ਸਵਰਾਜਬੀਰ
ਨਾਟਕਕਾਰ ਸ਼ਰਦ ਜੋਸ਼ੀ ਨੇ ਕਈ ਦਹਾਕੇ ਪਹਿਲਾਂ ਇਕ ਨਾਟਕ ਲਿਖਿਆ ਸੀ। ਮੈਂ ਡਰਦਾ ਹਾਂ; ਉਸ ਦਾ ਨਾਂ ਨਹੀਂ ਲਿਖਾਂਗਾ ਪਰ ਉਸ ਵਿਚੋਂ ਕੁਝ ਵਾਰਤਾਲਾਪ ਤੁਹਾਡੇ ਨਾਲ ਸਾਂਝੀ ਕਰਾਂਗਾ। ਨਾਟਕ ਵਿਚ ਇਕ ਨਵਾਬ ਹੈ, ਦਰਬਾਰੀ ਹਨ, ਕੋਤਵਾਲ ਹੈ, ਚਿੰਤਕ ਹਨ, ਧੋਬੀ, ਪਾਨਵਾਲਾ, ਦਰਜ਼ੀ, ਇਕ ਔਰਤ, ਸੂਤਰਧਾਰ ਆਦਿ ਹਨ। ਨਾਟਕ ਦੇ ਇਕ ਮੰਜ਼ਰ ’ਤੇ ਨਵਾਬ ਅਤੇ ਚਿੰਤਕਾਂ ਵਿਚਕਾਰ ਗੱਲਬਾਤ ਦੇ ਕੁਝ ਹਿੱਸੇ ਏਦਾਂ ਹਨ :
‘‘ਨਵਾਬ : ਅਸੀਂ ਤਾਂ ਹਮੇਸ਼ਾਂ ਨਵੀਆਂ ਨਵੀਆਂ ਗੱਲਾਂ ਕਰਦੇ ਹਾਂ। ਬਚਪਨ ਤੋਂ ਹੀ ਸਾਡੇ ਦਿਮਾਗ਼ ਵਿਚ ਵਧੀਆ ਤੋਂ ਵਧੀਆ ਵਿਚਾਰ ਆਉਂਦੇ ਹਨ।
ਚਿੰਤਕ-2 : ਜੇਲ੍ਹ ਦੀਆਂ ਦੀਵਾਰਾਂ ਉੱਚੀਆਂ ਕਰਨ ਨਾਲ ਸ਼ਹਿਰ ਬਹੁਤ ਖ਼ੂਬਸੂਰਤ ਹੋ ਗਿਆ ਹਜ਼ੂਰ!
ਨਵਾਬ : ਅਸੀਂ ਜਾਣਦੇ ਸੀ। ਸਾਨੂੰ ਇਸ ਗੱਲ ਦਾ ਬਹੁਤ ਪਹਿਲਾਂ ਈ ਇਲਮ ਸੀ। … ਹਾਂ, ਇਹ ਦੱਸੋ, ਤੁਸੀਂ ਕਿਸ ਚੀਜ਼ ਬਾਰੇ ਮੇਰੇ ਖਿਆਲ ਜਾਣਨਾ ਚਾਹੁੰਦੇ ਹੋ?
ਚਿੰਤਕ-1 : ਹਜ਼ੂਰ, ਅਸੀਂ ‘ਵਕਤ’ ਬਾਰੇ ਬਹਿਸ ਕਰ ਰਹੇ ਹਾਂ।
ਨਵਾਬ : ਵਾਹ ਵਾਹ, ਕਈ ਵਾਰ ਦਿਲ ਕਰਦੈ, ਤੁਹਾਡੀਆਂ ਤਨਖਾਹਾਂ ਵਧਾ ਦਿਆਂ। ਫੈਲੋਸ਼ਿਪ ਦਿਵਾ ਦਿਆਂ, ਬੈਠੇ ਖਾਂਦੇ ਰਹਿਣਾ ਠਾਠ ਨਾਲ… ਪਰ ਮੇਰੀ ਮੰਨੋ, ਵਕਤ ਬਾਰੇ ਨਾ ਸੋਚੋ। ਉਸ ਬਾਰੇ ਤਾਂ ਅਸੀਂ ਪਹਿਲਾਂ ਹੀ ਸੋਚ ਚੁੱਕੇ ਹਾਂ… ਵਕਤ ਬਹੁਤ ਕੀਮਤੀ ਹੁੰਦੈ। ਇਸ ਲਈ ਲੋਕਾਂ ਨੂੰ ਚਾਹੀਦੈ ਵਕਤ ਦੀ ਕਦਰ ਕਰਨ, ਉਸ ਨੂੰ ਜ਼ਾਇਆ ਨਾ ਕਰਨ। ਨੋਟ ਕਰੋ! ਨੋਟ ਕਰੋ!! ਸਾਡੇ ਮੂੰਹ ਤੋਂ ਵਧੀਆ ਵਧੀਆ ਗੱਲਾਂ ਨਿਕਲਦੀਆਂ ਰਹਿੰਦੀਆਂ ਨੇ ਤੇ ਕੋਈ ਨੋਟ ਈ ਨਹੀਂ ਕਰਦਾ। ਏਹੀ ਬਦਇੰਤਜ਼ਾਮੀ ਸਾਨੂੰ ਪਸੰਦ ਨਹੀਂ! ਕੱਲ੍ਹ ਨੂੰ ਸ਼ਿਕਾਇਤ ਕਰੋਗੇ ਕਿ ਪੜ੍ਹੇ-ਲਿਖੇ ਲੋਕਾਂ ਨੂੰ ਚੰਗੀਆਂ ਕਿਤਾਬਾਂ ਨਹੀਂ ਮਿਲਦੀਆਂ।’’
ਚਿੰਤਕ ਨੋਟ ਕਰਦੇ ਹਨ। ਅਤੇ ਫਿਰ ਨਾਟਕਕਾਰ ਉਨ੍ਹਾਂ ਸਮਿਆਂ ਵੱਲ ਆਉਂਦਾ ਹੈ ਜਦ ਉਸ ਨੇ ਨਾਟਕ ਲਿਖਿਆ ਸੀ:
‘‘ਨਵਾਬ : ਚਿੰਤਕੋ, ਤੁਹਾਨੂੰ ਯਾਦ ਹੋਵੇਗਾ, ਇਕ ਵਾਰ ਅਸੀਂ ਕਿਹਾ ਸੀ… ਕਿ ਗ਼ਰੀਬੀ ਹਟਾ ਦੇਵਾਂਗੇ। ਬੱਸ ਕਹਿ ਦਿੱਤਾ ਕਿ ਗ਼ਰੀਬੀ ਹਟਾਵਾਂਗੇ। … ਡੰਕੇ ਦੀ ਚੋਟ ’ਤੇ ਬੋਲ ਦਿੱਤਾ ਕਿ ਗ਼ਰੀਬੀ ਹਟਾਓ!
ਚਿੰਤਕ-3 : ਹਾਂ ਜਨਾਬ, ਉਹ ’ਤੇ ਤੁਹਾਡਾ ਇਤਿਹਾਸਕ ਭਾਸ਼ਣ ਸੀ!
ਨਵਾਬ : ਆਮ ਲੋਕ ਬਹੁਤ ਖੁਸ਼ ਹੋਏ ਕਿ ਨਵਾਬ ਸਾਹਿਬ ਗ਼ਰੀਬੀ ਹਟਾਉਣਗੇ।
ਚਿੰਤਕ-3 : ਬਹੁਤ ਉਮੀਦਾਂ ਜਾਗੀਆਂ ਸਨ, ਲੋਕਾਂ ਦੀਆਂ।
ਨਵਾਬ : ਇਹੀ ਤਾਂ ਜ਼ਰੂਰੀ ਹੈ… ਉਮੀਦ ਜਗਾਉਣਾ।
ਚਿੰਤਕ-1 : ਉਹ ਤਾਂ ਜਾਗੀਆਂ ਰਹਿਣੀਆਂ ਚਾਹੀਦੀਆਂ ਨੇ। ਏਸੇ ਨੂੰ ਆਸ਼ਾਵਾਦ ਕਹਿੰਦੇ ਹਨ।
ਨਵਾਬ : ਪੱਤਰਕਾਰ ਆਏ ਸੀ ਪੁੱਛਣ… ਤੁਸੀਂ ਗ਼ਰੀਬੀ ਕਿਵੇਂ ਦੂਰ ਕਰੋਗੇ? ਅਸੀਂ ਕਿਹਾ… ਮਿਹਨਤ ਕਰੋ, ਹਟ ਜਾਏਗੀ! ਏਨਾ ਜਿਹਾ ਮੂੰਹ ਲੈ ਕੇ ਚਲੇ ਗਏ!’’
ਸਪੱਸ਼ਟ ਹੈ ਕਿ ਲੇਖਕ ਕਿਸ ਨਵਾਬ/ਸ਼ਾਸਕ ਵੱਲ ਸੰਕੇਤ ਕਰ ਰਿਹਾ ਹੈ। ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਿਆਨ ਦਿੱਤਾ ਸੀ ਕਿ ਗ਼ਰੀਬੀ ਹਟਾਓ। ਉਸ ’ਤੇ ਸਿੱਧਾ ਤੇ ਪ੍ਰਤੱਖ ਵਿਅੰਗ ਹੈ। ਇਹ ਨਾਟਕ ਸੈਂਕੜੇ ਵਾਰ ਮੰਚ ’ਤੇ ਪੇਸ਼ ਕੀਤਾ ਗਿਆ। ਇਸ ਨਾਟਕ ਦੇ ਲਿਖੇ ਜਾਣ ਤੋਂ ਪਹਿਲਾਂ ਐਮਰਜੈਂਸੀ ਦੌਰਾਨ ਅਜਿਹੀਆਂ ਲਿਖਤਾਂ, ਫ਼ਿਲਮਾਂ ਆਦਿ ’ਤੇ ਪਾਬੰਦੀ ਵੀ ਲੱਗੀ। ਇੰਦਰਾ ਗਾਂਧੀ 1981 ਵਿਚ ਫਿਰ ਸੱਤਾ ਵਿਚ ਆਈ ਪਰ ਇਹ ਨਾਟਕ ਪੇਸ਼ ਹੁੰਦਾ ਰਿਹਾ। ਕੀ ਹੁਣ ਕੋਈ ਦੇਸ਼ ਦੇ ਮੌਜੂਦਾ ਨਵਾਬਾਂ/ਸ਼ਾਸਕਾਂ ਬਾਰੇ ਕੋਈ ਅਜਿਹਾ ਨਾਟਕ ਲਿਖ ਸਕਦਾ ਹੈ?
ਨਹੀਂ, ਕੋਈ ਨਹੀਂ। ਜੇ ਕੋਈ ਲਿਖੇਗਾ ਤਾਂ ਹੋ ਸਕਦਾ ਹੈ ਉਸ ਨੂੰ ਦੇਸ਼-ਧ੍ਰੋਹੀ, ਰਾਜ-ਧ੍ਰੋਹੀ, ਸ਼ਹਿਰੀ ਨਕਸਲੀ ਆਦਿ ਗਰਦਾਨਿਆ ਜਾਵੇ। ਅੱਜਕੱਲ੍ਹ ਤਾਂ ਕੋਈ ਕਿਸੇ ਸੱਤਾਧਾਰੀ ਦੀ ਆਲੋਚਨਾ ਕਰੇ ਤਾਂ ਉਸ ਨੂੰ ਤਾੜਿਆ ਜਾਂਦਾ ਹੈ ਕਿ ਉਹ ਸ਼ਾਸਕ ਦੇ ਅਹੁਦੇ ਦੀ ਮਰਿਆਦਾ ਦਾ ਖ਼ਿਆਲ ਨਹੀਂ ਰੱਖ ਰਿਹਾ। ਆਲੋਚਨਾ ਅਤੇ ਵਿਅੰਗ ਕਰਨਾ ਮਨ੍ਹਾ ਹੈ।
ਦੇਸ਼ ਦੇ ਸਾਹਿਤਕਾਰ ਸਿਆਣੇ ਬਣ ਰਹੇ ਹਨ। ਉਹ ਇਹੋ ਜਿਹੀ ਲਿਖਤ ਲਿਖਣ ਤੋਂ ਗੁਰੇਜ਼ ਕਰ ਰਹੇ ਹਨ। ਖ਼ੌਫ਼ ਸਾਡੀ ਮਾਨਿਸਕਤਾ ਦਾ ਹਿੱਸਾ ਬਣ ਰਿਹਾ ਹੈ। ਬਹੁਤ ਵਾਰ ਸਾਹਿਤਕਾਰ ਮੌਜੂਦਾ ਸ਼ਾਸਕਾਂ ਦਾ ਲੇਖਾ-ਜੋਖਾ ਕਰਨ ਲਈ ਇਤਿਹਾਸ ਅਤੇ ਮਿਥਿਹਾਸ ਦਾ ਸਹਾਰਾ ਲੈਂਦੇ ਹਨ। 57 ਸਾਲ ਪਹਿਲਾਂ ਕੰਨੜ ਨਾਟਕਕਾਰ ਗਿਰੀਸ਼ ਕਰਨਾਡ ਨੇ ‘ਤੁਗਲਕ’ ਨਾਂ ਦਾ ਨਾਟਕ ਲਿਖਿਆ ਸੀ। ਇਹ 13ਵੀਂ ਸਦੀ ਦੇ ਸੁਲਤਾਨ ਮੁਹੰਮਦ ਬਿਨ ਤੁਗਲਕ ਦੇ ਲਏ ਗਏ ਫ਼ੈਸਲਿਆਂ ਜਿਵੇਂ ਰਾਜਧਾਨੀ ਦਿੱਲੀ ਤੋਂ ਦੱਖਣ ਵਿਚ ਦੌਲਤਾਬਾਦ ਲੈ ਜਾਣਾ, ਸੋਨੇ-ਚਾਂਦੀ ਦੀ ਥਾਂ ’ਤੇ ਪਿੱਤਲ ਦੇ ਸਿੱਕੇ ਜਾਰੀ ਕਰਨਾ, ਲੋਕਾਂ ਨਾਲ ਧਰਮ ਨਿਰਪੱਖਤਾ ਦੇ ਆਧਾਰ ’ਤੇ ਨਿਆਂ ਕਰਨ ਦੀ ਕੋਸ਼ਿਸ਼ ਕਰਨਾ ਆਦਿ ਦੇ ਨਾਲ ਨਾਲ ਤੁਗਲਕ ਅਤੇ ਉਸ ਦੇ ਦਰਬਾਰੀਆਂ ਦੀ ਸੱਤਾ ਦੀ ਚਾਹਤ ਜਿਹੇ ਮਸਲਿਆਂ ਬਾਰੇ ਸੀ। ਸਾਰੇ ਜਾਣਦੇ ਸਨ ਕਿ ਗਿਰੀਸ਼ ਕਰਨਾਡ ਜਵਾਹਰਲਾਲ ਨਹਿਰੂ ਦੀਆਂ ਨੀਤੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਤਫ਼ਾਕਨ ਇਹ ਨਾਵਲ ਉਸ ਵਰ੍ਹੇ (1964) ਵਿਚ ਪ੍ਰਕਾਸ਼ਿਤ ਹੋਇਆ ਜਦ ਨਹਿਰੂ ਦਾ ਦੇਹਾਂਤ ਹੋ ਗਿਆ। ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ। ਬੀਵੀ ਕਰਾਂਥ ਨੇ ਇਸ ਨਾਟਕ ਦਾ ਹਿੰਦੀ-ਉਰਦੂ ਵਿਚ ਅਨੁਵਾਦ ਕੀਤਾ ਅਤੇ 1966 ਵਿਚ ਇਹ ਨਾਟਕ ਇਬਰਾਹੀਮ ਅਲਕਾਜ਼ੀ ਦੀ ਨਿਰਦੇਸ਼ਨਾ ਵਿਚ ਦਿੱਲੀ ਦੇ ਪੁਰਾਣੇ ਕਿਲੇ ਵਿਚ ਪੇਸ਼ ਕੀਤਾ ਗਿਆ। ਮਸ਼ਹੂਰ ਅਦਾਕਾਰ ਮਨੋਹਰ ਸਿੰਘ ਨੇ ਤੁਲਗਕ ਦੀ ਭੂਮਿਕਾ ਨਿਭਾਈ। ਇਹ ਨਾਟਕ ਵੀ ਸੈਂਕੜੇ ਵਾਰ ਖੇਡਿਆ ਗਿਆ ਹੈ। ਹੁਣ ਅਜਿਹੇ ਨਾਟਕਾਂ ਦਾ ਮੰਚਨ ਤਾਂ ਹੁੰਦਾ ਹੈ ਪਰ ਪੇਸ਼ਕਾਰੀਆਂ ਘਟ ਰਹੀਆਂ ਹਨ। ਸਾਨੂੰ ਡਰਾਇਆ ਜਾ ਰਿਹਾ ਹੈ।
ਕੁਝ ਮਜ਼ਾਹੀਆ ਕਲਾਕਾਰਾਂ ਨੇ ਡਰ ਦੀ ਇਸ ਸਲਤਨਤ ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮੰਚ ’ਤੇ ਮੌਜੂਦਾ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੀ ਆਲੋਚਨਾ ਕਰਨ ਵਾਲੇ ਅਤੇ ਵਿਅੰਗਮਈ ਟੋਟਕੇ ਪੇਸ਼ ਕੀਤੇ ਸਨ। ਉਸ ਦਾ ਖਮਿਆਜ਼ਾ ਉਹ ਭੁਗਤ ਰਹੇ ਹਨ। ਉਨ੍ਹਾਂ ਨੇ ਸ਼ਰਦ ਜੋਸ਼ੀ ਦੇ ਨਾਟਕ ਵਿਚ ਚਿਤਰੇ ਗਏ ਚਿੰਤਕਾਂ ਦੀ ਗ਼ੁਲਾਮ ਮਾਨਸਿਕਤਾ ਵਾਲਾ ਸਬਕ ਨਹੀਂ ਸਿੱਖਿਆ ਜਿਹੜਾ ਦੇਸ਼ ਦੇ ਬਹੁਤ ਸਾਰੇ ਚਿੰਤਕਾਂ ਦੀ ਜੀਵਨ-ਜਾਚ ਬਣ ਗਿਆ ਹੈ।
ਪਿਛਲੇ ਦੋ ਮਹੀਨਿਆਂ ਵਿਚ ਮਜ਼ਾਹੀਆ ਕਲਾਕਾਰ ਮੁਨੱਵਰ ਫ਼ਾਰੂਕੀ ਦੇ 12 ਸ਼ੋਅ ਰੱਦ ਕੀਤੇ ਗਏ। ਇਸ ਦਾ ਮੁੱਖ ਕਾਰਨ ਕੱਟੜਪੰਥੀ ਜਥੇਬੰਦੀਆਂ ਦੀਆਂ ਧਮਕੀਆਂ ਸਨ। ਮੁਨੱਵਰ ਨੇ ਕਿਹਾ ਹੈ ਕਿ ਉਸ ਦਾ ਕਲਾ-ਜੀਵਨ ਖ਼ਤਮ ਹੋ ਰਿਹਾ ਹੈ। ਪਿਛਲੇ ਦਿਨੀਂ ਬੰਗਲੌਰ ਵਿਚ ਇਕ ਹੋਰ ਮਜ਼ਾਹੀਆ ਕਲਾਕਾਰ ਕੁਨਾਲ ਕਾਮਰਾ ਦਾ ਸ਼ੋਅ ਰੱਦ ਕਰ ਦਿੱਤਾ ਗਿਆ। ਕਾਮਰਾ ਨੇ ਆਪਣੇ ਕੁਝ ਪ੍ਰੋਗਰਾਮਾਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਦੀਆਂ ਕੁਝ ਨੀਤੀਆਂ ਅਤੇ ਕਾਰਵਾਈਆਂ ਬਾਰੇ ਮਜ਼ਾਕ ਕੀਤੇ ਸਨ। ਕਾਮਰਾ ਨੇ ਦੱਸਿਆ ਕਿ ਉਸ ਦਾ ਪ੍ਰੋਗਰਾਮ ਰੱਦ ਹੋਣ ਦੇ ਦੋ ਕਾਰਨ ਦੱਸੇ ਗਏ ਹਨ : ਪਹਿਲਾ, 45 ਆਦਮੀਆਂ ਦਾ ਇਕੱਠ ਕਰਨ ਦੀ ਇਜਾਜ਼ਤ ਨਾ ਮਿਲਣਾ ਅਤੇ ਦੂਸਰਾ, ਉਸ ਦੇ ਸ਼ੋਅ ਬਾਰੇ ਧਮਕੀਆਂ ਮਿਲਣਾ।
ਕਿਸੇ ਵੀ ਸਮਾਜ ਵਿਚ ਆਮ ਨਾਗਰਿਕਾਂ ਦੇ ਨਾਲ ਨਾਲ ਕਲਾਕਾਰਾਂ, ਲੇਖਕਾਂ ਅਤੇ ਚਿੰਤਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦੇ ਮਾਅਨੇ ਬਹੁਤ ਵਸੀਹ ਹੁੰਦੇ ਹਨ। ਜਿੱਥੇ ਆਮ ਨਾਗਰਿਕ ਸਮਾਜਿਕ, ਸੱਭਿਆਚਾਰਕ ਅਤੇ ਰਵਾਇਤੀ ਜ਼ਾਬਤਿਆਂ ਵਿਚ ਬੱਝੇ ਹੋਏ ਇਕ ਤਰ੍ਹਾਂ ਦੇ ਸ੍ਵੈ-ਅਨੁਸ਼ਾਸਨ ਵਿਚ ਰਹਿ ਕੇ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਉੱਥੇ ਸਾਹਿਤਕਾਰ, ਕਲਾਕਾਰ, ਰੰਗਕਰਮੀ, ਵਿਗਿਆਨੀ ਅਤੇ ਚਿੰਤਕ ਸਿਰਜਣਾਤਮਕ ਆਜ਼ਾਦੀ ਲੈਂਦੇ ਹੋਏ ਰਵਾਇਤੀ ਅਨੁਸ਼ਾਸਨ ਨੂੰ ਤੋੜਦਿਆਂ ਸਮਾਜ ਸਾਹਮਣੇ ਸੋਚ-ਵਿਚਾਰ ਦੇ ਨਵੇਂ ਦਿਸਹੱਦੇ ਪੇਸ਼ ਕਰਦੇ ਹਨ; ਇਸ ਸਿਰਜਣਾਤਮਕ ਆਜ਼ਾਦੀ ਨੂੰ ਸਮਾਜਿਕ ਵਿਕਾਸ ਲਈ ਜ਼ਰੂਰੀ ਮੰਨਿਆ ਜਾਂਦਾ ਹੈ।
ਇਹ ਸਹੀ ਹੈ ਕਿ ਕਲਾਕਾਰਾਂ ਨੂੰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਪਰ ਜੇ ਇਸ ਸੋਚ ਨੂੰ ਇੰਝ ਵਧਾਇਆ ਜਾਵੇ ਕਿ ਹਰ ਮਜ਼ਾਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਅਸੀਂ ਨਾ ਸਿਰਫ਼ ਬੰਦ ਦਿਮਾਗ਼ਾਂ ਵਾਲੇ ਵਿਅਕਤੀ ਬਣ ਕੇ ਰਹਿ ਜਾਵਾਂਗੇ ਸਗੋਂ ਇਹ ਕੱਟੜਪੰਥੀ ਤਾਕਤਾਂ ਅੱਗੇ ਝੁਕਣ ਨੂੰ ਸਮਾਜਿਕ ਤੌਰ ’ਤੇ ਸਵੀਕਾਰ ਕਰਨਾ ਵੀ ਹੋਵੇਗਾ। ਇਹ ਰੁਝਾਨ ਕੁਝ ਜਥੇਬੰਦੀਆਂ ਤਕ ਹੀ ਸੀਮਤ ਨਹੀਂ ਸਗੋਂ ਸੌੜੀ ਸੋਚ ਵਾਲੇ ਵਿਅਕਤੀ ਕਲਾਕਾਰਾਂ ਅਤੇ ਚਿੰਤਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀ ਨਿਸ਼ਾਨਾ ਬਣਾਉਂਦੇ ਹਨ। ਪਿਛਲੇ ਦਿਨੀਂ ਇਕ ਹੋਰ ਮਜ਼ਾਹੀਆ ਕਲਾਕਾਰ ਵੀਰ ਦਾਸ ਨੇ ਅਮਰੀਕਾ ਵਿਚ ਵਾਸ਼ਿੰਗਟਨ ਦੇ ਕੈਨੇਡੀ ਸੈਂਟਰ ਵਿਚ ਦੋ ਤਰ੍ਹਾਂ ਦੇ ਭਾਰਤ ਬਾਰੇ ਇਕ ਕਵਿਤਾਨੁਮਾ ਲਿਖਤ ਵਿਚ ਸਿਆਸਤਦਾਨਾਂ ਅਤੇ ਦੇਸ਼ ਦੇ ਹਾਲਾਤ ਬਾਰੇ ਵਿਅੰਗ ਕੀਤੇ। ਇਨ੍ਹਾਂ ਵਿਅੰਗਾਂ ਵਿਚ ਅਜਿਹਾ ਕੁਝ ਵੀ ਨਹੀਂ ਸੀ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਪਰ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਯੂ-ਟਿਊਬ ਚੈਨਲਾਂ ’ਤੇ ਵੀਰ ਦਾਸ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਜੋ ਉਸ ਨੇ ਬੋਲਿਆ, ਉਹ ਦੇਸ਼-ਵਿਰੋਧੀ ਹੈ। ਇਹ ਵੀ ਕਿਹਾ ਗਿਆ ਕਿ ਵੀਰ ਦਾਸ ਦੇਸ਼ ਦੀ ਬਦਨਾਮੀ ਕਰ ਰਿਹਾ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਮੱਧ ਪ੍ਰਦੇਸ਼ ਦੇ ਇਕ ਵਜ਼ੀਰ ਨੇ ਕਿਹਾ ਹੈ ਕਿ ਇਸ ਕਲਾਕਾਰ ਨੂੰ ਸੂਬੇ ਵਿਚ ਕੋਈ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਵੇਗਾ।
ਮਜ਼ਾਹ/ਵਿਅੰਗ ਸਾਰੀਆਂ ਸੱਭਿਆਤਾਵਾਂ ਦਾ ਮਹੱਤਵਪੂਰਨ ਹਿੱਸਾ ਰਿਹਾ ਹੈ। ਹਿੰਦੋਸਤਾਨੀ ਬਰੇ-ਸਗੀਰ ਦੀਆਂ ਵੱਖ ਵੱਖ ਪਰੰਪਰਾਵਾਂ, ਸਮਾਜਾਂ, ਸਮਰਾਟਾਂ ਦੇ ਦਰਬਾਰਾਂ, ਨਾਟਕਾਂ ਆਦਿ ਵਿਚ ਵਿਦੂਸ਼ਕ/ਮਸਖਰਾ ਵਿਸ਼ੇਸ਼ ਭੂਮਿਕਾ ਨਿਭਾਉਂਦਾ ਰਿਹਾ ਹੈ। ਸੰਸਕ੍ਰਿਤ ਦੇ ਨਾਟਕਾਂ ਵਿਚ ਵਿਦੂਸ਼ਕ ਨੂੰ ਸਨਮਾਨਯੋਗ ਸਥਾਨ ਦਿੱਤਾ ਗਿਆ ਤੇ ਉਹ ਮਜ਼ਾਕ ਕਰਦਿਆਂ ਸਮਰਾਟ ਦੀ ਕਾਰਜਸ਼ੈਲੀਆਂ ਵਿਚਲੀਆਂ ਕਮੀਆਂ ਪੇਸ਼ੀਆਂ ’ਤੇ ਉਂਗਲ ਧਰਦਾ ਹੈ। ਸਮਾਜ ਵਿਚ ਮਜ਼ਾਹੀਆ ਕਲਾਕਾਰਾਂ ਦੀ ਸ਼੍ਰੇਣੀ ਹਮੇਸ਼ਾਂ ਕਾਰਜਸ਼ੀਲ ਰਹੀ ਹੈ। ਇਹ ਰੁਝਾਨ ਸੱਤਾਧਾਰੀਆਂ ਅਤੇ ਦੇਸ਼ ਦੀ ਬਹੁਗਿਣਤੀ ਫ਼ਿਰਕੇ ਦੀਆਂ ਕੱਟੜਪੰਥੀ ਜਥੇਬੰਦੀਆਂ ਤਕ ਸੀਮਤ ਨਹੀਂ ਹੈ। ਸਮਾਜ ਦੇ ਹਰ ਵਰਗ ਵਿਚ ਅਸਹਿਣਸ਼ੀਲਤਾ ਵਧ ਰਹੀ ਹੈ ਅਤੇ ਅਜਿਹੇ ਤੱਤ ਪੈਦਾ ਹੋ ਗਏ ਹਨ ਜੋ ਅਜਿਹੇ ਰੁਝਾਨਾਂ ਨੂੰ ਸ਼ਹਿ ਦਿੰਦੇ ਹਨ।
ਵਿਅੰਗ ਸਵੀਕਾਰ ਨਾ ਕਰਨਾ ਇਸ ਤੱਥ ਵੱਲ ਸੰਕੇਤ ਕਰਦਾ ਹੈ ਕਿ ਕੱਟੜਪੰਥੀ ਤਾਕਤਾਂ ਹਾਵੀ ਹੋ ਰਹੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਸਵੀਕਾਰ ਨਹੀਂ ਕੀਤੀ ਜਾਵੇਗੀ। ਪ੍ਰਮੁੱਖ ਸਵਾਲ ਇਹ ਹੈ ਕਿ ਕੀ ਅਸੀਂ ਇਕ ਅਜਿਹਾ ਅਸਹਿਣਸ਼ੀਲ ਸਮਾਜ ਬਣ ਰਹੇ ਹਾਂ ਜਿਸ ਵਿਚ ਵਿਅੰਗ ਜਾਂ ਮਜ਼ਾਕ ਸਹਿਣ ਨਹੀਂ ਕੀਤਾ ਜਾਵੇਗਾ। ਇਟਲੀ ਦੇ ਵੀਹਵੀਂ ਸਦੀ ਦੇ ਨੋਬੇਲ ਇਨਾਮ ਜੇਤੂ ਨਾਟਕਕਾਰ ਡੇਰੀਓ ਫੋ, ਜਿਸ ਨੇ ਵਿਅੰਗਮਈ ਨਾਟਕਾਂ ਨੂੰ ਮੁਸੋਲਿਨੀ ਫਾਸ਼ੀਵਾਦੀ ਹਕੂਮਤ ਅਤੇ ਬਾਅਦ ਵਿਚ ਬਣੀਆਂ ਸਰਕਾਰਾਂ ਵਿਰੁੱਧ ਲੜਨ ਦਾ ਹਥਿਆਰ ਬਣਾਇਆ, ਨੇ ਲਿਖਿਆ ਹੈ, ‘‘ਸੱਤਾਧਾਰੀਆਂ ਲਈ ਹਾਸੇ ਤੇ ਵਿਅੰਗ ਨੂੰ ਮਾਣਨਾ ਜਾਂ ਆਪਣੇ ਸੱਤਾ-ਪ੍ਰਬੰਧ ਵਿਚ ਥਾਂ ਦੇਣਾ ਬਹੁਤ ਮੁਸ਼ਕਲ ਹੁੰਦਾ ਹੈ… ਸੱਤਾ ਨੂੰ ਵਿਅੰਗ ਰਾਹੀਂ ਹੀ ਵੰਗਾਰਿਆ ਜਾ ਸਕਦਾ ਹੈ।’’