ਬੂਟਾ ਰਾਮ ਧਰਮਸੌਤ
ਮਨੁੱਖ ਨੂੰ ਜਿਉਂਦੇ ਰਹਿਣ ਦੇ ਲਈ ਕੁੱਲੀ, ਗੁੱਲੀ, ਜੁੱਲੀ ਦੀ ਤਾਂ ਜ਼ਰੂਰਤ ਹੈ ਹੀ, ਇਸ ਤੋਂ ਇਲਾਵਾ ਮਨੁੱਖ ਨੂੰ ਗਿਆਨ ਅਤੇ ਇੱਜ਼ਤ-ਮਾਣ ਦੀ ਵੀ ਲੋੜ ਹੈ। ਇਨ੍ਹਾਂ ਸਾਰੀਆਂ ਲੋੜਾਂ ਤੇ ਸਮੱਸਿਆਵਾਂ ਦਾ ਇੱਕੋ ਹੱਲ ਹੋ ਸਕਦਾ ਹੈ – ‘ਸਿੱਖਿਆ’। ਸਿੱਖਿਆ ਹੀ ਅਜਿਹੀ ਕੂੰਜੀਂ ਹੈ ਜੋ ਤੁਹਾਡੇ ਲਈ ਕਈ ਤਰੱਕੀ ਤੇ ਅੱਗੇ ਵਧਣ ਦੇ ਰਾਹ ਖੋਲ੍ਹ ਦਿੰਦੀ ਹੈ। ਜਿਸ ਮਨੁੱਖ ਪਾਸ ਸਿੱਖਿਆ ਹੈ, ਉਸ ਕੋਲ ਸਭ ਕੁਝ ਹੈ। ਉਹ ਆਪਣੀ ਬੁੱਧੀ ਨਾਲ ਕੋਈ ਵੀ ਵੱਡਾ-ਛੋਟਾ ਕੰਮ ਕਰਕੇ ਰੋਜ਼ੀ-ਰੋਟੀ ਕਮਾ ਸਕਦਾ ਹੈ। ਅਜੋਕੇ ਆਧੁਨਿਕ ਸਮੇਂ ਦੇ ਵਿੱਚ ਸਿੱਖਿਆ ਦੇ ਘੇਰਾ ਬਹੁਤ ਫੈਲ ਚੁੱਕਾ ਹੈ, ਜਿਵੇਂ: ਡਾਕਟਰੀ, ਇੰਜਨੀਅਰਿੰਗ, ਅਧਿਆਪਨ, ਕੁੰਕਿਗ, ਹੇਅਰ ਸਟਾਇਲ, ਲੀਡਰਸ਼ਿਪ, ਕਾਨੂੰਨ, ਸੰਗੀਤ, ਖੇਡ ਸਿੱਖਿਆ ਅਤੇ ਡਿਫੈਂਸ ਭਾਵ ਲਗਭਗ ਹਰ ਫੀਲਡ ਵਿੱਚ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ।
ਕੁੱਝ ਲੋਕ ਸੋਚਦੇ ਹਨ ਕਿ ਸਿੱਖਿਆ ਸਿਰਫ ਨੌਕਰੀ ਲਈ ਹੀ ਪ੍ਰਾਪਤ ਕੀਤੀ ਜਾਂਦੀ ਹੈ, ਪਰ ਉਨ੍ਹਾਂ ਨੂੰ ਇਸ ਵਿਚਾਰ ਨੂੰ ਤਿਆਗਣਾ ਪਵੇਗਾ ਅਤੇ ਇਹ ਸੋਚਣਾ ਪਵੇਗਾ ਕਿ ਸਾਨੂੰ ਆਪਣੀਆਂ ਰੋਜ਼ਾਨਾ ਲੋੜਾਂ ਦੇ ਲਈ ਵੀ ਸਿੱਖਿਆ ਦੀ ਲੋੜ ਹੈ। ਜਿਵੇਂ ਕਿ ਕਿਸੇ ਵੀ ਦਫਤਰ ਦੇ ਵਿੱਚ ਜਾ ਕੇ ਆਪਣੇ ਲਈ ਭਲਾਈ ਸਕੀਮ ਦਾ ਫਾਰਮ ਭਰਨਾ, ਕਿਸੇ ਡਾਕਟਰ ਕੋਲ ਜਾਣਾ, ਬੈਂਕਿੰਗ ਦੇ ਕੰਮਾਂ ਵਿੱਚ, ਮੋਬਾਈਲ ਫੋਨ ਦਾ ਇਸਤੇਮਾਲ ਕਰਨਾ ਜਾਂ ਆਪਣੀ ਸਿਹਤ ਦਾ ਧਿਆਨ ਰੱਖਣਾ, ਯਾਤਰਾ ਕਰਨਾ। ਇਨ੍ਹਾਂ ਸਭ ਕੰਮਾਂ ਲਈ ਸਾਨੂੰ ਕਈ ਵਾਰ ਦੂਸਰਿਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਜੇ ਸਾਡੇ ਪਾਸ ਸਿੱਖਿਆ ਹੈ ਤਾਂ ਅਸੀ ਇਨ੍ਹਾਂ ਕੰਮਾਂ ਨੂੰ ਸਹੀ ਅਤੇ ਜਲਦੀ ਕਰ ਸਕਦੇ ਹਾਂ।
ਪਿਛਲੇ ਕੁਝ ਸਮੇਂ ਤੋਂ ਸਾਡੀਆ ਸਰਕਾਰਾਂ ਵੀ ਨੌਜਵਾਨਾਂ ਵਿੱਚ ਸਕਿੱਲ ਭਾਵ ਯੋਗਤਾ ਪੈਦਾ ਕਰਨ ਲਈ ਕਾਫੀ ਜੱਦੋ-ਜਹਿਦ ਕਰ ਰਹੀਆਂ ਹਨ। ਜਿਵੇਂ ਕਿ ਪ੍ਰਧਾਨ ਮੰਤਰੀ ਸਕਿੱਲ ਡਿਵੈਲਪਮੈਂਟ ਸਕੀਮ ਅਧੀਨ ਅਨੇਕਾਂ ਨੌਜਵਾਨਾਂ ਨੂੰ ਹੱਥੀਂ ਹੁਨਰ ਦੇ ਕੇ ਰੁਜ਼ਗਾਰ ਦੇਣ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਵੀ ਬਣ ਰਹੀ ਹੈ। ਇਸ ਸਬੰਧੀ ਵੱਖ-ਵੱਖ ਕੋਰਸਾਂ ਦੀ ਚੋਣ ਕਰਨ ਤੋਂ ਪਹਿਲਾਂ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪੈਣਾ ਹੈ। ਜਿਵੇਂ ਕਿ ਕੋਰਸ ਲਈ ਲੋੜੀਂਦੀ ਯੋਗਤਾ, ਕੋਰਸ ਦਾ ਸਮਾਂ, ਫੀਸ, ਕੋਰਸ ਦਾ ਸਕੋਪ, ਕੋਰਸ ਦਾ ਮਾਧਿਅਮ, ਕੋਰਸ ਦਾ ਕਾਲਜ ਤੇ ਯੂਨੀਵਰਸਿਟੀ ਆਦਿ। ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਕਹਿੰਦੇ ਹਨ: ‘ਸਿੱਖਿਆ ਸੇਰਨੀ ਦਾ ਦੁੱਧ ਹੈ, ਜੋ ਜਿੰਨਾ ਪੀਵੇਗਾ ਉਂਨ੍ਹਾ ਹੀ ਦਹਾੜੇਗਾ’। ‘ਤੁਹਾਡੇ ਪੈਰਾਂ ਵਿੱਚ ਜੁੱਤੀ ਹੋਵੇ ਜਾਂ ਨਾ ਹੋਵੇ। ਪਰ ਤੁਹਾਡੇ ਹੱਥ ਵਿੱਚ ਕਿਤਾਬ ਜ਼ਰੂਰ ਹੋਵੇ’। ‘ਇਕ ਰੋਟੀ ਘੱਟ ਖਾਓ, ਪਰ ਬੱਚਿਆਂ ਨੂੰ ਜ਼ਰੂਰ ਪੜ੍ਹਾਓ’।
ਭਾਰਤੀ ਸੰਵਿਧਾਨ ਦੀ ਧਾਰਾ 51 ਏ ਵਿਚ 86ਵੀਂ ਸੋਧ ਵਿੱਚ ਸ਼ਾਮਿਲ ਕੀਤਾ ਗਿਆ ਕਿ ਮਾਪਿਆਂ ਦਾ ਇਹ ਬੁਨਿਆਦੀ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆ ਨੂੰ ਸਕੂਲ ਜ਼ਰੂਰ ਭੇਜਣ। ਅੱਜ ਵੀ ਸਮਾਜ ਦੇ ਪੱਛੜੇ ਵਰਗਾਂ ਦੇ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ, ਜਿਸ ਦੇ ਕਈ ਕਾਰਨ ਹਨ, ਜਿਵੇਂ: ਜਾਗਰੂਕਤਾ ਦੀ ਘਾਟ, ਬੇਰੁਜ਼ਗਾਰੀ ਦਾ ਡਰ, ਗਲਤ ਸੰਗਤ, ਗਰੀਬੀ, ਅਗਵਾਈ ਦੀ ਕਮੀ ਅਤੇ ਹੋਰ ਬਹੁਤ ਸਾਰੇ। ਸਿੱਖਿਆ ਪ੍ਰਾਪਤ ਕਰਨ ਲਈ ਸਾਨੂੰ ਪੈਸੇ ਦੀ ਬਹੁਤ ਲੋੜ ਪੈਂਦੀ ਹੈ। ਸਾਡੇ ਸਮਾਜ ਦੇ ਵਿੱਚ ਕੁਝ ਲੋਕ ਤਾਂ ਬਹੁਤ ਅਮੀਰ ਹਨ, ਪਰ ਬਹੁਤ ਸਾਰੇ ਕਾਫ਼ੀ ਗਰੀਬ ਹਨ। ਇਨ੍ਹਾਂ ਗਰੀਬ ਲੋਕਾਂ ਦੇ ਬੱਚਿਆਂ ਤਕ ਸਿੱਖਿਆ ਪਹੁੰਚਾਉਣ ਦੇ ਲਈ ਕਈ ਭਲਾਈ ਸਕੀਮਾਂ ਚਲਾਈਆ ਜਾਂਦੀਆਂ ਹਨ, ਜਿਨ੍ਹਾਂ ਵਿਚ ਸਕਾਲਰਸ਼ਿਪ ਭਾਵ ਵਜ਼ੀਫ਼ੇ ਅਹਿਮ ਹਨ। ਸਕਾਲਰਸ਼ਿਪ ਸਕੀਮਾਂ ਦੇ ਬਾਵਜੂਦ ਬਹੁਤ ਸਾਰੇ ਵਿਦਿਆਰਥੀ ਇਨ੍ਹਾਂ ਨੂੰ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਸਭ ਤੋਂ ਪਹਿਲਾਂ ਵਿਦਿਆਰਥੀ ਇਸ ਲਈ ਸਮੇਂ ਸਿਰ ਅਪਲਾਈ ਨਹੀਂ ਕਰਦੇ। ਦੂਜਾ ਕਾਰਨ ਹੈ ਅਧੂਰੇ ਦਸਤਾਵੇਜ਼ ਜਾਂ ਦਸਤਾਵੇਜ਼ਾਂ ਵਿੱਚ ਗਲਤੀਆਂ ਆਦਿ।
ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਅੱਜਕਲ੍ਹ ਦੇ ਡਿਜੀਟਲ ਜ਼ਮਾਨੇ ਦੇ ਵਿੱਚ ਇਨ੍ਹਾਂ ਕਾਰਨਾਂ ਤੋਂ ਬਚਣ। ਜ਼ਿਆਦਾਤਰ ਸ਼ਕਾਲਰਸ਼ਿਪਸ ਦੇ ਫਾਰਮ ਹਰ ਸਾਲ ਸਤੰਬਰ ਤੋਂ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਵਿਦਿਆਰਥੀਆਂ ਨੂੰ ਇਸ ਤੋਂ ਪਹਿਲਾਂ ਆਪਣੇ ਸਾਰੇ ਦਸਤਾਵੇਜ਼ ਤਿਆਰ ਕਰਵਾ ਲੈਣੇ ਚਾਹੀਦੇ ਹਨ। ਇਹ ਗੱਲ ਵੀ ਯਕੀਨੀ ਬਣਾਉਣ ਕਿ ਇਨ੍ਹਾਂ ਸਕੀਮਾਂ ਦਾ ਲਾਭ ਉਠਾਉਣ ਲਈ ਉਹ ਅਖਬਾਰ, ਕਾਲਜ ਦਾ ਨੋਟਿਸ ਬੋਰਡ ਪੜ੍ਹਨ, ਕਾਲਜ ਦੇ ਸਬੰਧਿਤ ਨੋਡਲ ਅਫਸਰ ਨਾਲ ਤਾਲਮੇਲ ਕਰਨ।
ਨਾਲ ਹੀ ਸਾਡੇ ਚੁਣੇ ਹੋਏ ਲੋਕ ਨੁਮਾਇੰਦਿਆਂ ਵੀ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਲੋੜੀਂਦੇ ਸਕਾਲਰਸ਼ਿਪ ਸਰਟੀਫਿਕੇਟ ਬਣਾਉਣ ਲਈ ਪਿੰਡ, ਮੁਹੱਲੇ ਵਿੱਚ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਕੈਂਪ ਆਦਿ ਲਗਵਾਉਣ, ਤਾਂ ਕਿ ਉਥੇ ਇਕੋ ਥਾਂ ਵਿਦਿਆਰਥੀਆਂ ਦੇ ਸਾਰੇ ਸਰਟੀਫਿਕੇਟ ਆਦਿ ਤਸਦੀਕ ਹੋ ਜਾਣ ਅਤੇ ਹੋਰ ਘਾਟਾਂ ਪੂਰੀਆਂ ਹੋ ਜਾਣ। ਇਸ ਨਾਲ ਘੱਟ ਸਮੇਂ ਵਿੱਚ ਜ਼ਿਆਦਾ ਕੰਮ ਹੋਵੇਗਾ ਅਤੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ, ਕਿਉਂਕਿ ਅਕਸਰ ਆਮ ਲੋਕ ਜਾਣਕਾਰੀ ਦੀ ਘਾਟ ਜਾਂ ਅਨਪੜ੍ਹਤਾ ਆਦਿ ਕਾਰਨਾਂ ਕਰ ਕੇ ਦਫ਼ਤਰਾਂ ਆਦਿ ਵਿੱਚ ਜਾਣ ਤੋਂ ਕੰਨੀ ਕਤਰਾਉਂਦੇ ਹਨ। ਕਈ ਵਾਰ ਦਫ਼ਤਰਾਂ ਵਿੱਚ ਮੁਲਾਜ਼ਮ ਤੇ ਅਫਸਰ ਆਮ ਲੋਕਾਂ ਦੀ ਗੱਲ ਵੀ ਨਹੀਂ ਸੁਣਦੇ, ਜਿਸ ਕਾਰਨ ਲੋਕ ਨਿਰਾਸ਼ ਹੋ ਜਾਂਦੇ ਹਨ।
ਸਾਡੀਆ ਵਿਦਿਅਕ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਪੱਧਰ ਉੱਪਰ ਅਜਿਹੇ ਯੋਗ ਵਿਦਿਆਰਥੀਆਂ ਦੀ ਪਛਾਣ ਦਾਖਲੇ ਸਮੇਂ ਹੀ ਕਰ ਲੈਣ ਅਤੇ ਉਨ੍ਹਾਂ ਲੋੜੀਂਦੇ ਸਰਟੀਫਿਕੇਟ ਬਣਵਾਉਣ ਲਈ ਅਗਵਾਈ ਕਰਨ। ਇਸ ਨਾਲ ਸੰਸਥਾ ਨੂੰ ਵੀ ਆਰਥਿਕ ਫਾਇਦਾ ਹੋਵੇਗਾ ਕਿਉਂਕਿ ਵੱਧ ਤੋਂ ਵੱਧ ਵਿਦਾਆਰਥੀ ਫੀਸ ਭਰ ਸਕਣਗੇ। ਪੰਜਾਬ ਦੇ ਵਿੱਚ ਚੱਲ ਰਹੀਆਂ ਸਕਾਲਰਸ਼ਿਪ ਸਕੀਮਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:
ਡਾ. ਅੰਬੇਦਕਰ ਸਕਾਲਰਸ਼ਿਪ, ਜੋ ਐਸਸੀ ਅਤੇ ਬੀਸੀ ਉਮੀਦਵਾਰਾਂ ਲਈ ਹੀ ਹੈ, ਜਿਸ ਨੂੰ ਰੀਪੀਅਰ ਵਾਲੇ ਵਿਦਿਆਰਥੀ ਵੀ ਭਰ ਸਕਦੇ ਹਨ। ਬੱਚੇ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਕਾਲਜ ਵਿੱਚ ਵੱਧ ਤੋਂ ਵੱਧ ਹਾਜ਼ਰੀ ਹੋਵੇ। ਇਹ ਸਕਾਲਰਸ਼ਿਪ ਹਰ ਸਾਲ ਲਗਭਗ ਸਤੰਬਰ ਮਹੀਨੇ ਸ਼ੁਰੂ ਹੋ ਕੇ ਨਵੰਬਰ ਤਕ ਚਲਦੀ ਹੈ। ਇਸ ਸਕੀਮ ਲਈ ਇਹ ਦਸਤਾਵੇਜ਼ ਤੇ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ: ਬੈਂਕ ਖਾਤਾ, ਜੋ ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੋਵੇ ਅਤੇ ਬੈਂਕ ਵੀ ਆਨਲਾਈਨ ਹੋਵੇ। ਦੂਜਾ, ਆਮਦਨ ਸਰਟੀਫਿਕੇਟ ਮਾਤਾ ਪਿਤਾ ਵੱਲੋਂ (ਬੱਚੇ ਇਹ ਗੱਲ ਯਕੀਨੀ ਬਣਾਉਣ ਕਿ ਹਰ ਸਾਲ ਦੇ ਸ਼ੁਰੂ ਵਿੱਚ ਹੀ ਆਪਣੇ ਮਾਤਾ ਪਿਤਾ ਦਾ ਆਮਦਨ ਸਰਟੀਫਿਕੇਟ ਬਣਵਾ ਲੈਣ। ਇਹ ਤਹਿਸੀਲਦਾਰ ਵੱਲੋਂ ਸਹੀਬੰਦ ਹੁੰਦਾ ਹੈ ਜੋ ਆਪਣੇ ਨੇੜਲੇ ਸੇਵਾ ਕੇਂਦਰ ਤੋਂ ਬਣਵਾਇਆ ਜਾ ਸਕਦਾ ਹੈ), ਆਧਾਰ ਕਾਰਡ (ਨਾਮ ਬਗੈਰਾ ਵਿੱਚ ਕੋਈ ਗਲਤੀ ਨਾ ਹੋਵੇ), ਕਾਲਜ ਦੇ ਵਿੱਚ ਦਾਖਲੇ ਸਮੇਂ ਮਿਲੀਆਂ ਰਸੀਦਾਂ ਜਿਵੇਂ ਕਿ ਫੀਸ ਸਲਿੱਪ, ਦਾਖ਼ਲਾ ਸਲਿੱਪ, ਹੋਸਟਲ ਸਲਿੱਪ ਆਦਿ, ਆਪਣਾ ਐਸਸੀ/ਬੀਸੀ ਜਾਤੀ ਦਾ ਸਰਟੀਫਿਕੇਟ, ਰਿਹਾਇਸ਼ੀ ਸਬੂਤ, ਫੋਟੋ, ਮਾਪਿਆਂ ਦੇ ਆਧਾਰ ਕਾਰਡ, ਮੋਬਾਈਲ ਨੰਬਰ ਜੋ ਕਦੇ ਵੀ ਨਾ ਬਦਲਿਆ ਜਾਵੇ। ਇਹ ਸਭ ਦਸਤਾਵੇਜ਼ ਜੇ ਤੁਹਾਡੇ ਕੋਲ ਹਨ ਤਾਂ ਤੁਸੀਂ ਸਤੰਬਰ ਮਹੀਨੇ ਵਿੱਚ ਸਕਾਲਰਸ਼ਿਪ ਸ਼ੁਰੂ ਹੋਣ ’ਤੇ ਤੁਸੀ ਇਸ ਸਕਾਲਸ਼ਿਪ ਲਈ ਸਾਈਬਰ ਕੈਫੇ ਜਾ ਕੇ ਜਾਂ ਖੁਦ ਵੈਬਸਾਇਟ ਤੇ http:// www. scholarships. punjab.gov.in/ ਰਾਹੀਂ ਅਪਲਾਈ ਕਰ ਸਕਦੇ ਹੋ।
ਇਸ ਤੋਂ ਇਲਾਵਾ ਜਿਨ੍ਹਾਂ ਵਿਦਿਆਰਥੀਆਂ ਦੇ ਮਾਪੇ ਉਸਾਰੀ ਦੇ ਕੰਮਾਂ ਵਿੱਚ ਲੱਗੇ ਹਨ ਜਿਵੇਂ ਨਰੇਗਾ, ਭੱਠੇ ’ਤੇ ਇੱਟਾਂ ਥੱਪਣ, ਬਿਜਲੀ, ਪਲੰਬਰ, ਗੇਟ ਗਰਿੱਲਾਂ, ਲੱਕੜ, ਰਗੜਾਈ, ਪੱਥਰ ਲਗਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਦੀ ਪੰਜਾਬ ਬਿੰਲਡਿਗ ਉਸਾਰੀ ਬੋਰਡ, ਪੰਜਾਬ ਦੇ ਵਿੱਚ ਰਜਿਟਰੇਸ਼ਨ ਹੁੰਦੀ ਹੈ। ਇਸ ਦੀ ਇਕ ਵਿਸ਼ੇਸ਼ ਪਾਸ ਬੁੱਕ ਮਿਲ ਜਾਂਦੀ ਹੈ, ਜਿਸੇ ਦੇ ਹਰ ਮਹੀਨੇ ਪੰਜਾਬ ਸਰਕਾਰ ਨੂੰ ਸਿਰਫ 5 ਰੁਪਏ ਦੇਣੇ ਪੈਂਦੇ ਹਨ। ਇਹ ਫੀਸ 3-5 ਸਾਲ ਦੀ ਇੱਕਠੀ ਵੀ ਭਰੀ ਜਾ ਸਕਦੀ ਹੈ।
ਇਸ ਬੋਰਡ ਵੱਲੋਂ ਕਿਰਤੀਆਂ ਦੇ ਬੱਚਿਆਂ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਵੇਂ ਸ਼ਗਨ ਸਕੀਮ 51000/ ਰੁਪਏ, ਸਾਈਕਲ ਸਕੀਮ, ਟੂਰ ਪ੍ਰੋਗਰਾਮ, ਜਿਸ ਕੰਮ ਨੂੰ ਤੁਸੀਂ ਕਰ ਰਹੇ ਹੋ ਉਸ ਲਈ ਸੰਦ ਖ਼ਰੀਦਣੇ ਆਦਿ ਪਰ ਸਭ ਤੋਂ ਜ਼ਰੂਰੀ ਇਸ ਵਿੱਚ ਸਕਾਲਰਸ਼ਿਪ ਸਕੀਮ ਹੈ ਜਿਸਦਾ ਕਾਫੀ ਪੈਸਾ ਅਣਵਰਤਿਆ ਹੀ ਰਹਿ ਜਾਂਦਾ ਹੈ। ਬਹੁਤ ਹੀ ਘੱਟ ਵਿਦਿਆਰਥੀ ਇਸ ਸਕੀਮ ਦਾ ਫਾਇਦਾ ਉਠਾਉਂਦੇ ਹਨ।
ਇਹ ਸਕੀਮ ਵੀ ਲਗਭਗ ਸਤੰਬਰ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਮਾਰਚ ਮਹੀਨੇ ਤਕ ਚਲਦੀ ਹੈ। ਜੇ ਕੋਈ ਵਿਦਿਆਰਥੀ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਸੇਵਾ ਕੇਂਦਰ ਜਾਂ ਜ਼ਿਲ੍ਹੇ ਦੇ ਲੇਬਰ ਅਫਸਰ ਪਾਸ ਜਾ ਕੇ ਸਕਾਲਰਸ਼ਿਪ ਫਾਰਮ ਲੈਣਾ ਚਾਹੀਦਾ ਹੈ। ਉਸ ਨੂੰ ਧਿਆਨ ਨਾਲ ਮੁਕੰਮਲ ਕਰ ਕੇ ਲੇਬਰ ਅਫਸਰ ਪਾਸ ਜਾਂ ਜੋਂ ਵੀ ਉਸ ਫਾਰਮ ਤੇ ਲਿਖੇ ਅਧਿਕਾਰੀ ਹੋਣ, ਉਸ ਕੋਲ ਜਮ੍ਹਾਂ ਕਰਵਾ ਦੇਣ। ਇਹ ਗੱਲ ਖ਼ਾਸ ਧਿਆਨ ਦੇਣ ਯੋਗ ਹੈ ਕਿ ਜਿਸ ਵਿਦਿਆਰਥੀ ਨੇ ਕਿਸੇ ਹੋਰ ਵੀ ਸਕਾਲਰਸ਼ਿਪ ਲਈ ਅਪਲਾਈ ਕੀਤਾ ਹੈ, ਉਹ ਵੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦਾ ਹੈ। ਇਸ ਦਾ ਦੂਜੀ ਕਿਸੇ ਸਕੀਮ ਨਾਲ ਕੋਈ ਸਬੰਧ ਨਹੀਂ ਹੈ।
ਜਰਨਲ ਵਿਦਿਆਰਥੀ ਜੋ ਈਸਾਈ, ਮੁਸਲਿਮ, ਸਿੱਖ ਅਤੇ ਬੋਧੀ ਧਰਮਾਂ ਨਾਲ ਸਬੰਧ ਰੱਖਦੇ ਹਨ, ਲਈ ਨੈਸ਼ਨਲ ਸਕਾਲਰਸ਼ਿਪ ਫਾਰ ਮਾਇਨੌਰਿਟੀਜ਼ (ਘੱਟਗਿਣਤੀਆਂ ਲਈ ਕੌਮੀ ਵਜ਼ੀਫ਼ਾ) ਸਕੀਮ ਹੈ। ਇਸ ਲਈ ਉਪਰੋਕਤ ਦਸਤਾਵੇਜ਼ਾਂ ਤੋਂ ਇਲਾਵਾ ਪਿਛਲੀ ਜਮਾਤ ਵਿਚੋਂ 50 ਫ਼ੀਸਦੀ ਨੰਬਰ ਹੋਣੇ ਜ਼ਰੂਰੀ ਹਨ। ਪਿਛਲੀ ਕਲਾਸ ਵਿੱਚੋਂ ਕੋਈ ਰੀਪੀਅਰ ਵੀ ਨਹੀਂ ਹੋਣੀ ਚਾਹੀਦੀ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆ ਸਕਾਲਰਸ਼ਿਪ ਸਕੀਮਾਂ ਹਨ, ਜਿਵੇਂ ਕਿ ਆਰਮੀ ਵਿੱਚੋਂ ਰਿਟਾਇਰ ਕਰਮੀਆਂ ਦੇ ਬੱਚਿਆਂ ਲਈ ਵਜ਼ੀਫ਼ਾ ਸਕੀਮ, ਜਿਸ ਲਈ ਜ਼ਿਲ੍ਹਾ ਸੈਨਿਕ ਭਲਾਈ ਅਫਸਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਸਿੰਗਲ ਗਰਲ ਚਾਈਲਡ ਭਾਵ ਇਕੱਲੀ ਲੜਕੀ ਲਈ ਵਜ਼ੀਫ਼ਾ, ਕੈਂਸਰ ਪੀੜਤ, ਸਰੀਰਕ ਅਪੰਗਤਾ, ਖਿਡਾਰੀ, ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀ, ਸੱਭਿਆਚਾਰਕ ਸਰਗਰਮੀਆਂ ਵਾਲੇ ਵਦਿਆਰਥੀ, ਯੂਨੀਵਰਸਿਟੀ ਸਕਾਲਰਸ਼ਿਪ, ਪੰਜਾਬ ਉਚੇਰੀ ਸਿੱਖਿਆ ਵਿਭਾਗ, ਕਾਲਜ ਜਾਂ ਸੰਸਥਾ ਵੱਲੋਂ ਆਪਣੇ ਪੱਧਰ ਉੱਪਰ ਵਜ਼ੀਫ਼ੇ ਆਦਿ। ਇਨ੍ਹਾਂ ਸਭ ਵਜ਼ੀਫ਼ਾ ਸਕੀਮਾਂ ਲਈ ਕਾਲਜ ਦੇ ਨੋਡਲ ਅਫਸਰ ਨਾਲ ਸੰਪਰਕ ਕਰ ਕੇ ਅਰਜ਼ੀ ਦਿੱਤੀ ਜਾ ਸਕਦੀ ਹੈ।
ਕਈ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੀ ਅਜਿਹੀਆਂ ਸਕੀਮਾਂ ਚਲਾਉਂਦੀਆਂ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਅਜਿਹੀਆਂ ਸਕੀਮਾਂ ਬਾਰੇ ਕਾਲਜ ਦੇ ਨੋਟਿਸ ਬੋਰਡ ’ਤੇ ਲਿਖਿਆ ਜਾਂਦਾ ਹੈ ਅਤੇ ਅਖਬਾਰਾਂ ਵਿੱਚ ਇਸ਼ਤਿਹਾਰ ਆਦਿ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਯਕੀਨੀ ਬਣਾਉਣ ਕਿ ਜੋ ਵੀ ਮੋਬਾਈਲ ਨੰਬਰ ਤੁਸੀਂ ਇਕ ਵਾਰ ਲੈ ਲਿਆ, ਉਸ ਨੂੰ ਬਦਲਿਆ ਨਾ ਜਾਵੇ। ਜੇ ਤੁਸੀਂ ਨੰਬਰ ਬਦਲ ਦਿੰਦੇ ਹੋ ਤਾਂ ਕਾਲਜ ਜਾਂ ਦਫ਼ਤਰ ਵੱਲੋਂ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਜਾ ਸਕੇਗਾ ਤੇ ਤੁਹਾਡਾ ਨੁਕਸਾਨ ਹੋ ਸਕਦਾ ਹੈ।
*ਪਿੰਡ ਮਾਨਾ ਪਿੰਡੀ, ਜ਼ਿਲ੍ਹਾ ਬਰਨਾਲਾ।