ ਪਹਿਲਾਂ ਨਹੀਂ ਸਾਂ ਜਾਣਦਾ। ਉਹ ਅਸਲ ਵਿਚ ਪਹਿਲਵਾਨ ਨਹੀਂ ਸਗੋਂ ਬੌਡੀ ਬਿਲਡਰ ਹੈ ਜੋ ਉਮਰ ਦੇ 80ਵਿਆਂ ਚ ਵੀ ਕੈਨੇਡਾ ਦੀ ਧਰਤੀ ’ਤੇ ਆਪਣੇ ਜੁੱਸੇ ਦਾ ਲੋਹਾ ਮੰਨਵਾਉਣ ਲੱਗਿਆ ਹੋਇਐ। ਉਸ ਦਾ ਜਨਮ 12 ਅਕਤੂਬਰ 1937 ਨੂੰ ਨੰਬਰਦਾਰ ਰੱਖਾ ਸਿੰਘ ਅਤੇ ਪ੍ਰਸਿੰਨ ਕੌਰ ਦੇ ਘਰ, ਚੱਕ ਨੰਬਰ 169 (ਤਹਿਸੀਲ ਚੀਚਾ ਵਤਨੀ, ਜਿ਼ਲ੍ਹਾ ਮਿੰਟਗੁਮਰੀ) ਵਿਚ ਹੋਇਆ ਸੀ। 1947 ਦੇ ਉਜਾੜੇ ਪਿੱਛੋਂ ਉਨ੍ਹਾਂ ਦੇ ਪਰਿਵਾਰ ਨੂੰ ਆਦਮਪੁਰ ਨੇੜੇ ਅਲਾਵਲਪੁਰ ਵਿਚ ਜ਼ਮੀਨ ਅਲਾਟ ਹੋਈ। ਉਸ ਨੇ ਅਲਾਵਲਪੁਰ ਦੇ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਉਸ ਦੀ ਸ਼ਾਦੀ ਨਰਿੰਦਰ ਕੌਰ ਨਾਲ ਹੋਈ ਜਿਸ ਨੇ 2006 ਤਕ ਬਿੱਕਰ ਸਿੰਘ ਦਾ ਸਾਥ ਦਿੱਤਾ। ਬਿੱਕਰ ਹੋਰੀਂ ਚਾਰ ਭਰਾ ਤੇ ਪੰਜ ਭੈਣਾਂ ਸਨ। ਨੰਬਰਦਾਰ ਰੱਖਾ ਸਿੰਘ ਨੇ ਆਪਣੇ ਬੱਚਿਆਂ ਨੂੰ ਖੁੱਲ੍ਹੀਆਂ ਖੁਰਾਕਾਂ ਖਾਣ ਨੂੰ ਦਿੱਤੀਆਂ। ਬਿੱਕਰ ਸਿੰਘ ਬੜਾ ਤਕੜਾ ਜੁਆਨ ਨਿਕਲਿਆ। ਉਸ ਦਾ ਕੱਦ ਛੇ ਫੁੱਟ ਤੋਂ ਉੱਚਾ ਹੋ ਗਿਆ ਅਤੇ ਜੁੱਸਾ 280 ਪੌਂਡ ਭਰ ਗਿਆ। ਪਹਿਲਾਂ ਉਸ ਨੇ ਗੱਠਵੇਂ ਸਡੌਲ ਜੁੱਸੇ ਨਾਲ ਪਹਿਲਵਾਨੀ ਕਰਨੀ ਸ਼ੁਰੂ ਕੀਤੀ ਅਤੇ ਪੇਂਡੂ ਅਖਾੜਿਆਂ ਵਿਚ ਮੱਲਾਂ ਮਾਰਨ ਲੱਗਾ। ਵਿਹਲੇ ਸਮੇਂ ਉਹ ਆਪਣੇ ਪਿਤਾ ਰੱਖਾ ਸਿੰਘ ਨਾਲ ਖੇਤਾਂ ਵਿਚ ਕੰਮ ਕਰਦਾ। ਉਹਦਾ ਪਿਤਾ ਬਲਦਾਂ ਦਾ ਸ਼ੌਂਕੀ ਸੀ ਜੋ ਬੜੀ ਵਧੀਆ ਜੋਗ ਰੱਖਿਆ ਕਰਦਾ ਸੀ। ਬਿੱਕਰ ਸਿੰਘ ਨੇ ਕੁਝ ਸਮਾਂ ਪੰਜਾਬ ਪੁਲੀਸ ਦੀ ਨੌਕਰੀ ਵੀ ਕੀਤੀ ਜੋ ਉਸ ਨੂੰ ਰਾਸ ਨਾ ਆਈ। ਫਿਰ ਮਿਹਨਤਾਂ ਮੁਸ਼ੱਕਤਾਂ ਕਰਦਾ ਉਹ ਆਪਣੇ ਪਰਿਵਾਰ ਨਾਲ 1970 ਵਿਚ ਕੈਨੇਡਾ ਪਹੁੰਚ ਗਿਆ।
ਕੈਨੇਡਾ ਪਹੁੰਚ ਕੇ ਉਹ ਕੁਸ਼ਤੀਆਂ ਲੜਨ ਦੀ ਥਾਂ ਬੌਡੀ ਬਿਲਡਰ ਬਣ ਗਿਆ। ਉਸ ਨੇ ਨਿੱਕ ਮੁਹੰਮਦ ਅਤੇ ਓਲੰਪਿਕ ਚੈਂਪੀਅਨ ਡੱਗ ਹੈਪਨਲ ਨੂੰ ਆਪਣੇ ਉਸਤਾਦ ਧਾਰ ਲਿਆ। ਉਨ੍ਹਾਂ ਦੀ ਨਿਗਰਾਨੀ ਹੇਠ ਉਸ ਨੇ ਸਖ਼ਤ ਮਿਹਨਤ ਕੀਤੀ। ਫਿਰ ਬਿੱਕਰ ਸਿੰਘ ਚੁਰਾਸੀ ਸਾਲ ਦੀ ਉਮਰ ਤਕ ਦੇਸ਼ ਵਿਦੇਸ਼ ਦੇ ਪੰਜਾਬੀ ਖੇਡ ਮੇਲਿਆਂ ਵਿਚ ਆਪਣੇ ਸੁੰਦਰ ਸਡੌਲ ਸਰੀਰ ਦੀ ਪ੍ਰਦਰਸ਼ਨੀ ਕਰਦਾ ਰਿਹਾ। ਦਰਸ਼ਕ ਖੁਸ਼ ਹੋ ਕੇ ਉਹਦਾ ਮਾਣ ਸਨਮਾਨ ਕਰਦੇ ਰਹੇ ਤੇ ਜੇਬਾਂ ਭਰਦੇ ਰਹੇ। ਜਦ ਉਹ 70ਵਿਆਂ ਵਿਚ ਸੀ ਤਾਂ ਯੂਐੱਸਏ ਵਿਚ ਜੂਏਬਾਜ਼ਾਂ ਦੇ ਸ਼ਹਿਰ ਲਾਸ ਵੇਗਸ ਵਿਚ ਹੋਏ ਨੈਚੂਲਰ ਬਾਡੀ ਬਿਲਡਿੰਗ ਦੇ 70-79 ਉਮਰ ਵਰਗ ਦੇ ਮੁਕਾਬਲਿਆਂ ਵਿਚ ਗੋਲਡ ਮੈਡਲ ਜਿੱਤ ਗਿਆ। ਉਸ ਤੋਂ ਪਹਿਲਾਂ 60-69 ਉਮਰ ਵਰਗ ਦੇ ਮੁਕਾਬਲਿਆਂ ਵਿਚ ਵੀ ਉਸ ਨੇ ਗੋਲਡ ਮੈਡਲ ਜਿੱਤਿਆ ਸੀ। 2016 ਵਿਚ ਵੈਟਰਨ ਬੌਡੀ ਬਿਲਡਰਾਂ ਦਾ ਮਿਸਟਰ ਯੂਨੀਵਰਸਲ ਮੁਕਾਬਲਾ ਟੈਕਸਸ ਵਿਖੇ ਹੋਇਆ। ਉਹਦੇ ਵਿਚ ਵੀ ਉਸ ਨੇ ਸੋਨੇ ਦਾ ਤਗਮਾ ਜਿੱਤਿਆ। ਉਹ 84 ਸਾਲ ਦੀ ਉਮਰ ਤਕ ਬੌਡੀ ਬਿਲਡਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲੈਂਦਾ ਰਿਹਾ ਤੇ ਮੈਡਲ ਜਿੱਤਦਾ ਰਿਹਾ। ਉਹ ਦੂਰ ਦੂਰ ਤਕ ਦੇਸ਼ ਵਿਦੇਸ਼ ਦੇ ਖੇਡ ਮੇਲਿਆਂ ’ਤੇ ਜਾਂਦਾ ਤੇ ਆਪਣੇ ਸਡੌਲ ਜੁੱਸੇ ਦੀ ਪ੍ਰਦਰਸ਼ਨੀ ਕਰ ਕੇ ਹੋਰਨਾਂ ਨੂੰ ਜੁੱਸੇ ਤਕੜੇ ਤੇ ਸਡੌਲ ਬਣਾਉਣ ਦੀ ਪ੍ਰੇਰਨਾ ਦਿੰਦਾ। ਉਹ ਲੰਮੀ ਸਿਹਤਮੰਦ ਉਮਰ ਜੀਵਿਆ ਅਤੇ ਆਪਣੇ ਪਿੱਛੇ ਬੌਡੀ ਬਿਲਡਰ ਬਿੱਕਰ ਸਿੰਘ ਦਾ ਨਾਂ ਛੱਡ ਗਿਆ।
ਉਹ ਗੱਲਾਂ ਬਾਤਾਂ ਦਾ ਵੀ ਧਨੀ ਸੀ ਜੋ ਢਾਈ ਨਾਲ ਢਾਈ ਮੇਲਦਾ ਤੁਰਿਆ ਜਾਂਦਾ ਸੀ। ਉਸ ਦਾ ਪਿਤਾ ਵੀ ਲੰਮੇ ਕੱਦ ਕਾਠ ਦਾ ਜੁਆਨ ਸੀ ਜੋ ਬਹੁਤ ਵਧੀਆ ਖੇਤੀ ਕਰਦਾ ਸੀ। ਉਹਦੇ ਹਾਣੀ ਦੱਸਦੇ ਸਨ ਕਿ ਇਕ ਵਾਰ ਉਹ ਸੌ ਸੇਰ ਘਿਉ ਚਿੱਘੀ ਲਾ ਕੇ ਪੀ ਗਿਆ ਸੀ। ਉਹ ਮੂੰਗਲੀਆਂ ਫੇਰਨ ਤੇ ਮੁਗਦਰ ਚੁੱਕਣ ਦੀ ਕਸਰਤ ਵੀ ਕਰਿਆ ਕਰਦਾ ਸੀ। ਉਸ ਨੇ ਲੋਕ ਭਲਾਈ ਦੇ ਵੀ ਬੜੇ ਕੰਮ ਕੀਤੇ ਜਿਨ੍ਹਾਂ ਵਿਚ ਗਰੀਬ ਲੜਕੀਆਂ ਦੇ ਵਿਆਹ ਕਰਨੇ ਵੀ ਸ਼ਾਮਲ ਸਨ। ਖੁਰਾਕ ਬੌਡੀ ਬਿਲਡਰ ਬਿੱਕਰ ਸਿੰਘ ਦੀ ਵੀ ਬਹੁਤ ਸੀ। ਉਹਦੇ ਦੱਸਣ ਮੂਜਬ ਉਹ ਦਿਹਾੜੀ ’ਚ ਦਸ ਸੇਰ ਦੁੱਧ ਪੀ ਜਾਂਦਾ ਸੀ ਤੇ ਪੰਜ ਸੇਰ ਮੀਟ ਮੱਛੀ ਖਾ ਜਾਂਦਾ ਸੀ। ਜਿਵੇਂ ਖੁਰਾਕ ਖਾਂਦਾ ਸੀ ਉਵੇਂ ਉਹ ਗੱਲਾਂ ਵੀ ਬਹੁਤ ਵਧਾ ਚੜ੍ਹਾ ਕੇ ਕਰਦਾ ਸੀ। ਉਹ ਆਏ ਗਏ ਨੂੰ ਵਾਰ ਵਾਰ ਆਪਣੇ ਸਡੌਲ ਸਰੀਰ ਦੇ ਗੁੰਦਵੇਂ ਪੱਠੇ ਵਿਖਾਉਂਦਾ ਤੇ ਡੰਡ ਬੈਠਕਾਂ ਕੱਢ ਕੇ ਅਗਲੇ ਦੀ ਤਸੱਲੀ ਕਰਾਉਂਦਾ। ਫਿਰ ਪੁੱਛਦਾ ਕਿਵੇਂ ਲੱਗਦੇ ਐ ਮੇਰੇ ਮੱਸਲ? 80 ਸਾਲਾਂ ਦੀ ਉਮਰ ਤੋਂ ਬਾਅਦ ਵੀ ਉਹਦੇ ਜੁੱਸੇ ਦੇ ਮੱਸਲ ਢੈਲੇ ਨਹੀਂ ਸਨ ਪਏ। ਪਤਾ ਨਹੀਂ ਸੱਚ, ਪਤਾ ਨਹੀਂ ਝੂਠ, ਉਹਦੇ ਦੱਸਣ ਮੂਜਬ ਉਹ ਹਾਲੇ ਵੀ ਇਕ ਹਜ਼ਾਰ ਡੰਡ ਕੱਢ ਲੈਂਦਾ ਸੀ ਤੇ ਇਕ ਹਜ਼ਾਰ ਬੈਠਕਾਂ ਮਾਰ ਲੈਂਦਾ ਸੀ। ਉਸ ਦੀ ਪਤਨੀ ਕਈ ਸਾਲ ਪਹਿਲਾਂ ਰੱਬ ਨੂੰ ਪਿਆਰੀ ਹੋ ਗਈ ਸੀ। ਹੁਣ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਹੈ। ਉਸ ਦੇ ਦੋ ਪੁੱਤਰ ਗੁਰਦਾਵਰ ਤੇ ਅੰਮ੍ਰਿਤਪਾਲ ਹਨ ਜੋ ਹਾਲੇ ਵੀ ਅਣਵਿਆਹੇ ਹਨ। ਧੀਆਂ ਰਛਪਾਲ, ਮਨਿੰਦਰ ਤੇ ਰੂਬੀ ਹਨ ਜੋ ਆਪੋ-ਆਪਣੇ ਘਰੀਂ ਸੁਖੀ ਵਸਦੀਆਂ ਹਨ। ਗੱਲਾਂ ਗੱਲਾਂ ਵਿਚ ਉਹ ਦੱਸਿਆ ਕਰਦਾ ਸੀ ਪਹਿਲਵਾਨ ਦਾਰਾ ਸਿੰਘ ਵੀ ਉਹਦਾ ਯਾਰ ਸੀ ਤੇ ਸਰਦਾਰਾ ਸਿੰਘ ਰੰਧਾਵਾ ਵੀ। ਹੋਰ ਵੀ ਬਹੁਤ ਸਾਰੇ ਮੰਨੇ ਦੰਨੇ ਖਿਡਾਰੀ ਉਸ ਦੇ ਯਾਰ ਬੇਲੀ ਸਨ। ਉਹ ਰੌਣਕੀ ਬੰਦਾ ਸੀ ਜੋ ਰੌਣਕਾਂ ਆਪਣੇ ਨਾਲ ਹੀ ਲੈ ਗਿਆ।
ਬਿੱਟੂ ਨਾਰੀਕੇ ਟੋਰਾਂਟੋ ਕੈਨੇਡਾ
ਬਿੱਟੂ ਨਾਰੀਕੇ ਦਾ ਪੂਰਾ ਨਾਂ ਬਲਵਿੰਦਰ ਸਿੰਘ ਬਿੱਟੂ ਹੈ। ਉਸ ਦਾ ਜਨਮ 24 ਦਸੰਬਰ 1973 ਨੂੰ ਮਾਲੇਰਕੋਟਲੇ ਨੇੜੇ ਪਿੰਡ ਨਾਰੀਕੇ ਵਿਖੇ ਸੂਬੇਦਾਰ ਹਜ਼ੂਰਾ ਸਿੰਘ ਅਤੇ ਰਣਜੀਤ ਕੌਰ ਦੇ ਘਰ ਹੋਇਆ। ਸੂਬੇਦਾਰ ਹਜ਼ੂਰਾ ਸਿੰਘ ਨੇ 1962, 65 ਤੇ 71 ਦੀਆਂ ਫੌਜੀ ਲੜਾਈਆਂ ਲੜੀਆਂ ਸਨ। ਉਸ ਨੇ ਪੰਜ ਪੁੱਤਰ ਬੜੇ ਲਾਡਾਂ ਨਾਲ ਪਾਲੇ ਸਨ ਜਿਨ੍ਹਾਂ ਚੋਂ ਗੁਰਵਿੰਦਰ ਗੋਗੀ ਦਸਵੀਂ ਵਿਚ ਪੜ੍ਹਦਿਆਂ ਅਕਾਲ ਚਲਾਣਾ ਕਰ ਗਿਆ ਸੀ। ਬਾਕੀ ਚਾਰੇ ਭਰਾ ਕਬੱਡੀ ਦੇ ਬੜੇ ਤਕੜੇ ਖਿਡਾਰੀ ਨਿਕਲੇ। ਜਸਵੀਰ ਸਿੰਘ ਕਾਕੇ ਨੇ ਆਹਲਾ ਦਰਜੇ ਦੀ ਕਬੱਡੀ ਖੇਡੀ। ਭੁਪਿੰਦਰ ਸਿੰਘ ਸਿਰੇ ਦਾ ਹੈਮਰ ਥਰੋਅਰ ਨਿਕਲਿਆ ਜੋ ਅੱਜ ਕੱਲ੍ਹ ਪੁਲੀਸ ਵਿਚ ਇੰਸਪੈਕਟਰ ਹੈ। ਤੀਜਾ ਭਰਾ ਉੱਜਲ ਸਿੰਘ ਵੀ ਕਬੱਡੀ ਦੇ ਸਿਰ ’ਤੇ ਪੰਜਾਬ ਪੁਲੀਸ ਵਿਚ ਏਐੱਸਆਈ ਹੈ। ਬਲਵਿੰਦਰ ਬਿੱਟੂ ਵੀ ਕਬੱਡੀ ਖੇਡਦਾ ਖੇਡਦਾ ਪੰਜਾਬ ਪੁਲੀਸ ਵਿਚ ਭਰਤੀ ਹੋ ਗਿਆ ਸੀ ਪਰ 1999 ਵਿਚ ਨੌਕਰੀ ਛੱਡ ਕੇ ਕੈਨੇਡਾ ਜਾ ਵਸਿਆ।
ਉਸ ਨੇ ਦਸਵੀਂ ਤਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਨਾਰੀਕੇ ਤੋਂ ਕੀਤੀ ਤੇ ਫਿਰ ਦੇਸ਼ਭਗਤ ਕਾਲਜ ਬਰੜਵਾਲ ਵਿਚ ਦਾਖਲ ਹੋਇਆ। ਉਥੇ
ਉਨ੍ਹਾਂ ਦੀ ਕਬੱਡੀ ਨੈਸ਼ਨਲ ਸਟਾਈਲ ਦੀ ਟੀਮ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਕਾਲਜ ਮੁਕਾਬਲਿਆਂ ਵਿਚ ਦੂਜੇ ਸਥਾਨ ’ਤੇ ਰਹੀ। ਉਹ ਕਾਲਜ ਦੀ ਅਥਲੈਟਿਕਸ ਮੀਟ ਵਿਚ ਉੱਚੀ ਛਾਲ ਲਾਉਣ ’ਚ ਪਹਿਲੇ, ਲੰਮੀ ਛਾਲ ਲਾਉਣ ਚ ਵੀ ਪਹਿਲੇ ਅਤੇ ਗੋਲਾ, ਡਿਸਕਸ ਸੁੱਟਣ ਤੇ 400 ਮੀਟਰ ਦੌੜ ਚ ਦੂਜੇ ਸਥਾਨ ਤੇ ਰਿਹਾ। ਜਦ ਉਹਦੀ ਕਬੱਡੀ ਖੇਡਣ ਵਿਚ ਪੰਜਾਬ ਪੱਧਰ ਤੇ ਗੁੱਡੀ ਚੜ੍ਹੀ ਤਾਂ ਖੇਡਾਂ ਦੇ ਮਸੀਹੇ ਪੁਲੀਸ ਅਫਸਰ ਮਹਿਲ ਸਿੰਘ ਭੁੱਲਰ ਨੇ ਉਸ ਨੂੰ ਪੰਜਾਬ ਪੁਲੀਸ ਵਿਚ ਭਰਤੀ ਕਰ ਲਿਆ। ਉਦੋਂ ਜਗਤਾਰ ਸਿੰਘ ਮਾਨ ਵੀ ਭੁੱਲਰ ਸਾਹਿਬ ਵਾਂਗ ਤਕੜੇ ਖਿਡਾਰੀਆਂ ਨੂੰ ਬਿਜਲੀ ਬੋਰਡ ਵਿਚ ਭਰਤੀ ਕਰਦਾ ਸੀ। ਖਿਡਾਰੀ ਉਨ੍ਹਾਂ ਦੋਹਾਂ ਦਾ ਬਹੁਤ ਸਤਿਕਾਰ ਕਰਦੇ ਸਨ।
ਉਹ ਕਾਲਜ ਵਿਚ ਪੜ੍ਹਦਿਆਂ ਹੀ ਪਿੰਡਾਂ ਦੇ ਵੱਡੇ ਟੂਰਨਾਮੈਂਟ ਖੇਡਣ ਲੱਗ ਪਿਆ ਸੀ ਜਿਥੇ ਬਿੱਟੂ ਬਿੱਟੂ ਹੋਣ ਲੱਗ ਪਈ ਸੀ। ਕਬੱਡੀ ਟੂਰਨਾਮੈਂਟ ਠੁੱਲ੍ਹੀਵਾਲ ਦਾ ਉਸ ਨੂੰ ਬੈਸਟ ਜਾਫੀ ਐਲਾਨਿਆ ਗਿਆ ਸੀ। ਉਸ ਨੇ ਨਾਭਾ ਕਬੱਡੀ ਕੱਪ, ਜਲੰਧਰ ਕੱਪ, ਫਗਵਾੜਾ, ਫਿਲੌਰ, ਅਮਰਗੜ੍ਹ, ਬਾਗੜੀਆਂ ਕਬੱਡੀ ਕੱਪ ਅਤੇ ਹਕੀਮਪੁਰੀਏ ਪੁਰੇਵਾਲ ਭਰਾਵਾਂ ਦੇ ਹਰਬੰਸ ਸਿੰਘ ਪੁਰੇਵਾਲ ਖੇਡ ਮੇਲੇ ਵਿਚ, ਗੱਲ ਕੀ ਸਭਨੀਂ ਥਾਈਂ ਆਪਣੀ ਖੇਡ ਦੀਆਂ ਪੈੜਾਂ ਛੱਡੀਆਂ। 1995 ਵਿਚ ਬਿੱਟੂ ਹੋਰਾਂ ਦੀ ਟੀਮ ਦਾ ਪੰਜਾਬ ਰਾਜ ਬਿਜਲੀ ਬੋਰਡ ਦੀ ਤਕੜੀ ਟੀਮ ਨਾਲ ਟਾਕਰਾ ਹੋਇਆ ਜਿਸ ਵਿਚ ਕਿੰਦਾ ਬਿਹਾਰੀਪੁਰੀਆ, ਭੀਮਾ ਸਹੇੜੀ, ਅੰਗਰੇਜ਼ ਅੜੈਚਾਂ, ਬਿੱਟੂ ਜਸਪਾਲ ਬਾਂਗਰ, ਜਗਤਾਰ ਧਨੌਲਾ ਤੇ ਤਾਰੀ ਛੰਨਾਂ ਵਾਲੇ ਵਰਗੇ ਮਸ਼ਹੂਰ ਖਿਡਾਰੀ ਖੇਡ ਰਹੇ ਸਨ। ਉਸੇ ਸਾਲ ਦਿੜ੍ਹਬੇ ਦੇ ਟੂਰਨਾਮੈਂਟ ਤੇ ਬਿੱਟੂ ਨੇ ਇਕ ਮੈਚ ਵਿਚ 13 ਜੱਫੇ ਲਾਏ। ਉਦੋਂ ਵਿਰੋਧੀ ਟੀਮ ਵਿਚ ਹਰਜੀਤ ਬਰਾੜ ਵੀ ਖੇਡ ਰਿਹਾ ਸੀ। ਪਿੰਡ ਚੌਦਾ ਦੇ ਕਬੱਡੀ ਕੱਪ ਵਿਚ ਅਤੇ ਸ਼ੋਅ ਮੈਚ ਵਿਚ ਬਿੱਟੂ ਨੇ ਕਮਾਲ ਦੇ ਜੌਹਰ ਦਿਖਾਏ। ਬਿੱਟੂ ਆਪਣੇ ਮੂੰਹੋਂ ਅੰਗਰੇਜ਼ ਅੜੈਚਾਂ, ਲੱਖਾ ਗਾਜ਼ੀਪੁਰ, ਮੈਂਗਲ ਚੌਦਾ, ਹਰਜੀਤ ਬਾਜਾਖਾਨਾ, ਸੱਬ੍ਹਾ ਗੁਰਦਾਸਪੁਰੀਆ, ਮੰਗੀ ਸੁਰਖਪੁਰੀਆ ਤੇ ਕਾਲੇ ਗਾਜ਼ੀਆਣੀਏ ਨੂੰ ਚੋਟੀ ਦੇ ਖਿਡਾਰੀ ਮੰਨਦਾ ਹੈ। ਲੱਖਾ ਉਹਦੇ ਸਮੇਂ ਨਵਾਂ ਉਠ ਰਿਹਾ ਖਿਡਾਰੀ ਸੀ ਜੋ ਬਾਅਦ ਵਿਚ ਸਟਾਰ ਖਿਡਾਰੀ ਬਣਿਆ ਤੇ ਲੰਮਾ ਸਮਾਂ ਖੇਡਿਆ। ਹਰਜੀਤ ਬਰਾੜ ਸੱਚਮੁੱਚ ਕਬੱਡੀ ਦਾ ਚੜ੍ਹਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ।
ਨਾਰੀਕਿਆਂ ਦੇ ਬੰਦੇ ਬਿੱਟੂ ਦੇ ਬਾਪ ਬਾਰੇ ਆਖਿਆ ਕਰਦੇ ਸਨ ਕਿ ਸੂਬੇਦਾਰ ਹਜ਼ੂਰਾ ਸਿੰਘ ਨੇ ਹੋਰ ਕੁਝ ਨਹੀਂ ਬਣਾਇਆ ਬੱਸ ਪੁੱਤ ਪਾਲੇ ਨੇ। ਜੱਗ ਜ਼ਾਹਰ ਹੈ ਜੇਕਰ ਸੂਬੇਦਾਰ ਹੋਰ ਜ਼ਮੀਨ ਖਰੀਦ ਲੈਂਦਾ ਤਾਂ ਪੁੱਤਰਾਂ ਨੇ ਖੇਤੀ ਵਾਹੀ ਵਿਚ ਰੁਝ ਜਾਣਾ ਸੀ। ਫਿਰ ਖੇਡਾਂ ਵਾਲੀ ਨਾਮਾਜ਼ਾਦੀ ਨਹੀਂ ਸੀ ਹੋਣੀ। ਸੂਬੇਦਾਰ ਦੇ ਪਰਿਵਾਰ ਨੇ ਜਿਹੜੀ ਸ਼ੁਹਰਤ ਖੇਡ ਮੈਦਾਨਾਂ ਵਿਚ ਖੱਟੀ, ਉਹ ਨਹੀਂ ਸੀ ਮਿਲਣੀ। ਖਿਡਾਰੀ ਭਰਾਵਾਂ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਲੋਕ ਅਗਲੀਆਂ ਪੀੜ੍ਹੀਆਂ ਤਕ ਯਾਦ ਰੱਖਣਗੇ।
ਰਣਜੀਤ ਸਿੰਘ ਰਾਣਾ ਵੰਝ
ਪ੍ਰਸਿੱਧ ਕਬੱਡੀ ਖਿਡਾਰੀ ਰਾਣੇ ਵੰਝ ਦਾ ਜਨਮ 20 ਦਸੰਬਰ 1956 ਨੂੰ ਬਾਵਾ ਸਿੰਘ ਅਤੇ ਹਰਬੰਸ ਕੌਰ ਦੇ ਘਰ ਪਿੰਡ ਚੁਗਾਵਾਂ ਰੂਪੋਵਾਲੀ, ਜਿ਼ਲ੍ਹਾ ਅੰਮ੍ਰਿਤਸਰ ਵਿਚ ਹੋਇਆ। ਹੁਣ ਉਹ ਕਸਬਾ ਚਵਿੰਡਾ ਦੇਵੀ ਵਿਚ ਬੜੇ ਖ਼ੂਬਸੂਰਤ ਘਰ ਚ ਰਹਿੰਦਾ ਹੈ। ਉਸ ਨੇ ਦਸਵੀਂ ਤਕ ਦੀ ਪੜ੍ਹਾਈ ਚਵਿੰਡਾ ਦੇਵੀ ਦੇ ਹਾਈ ਸਕੂਲ ਤੋਂ ਕੀਤੀ ਸੀ। ਕਬੱਡੀ ਖੇਡਣ ਵਿਚ ਵਧੇਰੇ ਰੁਚੀ ਰੱਖਣ ਕਾਰਨ ਉਹ ਦਸਵੀਂ ਤੋਂ ਅੱਗੇ ਨਾ ਪੜ੍ਹ ਸਕਿਆ। ਉਸ ਨੇ ਆਪਣਾ ਸਭ ਕੁਝ ਕਬੱਡੀ ਨੂੰ ਅਰਪਣ ਕਰ ਦਿੱਤਾ। ਉਹ ਆਪਣੇ ਨਾਨਕੇ ਪਿੰਡ ਵਡਾਲੇ ਜਾਂਦਾ ਤਾਂ ਉਥੇ ਵੀ ਕਬੱਡੀ ਦਾ ਹੀ ਮਾਹੌਲ ਮਿਲਦਾ। ਘਰ ਅਤੇ ਪਰ੍ਹੇ ਵਿਚ ਕਬੱਡੀ ਦੀਆਂ ਹੀ ਗੱਲਾਂ ਹੁੰਦੀਆਂ। ਜਦੋਂ ਉਹ ਕਬੱਡੀ ਦਾ ਤਕੜਾ ਖਿਡਾਰੀ ਬਣ ਗਿਆ ਤਾਂ ਕਬੱਡੀ ਦੇ ਸਿਰ ਤੇ ਉਸ ਨੂੰ ਮੰਡੀ ਬੋਰਡ ਦੀ ਵਧੀਆ ਨੌਕਰੀ ਮਿਲ ਗਈ। ਮੰਡੀ ਬੋਰਡ ਦੀ ਟੀਮ ਵਿਚ ਉਸ ਦਾ ਕਬੱਡੀ ਸਫ਼ਰ ਕਾਫੀ ਲੰਮਾ ਰਿਹਾ। ਰਾਣਾ ਵੰਝ ਦੀ ਸ਼ਾਦੀ ਰਸੂਲਪੁਰ ਕਲਾਂ ਦੀ ਜਾਈ ਬੀਬੀ ਜਸਵੀਰ ਕੌਰ ਨਾਲ 1984 ਵਿਚ ਹੋਈ। ਉਸ ਨੇ ਤਿੰਨ ਲੰਮੇ ਲੰਝੇ ਪੁੱਤਰਾਂ ਦੇ ਨਾਂ ਗੁਰਪ੍ਰੀਤ ਸਿੰਘ, ਰੂਪ ਸਿੰਘ ਤੇ ਬਸੰਤ ਸਿੰਘ ਰੱਖੇ। ਗੁਰਪ੍ਰੀਤ ਸਿੰਘ ਦਾ ਕੱਦ 6 ਫੁੱਟ 2 ਇੰਚ ਹੈ ਤੇ ਉਹ ਇੰਗਲੈਂਡ ਵਿਚ ਕਬੱਡੀ ਖੇਡ ਆਇਆ ਹੈ। ਅੱਜ ਕੱਲ੍ਹ ਉਹ ਪੰਜਾਬ ਪੁਲੀਸ ਵਿਚ ਨੌਕਰੀ ਕਰਦਾ ਹੈ। ਰਾਣੇ ਵੰਝ ਦੀ ਵੱਡੀ ਪੁੱਤਰੀ ਹਰਪ੍ਰੀਤ ਕੌਰ ਵਿਆਹੀ ਵਰੀ ਆਪਣੇ ਘਰ ਸੁਖੀ ਵਸਦੀ ਹੈ ਤੇ ਛੋਟੀ ਪੁੱਤਰੀ ਮਨਪ੍ਰੀਤ ਕੌਰ ਉਚੇਰੀ ਪੜ੍ਹਾਈ ਕਰਦੀ ਹੈ।
ਰਾਣੇ ਵੰਝ ਨੇ ਛੇਵੀਂ ਵਿਚ ਪੜ੍ਹਦਿਆਂ ਹੀ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਸੀ। 1978 ਤੋਂ 2000 ਤਕ ਉਹ ਵੀਹ ਸਾਲਾਂ ਤੋਂ ਵੀ ਵੱਧ ਸਮਾਂ ਕਬੱਡੀ ਖੇਡਿਆ ਅਤੇ ਖੇਡ ਮੈਦਾਨਾਂ ਦਾ ਸਿ਼ੰਗਾਰ ਬਣਿਆ ਰਿਹਾ। ਉਹ ਕਬੱਡੀ ਦਰਸ਼ਕਾਂ ਦਾ ਚਹੇਤਾ ਖਿਡਾਰੀ ਸੀ। ਉਸ ਨੇ ਆਪਣੇ ਸਮਕਾਲੀ ਖਿਡਾਰੀ ਗੁਰਦੇਵ ਬੋਲਾ ਤੇ ਬਲਵਿੰਦਰ ਫਿੱਡੇ ਨਾਲ ਵੀ ਲੋਹਾ ਲਿਆ। ਉਹ 1985, 1988 ਤੇ 1989 ਵਿਚ ਪਾਕਿਸਤਾਨ ਖੇਡਣ ਗਿਆ ਜਿਥੇ ਧੰਨ ਧੰਨ ਕਰਾ ਕੇ ਆਇਆ। 1985 ਵਿਚ ਹੀ ਰਾਣੇ ਵੰਝ ਨੇ ਪਿੰਡਾਂ ਦੇ ਟੂਰਨਾਮੈਂਟਾਂ ਵਿਚ ਲਹਿਰੀਆ ਪਾਇਆ। ਪਿੰਡ ਕੁਤਬੇ ਚ ਬਲਵਿੰਦਰ ਫਿੱਡੇ ਨਾਲ ਭਾਵੇਂ ਆਖ਼ਰਾਂ ਦੇ ਭੇੜ ਹੋਏ ਜਿਥੇ ਰਾਣੇ ਦੀਆਂ ਚੜ੍ਹ ਮੱਚੀਆਂ ਪਰ ਉਹ ਇਹੋ ਆਖਦਾ ਰਿਹਾ ਕਿ ਫਿੱਡੂ ਵਰਗਾ ਰੇਡਰ ਨਾ ਹੋਇਆ ਨਾ ਹੋਣਾ। ਜੇਕਰ ਫਿੱਡਾ ਨਾ ਹੁੰਦਾ ਤਾਂ ਕਬੱਡੀ ਅੱਜ ਵੀ ਨੀਕਰਾਂ ਬੁਨੈਣਾਂ, ਨਿੱਕੇ ਨਿੱਕੇ ਕੱਪਾਂ ਤੇ ਸਾਬਣ ਦਾਨੀਆਂ ਦੇ ਇਨਾਮਾਂ ਤੋਂ ਅੱਗੇ ਨਹੀਂ ਸੀ ਵਧਣੀ। ਅੱਜ ਕੱਲ੍ਹ ਕਬੱਡੀ ਖਿਡਾਰੀ ਫਿੱਡੇ ਦੀ ਬਦੌਲਤ ਲੱਖਾਂ ਵਿਚ ਖੇਡਦੇ ਹਨ।
ਮੈਂ ਗੱਲੀਂ ਬਾਤੀਂ ਰਾਣੇ ਨੂੰ ‘ਵੰਝ’ ਦੇ ਖਿ਼ਤਾਬ ਬਾਰੇ ਪੁੱਛਿਆ ਤਾਂ ਉਹ ਜ਼ਰਾ ਕੁ ਝਿਜਕਿਆ। ਫਿਰ ਆਖਣ ਲੱਗਾ, ਭਰਾ ਜੀ ਮੈਂ ਖਿਡਾਰੀ ਦਾ ਨਾਮ ਤਾਂ ਨਹੀਂ ਲੈਣਾ; ਇਕ ਟੂਰਨਾਮੈਂਟ ’ਚ ਇਕ ਰੇਡਰ ਮੇਰੇ ਤੋਂ ਕੁਝ ਵਧੇਰੇ ਹੀ ਝੰਬਿਆ ਗਿਆ। ਅਗਲੇ ਦਿਨ ਆਪਣੇ ਪਿੰਡੇ ’ਤੇ ਲਾਸਾਂ ਪਈਆਂ ਵਿਖਾ ਕੇ ਕਹਿਣ ਲੱਗਾ, “ਪਤੰਦਰਾ ਤੈਂ ਤਾਂ ਕੱਲ੍ਹ ਮੇਰੇ ’ਤੇ ਵੰਝ ਹੀ ਫੇਰ ਦਿੱਤਾ!”
ਬੱਸ ਉਥੋਂ ਰਾਣੇ ਦੇ ਨਾਂ ਨਾਲ ‘ਵੰਝ’ ਪੱਕੇ ਤੌਰ ’ਤੇ ਈ ਜੁੜ ਗਿਆ। 1985 ਵਿਚ ਹੀ ਰਾਣਾ ਇੰਗਲੈਂਡ ਖੇਡਣ ਗਿਆ। ਉਸ ਟੀਮ ਵਿਚ ਸੀਤਲ, ਕਾਟੋ, ਟੋਨੀ ਕਾਲਖ ਤੇ ਰਛਪਾਲ ਸਿੰਘ ਹਾਰਾ ਵੀ ਖੇਡਣ ਗਏ। ਰਛਪਾਲ ਦੇ ਨਾਂ ਨਾਲ ‘ਤੋਤਾ’ ਜੁੜ ਗਿਆ ਹੋਇਐ। ਭਿੰਦਰ ਭਲਵਾਨ, ਫਿੱਡੂ, ਜੈਲਾ ਹੁਸਿ਼ਆਰਪੁਰੀਆ, ਬਲਜੀਤ ਦੁੱਗਰੀ ਤੇ ਕੁਲਦੀਪ ਮੱਲ੍ਹਾ, ਸਭ ਰਾਣੇ ਵੰਝ ਦੀ ਇੱਜ਼ਤ ਕਰਦੇ ਹਨ। ਇਕ ਵਕਤ ਸੀ ਜਦੋਂ ਰਾਣੇ ਵੰਝ ਦੀਆਂ ਮਾਰੀਆਂ ਧੌਲਾਂ ਦੀ ਧਮਕ ਵਲੈਤ ਤਕ ਪੈਂਦੀ ਸੀ…।
ਸੰਪਰਕ: principalsarwansingh@gmail.com