ਰਿਪੁਦਮਨ ਸਿੰਘ ਰੂਪ
ਕਥਾ ਪ੍ਰਵਾਹ
ਉਹ ਬਚਪਨ ਤੋਂ ਹੀ ਬੜੀ ਨਟਖਟ ਸੀ। ਨਿਚਲੀ ਹੋ ਕੇ ਕਦੇ ਨਹੀਂ ਸੀ ਬਹਿੰਦੀ। ਕੋਈ ਨਾ ਕੋਈ ਹੱਥ-ਪੱਲਾ ਮਾਰੀ ਜਾਂਦੀ ਸੀ। ਹੁਣ ਐਥੇ ਹੈ। ਹੁਣੇ ਔਹ ਗਈ ਔਹ ਗਈ। ਮਾਪੇ ਡਰਦੇ ਰਹਿੰਦੇ ਸਨ ਕਿਤੇ ਬਾਹਰ ਸੜਕ ਉੱਤੇ ਨਾ ਚਲੀ ਜਾਵੇ। ਕਿਸੇ ਗੱਡੀ ਹੇਠਾਂ ਨਾ ਆ ਜਾਵੇ। ਜਾਹ-ਜਾਂਦੀ ਨਾ ਹੋ ਜਾਵੇ।
ਜਿਸ ਦਿਨ ਉਹ ਪੈਦਾ ਹੋਈ ਸੀ, ਉਸ ਦਾ ਦਾਦਾ ਬੜੇ ਚਾਅ ਨਾਲ ਉਹਨੂੰ ਹਸਪਤਾਲ ਦੇਖਣ ਗਿਆ। ਵਿਆਹ ਦੇ ਸੱਤ ਸਾਲਾਂ ਮਗਰੋਂ ਜੋ ਹੋਈ ਸੀ। ਅਜੇ ਜੰਮੀ ਨੂੰ ਪੰਜ ਘੰਟੇ ਹੀ ਹੋਏ ਸਨ। ਬੜਾ ਸੁੰਦਰ ਮੁੱਖੜਾ। ਦਿਲ ਖਿੱਚਵਾਂ। ਉਸਦਾ ਦਾਦਾ ਕਹਿੰਦਾ, ‘‘ਅੱਜ ਪੰਜ ਜਨਵਰੀ ਹੈ, ਆਪਣੇ ਘਰ ਨਵੇਂ ਸਾਲ ਦਾ ਤੋਹਫ਼ੇ ਆਇਆ ਹੈ। ਦੇਖਣਾ… ਬੜੀ ਇੱਜ਼ਤ ਦੁਆਵੇਗੀ ਇਹ ਬੱਚੀ ਆਪਣੇ ਖਾਨਦਾਨ ਨੂੰ।’’ ਪਤਾ ਨਹੀਂ ਉਹਦੇ ਦਾਦੇ ਨੇ ਪੰਜ ਘੰਟਿਆਂ ਦੀ ਇਸ ਬੱਚੀ ਦੇ ਮੱਥੇ ਵਿਚੋਂ ਕਿਹੜੀ ਗੱਲ ਪੜ੍ਹੀ ਸੀ।
ਜਦੋਂ ਇਹ ਪੰਜਾਂ ਸੱਤਾਂ ਸਾਲਾਂ ਦੀ ਸੀ ਤਾਂ ਇਹਦਾ ਮਾਮਾ ਆਪਣੀ ਭੈਣ ਨੂੰ ਮਿਲਣ ਆਇਆ। ਉਸ ਦਾ ਧਿਆਨ ਇਸ ਬੱਚੀ ਵੱਲ ਗਿਆ। ਉਹ ਆਪਣੀ ਮੰਮੀ ਨਾਲ ਕਿਸੇ ਗੱਲੋਂ ਬਹਿਸੀ ਜਾ ਰਹੀ ਸੀ। ਜਦੋਂ ਉਹਦੀ ਮੰਮੀ ਹਟਕਦੀ ਤਾਂ ਉਹ ਅੱਗੋਂ ਹੋਰ ਸੁਆਲ ਕਰ ਦਿੰਦੀ ਸੀ। ਉਹਦਾ ਮਾਮਾ ਬੈਠਾ ਬੈਠਾ ਸੁਭਾਵਿਕ ਹੀ ਕਹਿੰਦਾ, ‘‘ਭੈਣ, ਇਹ ਕੁੜੀ ਤੁਹਾਨੂੰ ਸਾਰੀ ਉਮਰ ਤੰਗ ਕਰੂਗੀ… ਬੱਸ ਮੈਂ ਕਹਿਤਾ…।’’
‘‘ਵੀਰ, ਇਹ ਮੁਨੱੜੀ ਤਾਂ ਹੁਣੇ ਮਾਣ ਨਹੀਂ … ਵੱਡੀ ਹੋ ਕੇ ਪਤਾ ਨਹੀਂ ਕੀ ਲੱਲਰ ਲਾਊਗੀ.. ਸੂਲੀ ਪਰ ਟੰਗ ਦਿੰਦੀ ਐ ਇਕ ਵਾਰ ਤਾਂ… ਗੱਲ ਮੰਨਣ ਵਿਚ ਹੀ ਨਹੀਂ ਆਉਂਦੀ,’’ ਉਹਦੀ ਮਾਂ ਕਲਪੀ।
ਉਹਨੂੰ ਸਕੂਲ ਦਾਖ਼ਲ ਕਰਵਾਇਆ ਗਿਆ। ਐਲ.ਕੇ.ਜੀ. ਵਿਚ। ਨਾਂ ਉਹਦਾ ਸਕੂਲ ਵਿਚ ਨਵਦੀਪ ਕੌਰ ਲਿਖਿਆ। ਪੜ੍ਹਨ ਵਿਚ ਸ਼ੁਰੂ ਤੋਂ ਹੀ ਚੰਗੀ ਸੀ, ਪਰ ਸ਼ਰਾਰਤਨ ਬਹੁਤ ਸੀ। ਸਕੂਲ ਵਿਚ ਸ਼ਰਾਰਤਾਂ ਕਰਨ ਦੀਆਂ ਨਵਦੀਪ ਦੀਆਂ ਸ਼ਿਕਾਇਤਾਂ ਆਉਂਦੀਆਂ ਹੀ ਰਹਿੰਦੀਆਂ। ਭਾਵੇਂ ਸਕੂਲ ਦੀਆਂ ਮੈਡਮਾਂ ਸ਼ਿਕਾਇਤਾਂ ਕਰਦੀਆਂ, ਪਰ ਉਹ ਪਿਆਰ ਵੀ ਉਸ ਨੂੰ ਬੇਅੰਤ ਕਰਦੀਆਂ। ਪੜ੍ਹਨ ਵਿਚ ਸਭ ਤੋਂ ਚੰਗੀ ਜੋ ਸੀ। ਗੱਲ ਵਧੀਆ ਕਰਦੀ ਸੀ। ਚੰਗੇ ਨੰਬਰ ਲੈ ਕੇ ਜਮਾਤਾਂ ਚੜ੍ਹਦੀ। ਸਕੂਲ ਦੇ ਸਾਰਿਆਂ ਪ੍ਰੋਗਰਾਮਾਂ ਵਿਚ ਹਿੱਸਾ ਲੈਂਦੀ। ਖੇਡਾਂ ਵਿਚ ਮੂਹਰੇ। ਸਟੇਜ ਉੱਤੇ ਬੋਲਣ ਵਿਚ ਮੂਹਰੇ। ਜੇ ਕੋਈ ਨੁਕਸ ਸੀ ਤਾਂ ਬੱਸ ਹਰ ਵੇਲੇ ਟਪੂੰ ਟਪੂੰ ਕਰਦੇ ਰਹਿਣ ਦਾ ਸੀ। ਉਹਦੇ ਗੁਣਾਂ ਕਰਕੇ ਸਾਰੇ ਬਰਦਾਸ਼ਤ ਵੀ ਤਾਹੀਂਓ ਕਰਦੇ ਸਨ।
ਦਸਵੀਂ ਪਾਸ ਕੀਤੀ। ਬਾਰਵੀਂ ਪਾਸ ਕੀਤੀ। ਫੇਰ ਉਹ ਕਾਲਜ ਦਾਖ਼ਲ ਹੋਈ। ਘਰਦਿਆਂ ਨੂੰ ਅਹਿਸਾਸ ਹੋ ਰਿਹਾ ਸੀ ਕਿ ਜਿਹੜੀ ਗੱਲ ਦਾਦੇ ਨੇ ਜਨਮ ਤੋਂ ਕੁਝ ਘੰਟਿਆਂ ਮਗਰੋਂ ਹੀ ਨਵਦੀਪ ਬਾਰੇ ਕਹੀ ਸੀ, ਉਹ ਸੱਚ ਸਾਬਤ ਹੋ ਰਹੀ ਸੀ। ਨਵਦੀਪ ਦਾ ਪਿਤਾ ਪ੍ਰਗਤੀਸ਼ੀਲ ਵਿਚਾਰਾਂ ਦਾ ਸੀ। ਸਾਹਿੱਤਕ ਵਿਅਕਤੀਆਂ ਨਾਲ ਗੂੜ੍ਹਾ ਮੇਲ-ਜੋਲ ਸੀ। ਚੰਗੇ ਚੰਗੇ ਕਈ ਲੇਖਕ ਉਹਦੇ ਦੋਸਤ ਮਿੱਤਰ ਸਨ। ਕਾਲਜ ਪੜ੍ਹਦਿਆਂ ਨਵਦੀਪ ਚੰਗੇ-ਚੰਗੇ ਲੇਖਕਾਂ ਅਤੇ ਕਵੀਆਂ ਦੀ ਸੁਹਬਤ ਵਿਚ ਰਹਿਣ ਲੱਗੀ ਕਿਉਂ ਜੋ ਆਪ ਵੀ ਹੁਣ ਉਹ ਕਵਿਤਾ ਲਿਖਣ ਲੱਗ ਪਈ ਸੀ। ਕਵਿਤਾ ਚੰਗੀ ਲਿਖ ਲੈਂਦੀ ਸੀ। ਸਟੇਜ ਉੱਤੇ ਤਰੱਨਮ ਨਾਲ ਜਦੋਂ ਕਵਿਤਾ ਬੋਲਦੀ ਤਾਂ ਸਰੋਤਿਆਂ ਤੋਂ ਵਾਹ ਵਾਹ ਖੱਟਦੀ, ਤਾੜੀਆਂ ਬਟੋਰਦੀ। ਜੇ ਕਵਿਤਾ ਵਿਚ ਕੁਝ ਤੁਕਾਂਤ ਆਦਿ ਵਿਚ ਫ਼ਰਕ ਪੈਂਦਾ ਤਾਂ ਉਹਦੇ ਤਰਨੱਮ ਨਾਲ ਬੋਲਣ ਨਾਲ ਕਵਿਤਾ ਦਾ ਵਜ਼ਨ ਠੀਕ ਲੱਗਦਾ।
ਹੁਣ ਉਹ ਯੂਨੀਵਰਸਿਟੀ ਵਿਚ ਪੜ੍ਹ ਰਹੀ ਸੀ। ਐਮ.ਏ. ਕੀਤੀ। ਚੰਗੇ ਚੰਗੇ ਹੋਣਹਾਰ ਕਵੀ ਲੇਖਕ ਉਹਦੇ ਸਹਿਪਾਠੀ ਸਨ। ਹਰ ਰੋਜ਼ ਲਾਅਨ ਵਿਚ ਬੈਠ ਕੇ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਈਆਂ ਜਾਂਦੀਆਂ। ਭਾਸ਼ਾ, ਵਜ਼ਨ, ਵਿਸ਼ਾ, ਲਗਾਂ-ਮਾਤਰਾਂ ਆਦਿ ਬਾਰੇ ਖੁੱਲ੍ਹ ਕੇ ਵਿਚਾਰਾਂ ਹੁੰਦੀਆਂ। ਯੂਨੀਵਰਸਿਟੀ ਵਿਚ ਸ਼ੁਗਲ ਮੇਲਾ ਵੀ ਚੰਗਾ ਹੋ ਰਿਹਾ ਸੀ। ਪੀਐਚ.ਡੀ. ਕਰਨ ਮਗਰੋਂ ਹੁਣ ਉਹ ਇੱਕ ਪ੍ਰਾਈਵੇਟ ਕਾਲਜ ਵਿਚ ਲੈਕਚਰਰ ਲੱਗ ਗਈ।
ਇੱਕ ਦਿਨ ਘਰਦਿਆਂ ਨੇ ਵਿਆਹ ਬਾਰੇ ਗੱਲ ਤੋਰੀ, ‘‘ਬਈ ਨਵਦੀਪ, ਹੁਣ ਵਿਆਹ ਬਾਰੇ ਦੱਸ ਸਾਨੂੰ… ਲੱਭੀਏ ਕੋਈ ਮੁੰਡਾ…।’’
‘‘ਤੁਸੀਂ ਕੀ ਲੱਭੋਗੇ ਮੁੰਡਾ… ਲੱਭ ਲਓਂਗੇ ਕੋਈ ਜ਼ਾਤ ਬਰਾਦਰੀ ’ਚੋਂ… ਕੋਈ ਦਾਜ-ਦਹੇਜ ਮੰਗਣ ਵਾਲਿਆਂ ਦਾ ਮੁੰਡਾ…। ਏਦੂੰ ਤਾਂ ਮੈਂ ਇੱਕਲੀ ਚੰਗੀ,’’ ਉਸ ਨੇ ਕੜਾਕ ਦੇ ਕੇ ਘਰਦਿਆਂ ਨੂੰ ਜੁਆਬ ਦਿੱਤਾ।
ਘਰ ਦੇ ਚੁੱਪ ਹੋ ਜਾਂਦੇ। ਹੋਰ ਉਹ ਕਰ ਵੀ ਕੀ ਸਕਦੇ ਸਨ।
ਇੱਕ ਵਾਰ ਉਹਨੂੰ ਬਿਠਾ ਕੇ ਮਾਂ ਬਾਪ ਨੇ ਤਰਲੇ ਨਾਲ ਕਿਹਾ, ‘‘ਦੇਖ ਪੁੱਤ ਨਵਦੀਪ… ਫੇਰ ਵਿਆਹ ਦੀ ਉਮਰ ਲੰਘ ਜਾਣੀ ਹੈ। ਮੁੰਡਾ ਮੇਚ ਦਾ ਨਹੀਂ ਮਿਲਣਾ, ਮੰਨ ਲੈ ਸਾਡੀ ਗੱਲ ਪੁੱਤ, ਮੰਨ ਲੈ…। ਇੱਕ ਕੁੜੀ ਲਈ ਸਾਰੀ ਜ਼ਿੰਦਗੀ ਇਕੱਲੀ ਨੂੰ ਕੱਟਣੀ ਮੁਸ਼ਕਲ ਹੋ ਜਾਂਦੀ ਹੈ।’’
‘‘ਤੁਹਾਨੂੰ ਬੇਜੀ ਕੀ ਫ਼ਿਕਰ ਹੈ ਮੇਰੇ ਵਿਆਹ ਦਾ… ਤੁਸੀਂ ਮੇਰੇ ਵਿਆਹ ਦਾ ਫ਼ਿਕਰ ਨਾ ਕਰਿਆ ਕਰੋ… ਮੇਰਾ ਜੇ ਜੀਅ ਕਰੂ… ਆਪੇ ਵਿਆਹ ਕਰਾ ਲੂੰਗੀ…।’’ ਉਹ ਸੌ ਦੀ ਇੱਕ ਸੁਣਾਉਂਦੀ।
ਉਹਦੀ ਮਾਂ ਸੋਚਦੀ ਕਿ ਇਹਦੇ ਮਾਮੇ ਨੇ ਠੀਕ ਹੀ ਕਿਹਾ ਸੀ ਕਿ ਇਹ ਕੁੜੀ ਤੁਹਾਨੂੰ ਸਾਰੀ ਉਮਰ ਤੰਗ ਕਰੂਗੀ। ਕਰਦੀ ਹੈ ਹੁਣ ਤੰਗ। ਹੋਰ ਤੰਗ ਕਿਵੇਂ ਕਰੀਦੈ।
ਇੱਕ ਵਾਰ ਨਵਦੀਪ ਦੇ ਪਿਓ ਨੇ ਆਪਣੇ ਇੱਕ ਮਿੱਤਰ, ਜੋ ਨਾਮਵਰ ਕਵੀ ਸੀ, ਨੂੰ ਨਵਦੀਪ ਨੂੰ ਵਿਆਹ ਲਈ ਮਨਾਉਣ ਲਈ ਕਿਹਾ। ਨਾਲੇ ਬੇਨਤੀ ਕੀਤੀ ਕਿ ਇਹਦੇ ਵਰਗਾ ਕੋਈ ਕਵੀ ਲੇਖਕ ਮਿਲ ਜਾਵੇ ਤਾਂ ਸ਼ਾਇਦ ਵਿਆਹ ਕਰਵਾਉਣ ਨੂੰ ਮੰਨ ਹੀ ਜਾਵੇ। ਉਹਦੇ ਪਿਓ ਦੇ ਮਿੱਤਰ ਨੇ ਕੋਈ ਚੰਗਾ ਮੁੰਡਾ ਲੱਭਣ ਲਈ ਹਾਮੀ ਭਰ ਦਿੱਤੀ।
ਨਵਦੀਪ ਇੱਕ ਦਿਨ ਆਪਣੇ ਪਿਓ ਦੇ ਉਸ ਨਾਮਵਰ ਕਵੀ ਮਿੱਤਰ ਨਾਲ ਨਹਿਰ ਨਹਿਰ ਸੈਰ ਕਰ ਰਹੀ ਸੀ। ਨਾਲੇ ਆਪਣੀ ਨਵੀਂ ਲਿਖੀ ਕਵਿਤਾ ਉਸ ਤੋਂ ਠੀਕ ਕਰਵਾ ਰਹੀ ਸੀ। ਵੱਡੇ ਕਵੀ ਨੇ ਮੌਕਾ ਠੀਕ ਸਮਝਦਿਆਂ ਨਵਦੀਪ ਨੂੰ ਕਿਹਾ, ‘‘ਪੁੱਤਰ ਨਵਦੀਪ, ਮੈਂ ਤੇਰੇ ਲਈ ਇੱਕ ਮੁੰਡਾ ਦੇਖਿਐ… ਜਿਹੜਾ ਬਹੁਤ ਹੋਣਹਾਰ ਕਵੀ ਹੈ… ਤੂੰ ਜਾਣਦੀ ਹੀ ਹੈਂ ਉਸ ਨੂੰ… ਗੁਰਦੀਪ ਦੀਪ ਨੂੰ… ਭਵਿੱਖ ਦਾ ਵੱਡੀ ਕਵੀ ਬਣੇਗਾ ਉਹ…।’’
‘‘ਅੰਕਲ ਜੀ… ਮੈਂ ਨੀ ਉਸ ਨਕਵਾਏ ਜਿਹੇ ਨਾਲ ਵਿਆਹ ਕਰਵਾਉਣਾ। ਮੱਧਰੇ ਜਿਹੇ ਨਾਲ… ਭਲਾ ਮੇਰੇ ਨਾਲ ਤੁਰਦਾ ਉਹ ਚੰਗਾ ਲੱਗੂ… ਠੀਂਗਣਾ ਜਿਹਾ…? ਅਜਿਹੇ ਨਾਲੋਂ ਤਾਂ ਮੈਂ ਇੱਕਲੀ ਚੰਗੀ।’’ ਨਵਦੀਪ ਨੇ ਕੜਾਕ ਦੇ ਕੇ ਅੰਕਲ ਨੂੰ ਲਾਜਵਾਬ ਕਰ ਦਿੱਤਾ।
ਅੰਕਲ ਹੱਕਾ-ਬੱਕਾ ਰਹਿ ਗਿਆ। ਉਹਨੂੰ ਤਾਂ ਬਿਲਕੁਲ ਵੀ ਅਜਿਹੀ ਆਸ ਨਹੀਂ ਸੀ ਕਿ ਨਵਦੀਪ ਇਸ ਤਰ੍ਹਾਂ ਬੇਰੁਖ਼ੀ ਨਾਲ ਬੋਲੇਗੀ। ਉਹਨੇ ਤਾਂ ਬਹੁਤ ਸ਼ਾਇਸਤਗੀ ਨਾਲ ਉਹਦੇ ਨਾਲ ਗੱਲ ਕੀਤੀ ਸੀ। ਉਹਨੇ ਅੱਗੋਂ ਲਈ ਕੰਨਾਂ ਨੂੰ ਹੱਥ ਲਾ ਲਿਆ, ਅਜਿਹੀਆਂ ਵਿਚੋਲਗੀਆਂ ਕਰਨ ਤੋਂ।
ਹੁਣ ਨਵਦੀਪ ਕਈ ਪ੍ਰਾਈਵੇਟ ਅਤੇ ਸਰਕਾਰੀ ਕਾਲਜਾਂ ਵਿਚੋਂ ਹੁੰਦੀ ਹੋਈ ਉਸੇ ਯੂਨੀਵਰਸਿਟੀ ਵਿਚ ਨਿਯੁਕਤ ਹੋ ਗਈ ਜਿੱਥੋਂ ਉਸ ਨੇ ਆਪਣੀ ਐਮ.ਏ., ਪੀਐੱਚ.ਡੀ. ਕੀਤੀ ਸੀ।
ਨਵਦੀਪ ਨੇ ਆਪਣੀ ਇਸ ਲੰਮੀ ਜ਼ਿੰਦਗੀ ਵਿਚ ਇੱਕ ਦੋ ਬੰਦਿਆਂ ਨਾਲ ਨੇੜਤਾ ਕਰਕੇ ਵਿਆਹ ਕਰਵਾਉਣ ਬਾਰੇ ਸੋਚਿਆ ਵੀ। ਪਰ ਉਹਦੀ ਕੋਸ਼ਿਸ਼ ਸਫ਼ਲਤਾ ਵਿਚ ਨਾ ਬਦਲ ਸਕੀ। ਪਹਿਲਾਂ ਪਹਿਲਾਂ ਬੰਦੇ ਬਹੁਤ ਵਧੀਆ ਸ਼ਖ਼ਸੀਅਤ ਵਾਲੇ ਦਿੱਸਦੇ- ਪੁਰਖ਼ਲੂਸ। ਮਗਰੋਂ ਉਨ੍ਹਾਂ ਦੀਆਂ ਗੱਲਾਂ ਉਸ ਨੂੰ ਨੀਵੇਂ ਪੱਧਰ ਦੀਆਂ ਲੱਗਦੀਆਂ, ਬੋਰ। ਅਸਲ ਵਿਚ ਉਹ ਆਪ ਵੀ ਕਿਸੇ ਦੇ ਅਧੀਨ ਨਹੀਂ ਸੀ ਰਹਿ ਸਕਣ ਵਾਲੀ। ਉਹ ਤਾਂ ਆਜ਼ਾਦ ਪੰਛੀ ਸੀ। ਖੁੱਲ੍ਹੇ ਆਸਮਾਨ ਵਿਚ ਉਡਾਰੀਆਂ ਭਰਨ ਵਾਲੀ। ਹੁਣ ਉਹ ਯੂਨੀਵਰਸਿਟੀ ਵੱਲੋਂ ਅਲਾਟ ਹੋਏ ਕੁਆਰਟਰ ਵਿਚ ਰਹਿ ਰਹੀ ਸੀ। ਦਿਨ ਤਾਂ ਵਿਦਿਆਰਥੀਆਂ ਨਾਲ, ਪ੍ਰੋਫ਼ੈਸਰਾਂ ਨਾਲ ਗੱਲਾਂ ਬਾਤਾਂ ਵਿਚ ਲੰਘ ਜਾਂਦਾ। ਪਰ ਜਦੋਂ ਰਾਤ ਨੂੰ ਉਹ ਥੱਕ ਹਾਰ ਕੇ ਆਪਣੇ ਬਿਸਤਰੇ ਉੱਤੇ ਪੈਂਦੀ ਤਾਂ ਉਹ ਸੋਚਾਂ ਵਿਚ ਡੁੱਬ ਜਾਂਦੀ। ਉਹਨੂੰ ਕਈ ਪ੍ਰੋਫ਼ੈਸਰਾਂ ਦੀਆਂ ਜੋੜੀਆਂ ਹੱਥਾਂ ਵਿਚ ਹੱਥ ਪਾ ਕੇ ਸੈਰ ਕਰਦੀਆਂ ਮਿਲਦੀਆਂ। ਕਈ ਲੇਖਕ ਜੋੜੇ ਵੀ ਉਹਦੇ ਕੋਲ ਆਉਂਦੇ ਜਾਂਦੇ ਰਹਿੰਦੇ ਸਨ। ਕਈਆਂ ਬਾਰੇ ਅਜਿਹਾ ਭੁਲੇਖਾ ਪੈਂਦਾ ਸੀ ਜਿਵੇਂ ਪ੍ਰੇਮੀ ਪ੍ਰੇਮਿਕਾ ਹੋਣ। ਕਈਆਂ ਦੇ ਬੱਚੇ ਸਨ। ਉਹ ਆਪਣੇ ਪਰਿਵਾਰਾਂ ਵਿਚ ਜਿਵੇਂ ਖ਼ੁਸ਼ੀ ਖ਼ੁਸ਼ੀ ਰਹਿ ਰਹੇ ਸਨ। ਕਈਆਂ ਨੇ ਆਪਣੀਆਂ ਕੋਠੀਆਂ ਬਣਾ ਲਈਆਂ ਸਨ।
ਲੰਮੀ ਰਾਤ ਤੱਕ ਉਹ ਆਪਣੇ ਜੀਵਨ ਬਾਰੇ ਅਤੇ ਹੋਰਾਂ ਦੇ ਜੀਵਨ ਬਾਰੇ ਸੋਚਦੀ ਰਹਿੰਦੀ। ਸਰੀਰਕ ਖ਼ੁਆਹਿਸ਼ਾਂ ਵੀ ਉਹਨੂੰ ਤੰਗ ਕਰ ਰਹੀਆਂ ਹੁੰਦੀਆਂ ਜੋ ਮਨੁੱਖੀ ਜੀਵਨ ਵਿਚ ਹੋਰਾਂ ਪ੍ਰਵਿਰਤੀਆਂ ਵਾਂਗ ਜ਼ਰੂਰੀ ਸੀ। ਦੇਵੀ-ਦੇਵਤੇ ਅਤੇ ਮਹਾਂਪੁਰਖ਼ ਵੀ ਇਸ ਤੋਂ ਅਛੂਤੇ ਨਹੀਂ ਸਨ ਰਹਿ ਸਕੇ।
ਰਾਤ ਨੂੰ ਸੁਪਨਿਆਂ ਵਿਚ ਨਵਦੀਪ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦੀ। ਉਹ ਕਸ਼ਮੀਰ ਦੀਆਂ ਵਾਦੀਆਂ ਵਿਚ ਜਿਵੇਂ ਆਪਣੇ ਪਰਿਵਾਰ ਨਾਲ ਸੈਰ ਉੱਤੇ ਗਈ ਹੋਵੇ। ਆਪਣੇ ਪਤੀ ਦੇ ਹੱਥਾਂ ਵਿਚ ਹੱਥ ਪਾਈ ਸ਼ਾਲੀਮਾਰ ਬਾਗ਼ ਵਿਚ ਆਪਣੇ ਬੱਚਿਆਂ ਨਾਲ ਗੁਲਾਬ ਦੇ ਫੁੱਲਾਂ ਨੂੰ ਨਿਹਾਰ ਰਹੀ ਹੁੰਦੀ। ਕਦੇ ਕਿਸੇ ਸੁਪਨੇ ਵਿਚ ਜਿਵੇਂ ਆਪਣੇ ਪਰਿਵਾਰ ਦੀ ਸਲਾਹ ਨਾਲ ਕੋਠੀ ਦਾ ਨਕਸ਼ਾ ਤਿਆਰ ਕਰ ਰਹੀ ਹੋਵੇ। ਕਦੇ ਕਿਸੇ ਸੁਪਨੇ ਵਿਚ ਆਪਣੇ ਬੱਚਿਆਂ ਨੂੰ ਜਿਵੇਂ ਕਾਲਜ ਅਤੇ ਯੂਨੀਵਰਸਿਟੀ ਵਿਚ ਦਾਖ਼ਲ ਕਰਵਾਉਣ ਦੀਆਂ ਸਲਾਹਾਂ ਕਰ ਰਹੀ ਹੋਵੇ।
ਕਈ ਵਾਰ ਨਵਦੀਪ ਨੂੰ ਬੜੇ ਅਵੱਲੇ ਸੁਪਨੇ ਆਉਂਦੇ। ਉਹ ਇੱਕਲੀ ਨੰਗ-ਧੜੰਗੀ ਖੜ੍ਹੀ ਜਿਵੇਂ ਰਾਹ ਭੁੱਲ ਗਈ ਹੋਵੇ। ਕਦੇ ਉਸ ਨੂੰ ਆਪਣੇ ਘਰ ਵਿਚੋਂ ਆਪਣੇ ਪਾਉਣ ਵਾਲੇ ਕੱਪੜੇ ਹੀ ਨਾ ਲੱਭਦੇ ਹੋਣ ਜਿਵੇਂ। ਘਰ ਵੀ ਜਿਵੇਂ ਉਹਦਾ ਹੋਰੂੰ ਜਿਹਾ ਹੋਵੇ। ਖੁੱਲ੍ਹਾ-ਡੁੱਲ੍ਹਾ। ਕੱਚਾ-ਪੱਕਾ। ਏਧਰ-ਓਧਰ ਖਿੰਡੀਆਂ ਚੀਜ਼ਾਂ। ਪਰ ਇਹ ਸੁਪਨੇੇ, ਸੁਪਨੇ ਹੀ ਹੁੰਦੇ। ਅਜਿਹੇ ਸੁਪਨਿਆਂ ਦੀ ਹੁਣ ਜਿਵੇਂ ਉਹ ਆਦੀ ਹੋ ਗਈ ਹੋਵੇ।
ਉਹ ਕਦੋਂ ਦੀ ਸੇਵਾਮੁਕਤ ਹੋ ਚੁੱਕੀ ਸੀ। ਹੁਣ ਉਹ ਉਮਰ ਦੇ ਛੇਵੇਂ ਦਹਾਕੇ ਵਿਚ ਸੀ। ਛੇਵੇਂ ਦਹਾਕੇ ਦੇ ਵੀ ਸਮਝੋ ਸਿਖਰ ਉੱਤੇ ਪਹੁੰਚ ਗਈ ਸੀ। ਕਈ ਵਾਰ ਉਹ ਕੋਠੀ ਬਣਾਉਣ ਬਾਰੇ ਸੋਚ ਰਹੀ ਹੁੰਦੀ। ਪਰ ਉਹਨੇ ਸੋਚਿਆ ਕਿ ਇਕੱਲੀ ਜਣੀ ਨੇ ਕੋਠੀ ਕੀ ਕਰਨੀ ਹੈ। ਇਸ ਲਈ ਇੱਕ ਸੁਸਾਇਟੀ ਵਿਚ ਉਸ ਫਲੈਟ ਨੇ ਖਰੀਦ ਲਿਆ। ਇਹ ਫਲੈਟ ਉਹਨੂੰ ਮੁੱਕਦਾ ਨਹੀਂ ਸੀ। ਆਏ-ਗਏ ਲਈ ਵੀ ਖੁੱਲ੍ਹਾ-ਡੁੱਲ੍ਹਾ ਸੀ।
ਨਵਦੀਪ ਦਾ ਇਸ ਸੁਸਾਇਟੀ ਵਿਚ ਬਹੁਤ ਆਦਰ ਮਾਣ ਸੀ। ਉੱਥੇ ਰਹਿੰਦੇ ਕਈ ਮੁੰਡੇ ਕੁੜੀਆਂ ਉਹਦੇ ਕੋਲੋਂ ਪੜ੍ਹੇ ਹੋਏ ਸਨ। ਇਹ ਮੁੰਡੇ ਕੁੜੀਆਂ ਹੁਣ ਮੁੰਡੇ ਕੁੜੀਆਂ ਨਹੀਂ ਸਨ ਰਹੇ। ਹੁਣ ਇਹ ਵੀ ਅੱਗੋਂ ਪਰਿਵਾਰਾਂ ਵਾਲੇ ਬਣ ਗਏ ਸਨ। ਉਨ੍ਹਾਂ ਦੇ ਬੱਚੇ ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਦੇ ਸਨ। ਜਦੋਂ ਕਿਸੇ ਨੂੰ ਕੋਈ ਕੰਮ ਹੁੰਦਾ ਤਾਂ ਮੈਡਮ ਨਵਦੀਪ ਫ਼ੋਨ ਉੱਤੇ ਹੀ ਮਸਲੇ ਦਾ ਹੱਲ ਕਰਵਾ ਦਿੰਦੀ। ਨਹੀਂ ਤਾਂ ਕਈ ਵਾਰ ਆਪ ਜਾ ਕੇ ਅਗਲੇ ਦਾ ਕੰਮ ਕਰਵਾ ਕੇ ਆਉਂਦੀ।
ਮੈਡਮ ਨਵਦੀਪ ਦੇ ਕਾਲਜਾਂ ਯੂਨੀਵਰਸਿਟੀਆਂ ਵਿਚ ਪੜ੍ਹਾਏ ਵਿਦਿਆਰਥੀ ਚੰਗੇ ਅਹੁਦਿਆਂ ਉੱਤੇ ਸਨ। ਕੋਈ ਆਈ.ਏ.ਐੱਸ., ਕੋਈ ਆਈ.ਪੀ.ਐੱਸ., ਕੋਈ ਪੀ.ਸੀ.ਐੱਸ.। ਉਹਦਾ ਆਦਰ ਸਾਰੇ ਕਰਦੇ ਸਨ। ਜਦੋਂ ਉਨ੍ਹਾਂ ਨੂੰ ਮੈਡਮ ਨਵਦੀਪ ਦਾ ਫ਼ੋਨ ਆਉਂਦਾ ਉਹ ਬੜੀ ਖ਼ੁਸ਼ੀ ਖ਼ੁਸ਼ੀ ਮੈਡਮ ਦਾ ਕੰਮ ਕਰਦੇ। ਉਹਦੇ ਵਿਦਿਆਰਥੀ ਮੈਡਮ ਨੂੰ ਜਾਣਦੇ ਸਨ ਕਿ ਮੈਡਮ ਬਹੁਤ ਬੇਬਾਕ ਅਤੇ ਨਿਡਰ ਹਨ। ਉਹ ਗ਼ਲਤ ਨੂੰ ਗ਼ਲਤ ਕਹਿਣ ਦਾ ਜੇਰਾ ਰੱਖਦੇ ਸਨ। ਮੈਡਮ ਕਦੀ ਵੀ ਗ਼ਲਤ ਕੰਮ ਬਾਰੇ ਕਹਿਣ ਵਾਲੇ ਨਹੀਂ ਸਨ।
ਸੁਸਾਇਟੀ ਪ੍ਰਾਈਵੇਟ ਬਿਲਡਰ ਨੇ ਬਣਾਈ ਹੋਈ ਸੀ। ਸਰਕਾਰ ਜਾਂ ਹਾਊਸਿੰਗ ਬੋਰਡ ਦੀ ਨਹੀਂ ਸੀ ਬਣਾਈ ਹੋਈ। ਇਸ ਲਈ ਇਸ ਸੁਸਾਇਟੀ ਦਾ ਕੁਝ ਨਾ ਕੁਝ ਵਿਗੜਿਆ ਹੀ ਰਹਿੰਦਾ ਸੀ। ਸੀਵਰੇਜ, ਬਿਜਲੀ, ਪਾਣੀ, ਸਫ਼ਾਈ ਆਦਿ ਦਾ ਬੁਰਾ ਹਾਲ ਸੀ।
ਇਸ ਸੁਸਾਇਟੀ ਦੇ ਲੋਕਾਂ ਨੇ ਸੋਚਿਆ ਕਿ ਉਹ ਸੁਸਾਇਟੀ ਦੇ ਕੰਮਾਂ-ਕਾਰਾਂ ਖ਼ਾਤਰ ਵਸਨੀਕਾਂ ਦੀ ਇੱਕ ਕੌਂਸਲ ਬਣਾ ਲੈਣ। ਵੈਲਫ਼ੇਅਰ ਕੌਂਸਲ। ਵੈਲਫ਼ੇਅਰ ਕੌਂਸਲ ਬਣਾਉਣ ਲਈ ਇੱਕ ਦਿਨ ਕਮਿਊਨਿਟੀ ਸੈਂਟਰ ਵਿਚ ਮੀਟਿੰਗ ਬੁਲਾਈ ਗਈ। ਸੁਸਾਇਟੀ ਦੇ ਲੋਕ ਢਕੋ-ਢਕੀ ਮੀਟਿੰਗ ਵਿਚ ਆ ਰਹੇ ਸਨ। ਸਾਰੇ ਮੈਡਮ ਨਵਦੀਪ ਦੇ ਆਲੇ-ਦੁਆਲੇ ਇੱਕਠੇ ਹੋ ਰਹੇ ਸਨ। ਕਾਫ਼ੀ ਇੱਕਠ ਹੋਣ ਮਗਰੋਂ ਮੀਟਿੰਗ ਦੀ ਪ੍ਰਧਾਨਗੀ ਲਈ ਨਾਂ ਪੇਸ਼ ਕਰਨ ਲਈ ਘੁਸਰ-ਮੁਸਰ ਹੋਣ ਲੱਗੀ। ਉੱਚੀ ਆਵਾਜ਼ ਵਿਚ ਨਾਂ ਪੇਸ਼ ਹੋ ਰਹੇ ਸਨ, ‘‘ਮੈਡਮ ਨਵਦੀਪ ਜੀ ਨੂੰ ਪ੍ਰਧਾਨਗੀ ਦੀ ਕੁਰਸੀ ਉੱਤੇ ਬਿਠਾਉ ਜੀ… ਸੁਸਾਇਟੀ ਦਾ ਕੰਮ ਤਾਂ ਇਹ ਕਰਦੇ ਹਨ, ਪਾਣੀ, ਬਿਜਲੀ, ਸੀਵਰੇਜ ਸਾਰੇ ਕੰਮ ਤਾਂ ਇਹ ਪਹਿਲੋਂ ਹੀ ਕਰਵਾ ਰਹੇ ਹਨ…।’’
‘‘ਨਹੀਂ ਜੀ ਨਹੀਂ… ਗੁਰਦੇਵ ਸਿੰਘ ਨੂੰ ਕਹੋ ਕਿ ਉਹ ਪ੍ਰਧਾਨਗੀ ਕਰਨ… ਉਹ ਬੜੇ ਸਿਆਣੇ ਅਤੇ ਸੂਝਵਾਨ ਹਨ, ਇਸ ਇਕੱਲੀ ਜ਼ਨਾਨੀ ਨੇ ਕੀ ਕਰ ਲੈਣੈ,’’ ਮੀਟਿੰਗ ਵਿਚ ਜਿਵੇਂ ਰੌਲਾ ਪੈ ਗਿਆ।
ਪਰ ਵਿਰੋਧੀਆਂ ਦੀ ਕੋਈ ਗੱਲ ਨਹੀਂ ਸੁਣੀ ਗਈ। ਦੋ ਚਾਰ ਨੌਜਵਾਨਾਂ ਨੇ ਮੈਡਮ ਨਵਦੀਪ ਨੂੰ ਫੜ੍ਹ ਕੇ ਪ੍ਰਧਾਨਗੀ ਦੀ ਕੁਰਸੀ ਉੱਤੇ ਬਿਠਾ ਦਿੱਤਾ। ਚੋਣ ਵਿਚ ਮੈਡਮ ਨਵਦੀਪ ਨੂੰ ਪ੍ਰਧਾਨ ਬਣਾਇਆ ਗਿਆ। ਐਗਜ਼ੈਕਟਿਵ ਕਮੇਟੀ ਚੁਣਨ ਲਈ ਸਾਰੇ ਅਧਿਕਾਰ ਮੈਡਮ ਨਵਦੀਪ ਨੂੰ ਦਿੱਤੇ ਗਏ।
ਹੁਣ ਮੈਡਮ ਨਵਦੀਪ ਬੜੇ ਹੀ ਵਿਸ਼ਵਾਸ ਨਾਲ ਸੁਸਾਇਟੀ ਦਾ ਕੰਮ ਕਰਨ ਲੱਗੀ। ਹਾਲਾਂਕਿ ਕੰਮ ਤਾਂ ਉਹ ਪਹਿਲੋਂ ਵੀ ਕਰ ਰਹੀ ਸੀ। ਪਰ ਹੁਣ ਪੂਰੀ ਜ਼ਿੰਮੇਵਾਰੀ ਨਾਲ ਬਤੌਰ ਪ੍ਰਧਾਨ ਉਹ ਕੰਮ ਕਰ ਰਹੀ ਸੀ। ਪਰ ਵਿਰੋਧੀ ਵੀ ਟਿਕ ਕੇ ਨਹੀਂ ਸਨ ਬੈਠੇ ਹੋਏ। ਉਹ ਕੋਈ ਨਾ ਕੋਈ ਬਹਾਨਾ ਭਾਲਦੇ ਰਹਿੰਦੇ ਸਨ ਉਸ ਦੇ ਵਿਰੁੱਧ ਬੋਲਣ ਦਾ। ਕੋਈ ਮੌਕਾ ਨਹੀਂ ਸਨ ਛੱਡਦੇ ਨੁਕਸ ਕੱਢਣ ਦਾ।
ਮੈਡਮ ਨਵਦੀਪ ਨੇ ਇੱਕ ਵਾਰ ਸੁਸਾਇਟੀ ਵਿਚ ਕਵੀ ਦਰਬਾਰ ਕਰਵਾਇਆ। ਪੰਜਾਬ ਭਰ ’ਚੋਂ ਚੰਗੇ ਚੰਗੇ ਕਵੀ ਬੁਲਾਏ। ਕਈ ਸੱਭਿਆਚਾਰਕ ਪ੍ਰੋਗਰਾਮ ਕਰਵਾਏ। ਮੈਡਮ ਦਾ ਸਤਿਕਾਰ ਇਸ ਨਾਲ ਹੋਰ ਵਧਦਾ ਜਾਂਦਾ ਸੀ। ਪਰ ਗੁਰਦੇਵ ਸਿੰਘ ਤੋਂ ਇਹ ਗੱਲਾਂ ਬਰਦਾਸ਼ਤ ਨਹੀਂ ਸਨ ਹੋ ਰਹੀਆਂ। ਉਹਦੀ ਛਾਤੀ ਉੱਤੇ ਸੱਪ ਲਿਟ ਰਿਹਾ ਸੀ। ਨਵਦੀਪ ਵਿਰੁੱਧ ਗੋਂਦਾ ਗੁੰਦਦਾ ਹੀ ਰਹਿੰਦਾ। ਸਾਜ਼ਿਸ਼ਾਂ ਘੜਦਾ ਹੀ ਰਹਿੰਦਾ।
ਇਕ ਦਿਨ ਐਤਵਾਰ ਵਾਲੇ ਦਿਨ ਪੁਲੀਸ ਦੀ ਧਾੜ ਦੋ ਗੱਡੀਆਂ ਵਿਚ ਸੁਸਾਇਟੀ ਵਿਚ ਆਈ। ਛੋਟਾ ਥਾਣੇਦਾਰ ਆਪ ਨਾਲ ਆਇਆ। ਉਨ੍ਹਾਂ ਮੈਡਮ ਦੇ ਫਲੈਟ ਦੀ ਬੈੱਲ ਮਾਰੀ। ਮੈਡਮ ਨੇ ਸ਼ੀਸ਼ੇ ਵਿਚੋਂ ਪੁਲੀਸ ਦੀ ਧਾੜ ਆਪਣੇ ਦਰਾਂ ਉੱਤੇ ਖੜ੍ਹੀ ਦੇਖੀ ਤਾਂ ਚਾਹ ਦਾ ਕੱਪ ਵਿਚਾਲੇ ਛੱਡ ਕੁੰਡਾ ਖੋਲਿਆ, ‘‘ਹਾਂ ਜੀ ਦੱਸੋ…।’’
ਛੋਟਾ ਥਾਣੇਦਾਰ ਕੜਕ ਕੇ ਕਹਿਣ ਲੱਗਾ, ‘‘ਮੈਡਮ ਜੀ, ਤੁਹਾਡੇ ਵਿਰੁੱਧ ਸ਼ਿਕਾਇਤ ਹੈ… ਤੁਸੀਂ ਗੁਰਦੇਵ ਸਿੰਘ ਨਾਲ ਦੁਰਵਿਵਹਾਰ ਕੀਤਾ ਹੈ… ਨਾਲੇ ਉਸ ਨੇ ਅਰਜ਼ੀ ਦਿੱਤੀ ਹੈ ਕਿ ਤੁਸੀਂ ਸੀਵਰੇਜ ਦੇ ਕੰਮ ਵਿਚ ਘਪਲਾ ਕੀਤੈ… ਸ਼ਾਮ ਨੂੰ ਚਾਰ ਵਜੇ ਥਾਣੇ ਆ ਜਾਣਾ।’’
‘‘ਦੁਰ-ਵਿਵਹਾਰ? … ਘਪਲਾ?? ਕੀ ਗੱਲਾਂ ਕਰਦੇ ਹੋ… ਕੀ ਮੈਂ ਸ਼ਿਕਾਇਤ ਦੀ ਕਾਪੀ ਦੇਖ ਸਕਦੀ ਹਾਂ?’’ ਮੈਡਮ ਨਵਦੀਪ ਗੁੱਸੇ ਨਾਲ ਬੋਲੀ।
‘‘ਸ਼ਿਕਾਇਤ ਦੀ ਕਾਪੀ ਅਸੀਂ ਜੇਬਾਂ ਵਿਚ ਨਹੀਂ ਪਾਈਂ ਫਿਰਦੇ। ਸ਼ਾਮ ਨੂੰ ਥਾਣੇ ਆ ਜਾਇਓ, ਉੱਥੇ ਸ਼ਿਕਾਇਤ ਵੀ ਦਿਖਾ ਦਿਆਂਗੇ।’’ ਛੋਟਾ ਥਾਣੇਦਾਰ ਬੇਰੁਖ਼ੀ ਨਾਲ ਬੋਲਿਆ।
ਏਨੇ ਵਿਚ ਆਂਢ-ਗੁਆਂਢ ਵੀ ਘਰਾਂ ਵਿਚੋਂ ਨਿਕਲ ਕੇ ਮੈਡਮ ਨਵਦੀਪ ਦੇ ਘਰ ਮੂਹਰੇ ਇਕੱਠਾ ਹੋਣ ਲੱਗਾ।
‘‘ਕੀ ਗੱਲ ਹੈ ਥਾਣੇਦਾਰ ਸਾਹਿਬ, ਕੀ ਹੋਇਆ?’’ ਇਕ ਗੁਆਂਢੀ, ਜੋ ਸੁਸਾਇਟੀ ਦੀ ਵੈਲਫੇਅਰ ਕੌਂਸਲ ਦਾ ਸਕੱਤਰ ਸੀ, ਨੇ ਛੋਟੇ ਥਾਣੇਦਾਰ ਤੋਂ ਪੁੱਛਿਆ।
‘‘ਸ਼ਿਕਾਇਤ ਐ ਜੀ ਮੈਡਮ ਵਿਰੁੱਧ, ਗੁਰਦੇਵ ਸਿੰਘ ਨੇ ਦਿੱਤੀ ਐ। ਸ਼ਾਮ ਨੂੰ ਥਾਣੇ ਬੁਲਾਇਐ ਮੈਡਮ ਨੂੰ, ਐੱਸ.ਐੱਚ.ਓ. ਸਾਹਿਬ ਨੇ।’’ ਛੋਟਾ ਥਾਣੇਦਾਰ ਬੋਲਿਆ।
‘‘ਮੈਡਮ ਕਿਤੇ ਨਹੀਂ ਜਾਣਗੇ, ਜਿਹੜੀ ਗੱਲ ਕਰਨੀ ਐ ਇੱਥੇ ਹੀ ਕਰੋ ਕਮਿਊਨਿਟੀ ਹਾਲ ਵਿਚ। ਨਾਲੇ ਬੁਲਾਓ ਗੁਰਦੇਵ ਸਿੰਘ ਨੂੰ, ਵੱਡੇ ਸ਼ਿਕਾਇਤੀ ਨੂੰ। ਏਥੇ ਹੀ ਕਰੋ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਲੋਕਾਂ ਵਿਚ।’’ ਸਕੱਤਰ ਨੇ ਛੋਟੇ ਥਾਣੇਦਾਰ ਨੂੰ ਦੋ-ਟੁੱਕ ਸੁਣਾਈ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਵੱਟਸਐਪ ਰਾਹੀਂ ਸੁਨੇਹਾ ਭੇਜ ਕੇ ਫੌਰੀ ਕਮਿਊਨਿਟੀ ਹਾਲ ਵਿਚ ਪਹੁੰਚਣ ਲਈ ਕਿਹਾ। ਬਾਕੀ ਕੋਲ ਖੜ੍ਹੇ ਗੁਆਂਢੀਆਂ ਨੇ ਵੀ ਸਕੱਤਰ ਦੀ ਹਾਂ ਵਿਚ ਹਾਂ ਮਿਲਾਈ ਅਤੇ ਮੈਡਮ ਨੂੰ ਥਾਣੇ ਬੁਲਾਉਣ ਵਿਰੁੱਧ ਰੋਸ ਪ੍ਰਗਟ ਕਰਨ ਲੱਗੇ।
ਮਿੰਟਾਂ ਸਕਿੰਟਾਂ ਵਿਚ ਕਮਿਊਨਿਟੀ ਸੈਂਟਰ ਵਿਚ ਇੱਕਠ ਹੋਣਾ ਸ਼ੁਰੂ ਹੋ ਗਿਆ। ਛੋਟਾ ਥਾਣੇਦਾਰ ਥੋੜ੍ਹਾ ਝਿਪ ਕੇ ਮੈਡਮ ਨਵਦੀਪ ਨੂੰ ਕਹਿਣ ਲੱਗਾ, ‘‘ਮੈਡਮ ਜੀ, ਤੁਹਾਨੂੰ ਐਨਾ ਇੱਕਠ ਕਰਨ ਦੀ ਕੀ ਲੋੜ ਸੀ… ਅਸੀਂ ਸਾਰੀ ਗੱਲ ਆਪੇ ਨਿਪਟਾ ਦੇਣੀ ਸੀ…।’’ ਮੌਕੇ ਦੀ ਨਜ਼ਾਕਤ ਭਾਂਪਦਿਆਂ ਛੋਟੇ ਥਾਣੇਦਾਰ ਨੇ ਐੱਸ.ਐੱਚ.ਓ. ਨੂੰ ਮੌਕੇ ’ਤੇ ਆਉਣ ਲਈ ਫ਼ੋਨ ਕੀਤਾ।
ਕੁਝ ਮਿੰਟਾਂ ਵਿਚ ਹੀ ਐੱਸ.ਐੱਚ.ਓ. ਵੀ ਕਮਿਊਨਿਟੀ ਸੈਂਟਰ ਪਹੁੰਚ ਗਿਆ ਜਿੱਥੇ ਪਹਿਲੋਂ ਹੀ ਵਸਨੀਕਾਂ ਦਾ ਭਾਰੀ ਇੱਕਠ ਹੋ ਗਿਆ ਸੀ। ਮੈਡਮ ਨਵਦੀਪ ਨੂੰ ਅੱਜ ਅੰਤਾਂ ਦਾ ਗੁੱਸਾ ਆਇਆ ਹੋਇਆ ਸੀ। ਗੁਰਦੇਵ ਸਿੰਘ ਵਰਗੇ ਮੁਸ਼ਟੰਡੇ ਨੂੰ ਜਿਵੇਂ ਖਾ ਜਾਣਾ ਚਾਹੁੰਦੀ ਹੋਵੇ। ਜਿੱਦਣ ਦੀ ਉਹ ਸੁਸਾਇਟੀ ਦੀ ਪ੍ਰਧਾਨ ਬਣੀ ਸੀ ਉਸੇ ਦਿਨ ਤੋਂ ਉਹ ਉਹਨੂੰ ਟਿਕਣ ਨਹੀਂ ਸੀ ਦਿੰਦਾ। ਉਹ ਉਹਦੇ ਬਾਰੇ ਅਬਾ-ਤਬਾ ਬੋਲਦਾ ਰਹਿੰਦਾ ਸੀ। ਕਦੇ ਛੁੱਟੜ ਦੱਸਦਾ ਸੀ। ਕਦੇ ਉਹਦੇ ਕੋਲ ਬੰਦੇ ਆਉਂਦੇ ਰਹਿੰਦੇ ਆਖਦਾ ਸੀ। ਗੁਰਦੇਵ ਸਿੰਘ ਉਹਨੂੰ ਬਦੂ ਕਰਦਾ ਰਹਿੰਦਾ ਸੀ।
ਐੱਸ.ਐੱਚ.ਓ. ਨੇ ਛੋਟੇ ਥਾਣੇਦਾਰ ਨੂੰ ਤਾਕੀਦ ਕੀਤੀ ਕਿ ਗੁਰਦੇਵ ਸਿੰਘ ਨੂੰ ਵੀ ਮੌਕੇ ’ਤੇ ਬੁਲਾਇਆ ਜਾਵੇ। ਮਿੰਟਾਂ ਵਿਚ ਹੀ ਗੁਰਦੇਵ ਸਿੰਘ ਵੀ ਆਪਣੀ ਪਤਨੀ ਅਤੇ ਤਿੰਨ-ਚਾਰ ਹਮਾਇਤੀਆਂ ਨਾਲ ਕਮਿਊਨਿਟੀ ਸੈਂਟਰ ਵਿਚ ਪੁੱਜ ਗਿਆ। ਸਾਰੇ ਸੁਸਾਇਟੀ ਦੇ ਲੋਕ ਅੱਜ ਗੁਰਦੇਵ ਸਿੰਘ ਉੱਤੇ ਘੁਰੇ ਫਿਰਦੇ ਸਨ। ਸੁਸਾਇਟੀ ਦੇ ਸਕੱਤਰ ਨੇ ਸਭ ਨੂੰ ਸ਼ਾਂਤੀ ਰੱਖਣ ਲਈ ਅਪੀਲ ਕੀਤੀ।
ਜਦੋਂ ਠੰਢ-ਠੇਰ ਹੋ ਗਈ ਤਾਂ ਮੈਡਮ ਨਵਦੀਪ ਨੇ ਐੱਸ.ਐੱਚ.ਓ. ਨੂੰ ਕਿਹਾ, ‘‘ਕਿਉਂ ਐੱਸ.ਐੱਚ.ਓ. ਸਾਹਿਬ… ਮੈਂ ਤੁਹਾਨੂੰ ਬੇਟਾ ਕਹਿ ਸਕਦੀ ਹਾਂ…?’’
‘‘ਹਾਂ, ਹਾਂ ਮੈਡਮ … ਕਿਉਂ ਨਹੀਂ…’’ ਐੱਸ.ਐੱਚ.ਓ. ਨੇ ਜਾਣੀ ਬੜੀ ਮੁਸ਼ਕਿਲ ਹਾਮੀ ਭਰੀ। ਆਪਣੇ ਮਾਤਹਿਤਾਂ ਦੀ ਹਾਜ਼ਰੀ ਵਿਚ ਅਜਿਹੀ ਹਾਮੀ ਭਰਨੀ ਮੁਸ਼ਕਿਲ ਹੀ ਬੜੀ ਸੀ। ਪਰ ਹਾਲਾਤ ਹੀ ਅਜਿਹੇ ਸਨ ਕਿ ਹਾਮੀ ਭਰਨੀ ਪਈ।
‘‘ਬੇਟਾ… ਆਹ ਮੇਰੇ ਸਾਹਮਣੇ ਖੜ੍ਹੈ ਗੁਰਦੇਵ ਸਿੰਘ… ਦੱਸੇ ਮੈਂ ਇਹਨੂੰ ਕਦੇ ਕੋਈ ਅਪਸ਼ਬਦ ਵੀ ਬੋਲਿਆ ਹੋਵੇ… ਮੈਂ ਕਿਹੜਾ ਘਪਲਾ ਕਰਦੀ ਹਾਂ ਸੁਸਾਇਟੀ ਦੇ ਫੰਡਾਂ ਦਾ… ਮੈਂ ਤਾਂ ਜ਼ਿੰਦਗ਼ੀ ਵਿਚ ਵੀ ਕਦੇ ਫੰਡ ਇੱਕਠਾ ਨਹੀਂ ਕੀਤਾ।’’ ਮੈਡਮ ਗੁੱਸੇ ਵਿਚ ਤਣੀ ਖੜ੍ਹੀ ਸੀ।
ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਅਜਿਹੇ ਦੋਸ਼ ਲਾਉਂਦਾ ਹੈ ਗੁਰਦੇਵ ਸਿੰਘ ਮੈਡਮ ਉੱਤੇ ਤਾਂ ਲੋਕ ਆਪਮੁਹਾਰੇ ਗੁਰਦੇਵ ਸਿੰਘ ਨੂੰ ਟੁੱਟ ਕੇ ਪੈ ਗਏ। ਗੁਰਦੇਵ ਸਿੰਘ ਲਾਜਵਾਬ ਹੋਇਆ ਖੜ੍ਹਾ ਤਾਤੇ-ਬਾਤੇ ਕਰ ਰਿਹਾ ਸੀ। ਐੱਸ.ਐੱਚ.ਓ. ਨੂੰ ਹੁਣ ਸਾਰੀ ਗੱਲ ਸਮਝ ਪੈ ਗਈ ਸੀ। ਆਖ਼ਰ ਉਸ ਨੇ ਵੀ ਦੁਨੀਆ ਵੇਖੀ ਸੀ। ਉਸ ਨੇ ਗੁਰਦੇਵ ਸਿੰਘ ਨੂੰ ਲਾਅਨਤਾਂ ਪਾਈਆਂ ਅਤੇ ਪੁਲੀਸ ਦਾ ਸਮਾਂ ਖ਼ਰਾਬ ਕਰਨ ਬਾਰੇ ਝਾੜਿਆ।
ਗੁਰਦੇਵ ਸਿੰਘ ਨੇ ਚੁੱਪਚਾਪ ਖਿਸਕਣ ਵਿਚ ਹੀ ਭਲਾਈ ਸਮਝੀ। ਉਹਦੀ ਪਤਨੀ ਅਤੇ ਉਹਦੇ ਹਮਾਇਤੀ ਵੀ ਖਿਸਕਣ ਲੱਗੇ। ਸੁਸਾਇਟੀ ਦੇ ਲੋਕ ਅਥਾਹ ਸ਼ਰਧਾ ਅਤੇ ਸਤਿਕਾਰ ਨਾਲ ਮੈਡਮ ਨਵਦੀਪ ਦੇ ਆਲੇ ਦੁਆਲੇ ਇਕੱਠੇ ਹੋਣ ਲੱਗੇ। ਜਾਣ ਲੱਗਿਆਂ ਐੱਸ.ਐੱਚ.ਓ. ਨੇ ਮੈਡਮ ਦੇ ਪੈਰੀਂ ਹੱਥ ਲਾ ਅਸ਼ੀਰਵਾਦ ਲਿਆ, ‘‘ਮੈਡਮ, ਮੈਨੂੰ ਆਪਣਾ ਪੁੱਤਰ ਹੀ ਸਮਝਣਾ। ਕੋਈ ਤਕਲੀਫ਼ ਹੋਵੇ ਤਾਂ ਮਾਂ ਦੇ ਹੱਕ ਨਾਲ ਜਦੋਂ ਮਰਜ਼ੀ ਆਵਾਜ਼ ਮਾਰ ਲੈਣਾ।’’
ਮੈਡਮ ਨਵਦੀਪ ਨੂੰ ਇਕੱਲੇ ਹੋਣ ਦਾ ਜਿਹੜਾ ਮਾੜਾ ਮੋਟਾ ਅਹਿਸਾਸ ਸੀ ਵੀ, ਉਹ ਵੀ ਅੱਜ ਦੂਰ ਕਿਤੇ ਕਾਫ਼ੂਰ ਹੋ ਗਿਆ ਸੀ। ਉਹ ਅੱਜ ਇੱਕਲੀ ਇੱਕ ਸ਼ੀਂਹਣੀ ਸੂਰਬੀਰ ਵਾਂਗ ਮੈਦਾਨ ਵਿਚ ਜੂਝ ਰਹੀ ਸੀ।
ਸੰਪਰਕ: 98767-68960