ਮਾਸਟਰ ਮਿੱਠੂ ਸਿੰਘ ਕਾਹਨੇਕੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੋਰ ਧਾਰਮਿਕ ਸੰਸਥਾ ਸਿੱਖਾਂ ਦੀਆਂ ਸ਼ਹਾਦਤਾਂ ਤੇ ਸੰਘਰਸ਼ਾਂ ਕਰਕੇ ਹੋਂਦ ਵਿੱਚ ਆਈ ਹੈ। 15 ਨਵੰਬਰ, 2020 ਨੂੰ ਇਹ ਮਹਾਨ ਸੰਸਥਾ ਸੰਘਰਸ਼ਾਂ ਭਰਿਆ ਲੰਮਾ ਪੈਂਡਾ ਤੈਅ ਕਰਦੀ ਹੋਈ ਆਪਣੇ 100 ਸਾਲ ਪੂਰੇ ਕਰਨ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਜਿਥੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਹੈ, ਉੱਥੇ ਵਿੱਦਿਅਕ ਖੇਤਰ ਵਿੱਚ ਵੀ ਇਸ ਸੰਸਥਾ ਨੇ ਕਾਫ਼ੀ ਯੋਗਦਾਨ ਪਾਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਭਾਵੇਂ ਸੰਨ 1935 ਵਿੱਚ ਸ੍ਰੀ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਵਿੱਚ ਸ਼ੁਰੂ ਕੀਤਾ ਪਰ ਪੰਜਾਬ/ਹਰਿਆਣਾ ਅੰਦਰ ਸਿੱਖਿਆ ਦੇ ਖੇਤਰ ਵਿੱਚ ਪਿਛਲੇ 25-30 ਸਾਲਾਂ ਤੋਂ ਵਿੱਦਿਅਕ ਅਦਾਰੇ ਸਥਾਪਤ ਕਰਨੇ ਆਰੰਭੇ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਬੱਚਿਆਂ ਨੂੰ ਦੁਨਿਆਵੀ ਵਿੱਦਿਆ (ਅਕੈਡਮਿਕ) ਦੇ ਨਾਲ ਧਾਰਮਿਕ ਵਿੱਦਿਆ ਦੇਣ ਦੇ ਖੇਤਰ ਵਿੱਚ ਵੱਡੇ ਉਪਰਾਲੇ ਵੀ ਕੀਤੇ। ਦੋ ਯੂਨੀਵਰਸਿਟੀਆਂ, ਆਰਟਸ, ਸਾਇੰਸ, ਕਾਮਰਸ ਦੇ ਪੰਜਾਬ/ਹਰਿਆਣਾ/ਹਿਮਾਚਲ ਅੰਦਰ 33 ਕਾਲਜ ਅਤੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਵਾਲੇ 52 ਸਕੂਲਾਂ ਦਾ ਪ੍ਰਬੰਧ ਚਲਾ ਰਹੀ ਹੈ। ਇਨ੍ਹਾਂ ਅਦਾਰਿਆਂ ਦੇ ਉੱਚਿਤ ਪ੍ਰਬੰਧ ਲਈ 2007 ਵਿੱਚ ਐਜੂਕੇਸ਼ਨ ਡਾਇਰੈਕਟੋਰੇਟ ਹੋਂਦ ਵਿੱਚ ਆਇਆ, ਜੋ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਇੰਸਟੀਚਿਊਟ (ਬਹਾਦਰਗੜ੍ਹ) ’ਚ ਸਥਾਪਤ ਕੀਤਾ ਗਿਆ। ਇਨ੍ਹਾਂ ਅਦਾਰਿਆਂ ਤੋਂ ਇਲਾਵਾ 4 ਕਾਲਜ ਮੁੰਬਈ ’ਚ ਪਹਿਲਾਂ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਹਨ।
ਸਿੱਖਿਆ ਰਾਹੀਂ ਸਮਾਜ ਅੰਦਰ ਚੇਤਨਤਾ ਪੈਦਾ ਕਰਨ ਤੇ ਸਮਾਜ ਨੂੰ ਸਿੱਖਿਅਤ ਕਰਨ ਦਾ ਚੰਗਾ ਉਪਰਾਲਾ ਹੈ। ਪਿਛਲੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਸਮਾਜ ਅੰਦਰ ਫੈਲੀ ਅਰਾਜਕਤਾ, ਜਬਰ-ਜ਼ੁਲਮ ਤੇ ਅੰਧ ਵਿਸ਼ਵਾਸ ਆਦਿ ਬੁਰਾਈਆਂ ਨੂੰ ਰੋਕਣ ਤੇ ਸਮਾਜ ਨੂੰ ਬਚਾਉਣ, ਚੇਤੰਨ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੀ ਇਨਕਲਾਬੀ ਵਿਚਾਰਧਾਰਾ ਦਿੱਤੀ, ਇਹ ਫਰਮਾਇਆ ‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’ ਹੈ, ਜੋ ਸਹੀ ਲੋੜਵੰਦ ਕਿਰਤੀ ਜਮਾਤ ਦੇ ਬੱਚਿਆਂ ਨੂੰ ਸਮਾਜ ਦੇ ਹਾਣ ਦਾ ਬਣਾਉਣ ਲਈ ਦਿੱਤੀ ਜਾਵੇ। ਗੁਰੂ ਨੇ ਆਪਣੇ ਸ਼ਰਧਾਲੂਆਂ ਨੂੰ ਜ਼ਿੰਦਗੀ ਭਰ ਸਿੱਖਣ ਦਾ ਸੰਦੇਸ਼ ਦਿੱਤਾ, ਇਸੇ ਉਦੇਸ਼ ਤੇ ਮਹੱਤਤਾ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਨੇ ਵਿੱਦਿਅਕ ਅਦਾਰੇ ਖੋਲ੍ਹਣ ’ਤੇ ਜ਼ੋਰ ਦਿੱਤਾ। ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਤੋਂ ਵਿੱਦਿਆ ਪ੍ਰਾਪਤ ਕਰਨ ਲਈ ਦਾਖਲੇ ਦਵਾਉਣੇ ਸ਼ੁਰੂ ਕੀਤੇ।
ਕਾਲਜਾਂ/ਯੂਨੀਵਰਸਿਟੀਆਂ/ਸਕੂਲਾਂ ਦੀ ਦਸ਼ਾ ਤੇ ਦਿਸ਼ਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਪਾਸ ਸ਼ਾਨਦਾਰ ਇਮਾਰਤ/ਖੇਡ ਮੈਦਾਨ, ਪੜ੍ਹਾਈ ਲਈ ਲੋੜੀਂਦਾ ਸਟਾਫ਼ ਸਹੂਲਤਾਂ ਹਨ। ਐਜੂ. ਡਾਇਰੈਕਟੋਰੇਟ ਵੱਲੋਂ ਜਾਰੀ ਰਿਪੋਰਟ ਮੁਤਾਬਕ 4 ਕਾਲਜਾਂ ਨੂੰ N.A.A.C (ਨਾਕ) ਵੱਲੋਂ ਏ-ਗਰੇਡ ਪ੍ਰਾਪਤ ਹੋਇਆ ਹੈ। ਇਹ ਕਾਲਜ ਆਤਮ-ਨਿਰਭਰ ਹਨ। ਸਮੇਂ ਸਿਰ ਇਨ੍ਹਾਂ ਦੇ ਸਟਾਫ਼ ਨੂੰ ਤਨਖ਼ਾਹਾਂ ਮਿਲਦੀਆਂ ਹਨ। ਇਨ੍ਹਾਂ 4 ਕਾਲਜਾਂ ਨੂੰ ਛੱਡਕੇ ਪੰਜਾਬ/ਹਰਿਆਣਾ/ਹਿਮਾਚਲ ਅੰਦਰ ਚੱਲ ਰਹੇ (ਕੁੱਲ 33 ਕਾਲਜ ’ਚੋਂ) 29 ਕਾਲਜ ਕਿਉਂ ਘਾਟੇ ਵਿੱਚ ਹਨ? ਕਾਲਜਾਂ ਦੀ ਆਰਥਿਕਤਾ ਇੰਨੀ ਗੰਭੀਰ ਸੰਕਟ ਦਾ ਸ਼ਿਕਾਰ ਹੈ ਕਿ ਘਾਟੇ ਵਾਲੇ ਕਾਲਜਾਂ ਦੇ ਸਟਾਫ਼ ਨੂੰ ਪਿਛਲੇ 10 ਮਹੀਨੇ ਤੋਂ 18 ਮਹੀਨਿਆਂ ਤੱਕ ਦੀਆਂ ਤਨਖ਼ਾਹਾਂ ਹੀ ਨਹੀਂ ਮਿਲੀਆਂ। ਸੈਸ਼ਨ 2019-20 ਦੌਰਾਨ ਵਿਦਿਆਰਥੀਆਂ ਦੀ ਕੁੱਲ ਗਿਣਤੀ 35,144 ਦੱਸੀ ਗਈ ਹੈ। ਆਤਮ-ਨਿਰਭਰ ਚਾਰੇ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ 19,648 ਹੈ ਅਤੇ ਘਾਟੇ ਵਾਲੇ 29 ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਕੇਵਲ 15500 ਦੇ ਲਗਭਗ ਹੈ। ਇਨ੍ਹਾਂ ਕਾਲਜਾਂ ਵਿੱਚ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਦੀ ਗਿਣਤੀ 1500 ਲਗਪਗ ਹੈ ਤੇ ਪੂਰਾ ਸਟਾਫ਼ ਕੰਮ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਚ ਕੇਵਲ 2,948 ਵਿਦਿਆਰਥੀਆਂ ਦੇ ਸੈਸ਼ਨ 2019-20 ਦੌਰਾਨ ਦਾਖਲੇ ਹੋਏ। ਲਗਭਗ 107 ਏਕੜ ਵਿੱਚ ਉਸਾਰੀ ਯੂਨੀਵਰਸਿਟੀ ’ਚ 400 ਗਿਣਤੀ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਲੋੜ ਤੋਂ ਵਧ ਹੈ। ਜਿਨ੍ਹਾਂ ਨੂੰ ਲਗਭਗ 15 ਕਰੋੜ ਸਾਲਾਨਾ ਤਨਖ਼ਾਹ ਦਿੱਤੀ ਜਾਂਦੀ ਹੈ। ਯੂਨੀਵਰਸਿਟੀ ਦੀਆਂ ਮਾਰਚ, 2020 ਤੱਕ ਤਨਖ਼ਾਹ ਸਮੇਤ ਕੁੱਲ ਦੇਣਦਾਰੀਆਂ 629.23 ਲੱਖ ਖੜੀਆਂ ਹਨ। ਐੱਸਬੀਆਈ ਬੈਂਕ ਤੋਂ 30 ਕਰੋੜ ਲੋਨ ਲਿਆ ਹੈ, ਜਿਸ ਦੀਆਂ ਦਸ ਸਾਲਾ ਕਿਸ਼ਤਾਂ ਭਾਵ ਦਸੰਬਰ, 2026 ਤੱਕ 34 ਕਰੋੜ ਵਿਆਜ ਅਤੇ 30 ਕਰੋੜ ਮੂਲ ਕੁੱਲ ਰਕਮ 64 ਕਰੋੜ ਰਾਸ਼ੀ ਕਿਸ਼ਤਾਂ ਰਾਹੀਂ ਭੁਗਤਾਨ ਕੀਤੀ ਜਾਵੇਗੀ। ਇਕੋ ਸਥਾਨ ਫਤਹਿਗੜ੍ਹ ਸਾਹਿਬ ਸ਼੍ਰੋਮਣੀ ਕਮੇਟੀ ਨੇ ਆਪਣੇ ਤਿੰਨ ਵਿੱਦਿਅਕ ਅਦਾਰੇ ਕਾਲਜ/ਇੰਜੀ./ਯੂਨੀਵਰਸਿਟੀ ਖੋਲ੍ਹਣ ਨਾਲ ਆਪਸੀ ਮੁਕਾਬਲਾ ਹੋਇਆ ਸਿੱਟੇ ਵਜੋਂ ਦੋ ਅਦਾਰੇ ਘਾਟੇ ਵਿੱਚ ਚੱਲ ਰਹੇ ਹਨ।
28 ਸਤੰਬਰ 2020 ਨੂੰ ਪਾਸ ਹੋਏ ਸੋਧ ਬਜਟ ਅਨੁਸਾਰ ਪੰਜਾਬ/ਹਰਿਆਣਾ ਅੰਦਰ ਐਜੂਕੇਸ਼ਨ ਡਾਇਰੈਕਟੋਰੇਟ ਅਧੀਨ ਚੱਲ ਰਹੇ 52 ਸਕੂਲਾਂ ਦੀ ਵਿੱਤੀ ਹਾਲਤ ਵੀ ਬਹੁਤ ਨਾਜ਼ੁਕ ਚੱਲ ਰਹੀ ਹੈ। ਸਿਰਫ਼ 9 ਸਕੂਲ ਹੀ ਆਤਮ-ਨਿਰਭਰ ਸਕੂਲ ਹਨ ਪਰ ਬਾਕੀ 43 ਸਕੂਲ ਘਾਟੇ ਵਾਲੇ ਹਨ। ਐਡਿਡ ਦਸ ਸਕੂਲਾਂ ਦਾ ਘਾਟਾ ਪ੍ਰਤੀ ਸਕੂਲ ਸਵਾ-ਡੇਢ ਕਰੋੜ ਤੋਂ ਵੀ ਵਧ ਹੈ। ਇਨ੍ਹਾਂ ਸਕੂਲਾਂ ਨੂੰ ਚਾਲੂ ਰੱਖਣ ਲਈ ਚਾਲੂ ਸੈਸ਼ਨ 2020-21 ਦੌਰਾਨ ਸ਼੍ਰੋਮਣੀ ਕਮੇਟੀ ਨੂੰ 10 ਕਰੋੜ ਤੋਂ ਵਧ ਰਕਮ ਸਹਾਇਤਾ ਵਜੋਂ ਆਪਣੇ ਸੋਧੇ ਬਜਟ ’ਚੋਂ ਦੇਣੀ ਪਈ। ਇੱਕ ਸਕੂਲ ਜੋ ਬਹੁਤ ਹੀ ਘਾਟੇ ਵਿੱਚ ਸੀ ਨੂੰ ਇਸ ਸਾਲ ਬੰਦ ਕਰਨਾ ਪਿਆ। ਸਕੂਲਾਂ ਅੰਦਰ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ 1,822 ਗਿਣਤੀ ਹੈ ਜੋ ਲੋੜ ਨਾਲੋਂ ਵਧ ਹੈ। ਜਿਨ੍ਹਾਂ ਨੂੰ ਲਗਭਗ 45 ਕਰੋੜ ਸਾਲਾਨਾ ਸੈਲਰੀ ਅਤੇ ਸਮੁੱਚਾ ਸਕੂਲ ਪ੍ਰਬੰਧਾਂ ਨੂੰ ਚਲਾਉਣ ਲਈ 10 ਕਰੋੜ ਤੋਂ ਵੱਧ ਰਕਮ ਬਿਜਲੀ, ਪਾਣੀ, ਜਰਨੈਟਰ, ਮੁਰੰਮਤ ਆਦਿ ਵੱਖਰੇ ਖਰਚੇ ਹਨ ਪਰ ਸੈਸ਼ਨ 2019-20 ਦੌਰਾਨ ਵਿਦਿਆਰਥੀਆਂ ਦੀ ਗਿਣਤੀ 25,000 ਦੇ ਲਗਪਗ ਰਹੀ, ਜੋ ਚਾਲੂ ਸਾਲ 2020-21 ਦੌਰਾਨ ਸਕੂਲ ਖੋਲ੍ਹਣ ਤੇ ਹੀ ਵਿਦਿਆਰਥੀ ਦਾਖਲੇ ਦਾ ਪਤਾ ਲੱਗੇਗਾ। ਪਿਛਲੇ 6 ਸਾਲਾਂ ਤੋਂ ਹਰ ਸਾਲ 4/5 ਫ਼ੀਸਦੀ ਸਾਲਾਨਾ ਵਿਦਿਆਰਥੀ ਗਿਣਤੀ ਕਿਉਂ ਘੱਟ ਰਹੀ ਹੈ? ਕੇਵਲ 6 ਸੈਕੰਡਰੀ ਸਕੂਲਾਂ ਅੰਦਰ ਪ੍ਰਤੀ ਸਕੂਲਾਂ ਵਿਦਿਆਰਥੀ ਗਿਣਤੀ 1000 ਤੋਂ ਵੱਧ ਹੈ, 12 ਸਕੂਲਾਂ ਅੰਦਰ ਗਿਣਤੀ 500-700 ਵਿਚਕਾਰ ਹੀ ਹੈ। ਬਾਕੀ 34 ਸੀਨੀ. ਸੈਕੰਡਰੀ ਸਕੂਲਾਂ ਵਿੱਚ ਤਾਂ ਪ੍ਰਤੀ ਸਕੂਲ ਗਿਣਤੀ 400 ਤੋਂ ਵੀ ਘੱਟ ਰਹੀ ਹੈ। ਦੋਵੇਂ ਯੂਨੀਵਰਸਿਟੀਆਂ ਤੇ ਸਕੂਲਾਂ, ਕਾਲਜਾਂ ਲਈ ਸੋਧਿਆ ਬਜਟ 215 ਕਰੋੜ ਹੈ। ਇਸ ਬਜਟ ਵਿੱਚ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀਆਂ ਫੀਸਾਂ, ਦੁਕਾਨਾਂ ਤੇ ਟਰਾਂਸਪੋਰਟ ਕਰਾਇਆ ਆਦਿ ਆਮਦਨ ਕੇਵਲ 176 ਕਰੋੜ ਹੀ ਹੈ। ਬਾਕੀ ਬਜਟ ਰਕਮ ਵਿੱਚ ਸੈਕਸ਼ਨ 85 ਦੇ ਗੁਰਦੁਆਰਿਆਂ ਵਿੱਚੋਂ ਸਹਾਇਤਾ ਫੰਡ ਪਾ ਕੇ ਇਨ੍ਹਾਂ ਅਦਾਰਿਆਂ ਨੂੰ ਚਲਾਉਣ ਲਈ ਬਜਟ ਪੂਰਾ ਕਰਨ ਦਾ ਯਤਨ ਹੈ। ਪਿਛਲੇ 5-6 ਮਹੀਨਿਆਂ ਤੋਂ ਸਕੂਲਾਂ ਦੀਆਂ ਤਨਖਾਹਾਂ ਬਕਾਇਆ ਹਨ। ਸਵਾਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵਿੱਦਿਅਕ ਅਦਾਰੇ ਦਿਨੋਂ-ਦਿਨ ਕਿਉਂ ਘਾਟੇ ਵਿੱਚ ਜਾ ਰਹੇ ਹਨ? ਕਿਉਂ ਇਨ੍ਹਾਂ ਅਦਾਰਿਆਂ ’ਚ ਵਿਦਿਆਰਥੀ ਦਾਖਲਾ ਗਿਣਤੀ ਘੱਟ ਰਹੀ ਹੈ, ਚਿੰਤਾਂ ਦਾ ਵਿਸ਼ਾ ਹੈ। ਅਜਿਹੇ ਪ੍ਰਬੰਧ ਲਈ ਜ਼ਿੰਮੇਵਾਰ ਕੌਣ ਹੈ ਅਤੇ ਇਸ ਦੇ ਕੀ ਕਾਰਨ ਹਨ? ਪੜਤਾਲਣ ਦੀ ਲੋੜ ਹੈ।
ਆਧੁਨਿਕ ਟੈਕਨਾਲੌਜੀ ਸਿੱਖਿਆ ਪ੍ਰਣਾਲੀ ਐਜੂਕੇਸ਼ਨ ਮਾਡਲ ਅਪਣਾਉਣ ਦੀ ਜ਼ਰੂਰਤ
ਮੌਜੂਦਾ ਸਮੇਂ ਸਕੂਲਾਂ ਅੰਦਰ ਕੰਪਿਊਟਰ ਲੈਬ ਵਿੱਚ ਕੰਪਿਊਟਰ ਪ੍ਰਬੰਧ ਉੱਚਿਤ ਨਹੀਂ, ਹਰੇਕ ਕਲਾਸ ਰੂਮ ਲਈ ਇਲੈਕਟ੍ਰੋਨਿਕ ਸਿਲੇਬਸ ਪ੍ਰੋਜੈਕਟਰਜ਼, ਹੈਡਫੋਨਜ਼, ਸੀ.ਸੀ.ਟੀ.ਵੀ. ਕੈਮਰੇ ਆਦਿ ਦੀ ਸਖ਼ਤ ਲੋੜ ਹੈ। ਇਸ ਸਮੇਂ ਪੁਰਾਣੇ ਢੰਗ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ। ਵਿਦਿਆਰਥੀ ਦੀਆਂ ਵਿੱਦਿਅਕ ਐਕਟੀਵੀਟਜ਼ ਵੀ ਬਹੁਤ ਘੱਟ ਹਨ। ਜਦਕਿ ਹੁਣ ਕਰੋਨਾ ਦੀ ਬਿਮਾਰੀ ਕਰਕੇ ਸਕੂਲ/ਕਾਲਜ ਬੰਦ ਹਨ, ਵਿਦਿਆਰਥੀਆਂ ਦੀ ਪੜ੍ਹਾਈ ਆਨਲਾਈਨ ਚੱਲ ਰਹੀ ਹੈ ਪਰ ਇਨ੍ਹਾਂਂ ਸਕੂਲਾਂ ਵਿੱਚ ਪਹਿਲਾਂ ਹੀ ਕੰਪਿਊਟਰ ਪ੍ਰਣਾਲੀ ਦੀ ਘਾਟ ਸੀ। ਸਕੂਲ ਖੋਲ੍ਹਣ ’ਤੇ ਹੀ ਇਨ੍ਹਾਂ ਦੀ ਆਨਲਾਈਨ ਕਾਰਗੁਜ਼ਾਰੀ ਦਾ ਪਤਾ ਚੱਲੇਗਾ। ਇਨ੍ਹਾਂ ਸਕੂਲਾਂ ਦੇ ਅੰਦਰ ਅਧਿਆਪਕ-ਮਾਪੇ, ਸੰਸਥਾਵਾਂ, ਸਕੂਲ ਮੈਨੇਜਮੈਂਟ ਸੰਸਥਾਵਾਂ ਨਹੀਂ ਹਨ। ਮਾਪਿਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵੀ ਇਨ੍ਹਾਂ ਅਦਾਰਿਆਂ ਵਿੱਚ ਤਾਲਮੇਲ/ਸ਼ਮੂਲੀਅਤ ਹੀ ਨਹੀਂ, ਚੰਗੀ ਪੜ੍ਹਾਈ ਪੜਤਾਲਣ ਲਈ ਕਮੇਟੀਆਂ ਦੀ ਘਾਟ ਹੈ। ਇਨ੍ਹਾਂ ਅਦਾਰਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਹਰਲੀ ਸਿਆਸੀ ਦਖਲ-ਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਹਰ ਹਫ਼ਤੇ ਐਜੂਕੇਸ਼ਨ ਡਾਇਰੈਕਟਰ/ਐਜੂਕੇਸ਼ਨ ਸਕੱਤਰ ਵੀਡੀਓ ਕਾਨਫਰੰਸ ਰਾਹੀਂ ਹਰ ਵਿੱਦਿਅਕ ਅਦਾਰੇ ਦੀ ਪੜ੍ਹਾਈ ਦਾ ਜਾਇਜ਼ਾ ਲੈਣ ਦਾ ਉੱਚਿਤ ਪ੍ਰੰਬਧ ਦੀ ਲੋੜ ਹੈ।
ਸੰਪਰਕ: 98154-20625