ਡਾ. ਜੋਗਿੰਦਰ ਸਿੰਘ*
ਅੰਮ੍ਰਿਤਸਰ ਦਾ ਜੰਮਪਲ (1886 ਈ.) ਸਰਦੂਲ ਸਿੰਘ ਕਵੀਸ਼ਰ ਉਨ੍ਹਾਂ ਬਹੁਤ ਥੋੜ੍ਹੇ ਸੁਤੰਤਰ ਸੰਗਰਾਮੀ ਅਤੇ ਚਿੰਤਕਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਬਰਤਾਨਵੀ ਸਾਮਰਾਜ ਦੇ ਚਲਨ ਅਤੇ ਅਸਰਾਂ ਦਾ ਗੰਭੀਰਤਾ ਨਾਲ ਅਧਿਐਨ ਕੀਤਾ। ਕਵੀਸ਼ਰ ਨੇ ਇਸ ਪ੍ਰਸੰਗ ਵਿਚ ਅਨੇਕਾਂ ਲੇਖ, ਪੈਂਫਲਿਟ, ਕਿਤਾਬਚੇ ਅਤੇ ਕਿਤਾਬਾਂ ਲਿਖੀਆਂ। ਉਸ ਨੇ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਅਖ਼ਬਾਰਾਂ ਅਤੇ ਰਸਾਲਿਆਂ ਦੀ ਸੰਪਾਦਨਾ ਕੀਤੀ। ਉਸ ਨੇ 1913 ਵਿਚ ਸਿੱਖ ਰੀਵਿਊ (Sikh Review) ਅਤੇ 1921 ਵਿਚ ਨਿਊ ਹੈਰਲਡ (New Herald) ਸ਼ੁਰੂ ਕੀਤੇ।
ਕਵੀਸ਼ਰ ਨੇ ਆਪਣੇ ਰਾਜਨੀਤਕ ਜੀਵਨ ਦਾ ਆਰੰਭ ਸਿੱਖ ਸੁਧਾਰਕ ਵਜੋਂ ਕੀਤਾ। ਉਸ ਨੇ ਗੁਰਦੁਆਰਾ ਰਕਾਬਗੰਜ (ਨਵੀਂ ਦਿੱਲੀ) ਦੀ ਬਾਹਰਲੀ ਕੰਧ ਦੀ ਮੁੜ-ਉਸਾਰੀ ਲਈ ਹੋਏ ਅੰਦੋਲਨ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਸਿੱਖ ਰੀਵਿਊ ਵਿਚ ਧੜੱਲੇਦਾਰ ਲੇਖ ਲਿਖੇ। ਫਲਸਰੂਪ ਬਰਤਾਨਵੀ ਸਰਕਾਰ ਨੇ ਉਸ ਨੂੰ ਦਿੱਲੀ ਛੱਡ ਦੇਣ ਦਾ ਹੁਕਮ ਦਿੱਤਾ। ਉਹ ਦਿੱਲੀ ਤੋਂ ਲਾਹੌਰ ਆ ਗਿਆ। ਇੱਥੇ ਉਸ ਨੇ ਅੰਗਰੇਜ਼ੀ ਦੇ ਅਖ਼ਬਾਰ ਨਿਊ ਹੈਰਲਡ ਦੀ ਸਥਾਪਨਾ ਕੀਤੀ। ਉਸ ਨੇ 1921 ਵਿਚ ਹੀ ਨਿਊ ਹੈਰਲਡ ਨੂੰ ਪੰਜਾਬੀ ਵਿਚ ‘ਸੰਗਤ’ ਦੇ ਨਾਂ ਹੇਠ ਪ੍ਰਕਾਸ਼ਿਤ ਕੀਤਾ ਅਤੇ 1926 ਵਿਚ ਉਰਦੂ ਹਫ਼ਤਾਵਾਰੀ ‘ਹਿੰਦੋਸਤਾਨੀ’ ਸ਼ੁਰੂ ਕੀਤਾ।
ਉਹ 1920 ਵਿਚ ਆਲ ਇੰਡੀਆ ਸਿੱਖ ਲੀਗ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਚੁਣਿਆ ਗਿਆ। ਉਸ ਨੇ 1921 ਤੋਂ 1922 ਈ. ਤਕ ਅਕਾਲੀ ਅਤੇ ਨਾ-ਮਿਲਵਰਤਨ ਲਹਿਰਾਂ ਵਿਚ ਵਿਸ਼ੇਸ਼ ਯੋਗਦਾਨ ਪਾਇਆ ਅਤੇ ਪੰਜ ਸਾਲ ਜੇਲ੍ਹ ਕੱਟੀ। 1925 ਵਿਚ ਕਵੀਸ਼ਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਕੀਤੀ। 1926 ਉਸ ਨੇ ਸਭ ਸਿੱਖ ਸੰਗਠਨਾਂ ਤੋਂ ਕਿਨਾਰਾ ਕਰ ਲਿਆ। 1928 ਵਿਚ ਉਹ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਚੁਣਿਆ ਗਿਆ। 1932 ਤੋਂ 1933 ਤਕ ਉਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਰਿਹਾ। ਉਸ ਨੂੰ ਸਿਵਲ ਨਾ-ਫੁਰਮਾਨੀ ਲਹਿਰ ਦੇ ਸਮੇਂ ਚਾਰ ਵਾਰੀ ਜੇਲ੍ਹ ਜਾਣਾ ਪਿਆ। 1935 ਵਿਚ ਉਹ ਐਂਟੀ-ਮਾਇਨੌਰਿਟੀ ਕਮੇਟੀ (Anti-Minority Committee) ਦਾ ਪ੍ਰਧਾਨ ਚੁਣਿਆ ਗਿਆ। 1939 ਵਿਚ ਉਹ ਸੁਭਾਸ਼ ਚੰਦਰ ਬੋਸ ਦੇ ਫਾਰਵਰਡ ਬਲਾਕ ਵਿਚ ਸ਼ਾਮਿਲ ਹੋ ਗਿਆ। 1941 ਵਿਚ ਸੁਭਾਸ਼ ਚੰਦਰ ਬੋਸ ਰੂਪੋਸ਼ ਹੋ ਗਿਆ ਤਾਂ ਕਵੀਸ਼ਰ ਇਸ ਸੰਗਠਨ ਦਾ ਪ੍ਰਧਾਨ ਚੁਣਿਆ ਗਿਆ। ਸੁਭਾਸ਼ ਚੰਦਰ ਬੋਸ ਦੇ ਰੂਪੋਸ਼ ਹੋਣ ’ਤੇ ਪੁਲੀਸ ਨੇ ਕਵੀਸ਼ਰ ਤੋਂ ਕਰੜੀ ਪੁੱਛਗਿੱਛ ਕੀਤੀ। ਉਸ ਨੂੰ ਲਾਹੌਰ ਕਿਲ੍ਹੇ ਅਤੇ ਕੈਂਬਲਪੁਰ ਜੇਲ੍ਹ ਵਿਚ ਤਸੀਹੇ ਦਿੱਤੇ ਗਏ। 1948 ਵਿਚ ਉਸ ਨੇ ਫਾਰਵਰਡ ਬਲਾਕ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ। ਉਸ ਨੇ ਜੀਵਨ ਦੇ ਆਖ਼ਰੀ ਸਾਲਾਂ ਵਿਚ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਲਿਆ। 1963 ਵਿਚ ਉਹ ਪਰਲੋਕ ਸਿਧਾਰ ਗਿਆ।
ਸਰਦੂਲ ਸਿੰਘ ਕਵੀਸ਼ਰ ਬਹੁਤ ਥੋੜ੍ਹੇ ਵਿਦਵਾਨਾਂ ਵਿਚੋਂ ਹੈ ਜਿਨ੍ਹਾਂ ਨੇ ਇਹ ਅਧਿਐਨ ਕੀਤਾ ਕਿ ਕਿਵੇਂ ਬਰਤਾਨਵੀ ਸਾਮਰਾਜਵਾਦ ਨੇ ਬਰਤਾਨਵੀ ਹਾਕਮ ਜਮਾਤ ਅਤੇ ਭਾਰਤੀਆਂ ਦੀ ਮਾਨਸਿਕਤਾ ਨੂੰ ਵਿਗਾੜਿਆ। ਕਵੀਸ਼ਰ ਦੀ ਧਾਰਨਾ ਸੀ ਕਿ ਇਸ ਸਾਮਰਾਜਵਾਦ ਨੇ ਬਰਤਾਨਵੀ ਨੋਬਲ ਕਰੈਕਟਰ ਨੂੰ ਵਿਗਾੜ ਕੇ ਉਸ ਨੂੰ ਅਮਾਨਵੀ ਹੁਕਮਰਾਨ ਬਣਾ ਦਿੱਤਾ। ਨਤੀਜੇ ਵਜੋਂ ਬਰਤਾਨਵੀ ਹਾਕਮ ਜਮਾਤ ਨੇ ਹਿੰਦੋਸਤਾਨੀਆਂ ਨੂੰ ਇਨਸਾਨ ਸਮਝਣਾ ਬੰਦ ਕਰ ਦਿੱਤਾ ਕਿਉਂਕਿ ਉਨ੍ਹਾਂ ਦਾ ਜਾਪਦਾ ਸੀ ਕਿ ਗ਼ੁਲਾਮ ਮਨੁੱਖ ਨਹੀਂ ਹੁੰਦਾ; ਉਸ ਦੀ ਕੋਈ ਇੱਜ਼ਤ ਤੇ ਸਵੈਮਾਣ ਨਹੀਂ ਹੁੰਦਾ; ਉਹ ਕੇਵਲ ਹਾਕਮ ਜਮਾਤ ਲਈ ਜਿਉਂਦਾ ਹੈ। ਬਰਤਾਨਵੀ ਸਾਮਰਾਜ ਨੇ ਹਿੰਦੋਸਤਾਨੀਆਂ ਨੂੰ ਸਭਿਅਕ ਕੌਮ ਤੋਂ ਅਸਭਿਅਕ ਬਣਾ ਦਿੱਤਾ; ਉਨ੍ਹਾਂ ਨੂੰ ਗ਼ੁਲਾਮ ਬਣਾ ਦਿੱਤਾ ਅਤੇ ਉਹ ਸੋਚਹੀਣ ਹੋ ਗਏ। ਬਰਤਾਨਵੀ ਜਮਾਤ ਨੇ ਹਿੰਦੋਸਤਾਨੀਆਂ ਨੂੰ ਸਿੱਖਿਆ ਦਿੱਤੀ ਕਿ ਉਨ੍ਹਾਂ ਦਾ ਕੰਮ ਕੇਵਲ ਤੇ ਕੇਵਲ ਹੁਕਮ ਮੰਨਣਾ ਹੁੰਦਾ ਹੈ।
ਕਵੀਸ਼ਰ ਹਿੰਦੋਸਤਾਨੀਆਂ ਨੂੰ ਇਸ ਗ਼ੁਲਾਮ ਮਾਨਸਿਕਤਾ ਤੋਂ ਆਜ਼ਾਦ ਹੁੰਦੇ ਵੇਖ ਰਿਹਾ ਸੀ। ਕਵੀਸ਼ਰ ਨੂੰ ਨਿਸ਼ਚਾ ਸੀ ਕਿ ਹਿੰਦੋਸਤਾਨੀ ਹੁਣ ਆਪਣੇ ਬੁਰੇ-ਭਲੇ ਬਾਰੇ ਸੋਚ ਰਹੇ ਹਨ। ਉਨ੍ਹਾਂ ਨੂੰ ਗਿਆਨ ਹੋ ਗਿਆ ਸੀ ਕਿ ਉਨ੍ਹਾਂ ਦੀ ਗੁਰਬਤ ਤੇ ਦੁਰਦਸ਼ਾ ਲਈ ਬਰਤਾਨਵੀ ਸਾਮਰਾਜਵਾਦ ਜ਼ਿੰਮੇਵਾਰ ਹੈ। ਇਸ ਸਾਮਰਾਜਵਾਦ ਨੇ ਦੇਸ਼ ਦੇ ਲਘੂ ਉਦਯੋਗਾਂ ਨੂੰ ਤਬਾਹ ਕਰ ਦਿੱਤਾ ਸੀ। ਹਿੰਦੋਸਤਾਨ ਵਿਚੋਂ ਖਣਿਜ ਪਦਾਰਥਾਂ ਦੀ ਵੱਧ ਤੋਂ ਵੱਧ ਢੋਅ-ਢੁਆਈ ਬਰਤਾਨਵੀ ਉਦਯੋਗਾਂ ਲਈ ਕੀਤੀ ਗਈ। ਬਰਤਾਨਵੀ ਹਾਕਮਾਂ ਨੇ ਵਣਜ-ਵਿਉਪਾਰ ਦੀ ਅਜਿਹੀ ਪ੍ਰਣਾਲੀ ਉਸਾਰੀ ਜਿਹੜੀ ਬਰਤਾਨਵੀ ਵਿਉਪਾਰੀਆਂ ਦੇ ਹੱਕ ਵਿਚ ਸੀ। ਹਿੰਦੋਸਤਾਨੀ ਖੇਤੀਬਾੜੀ ਨੂੰ ਇੰਗਲੈਂਡ ਸਥਿਤ ਮਿੱਲਾਂ ਲਈ ਕੱਚਾ ਮਾਲ ਪੈਦਾ ਕਰਨ ਦਾ ਵਸੀਲਾ ਬਣਾ ਦਿੱਤਾ ਸੀ। ਬਰਤਾਨਵੀ ਲਗਾਨ ਪ੍ਰਣਾਲੀ ਨੇ ਕਿਰਸਾਨਾਂ ਤੋਂ ਵੱਧ ਤੋਂ ਵੱਧ ਮਾਲੀਆ ਉਗਰਾਹਿਆ। ਕੱਚਾ ਮਾਲ ਅਤੇ ਖਣਿਜ ਪਦਾਰਥਾਂ ਦੀ ਢੋਆ ਢੁਆਈ ਲਈ ਦੇਸ਼ ਦੀਆਂ ਬੰਦਰਗਾਹਾਂ ਨੂੰ ਰੇਲਵੇ ਲਾਈਨਾਂ ਨਾਲ ਜੋੜਿਆ ਗਿਆ। ਖੇਤੀਬਾੜੀ ਦੀ ਪੈਦਾਵਾਰ ਵਧਣ ਦੇ ਬਾਵਜੂਦ ਦੇਸ਼ ਵਿਚ ਭੁੱਖਮਰੀ ਦੀ ਦਰ ਦਿਨ-ਬ-ਦਿਨ ਵਧੀ। ਹਿੰਦੋਸਤਾਨ ਵਿਚ ਵਾਰ-ਵਾਰ ਕਾਲ ਪਏ। ਨਤੀਜੇ ਵਜੋਂ ਹਿੰਦੋਸਤਾਨੀਆਂ ਦਾ ਵਿਸ਼ਵਾਸ ਬੱਝ ਗਿਆ ਕਿ ਸਵਰਾਜ ਹੀ ਉਨ੍ਹਾਂ ਦੇ ਵਿਕਾਸ ਲਈ ਬਿਹਤਰ ਸ਼ਾਸਨ ਨੀਤੀ ਅਤੇ ਸ਼ਾਸਨ ਪ੍ਰਣਾਲੀ ਪ੍ਰਦਾਨ ਕਰ ਸਕਦਾ ਹੈ।
ਕਵੀਸ਼ਰ ਨੇ ਨੋਟ ਕੀਤਾ ਕਿ ਦੇਸ਼ ਵਿਚ ਬਦੇਸ਼ੀ ਹਾਕਮਾਂ ਦੀ ਮਾਨਸਿਕਤਾ ਏਨੀ ਵਿਗੜ ਗਈ ਕਿ ਉਹ ਦੇਸ਼ ਵਾਸੀਆਂ ਦੀਆਂ ਧਾਰਮਿਕ ਅਤੇ ਰਾਜਨੀਤਕ ਭਾਵਨਾਵਾਂ ਨੂੰ ਸਮਝਣ ਵਿਚ ਅਸਮਰੱਥ ਰਹੇ। ਇਸ ਪ੍ਰਸੰਗ ਵਿਚ ਉਸ ਨੇ ਹਿੰਦੋਸਤਾਨ ਦੇ ਮੁਸਲਮਾਨਾਂ ਦੀ ਖਿਲਾਫ਼ਤ ਲਹਿਰ ਦੀ ਉਦਾਹਰਣ ਦਿੱਤੀ। ਹਿੰਦੋਸਤਾਨ ਦੇ ਮੁਸਲਮਾਨਾਂ ਲਈ ਖਿਲਾਫ਼ਤ ਲਹਿਰ ਉਨ੍ਹਾਂ ਦੇ ਵੱਕਾਰ ਅਰਥਾਤ ਆਦਰ ਮਾਣ ਦਾ ਪ੍ਰਤੀਕ ਸੀ। ਉਨ੍ਹਾਂ ਲਈ ਜਦ ਤਕ ਖਿਲਾਫ਼ਤ ਕਾਇਮ ਸੀ, ਇਸਲਾਮ ਕਾਇਮ ਸੀ। ਮੁਸਲਮਾਨਾਂ ਨੇ ਇਹ ਵੀ ਨੋਟ ਕੀਤਾ ਕਿ ਈਸਾਈ ਯੂਰਪ ਨੇ ਤੇਜ਼ੀ ਨਾਲ ਇਸਲਾਮਿਕ ਦੇਸ਼ਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ ਸੀ। ਪਹਿਲੀ ਆਲਮੀ ਜੰਗ ਵਿਚ ਔਟੋਮਨ ਸਾਮਰਾਜ ਦੇ ਤੁਰਕ ਮੁਖੀ ਨੇ ਜਰਮਨੀ ਗੁੱਟ ਦਾ ਸਾਥ ਦਿੱਤਾ। ਆਪਣੀ ਧਾਰਮਿਕ ਪ੍ਰਤੀਬੱਧਤਾ ਦੇ ਬਾਵਜੂਦ ਹਿੰਦੋਸਤਾਨੀ ਮੁਸਲਮਾਨ ਫ਼ੌਜੀਆਂ ਨੇ ਇੰਗਲੈਂਡ ਦੀ ਤੁਰਕੀ ਅਤੇ ਜਰਮਨੀ ਗੁੱਟ ਦੇ ਦੇਸ਼ਾਂ ਉੱਤੇ ਫ਼ਤਹਿ ਪਾਉਣ ਵਿਚ ਵੱਡਾ ਯੋਗਦਾਨ ਪਾਇਆ। ਯੁੱਧ ਦੇ ਸਮੇਂ ਮੁਸਲਮਾਨਾਂ ਨੇ ਇੰਗਲੈਂਡ ਦੀ ਮਦਦ ਇਸ ਆਸ ਨਾਲ ਕੀਤੀ ਸੀ ਕਿ ਇੰਗਲੈਂਡ ਦੀ ਸਰਕਾਰ ਖਿਲਾਫ਼ਤ ਸਰਕਾਰ ਨਾਲ ਹਮਦਰਦੀ ਨਾਲ ਪੇਸ਼ ਆਏਗੀ ਪਰ ਜਦੋਂ ਸੇਵਰਸ ਦੀ ਸੰਧੀ (10 ਅਗਸਤ 1920) ਕੀਤੀ ਗਈ ਤਾਂ ਖਲੀਫ਼ੇ ਨਾਲ ਮਾੜਾ ਸਲੂਕ ਕੀਤਾ ਗਿਆ।
ਸਰਦੂਲ ਸਿੰਘ ਕਵੀਸ਼ਰ ਦੀ ਧਾਰਨਾ ਸੀ ਕਿ ਸਰ ਮਾਈਕਲ ਓ’ਡਵਾਇਰ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਬਣਨ ਨਾਲ ਪੰਜਾਬ ਵਿਚ ਮਾਈ ਬਾਪ ਸਰਕਾਰ ਦੀ ਸ਼ਾਸਨ ਨੀਤੀ ਦਾ ਅੰਤ ਅਤੇ ਤਾਨਾਸ਼ਾਹੀ ਹਕੂਮਤ ਦਾ ਦੌਰ ਸ਼ੁਰੂ ਹੋ ਗਿਆ। ਉਹ ਆਪਣੇ ਆਪ ਨੂੰ ਪੰਜਾਬ ਦਾ ਰੱਬ ਸਮਝਦਾ ਸੀ। ਉਹ ਇਕ ਸਾਮਰਾਜੀ ਨੌਕਰਸ਼ਾਹ ਤੇ ਹੈਂਕੜਬਾਜ਼ ਸੀ। ਉਹ ਡੰਡੇ ਦੇ ਜ਼ੋਰ ਨਾਲ ਰਾਜ ਕਰਨ ਵਿਚ ਯਕੀਨ ਰੱਖਦਾ ਸੀ। ਬਦਕਿਸਮਤੀ ਨਾਲ ਉਹ ਪੰਜਾਬ ਦਾ ਲੈਫਟੀਨੈਂਟ ਗਵਰਨਰ ਉਦੋਂ ਬਣਿਆ (1913) ਜਦੋਂ ਇਹ ਸੂਬਾ ਰਾਜਸੀ ਬੇਚੈਨੀ ਅਤੇ ਆਰਥਿਕ ਮੰਦਵਾੜੇ ਦਾ ਸ਼ਿਕਾਰ ਸੀ। ਉਹ ਪੰਜਾਬ ਦੀ ਉੱਭਰ ਰਹੀ ਪੜ੍ਹੀ ਲਿਖੀ ਜਮਾਤ ਅਤੇ ਇਸ ਦੇ ਆਗੂਆਂ ਨੂੰ ਨਫ਼ਰਤ ਨਾਲ ਵੇਖਦਾ ਸੀ। ਉਸ ਦਾ ਤਤਕਾਲੀ ਉਦੇਸ਼ ਗ਼ਦਰ ਲਹਿਰ ਅਤੇ ਉੱਭਰ ਰਹੀ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਕੁਚਲਣ ਦਾ ਸੀ। ਉਸਦਾ ਦੂਸਰਾ ਉਦੇਸ਼ ਆਲਮੀ ਜੰਗ ਲਈ ਰੰਗਰੂਟ ਹਾਸਲ ਕਰਨਾ ਅਤੇ ਵਾਰ ਫੰਡ ਇਕੱਠਾ ਕਰਨਾ ਸੀ। ਉਸ ਨੇ ਇਹ ਸਾਰੇ ਦੇ ਸਾਰੇ ਉਦੇਸ਼ ਜ਼ਾਲਮਾਨਾ ਢੰਗਾਂ ਨਾਲ ਪੂਰੇ ਕੀਤੇ। ਮਾਈਕਲ ਓ’ਡਵਾਇਰ ਨੇ ਸ਼ਹਿਰ ਤੇ ਸਥਾਨਕ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਕਪਤਾਨਾਂ ਦੁਆਰਾ ਪੰਜਾਬ ਦੇ ਕਈ ਸ਼ਹਿਰਾਂ ਵਿਚ ਬੇਗੁਨਾਹ ਲੋਕਾਂ ਅਤੇ ਅੰਦੋਲਨਕਾਰੀਆਂ ’ਤੇ ਅਣਗਿਣਤ ਜ਼ੁਲਮ ਢਾਹੇ। ਅੰਮ੍ਰਿਤਸਰ ਸ਼ਹਿਰ ਦੇ ਪ੍ਰਸਿੱਧ ਆਗੂਆਂ ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਨੂੰ ਗ੍ਰਿਫ਼ਤਾਰ ਕੀਤਾ ਤੇ ਕਾਰਕੁਨਾਂ ਨੂੰ ਕੋਤਵਾਲੀ ਅਤੇ ਥਾਣਿਆਂ ਵਿਚ ਤਸੀਹੇ ਦਿੱਤੇ। ਗੁੱਜਰਾਂਵਾਲਾ ਸ਼ਹਿਰ ’ਤੇ ਬੰਬ ਸੁੱਟੇ ਜਿਸ ਨਾਲ ਸਕੂਲ ਬੋਰਡਿੰਗ ਹਾਊਸ ਦੇ ਵਿਦਿਆਰਥੀ ਅਤੇ ਮਾਸੂਮ ਬੱਚੇ ਜ਼ਖ਼ਮੀ ਹੋ ਗਏ। ਇਉਂ ਹੀ ਕਸੂਰ ਕਸਬੇ ਦੇ ਸਕੂਲ ਦੇ ਬੇਗੁਨਾਹ ਵਿਦਿਆਰਥੀਆਂ ਦੇ ਕੋਰੜੇ ਮਾਰੇ ਗਏ। ਲਾਹੌਰ ਸ਼ਹਿਰ ਦੇ ਨੌਜਵਾਨਾਂ ਨੂੰ ਜ਼ਲੀਲ ਸਿਰਫ਼ ਇਸ ਲਈ ਕੀਤਾ ਕਿ ਉਨ੍ਹਾਂ ਨੇ ਯੂਰਪੀ ਅਫ਼ਸਰਾਂ ਨੂੰ ਸਲਾਮ ਨਹੀਂ ਕੀਤੀ। ਇਸ ਸ਼ਹਿਰ ਦੇ ਬਰਾਤੀਆਂ ਦੇ ਕੋਰੜੇ ਮਾਰੇ ਗਏ।
ਜੱਲ੍ਹਿਆਂਵਾਲਾ ਬਾਗ਼ ਵਿਚ ਸੈਂਕੜੇ ਲੋਕਾਂ ਦਾ ਕਤਲ ਕੀਤਾ ਗਿਆ। ਕਈ ਲੋਕ ਤਾਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮਰ ਗਏ। ਦੂਸਰੇ ਪਾਣੀ ਨੂੰ ਤਰਸਦੇ ਦਮ ਤੋੜ ਗਏ। ਅੰਗਰੇਜ਼ ਸਿਪਾਹੀਆਂ ਨੇ ਸ਼ਹਿਰ ਦੇ ਆਮ ਵਾਸੀਆਂ ਨੂੰ ਬੰਦੂਕ ਦੀ ਨੋਕ ’ਤੇ ਰੀਂਗਣ ਲਈ ਮਜਬੂਰ ਕੀਤਾ। ਔਰਤਾਂ ਅਤੇ ਬੱਚਿਆਂ ਨੂੰ ਬੇਸ਼ਰਮੀ ਨਾਲ ਬੇਇੱਜ਼ਤ ਕੀਤਾ; ਪਰਦੇ ਵਾਲੀਆਂ ਔਰਤਾਂ ਨੂੰ ਬੇਨਕਾਬ ਕਰ ਕੇ ਉਨ੍ਹਾਂ ਦੇ ਮੂੰਹਾਂ ਉੱਤੇ ਥੁੱਕਿਆ ਗਿਆ। ਉਨ੍ਹਾਂ ਲਈ ਗੰਦੀ ਸ਼ਬਦਾਵਲੀ ਵਰਤੀ ਗਈ। ਮਾਈਕਲ ਓ’ਡਵਾਇਰ ਦੇ ਬੇਲਗਾਮ ਐਲਾਨਨਾਮੇ ਅਤੇ ਜਨਰਲ ਡਾਇਰ ਦੇ ਪਾਗਲਪਣ ਨੇ ਪੰਜਾਬ ਵਿਚ ਦੋ ਮਹੀਨੇ ਕਹਿਰ ਢਾਹਿਆ। ਹਿੰਦੋਸਤਾਨੀਆਂ ਦੀਆਂ ਰਾਸ਼ਟਰੀ ਭਾਵਨਾਵਾਂ ਤੋਂ ਡਰਦਿਆਂ, ਬਰਤਾਨਵੀ ਸਰਕਾਰ ਨੂੰ ਹੰਟਰ ਕਮੇਟੀ ਦਾ ਗਠਨ ਕਰਨਾ ਪਿਆ ਤਾਂ ਕਿ ਦੋਸ਼ੀ ਅਫ਼ਸਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਕਵੀਸ਼ਰ ਨੇ ਅਫ਼ਸੋਸ ਕੀਤਾ ਕਿ ਇਸ ਕਮੇਟੀ ਨੇ ਉਨ੍ਹਾਂ ਅਫ਼ਸਰਾਂ ਦੀਆਂ ਗਵਾਹੀਆਂ ਲਈਆਂ ਜਿਨ੍ਹਾਂ ਨੇ ਦੇਸ਼ਵਾਸੀਆਂ ’ਤੇ ਆਪ ਜ਼ੁਲਮ ਢਾਹੇ ਸਨ। ਇਹੋ ਜਿਹੀ ਕਮੇਟੀ ਦੀ ਪੜਤਾਲ ਕੇਵਲ ਤੇ ਕੇਵਲ ਆਪਣੇ ਅਫ਼ਸਰਾਂ ਨੂੰ ਬਚਾਉਣਾ ਸੀ ਨਾ ਕਿ ਉਨ੍ਹਾਂ ਦੇ ਗੁਨਾਹਾਂ ਲਈ ਸਜ਼ਾਵਾਂ ਦੇਣਾ। ਇਸ ਕਮੇਟੀ ਨੇ ਲੈਫਟੀਨੈਂਟ ਗਵਰਨਰ ਨੂੰ ਮੁਜ਼ਰਮ ਠਹਿਰਾਉਣ ਦੀ ਬਜਾਇ ਛੋਟੇ-ਛੋਟੇ ਅਹੁਦੇਦਾਰਾਂ ਨੂੰ ਮਾੜੀਆਂ ਮੋਟੀਆਂ ਸਜ਼ਾਵਾਂ ਦੇ ਕੇ ਬਰੀ ਕਰ ਦਿੱਤਾ। ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੇ ਜ਼ਿੰਮੇਵਾਰ ਜਨਰਲ ਡਾਇਰ ਨੂੰ ਇਹ ਕਹਿ ਕੇ ਬਰੀ ਕਰ ਦਿੱਤਾ ਕਿ ਉਹ ਹਾਲਾਤ ਅਨੁਸਾਰ ਠੀਕ ਫ਼ੈਸਲਾ ਨਹੀਂ ਕਰ ਸਕਿਆ (an error of judgement)। ਫਰੈਂਕ ਜੌਹਨਸਨ ਜਿਸ ਨੇ ਲਾਹੌਰ ਸ਼ਹਿਰ ਦੇ ਮਜ਼ਲੂਮ ਸਕੂਲੀ ਬੱਚਿਆਂ ਨੂੰ ਕੋਰੜੇ ਮਾਰੇ ਸਨ, ਨੇ ਇੰਗਲੈਂਡ ਵਿਚ ਅੰਗਰੇਜ਼ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ: ਜੇ ਉਸ ਨੂੰ ਦੁਬਾਰਾ ਮੌਕਾ ਮਿਲਿਆ ਤਾਂ ਉਹ ਫਿਰ ਉਹੀ ਸਜ਼ਾਵਾਂ ਦੇਵੇਗਾ। ਕਵੀਸ਼ਰ ਨੇ ਅਫ਼ਸੋਸ ਨਾਲ ਕਿਹਾ ਕਿ ਜਿਨ੍ਹਾਂ ਦੋਸ਼ੀਆਂ, ਖ਼ਾਸ ਕਰਕੇ ਜੱਲ੍ਹਿਆਂਵਾਲਾ ਬਾਗ਼ ਦੇ ਕਾਤਲਾਂ ਨੂੰ ਫਾਂਸੀ ਲੱਗਣੀ ਚਾਹੀਦੀ ਸੀ ਜਾਂ ਜਿਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰਨਾ ਚਾਹੀਦਾ ਸੀ, ਉਨ੍ਹਾਂ ਨੂੰ ਨਾਇਕ ਕਰਾਰ ਦਿੱਤਾ ਗਿਆ। ਸਰਕਾਰ ਨੇ ਪੰਜਾਬ ਦੇ ਵਿਲਕਦੇ ਲੋਕਾਂ ਦੀ ਕੋਈ ਸਾਰ ਨਾ ਲਈ।
ਸਰਦੂਲ ਸਿੰਘ ਕਵੀਸ਼ਰ ਨੇ ਰਾਜਨੀਤੀ ਵਿਚ ਸਰਗਰਮ ਰਹਿਣ ਦੇ ਬਾਵਜੂਦ ਸਾਹਿਤ ਦੇ ਖੇਤਰ ਵਿਚ ਵੀ ਪੂਰੀ ਸਮਰੱਥਾ ਨਾਲ ਆਪਣੀ ਸੇਵਾ ਨਿਭਾਈ। ਉਸ ਨੇ ਪੰਜਾਬੀ ਤੇ ਅੰਗਰੇਜ਼ੀ ਦੇ ਰਸਾਲਿਆਂ ਦੀ ਸੰਪਾਦਨਾ ਕੀਤੀ ਤੇ ਉੱਚ ਪਾਏ ਦੀਆਂ ਪੁਸਤਕਾਂ ਦੀ ਸਿਰਜਣਾ ਕੀਤੀ। Guru Nanak and World Peace; All the year Round : Guru Arjan’s Twelve Months of Love and Worship; Battle of Life: How Guru Govind Singh Fought it; Guru Govind Singh and National Movement; The Cross and the Crown; Republicanism in Religion; The City of Joy; Spirit of Sikhism; A Sikh King: Maharaja Ranjit Singh; Two Jewels of the House of Phul; The Problem of Life: How Guru Nanak Solved it; India’s Fight for Freedom (1936); Sikh Studies (1937); Sikhs and the Swaraj; Non-Voilent Non-Cooperation ਅਤੇ The Lahore Fort Torture Camp (1946) ਉਸ ਦੀਆਂ ਬੜੀਆਂ ਅਹਿਮ ਰਚਨਾਵਾਂ ਹਨ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਦੀ ਮਹੱਤਵਪੂਰਨ ਪੁਸਤਕ ‘ਸਿੱਖ ਧਰਮ ਦਰਸ਼ਨ’ 1969 ਵਿਚ ਪ੍ਰਕਾਸ਼ਿਤ ਕੀਤੀ। ਸਰਦੂਲ ਸਿੰਘ ਕਵੀਸ਼ਰ ਦੀ ਧਰਮਾਂ ਦੇ ਤੁਲਨਾਤਮਕ ਅਧਿਐਨ ਵਿਚ ਰੁਚੀ ਦੀ ਸ਼ੁਰੂਆਤ 1917 ਵਿਚ ਹੋਈ ਜਦੋਂ ਬਨਾਰਸ ਹਿੰਦੂ ਯੂਨੀਵਰਸਿਟੀ ਨੇ ਉਸ ਨੂੰ ਫੈਲੋ ਚੁਣਿਆ। ਇਸ ਖੇਤਰ ਵਿਚ ਉਸ ਨੇ 1937 ਵਿਚ The Sikh Studies ਨਾਂ ਦੀ ਪੁਸਤਕ ਲਿਖੀ। ਧਰਮ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਵੀਸ਼ਰ ਨੇ ਸਿੱਖ ਦਰਸ਼ਨ ਦੀ ਵਿਆਖਿਆ ਦੀ ਪਰੰਪਰਾ ਨੂੰ ਅੱਗੇ ਵਧਾਇਆ।
* ਸਿੱਖ ਹਿਸਟਰੀ ਰਿਸਰਚ ਸੈਂਟਰ, ਖਾਲਸਾ ਕਾਲਜ, ਅੰਮ੍ਰਿਤਸਰ
ਸੰਪਰਕ: 98158-46460