ਐਂਟਨ ਚੈਖ਼ਵ
ਇਕ ਦਿਨ ਸਵੇਰੇ ਸਵੇਰੇ ਅਸੀਂ ਕਾਲਜ ਦੇ ਕਰ-ਨਿਰਧਾਰਕ ਈਵਾਨ ਨੂੰ ਦਫ਼ਨਾਉਣ ਜਾਣਾ ਸੀ, ਜੋ ਸਾਡੇ ਦੇਸ਼ ਦੀਆਂ ਦੋ ਆਮ ਬਿਮਾਰੀਆਂ, ਕੁਪੱਤੀ ਤੀਵੀਂ ਤੇ ਦਾਰੂ, ਦਾ ਸ਼ਿਕਾਰ ਹੋ ਗਿਆ ਸੀ। ਜਦੋਂ ਉਹਦਾ ਜਨਾਜ਼ਾ ਚਰਚ ਤੋਂ ਕਬਰਸਤਾਨ ਵੱਲ ਤੁਰਨ ਲੱਗਾ ਤਾਂ ਮ੍ਰਿਤਕ ਦੇ ਸਹਿਕਰਮੀਆਂ ਵਿੱਚੋਂ ਪੋਪਲਾਵਸਕੀ ਨਾਂ ਦੇ ਨੌਜਵਾਨ ਨੇ ਟੈਕਸੀ ਲਈ ਤੇ ਆਪਣੇ ਦੋਸਤ ਜ਼ਪੋਇਕਿਨ ਵੱਲ ਹੋ ਤੁਰਿਆ ਜਿਹੜਾ ਥੋੜ੍ਹੇ ਚਿਰ ਵਿਚ ਹੀ ਬੜਾ ਮਸ਼ਹੂਰ ਹੋ ਗਿਆ ਸੀ। ਪਾਠਕਾਂ ਨੂੰ ਪਤਾ ਲੱਗ ਜਾਵੇਗਾ ਕਿ ਜ਼ਪੋਇਕਿਨ ਬਿਨਾ ਤਿਆਰੀ ਦੇ ਤੁਰੰਤ ਭਾਸ਼ਣ ਕਰਨ ਦਾ ਬੇਹੱਦ ਮਾਹਿਰ ਸੀ; ਕਿਸੇ ਦਾ ਵਿਆਹ ਹੋਵੇ, ਜਨਮ ਦਿਨ ਹੋਵੇ, ਕੋਈ ਵੀ ਖ਼ੁਸ਼ੀ ਦਾ ਮੌਕਾ ਜਾਂ ਮਾਤਮ ਹੀ ਹੋਵੇ। ਗੱਲ ਕੀ, ਉਹ ਜਿੱਥੇ ਵੀ ਜ਼ਰੂਰਤ ਹੋਵੇ ਤਟਫਟ ਬੋਲ ਸਕਦਾ ਸੀ; ਚਾਹੇ ਉਹਨੂੰ ਨੀਂਦ ਆਈ ਹੋਵੇ, ਭੁੱਖ ਲੱਗੀ ਹੋਵੇ, ਦਾਰੂ ਨਾਲ ਰੱਜਿਆ ਹੋਵੇ ਜਾਂ ਬਿਮਾਰ ਹੀ ਕਿਉਂ ਨਾ ਹੋਵੇ। ਉਹਦੇ ਭਾਸ਼ਣ ਵੀ ਕਿਸੇ ਖਾਲ਼ ਵਿਚ ਵਗਦੇ ਪਾਣੀ ਦੀ ਤਰ੍ਹਾਂ ਲਗਾਤਾਰ ਠਰੰਮੇ ਵਾਲੇ ਅਤੇ ਬੜੇ ਦਿਲਚਸਪ ਹੁੰਦੇ ਸਨ। ਕਿਸੇ ਸਰਾਂ ਵਿਚ ਇੰਨੇ ਕਾਕਰੋਚ ਨਹੀਂ ਹੁੰਦੇ ਜਿੰਨੇ ਉਹਦੇ ਕੋਲ ਦਿਲ ਨੂੰ ਟੁੰਬਣ ਵਾਲੇ ਤੇਜ਼-ਤਰਾਰ ਸ਼ਬਦ ਸਨ। ਉਹ ਦੇਰ ਦੇਰ ਤੱਕ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਬੋਲਦਾ। ਸਰਦੇ ਪੁੱਜਦੇ ਲੋਕਾਂ ਦੇ ਵਿਆਹਾਂ ’ਤੇ ਤਾਂ ਉਹਨੂੰ ਰੋਕਣ ਲਈ ਕਈ ਵਾਰੀ ਪੁਲੀਸ ਬੁਲਾਉਣ ਦੀ ਲੋੜ ਮਹਿਸੂਸ ਹੁੰਦੀ।
ਪੋਪਲਾਵਸਕੀ ਨੇ ਜ਼ਪੋਇਕਿਨ ਨੂੰ ਘਰੇ ਬੈਠਾ ਦੇਖ ਕੇ ਆਖਿਆ, “ਮੈਂ ਤੈਨੂੰ ਈ ਲੈਣ ਆਇਆਂ ਦੋਸਤ, ਕੋਟ ਪਾ ਤੇ ਉੱਠ ਚੱਲੀਏ! ਸਾਡਾ ਇਕ ਮੁਲਾਜ਼ਮ ਮਰ ਗਿਆ; ਸਾਨੂੰ ਛੱਡ ਕੇ ਅਗਲੇ ਜਹਾਨ ’ਚ ਚਲਿਆ ਗਿਆ। ਯਾਰ, ਉਹਨੂੰ ਸ਼ਰਧਾਂਜਲੀ ਦੇਣੀ ਹੈ। ਇਹਦੇ ਲਈ ਸਾਡੇ ਕੋਲ ਸਿਰਫ਼ ਤੂੰ ਹੀ ਹੈਂ। ਜੇ ਉਹਦੀ ਜਗ੍ਹਾ ਕੋਈ ਹੋਰ ਮਰਿਆ ਹੁੰਦਾ ਤਾਂ ਅਸੀਂ ਤੈਨੂੰ ਤਕਲੀਫ਼ ਨਾ ਵੀ ਦਿੰਦੇ, ਪਰ ਉਹ ਸੈਕਟਰੀ ਸਾਡੇ ਦਫ਼ਤਰ ਦਾ ਥੰਮ੍ਹ ਸੀ। ਜੇ ਉਹਦੇ ਬਾਬਤ ਦੋ ਅੱਛੇ ਸ਼ਬਦ ਨਾ ਬੋਲੇ ਗਏ ਤਾਂ ਗੱਲ ਨਹੀਂ ਬਣਨੀ।”
“ਉਹ, ਉਹੀ ਸੈਕਟਰੀ!” ਜ਼ਪੋਇਕਿਨ ਨੇ ਉਬਾਸੀ ਲੈਂਦਿਆਂ ਕਿਹਾ, “ਇਹ ਉਹੀ ਨਹੀਂ ਸੀ – ਸ਼ਰਾਬੀ?”
“ਹਾਂ ਹਾਂ ਉਹੀ… ਤੇਰੀ ਸੇਵਾ ਕਰ ਦੇਵਾਂਗੇ… ਪੀਣ ਦਾ ਬੰਦੋਬਸਤ ਵੀ… ਗੱਡੀ ਦਾ ਖ਼ਰਚਾ ਦੇਵਾਂਗੇ… ਹੋਰ ਦੱਸ? ਤੂੰ ਕਬਰ ਕੋਲ ਖੜ੍ਹ ਕੇ ਸਿਸਰੋ ਵਾਂਗ ਚੋਣਵੇਂ ਜਿਹੇ ਚਾਰ ਸ਼ਬਦ ਬੋਲ ਦੇਵੀਂ। ਅਸੀਂ ਤੇਰਾ ਅਹਿਸਾਨ ਨਹੀਂ ਭੁੱਲਦੇ।”
ਜ਼ਪੋਇਕਿਨ ਵੀ ਅਹਿਸਾਨ ਜਤਾ ਕੇ ਖ਼ੁਸ਼ ਸੀ। ਉਹਨੇ ਆਪਣੇ ਵਾਲ਼ ਛੰਡੇ, ਚਿਹਰੇ ਉੱਤੇ ਇਕਦਮ ਸੋਗੀ ਜਿਹਾ ਭਾਵ ਲੈ ਆਂਦਾ ਤੇ ਪੋਪਲਾਵਸਕੀ ਨਾਲ ਤੁਰ ਪਿਆ।
“ਮੈਂ ਜਾਣਦਾਂ ਤੁਹਾਡੇ ਸੈਕਟਰੀ ਨੂੰ” ਜ਼ਪੋਇਕਿਨ ਨੇ ਗੱਡੀ ’ਚ ਬੈਠਦਿਆਂ ਕਿਹਾ। “ਬੜਾ ਸ਼ਾਤਰ ਸੀ… ਠੱਗ ਸੀ ਪੂਰਾ… ਚਲੋ ਰੱਬ ਉਹਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ, ਪਰ ਉਹਦੇ ਵਰਗੇ ਬੰਦੇ ਵਿਰਲੇ ਹੀ ਸਨ।”
“ਹੁਣ, ਤੂੰ ਯਾਰ, ਮਰੇ ਹੋਏ ਨੂੰ ਤਾਂ ਬਖ਼ਸ਼ ਦੇ।”
“ਠੀਕ ਹੈ, ਮੈਂ ਮਾੜਾ ਨਹੀਂ ਬੋਲਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਮਾੜਾ ਨਹੀਂ ਸੀ।”
ਦੋਵੇਂ ਦੋਸਤ ਜਨਾਜ਼ੇ ਕੋਲ ਪੁੱਜ ਕੇ ਜਨਾਜ਼ੇ ਵਿੱਚ ਸ਼ਾਮਲ ਹੋ ਗਏ। ਮ੍ਰਿਤਕ ਨੂੰ ਏਨਾ ਹੌਲ਼ੀ ਹੌਲ਼ੀ ਲਿਜਾਇਆ ਜਾ ਰਿਹਾ ਸੀ ਕਿ ਇਨ੍ਹਾਂ ਨੂੰ ਕਬਰਸਤਾਨ ਵੱਲ ਜਾਂਦੇ ਰਸਤੇ ਵਿੱਚ ਪੈਂਦੀਆਂ ਤਿੰਨ ਸਰਾਵਾਂ ਵਿੱਚ ਰੁਕਣ ਦਾ ਮੌਕਾ ਮਿਲ ਗਿਆ ਤੇ ਇਹ ਹਰ ਥਾਂ ਮ੍ਰਿਤਕ ਦੇ ਨਾਂ ’ਤੇ ਘੁੱਟ ਘੁੱਟ ਲਾਉਂਦੇ ਵੀ ਰਹੇ।
ਕਬਰਸਤਾਨ ਵਿੱਚ ਮ੍ਰਿਤਕ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਰਹੀਆਂ ਸਨ। ਮ੍ਰਿਤਕ ਦੀ ਸੱਸ, ਪਤਨੀ ਅਤੇ ਸਾਲ਼ੀ ਰਸਮੀਂ ਕੀਰਨੇ ਪਾ ਰਹੀਆਂ ਸਨ। ਜਦ ਮ੍ਰਿਤਕ ਦੇਹ ਨੂੰ ਕਬਰ ਵਿੱਚ ਲਿਟਾਇਆ ਜਾਣ ਲੱਗਾ ਤਾਂ ਉਹਦੀ ਪਤਨੀ ਨੇ ਜ਼ੋਰ ਦੀ ਧਾਹ ਮਾਰੀ, “ਮੈਨੂੰ ਵੀ ਨਾਲ ਈ ਦਫ਼ਨ ਹੋ ਲੈਣ ਦਿਓ ਵੇ…।” ਪਰ ਉਹਨੇ ਕਬਰ ਵੱਲ ਇਕ ਕਦਮ ਵੀ ਨਾ ਪੁੱਟਿਆ। ਜਿਵੇਂ ਉਹਨੂੰ ਮ੍ਰਿਤਕ ਦੀ ਮਿਲਣ ਵਾਲੀ ਪੈਨਸ਼ਨ ਦਾ ਚੇਤਾ ਆ ਗਿਆ ਹੋਵੇ। ਇੰਨੇ ਨੂੰ ਅੰਤਿਮ ਕਿਰਿਆ-ਕਰਮ ਦੀ ਸਮਾਪਤੀ ਦੀ ਉਡੀਕ ਵਿਚ ਖੜ੍ਹਾ ਜ਼ਪੋਇਕਿਨ ਅੱਗੇ ਵਧਿਆ, ਇੱਧਰ ਉਧਰ ਨਿਗ੍ਹਾ ਮਾਰੀ ਤੇ ਸ਼ੁਰੂ ਹੋ ਗਿਆ:
“ਅੱਖਾਂ ਜੋ ਦੇਖ ਰਹੀਆਂ ਹਨ, ਕੰਨ ਜੋ ਸੁਣ ਰਹੇ ਹਨ, ਕੀ ਇਹ ਸੱਚ ਹੈ! ਮੈਂ ਕਿਤੇ ਕੋਈ ਭਿਆਨਕ ਸੁਪਨਾ ਤਾਂ ਨਹੀਂ ਦੇਖ ਰਿਹਾ! ਆਹ ਤਾਬੂਤ, ਹੰਝੂਆਂ ਨਾਲ ਭਿੱਜੇ ਚਿਹਰੇ, ਇਹ ਦਰਦ ਭਰੇ ਕੀਰਨੇ, ਇਹ ਵਿਰਲਾਪ! ਹਾਏ, ਇਹ ਸੁਪਨਾ ਨਹੀਂ ਤੇ ਨਾ ਹੀ ਅੱਖਾਂ ਦਾ ਭਰਮ ਹੈ। ਆਹ ਆਦਮੀ, ਜੋ ਹੁਣੇ ਹੀ ਚੰਗਾ ਭਲਾ, ਨੌ ਬਰ ਨੌ, ਹੱਸਦਾ ਖੇਡਦਾ ਸੀ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਮੁਲਕ ਦੀ ਸੇਵਾ ਵਿੱਚ ਮਖੀਲ ਦੀ ਤਰ੍ਹਾਂ ਸ਼ਹਿਦ ਵਰਗਾ ਯੋਗਦਾਨ ਪਾ ਰਿਹਾ ਸੀ, ਜਿਹੜਾ … ਉਏ ਯਾਰੋ, ਉਹੀ ਆਦਮੀ ਸਾਡੇ ਸਾਹਮਣੇ ਮਿੱਟੀ ਦੀ ਮੁੱਠ ਬਣਿਆਂ ਪਿਆ ਹੈ … ਸਾਡੀਆਂ ਅੱਖਾਂ ਦਾ ਭਰਮ ਸੱਚ ਹੋਇਆ ਪਿਆ ਹੈ … ਮੌਤ ਦੀ ਅਟੱਲ ਹੋਣੀ ਨੇ ਆਪਣਾ ਜ਼ਾਲਮ ਪੰਜਾ ਐਨ ਉਸ ਵਕਤ ਇਹਦੀ ਛਾਤੀ ਉੱਤੇ ਆਣ ਟਿਕਾਇਆ … ਬੇਸ਼ੱਕ ਇਹਨੇ ਜ਼ਿੰਦਗੀ ਦਾ ਕਾਫ਼ੀ ਹਿੱਸਾ ਹੰਢਾ ਲਿਆ ਸੀ, ਪਰ ਫਿਰ ਵੀ ਇਹਦੀ ਜ਼ਿੰਦਗੀ ਚੜ੍ਹਦੀ ਕਲਾ, ਰੌਸ਼ਨ ਉਮੰਗਾਂ ਤੇ ਉਮੀਦਾਂ ਨਾਲ ਲਬਰੇਜ਼ ਸੀ। ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਿਆ ਸਾਨੂੰ… ਕੌਣ ਪੂਰਾ ਕਰੇਗਾ!”
“ਬੇਸ਼ੱਕ ਸਾਡੇ ਕੋਲ ਬੜੇ ਅੱਛੇ ਕਰਮਚਾਰੀ ਹਨ, ਪਰ ਓਸੀਪਿੱਚ … ਇਹ ਆਪਣੀ ਮਿਸਾਲ ਆਪ ਸੀ। ਆਤਮਾ ਦੇ ਧੁਰ ਅੰਦਰ ਤੋਂ ਇਹ ਆਪਣੀ ਜ਼ਿੰਮੇਵਾਰੀ ਨੂੰ ਸਮਰਪਿਤ ਸੀ। ਇਹਨੇ ਕਦੀ ਵੀ ਆਪਣੇ ਕੰਮ ਤੋਂ ਜੀ ਨਹੀਂ ਚੁਰਾਇਆ। ਰਾਤ ਭਰ ਜਾਗ ਜਾਗ ਕੇ ਕੰਮ ਕਰਦਾ ਰਹਿੰਦਾ ਸੀ। ਬਿਲਕੁਲ ਬੇਖ਼ੌਫ਼ ਤੇ ਨਿਰਪੱਖ ਆਦਮੀ … ਕਿੰਨੀ ਨਫ਼ਰਤ ਕਰਦਾ ਸੀ ਉਨ੍ਹਾਂ ਨੂੰ, ਜਿਹੜੇ ਲੋਕਾਂ ਦੇ ਕੰਮ ਛੱਡ ਕੇ ਇਹਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ … ਜਾਂ ਇਹਨੂੰ ਨਿੱਕੇ ਨਿੱਕੇ ਲਾਲਚ ਦੇ ਕੇ ਫ਼ਰਜ਼ਾਂ ਤੋਂ ਕੁਤਾਹੀ ਕਰਾਉਣ ਦੀ ਕੋਸ਼ਿਸ਼ ਕਰਦੇ … ਸਾਡੀਆਂ ਅੱਖਾਂ ਦੇ ਸਾਹਮਣੇ, ਓਸੀਪਿਚ ਨੇ ਆਪਣੀ ਜ਼ਰਾ ਜਿੰਨੀ ਆਮਦਨ ਦਾ ਵੀ ਚੋਖਾ ਹਿੱਸਾ ਗ਼ਰੀਬ ਦੋਸਤਾਂ ਵਿੱਚ ਵੰਡ ਦਿੱਤਾ। ਆ ਹੁਣੇ, ਤੁਸੀਂ ਖ਼ੁਦ ਕਈ ਵਿਧਵਾ ਔਰਤਾਂ ਦੇ ਕੀਰਨੇ ਤੇ ਯਤੀਮ ਬੱਚਿਆਂ ਦਾ ਚੀਕ-ਚਿਹਾੜਾ ਸੁਣਿਆ … ਇਹ ਸਭ ਇਸੇ ਦੀ ਰਹਿਮਤ ਦੇ ਪਾਤਰ ਸਨ। ਦਫ਼ਤਰੀ ਜ਼ਿੰਮੇਵਾਰੀਆਂ ਤੇ ਹਰੇਕ ਕੰਮ-ਕਾਜ ਨੂੰ ਪੂਰੀ ਲਗਨ ਤੇ ਤਨਦੇਹੀ ਨਾਲ ਨੇਪਰੇ ਚਾੜ੍ਹਨ ਖ਼ਾਤਰ, ਖ਼ੁਦ ਨੂੰ, ਇਹਨੇ ਆਪਣੇ ਜੀਵਨ ਦੀਆਂ ਉਨ੍ਹਾਂ ਖ਼ੁਸ਼ੀਆਂ ਤੋਂ ਵੀ ਦੂਰ ਰੱਖਿਆ ਜੋ ਇਹਨੂੰ ਆਪਣੀ ਪਰਿਵਾਰਕ ਜ਼ਿੰਦਗੀ ਵਿਚ ਸਹਿਜੇ ਹੀ ਨਸੀਬ ਹੋ ਸਕਦੀਆਂ ਸਨ। ਤੁਸੀਂ ਤਾਂ ਜਾਣਦੇ ਈ ਹੋ, ਇਹਨੇ ਉਮਰ ਭਰ ਵਿਆਹ ਵੀ ਨਹੀਂ ਕਰਾਇਆ। ਐਸੇ ਦੋਸਤ ਦੀ ਕਮੀ ਕੌਣ ਪੂਰੀ ਕਰੇਗਾ!”
“ਮੈਨੂੰ ਤਾਂ ਹਾਲੇ ਵੀ ਇਵੇਂ ਲੱਗਦਾ, ਜਿਵੇਂ ਉਹ ਮੁਸਕਰਾਉਂਦਾ ਤੇ ਸਾਫ਼ ਹਜ਼ਾਮਤ ਵਾਲਾ ਚਿਹਰਾ ਦੇਖ ਰਿਹਾ ਹੋਵਾਂ, ਜਿਵੇਂ ਮੈਂ ਹਾਲੇ ਵੀ ਉਹਦੀ ਮਧੁਰ ਤੇ ਪਿਆਰੀ ਆਵਾਜ਼ ਸੁਣ ਰਿਹਾ ਹੋਵਾਂ। ਓਸੀਪਿਚ, ਪਰਮਾਤਮਾ ਤੇਰੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ! ਤੂੰ ਸਦਾ ਐਸੀ ਸ਼ਾਂਤ-ਚਿਤ ਅਵਸਥਾ ਵਿਚ ਰਹੇਂ, ਜੋ ਕਿਸੇ ਸਾਊ ਤੇ ਇਮਾਨਦਾਰ ਇਨਸਾਨ ਨੂੰ ਸੋਭਦੀ ਹੈ।”
ਜ਼ਪੋਇਕਿਨ ਇਸੇ ਹੀ ਸੁਰ ਵਿਚ ਬੋਲਦਾ ਗਿਆ। ਪਰ ਉਹਨੂੰ ਸੁਣਨ ਵਾਲੇ ਆਪਸ ਵਿਚ ਘੁਸਰ-ਮੁਸਰ ਕਰਨ ਲੱਗ ਪਏ। ਭਾਸ਼ਣ ਸਭ ਨੇ ਪਸੰਦ ਕੀਤਾ। ਕਈ ਤਾਂ ਰੋਣ ਹੀ ਲੱਗ ਪਏ। ਪਰ, ਭਾਸ਼ਣ ਦਾ ਬਹੁਤਾ ਹਿੱਸਾ ਸੁਣਨ ਵਾਲਿਆਂ ਨੂੰ ਸ਼ਸ਼ੋਪੰਜ ਵਿਚ ਪਾ ਰਿਹਾ ਸੀ। ਇਕ ਤਾਂ ਕਿਸੇ ਨੂੰ ਇਹ ਸਮਝ ਨਾ ਪਈ ਕਿ ਇਹ ਭਾਸ਼ਣਕਾਰ ਮ੍ਰਿਤਕ ਨੂੰ ਓਸੀਪਿਚ ਕਿਉਂ ਕਹਿ ਰਿਹਾ ਹੈ। ਜਦੋਂਕਿ ਸਾਰੇ ਤਾਂ ਉਹਨੂੰ ਈਵਾਨ ਕਹਿੰਦੇ ਸਨ। ਦੂਜਾ ਇਹ ਕਿ ਬੇਸ਼ੱਕ ਸਾਰੇ ਜਾਣਦੇ ਸਨ ਕਿ ਮਰਨ ਵਾਲੇ ਦਾ ਸਾਰੀ ਉਮਰ ਆਪਣੀ ਪਤਨੀ ਨਾਲ ਇੱਟ-ਖੜੱਕਾ ਰਿਹਾ। ਫਿਰ ਉਹਨੂੰ ਕੁਆਰਾ ਕਿਵੇਂ ਕਿਹਾ ਜਾ ਸਕਦਾ ਹੈ! ਤੀਜਾ ਉਹਦੀ ਬੜੀ ਭਰਵੀਂ ਤੇ ਲਾਲ ਦਾੜ੍ਹੀ ਸੀ ਤੇ ਉਹਨੇ ਅੱਜ ਤੱਕ ਕਦੇ ਭੁੱਲ ਕੇ ਵੀ ਦਾਹੜੀ ਨੂੰ ਉਸਤਰਾ ਨਹੀਂ ਸੀ ਛੁਹਾਇਆ। ਇਸ ਕਰਕੇ ਕਿਸੇ ਨੂੰ ਇਹ ਵੀ ਸਮਝ ਨਾ ਪਈ ਕਿ ਇਹ ਉਹਨੂੰ ‘ਸਾਫ਼ ਹਜ਼ਾਮਤ ਵਾਲ਼ਾ’ ਕਿਉਂ ਕਹਿ ਰਿਹਾ ਹੈ! ਸਾਰੇ ਸਰੋਤੇ ਭੰਬਲ਼ਭੂਸੇ ਵਿਚ ਪਏ ਹੋਏ ਆਪਣੇ ਮੋਢੇ ਚੁੱਕ ਚੁੱਕ ਇਕ ਦੂਜੇ ਦੇ ਮੂੰਹ ਵੱਲ ਦੇਖਦੇ ਤੇ ਹੈਰਾਨ ਹੋ ਰਹੇ ਸਨ।
“ਓਸੀਪਿੱਚ” ਭਾਸ਼ਣਕਾਰ ਨੇ ਕਬਰ ਵੱਲ ਦੇਖਦਿਆਂ ਆਪਣਾ ਭਾਸ਼ਣ ਜਾਰੀ ਰੱਖਿਆ, “ਤੇਰਾ ਸਾਧਾਰਨ ਚਿਹਰਾ, ਬੇਸ਼ੱਕ ਬਹੁਤਾ ਪ੍ਰਭਾਵਸ਼ਾਲੀ ਨਹੀਂ ਸੀ… ਬੇਸ਼ੱਕ ਤੂੰ ਬੜਾ ਬੇਨਿਆਜ਼ ਤੇ ਬੇਲਿਹਾਜ਼ ਸੀ, ਪਰ ਸਾਨੂੰ ਪਤਾ ਹੈ ਤੇਰੀ ਛਾਤੀ ਵਿਚ ਬੜਾ ਕੋਮਲ ਤੇ ਨੇਕ ਦਿਲ ਧੜਕਦਾ ਸੀ।”
ਹੁਣ ਕਿਸੇ ਨੂੰ ਕੋਈ ਸ਼ੱਕ ਨਾ ਰਿਹਾ ਕਿ ਭਾਸ਼ਣਕਾਰ ਜ਼ਰੂਰ ਕੋਈ ਗੜਬੜ ਕਰ ਰਿਹਾ ਹੈ। ਉਹਦੀ ਟਿਕਟਿਕੀ ਲੱਗੀ ਹੋਈ ਸੀ ਤੇ ਉਹਨੂੰ ਕਾਂਬਾ ਵੀ ਛਿੜ ਪਿਆ ਸੀ। ਉਹ ਆਪਣੇ ਮੋਢੇ ’ਕੱਠੇ ਕਰੀ ਜਾ ਰਿਹਾ ਸੀ। ਫਿਰ ਉਹ ਅਚਾਨਕ ਚੁੱਪ ਕਰ ਗਿਆ ਤੇ ਉਹਦੀ ਜ਼ੁਬਾਨ ਬੰਦ ਹੋਈ। ਉਹ ਪਾਪਲੋਵਸਕੀ ਵੱਲ ਮੁੜਿਆ ਤੇ ਉਹਦੇ ਕੰਨ ਵਿੱਚ ਕਹਿਣ ਲੱਗਾ, “ਸੁਣ”, ਉਹਦੀਆਂ ਅੱਖਾਂ ਵਿਚ ਖ਼ੌਫ਼ ਝਲਕ ਰਿਹਾ ਸੀ, “ਉਹ ਤਾਂ ਹਾਲੇ ਜਿਉਂਦਾ ਹੈ।”
“ਕੌਣ?”
“ਕਿਉਂ? ਔਹ ਓਸੀਪਿੱਚ ਨਹੀਂ, ਜੋ ਕਬਰ ਕੋਲ ਖੜ੍ਹਾ?”
“ਪਰ ਉਹ ਥੋੜ੍ਹੀ ਮਰਿਆ, ਮਰਿਆ ਤਾਂ ਈਵਾਨ ਹੈ।”
“ਤੂੰ ਤਾਂ ਕਹਿੰਦਾ ਸੀ ਤੁਸੀਂ ਆਪਣੇ ਸੈਕਟਰੀ ਨੂੰ ਦਫ਼ਨਾਉਣ ਜਾ ਰਹੇ ਹੋ?”
“ਈਵਾਨ ਸਾਡਾ ਸੈਕਟਰੀ ਹੀ ਸੀ, ਪਾਗਲਾ! ਤੂੰ ਹੀ ਗ਼ਲਤ ਸਮਝ ਗਿਆ … ਓਸੀਪਿਚ ਵੀ ਸਾਡਾ ਸੈਕਟਰੀ ਸੀ, ਪਰ ਉਹਨੂੰ ਤਾਂ ਦੋ ਸਾਲ ਪਹਿਲਾਂ ਬਦਲ ਕੇ ਕਿਸੇ ਅਗਲੇ ਵਿਭਾਗ ਦਾ ਸੁਪਰਡੈਂਟ ਲਗਾ ਦਿੱਤਾ ਸੀ।”
“ਮੈਂ ਕੋਈ ਫ਼ਰਿਸ਼ਤਾ ਹਾਂ, ਜੋ ਮੈਨੂੰ ਆਪੇ ਹੀ ਪਤਾ ਲੱਗ ਜਾਂਦਾ?”
“ਹੁਣ ਰੁਕ ਨਾ, ਦੱਬੀ ਚੱਲ। ਨਹੀਂ ਤਾਂ ਪੁਆੜਾ ਪੈ ਜਾਣਾ!”
ਜ਼ਪੋਇਕਿਨ ਨੇ ਕਬਰ ਵੱਲ ਮੂੰਹ ਕੀਤਾ ਤੇ ਬਿਨਾਂ ਕਿਸੇ ਘਬਰਾਹਟ ਦੇ ਆਪਣਾ ਭਾਸ਼ਣ ਫਿਰ ਜਾਰੀ ਕਰ ਦਿੱਤਾ।
ਸਾਫ਼ ਹਜ਼ਾਮਤ ਵਾਲੇ ਚਿਹਰੇ ਵਾਲਾ ਓਸੀਪਿਚ ਕਬਰ ਦੇ ਕੋਲ ਹੀ ਖੜ੍ਹਾ ਸੀ। ਉਹ ਬੜੇ ਗੁੱਸੇ ਵਿਚ ਇਸ ਬੁਲਾਰੇ ਨੂੰ ਘੂਰ ਘੂਰ ਕੇ ਦੇਖ ਰਿਹਾ ਸੀ।
“ਕਿੱਡੀ ਗ਼ਲਤ ਗੱਲ ਸੀ!” ਮਰਨ ਵਾਲੇ ਦੇ ਸਹਿਕਰਮੀ ਕਬਰਸਤਾਨ ਤੋਂ ਮੁੜਦੇ ਹੋਏ ਹੈਰਾਨ ਹੋ ਰਹੇ ਸਨ, “ਜਿਉਂਦੇ ਨੂੰ ਹੀ ਮਾਰ ਦਿੱਤਾ!”
“ਇਹ ਠੀਕ ਨਹੀਂ ਸੀ, ਭਾਈ ਸਾਹਿਬ!” ਓਸੀਪਿਚ ਭਾਸ਼ਣਕਾਰ ਜ਼ਪੋਇਕਿਨ ’ਤੇ ਗਰਜਿਆ। “ਤੇਰਾ ਭਾਸ਼ਣ ਬੇਸ਼ੱਕ ਇਕ ਮ੍ਰਿਤਕ ਲਈ ਬੜਾ ਢੁਕਵਾਂ ਸੀ। ਪਰ ਜਦ ਤੂੰ ਜਿਉਂਦੇ ਬੰਦੇ ਨੂੰ ਹੀ ਨਿਸ਼ਾਨਾ ਬਣਾ ਧਰਿਆ ਤਾਂ ਇਹ ਨਿਰਾ ਬਕਵਾਸ ਸੀ! ਮੁਆਫ਼ ਕਰਨਾ, ਤੂੰ ਇਹ ਨਹੀਂ ਕਿਹਾ: ਬਿਲਕੁਲ ਬੇਖ਼ੌਫ਼, ਬੇਲਿਹਾਜ਼ ਤੇ ਕਿਸੇ ਤੋਂ ਰਿਸ਼ਵਤ ਨਹੀਂ ਸੀ ਲੈਂਦਾ! ਕਿਸੇ ਜਿਉਂਦੇ ਬੰਦੇ ਲਈ ਇਹ ਗੱਲ ਕਹਿਣੀ ਨਿਰੀ ਗੱਪ ਹੀ ਹੋ ਸਕਦੀ ਹੈ! ਤੇ ਭਾਈ ਸਾਹਿਬ, ਮੇਰੇ ਚਿਹਰੇ ’ਤੇ ਸ਼ਰੇਆਮ ਇਹੋ ਜਿਹੀ ਟੀਕਾ ਟਿੱਪਣੀ ਕਰਨ ’ਤੇ ਕੋਈ ਕੁਸਕਿਆ ਤੱਕ ਨਹੀਂ! ‘ਸਾਧਾਰਨ ਚਿਹਰਾ’ ਅਖੇ ‘ਬਹੁਤਾ ਪ੍ਰਭਾਵਸ਼ਾਲੀ ਨਹੀਂ ਸੀ’ – ਮੈਂ ਜਿਹੋ ਜਿਹਾ ਵੀ ਹਾਂ, ਤੁਸੀਂ ਤਾਂ ਮੇਰੀ ਸ਼ਕਲ ਦੀ ਨੁਮਾਇਸ਼ ਹੀ ਲਗਾ ਦਿੱਤੀ?! ਭਾਈ ਸਾਹਿਬ, ਇਹ ਮੇਰਾ ਘੋਰ ਨਿਰਾਦਰ ਹੈ!”
– ਪੰਜਾਬੀ ਰੂਪ: ਅਵਤਾਰ ਸਿੰਘ
ਸੰਪਰਕ: 94175-18384