ਪ੍ਰਿੰ. ਸਰਵਣ ਸਿੰਘ
ਸੰਤੋਖ ਸਿੰਘ ਮੰਡੇਰ ਨੇ ਜਿਵੇਂ ਪੜ੍ਹਾਈ ਦੌਰਾਨ ਕਈ ਕਈ ਕਾਲਜ ਬਦਲੇ, ਉਵੇਂ ਹੀ ਪੜ੍ਹਾਈ ਤੋਂ ਬਾਅਦ ਜਦੋਂ ਕੰਮ-ਕਾਰ ਵਿਚ ਪਿਆ ਤਾਂ ਅਣਗਿਣਤ ਕਿੱਤੇ ਬਦਲੇ। ਜਾਪਦਾ ਹੈ, ਕੋਈ ਅਜਿਹਾ ਕੰਮ ਨਹੀਂ ਜਿਹੜਾ ਉਹਨੇ ਕੀਤਾ ਨਾ ਹੋਵੇ। ਹਰ ਖੇਤਰ ਵਿਚ ਉਸ ਦੀ ਘੁਮੱਕੜੀ ਦੀ ਚਰਚਾ ਚੱਲਦੀ ਰਹਿੰਦੀ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਐਤਕੀਂ ਆਪਣੇ ਇਸ ਕਾਲਮ ਵਿਚ ਸੰਤੋਖ ਸਿੰਘ ਮੰਡੇਰ ਦੇ ਕੰਮ ਅਤੇ ਕਿੱਤਿਆਂ ਬਾਰੇ ਤਾਂ ਦੱਸਿਆ ਹੀ ਹੈ, ਵੱਖ ਵੱਖ ਖੇਡਾਂ ਦੌਰਾਨ ਉਸ ਦੀ ਫੋਟੋਗ੍ਰਾਫੀ ਬਾਰੇ ਵੀ ਭਰਪੂਰ ਵੇਰਵੇ ਦਿੱਤੇ ਹਨ। ਇਸ ਦੇ ਨਾਲ ਹੀ 2012 ਵਾਲੀਆਂ ਲੰਡਨ ਓਲੰਪਿਕ ਖੇਡਾਂ ਬਾਰੇ ਲੇਖ ਵੀ ਪਾਠਕਾਂ ਦੀ ਨਜ਼ਰ ਕੀਤਾ ਹੈ।
ਸੰਤੋਖ ਸਿੰਘ ਮੰਡੇਰ ਓਲੰਪਿਕ ਖੇਡਾਂ ਦਾ ਮਾਨਤਾ ਪ੍ਰਾਪਤ ਫੋਟੋਗ੍ਰਾਫਰ ਹੈ। ਉਹ ਥ੍ਰੀ-ਇਨ-ਵਨ ਨਹੀਂ, ਫਾਈਵ-ਇਨ-ਵਨ ਹੈ। ਵਿਸਲ, ਮਾਈਕ ਤੇ ਕਲਮ ਦਾ ਕਾਮਾ ਤਾਂ ਹੈ ਹੀ, ਫੋਟੋਗਰਾਫੀ ਤੇ ਡਿਜ਼ਾਈਨਕਾਰੀ ਦਾ ਵੀ ਧਨੀ ਹੈ। ਅਸਮਾਨੋਂ ਟਾਕੀ ਲਾਹ ਵੀ ਲੈਂਦੈ ਤੇ ਲਾ ਵੀ ਦਿੰਦੈ। ਉਹਦੀ ਇਕ ਲੱਤ ਲੁਧਿਆਣੇ ਹੁੰਦੀ, ਦੂਜੀ ਲਾਹੌਰ, ਤੀਜਾ ਕਦਮ ਲੰਡਨ ਤੇ ਚੌਥਾ ਲਾਸ ਏਂਜਲਸ। ਉਹਦਾ ਪਰਿਵਾਰ ਬੇਸ਼ਕ ਸਰੀ (ਕੈਨੇਡਾ) ਰਹਿੰਦੈ ਪਰ ਆਪ ਉਹ ਧਰਤੀ ਦੁਆਲੇ ਗੇੜਾ ਬੱਧੀ ਰੱਖਦੈ। ਲੰਡਨ ਵਿਚ ਹੋਈਆਂ 30ਵੀਆਂ ਓਲੰਪਿਕ ਖੇਡਾਂ-2012 ਬਾਰੇ ਉਸ ਨੇ ਖ਼ੁਦ ਖਿੱਚੀਆਂ ਤਸਵੀਰਾਂ ਨਾਲ ਸਜਾਈ 200 ਪੰਨਿਆਂ ਦੀ ਵੱਡਆਕਾਰੀ ਕੌਫੀ ਟੇਬਲ ਬੁੱਕ ਛਪਵਾਈ ਹੈ ਜੋ ਅੰਗਰੇਜ਼ੀ ਤੇ ਪੰਜਾਬੀ ਖੇਡ ਸਾਹਿਤ ਦਾ ਮਾਣ ਹੈ।
ਉਹਦਾ ਜਨਮ ਜਰਗ ਦੇ ਚੌਧਰੀ ਸੰਤ ਸਿੰਘ ਅਤੇ ਅਮੀਰ ਕੌਰ ਦੇ ਘਰ 1950 ਦੀ ਲੋਹੜੀ ਨੂੰ ਹੋਇਆ ਸੀ। ਜਿੱਦਣ ਦਾ ਜੰਮਿਆ, ਬੱਸ ਲੋਹੜੀਆਂ ਹੀ ਵੇਖਦਾ ਫਿਰਦੈ! ਦੁਨੀਆ ਦਾ ਕੋਈ ਮੇਲਾ ਗੇਲਾ ਨਹੀਂ ਹੋਣਾ ਜਿਹੜਾ ਉਹਨੇ ਨਹੀਂ ਵੇਖਿਆ। ਇੰਡੀਆ, ਅਮਰੀਕਾ, ਕੈਨੇਡਾ ਦੇ ਸੌ ਕੁ ਖੇਡ ਮੇਲੇ ਤਾਂ ਅਸੀਂ ਇਕੱਠੇ ਹੀ ਵੇਖ ਚੁੱਕੇ ਹਾਂ। ਉਹ ਹਜ਼ਾਰਾਂ ਨਹੀਂ, ਲੱਖ ਤੋਂ ਵੀ ਵੱਧ ਫੋਟੋ ਖਿੱਚੀ ਫਿਰਦੈ। ਦਰਜਨ ਤੋਂ ਵੱਧ ਕੀਮਤੀ ਕੈਮਰੇ ਹੰਢਾਅ ਜਾਂ ਗੁਆ ਚੁੱਕੈ! ਪੰਜਾਬੀ ਵਿਚ ਖੇਡਾਂ ਦਾ ਇੰਟਰਨੈਸ਼ਨਲ ਸਚਿੱਤਰ ਮੈਗਜ਼ੀਨ ‘ਖੇਡ ਸੰਸਾਰ’ ਅਸੀਂ ਰਲ ਕੇ ਕੱਢਦੇ ਰਹੇ ਹਾਂ ਜਿਸ ਦੀ ਗੱਲ ਕਦੇ ਫੇਰ ਕਰਾਂਗੇ।
ਅਕਸਰ ਪੁੱਛਿਆ ਜਾਂਦੈ, ਕਿਹੜਾ ਕੰਮ ਹੈ ਜਿਹੜਾ ਉਹਨੇ ਨਹੀਂ ਕੀਤਾ ਤੇ ਕਿਹੜਾ ਪੰਗਾ ਹੈ ਜਿਹੜਾ ਉਹਨੇ ਨਹੀਂ ਲਿਆ? ਜਲੰਧਰ ਦੇ ਸਪੋਰਟਸ ਸਕੂਲ ਵਿਚ ਪੜ੍ਹਦਿਆਂ ਉਹ ਕਬੱਡੀ ਨੈਸ਼ਨਲ ਸਟਾਈਲ ਖੇਡਿਆ ਤੇ ਉਨ੍ਹਾਂ ਦੀ ਟੀਮ ਨੈਸ਼ਨਲ ਚੈਂਪੀਅਨ ਬਣੀ। ਸਰਕਾਰੀ ਕਾਲਜ ਮਲੇਰਕੋਟਲੇ ਤੋਂ ਰੋਲ ਆਫ਼ ਆਨਰ ਲੈ ਕੇ ਉਹ ਅਗਲੇ ਸਾਲ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਚਲਾ ਗਿਆ। ਮੁੜ ਕੇ ਇਕ ਸਾਲ ਸਿੱਧਸਰ ਕਾਲਜ ਵਿਚ ਲਾਇਆ। ਅਗਲੇ ਸਾਲ ਐੱਸਡੀ ਕਾਲਜ ਅੰਬਾਲੇ ਵਾਲੇ ਲੈ ਗਏ। ਫਿਰ ਉਹ ਜੀਜੀਐੱਨ ਕਾਲਜ ਲੁਧਿਆਣੇ ਆ ਵੱਜਾ। ਇਉਂ ਉਸ ਨੇ ਬੀਏ ਕਰਨ ਤਕ ਪੰਜ ਕਾਲਜ ਬਦਲੇ। ਬੁੱਝੋ ਭਲਾ, ਆਪੇ ਬਦਲੇ ਜਾਂ ਪ੍ਰਿੰਸੀਪਲ ਬਦਲਾਉਂਦੇ ਰਹੇ?
ਫਿਰ ਉਸ ਨੇ ਐੱਨਆਈਐੱਸ ਪਟਿਆਲੇ ਤੋਂ ਹੈਂਡਬਾਲ ਦਾ ਡਿਪਲੋਮਾ ਕੀਤਾ ਤੇ ਨੈਸ਼ਨਲ ਪੱਧਰ ਦੀ ਹੈਂਡਬਾਲ ਖੇਡਿਆ। ਪੰਜਾਬ ਹੈਂਡਬਾਲ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਬਣ ਕੇ ਪੰਜਾਬ ਦੀਆਂ ਜੂਨੀਅਰ ਤੇ ਸੀਨੀਅਰ ਟੀਮਾਂ ਨੈਸ਼ਨਲ ਚੈਂਪੀਅਨਸਿ਼ਪ ਜਿਤਾਈਆਂ। 1974 ਵਿਚ ਉਹ ਪੰਚਾਇਤੀ ਰਾਜ ਖੇਡ ਪਰਿਸ਼ਦ ਦਾ ਕਬੱਡੀ ਕੋਚ ਲੱਗ ਗਿਆ। 1980 ਵਿਚ ਕੋਚਿੰਗ ਦੀ ਨੌਕਰੀ ਛੱਡ ਕੇ ਬਗਦਾਦ ਦੀ ਇਕ ਕੰਸਟ੍ਰੱਕਸ਼ਨ ਕੰਪਨੀ ਦਾ ਸਿ਼ਫਟ ਇੰਚਾਰਜ ਜਾ ਬਣਿਆ। 1985 ਵਿਚ ਉਹਦੀ ਬਦਲੀ ਲੰਡਨ ਦੀ ਹੋ ਗਈ। ਲੰਡਨੋਂ ਉਸ ਨੇ ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਦੇ ਵੀਜ਼ੇ ਲੈ ਲਏ ਤੇ ਜਹਾਜ਼ੀਂ ਉਡ ਚੱਲਿਆ। ਕਈ ਮੁਲਕਾਂ ਦਾ ਪਾਣੀ ਪੀ ਕੇ ਮੁੜ ਦਿੱਲੀ ਆਇਆ ਤਾਂ ਦਿੱਲੀ ਤੋਂ ਕਰਨਾਲ ਤਕ ਚੌੜੀ ਕੀਤੀ ਜਾ ਰਹੀ ਜਰਨੈਲੀ ਸੜਕ ਦਾ ਸੁਪਰਵਾਈਜ਼ਰ ਲੱਗ ਗਿਆ। ਵੈਨਕੂਵਰ ਦੀ ਐਕਸਪੋ-86 ਨੇ ਉਹਨੂੰ ਫਿਰ ਕੈਨੇਡਾ ਖਿੱਚ ਲਿਆ।
ਕੈਨੇਡਾ ਪਹੁੰਚ ਕੇ ਉਸ ਨੇ ਝਾੜੂ ਲਾਏ, ਘਾਹ ਉਗਾਇਆ, ਵਾੜਾਂ ਕੱਟੀਆਂ ਤੇ ਇੱਟਾਂ ਢੋਈਆਂ। ਇਟਲੀ ਦੀ ਫਰਮ ਨਾਲ ਮਾਰਬਲ ਦੀ ਡਿਜ਼ਾਈਨਿੰਗ ਕੀਤੀ, ਇੰਟੀਰੀਅਰ ਡੈਕੋਰੇਸ਼ਨ ਦਾ ਧੰਦਾ ਕੀਤਾ। 1990 ਵਿਚ ਜਦੋਂ ਮੈਂ ਤੇ ਮੇਰੀ ਪਤਨੀ ਪਹਿਲੀ ਵਾਰ ਕੈਨੇਡਾ ਗਏ ਤਾਂ ਉਹਨੇ ਸਾਨੂੰ ਆਪਣੇ ਸਰੀ ਵਾਲੇ ਦਫਤਰ ਸੱਦਿਆ ਜੋ ਪਟੋਲ੍ਹੇ ਵਾਂਗ ਸਿ਼ੰਗਾਰਿਆ ਹੋਇਆ ਸੀ। ਕੰਧਾਂ ਉਤੇ ਦੁਨੀਆ ਭਰ ਦੇ ਸਿੱਕੇ, ਖੇਡ ਨਿਸ਼ਾਨੀਆਂ ਤੇ ਝੰਡੇ ਫਰੇਮ ਕਰ ਕੇ ਟੰਗੇ ਹੋਏ ਸਨ। ਨਿਊਨ ਬੱਤੀਆਂ ਵਿਚ ਰੰਗੀਨ ਪਰਦਿਆਂ ਦਾ ਸੁਫਨਈ ਸੰਸਾਰ ਸੀ। ਰੁਮਾਂਚਿਕ ਚਿੱਤਰ ਸਨ ਤੇ ਨਵਾਰੀ ਪਲੰਘ। ਦਫਤਰ ਕਾਹਦਾ, ਅਜੂਬਾ ਸੀ!
ਦੁਬਾਰਾ ਉਹਦੇ ਦਫਤਰ ਗਏ ਤਾਂ ਉਹ ਇੰਟੀਰੀਅਰ ਡੈਕੋਰੇਸ਼ਨ ਛੱਡ ਕੇ ਇੰਪੋਰਟ ਐਕਸਪੋਰਟ ਕਰਨ ਲੱਗ ਪਿਆ ਸੀ। ਦੋ ਸਾਲ ਪ੍ਰਾਪਰਟੀ ਦਾ ਪੇਸ਼ਾ ਕੀਤਾ। ਫਿਰ ਸਟੋਰਾਂ ਵਿਚ ਕੰਮ ਕਰਦਿਆਂ ਆਪਣਾ ਸਟੋਰ ਖੋਲ੍ਹ ਲਿਆ। ਇਕ ਸਟੋਰ ਤੋਂ ਛੇ ਸਟੋਰ ਕਰ ਲਏ। ਪੰਜਾਬੀ ਫਾਸਟ ਫੂਡ ਦੀ ਚੇਨ ਚਲਾ ਲਈ। ਵੈਸਟਰਨ ਸਟਾਈਲ ਪਰੌਂਠਾ ਬਣਾ ਕੇ ਸਭ ਤੋਂ ਵੱਡੀ ਮਾਲ ਮੈਟਰੋ ਟਾਊਨ ਵਿਚ ‘ਫਾਸਟ ਪਰੌਂਠਾ’ ਸ਼ੁਰੂ ਕੀਤਾ। ਫਿਰ ਬਿਜ਼ਨੈਸ ਮਾਰਕੀਟਿੰਗ ਕੀਤੀ। ਕੰਪਨੀ ਦਾ ਮੁੜ ਨਿਗਰਾਨ ਬਣਿਆ ਤੇ ਹੁਣ ਘੰਟਿਆਂ ਬੱਧੀ ਕੰਪਿਊਟਰ ਨੂੰ ਚੰਬੜਿਆ ਰਹਿੰਦੈ। ਕੰਮ ਧੰਦੇ ਬਦਲਣ ਵਿਚ ਉਹਦਾ ਰਿਕਾਰਡ ਹੈ। ਹੋ ਸਕਦੈ, ਕਿਸੇ ਦਿਨ ਗਿੱਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਉਹਦਾ ਨਾਂ ਵੀ ਆ ਜਾਵੇ।
ਪਿੱਛੇ ਜਿਹੇ ਮੈਂ ਉਹਦੇ ‘ਚੌਧਰੀ ਨਿਵਾਸ’ ਗਿਆ ਤਾਂ ਜਰਗ ਦਾ ਚੌਧਰੀ ਉੱਚੇ ਰੁੱਖ ਉੱਤੇ ਚੜ੍ਹਿਆ ਟਾਹਣੀਆਂ ਛਾਂਗੀ ਜਾਂਦਾ ਸੀ। ਹੇਠਾਂ ਫ੍ਰੇਜ਼ਰ ਦਰਿਆ ਸੀ। ਕਾਇਦੇ ਕਾਨੂੰਨ ਵਜੋਂ ਉਸ ਨੇ ਗੁਆਂਢੀਆਂ ਨੂੰ ਕਹਿ ਰੱਖਿਆ ਸੀ, ਜੇ ਡਿੱਗ ਪਿਆ ਤਾਂ ਐਂਬੂਲੈਂਸ ਵਾਲਿਆਂ ਨੂੰ ਫੋਨ ਕਰ ਦਿਓ। ਫੋਨ ਤਾਂ ਅਗਲਿਆਂ ਨੇ ਕਰ ਹੀ ਦੇਣਾ ਸੀ ਪਰ ਉਹਦਾ ਐਂਬੂਲੈਂਸ ਵਿਚੋਂ ਦਰਿਆ ਵਿਚ ਛਾਲ ਨਾ ਮਾਰਨ ਦਾ ਜਿ਼ੰਮਾ ਕੌਣ ਲੈਂਦਾ? ਤਰਨ ਬਿਨਾਂ ਵੀ ਉਹਤੋਂ ਰਹਿ ਨੀ ਹੁੰਦਾ!
ਉਹਦੀ ਜਾਣ ਪਛਾਣ ਦਾ ਇਹ ਆਲਮ ਹੈ ਕਿ ਵਾਹਗੇ ਬਾਰਡਰ ਵਾਲੇ ਉਹਨੂੰ ਘਰ ਦੇ ਭੇਤੀ ਵਾਂਗ ਜਾਣਦੇ ਹਨ। ਵਾਹਗਾ ਬਾਰਡਰ ਉਹ ਸੌ ਵਾਰ ਲੰਘ ਚੁੱਕਾ ਹੋਵੇਗਾ। ਪਾਕਿਸਤਾਨ ਤੇ ਇਰਾਨ ਤੋਂ ਕਬੱਡੀ ਖਿਡਾਰੀ ਲਿਆਉਣ ਦਾ ਉਹ ਪੀਰ ਉਸਤਾਦ ਹੈ। ਕਹਿੰਦਾ ਹੈ, ਹੁਣ ਇਕ ਘਰ ਲਾਹੌਰ ਹੀ ਪਾ ਲੈਣਾ। ਅਜੀਬ ਅੱਚਵੀ ਹੈ ਜਿਹੜੀ ਉਹਨੂੰ ਕਿਤੇ ਨਿੱਠ ਕੇ ਨਹੀਂ ਟਿਕਣ ਦਿੰਦੀ। ਉਸ ਨੇ ਕਈ ਸਕੂਲ ਕਾਲਜ ਬਦਲੇ, ਕਿੱਤੇ ਬਦਲੇ, ਕਾਰੋਬਾਰ ਬਦਲੇ, ਘਰ ਬਦਲੇ ਪਰ ਸ਼ੁਕਰ ਹੈ ਅਜੇ ਤਕ ਵਿਆਹ ਨਹੀਂ ਬਦਲਿਆ। ਵਿਆਹ ਉਹਦਾ ਖਹਿਰੇ ਕੁੱਬੇ ਹੋਇਆ ਜਦ ਕਿ ਸਹੁਰਿਆਂ ਦਾ ਕਾਰੋਬਾਰ ਕਲਕੱਤੇ ਸੀ।
ਵਿਕਟੋਰੀਆ ਹੋਈਆਂ ਕਾਮਨਵੈਲਥ ਖੇਡਾਂ ਦਾ ਉਹ ਮਾਨਤਾ ਪ੍ਰਾਪਤ ਫੋਟੋਗਰਾਫਰ ਸੀ। ਉਸ ਨੇ ਵਿਸ਼ਵ ਕੱਪ ਕਵਰ ਕੀਤੇ, ਏਸਿ਼ਆਈ ਖੇਡਾਂ ਵੀ ਤੇ ਓਲੰਪਿਕ ਖੇਡਾਂ ਵੀ। ਉਹਦਾ ਰਿਵਰ ਸਾਈਡ ਵਾਲਾ ਘਰ ਯਾਦਗਾਰੀ ਨਿਸ਼ਾਨੀਆਂ ਦਾ ਭੰਡਾਰ ਹੈ ਜਿਥੇ ਦੁਰਲੱਭ ਚਿੱਤਰ, ਬੰਦੂਕਾਂ ਤੇ ਪੁਸਤਕਾਂ ਹਨ ਜਿਨ੍ਹਾਂ ਦੀ ਨੁਮਾਇਸ਼ ਲਾਈ ਜਾ ਸਕਦੀ ਹੈ। ਦਾਣੇ ਭੁੰਨਦੀ ਭੱਠੀ ਵਾਲੀ, ਇੱਜੜ ਚਾਰਦੇ ਆਜੜੀ, ਤ੍ਰਿੰਜਣ ਦੀਆਂ ਕੁੜੀਆਂ, ਕਬੱਡੀ ਖੇਡਦੇ ਗੱਭਰੂ, ਜਰਗ ਦੇ ਮੇਲੇ ਵਿਚ ਗੁਲਗੁਲੇ ਖਾਂਦੇ ਗਧੇ ਤੇ ਸੁੱਖਾ ਘੋਟਦੇ ਨਿਹੰਗਾਂ ਵਰਗੀਆਂ ਤਸਵੀਰਾਂ ਨੁਮਾਇਸ਼ ਦਾ ਸਿੰ਼ਗਾਰ ਹਨ। ਘਰ ਸਜਾਉਣ ਨਹੀਂ, ਘਰ ਫੂਕ ਤਮਾਸ਼ਾ ਵੇਖਣ ਦਾ ਵੱਲ ਵੀ ਉਹਦੇ ਕੋਲੋਂ ਸਿੱਖਿਆ ਜਾ ਸਕਦੈ!
ਉਹਦੀ ਬਹੁਪੱਖੀ ਸ਼ਖਸੀਅਤ, ਭਾਂਤ ਸੁਭਾਂਤੇ ਤਜਰਬੇ ਤੇ ਪੰਜਾਬੀਅਤ ਨਾਲ ਮੋਹ ਪਿਆਰ ਵੇਖਦਿਆਂ ਉਸ ਨੂੰ ਵਿਸ਼ਵ ਪੰਜਾਬੀਅਤ ਫਾਊਂਡੇਸ਼ਨ ਦਾ ਸਕੱਤਰ ਜਨਰਲ ਨਾਮਜ਼ਦ ਕੀਤਾ ਗਿਆ ਸੀ। 2001 ਵਿਚ ਲਾਹੌਰ ਆਲਮੀ ਪੰਜਾਬੀ ਕਾਨਫਰੰਸ ਕਰਵਾ ਕੇ ਧੰਨ ਧੰਨ ਕਰਵਾਈ। ਅਨੇਕਾਂ ਮਾਨ ਸਨਮਾਨ ਝੋਲੀ ਪਏ ਤੇ ਬੱਲੇ ਬੱਲੇ ਵੀ ਬੜੀ ਹੋਈ। ਬਥੇਰੀਆਂ ਓਲੰਪਿਕ ਖੇਡਾਂ ਕਵਰ ਕੀਤੀਆਂ ਪਰ ਪੰਜਾਬੀ ਓਲੰਪਿਕਸ ਕਰਾਉਣੀ ਅਜੇ ਬਾਕੀ ਹਨ। ਡਰ ਹੈ ਕਿ ਕਾਂਟੇ ਬਦਲਦਾ ਕਦੇ ਹੰਭ ਹਾਰ ਨਾ ਬੈਠੇ। ਸਾਡੀ ਇਹੋ ਕਾਮਨਾ ਹੈ ਕਿ ਫਾਈਵ-ਇਨ-ਵਨ ਦੀ ਥਾਂ ਭਾਵੇਂ ਥ੍ਰੀ-ਇਨ-ਵਨ ਹੀ ਰਹਿ ਜੇ ਪਰ ਉਹਦੇ ਸੈੱਲ ਚਾਰਜ ਹੁੰਦੇ ਰਹਿਣ।
ਪੇਸ਼ ਹੈ ਲੰਡਨ ਓਲੰਪਿਕਸ ਦੀ ਭੂਮਿਕਾ
ਲੰਡਨ ਦੀਆਂ ਓਲੰਪਿਕ ਖੇਡਾਂ ਉਤੇ ਨੌਂ ਅਰਬ ਪੌਂਡ ਖਰਚ ਹੋਏ। ਵਧੇਰੇ ਖੇਡਾਂ 500 ਏਕੜ ਦੇ ਓਲੰਪਿਕ ਪਾਰਕ ਵਿਚ ਨੇਪਰੇ ਚੜ੍ਹੀਆਂ ਜਿਥੇ 34 ਖੇਡ ਮੈਦਾਨ ਤੇ ਸਟੇਡੀਅਮ ਸਨ। ਉਥੇ 2012 ਦੀ 27 ਜੁਲਾਈ ਤੋਂ 12 ਅਗਸਤ ਤਕ ਲੱਖਾਂ ਲੋਕਾਂ ਨੇ ਖੇਡਾਂ ਦਾ ਅਨੰਦ ਮਾਣਿਆ। ਇਨ੍ਹਾਂ ਖੇਡਾਂ ਵਿਚ 204 ਮੁਲਕਾਂ ਦੇ 10820 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲੇ ਲਈ 26 ਸਪੋਰਟਸ ਦੇ 39 ਡਿਸਿਪਲਿਨ ਤੇ 302 ਈਵੈਂਟ ਸਨ। 302 ਸੋਨੇ, 304 ਚਾਂਦੀ ਤੇ 356 ਤਾਂਬੇ ਦੇ ਤਗ਼ਮੇ ਜੇਤੂਆਂ ਦੇ ਗਲੀਂ ਪਏ। 962 ਤਗ਼ਮਿਆਂ ਵਿਚੋਂ 54 ਮੁਲਕ ਸੋਨੇ ਤੇ 85 ਮੁਲਕ ਚਾਂਦੀ ਜਾਂ ਤਾਂਬੇ ਦੇ ਤਗ਼ਮੇ ਹਾਸਲ ਕਰ ਸਕੇ। 119 ਮੁਲਕ ਖਾਲੀ ਹੱਥ ਰਹੇ। 2008 ਵਿਚ ਬੀਜਿੰਗ (ਪੇਈਚਿੰਗ) ਦੀਆਂ ਓਲੰਪਿਕ ਖੇਡਾਂ ਵਿਚੋਂ 86 ਮੁਲਕ ਇਕ ਜਾਂ ਵੱਧ ਮੈਡਲ ਜਿੱਤੇ ਸਨ ਜਦ ਕਿ 118 ਮੁਲਕ ਕੋਈ ਵੀ ਮੈਡਲ ਨਹੀਂ ਸੀ ਜਿੱਤ ਸਕੇ। ਉਥੇ ਚੀਨ ਸਭ ਤੋਂ ਉਪਰ ਸੀ, ਅਮਰੀਕਾ ਦੂਜੇ ਨੰਬਰ ਤੇ ਸੀ। ਲੰਡਨ ਵਿਚ ਅਮਰੀਕਾ ਉਪਰ ਚਲਾ ਗਿਆ, ਚੀਨ ਦੂਜੇ ਨੰਬਰ ਤੇ ਆ ਗਿਆ। ਬੀਜਿੰਗ ਦੀ ਤਗ਼ਮਾ ਸੂਚੀ ਵਿਚ ਭਾਰਤ ਦਾ 50ਵਾਂ ਨੰਬਰ ਸੀ। ਲੰਡਨ ਦੀ ਸੂਚੀ ਵਿਚ 55ਵੇਂ ਥਾਂ ਰਿਹਾ। ਉਂਜ ਮੈਡਲ ਤਿੰਨਾਂ ਤੋਂ ਛੇ ਹੋ ਗਏ ਪਰ ਸੋਨੇ ਦਾ ਕੋਈ ਨਹੀਂ। ਬੀਜਿੰਗ ਵਿਚ ਇਕ ਸੋਨੇ ਦਾ ਵੀ ਸੀ।
ਲੰਡਨ ਓਲੰਪਿਕਸ ਦੇ ਉਦਘਾਟਨੀ ਸਮਾਰੋਹ ਦੀ ਸਭ ਤੋਂ ਮਹਿੰਗੀ ਟਿਕਟ 2012 ਪੌਂਡ ਦੀ ਸੀ। 20 ਪੌਂਡ ਤੋਂ 2012 ਪੌਂਡ ਤਕ ਦੀਆਂ 80 ਲੱਖ ਟਿਕਟਾਂ ਛਪੀਆਂ ਸਨ। ਇਕ ਦਿਨ ਦੀ ਟਿਕਟ 20 ਤੋਂ 50 ਪੌਂਡ ਸੀ। 17 ਲੱਖ ਟਿਕਟਾਂ ਸਿਰਫ਼ ਫੁੱਟਬਾਲ ਦੇ ਮੈਚ ਵੇਖਣ ਲਈ ਸਨ। ਟਿਕਟਾਂ ਦੇ ਕੁਲ 40 ਕਰੋੜ ਪੌਂਡ ਵੱਟੇ ਗਏ। ਬਹੁਤੀ ਕਮਾਈ ਇਸ਼ਤਿਹਾਰਬਾਜ਼ੀ ਦੀ ਸੀ। ਓਲੰਪਿਕ ਖੇਡਾਂ ਕਰਾਉਣੀਆਂ ਹੁਣ ਘਾਟੇ ਦਾ ਸੌਦਾ ਨਹੀਂ। ਲਾਸ ਏਂਜਲਸ-1984, ਖ਼ਾਸ ਕਰ ਕੇ ਐਟਲਾਂਟਾ-1996 ਤੋਂ ਇਹ ਖੇਡਾਂ ਮੁਨਾਫ਼ਾਬਖ਼ਸ਼ ਬਣ ਗਈਆਂ ਹਨ। ਇਹੋ ਕਾਰਨ ਹੈ ਕਿ ਓਲੰਪਿਕ ਖੇਡਾਂ ਕਰਾਉਣ ਲਈ ਹਰ ਵਾਰ ਕਈ ਸ਼ਹਿਰ ਅਰਜ਼ੀਆਂ ਦਿੰਦੇ ਹਨ।
2012 ਦੀਆਂ ਖੇਡਾਂ ਲਈ ਨੌਂ ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਸਨ। ਲੰਡਨ, ਪੈਰਿਸ, ਲਿਪਜਿ਼ਗ, ਮਾਸਕੋ, ਨਿਊ ਯਾਰਕ, ਹਵਾਨਾ, ਇਸਤੰਬੋਲ, ਮੈਡਰਿਡ ਤੇ ਰੀਓ ਡੀ ਜਨੀਰੋ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਨੇ ਮੀਟਿੰਗਾਂ ਵਿਚ ਚਾਰ ਸ਼ਹਿਰ ਝਾੜ ਕੇ ਪੰਜ ਸ਼ਹਿਰ ਲੰਡਨ, ਪੈਰਿਸ, ਮੈਡਰਿਡ, ਨਿਊ ਯਾਰਕ ਤੇ ਮਾਸਕੋ ਮੁਕਾਬਲੇ ਲਈ ਰੱਖੇ ਸਨ। 6 ਜੁਲਾਈ 2005 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਿੰਗਾਪੁਰ ਹੋਏ 117ਵੇਂ ਸੈਸ਼ਨ ਵਿਚ ਵੋਟਾਂ ਪਾਈਆਂ ਗਈਆਂ। ਆਖ਼ਰੀ ਗੇੜ ਵਿਚ ਪੈਰਿਸ ਨੂੰ 50 ਤੇ ਲੰਡਨ ਨੂੰ 54 ਵੋਟਾਂ ਪਈਆਂ। ਇਹਤੋਂ ਪਹਿਲਾਂ ਲੰਡਨ ਨੇ 1908 ਤੇ 1948 ਵਿਚ ਵੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇਉਂ ਲੰਡਨ ਦੁਨੀਆ ਦਾ ਪਹਿਲਾ ਸ਼ਹਿਰ ਹੈ ਜਿਥੇ ਤਿੰਨ ਓਲੰਪਿਕਸ ਹੋਈਆਂ।
ਲੰਡਨ ਨੂੰ ਦੁਨੀਆ ਦਾ ਦਿਲ ਤੇ ਵਿਸ਼ਵ ਸਭਿਅਤਾ ਦੀ ਰਾਜਧਾਨੀ ਕਿਹਾ ਜਾਂਦੈ। ਇਹਦੀਆਂ ਗਲੀਆਂ, ਬਾਜ਼ਾਰਾਂ ਤੇ ਘਰਾਂ ਵਿਚ 300 ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ। ਇਹ 2000 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ। 1831 ਤੋਂ 1925 ਤਕ ਇਹ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਗਿਣਿਆ ਜਾਂਦਾ ਰਿਹਾ। 2011 ਦੀ ਮਰਦਮ ਸ਼ੁਮਾਰੀ ਅਨੁਸਾਰ ਇਸ ਦੀ ਵਸੋਂ 80 ਲੱਖ ਤੋਂ ਉਪਰ ਹੈ ਜਿਸ ਵਿਚ ਢਾਈ ਲੱਖ ਲੋਕ ਭਾਰਤੀ/ਪੰਜਾਬੀ ਮੂਲ ਦੇ ਹਨ। ਉਥੋਂ ਦਾ ਹੀਥਰੋ ਏਅਰਪੋਰਟ ਵਿਸ਼ਵ ਵਿਚ ਸਭ ਤੋਂ ਵੱਧ ਉਡਾਣਾਂ ਵਾਲਾ ਹਵਾਈ ਅੱਡਾ ਹੈ। ਲੰਡਨ ਦੀ ਮੈਟਰੋ ਸਭ ਤੋਂ ਪੁਰਾਣੀ ਹੈ ਜਿਸ ਰਾਹੀਂ ਲੱਖਾਂ ਕਰੋੜਾਂ ਮੁਸਾਫਿ਼ਰ ਢੋਏ ਜਾਂਦੇ ਹਨ। ਓਲੰਪਿਕ ਖੇਡਾਂ ਸਮੇਂ ਲੱਖਾਂ ਮੁਸਾਫਿ਼ਰ ਆਏ ਜਿਸ ਨਾਲ ਲੰਡਨ ਦੀ ਆਰਥਿਕਤਾ ਨੂੰ ਤਕੜਾ ਹੁਲਾਰਾ ਮਿਲਿਆ। ਲੰਡਨ ਦੀ ਪਬਲਿਕ ਟਰਾਂਸਪੋਰਟ ਇਕ ਘੰਟੇ ਵਿਚ 2 ਲੱਖ 40 ਹਜ਼ਾਰ ਸਵਾਰੀਆਂ ਢੋਣ ਦੀ ਸਮਰੱਥਾ ਰੱਖਦੀ ਹੈ।
ਥੇਮਸ ਦਰਿਆ ਦੇ ਕੰਢੇ ਵਸਿਆ ਲੰਡਨ ਵਿਸ਼ਵ ਦਾ ਸਭ ਤੋਂ ਵੱਧ ਸੈਰ ਸਪਾਟੇ ਵਾਲਾ ਸ਼ਹਿਰ ਹੈ। ਉਥੇ ਇਤਿਹਾਸਕ ਇਮਾਰਤਾਂ, ਅਜਾਇਬ ਘਰ, ਗਿਰਜੇ, ਮਹੱਲ, ਕਿਲ੍ਹੇ, ਟਾਵਰ, ਬਾਗ-ਬਗੀਚੇ, ਪਾਰਕ ਅਤੇ ਅਨੇਕਾਂ ਹੋਰ ਵੇਖਣਯੋਗ ਥਾਵਾਂ ਹਨ। ‘ਲੰਡਨ ਆਈ’ ਜਿਸ ਨੂੰ ਲੰਡਨ ਦੀ ਚੰਡੋਲ ਕਿਹਾ ਜਾ ਸਕਦੈ, ਉਹਦੀ ਢਾਣੀ ਦੂਰ ਤਕ ਉਨ੍ਹਾਂ ਦੇ ਦਰਸ਼ਨ ਕਰਾ ਦਿੰਦੀ ਹੈ। ਕਿਤੇ ਲੰਡਨ ਦੀ ਸ਼ਾਹਰਗ ਥੇਮਸ, ਲੰਡਨ ਟਾਵਰ, ਬਕਿੰਘਮ ਪੈਲੇਸ, ਪਿਕਾਡਲੀ ਸਰਕਸ, ਟ੍ਰੈਫਾਲਗਰ ਸੁਕੇਅਰ, ਵੈਂਬਲੇ ਸਟੇਡੀਅਮ, ਕਿਊ ਗਾਰਡਨਜ਼, ਲੰਡਨ ਬ੍ਰਿਜ, ਬ੍ਰਿਟਿਸ਼ ਮਿਊਜ਼ੀਅਮ, ਨੈਸ਼ਨਲ ਗੈਲਰੀ, ਬ੍ਰਿਟਿਸ਼ ਲਾਇਬ੍ਰੇਰੀ, ਨੈਸ਼ਨਲ ਹਿਸਟਰੀ ਮਿਊਜ਼ੀਅਮ ਤੇ ਕਿਤੇ ਇਤਿਹਾਸਕ ਗਿਰਜਿਆਂ ਦੇ ਮਿਨਾਰ ਦਿਸਦੇ ਹਨ।
6 ਜੁਲਾਈ 2005 ਨੂੰ 30ਵੀਆਂ ਓਲੰਪਿਕ ਖੇਡਾਂ ਲੰਡਨ ਨੂੰ ਸੌਂਪਣ ਦਾ ਐਲਾਨ ਹੋਇਆ। ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿ 7 ਜੁਲਾਈ ਨੂੰ ਲੰਡਨ ਦੀ ਅੰਡਰ ਗਰਾਊਂਡ ਮੈਟਰੋ ਵਿਚ ਬੰਬ ਧਮਾਕੇ ਹੋ ਗਏ ਪਰ ਬਰਤਾਨੀਆ ਹਕੂਮਤ ਤੇ ਲੰਡਨ ਵਾਸੀਆਂ ਨੇ ਦਿਲ ਨਹੀਂ ਛੱਡਿਆ ਤੇ ਖੇਡਾਂ ਦੀ ਤਿਆਰੀ ਵਿਸ਼ਾਲ ਪੈਮਾਨੇ ਤੇ ਕੀਤੀ। ਪੂਰਬੀ ਲੰਡਨ ਵੱਲ ਸਟੈਫੋਰਡ ਦੇ ਸਨਅਤੀ ਇਲਾਕੇ ਵਿਚ ਓਲੰਪਿਕ ਪਿੰਡ ਤੇ ਖੇਡ ਭਵਨ ਉਸਾਰੇ ਗਏ। ਓਲੰਪਿਕ ਪਾਰਕ ਵਿਚ ਹਜ਼ਾਰਾਂ ਰੁੱਖ ਤੇ ਲੱਖਾਂ ਬੂਟੇ ਲਾਏ ਅਤੇ ਪੰਛੀਆਂ ਦਾ ਵਸੇਬਾ ਕੀਤਾ ਗਿਆ ਤਾਂ ਜੋ ਖੇਡਾਂ ਲਈ ਵਾਤਾਵਰਨ ਅਨੁਕੂਲ ਰਹੇ। ਓਲੰਪਿਕ ਪਿੰਡ ਦੇ 2818 ਅਪਾਰਟਮੈਂਟ ਹਨ ਜਿਨ੍ਹਾਂ ਵਿਚ 16 ਹਜ਼ਾਰ ਬੈੱਡ ਲਾਏ ਗਏ। ਰੋਜ਼ਾਨਾ 60 ਹਜ਼ਾਰ ਬਰੇਕ ਫਾਸਟ, ਲੰਚ ਤੇ ਡਿਨਰ ਵਰਤਾਏ ਜਾਂਦੇ ਰਹੇ ਜਿਨ੍ਹਾਂ ਵਿਚ 5000 ਬਰੈੱਡਾਂ, 232 ਟਨ ਆਲੂ, 330 ਟਨ ਫਲ ਤੇ ਸਬਜ਼ੀਆਂ ਅਤੇ 75000 ਲਿਟਰ ਦੁੱਧ ਲੱਗਦਾ ਰਿਹਾ। 27 ਜੁਲਾਈ ਰਾਤ ਨੂੰ 80 ਹਜ਼ਾਰ ਸੀਟਾਂ ਵਾਲੇ ਓਲੰਪਿਕ ਸਟੇਡੀਅਮ ਵਿਚ ਖੇਡਾਂ ਦਾ ਉਦਘਾਟਨੀ ਸਮਾਰੋਹ ਹੋਇਆ ਜਿਸ ਵਿਚ ਕੁਝ ਮੁਲਕਾਂ ਦੇ ਮੁਖੀ ਵੀ ਸ਼ਾਮਲ ਹੋਏ।
ਮਾਰਚ ਪਾਸਟ ਵਿਚ ਸਭ ਤੋਂ ਵੱਡਾ ਦਲ ਗ੍ਰੇਟ ਬਰਤਾਨੀਆ ਦਾ ਸੀ ਜਿਸ ਦੇ 541 ਖਿਡਾਰੀ ਸਨ। ਅਮਰੀਕਾ ਦੇ ਖਿਡਾਰੀਆਂ ਦੀ ਗਿਣਤੀ 530, ਰੂਸ ਦੀ 436, ਚੀਨ ਦੀ 396, ਜਰਮਨੀ ਦੀ 392 ਸੀ। ਭਾਰਤ ਦੇ 83 ਖਿਡਾਰੀ ਸਨ ਜਿਨ੍ਹਾਂ ਦਾ ਝੰਡਾਬਰਦਾਰ ਸੁਸ਼ੀਲ ਕੁਮਾਰ ਸੀ। ਬੀਜਿੰਗ ਤੋਂ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ ਆਪਣੇ ਈਵੈਂਟ ਤੇ ਧਿਆਨ ਕੇਂਦਰਿਤ ਕਰਦਾ ਝੰਡਾਬਰਦਾਰ ਨਹੀਂ ਸੀ ਬਣਿਆ। ਹਾਕੀ ਖਿਡਾਰੀ ਅਜੀਤਪਾਲ ਸਿੰਘ ਨੇ ਭਾਰਤੀ ਦਲ ਦੀ ਅਗਵਾਈ ਕਰਨੀ ਸੀ ਪਰ ਉਹ ਬਿਮਾਰ ਹੋਣ ਕਾਰਨ ਲੰਡਨ ਨਾ ਜਾ ਸਕਿਆ। ਇੰਗਲੈਂਡ ਦੀ ਸਾਰ੍ਹਾ ਸਟੀਵਨਸਨ ਨੇ ਖਿਡਾਰੀਆਂ ਵੱਲੋਂ ਸਹੁੰ ਚੁੱਕੀ ਤੇ ਮਹਾਰਾਣੀ ਐਲਿਜ਼ਬੈੱਥ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਗੀਤ ਸੰਗੀਤ ਤੇ ਆਤਿਸ਼ਬਾਜ਼ੀ ਦੇ ਰੰਗਰੱਤੇ ਓਲੰਪਿਕ ਸਮਾਰੋਹ ਨੂੰ ਕਰੋੜਾਂ ਦਰਸ਼ਕਾਂ ਨੇ ਟੀਵੀ ਤੇ ਇੰਟਰਨੈੱਟ ਤੋਂ ਵੇਖਿਆ।
ਓਲੰਪਿਕ ਖੇਡਾਂ ਦੀ ਮਸ਼ਾਲ ਉਲਿੰਪੀਆ ਦੇ ਹੇਰਾ ਮੰਦਰ ਤੋਂ 18 ਮਈ ਨੂੰ ਜਗਾਈ ਗਈ ਸੀ ਜਿਸ ਨੂੰ 8000 ਦੌੜਾਕ 8000 ਮੀਲ ਦੌੜ ਕੇ 70 ਦਿਨਾਂ ਵਿਚ ਲੰਡਨ ਲਿਆਏ ਸਨ। ਉਨ੍ਹਾਂ ਦੌੜਾਕਾਂ ਵਿਚ ਮੈਰਾਥਨ ਦਾ ਮਹਾਂਰਥੀ ਸੌ ਸਾਲ ਤੋਂ ਟੱਪਿਆ ਬਾਬਾ ਫੌਜਾ ਸਿੰਘ ਵੀ ਸੀ ਜੋ ਪਿੱਛੋਂ ਬਿਆਸ ਪਿੰਡ ਦਾ ਹੈ। ਜਿੱਦਣ ਉਹ ਦੌੜਿਆ, ਸਿੱਖ ਸੰਗਤਾਂ ਨੇ ਛਬੀਲਾਂ ਲਾਈਆਂ ਤੇ ਲੰਗਰ ਵਰਤਾਏ ਜੋ ਓਲੰਪਿਕ ਮਸ਼ਾਲ ਦੇ ਸਫ਼ਰ ਦਾ ਅੰਗ ਬਣ ਗਏ। ਫੁੱਟਬਾਲ ਦੇ ਮੈਚ 25 ਜੁਲਾਈ ਨੂੰ ਹੀ ਸ਼ੁਰੂ ਹੋ ਗਏ ਜਦ ਕਿ ਬਾਕੀ ਖੇਡਾਂ ਦੇ ਮੁਕਾਬਲੇ ਉਦਘਾਟਨੀ ਸਮਾਰੋਹ ਤੋਂ ਬਾਅਦ ਸ਼ੁਰੂ ਹੋਏ। ਪਹਿਲੇ ਮੈਡਲ ਜਿੱਤਣ ਵਿਚ ਚੀਨ ਦੀ ਚੜ੍ਹਤ ਰਹੀ ਜਦ ਕਿ ਅਮਰੀਕਾ ਦੋਇਮ ਰਿਹਾ। ਪਹਿਲੇ ਦਿਨਾਂ ਵਿਚ ਲੱਗਦਾ ਰਿਹਾ ਕਿ ਚੀਨ ਫਿਰ ਝੰਡੀ ਲੈ ਜਾਵੇਗਾ ਪਰ ਬਾਅਦ ਵਿਚ ਅਮਰੀਕਾ ਅੱਗੇ ਨਿਕਲ ਗਿਆ। ਭਾਰਤ ਲਈ ਪਹਿਲਾ ਮੈਡਲ ਗਗਨ ਨਾਰੰਗ ਨੇ ਜਿੱਤਿਆ ਜੋ ਤਾਂਬੇ ਦਾ ਸੀ। ਉਸੇ ਦਿਨ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਉਸ ਲਈ ਕਰੋੜ ਰੁਪਏ ਦਾ ਇਨਾਮ ਐਲਾਨਿਆ ਗਿਆ।
ਲੰਡਨ ਦੀਆਂ ਓਲੰਪਿਕ ਖੇਡਾਂ ਉਸੈਨ ਬੋਲਟ ਤੇ ਮਾਈਕਲ ਫੈਲਪਸ ਦੀਆਂ ਖੇਡਾਂ ਕਹੀਆਂ ਜਾਣਗੀਆਂ। ਉਂਜ ਤਾਂ ਹੋਰ ਵੀ ਕਈ ਖਿਡਾਰੀਆਂ ਨੇ ਰਿਕਾਰਡ ਤੋੜੇ ਪਰ ਮਾਈਕਲ ਫੈਲਪਸ ਨੇ ਤਾਂ ਕਮਾਲ ਹੀ ਕਰ ਦਿੱਤੀ। 22 ਮੈਡਲ ਜਿੱਤਣੇ ਕਹਿ ਦੇਣੀ ਗੱਲ ਹੈ। ਉਸ ਨੇ ਏਥਨਜ਼, ਬੀਜਿੰਗ ਤੇ ਲੰਡਨ ਦੀਆਂ ਓਲੰਪਿਕ ਖੇਡਾਂ ਵਿਚੋਂ 18 ਸੋਨੇ, 2 ਚਾਂਦੀ ਤੇ 2 ਤਾਂਬੇ ਦੇ ਤਗ਼ਮੇ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ। ਓਦੂੰ ਪਹਿਲਾਂ ਵੱਧ ਤਗ਼ਮੇ ਜਿੱਤਣ ਦਾ ਰਿਕਾਰਡ ਸੋਵੀਅਤ ਰੂਸ ਦੀ ਲਰੀਸਾ ਲਤੀਨੀਨਾ ਦਾ ਸੀ ਜਿਸ ਨੇ ਓਲੰਪਿਕ ਖੇਡਾਂ ਵਿਚੋਂ 18 ਤਗ਼ਮੇ ਜਿੱਤੇ ਸਨ। ਰਤਾ ਸੋਚੋ ਜੇ ਲਰੀਸਾ ਲਤੀਨੀਨਾ ਤੇ ਮਾਈਕਲ ਫੈਲਪਸ ਭਾਰਤ ਵਿਚ ਜੰਮੇ ਹੁੰਦੇ ਤਾਂ ਕੀ ਹੁੰਦਾ?
ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ਵਿਚੋਂ ਚੀਨ ਨੇ 51 ਸੋਨੇ, 21 ਚਾਂਦੀ ਤੇ 28 ਤਾਂਬੇ ਦੇ ਤਗਮੇ ਜਿੱਤੇ ਸਨ। ਅਮਰੀਕਾ 36, 38, 36 ਤਗ਼ਮਿਆਂ ਨਾਲ ਦੂਜੇ ਥਾਂ ਸੀ। ਭਾਰਤ ਨੇ 1 ਸੋਨੇ ਤੇ 2 ਤਾਂਬੇ ਦੇ ਤਗ਼ਮੇ ਜਿੱਤੇ ਸਨ। ਲੰਡਨ ਵਿਚ ਭਾਰਤ ਨੇ 2 ਚਾਂਦੀ ਤੇ 4 ਤਾਂਬੇ ਦੇ ਤਗ਼ਮੇ ਜਿੱਤੇ। 2016 ਦੀਆਂ 31ਵੀਆਂ ਓਲੰਪਿਕ ਖੇਡਾਂ ਬ੍ਰਾਜ਼ੀਲ ਦੇ ਸ਼ਹਿਰ ਰੀਓ ਵਿਚ 5 ਤੋਂ 21 ਅਗਸਤ ਤਕ ਹੋਣਗੀਆਂ। ਯੂਰਪ, ਅਮਰੀਕਾ, ਏਸ਼ੀਆ ਤੇ ਆਸਟਰੇਲੀਆ ਵਿਚ ਤਾਂ ਓਲੰਪਿਕ ਖੇਡਾਂ ਹੋ ਚੁੱਕੀਆਂ ਹਨ ਪਰ ਅਫਰੀਕਾ ਵਿਚ ਕਦੇ ਵੀ ਨਹੀਂ ਹੋਈਆਂ।
ਲੰਡਨ ਓਲੰਪਿਕਸ ਵਿਚ ਜਮਾਇਕਾ ਦਾ ਉਸੈਨ ਬੋਲਟ ਦੁਨੀਆ ਦਾ ਸਭ ਤੋਂ ਤੇਜ਼ ਦੌੜਾਕ ਸਾਬਤ ਹੋਇਆ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਉਹ ਪਹਿਲਾ ਅਥਲੀਟ ਹੈ ਜੋ 100, 200 ਤੇ 4 ਗੁਣਾ 100 ਮੀਟਰ ਰਿਲੇਅ ਦੌੜ, ਦੋ ਓਲੰਪਿਕਸ ਵਿਚ ਜਿੱਤਿਆ। 4 ਅਗਸਤ ਤਕ 51 ਲੱਖ ਦਰਸ਼ਕਾਂ ਦੀ ਹਾਜ਼ਰੀ ਨੇ ਖੇਡਾਂ ਵੇਖ ਲਈਆਂ ਸਨ। 60 ਹਜ਼ਾਰ ਦਰਸ਼ਕਾਂ ਨੇ ਔਰਤਾਂ ਦੀ ਮੈਰਾਥਨ ਦੌੜ ਵੇਖੀ। ਸਾਢੇ ਤਿੰਨ ਲੱਖ ਲੋਕਾਂ ਨੇ ਇੰਗਲੈਂਡ ਦੀਆਂ ਪਬਲਿਕ ਥਾਵਾਂ ਉਤੇ ਲਾਈਆਂ ਵੱਡੀਆਂ ਸਕਰੀਨਾਂ ਤੋਂ ਖੇਡ ਮੁਕਾਬਲੇ ਵੇਖੇ। ਜਿਨ੍ਹਾਂ ਓਲੰਪਿਕ ਮੈਡਲਾਂ ਲਈ ਕਰੋੜਾਂ ਦੇ ਇਨਾਮ ਸਨ ਉਨ੍ਹਾਂ ਦੀ ਧਾਤ ਕੁਝ ਹਜ਼ਾਰਾਂ ਦੀ ਹੀ ਸੀ। ਸੋਨੇ ਦੇ ਮੈਡਲ ਵਿਚ ਸੋਨਾ ਡੇਢ ਫੀਸਦੀ ਵੀ ਨਹੀਂ ਸੀ। 400 ਗਰਾਮ ਦਾ ਉਹ ਗੋਲਡ ਮੈਡਲ ਮੌਕੇ ਦੇ ਭਾਅ ਅਨੁਸਾਰ 39 ਹਜ਼ਾਰ ਰੁਪਏ ਦਾ ਸੀ। ਚਾਂਦੀ ਦਾ 16 ਹਜ਼ਾਰ ਦਾ ਤੇ ਤਾਂਬੇ ਦਾ ਸਿਰਫ਼ ਢਾਈ ਸੌ ਦਾ!
ਬੀਜਿੰਗ ਦੀਆਂ ਖੇਡਾਂ ਵਿਚ 43 ਵਿਸ਼ਵ ਰਿਕਾਰਡ ਟੁੱਟੇ ਸਨ ਜਦ ਕਿ ਲੰਡਨ ਵਿਚ 30 ਟੁੱਟੇ। 5 ਚੀਨਿਆਂ ਨੇ ਤੋੜੇ, 5 ਇੰਗਲੈਂਡੀਆਂ ਨੇ ਤੇ 5 ਅਮਰੀਕਨਾਂ ਨੇ। ਵਧੇਰੇ ਰਿਕਾਰਡ ਤੈਰਾਕੀ ਵਿਚ ਨਵਿਆਏ ਗਏ। ਕੀਨੀਆ ਦਾ ਡੇਵਿਡ ਰੁਡੀਸ਼ਾ 800 ਮੀਟਰ ਦੀ ਦੌੜ 1:40.82 ਮਿੰਟ ਵਿਚ ਦੌੜ ਕੇ ਨਵਾਂ ਵਿਸ਼ਵ ਰਿਕਾਰਡ ਸਿਰਜ ਗਿਆ। ਰੂਸ ਦੀ ਈਲੇਨਾ ਲਸ਼ਮਾਨੋਵਾ ਨੇ 20 ਕਿਲੋਮੀਟਰ ਦੀ ਵਾਕ 1 ਘੰਟਾ 25.02 ਮਿੰਟ ਵਿਚ ਪੂਰੀ ਕਰ ਕੇ ਅਤੇ ਜਮਾਇਕਾ ਦੇ ਪੁਰਸ਼ਾਂ ਦੀ ਟੀਮ ਨੇ 4 ਗੁਣਾ 100 ਮੀਟਰ ਰਿਲੇਅ ਦੌੜ 36.84 ਸੈਕੰਡ ਤੇ ਅਮਰੀਕਾ ਦੀਆਂ ਔਰਤਾਂ ਦੀ ਟੀਮ ਨੇ 4+100 ਮੀਟਰ ਰਿਲੇਅ ਦੌੜ 40.82 ਸੈਕੰਡ ਵਿਚ ਦੌੜ ਕੇ ਨਵੇਂ ਵਿਸ਼ਵ ਰਿਕਾਰਡ ਰੱਖੇ।
ਬਰਤਾਨੀਆ ਦੀ ਸਾਈਕਲਿਸਟ ਕ੍ਰਿਸ ਹੋਏ ਛੇਵਾਂ ਗੋਲਡ ਮੈਡਲ ਜਿੱਤ ਕੇ ਖ਼ੁਸ਼ ਵੀ ਹੋਈ ਤੇ ਹਸਦੀ ਹੋਈ ਰੋਈ ਵੀ ਗਈ! ਜਿੱਤ ਹਾਰ ਵਿਚ ਖਿਡਾਰੀਆਂ ਦੇ ਹੰਝੂ ਵੀ ਦਿਸੇ ਤੇ ਹਾਸੇ ਵੀ। ਚਿਹਰੇ ਰੋਹ ਭਰੇ ਵੀ ਦਿਸੇ ਤੇ ਹਰਾਸੇ ਹੋਏ ਵੀ ਨਜ਼ਰੀਂ ਪਏ। ਅਲੋਕਾਰ ਨਜ਼ਾਰੇ ਸਨ ਲੰਡਨ ਦੀਆਂ ਖੇਡਾਂ ਦੇ। ਪਾਣੀ ਦੀਆਂ ਪਰੀਆਂ ਪਾਣੀਆਂ ਨੂੰ ਅੱਗ ਲਾਈ ਗਈਆਂ। ਜਿਮਨਾਸਟਿਕਸ ਦੀਆਂ ਗੁੱਡੀਆਂ ਚਾਰ ਇੰਚ ਦੇ ਬੀਮ ਉਤੇ ਪੁਠੀਆਂ ਛਾਲਾਂ ਲਾਉਂਦੀਆਂ ਦਰਸ਼ਕਾਂ ਨੂੰ ਦੰਗ ਕਰਦੀਆਂ ਰਹੀਆਂ।
ਡੋਪ ਟੈੱਸਟ ਵੀ ਹੋਏ ਜਿਨ੍ਹਾਂ ਵਿਚ ਇੱਕਾ ਦੁੱਕਾ ਖਿਡਾਰੀ ਫੇਲ੍ਹ ਵੀ ਹੋਏ। ਹਰ ਰੋਜ਼ 400 ਨਮੂਨੇ ਲਏ ਜਾਂਦੇ ਰਹੇ ਜਿਨ੍ਹਾਂ ਦੀ ਗਿਣਤੀ 5000 ਹਜ਼ਾਰ ਤਕ ਜਾ ਅੱਪੜੀ। 3800 ਪਿਸ਼ਾਬ ਦੇ ਨਮੂਨੇ ਤੇ 1200 ਲਹੂ ਦੇ। ਆਈਓਸੀ ਦੇ ਮੈਡੀਕਲ ਕਮਿਸ਼ਨ ਨੇ 2012 ਵਿਚ 240 ਰਸਾਇਣ ਤੱਤਾਂ ਦੀ ਸੂਚੀ ਜਾਰੀ ਕੀਤੀ ਸੀ ਜੋ ਖਿਡਾਰੀਆਂ ਲਈ ਵਰਜਿਤ ਸਨ। ਫਿਰ ਵੀ ਬੇਲਾਰੂਸ ਦੀ ਨਦਯੇਇਆ ਡੋਪ ਟੈੱਸਟ ਵਿਚ ਪਾਜ਼ੇਟਿਵ ਪਾਏ ਜਾਣ ਤੇ ਗੋਲੇ਼ ਦਾ ਜਿੱਤਿਆ ਗੋਲਡ ਮੈਡਲ ਖੁਹਾ ਬੈਠੀ। ਬੈਡਮਿੰਟਨ ਦੀ ਖੇਡ ਵਿਚ ਮਿਲ ਕੇ ਖੇਡ ਜਾਣ ਕਾਰਨ ਅੱਠ ਖਿਡਾਰੀ ਅਯੋਗ ਕਰਾਰ ਦੇਣੇ ਪਏ। ਜੱਜਾਂ ਦੇ ਫੈਸਲਿਆਂ ਤੇ ਟੀਕਾ-ਟਿੱਪਣੀ ਵੀ ਹੋਈ। ਸਾਊਥ ਅਫਰੀਕਾ ਦਾ ਅਪਾਹਜ ਅਥਲੀਟ ਔਸਕਰ ਪਿਸਟੋਰੀਅਸ ਮਸਨੂਈ ਲੱਤਾਂ ਨਾਲ ਹੋਰਨਾਂ ਦੇ ਬਰਾਬਰ ਦੌੜਿਆ।
ਅੰਤਮ ਤਗ਼ਮਾ ਸੂਚੀ ਅਨੁਸਾਰ ਅਮਰੀਕਾ ਨੇ 46 ਸੋਨੇ, 29 ਚਾਂਦੀ, 29 ਤਾਂਬੇ, ਚੀਨ 38, 27, 24, ਬਰਤਾਨੀਆ 29, 17, 19, ਰੂਸ 24, 27, 32, ਦੱਖਣੀ ਕੋਰੀਆ 13, 8, 7, ਜਰਮਨੀ 11, 19, 14, ਫਰਾਂਸ 11, 11, 12, ਇਟਲੀ 8, 9, 11, ਹੰਗਰੀ 8, 4, 5 ਤੇ ਆਸਟ੍ਰੇਲੀਆ ਨੇ 7, 6, 12 ਤਗ਼ਮੇ ਜਿੱਤੇ। ਬੀਜਿੰਗ ਵਿਚ ਕ੍ਰਮਵਾਰ ਚੀਨ, ਅਮਰੀਕਾ, ਰੂਸ, ਬਰਤਾਨੀਆ, ਜਰਮਨੀ, ਆਸਟਰੇਲੀਆ, ਦੱਖਣੀ ਕੋਰੀਆ, ਜਪਾਨ, ਇਟਲੀ ਤੇ ਫਰਾਂਸ ਉਪਰਲੇ ਦਸਾਂ ਵਿਚ ਸਨ। 2012 ਤਕ ਹੋਈਆਂ ਸਾਰੀਆਂ ਓਲੰਪਿਕ ਖੇਡਾਂ ਵਿਚ 14716 ਮੈਡਲ ਦਿੱਤੇ ਗਏ ਜਿਨ੍ਹਾਂ ਵਿਚੋਂ ਅਮਰੀਕਾ 2399 ਤਗ਼ਮੇ ਜਿੱਤ ਕੇ ਮੋਹਰੀ ਹੈ। ਰੂਸ ਨੇ ਸਣੇ ਸੋਵੀਅਤ ਰੂਸ 1521 ਤਗ਼ਮੇ ਜਿੱਤੇ ਹਨ ਤੇ ਚੀਨ ਨੇ ਸਿਰਫ਼ 9 ਵਾਰ ਖੇਡਾਂ ਵਿਚ ਹਿੱਸਾ ਲੈ ਕੇ 473 ਤਗ਼ਮੇ ਜੋੜ ਲਏ ਹਨ। ਭਾਰਤ 23 ਵਾਰ ਹਿੱਸਾ ਲੈ ਕੇ ਹਾਲੇ 26 ਤਗ਼ਮਿਆਂ ਤਕ ਹੀ ਪੁੱਜਾ ਹੈ। ਲੰਡਨ ਸ਼ਹਿਰ ਤੇ ਉਲੰਪਿਕ ਖੇਡਾਂ ਦਾ ਹੋਰ ਵੀ ਬਹੁਤ ਕੁਝ ਵੇਖਣ ਤੇ ਜਾਨਣ ਵਾਲਾ ਹੈ ਜੋ 200 ਸੌ ਤੋਂ ਵੱਧ ਤਸਵੀਰਾਂ ਨਾਲ ਸਿ਼ੰਗਾਰੀ ਇਸ ਐਲਬਮਨੁਮਾ ਪੁਸਤਕ ਦੇ ਪੰਨਿਆਂ ਤੇ ਵੇਖਿਆ ਜਾ ਸਕਦੈ।
ਸੰਪਰਕ: +1-905-799-1661