ਪਾਵੇਲ ਕੁੱਸਾ
ਸ਼ਹੀਦ ਭਗਤ ਸਿੰਘ ਸਾਡੇ ਕੌਮੀ ਮੁਕਤੀ ਸੰਗਰਾਮ ਦਾ ਮਹਾਂਨਾਇਕ ਹੈ। ਉਹਦਾ ਜਨਮ ਦਿਹਾੜਾ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਲਈ ਤਿਉਹਾਰਾਂ ਵਰਗਾ ਸਥਾਨ ਹਾਸਲ ਕਰ ਰਿਹਾ ਹੈ। ਇਸ ਵਾਰ ਦਾ ਜਨਮ ਦਿਹਾੜਾ ਇਤਿਹਾਸਕ ਕਿਸਾਨ ਸੰਘਰਸ਼ ਦੌਰਾਨ ਆਇਆ ਹੈ ਜਦੋਂ ਪੰਜਾਬੀ ਕਿਸਾਨ ਹੋਰਨਾਂ ਸੂਬਿਆਂ ਦੇ ਕਿਸਾਨਾਂ ਨਾਲ ਰਲ ਕੇ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ। ਸ਼ਹੀਦ ਭਗਤ ਸਿੰਘ ਜਜ਼ਬੇ ਦੇ ਪੱਧਰ ’ਤੇ ਪੰਜਾਬ ਦੇ ਲੋਕਾਂ ਖ਼ਾਸਕਰ ਨੌਜਵਾਨਾਂ ਨੂੰ ਹੌਸਲਾ ਤੇ ਹਿੰਮਤ ਅਤੇ ਡਾਹਢੀ ਹਕੂਮਤ ਨਾਲ ਮੱਥਾ ਲਾਉਣ ਦੀ ਤਾਕਤ ਦਿੰਦਾ ਹੈ। ਸ਼ਹੀਦ ਭਗਤ ਸਿੰਘ ਦੇ ਚਿੰਤਨ ਨੂੰ ਜਾਣਨ ਸਮਝਣ ਵਾਲੇ ਇਹ ਕਹਿ ਸਕਦੇ ਹਨ ਕਿ ਇਸ ਸੰਘਰਸ਼ ਨੂੰ ਹੋਰ ਵਧੇਰੇ ਦ੍ਰਿੜ੍ਹ ਤੇ ਅਸਰਦਾਰ ਬਣਾਉਣ ਦਾ ਰਸਤਾ ਉਸ ਦੇ ਵਿਚਾਰਾਂ ’ਚ ਮੌਜੂਦ ਹੈ।
ਇਨ੍ਹਾਂ ਵਿਚਾਰਾਂ ਦਾ ਮੌਜੂਦਾ ਪ੍ਰਸੰਗ ਇਹ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨ ਭਾਰਤੀ ਖੇਤੀ ’ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੀ ਜਕੜ ਨੂੰ ਹੋਰ ਮਜ਼ਬੂਤ ਕਰਨ ਦੇ ਕਦਮ ਹਨ। ਇਹ ਸਾਮਰਾਜੀ ਗਲਬਾ ਖੇਤੀ ਖੇਤਰ ਦੇ ਨਾਲ ਨਾਲ ਦੇਸ਼ ਦੀ ਆਰਥਿਕਤਾ, ਰਾਜਨੀਤੀ, ਸੱਭਿਆਚਾਰ ਤੇ ਬੋਲੀ ਸਮੇਤ ਸਮੁੱਚੇ ਸਮਾਜਿਕ ਜੀਵਨ ਉੱਪਰ ਹਾਵੀ ਹੋ ਰਿਹਾ ਹੈ। ਸੰਨ ਸੰਤਾਲੀ ਮਗਰੋਂ ਵੀ ਦੇਸ਼ ਦੇ ਕਿਰਤੀ ਇਸ ਸਾਮਰਾਜੀ ਗਲਬੇ ਤੋਂ ਮੁਕਤੀ ਲਈ ਜੂਝਦੇ ਆ ਰਹੇ ਹਨ। ਸ਼ਹੀਦ ਭਗਤ ਸਿੰਘ ਨੇ ਲੋਕਾਂ ਨੂੰ ਸਾਮਰਾਜ ਦੇ ਮੂਲ ਸੁਭਾਅ ਦੀ ਪਛਾਣ ਕਰਾਉਣ ਦਾ ਯਤਨ ਕੀਤਾ ਸੀ। ਸਾਮਰਾਜਵਾਦ ਖ਼ਿਲਾਫ਼ ਜੂਝਣ ਲਈ ਇਹ ਪਹਿਚਾਣ ਅੱਜ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਆਪਣੀ ਇੱਕ ਲਿਖਤ ਵਿੱਚ ਸ਼ਹੀਦ ਭਗਤ ਸਿੰਘ ਕਹਿੰਦਾ ਹੈ, ‘‘ਸਾਡਾ ਵਿਸ਼ਵਾਸ ਹੈ ਕਿ ਸਾਮਰਾਜਵਾਦ ਇਕ ਵੱਡੀ ਡਾਕੇ ਮਾਰਨ ਦੀ ਸਾਜ਼ਿਸ਼ ਤੋਂ ਬਗੈਰ ਹੋਰ ਕੁਝ ਨਹੀਂ। ਸਾਮਰਾਜਵਾਦ ਮੁਨੱਖ ਦੇ ਹੱਥੋਂ ਮਨੁੱਖ ਦੀ ਅਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ। ਸਾਮਰਾਜਵਾਦੀ (ਵਿਦੇਸ਼ੀ ਰਾਜ ਠੋਸਣ ਵਾਲੇ) ਆਪਣੇ ਹਿੱਤਾਂ, ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਲਈ ਨਾ ਸਿਰਫ਼ ਅਦਾਲਤੀ ਤੇ ਕਾਨੂੰਨੀ ਕਤਲ ਕਰਦੇ ਹਨ ਸਗੋਂ ਵੱਡੇ ਵੱਡੇ ਕਤਲੇਆਮ ਵੀ ਰਚਾਉਂਦੇ ਹਨ।’’
ਨਵੇਂ ਪ੍ਰਸੰਗ ’ਚ ਸਾਮਰਾਜੀ ਤਾਕਤਾਂ ਨੂੰ ਸਿੱਧੇ ਤੌਰ ’ਤੇ ਦੇਸ਼ ਅੰਦਰ ਆ ਕੇ ਬੈਠਣ ਦੀ ਜ਼ਰੂਰਤ ਨਹੀਂ ਰਹਿੰਦੀ। ਨਵੇਂ ਖੇਤੀ ਕਾਨੂੰਨ ਸਾਮਰਾਜ ਵੱਲੋਂ ਦੁਨੀਆ ਭਰ ਦੇ ਅਨਾਜ ਕਾਰੋਬਾਰਾਂ ’ਤੇ ਕੰਟਰੋਲ ਜਮਾਉਣ ਦੀ ਵਿਉਂਤ ਦਾ ਅੰਗ ਹਨ। ਇਹ ਭਾਰਤੀ ਕਿਸਾਨਾਂ ਦੀਆਂ ਪੈਦਾ ਕੀਤੀਆਂ ਫ਼ਸਲਾਂ ’ਤੇ ਸਿੱਧਾ ਡਾਕਾ ਹੈ ਜੋ ਕਾਰਪੋਰੇਟ ਘਰਾਣਿਆਂ ਨਾਲ ਰਲ ਕੇ ਮਾਰਿਆ ਜਾ ਰਿਹਾ ਹੈ। ਭਗਤ ਸਿੰਘ ਇਨ੍ਹਾਂ ਦੇਸੀ ਕਾਰਪੋਰੇਟਾਂ ਨਾਲ ਸਾਮਰਾਜੀਆਂ ਦੇ ਗੱਠਜੋੜ ਦੀ ਪਛਾਣ ਵੀ ਕਰਵਾਉਂਦਾ ਹੈ। ਆਪਣੀ ਜਥੇਬੰਦੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਨੀਫੈਸਟੋ ਵਿੱਚ ਉਹ ਲਿਖਦਾ ਹੈ: ‘‘ਭਾਰਤ ਸਾਮਰਾਜਵਾਦ ਦੇ ਜੂਲੇ ਹੇਠ ਪਿਸ ਰਿਹਾ ਹੈ। … ਭਾਰਤ ਦੀ ਬਹੁਤ ਵੱਡੀ ਗਿਣਤੀ ਜੋ ਕਿਰਤੀ ਕਿਸਾਨਾਂ ਦੀ ਹੈ, ਨੂੰ ਵਿਦੇਸ਼ੀ ਦਾਬੇ ਅਤੇ ਲੁੱਟ ਨੇ ਹੱਥਲ ਕਰ ਦਿੱਤਾ ਹੈ। ਭਾਰਤੀ ਕਿਰਤੀ ਵਰਗ ਦੀ ਹਾਲਤ ਅੱਜ ਅਤਿ ਗੰਭੀਰ ਹੈ। ਉਸ ਨੂੰ ਦੂਹਰੇ ਖ਼ਤਰੇ ਦਾ ਸਾਹਮਣਾ ਹੈ। ਉਸ ਨੂੰ ਵਿਦੇਸ਼ੀ ਪੂੰਜੀਵਾਦ ਦਾ ਇੱਕ ਪਾਸੇ ਤੋਂ ਅਤੇ ਭਾਰਤੀ ਪੂੰਜੀਵਾਦ ਦੇ ਧੋਖੇ ਭਰੇ ਹਮਲੇ ਦਾ ਦੂਜੇ ਪਾਸੇ ਤੋਂ ਖ਼ਤਰਾ ਹੈ। ਭਾਰਤੀ ਪੂੰਜੀਵਾਦ, ਵਿਦੇਸ਼ੀ ਪੂੰਜੀਵਾਦ ਨਾਲ ਹਰ ਰੋਜ਼ ਵਧੇਰੇ ਗੱਠਜੋੜ ਕਰ ਰਿਹਾ ਹੈ।’’
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਚਿਤਾਵਨੀ ਦੀ ਇਸ ਸਾਰੇ ਬੀਤੇ ਸਮੇਂ ਦੌਰਾਨ ਪੁਸ਼ਟੀ ਹੋਈ ਹੈ। ਦੇਸੀ ਪੂੰਜੀਪਤੀ ਘਰਾਣਿਆਂ ਵਜੋਂ ਉਦੋਂ ਟਾਟਾ, ਬਿਰਲਾ ਜਾਂ ਡਾਲਮੀਆ ਵਰਗੇ ਘਰਾਣਿਆਂ ਦਾ ਜ਼ਿਕਰ ਆਉਂਦਾ ਰਿਹਾ ਤੇ ਹੁਣ ਉਨ੍ਹਾਂ ਵਿੱਚ ਅੰਬਾਨੀ ਅਡਾਨੀ ਵਰਗੇ ਵਪਾਰੀ ਕਾਰੋਬਾਰੀ ਵੀ ਸ਼ਾਮਿਲ ਹੋ ਚੁੱਕੇ ਹਨ। ਵਿਦੇਸ਼ੀ ਸਾਮਰਾਜੀ ਮੁਲਕਾਂ ’ਚੋਂ ਇੱਕ ਬਰਤਾਨੀਆ ਦੀ ਥਾਂ ਕਈ ਸਾਮਰਾਜੀ ਮੁਲਕਾਂ ਨੇ ਲੈ ਲਈ ਹੈ। ਕੌਮਾਂਤਰੀ ਸਾਮਰਾਜੀ ਵਿੱਤੀ ਸੰਸਥਾਵਾਂ ਜਿਵੇਂ ਡਬਲਿਊ ਟੀ ਓ, ਵਰਲਡ ਬੈਂਕ ਅਤੇ ਆਈ ਐਮ ਐਫ ਦੀਆਂ ਹਦਾਇਤਾਂ ਅੱਜ ਸਾਡੇ ਮੁਲਕ ਅੰਦਰ ਸੰਸਦ ’ਚੋਂ ਨਿਕਲਦੇ ਕਾਨੂੰਨਾਂ ਦਾ ਰੂਪ ਧਾਰ ਰਹੀਆਂ ਹਨ। ਇਹ ਹਾਲਤ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਲੰਮੇ ਹੋਣ ਦੀ ਵਿਆਖਿਆ ਵੀ ਕਰਦੀ ਹੈ ਤੇ ਨਾਲ ਹੀ ਜਿੱਤਣ ਖ਼ਾਤਰ ਇਸ ਸੰਘਰਸ਼ ਦੀ ਵਿਸ਼ਾਲਤਾ ਤੇ ਗਹਿਰਾਈ ਬਣਾਈ ਰੱਖਣ ਵਿੱਚ ਵੀ ਸਹਾਇਤਾ ਕਰਦੀ ਹੈ।
ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ੀ ਸਾਮਰਾਜ ਖ਼ਿਲਾਫ਼ ਸੰਘਰਸ਼ ਵਿੱਚ ਜਮਾਤੀ ਚੇਤਨਾ ਰਾਹੀਂ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਬੇਅਸਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਇਸ ਦੀ ਪ੍ਰਸੰਗਕਤਾ ਅੱਜ ਵੀ ਬਰਕਰਾਰ ਹੈ। ਸੱਤਾਧਾਰੀਆਂ ਨੇ ਕਿਸਾਨ ਸੰਘਰਸ਼ ਨੂੰ ਇਲਾਕਿਆਂ, ਜਾਤਾਂ, ਧਰਮਾਂ ਦੇ ਨਾਂ ’ਤੇ ਵੰਡ ਕੇ ਕੁਚਲਣ ਦਾ ਯਤਨ ਕੀਤਾ ਹੈ, ਪਰ ਕਿਸਾਨਾਂ ਤੇ ਕਿਰਤੀ ਲੋਕਾਂ ਦੇ ਵਿਸ਼ਾਲ ਏਕੇ ਮੂਹਰੇ ਹੁਣ ਤਕ ਇਹ ਚਾਲਾਂ ਨਾਕਾਮ ਰਹੀਆਂ ਹਨ। ਸੰਘਰਸ਼ਸ਼ੀਲ ਲੋਕਾਂ ਨੂੰ ਅੱਗੋਂ ਵੀ ਭਗਤ ਸਿੰਘ ਦੇ ਇਨ੍ਹਾਂ ਵਿਚਾਰਾਂ ’ਤੇ ਹੋਰ ਡੂੰਘੀ ਪਕੜ ਬਣਾਉਣ ਦੀ ਲੋੜ ਹੈ: ‘‘ਲੋਕਾਂ ਨੂੰ ਆਪਸ ਵਿੱਚ ਲੜਨ ਤੋਂ ਰੋਕਣ ਲਈ ਸ਼੍ਰੇਣੀ ਜਾਗ੍ਰਿਤੀ ਦੀ ਲੋੜ ਹੈ। ਗ਼ਰੀਬ ਕਿਰਤੀਆਂ ਤੇ ਕਿਰਸਾਨਾਂ ਨੂੰ ਸਾਫ਼ ਸਮਝਾ ਦੇਣਾ ਚਾਹੀਦਾ ਹੈ ਕਿ ਤੁਹਾਡੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਨ੍ਹਾਂ ਦੇ ਹੱਥਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ… ਸੰਸਾਰ ਦੇ ਸਾਰੇ ਗ਼ਰੀਬਾਂ ਦੇ ਭਾਵੇਂ ਉਹ ਕਿਸੇ ਜਾਤ, ਨਸਲ, ਮਜ਼ਹਬ, ਕੌਮ ਦੇ ਹੋਣ, ਹੱਕ ਇੱਕੋ ਹੀ ਹਨ। ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ, ਕੌਮ ਤੇ ਮੁਲਕ ਦੇ ਭਿੰਨ ਭੇਦ ਮਿਟਾ ਕੇ ਇਕੱਠੇ ਹੋ ਜਾਓ।’’
ਅੱਜ ਲੋਕਾਂ ਨੂੰ ਫ਼ਿਰਕੂ ਰਾਸ਼ਟਰਵਾਦੀ ਨਾਅਰਿਆਂ ਰਾਹੀਂ ਭਰਮਾਉਣ ਅਤੇ ਧਰਮਾਂ ਦੀਆਂ ਡੂੰਘੀਆਂ ਵੰਡੀਆਂ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਸੰਘਰਸ਼ ਕਰਦੇ ਲੋਕਾਂ ਲਈ ਸ਼ਹੀਦ ਭਗਤ ਸਿੰਘ ਦੇ ਇਨ੍ਹਾਂ ਵਿਚਾਰਾਂ ਨੂੰ ਅਪਣਾਉਣਾ ਬੇਹੱਦ ਮਹੱਤਵਪੂਰਨ ਹੈ। ਕਿਸਾਨ ਸੰਘਰਸ਼ ਦਾ ਅਗਲਾ ਸਫ਼ਰ ਵੀ ਇਨ੍ਹਾਂ ਵਿਚਾਰਾਂ ਦੀ ਰੌਸ਼ਨੀ ਹੇਠ ਤੈਅ ਹੋਣਾ ਲੋੜੀਂਦਾ ਹੈ। ਨਾ ਸਿਰਫ਼ ਫ਼ਿਰਕਾਪ੍ਰਸਤੀ ਦੀ ਕਾਟ ਲਈ ਸਗੋਂ ਜਾਤ ਪਾਤੀ ਵਿੱਥਾਂ ਮੇਟ ਕੇ ਕਿਰਤੀ ਲੋਕਾਂ ਦੀ ਵਿਸ਼ਾਲ ਏਕਤਾ ਉਸਾਰਨ ਲਈ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰ ਰਸਤਾ ਦਿਖਾਉਂਦੇ ਹਨ। ‘ਅਛੂਤ ਦਾ ਸਵਾਲ’ ਨਾਂ ਦੀ ਲਿਖਤ ਵਿੱਚ ਸ਼ਹੀਦ ਭਗਤ ਸਿੰਘ ਲਿਖਦਾ ਹੈ:
‘‘ਮਨੁੱਖ ਦੀ ਹੌਲੀ ਹੌਲੀ ਕੁਝ ਇਹੋ ਜਿਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤਾਂ ਉਹ ਹੱਕ ਮੰਗਣਾ ਚਾਹੁੰਦਾ ਹੈ ਪਰ ਜਿਨ੍ਹਾਂ ’ਤੇ ਉਸ ਦਾ ਆਪਣਾ ਦਬਦਬਾ ਹੋਵੇ, ਉਨ੍ਹਾਂ ਨੂੰ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ।’’
ਸ਼ਹੀਦ ਭਗਤ ਸਿੰਘ ਦੀ ਇਸ ਲਿਖਤ ਦਾ ਸੱਜਰੇ ਹਾਲਾਤ ਨਾਲ ਸਬੰਧ ਉਜਾਗਰ ਕਰਨ ਦਾ ਯਤਨ ਹੋਣਾ ਚਾਹੀਦਾ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਅੰਦਰ ਦਲਿਤ ਖੇਤ ਮਜ਼ਦੂਰਾਂ ਦੀ ਊਣੀ ਸ਼ਮੂਲੀਅਤ ਪੰਜਾਬ ਦੀ ਕਿਸਾਨੀ ਨੂੰ ਇਹ ਸਵਾਲ ਪੇਸ਼ ਕਰਦੀ ਹੈ ਕਿ ਖੇਤ ਮਜ਼ਦੂਰਾਂ ਨੂੰ ਸੰਘਰਸ਼ ਦਾ ਹਿੱਸਾ ਬਣਾਉਣ ਲਈ ਉਨ੍ਹਾਂ ਨੇ ਕੀ ਪਹੁੰਚ ਅਖਤਿਆਰ ਕੀਤੀ ਹੈ। ਅੱਜ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦਾ ਹਿੱਸਾ ਬਣਾਉਣ ਲਈ ਦਲਿਤ ਖੇਤ ਮਜ਼ਦੂਰਾਂ ਤੱਕ ਭਗਤ ਸਿੰਘ ਦਾ ਇਹ ਸੁਨੇਹਾ ਪਹੁੰਚਾਉਣਾ ਚਾਹੀਦਾ ਹੈ: ‘‘ਤੁਸੀਂ ਅਸਲੀ ਕਿਰਤੀ ਹੋ! ਕਿਰਤੀਓ ਜਥੇਬੰਦ ਹੋ ਜਾਓ। ਤੁਹਾਡਾ ਕੁਝ ਨੁਕਸਾਨ ਨਹੀਂ ਹੋਵੇਗਾ ਕੇਵਲ ਗ਼ੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ।’’ ਅੱਜ ਅਜਿਹਾ ਸੱਦਾ ਹੀ ਮਜ਼ਦੂਰ ਕਿਸਾਨ ਏਕਤਾ ਦੇ ਨਾਅਰੇ ਦੇ ਪੂਰੇ ਅਰਥ ਉਘਾੜ ਸਕਦਾ ਹੈ।
ਭਗਤ ਸਿੰਘ ਦੇ ਕਹੇ ਬੋਲ ਸੱਚ ਹੋ ਰਹੇ ਹਨ: ‘‘ਇਕ ਯੁੱਧ ਚੱਲ ਰਿਹਾ ਹੈ ਅਤੇ ਇਹ ਤਦ ਤੱਕ ਚਲਦਾ ਰਹੇਗਾ ਜਦ ਤੱਕ ਕੁਝ ਤਾਕਤਵਰ ਲੋਕ ਭਾਰਤੀ ਜਨਤਾ ਤੇ ਮਿਹਨਤਕਸ਼ ਲੋਕਾਂ ਨੂੰ ਤੇ ਉਨ੍ਹਾਂ ਦੇ ਆਮਦਨ ਦੇ ਵਸੀਲਿਆਂ ਨੂੰ ਲੁੱਟਦੇ ਰਹਿਣਗੇ।’’ ਤੇ ਆਪਾਂ ਸਾਰੇ ਉਸੇ ਯੁੱਧ ਦੇ ਸਮਿਆਂ ’ਚ ਜਿਉਂ ਰਹੇ ਹਾਂ।
ਈ-ਮੇਲ: Pavelnbs11@gmail.com