ਪ੍ਰਿੰ. ਸਰਵਣ ਸਿੰਘ
ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਪ੍ਰੋ. ਨਿਰਮਲ ਸਿੰਘ ਧਾਰਨੀ ਦੀ ਬਾਤ ਪਾਈ ਹੈ ਤਾਂ ਉਨ੍ਹਾਂ ਦੇ ਖਾਸ ਜੋਟੀਦਾਰ, ਕਬੱਡੀ ਖਿਡਾਰੀ ਦੇਵੀ ਦਿਆਲ ਦੀਆਂ ਬਾਤਾਂ ਵੀ ਪੈ ਗਈਆਂ ਹਨ। ਕਾਲਜ ਵਿਚ ਪੜ੍ਹਾਈਆਂ ਵਾਲੇ ਦੌਰ ਵਿਚ ਦੋਵੇਂ ਇਕੱਠੇ ਵਿਚਰੇ। ਪ੍ਰੋ. ਧਾਰਨੀ ਖੇਡ ਮੈਦਾਨਾਂ ਅੰਦਰ ਵੀ ਜੂਝਿਆ ਅਤੇ ਕਲਮ ਵੀ ਦੱਬ ਕੇ ਵਾਹੀ। ਉਨ੍ਹਾਂ ਦੀ ਕਲਮ ਦੀ ਇਕ ਗਵਾਹੀ ਇਸ ਲੇਖ ਵਿਚ ਦਰਜ ਹੋਈ ਹੈ ਜੋ ਕਿਸੇ ਹੋਰ ਬਾਰੇ ਨਹੀਂ, ਦੇਵੀ ਦਿਆਲ ਬਾਰੇ ਹੀ ਹੈ। ਇਹ ਲਿਖਤ ਪੜ੍ਹਦਿਆਂ ਪਾਠਕ ਦੋਹਾਂ ਅੱਗੇ ਨਤਮਸਤਕ ਹੋਈ ਜਾਂਦਾ ਹੈ।
ਪ੍ਰੋ. ਨਿਰਮਲ ਸਿੰਘ ਧਾਰਨੀ ਬੋਂਦਲੀ ਕਾਲਜ ਦਾ ਆਲ ਰਾਊਂਡਰ ਵਿਦਿਆਰਥੀ ਹੁੰਦਾ ਸੀ। ਉਹ ਕਬੱਡੀ ਤੇ ਵਾਲੀਬਾਲ ਖੇਡਣ ਨਾਲ ਅਥਲੈਟਿਕਸ ਵੀ ਕਰਦਾ ਸੀ। ਪੜ੍ਹਾਈ ਵਿਚ ਵੀ ਪੂਰਾ ਹੁਸਿ਼ਆਰ ਸੀ। ਕਲਾਸ ਵਿਚ ਹਮੇਸ਼ਾਂ ਫਸਟ ਸੈਕੰਡ ਆਉਂਦਾ। ਸਟੇਜ ਤੇ ਵੀ ਚੰਗਾ ਬੋਲਦਾ। ਉਹ ਮਾਲਵਾ ਕਾਲਜ ਬੋਂਦਲੀ-ਸਮਰਾਲਾ ਦਾ ਬੈਸਟ ਅਥਲੀਟ ਬਣਦਾ ਰਿਹਾ ਤੇ ਉੱਘੇ ਖਿਡਾਰੀ ਦੇਵੀ ਦਿਆਲ ਨਾਲ ਕਬੱਡੀ ਖੇਡਦਾ ਰਿਹਾ। ਦੇਵੀ ਦਿਆਲ ਉਦੋਂ ਸੈਕੰਡ ਬੈਸਟ ਅਥਲੀਟ ਹੁੰਦਾ। ਫਿਰ ਉਹ ਐੱਮਏ ਐਮਪੀਐੱਡ ਕਰ ਕੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਚ ਡੀਪੀਈ ਅਤੇ ਪੰਜਾਬੀ ਤੇ ਸਰੀਰਕ ਸਿੱਖਿਆ ਦਾ ਲੈਕਚਰਾਰ ਰਿਹਾ। ਉਸ ਨੇ ਵੇਟ ਲਿਫਟਿੰਗ ਅਤੇ ਕੁਸ਼ਤੀਆਂ ਲੜਨ ਵਾਲੇ ਮੁੰਡਿਆਂ ਨੂੰ ਕੋਚਿੰਗ ਦਿੱਤੀ। ਵਿਚੇ ਉਹ ਖੇਡਾਂ ਖਿਡਾਰੀਆਂ ਬਾਰੇ ਲਿਖਣ ਦਾ ਸ਼ੌਂਕ ਪਾਲਦਾ ਰਿਹਾ। ਸਦਾ ਆਹਰੇ ਲੱਗੇ ਰਹਿਣਾ ਤੇ ਨਿਸ਼ਕਾਮ ਸੇਵਾ ਕਰਨੀ ਉਹਦਾ ਮਿਸ਼ਨ ਹੈ। ਉਸ ਨੇ ਗਰੀਬ ਗੁਰਬੇ ਰੋਗੀਆਂ ਲਈ ਮੁਫ਼ਤ ਇਲਾਜ ਦੇ ਕੈਂਪ ਲਾਏ ਤੇ ਲੁਆਏ। ਅੱਜਕੱਲ੍ਹ ਉਹ ਬਰੈਂਪਟਨ (ਕੈਨੇਡਾ) ਦੀ ‘ਐਸੋਸੀਏਸ਼ਨ ਆਫ਼ ਸੀਨੀਅਰ ਸਿਟੀਜਨਜ਼ ਕਲੱਬਜ਼’ ਦਾ ਜਨਰਲ ਸਕੱਤਰ ਹੈ। ਉਮਰ ਦੇ 74ਵੇਂ ਸਾਲ ਵਿਚ ਵੀ ਜੁੱਸਾ ਕਾਇਮ ਹੈ ਜਿਸ ਕਰ ਕੇ ਅਥਲੀਟਾਂ ਵਾਂਗ ਨੱਠਾ ਭੱਜਾ ਫਿਰਦਾ ਹੈ। ਸਾਂਝੇ ਕਾਰਜਾਂ ਲਈ ਉਹਦੀ ਸੁਹਿਰਦਤਾ ਤੇ ਇਮਾਨਦਾਰੀ ਨੇ ਉਸ ਨੂੰ ਅਨੇਕਾਂ ਮਾਨ ਸਨਮਾਨ ਦੁਆਏ ਹਨ।
ਉਸ ਦਾ ਜਨਮ 17 ਜੁਲਾਈ 1947 ਨੂੰ ਚਮਕੌਰ ਸਾਹਿਬ ਲਾਗੇ ਪਿੰਡ ਮਨੈਲੀ ਵਿਚ ਸਾਬਕਾ ਫੌਜੀ ਬਖਤਾਵਰ ਸਿੰਘ ਦੇ ਘਰ ਹੋਇਆ। ਅੱਠਵੀਂ ਤਕ ਦੀ ਪੜ੍ਹਾਈ ਮਨੈਲੀ ਦੇ ਮਿਡਲ ਸਕੂਲ ਅਤੇ ਹਾਇਰ ਸੈਕੰਡਰੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਹਾਇਰ ਸੈਕੰਡਰੀ ਸਕੂਲ ਚਮਕੌਰ ਸਾਹਿਬ ਤੋਂ ਪਾਸ ਕੀਤੀ। 1965 ਵਿਚ ਮਾਲਵਾ ਕਾਲਜ ਬੌਂਦਲੀ-ਸਮਰਾਲਾ ਸ਼ੁਰੂ ਹੋਇਆ ਤਾਂ ਉਥੇ ਦਾਖ਼ਲ ਹੋ ਗਿਆ। ਪਹਿਲੇ ਸਾਲ ਗਿਣਤੀ ਭਾਵੇਂ ਥੋੜ੍ਹੀ ਸੀ ਪਰ ਹਰ ਖੇਤਰ ਵਿਚ ਹਿੱਸਾ ਲੈਣ ਵਾਲੇ ਹੋਣਹਾਰ ਵਿਦਿਆਰਥੀ ਸਨ ਜਿਹੜੇ ਬਾਅਦ ਵਿਚ ਪ੍ਰਸਿੱਧ ਹੋਏ। ਕਬੱਡੀ ਦਾ ਲਾਲ ਦੇਵੀ ਦਿਆਲ, ਗੁਰਦੇਵ ਸਿੰਘ ਢਿੱਲੋਂ, ਬਲਵੰਤ ਸਿੰਘ ਬਰਮਾ, ਭੁਪਿੰਦਰ ਸਿੰਘ ਆਦਿ ਨੇ ਵੱਖ ਵੱਖ ਖੇਤਰਾਂ ਵਿਚ ਧੁੰਮਾਂ ਪਾਈਆਂ। ਨਿਰਮਲ ਸਿੰਘ ਤਿੰਨ ਤਰ੍ਹਾਂ ਦੇ ਜੰਪਾਂ ਵਿਚ ਤਿੰਨ ਸਾਲ ਕਾਲਜ ਵਿਚੋਂ ਫਸਟ ਆਉਂਦਾ ਰਿਹਾ। 100, 200 ਮੀਟਰ ਦੌੜਾਂ ਵਿਚ ਸੈਕੰਡ ਰਹਿੰਦਾ ਕਿਉਂਕਿ ਦੇਵੀ ਦਿਆਲ ਉਹਤੋਂ ਤੇਜ਼ ਦੌੜਦਾ ਸੀ। 400 ਤੇ 800 ਮੀਟਰ ਦੌੜਾਂ ਵਿਚ ਨਿਰਮਲ ਫਸਟ ਆਉਂਦਾ। ਬੀਏ ਦੇ ਇਮਤਿਹਾਨ ਵਿਚ ਉਹ ਕਾਲਜ ਵਿਚੋਂ ਸੈਕੰਡ ਆਇਆ। ਸਿਰਫ਼ ਪੰਜ ਨੰਬਰਾਂ ਦੇ ਫਰਕ ਨਾਲ ਫਸਟ ਆਉਣ ਵਾਲੀ ਪ੍ਰੋਫ਼ੈਸਰ ਦੀ ਕੁੜੀ ਹੈਰਾਨ ਹੋਈ ਆਖੀ ਜਾਵੇ, “ਸਾਰਾ ਸਾਲ ਧਾਰਨੀ ਖੇਡਦਾ ਫਿਰੀ ਗਿਆ ਪਰ ਨੰਬਰ ਫਿਰ ਵੀ ਮੇਰੇ ਜਿੰਨੇ ਲੈ ਗਿਆ!”
ਐੱਮਏ ਪੰਜਾਬੀ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਤੇ ਯੂਨੀਵਰਸਿਟੀ ਵਿਚੋਂ ਸੈਕੰਡ ਰਿਹਾ। ਡੀਪੀਐੱਡ ਪਟਿਆਲੇ ਦੇ ਸਰਕਾਰੀ ਸਰੀਰਕ ਸਿਖਿਆ ਕਾਲਜ ਤੋਂ ਕੀਤੀ ਜਿਥੇ ਫਿਜ਼ੀਕਲ ਐਜੂਕੇਸ਼ਨ ਜਰਨਲ ਦਾ ਐਡੀਟਰ ਬਣਿਆ। ਪਹਿਲੀ ਜੁਲਾਈ 1975 ਤੋਂ ਉਸ ਨੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਚ ਸਰਵਿਸ ਸ਼ੁਰੂ ਕਰ ਲਈ। ਪੰਜਾਬੀ ਦੀ ਪੜ੍ਹਾਈ ਕਰਾਉਣ ਨਾਲ ਖੇਡਾਂ ਵੀ ਕਰਵਾਉਂਦਾ ਰਿਹਾ। ਫਿਰ ਯੂਨੀਵਰਸਿਟੀ ਦੀ ਹਦਾਇਤ ਮੁਤਾਬਿਕ ਨਿਰੋਲ ਖੇਡਾਂ ਵਾਲੇ ਪਾਸੇ ਆ ਗਿਆ। ਪਿੰਡਾਂ ਦੀਆਂ ਮੁੱਖ ਖੇਡਾਂ ਵਜੋਂ ਕਬੱਡੀ ਤੇ ਵਾਲੀਬਾਲ ਦੀਆਂ ਟੀਮਾਂ ਤਿਆਰ ਕੀਤੀਆਂ। ਨਾਲ ਅਥਲੈਟਿਕਸ, ਕੁਸ਼ਤੀਆਂ ਅਤੇ ਵੇਟ ਲਿਫਟਿੰਗ ਵੀ ਕਰਵਾਉਂਦਾ ਰਿਹਾ। ਕਾਲਜ ਵਿਚ ਹਾਕੀ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਟੀਮ ਸਿਰੇ ਨਾ ਚੜ੍ਹ ਸਕੀ। ਵਾਲੀਬਾਲ ਅਤੇ ਕਬੱਡੀ ਵਿਚ ਬੇਲਾ ਕਾਲਜ ਦਾ ਯੂਨੀਵਰਸਿਟੀ ਵਿਚ ਨਾਮ ਬਣ ਗਿਆ ਅਤੇ ਕਾਲਜ ਨੂੰ ਹਰ ਸਾਲ ਅੰਤਰ-ਕਾਲਜ ਮੈਚ ਕਰਵਾਉਣ ਦਾ ਮੌਕਾ ਮਿਲਦਾ ਰਿਹਾ। ਕਾਲਜ ਦੇ ਖਿਡਾਰੀ ਅੰਤਰ-ਯੂਨੀਵਰਸਿਟੀ ਲਈ ਚੁਣੇ ਜਾਣ ਲੱਗੇ। ਕੰਵਲਜੀਤ ਸਿੰਘ ਅੰਤਰ-ਯੂਨੀਵਰਸਿਟੀ ਦਾ ਵੇਟ ਲਿਫਟਿੰਗ ਚੈਂਪੀਅਨ ਬਣਿਆ। ਦਲਜੀਤ ਸਿੰਘ ਰਾਣਾ ਜੋ ਹੁਣ ਸੁਪਰਡੰਟ ਪੁਲੀਸ ਹੈ, ਜੈਵਲਿਨ ਥਰੋ ਵਿਚ ਅੰਤਰ-ਯੂਨੀਵਰਸਿਟੀ ਵਿਚ ਪਹਿਲੇ ਸਥਾਨ ਤੇ ਰਿਹਾ। ਗੁਰਪ੍ਰੀਤ ਸਿੰਘ ਨੇ ਗੋਲਾ ਸੁੱਟਣ ਵਿਚ ਪੁਜ਼ੀਸ਼ਨਾਂ ਮਾਰੀਆਂ। ਬਲਪ੍ਰੀਤ, ਰੇਣੂ ਬਾਲਾ ਤੇ ਸਰਬਜੀਤ ਨੇ ਵੀ ਖੇਡਾਂ ਵਿਚ ਕਾਲਜ ਦਾ ਨਾਂ ਰੌਸ਼ਨ ਕੀਤਾ। ਪ੍ਰੋ. ਧਾਰਨੀ ਆਪ ਯੂਨੀਵਰਸਿਟੀ ਦੀਆਂ ਟੀਮਾਂ ਚੁਣਨ ਲਈ ਸਾਈਕਲਿੰਗ, ਅਥਲੈਟਿਕਸ, ਵਾਲੀਬਾਲ ਲੜਕੇ-ਲੜਕੀਆਂ ਤੇ ਕੁਸ਼ਤੀਆਂ ਦੀਆਂ ਚੋਣ-ਕਮੇਟੀਆਂ ਵਿਚ ਸ਼ਾਮਲ ਰਿਹਾ ਅਤੇ ਵਾਲੀਬਾਲ ਦੀ ਟੀਮ ਨਾਲ ਮੈਨੇਜਰ ਦੇ ਤੌਰ ਤੇ ਕਈ ਵਾਰ ਮੌਕਾ ਅੰਤਰ-ਯੂਨੀਵਰਸਟੀ ਚੈਂਪੀਅਨਸਿ਼ਪਾਂ ਵਿਚ ਗਿਆ। ਉਸ ਨੇ ਸੇਵਾ ਮੁਕਤੀ ਵਾਲੇ ਦਿਨ ਕਿਹਾ ਕਿ ਮੇਰੇ ਰਿਟਾਇਰ ਹੋਣ ਮਗਰੋਂ ਵੀ ਬੇਲਾ ਕਾਲਜ ਦਾ ਜਿਹੜਾ ਖਿਡਾਰੀ ਅੰਤਰ-ਯੂਨੀਵਰਸਟੀ ਚੈਂਪੀਅਨ ਬਣੇਗਾ, ਉਹ ਉਸ ਨੂੰ ਇਕ ਲੱਖ ਰੁਪਏ ਦਾ ਇਨਾਮ ਦੇਵੇਗਾ। ਧਾਰਨੀ ਉਹਦਾ ਗੋਤ ਹੀ ਨਹੀਂ, ਉਹ ਖੇਡਾਂ ਦਾ ਵੀ ਧਾਰਨੀ ਹੈ।
ਉਹ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵਿਚ ਕੰਮ ਕਰਦਿਆਂ ਕਾਰਜਕਾਰਨੀ ਦਾ ਮੈਂਬਰ ਰਿਹਾ ਅਤੇ ਕਈ ਵਾਰ ਜ਼ਿਲ੍ਹਾ ਰੋਪੜ ਦਾ ਪ੍ਰਧਾਨ ਵੀ। ਯੂਨੀਵਰਸਟੀ ਵਿਚ ਬੋਰਡ ਆਫ ਸਟੱਡੀਜ਼ ਦਾ ਮੈਂਬਰ ਅਤੇ ਫੈਕਲਟੀ ਮੈਂਬਰ ਵੀ ਰਿਹਾ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਜ਼ਿਲ੍ਹਾ ਰੋਪੜ ਦਾ ਪ੍ਰਧਾਨ ਬਣਿਆ ਅਤੇ ਜਸਟਿਸ ਅਜੀਤ ਸਿੰਘ ਬੈਂਸ ਤੇ ਬੀਬੀ ਸੁਖਜੀਤ ਕੌਰ ਗਿੱਲ ਨਾਲ ਕੰਮ ਕੀਤਾ।
2007 ਵਿਚ ਰਿਟਾਇਰ ਹੋਣ ਪਿੱਛੋਂ ਉਹ ਸਤੰਬਰ 5, 2008 ਨੂੰ ਕੈਨੇਡਾ ਆ ਗਿਆ। ਉਸੇ ਸਾਲ ਕੈਨੇਡਾ ਵਾਲੀਬਾਲ ਕੱਪ ਸ਼ੈਰੀਡਨ ਕਾਲਜ ਵਿਚ ਹੋਇਆ। ਉਥੇ ਉਸ ਨੂੰ ਉਚੇਚਾ ਸਨਮਾਨਿਤ ਕੀਤਾ ਗਿਆ। ਉਹਦਾ ਪੁੱਤਰ ਵੀ ਵਾਲੀਬਾਲ ਦੀ ਖੇਡ ਵਿਚ ਨੈਸ਼ਨਲ ਪੱਧਰ ਦਾ ਖਿਡਾਰੀ ਬਣਿਆ ਜੋ ਪੰਜਾਬ ਸਟੇਟ ਵੱਲੋਂ ਖੇਡਿਆ। ਉਸ ਨੇ ਨੈਸ਼ਨਲ ਸਕੂਲ ਗੇਮਜ਼ ਅਤੇ ਆਲ ਇੰਡੀਆ ਚੈਂਪੀਅਨਸਿ਼ਪ ਵਿਚੋਂ ਗੋਲਡ ਮੈਡਲ ਜਿੱਤੇ। ਉਹਦਾ ਪੋਤਾ ਅੰਗਦ ਸਿੰਘ ਧਾਰਨੀ ਕੈਨੇਡਾ ਵਿਚ ਸੌਕਰ ਖਿਡਾਰੀ ਹੈ ਜਿਸ ਨੇ ਗੋਲਡਨ ਬੂਟ ਜਿੱਤਿਆ। ਪ੍ਰੋ. ਧਾਰਨੀ ਦੇ ਲੇਖ ਅਖ਼ਬਾਰਾਂ ਵਿਚ ਛਪਦੇ ਰਹੇ:
ਕਬੱਡੀ ਦਾ ਲਾਲ ਦੇਵੀ ਦਿਆਲ
ਦੇਵੀ ਦਿਆਲ ਦਾ ਜਨਮ 2 ਦਸੰਬਰ 1947 ਨੂੰ ਪਿੰਡ ਕੁੱਬੇ ਵਿਚ ਪੰਡਤ ਅਮੀ ਚੰਦ ਅਤੇ ਕੇਸਰ ਕੌਰ ਦੇ ਘਰ ਹੋਇਆ। ਪਿੰਡੋਂ ਪ੍ਰਾਇਮਰੀ ਪਾਸ ਕਰ ਕੇ ਛੇਵੀਂ ਤੋਂ ਦਸਵੀਂ ਦੀ ਪੜ੍ਹਾਈ ਘੁਲਾਲ ਹਾਈ ਸਕੂਲ ਤੋਂ ਕੀਤੀ। ਉਨ੍ਹੀਂ ਦਿਨੀਂ ਘੁਲਾਲ ਸਕੂਲ ਦੀ ਹਾਕੀ ਟੀਮ ਚੰਗੀ ਹੁੰਦੀ ਸੀ। ਸੋ, ਦੇਵੀ ਦਿਆਲ ਵੀ ਹਾਕੀ ਦਾ ਤੇਜ਼ ਤਰਾਰ ਖਿਡਾਰੀ ਬਣ ਗਿਆ। 1965 ਵਿਚ ਉਹ ਮਾਲਵਾ ਕਾਲਜ ਬੋਂਦਲੀ ਦਾਖਲ ਹੋਇਆ। ਸਮਰਾਲੇ ਲਾਗੇ ਪਿੰਡ ਮੁਸਕਾਬਾਦ ਦਾ ਜਾਫੀ ਰਜਿੰਦਰ ਸਿੰਘ ਮੈਨੂੰ ਕਹਿੰਦਾ, ਯਾਰ ਨਿਰਮਲ, ਪੰਡਤਾਂ ਦਾ ਮੁੰਡਾ ਕਬੱਡੀ ਵਧੀਆ ਖੇਡਦਾ। ਉਹਦੇ ਕਿਤੇ ਹੱਥ ਈ ਨਹੀਂ ਪੈਂਦਾ। ਸਹੁਰਾ ਸ਼ੂਕਦੀ ਹਨੇਰੀ ਵਾਂਗ ਲੰਘ ਜਾਂਦੈ। ਅਸੀਂ ਤਿੰਨੇ ਜਮਾਤੀ ਸਾਂ, ਤਿੰਨੇ ਕਾਲਜ ਦੀ ਕਬੱਡੀ ਟੀਮ ਵਿਚ ਖੇਡੇ ਤੇ ਤਿੰਨ ਸਾਲ ਇਕੱਠੇ ਇੱਕੋ ਬੈਂਚ ਤੇ ਬੈਠੇ।
ਦੇਵੀ ਦਿਆਲ ਚਾਹ ਨਹੀਂ ਸੀ ਪੀਂਦਾ ਪਰ ਸਾਥੀਆਂ ਨਾਲ ਕੰਟੀਨ ਜ਼ਰੂਰ ਚਲਾ ਜਾਂਦਾ ਸੀ। ਉਹ ਆਪਣੇ ਪਿੰਡ ਦੇ ਹਰਦੇਵ ਤੇ ਗੁਰਬਿੰਦਰ ਨਾਲ ਸਾਈਕਲ ਤੇ ਆਉਂਦਾ। ਘੁਲਾਲ ਵਾਲਾ ਹਰਜਿੰਦਰ ਜੋ ਹਾਕੀ ਦਾ ਚੰਗਾ ਖਿਡਾਰੀ ਤੇ ਥੋੜ੍ਹਾ ਜਿਹਾ ਸ਼ਰਾਰਤੀ ਵੀ ਸੀ, ਰਾਹ ਵਿਚ ਇਨ੍ਹਾਂ ਨਾਲ ਰਲ ਜਾਂਦਾ। ਇਕ ਦਿਨ ਮੈਂ ਦੇਵੀ ਦਿਆਲ ਨਾਲ ਸਲਾਹ ਕਰ ਕੇ ਦੋ ਚਿੱਠੀਆਂ ਲਿਖੀਆਂ। ਹਰਜਿੰਦਰ ਦੀ ਸੇਵਾ ਲੈ ਕੇ ਉਹ ਦੋ ਲੜਕੀਆਂ ਨੂੰ ਪੁਚਾ ਦਿੱਤੀਆਂ। ਇਕ ਬੀਬੀ ਦੀ ਸਿ਼ਕਾਇਤ ਪ੍ਰਿੰਸੀਪਲ ਤਕ ਚਲੀ ਗਈ ਪਰ ਸਿ਼ਕਾਇਤ ਵਾਪਸ ਲੈਣ ਨਾਲ ਬਚਾਅ ਹੋ ਗਿਆ। ਅੱਜਕੱਲ੍ਹ ਉਹ ਬੀਬੀ, ਦੇਵੀ ਦਿਆਲ ਤੇ ਮੈਂ ਤਿੰਨੇ ਹੀ ਕੈਨੇਡਾ ਦੇ ਵਸਨੀਕ ਹਾਂ। ਇਹ ਪੜ੍ਹਨਗੇ ਤਾਂ ਹੱਸਣਗੇ।
ਕਬੱਡੀ ਪਾਉਂਦਾ ਦੇਵੀ ਦਿਆਲ ਹੀਰੇ ਹਰਨ ਵਾਂਗ ਚੁੰਗੀਆਂ ਭਰਦਾ, ਵਿਰੋਧੀਆਂ ਨੂੰ ਪਰ੍ਹੇ ਧੱਕਦਾ ਆਪਣਾ ਰਾਹ ਬਣਾ ਲੈਂਦਾ ਪਰ ਪਿਆਰ ਵਿਆਰ ਦੇ ਮਾਮਲੇ ਵਿਚ ਪੂਰਾ ਸ਼ਰਮਾਕਲ ਤੇ ਬੀਬਾ ਰਾਣਾ ਸੀ। ਕਾਲਜ ਦੀ ਸਾਲਾਨਾ ਅਥਲੈਟਿਕਸ ਮੀਟ ਵਿਚ ਮੇਰਾ ਅਤੇ ਦੇਵੀ ਦਿਆਲ ਦਾ ਟਾਕਰਾ ਹੁੰਦਾ ਪਰ ਸਾਡੇ ਵਿਚ ਨਾ ਕੋਈ ਈਰਖਾ ਸੀ ਤੇ ਨਾ ਕੋਈ ਸਾੜਾ। ਲੰਮੀ ਛਾਲ ਵਿਚ ਫਸਟ ਆਉਣ ਦੀ ਮੇਰੀ ਫੋਟੋ ਉਸ ਨੇ ਅੱਜ ਤਕ ਸਾਂਭੀ ਹੋਈ ਹੈ। ਦੇਵੀ ਦਿਆਲ ਨੇ ਆਪ ਹਿੰਮਤ ਕਰ ਕੇ ਸਾਡੇ ਕਾਲਜ ਵਿਚ ਪਹਿਲੇ ਸਾਲ ਹੀ ਕਬੱਡੀ ਦੀ ਟੀਮ ਖੜ੍ਹੀ ਕੀਤੀ ਤੇ ਪਹਿਲੇ ਹੀ ਸਾਲ ਜੋ਼ਨ ਵਿਚੋਂ ਅਸੀਂ ਪਹਿਲੇ ਨੰਬਰ ਤੇ ਆ ਗਏ। ਯੂਨੀਵਰਸਿਟੀ ਵੱਲੋਂ ਸਾਡੇ ਕਾਲਜ ਨੂੰ ਕਬੱਡੀ ਮੈਚਾਂ ਦਾ ਪ੍ਰਬੰਧ ਕਰਨ ਦਾ ਜਿ਼ੰਮਾ ਦਿੱਤਾ ਗਿਆ ਅਤੇ ਸਾਡੇ ਪ੍ਰਿੰਸੀਪਲ ਨੂੰ ਯੂਨੀਵਰਸਿਟੀ ਕਬੱਡੀ ਕਲੱਬ ਦਾ ਚੇਅਰਮੈਨ ਬਣਾ ਦਿੱਤਾ ਗਿਆ। ਅੰਤਰ-ਕਾਲਜ ਮੈਚਾਂ ਮਗਰੋਂ ਸਾਡੇ ਕਾਲਜ ਵਿਚ ਯੂਨੀਵਰਸਿਟੀ ਦੀ ਟੀਮ ਚੁਣਨ ਦੇ ਕੈਂਪ ਲੱਗਣ ਲੱਗੇ ਤੇ ਅੰਤਰ-ਯੂਨੀਵਰਸਿਟੀ ਦੇ ਮੁਕਾਬਲਿਆਂ ਲਈ ਟੀਮਾਂ ਚੁਣੀਆਂ ਜਾਣ ਲੱਗੀਆਂ।
ਬੀਏ ਕਰਨ ਮਗਰੋਂ ਅਸੀਂ ਡੀਪੀਐੱਡ ਦਾ ਟੈੱਸਟ ਦੇਣ ਪਟਿਆਲੇ ਇਕੱਠੇ ਗਏ। ਟੈਸਟ ਲੈ ਕੇ, ਤੇ ਇਹ ਜਾਣ ਕੇ ਕਿ ਅਸੀਂ ਇੱਕੋ ਕਾਲਜੋਂ ਆਏ ਹਾਂ, ਕੋਚਾਂ ਨੇ ਸਾਨੂੰ ਪ੍ਰਿੰਸੀਪਲ ਮਹਿੰਦਰੂ ਨੂੰ ਮਿਲਾਇਆ। ਦਾਖਲਾ ਅਸੀਂ ਦੋਹਾਂ ਨੇ ਨਾ ਲਿਆ। ਦੇਵੀ ਦਿਆਲ ਡੀਏਵੀ ਕਾਲਜ ਜਲੰਧਰ ਚਲਾ ਗਿਆ ਤੇ ਉਸ ਦੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਬਣ ਗਈ। ਫਿਰ ਦੇਵੀ ਦਿਆਲ ਕੋਚ ਲੱਗਣ ਲਈ 1970 ਵਿਚ ਚੰਡੀਗੜ੍ਹ ਆਇਆ। ਮੁਖਤਾਰ ਸਿੰਘ, ਸਕੱਤਰ, ਪੰਚਾਇਤੀ ਰਾਜ ਖੇਡ ਪਰਿਸ਼ਦ, ਉਸ ਦਾ ਫੈਨ ਸੀ। ਦੇਵੀ ਦਿਆਲ ਦੇ ਕੋਚ ਬਣਨ ਦੀ ਖ਼ਬਰ ਵੀ ਸਭ ਤੋਂ ਪਹਿਲਾਂ ਮੈਨੂੰ ਮਿਲੀ।
ਉਹ ਭਾਰਤ ਦੀ ਇਸਲਾਮਾਬਾਦ ਗਈ ਟੀਮ ਦਾ ਕੋਚ ਬਣ ਕੇ ਗਿਆ। ਪਾਕਿਸਤਾਨ ਦੇ ਇੰਮੀਗਰੇਸ਼ਨ ਅਫਸਰ ਨੂੰ ਜਦੋਂ ਪਤਾ ਲੱਗਿਆ ਕਿ ਟੀਮ ਨਾਲ ਦੇਵੀ ਦਿਆਲ ਆਇਆ ਹੈ, ਉਹ ਕੁਰਸੀ ਛੱਡ ਆਪਣੇ ਦਫਤਰੋਂ ਬਾਹਰ ਆ ਦੇਵੀ ਦਿਆਲ ਨੂੰ ਇਸ ਤਰ੍ਹਾਂ ਮਿਲਿਆ ਜਿਵੇਂ ਕੋਈ ਘਰ ਆਏ ਭਗਵਾਨ ਨੂੰ ਮਿਲ ਰਿਹਾ ਹੋਵੇ। ਹੈ ਤਾਂ ਪੰਜਾਬੀ ਸੀ ਨਾ, ਤੇ ਉਹ ਵੀ ਕਬੱਡੀ ਦਾ ਆਸ਼ਕ। 2010 ਤੇ 11 ਦੇ ਕਬੱਡੀ ਵਰਲਡ ਕੱਪਾਂ ਦਾ ਦੇਵੀ ਦਿਆਲ ਟੈਕਨੀਕਲ ਡਾਇਰੈਕਟਰ ਬਣਿਆ।
ਦੇਵੀ ਦਿਆਲ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਸੀ, ਇਕ ਪੁੱਤਰ ਤੇ ਇਕ ਪੁੱਤਰੀ। ਕਰਨੀ ਕੁਦਰਤ ਦੀ ਕਿ 1999 ਵਿਚ ਉਹਦਾ ਪੁੱਤਰ ਟੋਨੀ ਅਲੰਕਾਰ ਸਦੀਵੀ ਵਿਛੋੜਾ ਦੇ ਗਿਆ। ਉਹਦੀ ਯਾਦ ਵਿਚ ਦੇਵੀ ਦਿਆਲ ਨੇ ਪਿੰਡ ਕੁੱਬਿਆਂ ਵਿਚ ਪੰਜਾਬ ਦੀ ‘ਪਹਿਲੀ ਕਬੱਡੀ ਅਕੈਡਮੀ’ ਸਥਾਪਤ ਕੀਤੀ। ਟੋਨੀ ਅਲੰਕਾਰ ਹੈਮਰ ਥਰੋਅਰ ਸੀ, ਉਸ ਦੇ ਨਾਂ ਉੱਤੇ ਮਾਂਗਟ ਸਟੇਡੀਅਮ ਵਿਚ ਹੋਸਟਲ ਤੇ ਜਿਮਨੇਜ਼ੀਅਮ ਬਣਾਏ।
ਜਿ਼ਲ੍ਹਾ ਖੇਡ ਅਫਸਰ ਵਜੋਂ 2005 ਵਿਚ ਰਿਟਾਇਰ ਹੋਣ ਮਗਰੋਂ ਦੇਵੀ ਦਿਆਲ ਪਿੰਡ ਹੀ ਰਹਿੰਦਾ ਹੈ। ਵੈਸੇ ਉਹ ਕੈਨੇਡਾ ਦਾ ਪਰਵਾਸੀ ਵੀ ਹੈ। ਮੈਂ ਉਸ ਨੂੰ ਕਦੇ ਕਿਸੇ ਨਾਲ ਮੱਥੇ ਵੱਟ ਪਾਉਂਦਿਆਂ ਨਹੀਂ ਦੇਖਿਆ। ਉਸ ਨੇ ਹਰ ਹਬੀ ਨਬੀ ਵੇਲੇ ‘ਚੱਲ ਛੱਡ ਯਾਰ’ ਕਹਿ ਕੇ ਸਾਰ ਲੈਣਾ। ਉਸ ਨੇ ਮਿਹਨਤ ਤੇ ਖੁਰਾਕ ਦੀਆਂ ਗੱਲਾਂ ਸਾਂਝੀਆਂ ਕਰਨੀਆਂ। ਨਹਿਰ ਸਰਹਿੰਦ ਦੀ ਪਟੜੀ ਉਦੋਂ ਕੱਚੀ ਹੁੰਦੀ ਸੀ। ਉਹਦੇ ਭੱਜੇ ਫਿਰਦੇ ਦੀਆਂ ਬਾਤਾਂ ਉਹ ਪਟੜੀ ਅੱਜ ਵੀ ਪਾ ਰਹੀ ਹੈ ਤੇ ਉਥੋਂ ਉਹਦੇ ਮੁੜ੍ਹਕੇ ਦੀ ਖੁਸ਼ਬੋ ਹੁਣ ਵੀ ਆ ਰਹੀ ਹੈ।
1982 ਵਿਚ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸਿ਼ਤ ਪੁਸਤਕ ‘ਪੰਜਾਬੀ ਖਿਡਾਰੀ’ ਵਿਚ ਮੈਂ ਲਿਖਿਆ ਸੀ: ਦੇਵੀ ਦਿਆਲ ਵਰਗਾ ਸਡੌਲ ਜੁੱਸਾ ਸ਼ਾਇਦ ਹੀ ਕਿਸੇ ਹੋਰ ਕਬੱਡੀ ਖਿਡਾਰੀ ਦਾ ਹੋਵੇ। ਉਹਦੇ ਦਰਸ਼ਨੀ ਸਰੀਰ ਉਤੇ ਸੱਚਮੁਚ ਹੀ ਦੇਵੀ ਦਿਆਲ ਹੋਈ ਦਿਸਦੀ ਹੈ। ਪੌਣੇ ਛੇ ਫੁੱਟ ਕੱਦ, ਨੱਬੇ ਕਿੱਲੋ ਵਜ਼ਨ ਤੇ ਗੋਲ ਗੁੰਦਵੇਂ ਪੱਠਿਆਂ ਵਾਲਾ ਗੋਰਾ ਨਿਛੋਹ ਬਦਨ। ਪੱਟਾਂ ਦੀਆਂ ਘੁੱਗੀਆਂ ਤੇ ਡੌਲਿਆਂ ਦੀਆਂ ਮੱਛੀਆਂ ਰਾਹ ਜਾਂਦਿਆਂ ਨੂੰ ਰੋਕ ਲੈਂਦੀਆਂ ਹਨ। ਉਹ ਯੂਸਫ ਵਰਗਾ ਸੋਹਣਾ ਸੁਨੱਖਾ ਖਿਡਾਰੀ ਹੈ ਤੇ ਲੀੜਾ ਲੱਤਾ ਪਾਉਣ ਵਿਚ ਵੀ ਫਿਲਮੀ ਅਦਾਕਾਰਾਂ ਨੂੰ ਮਾਤ ਪਾਉਂਦਾ ਹੈ। ਬੁੱਲ੍ਹ ਬੇਸ਼ਕ ਰਤਾ ਮੋਟੇ ਹਨ ਪਰ ਕੱਕੀਆਂ ਅੱਖਾਂ ਤੇ ਠੋਡੀ ਵਿਚ ਪੈਂਦਾ ਟੋਆ ਦਿਲ ਮੋਹਣ ਵਾਲਾ ਹੈ। ਚੌੜੀ ਛਾਤੀ, ਗੁੰਦਵੀਂ ਗੋਲ ਗਰਦਣ ਤੇ ਮਸਕੁਲਰ ਸਡੌਲ ਡੌਲੇ ਉਹਦੀ ਮਰਦਾਵੀਂ ਦਿੱਖ ਨੂੰ ਹੋਰ ਵੀ ਦਿਲਕਸ਼ ਬਣਾਉਂਦੇ ਹਨ।
ਉਸ ਨੇ ਵੀਹ ਸਾਲ ਪੂਰੀ ਸਰਗਰਮੀ ਨਾਲ ਕਬੱਡੀ ਖੇਡੀ। ਉਹ ਬੜੀ ਤੇਜ਼ੀ ਨਾਲ ਕਬੱਡੀ ਪਾਉਣ ਜਾਂਦਾ ਜਿਵੇਂ ਸੌ ਮੀਟਰ ਦੀ ਦੌੜ ਲਾਉਣ ਲੱਗਾ ਹੋਵੇ। ਜਾਫੀਆਂ ਕੋਲ ਜਾ ਕੇ ਇਕ ਦੋ ਨਿੱਕੀਆਂ ਨਿੱਕੀਆਂ ਚੁੰਗੀਆਂ ਭਰਦਾ ਤੇ ਬਿਜਲੀ ਦੇ ਕਰੰਟ ਵਾਂਗ ਜਾਫੀ ਨੂੰ ਛੋਹ ਕੇ ਪੰਦਰਾਂ ਸਕਿੰਟਾਂ ਵਿਚ ਈ ਆਪਣੇ ਪਾਲੇ ਪਰਤ ਆਉਂਦਾ। ਇਹ ਉਹਦੇ ਜ਼ੋਰ ਤੇ ਜੁਗਤ ਦੀ ਬਰਕਤ ਸੀ ਕਿ ਉਸ ਨੇ ਦੇਵੀ ਦਿਆਲ ਵਰਗੇ ਸੋਹਲ ਮਲੂਕ ਨਾਂ ਨੂੰ ਜਰਵਾਣੇ ਧਾਵੀ ਦੇ ਅਰਥ ਦੇ ਦਿੱਤੇ। ਦੇਵੀ ਦਿਆਲ ਨੂੰ ਡੱਕਣਾ ਉਡੇ ਜਾਂਦੇ ਰਾਕਟ ਨੂੰ ਹੱਥ ਪਾਉਣਾ ਸੀ। ਉਹ ਜਿਥੇ ਜਿਥੇ ਵੀ ਖੇਡਿਆ, ਹਰ ਥਾਂ ਬੱਲੇ ਬੱਲੇ ਕਰਵਾਉਂਦਾ ਰਿਹਾ।
ਮੈਂ ਉਸ ਨੂੰ ਪਹਿਲੀ ਵਾਰ ਅਗਸਤ 1967 ਵਿਚ ਸਮਰਾਲੇ ਕਾਲਜ ਦੇ ਖੇਡ ਮੈਦਾਨ ਵਿਚ ਕਬੱਡੀ ਖੇਡਦਿਆਂ ਦੇਖਿਆ ਸੀ। ਅਸੀਂ ਢੁੱਡੀਕੇ ਕਾਲਜ ਦੀ ਟੀਮ ਲੈ ਕੇ ਗਏ ਸਾਂ। ਉਥੇ ਪੰਜਾਬ ਯੂਨੀਵਰਸਿਟੀ ਕਬੱਡੀ ਚੈਂਪੀਅਨਸਿ਼ਪ ਦਾ ਅੰਤਰ-ਕਾਲਜ ਮੁਕਾਬਲਾ ਸੀ। ਉਦੋਂ ਉਹ ਬੀਏ ਦਾ ਵਿਦਿਆਰਥੀ ਸੀ। ਉਹ ਏਨਾ ਫੁਰਤੀਲਾ ਤੇ ਜ਼ੋਰਾਵਰ ਨਿਕਲਿਆ ਕਿ ਉਸ ਨੇ ਸਾਡੇ ਜਾਫੀਆਂ ਨੂੰ ਅਸਲੋਂ ਈ ਰੋਲ ਦਿੱਤਾ। ਉਹਦਾ ਗੋਰਾ ਰੰਗ ਭਖ ਕੇ ਗੈਸ ਵਾਂਗ ਜਗ ਰਿਹਾ ਸੀ। ਜਦ ਉਹ ਕਬੱਡੀ ਪਾਉਣ ਜਾਂਦਾ ਤਾਂ ਕਾਲਜ ਦੀਆਂ ਕੁੜੀਆਂ ਤਾੜੀਆਂ ਮਾਰ ਕੇ ਉਹਦਾ ਹੌਂਸਲਾ ਵਧਾਉਂਦੀਆਂ। ਕੁੜੀਆਂ ਕੱਤਰੀਆਂ ਲਈ ਉਹ ਕਿਸੇ ਫਿਲਮੀ ਹੀਰੋ ਤੋਂ ਘੱਟ ਨਹੀਂ ਸੀ। ਅਜਿਹੇ ਮੌਕੇ ਤਾਂ ਮਾੜਾ ਧੀੜਾ ਖਿਡਾਰੀ ਵੀ ਤਕੜੀ ਖੇਡ ਦਿਖਾ ਜਾਂਦਾ ਹੈ; ਉਹ ਤਾਂ ਨਾਮੀ ਖਿਡਾਰੀ ਸੀ, ਸਮਰਾਲੇ ਦੇ ਇਲਾਕੇ ਦੀ ਸ਼ਾਨ! ਉਥੇ ਉਹ ਉਡੂੰ ਉਡੂੰ ਕਰਦਾ ਫਿਰਦਾ ਸੀ। ਸਾਡੀ ਟੀਮ ਦੀ ਕੋਈ ਵਾਹ ਪੇਸ਼ ਨਹੀਂ ਸੀ ਜਾਂਦੀ। ਅਸੀਂ ਉਹ ਮੈਚ ਹਾਰ ਗਏ ਸਾਂ।
ਉਹਦੀ ਵਧੇਰੇ ਗੁੱਡੀ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਵਿਚ ਚੜ੍ਹੀ ਸੀ। ਉਦੋਂ ਐਟਮ ਬੰਬ ਤੋਖੀ ਢਲ ਰਿਹਾ ਸੀ, ਦੇਵੀ ਦਿਆਲ ਚੜ੍ਹ ਰਿਹਾ ਸੀ। 1970ਵਿਆਂ ਦੌਰਾਨ ਉਹ ਸਮੁੱਚੇ ਪੰਜਾਬ ਦਾ ਤੂਫ਼ਾਨ ਮੇਲ ਧਾਵੀ ਬਣਿਆ ਰਿਹਾ। ਸਾਰੇ ਟੂਰਨਾਮੈਂਟਾਂ ਵਿਚ ਧੰਨ ਧੰਨ ਕਰਾਈ ਜਾਂਦਾ। 1973 ਵਿਚ ਇੰਗਲੈਂਡ ਦੀ ਟੀਮ ਪੰਜਾਬ ਵਿਚ ਕਬੱਡੀ ਮੈਚ ਖੇਡਣ ਆਈ ਤਾਂ ਪਹਿਲਾ ਟੈਸਟ ਮੈਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਚ ਖੇਡਿਆ ਗਿਆ। ਉਦੋਂ ਸਾਹ ਨਾਲ ਕਬੱਡੀ ਪਾਈ ਜਾਂਦੀ ਸੀ। ਪੰਜਾਬ ਦੀ ਟੀਮ ਦੀਆਂ ਆਸਾਂ ਆਪਣੇ ਕਪਤਾਨ ਦੇਵੀ ਦਿਆਲ ਉਤੇ ਸਨ। ਦੇਵੀ ਦਿਆਲ ਨੇ ਪਹਿਲੀ ਕਬੱਡੀ ਪਾਈ ਤਾਂ ਇੰਗਲੈਂਡ ਦੇ ਜਾਫੀ ਹਿੰਮਤ ਸਿੰਘ ਸੋਹੀ ਨੇ ਵੱਟ ਕੇ ਧੌਲ ਮਾਰੀ ਜੋ ਉਸ ਦੀ ਪੁੜਪੁੜੀ ਵਿਚ ਵੱਜੀ। ਉਹ ਘੁਮੇਟਣੀ ਖਾ ਕੇ ਡਿੱਗ ਪਿਆ। ਰੈਫਰੀ ਨੇ ਹਿੰਮਤ ਦਾ ਫਾਊਲ ਦੇ ਕੇ ਪੁਆਇੰਟ ਤਾਂ ਦੇਵੀ ਦਿਆਲ ਦੇ ਹੱਕ ਵਿਚ ਦੇ ਦਿੱਤਾ ਪਰ ਉਹ ਮੈਚ ਖੇਡਣੋਂ ਆਹਰੀ ਹੋ ਗਿਆ। ਸਿੱਟੇ ਵਜੋਂ ਇੰਗਲੈਂਡ ਦੀ ਟੀਮ 62-60 ਅੰਕਾਂ ਉਤੇ ਮੈਚ ਜਿੱਤ ਗਈ।
ਫਿਰ ਉਹ ਪੰਜਾਬ ਦੀ ਟੀਮ ਨਾਲ ਇੰਗਲੈਂਡ ਵਿਚ ਕਬੱਡੀ ਖੇਡਣ ਗਿਆ। ਮਾਰਚ ਪਾਸਟ ਵੇਲੇ ਸਾਰੇ ਪੰਜਾਬੀ ਖਿਡਾਰੀਆਂ ਦੇ ਪੱਗਾਂ ਬੱਧੀਆਂ ਸਨ। ਦੇਵੀ ਦਿਆਲ ਵੀ ਗੁਲਾਬੀ ਪੱਗ ਬੰਨ੍ਹ ਕੇ ਢੁੱਕਾ ਸੀ। ਦਰਸ਼ਕ ਵਾਰ ਵਾਰ ਪੁੱਛਦੇ, “ਏਹਨਾਂ ਚ ਦੇਵੀ ਦਿਆਲ ਕਿਹੜਾ ਹੋਇਆ ਬਈ? ਉਹ ਤਾਂ ਕਿਤੇ ਦੀਂਹਦਾ ਨੀ। ਅਸੀਂ ਤਾਂ ਖੇਡ ਈ ਦੇਵੀ ਦਿਆਲ ਦੀ ਦੇਖਣ ਆਏ ਆਂ।” ਬੱਧੀ ਪੱਗ ਨਾਲ ਉਹ ਦੇਵੀ ਦਿਆਲ ਨੂੰ ਦੇਵੀ ਦਿਆਲ ਨਹੀਂ ਸਨ ਸਮਝ ਰਹੇ। ਉਹ ਆਖਦੇ, “ਇਹ ਤਾਂ ਨਕਲੀ ਦੇਵੀ ਦਿਆਲ ਆ। ਸਾਨੂੰ ਅਸਲੀ ਦੇਵੀ ਦਿਆਲ ਦਿਖਾਓ!” ਆਖ਼ਰ ਦੇਵੀ ਦਿਆਲ ਨੇ ਪੱਗ ਉਤਾਰੀ ਤੇ ਅਸਲੀ ਨਕਲੀ ਦੇਵੀ ਦਿਆਲ ਦਾ ਭੁਲੇਖਾ ਦੂਰ ਕੀਤਾ। ਪਿੱਛੋਂ ਉਹ ਕਈ ਵਾਰ ਇੰਗਲੈਂਡ ਕਬੱਡੀ ਖੇਡਣ ਗਿਆ ਜਿਥੇ ਉਹਦੀ ਖੇਡ ਉਤੇ ਪੌਂਡਾਂ ਦਾ ਮੀਂਹ ਵਰ੍ਹਦਾ ਰਿਹਾ।
ਮਾਲਵਾ ਕਾਲਜ ਬੋਂਦਲੀ ਨੂੰ ਉਹੀ ਕਬੱਡੀ ਦੇ ਨਕਸ਼ੇ ਉਤੇ ਲਿਆਇਆ ਸੀ। ਡੀਏਵੀ ਕਾਲਜ ਜਲੰਧਰ ਪੜ੍ਹਦਿਆਂ ਉਹਦੀ ਟੀਮ ਲਗਾਤਾਰ ਯੂਨੀਵਰਸਿਟੀ ਦੀ ਚੈਂਪੀਅਨ ਬਣਦੀ ਰਹੀ। ਸਰਕਾਰੀ ਕਾਲਜ ਲੁਧਿਆਣੇ ਦਾ ਉਹ ਬੈਸਟ ਅਥਲੀਟ ਬਣਿਆ। ਉਹ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਸਟੇਟ ਦੀਆਂ ਕਬੱਡੀ ਟੀਮਾਂ ਦੀ ਕਪਤਾਨੀ ਕਰਦਾ ਰਿਹਾ। ਪੰਜਾਬ ਦੇ ਪਿੰਡਾਂ ਦਾ ਸ਼ਾਇਦ ਹੀ ਕੋਈ ਵੱਡਾ ਟੂਰਨਾਮੈਂਟ ਹੋਵੇ ਜਿਥੇ ਦੇਵੀ ਦਿਆਲ ਖੇਡਣ ਨਾ ਗਿਆ ਹੋਵੇ। ਉਸ ਨੇ ਸੈਂਕੜੇ ਮੈਦਾਨਾਂ ’ਚ ਪੈੜਾਂ ਕੀਤੀਆਂ ਜੋ ਨਵੇਂ ਉਠਦੇ ਕੌਡਿਆਲਾਂ ਨੂੰ ਆਪਣੇ ਵੱਲ ਖਿੱਚਦੀਆਂ ਆ ਰਹੀਆਂ ਹਨ।
ਪੁਲੀਟੀਕਲ ਸਾਇੰਸ ਦੀ ਐੱਮਏ ਕਰ ਕੇ ਉਹ ਪੰਜਾਬ ਪੰਚਾਇਤੀ ਰਾਜ ਖੇਡ ਪਰਿਸ਼ਦ ਦਾ ਕਬੱਡੀ ਕੋਚ ਲੱਗ ਗਿਆ ਸੀ। ਕੋਚ ਬਣ ਕੇ ਵੀ ਉਹ ਕਈ ਸਾਲ ਕਬੱਡੀ ਖੇਡਦਾ ਰਿਹਾ। 1974 ਵਿਚ ਪੰਜਾਬ ਦੀ ਜਿਹੜੀ ਟੀਮ ਵਲਾਇਤ ਵਿਚ ਕਬੱਡੀ ਖੇਡਣ ਗਈ, ਉਹਦਾ ਉਹ ਮੀਤ ਕਪਤਾਨ ਸੀ। ਉਨ੍ਹਾਂ ਦੀ ਟੀਮ ਇੰਗਲੈਂਡ ਵਿਚ ਸੱਤ ਮੈਚ ਖੇਡੀ ਸੀ ਜਿਨ੍ਹਾਂ ਵਿਚੋਂ ਪੰਜਾਬ ਦੀ ਟੀਮ ਨੇ ਤਿੰਨ ਮੈਚ ਜਿੱਤੇ ਸਨ ਪਰ ਜਦੋਂ 1977 ਵਿਚ ਪੰਜਾਬ ਦੀ ਟੀਮ ਦੁਬਾਰਾ ਇੰਗਲੈਂਡ ਗਈ ਤਾਂ ਦੇਵੀ ਦਿਆਲ ਦੀ ਵਧੀਆ ਖੇਡ ਸਦਕਾ ਨੌਂ ਦੇ ਨੌਂ ਮੈਚ ਜਿੱਤ ਕੇ ਮੁੜੀ। ਇੰਗਲੈਂਡ ਵਾਲਿਆਂ ਨੇ ਉਸ ਦਾ ਮਾਣ ਤਾਣ ਕਰਨ ਵਿਚ ਕੋਈ ਕਸਰ ਨਹੀਂ ਸੀ ਛੱਡੀ।
ਜਦੋਂ ਉਹ ਖ਼ੁਦ ਕਬੱਡੀ ਖੇਡਣਾ ਛੱਡ ਕੇ ਕੁੱਬੇ ਦੇ ਵਰਿਆਮ ਸਟੇਡੀਅਮ ਵਿਚ ਕਬੱਡੀ ਅਕੈਡਮੀ ਚਲਾਉਣ ਲੱਗਾ ਤਾਂ ਉਸ ਭਲੇ ਬੰਦੇ ਨਾਲ ਕਹਿਰ ਵਰਤ ਗਿਆ। ਕੁਦਰਤ ਨੇ ਉਸ ਦਾ ਇਕੋ ਇਕ ਜੁਆਨ ਪੁੱਤਰ ਟੋਨੀ ਅਲੰਕਾਰ ਉਸ ਤੋਂ ਖੋਹ ਲਿਆ। ਟੋਨੀ ਉਭਰ ਰਿਹਾ ਕੌਡਿਆਲ ਸੀ ਜਿਸ ਤੋਂ ਬੜੀਆਂ ਆਸਾਂ ਸਨ ਪਰ ਕੈਂਸਰ ਦੀ ਨਾਮੁਰਾਦ ਬਿਮਾਰੀ ਉਸ ਨੂੰ ਲੈ ਬੈਠੀ। ਹੁਣ ਉਸ ਦੀ ਯਾਦ ਵਿਚ ਉਹ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਉਂਦਾ ਤੇ ਕਬੱਡੀ ਅਕੈਡਮੀ ਚਲਾ ਰਿਹੈ। ਟੋਨੀ ਅਲੰਕਾਰ ਅਕੈਡਮੀ ਰਾਹੀਂ ਅਨੇਕਾਂ ਖਿਡਾਰੀ ਤਿਆਰ ਹੋ ਰਹੇ ਹਨ ਜੋ ਦੇਸ ਪਰਦੇਸ ਦੀਆਂ ਕਬੱਡੀ ਕਲੱਬਾਂ ਵੱਲੋਂ ਖੇਡ ਰਹੇ ਹਨ। ਉਸ ਦੀ ਧੀ ਕੈਨੇਡਾ ਵਿਚ ਵਿਆਹੀ ਹੋਈ ਹੈ ਜਿਸ ਕਰ ਕੇ ਉਹ ਕੈਨੇਡਾ ਤੇ ਹੋਰਨਾਂ ਮੁਲਕਾਂ ਵਿਚ ਆਉਂਦਾ ਜਾਂਦਾ ਰਹਿੰਦਾ ਹੈ। ਬਰੈਂਪਟਨ ਵਿਚ ਅਸੀਂ ਸੈਰਾਂ ਕਰਦੇ ਮਿਲ ਲੈਂਦੇ ਹਾਂ ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਲੈਂਦੇ ਹਾਂ। 2010-11 ਵਿਚ ਹੋਏ ਪੰਜਾਬ ਦੇ ਵਰਲਡ ਕਬੱਡੀ ਕੱਪਾਂ ਵਿਚ ਅਸੀਂ ਖੇਡ ਡਾਇਰੈਕਟਰ ਪਰਗਟ ਸਿੰਘ ਦੇ ਸਹਿਯੋਗੀ ਸਾਂ। ਦੇਵੀ ਦਿਆਲ 75ਵੇਂ ਸਾਲ ਦੀ ਉਮਰੇ ਵੀ ਰੋਜ਼ਾਨਾ ਤਿੰਨ ਚਾਰ ਮੀਲ ਧੀਮੀ ਦੌੜ ਦੌੜਦਾ ਤੇ ਕਸਰਤਾਂ ਕਰਦਾ ਹੈ। ਵੇਟ ਟ੍ਰੇਨਿੰਗ ਕਰਦਿਆਂ ਨਵੇਂ ਸਿਖਾਂਦਰੂਆਂ ਨੂੰ ਕਬੱਡੀ ਦੇ ਗੁਰ ਵੀ ਦੱਸਦਾ ਹੈ। ਉਸ ਨੇ ਅਜੇ ਵੀ ਆਪਣੇ ਆਪ ਨੂੰ ਪੂਰਾ ਚੁਸਤ ਦਰੁਸਤ ਰੱਖਿਆ ਹੋਇਐ।
ਧਾਰਨੀ ਦੇ ਖੇਡਾਂ ਬਾਰੇ ਵਿਚਾਰ
ਕਿਸੇ ਸਮਾਜ ਦੇ ਬਦਲ ਰਹੇ ਆਲੇ-ਦੁਆਲੇ ਦਾ ਅਸਰ ਉਹਦੀਆਂ ਖੇਡਾਂ ਉੱਤੇ ਵੀ ਪੈਂਦਾ ਹੈ। ਖੇਡ ਦਾ ਅਰਥ ਹੈ ਉਹ ਗਤੀਵਿਧੀ ਜਿਹੜੀ ਮਨੁੱਖ ਨੂੰ ਮਾਨਸਿਕ ਤ੍ਰਿਪਤੀ ਦਿੰਦੀ ਹੈ। ਗਤੀਵਿਧੀ ਛੋਟੀ ਵੀ ਹੋ ਸਕਦੀ ਹੈ ਤੇ ਵੱਡੀ ਵੀ। ਪੰਜਾਬ ਦੇ ਖੇਡ ਸੱਭਿਆਚਾਰ ਦੀ ਗੱਲ ਕਰਨ ਸਮੇਂ ਸਾਨੂੰ ਪੰਜਾਬ ਦੀ ਭੂਗੋਲਿਕ ਸਥਿਤੀ, ਰਾਜਨੀਤਕ ਹਾਲਤ, ਸਮਾਜ ਦੀ ਆਰਥਿਕ ਦਸ਼ਾ ਅਤੇ ਦਿਸ਼ਾ ਨੂੰ ਧਿਆਨ ਵਿਚ ਰੱਖਣਾ ਪਵੇਗਾ।
ਪੁਰਾਣੇ ਪੰਜਾਬ ਦੇ ਬੱਚਿਆਂ ਦੀਆਂ ਖੇਡਾਂ ਧੂੜ-ਮਿੱਟੀ ਭਰੇ ਰਸਤਿਆਂ ਵਿਚ ਵੱਡਿਆਂ ਦੀ ਰੀਸੇ ਖੇਤ ਤਿਆਰ ਕਰਨ, ਕਿਆਰੇ ਪਾਉਣ ਤੋਂ ਵਿਕਾਸ ਕਰਦੇ ਹੋਏ ਨਵੇਂ ਪੰਜਾਬ ਦੇ ਕੰਪਿਊਟਰ ਯੁਗ ਦੀਆਂ ਖੇਡਾਂ ਵੱਲ ਪੁਲਾਂਘਾਂ ਪੁੱਟ ਰਹੀਆਂ ਹਨ। ਪੁਰਾਤਨ ਕਾਲ ਵਿਚ ਵੀ ਖੇਡਾਂ ਖੇਡੀਆਂ ਜਾਂਦੀਆਂ ਸਨ। ਰਮਾਇਣ ਮਹਾਭਾਰਤ ਯੁਗ ਵਿਚ ਜਿਥੇ ਤੀਰ-ਅੰਦਾਜ਼ੀ, ਘੋੜ-ਸਵਾਰੀ, ਤਲਵਾਰਬਾਜ਼ੀ ਦਾ ਜਿ਼ਕਰ ਮਿਲਦਾ ਹੈ, ਉਥੇ ਸਤਰੰਜ ਵਰਗੀਆਂ ਖੇਡਾਂ ਦਾ ਵੀ ਵੇਰਵਾ ਮਿਲਦਾ ਹੈ। ਇਹ ਵੱਖਰਾ ਵਿਸ਼ਾ ਹੈ ਕਿ ਕਈ ਵਾਰ ਅਜਿਹੀਆਂ ਖੇਡਾਂ ਦੀ ਦੁਰਵਰਤੋਂ ਵੀ ਹੋਈ।
ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਵਿਕਾਸ ਹੋ ਸਕਦਾ ਹੈ। ਮੱਧਕਾਲ ਵਿਚ ਸਰੀਰਕ ਸ਼ਕਤੀ ਵਧਾਉਣ ਲਈ ਭਾਰ-ਚੁੱਕਣ ਵਰਗੀਆਂ ਗਤੀਵਿਧੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ। ਗੁਰੂ ਕਾਲ ਵਿਚ ਸ਼ੁੱਧ ਖੁਰਾਕ ਖਾਣ ਅਤੇ ਵਰਜਿਸ਼ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣ ਲੱਗਾ। ਗੁਰੂ ਅੰਗਦ ਦੇਵ ਜੀ ਵੇਲੇ ਮੱਲਾਂ ਦਾ ਅਖਾੜਾ ਬਣਾਇਆ ਗਿਆ ਜਿਥੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਰਹੇ। ਇਹੀ ਕਾਰਨ ਹੈ ਕਿ ਮਾਝੇ ਵਿਚ ਖੇਡ ਸੱਭਿਆਚਾਰ ਵੱਧ ਵਿਕਸਤ ਹੋਇਆ। ਤਦੇ ਤਾਂ ਬਾਬੂ ਰਜਬ ਅਲੀ ਨੇ ਆਪਣੀ ਕਵੀਸ਼ਰੀ ਵਿਚ ਜਿ਼ਲ੍ਹਾ ਅੰਮ੍ਰਿਤਸਰ ਤੇ ਲਾਹੌਰ ਦੇ ਪਹਿਲਵਾਨੀ ਅਖਾੜਿਆਂ ਦਾ ਵਾਰ ਵਾਰ ਜਿ਼ਕਰ ਕੀਤਾ।
ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ-ਅੰਦਾਜ਼ੀ, ਤਲਵਾਰਬਾਜ਼ੀ ਤੇ ਘੋੜ ਸਵਾਰੀ ਨੂੰ ਉਤਸ਼ਾਹਿਤ ਕੀਤਾ। ਗੱਤਕੇਬਾਜ਼ੀ ਦੇ ਮੁਕਾਬਲੇ ਕਰਵਾਏ ਜਿਹੜੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਨਿਹੰਗ ਸਿੰਘਾਂ ਦੀ ਪਰੰਪਰਾ ਬਣੀ ਹੋਈ ਹੈ। ਪੰਜਾਬੀਆਂ ਦੀ ਮਾਂ ਖੇਡ ਕਬੱਡੀ ਪੰਜਾਬ ਦੇ ਇਤਿਹਾਸ ਵਿਚ ਹੁੰਦੇ ਰਹੇ ਬਾਹਰੀ ਹਮਲਿਆਂ ਦਾ ਖੇਡ ਰਾਹੀਂ ਪ੍ਰਗਟਾਅ ਹੈ। ਧਾਵੀ ਹਮਲਾ ਕਰਦਾ ਹੈ, ਜਾਫੀ ਰੋਕਦਾ ਹੈ।
ਖੇਡ ਮੈਦਾਨਾਂ ਦਾ ਸਤਿਕਾਰ ਕੀਤਾ ਜਾਵੇ। ਜਿਵੇਂ ਭਲਵਾਨ ਅਖਾੜੇ ਦਾ ਅਤੇ ਗਾਇਕ ਸਟੇਜ ਦਾ ਕਰਦੇ ਹਨ, ਉਵੇਂ ਖਿਡਾਰੀ ਖੇਡ ਮੈਦਾਨ ਦਾ ਕਰਨ। ਉਸ ’ਚ ਪਗਡੰਡੀਆਂ ਨਾ ਪਾਈਆਂ ਜਾਣ। ਮੈਦਾਨ ’ਚ ਭੁੱਲ ਕੇ ਵੀ ਥੁੱਕਿਆ ਨਾ ਜਾਵੇ। ਖੇਡ ਮੈਦਾਨਾਂ ’ਚ ਪਾਥੀਆਂ, ਖਲਵਾੜੇ ਤੇ ਪਰਾਲੀ ਦੇ ਢੇਰ ਨਾ ਲਾਏ ਜਾਣ। ਖਿਡਾਰੀਆਂ ਨੂੰ ਪਿੰਡ, ਜ਼ਿਲ੍ਹੇ, ਸੂਬੇ, ਦੇਸ਼ ਦਾ ਸਾਂਝਾ ਸਰਮਾਇਆ ਸਮਝਿਆ ਜਾਵੇ। ਕੇਵਲ ਕੌਮਾਂਤਰੀ ਮੱਲਾਂ ਮਾਰਨ ਵਾਲਿਆਂ ਦਾ ਹੀ ਨਹੀਂ, ਹਰ ਪੱਧਰ ਦੇ ਖਿਡਾਰੀਆਂ ਦਾ ਬਣਦਾ ਸਰਦਾ ਮਾਣ ਸਤਿਕਾਰ ਕੀਤਾ ਜਾਵੇ।
ਸੰਪਰਕ: +1-905-799-1661