ਇੰਦਰਜੀਤ ਸਿੰਘ ਹਰਪੁਰਾ
ਗੁਰੂ ਰਾਮਦਾਸ ਜੀ ਦੀ ਵਰੋਸਾਈ ਨਗਰੀ ਅੰਮ੍ਰਿਤਸਰ ਦੀ ਖੂਬਸੂਰਤੀ ਵਿਚ ਇੱਥੋਂ ਦਾ ਪ੍ਰਸਿੱਧ ਇਤਿਹਾਸਕ ‘ਰਾਮਬਾਗ’ ਹੋਰ ਵੀ ਵਾਧਾ ਕਰਦਾ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਪਵਿੱਤਰ ਸ਼ਹਿਰ ਵਿਚ ਬਣਾਏ ਰਾਮਬਾਗ ਦੀ ਸੁੰਦਰਤਾ ਅੱਜ ਵੀ ਬਾ-ਕਮਾਲ ਹੈ ਅਤੇ ਇਸ ਨੂੰ ਦੇਖ ਕੇ ਲਾਹੌਰ ਦਰਬਾਰ ਦੀ ਸ਼ਾਨੋ-ਸ਼ੌਕਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਅੰਮ੍ਰਿਤਸਰ ਵਿਚ ਰੋਜ਼ਾਨਾ ਇੱਕ ਲੱਖ ਤੋਂ ਵੱਧ ਸ਼ਰਧਾਲੂ/ਯਾਤਰੂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਨ ਪਰ ਜਾਣਕਾਰੀ ਨਾ ਹੋਣ ਕਾਰਨ ਬਹੁਤ ਘੱਟ ਯਾਤਰੂ ‘ਰਾਮਬਾਗ’ ਜੰਦੇ ਹਨ।
ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸਨ। ਭਾਵੇਂ ਸਰਕਾਰ-ਏ-ਖ਼ਾਲਸਾ ਦੀ ਰਾਜਧਾਨੀ ਲਾਹੌਰ ਸੀ ਪਰ ਸਿੱਖ ਮਾਨਸਿਕਤਾ ਵਿਚ ਹਮੇਸ਼ਾਂ ਹੀ ਅੰਮ੍ਰਿਤਸਰ ਦਾ ਸਿਰਮੌਰ ਸਥਾਨ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ’ਤੇ ਸੰਨ 1819 ਵਿਚ ਸਰਕਾਰ-ਏ-ਖ਼ਾਲਸਾ ਨੇ ਅੰਮ੍ਰਿਤਸਰ ਸ਼ਹਿਰ ਦੀ ਉੱਤਰੀ ਬਾਹੀ ’ਤੇ ਹਰਿਮੰਦਰ ਸਾਹਿਬ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਖੂਬਸੂਰਤ ਬਾਗ ਬਣਾਉਣਾ ਸ਼ੁਰੂ ਕੀਤਾ। ਸ਼ੇਰ-ਏ-ਪੰਜਾਬ ਨੇ ਇਸ ਬਾਗ ਨੂੰ ਬਣਾਉਣ ਦੀ ਜ਼ਿੰਮੇਵਾਰੀ ਮਸ਼ਹੂਰ ਮੁਸਲਿਮ ਆਰਕੀਟੈਕਟ ਮੁਹੰਮਦ ਯਾਰ ਨੂੰ ਦਿੱਤੀ। ਸੰਨ 1831 ਵਿਚ ਇਹ ਬਾਗ ਬਣ ਕੇ ਮੁਕੰਮਲ ਹੋਇਆ ਅਤੇ ਇਸ ਉੱਪਰ ਉਸ ਸਮੇਂ 1,45,000 ਰੁਪਏ ਖਰਚਾ ਆਇਆ।
ਬਾਗ ਵਿਚ ਬਹੁਤ ਸੁੰਦਰ ਬਗੀਚੇ, ਫ਼ਲ-ਫੁੱਲ ਅਤੇ ਛਾਂਦਾਰ ਪੌਦੇ ਲਗਾਏ ਗਏ। ਫੁੱਲ-ਬੂਟਿਆਂ ਨੂੰ ਪਾਣੀ ਦੇਣ ਅਤੇ ਬਾਗ ਦੀ ਸੁੰਦਰਤਾ ਵਧਾਉਣ ਲਈ ਫੁਹਾਰੇ ਲਗਾਏ ਗਏ। ਮਹਾਰਾਜੇ ਦੀ ਰਿਹਾਇਸ਼ ਲਈ ਬਾਗ ਦੇ ਵਿਚਕਾਰ ਬਾਰਾਂਦਰੀ ਵਰਗੀ ਇੱਕ ਬਹੁਤ ਖੂਬਸੂਰਤ ਇਮਾਰਤ ਬਣਾਈ ਗਈ, ਜਿਸ ਨੂੰ ਸ਼ੀਸ਼ ਮਹਿਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਡਿਉਢੀ ਅਤੇ ਹੋਰ ਇਮਾਰਤਾਂ ਵੀ ਬਾਗ ਵਿਚ ਉਸਾਰੀਆਂ ਗਈਆਂ। ਇਹ ਇਮਾਰਤਾਂ ਸਿੱਖ ਭਵਨ ਕਲਾ ਦਾ ਸ਼ਾਹਕਾਰ ਨਮੂਨਾ ਹਨ, ਜੋ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ।
ਸੰਨ 1831 ਵਿਚ ਅੰਮ੍ਰਿਤਸਰ ’ਚ ਜਦੋਂ ਇਹ ਬਾਗ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਤਾਂ ਦਰਬਾਰੀਆਂ ਨੇ ਮਹਾਰਾਜੇ ਨੂੰ ਇਸ ਦਾ ਨਾਮ ਰਣਜੀਤ ਸਿੰਘ ਬਾਗ ਰੱਖਣ ਦੀ ਬੇਨਤੀ ਕੀਤੀ। ਦਰਬਾਰੀਆਂ ਦੀ ਇਸ ਮੰਗ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਨਕਾਰਦਿਆਂ ਕਿਹਾ ਕਿ ਇਹ ਬਾਗ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਹਿਰ ਵਿਚ ਹੈ ਤੇ ਇਸ ਦਾ ਨਾਮ ਵੀ ‘ਰਾਮਬਾਗ’ ਹੋਣਾ ਚਾਹੀਦਾ ਹੈ। ਹੌਲੀ-ਹੌਲੀ ਰਾਮਬਾਗ ਸਰਕਾਰ-ਏ-ਖ਼ਾਲਸਾ ਦਾ ਧੁਰਾ ਬਣ ਗਿਆ।
ਜਦੋਂ ਸੰਨ 1849 ਵਿਚ ਈਸਟ ਇੰਡੀਆ ਕੰਪਨੀ ਨੇ ਪੰਜਾਬ ਉੱਪਰ ਕਬਜ਼ਾ ਕੀਤਾ ਤਾਂ ਰਾਮਬਾਗ ਵਿਚ ਵੀ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਰਹਿਣ ਲੱਗ ਪਏ। ਈਸਟ ਇੰਡੀਆ ਕੰਪਨੀ ਵੱਲੋਂ ਕਬਜ਼ਾ ਕਰਨ ਨਾਲ ਰਾਮਬਾਗ ਦੀ ਥਾਂ ਇਸ ਦਾ ਨਵਾਂ ਨਾਮ ‘ਕੰਪਨੀ ਬਾਗ’ ਪ੍ਰਚਲਿਤ ਕੀਤਾ ਗਿਆ। ਈਸਟ ਇੰਡੀਆ ਕੰਪਨੀ ਦਾ ਕਬਜ਼ਾ ਖਤਮ ਹੋਏ ਕਿੰਨਾ ਸਮਾਂ ਬੀਤ ਗਿਆ ਪਰ ਅਜੇ ਵੀ ਬਹੁਤੇ ਲੋਕ ਇਸ ਬਾਗ ਨੂੰ ਕੰਪਨੀ ਬਾਗ ਹੀ ਕਹਿੰਦੇ ਹਨ।
ਅਜੋਕੇ ਰਾਮਬਾਗ ਵਿਚ ਇੱਕ ਬਹੁਤ ਖੂਬਸੂਰਤ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਹੈ। 18 ਨਵੰਬਰ 2001 ਨੂੰ ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਅਤੇ 20 ਜੁਲਾਈ 2006 ਵਿਚ ਤਤਕਾਲੀਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਉਦਘਾਟਨ ਕੀਤਾ ਸੀ। ਇਸ ਪੈਨੋਰਮਾ ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਝਲਕ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੱਡ-ਅਕਾਰੀ ਚਿੱਤਰ, ਮੋਮ ਦੇ ਬੁੱਤਾਂ ਰਾਹੀਂ ਉਨ੍ਹਾਂ ਦੇ ਦਰਬਾਰ ਦੀ ਸ਼ਾਨ, ਵੱਖ-ਵੱਖ ਜੰਗਾਂ ਅਤੇ ਇਤਿਹਾਸਕ ਘਟਨਾਵਾਂ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਸਿਰਫ 10 ਰੁਪਏ ਦੀ ਟਿਕਟ ਲੈ ਕੇ ਇਸ ਨੂੰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਵਿਚ ਮਿਊਜ਼ੀਅਮ ਵੀ ਚੱਲ ਰਿਹਾ ਹੈ।
ਸੰਪਰਕ: 98155-77574