ਗੁਰਪ੍ਰੀਤ ਡੈਨੀ
ਇਕ ਕਵੀ ਦਰਬਾਰ ਹੋ ਰਿਹਾ ਸੀ। ਦੋ ਬੰਦਿਆਂ ਨੇ ਅਚਨਚੇਤ ਦਸਤਕ ਦਿੱਤੀ। ਇਕ ਪਗੜੀਧਾਰੀ ਤੇ ਇਕ ਮੋਨਾ। ‘‘ਆਓ ਮਾਧੋਪੁਰੀ ਸਾਬ…,’’ ਇਕ ਲੇਖਕ ਨੇ ਸਵਾਗਤ ਭਰੀ ਆਵਾਜ਼ ਨਾਲ ਜੀ ਆਇਆਂ ਨੂੰ ਆਖਿਆ। ਉਸ ਲੇਖਕ ਨੇ ਇੱਥੇ ਬੈਠੇ ਲੋਕਾਂ ਨੂੰ ਜਾਣ-ਪਛਾਣ ਲਈ ਕਿਹਾ, “ਇਹ ਪੰਜਾਬੀ ਦੇ ਲੇਖਕ ਹਨ ਬਲਬੀਰ ਮਾਧੋਪੁਰੀ ਦਿੱਲੀ ਤੋਂ।” ਮੇਰੇ ਹੱਥੋਂ ਮੇਰੀ ਕਵਿਤਾ ਡਿੱਗ ਪਈ। ਮੈਂ ਆਪਣੇ-ਆਪ ਨੂੰ ਕਹਿ ਰਿਹਾ ਸਾਂ, ‘ਇਸ ਨੂੰ ਤਾਂ ਮੈਂ ਪੜ੍ਹਿਆ ਹੋਇਆ ਹੈ। ਇਸ ਦੀ ਸਵੈ-ਜੀਵਨੀ ਛਾਂਗਿਆ ਰੁੱਖ ਤਾਂ ਪੱਛ ਲਾਉਂਦੀ ਹੈ।’ ਚਾਹ ਪਾਣੀ ਦਾ ਦੌਰ ਸ਼ੁਰੂ ਹੋਇਆ। ਮੈਂ ਮਲਕ ਦੇਣੀ ਉਸ ਕੋਲ ਗਿਆ ਤੇ ਕਿਹਾ, “ਸਰ, ਮੈਂ ਤੁਹਾਡੀ ਕਿਤਾਬ ਪੜ੍ਹੀ ਹੈ ਛਾਂਗਿਆ ਰੁੱਖ।’’ ਉਸ ਨੇ ਮੈਨੂੰ ਬੁੱਕਲ ਵਿਚ ਲਿਆ। ਸ਼ਾਇਦ ਉਸ ਨੂੰ ਮੇਰੇ ਪਸੀਨੇ ਦੀ ਹਵਾੜ ਤੋਂ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਵੀ ਕੱਚੇ ਰਾਹਾਂ ਦਾ ਪਾਂਧੀ ਹਾਂ। ਇਹ ਸਮਾਗਮ ਉਨ੍ਹਾਂ ਲੋਕਾਂ ਦੀ ਸੂਝ ਵਿਚ ਵਾਧਾ ਕਰਨ ਲਈ ਸੀ ਜਿਨ੍ਹਾਂ ਲਈ ਮਾਧੋਪੁਰੀ ਨੇ ਸਾਰੀ ਜ਼ਿੰਦਗੀ ਲਿਖਿਆ ਹੈ। ਇਸ ਲਈ ਮਾਧੋਪੁਰੀ ਉਨ੍ਹਾਂ ਨੂੰ ਜਾਣਦਾ ਹੈ, ਉਹ ਉਸ ਨੂੰ ਨਹੀਂ।
ਮੈਂ ਸਮਾਗਮ ਖ਼ਤਮ ਹੋਣ ਤੋਂ ਬਾਅਦ ਘਰ ਪਰਤਿਆ। ਉਹ ਉੱਚਾ ਲੰਮਾ, ਉਭਰੀ ਜਿਹੀ ਦਾੜ੍ਹੀ ਵਾਲਾ ਵਾਰ-ਵਾਰ ਮੇਰੇ ਸਾਹਮਣੇ ਆਈ ਜਾਵੇ। ਮੈਂ ਉਸ ਨੂੰ ਮਿਲਣ ਦਾ ਮਨ ਬਣਾ ਲਿਆ। ਇਕ ਦਿਨ ਮੈਂ ਫੋਨ ਕੀਤਾ। ਤਿੰਨ ਕੁ ਬੈੱਲਾਂ ਵੱਜਣ ਤੋਂ ਬਾਅਦ ਉਸ ਨੇ ਫੋਨ ਚੁੱਕਿਆ। ਅੱਗਿਓਂ ਮੱਧਮ ਜਿਹੀ ਆਵਾਜ਼ ਆਈ, ‘‘ਹੈਲੋ।’’ ਮੈਂ ਕਿਹਾ, “ਸਰ, ਡੈਨੀ ਬੋਲ ਰਿਹਾਂ ਜੀ ਜਲੰਧਰੋਂ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ।” ‘‘ਉਹ ਜੀ ਸਦਕੇ ਆ ਯਾਰ ਤੂੰ।’’ ਉਸ ਨੂੰ ਵੀ ਆਵਾਜ਼ਾਂ ਦੀ ਬਹੁਤ ਪਰਖ ਹੈ। ਉਹ ਇਨ੍ਹਾਂ ਆਵਾਜ਼ਾਂ ਦਾ ਹੂਕਾਂ ਵਿਚ ਤਰਜਮਾ ਕਰਨ ਲਈ ਤਾਂ ਦਿਨ-ਰਾਤ ਆਪਣਾ ਆਪ ਛਿੱਲਦਾ ਹੈ।
10 ਨਵੰਬਰ 2019 ਨੂੰ ਮੈਂ ਜਲੰਧਰੋਂ ਗੱਡੀ ਫੜ ਦਿੱਲੀ ਅੱਪੜ ਗਿਆ। ਦਿੱਲੀ ਦੁਨੀਆ ਇੰਝ ਤੁਰੀ ਫਿਰਦੀ ਹੈ ਜਿਵੇਂ ਜੂਨ ਵਿਚ ਸਾਡੇ ਘਰ ਦੀਆਂ ਛੱਤਾਂ ਵਿਚੋਂ ਵਾਣ ਡਿੱਗ ਕੇ ਚਾਦਰਾਂ ’ਤੇ ਤੁਰਿਆ ਫਿਰਦਾ ਹੈ। ਉਸ ਦਿਨ ਸੈਂਟਰਲ ਪਾਰਕ ਵਿਚ ਸਾਹਿਤ ਅਕਾਦਮੀ, ਦਿੱਲੀ ਦਾ ਬਹੁਤ ਵੱਡਾ ਸਮਾਗਮ ਹੋ ਰਿਹਾ ਸੀ। ਉੱਥੇ ਉਸ ਨੇ ਅਨੁਵਾਦ ਬਾਰੇ ਇਕ ਪਰਚਾ ਪੜ੍ਹਨਾ ਸੀ। ਮੈਨੂੰ ਉਸ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੂੰ ਸਟੇਸ਼ਨ ’ਤੇ ਉਤਰ ਕੇ ਤਿਰੰਗੇ ਝੰਡੇ ਵੱਲ ਨੂੰ ਤੁਰਿਆ ਆਈਂ, ਮੈਂ ਤੈਨੂੰ ਉੱਥੇ ਹੀ ਮਿਲਾਂਗਾ। ਮੈਂ ਸਟੇਸ਼ਨ ਤੋਂ ਸੱਜੇ ਮੁੜ ਗਿਆ। ਸਿੱਧਾ ਤੁਰਿਆ ਸੋਚਦਾ ਜਾ ਰਿਹਾ ਸਾਂ ਕਿ ਉਹ ਕਿਵੇਂ ਤੌੜਾਂ ਦੇ ਅੱਕ ਮਿੱਧ ਕੇ ਤੁਰਿਆ ਹੋਵੇਗਾ ਤੇ ਵੱਡੇ ਲੋਕਾਂ ਵਿਚ ਬੈਠ ਵੱਡੀ ਨੌਕਰੀ ਕਰਨ ਲਈ ਜੇਰਾ ਕਿੱਥੋਂ ਲਿਆਇਆ ਹੋਵੇਗਾ। ਮੈਨੂੰ 100 ਕੁ ਕਦਮ ਤੁਰ ਕੇ ਤਿਰੰਗਾ ਝੰਡਾ ਲਹਿਰਾਉਂਦਾ ਦਿਸ ਪਿਆ। ਸੈਂਟਰਲ ਪਾਰਕ ਦੇ ਬਾਹਰ ਉਸ ਦੀ ਤੇ ਹੋਰ ਸਾਹਿਤਕਾਰਾਂ ਦੀ ਵੱਡੀ ਤਸਵੀਰ ਲੱਗੀ ਹੋਈ ਸੀ। ਮੈਂ ਗੇਟ ਲੰਘ ਅੰਦਰ ਵੜ ਗਿਆ। ਉਹ ਨੀਲੇ ਕੋਟ ਪੈਂਟ ਵਿਚ ਮੋਢੇ ਉੱਤੇ ਬਾਬੂਆਂ ਵਾਲਾ ਬੈਗ ਪਾਈ ਸਾਹਿਤਕਾਰਾਂ ਨਾਲ ਗੱਲਾਂ ਕਰ ਰਿਹਾ ਸੀ। ਮੇਰੀ ਜਾਣ-ਪਛਾਣ ਕਰਵਾਉਣ ਤੋਂ ਬਾਅਦ ਅਸੀਂ ਚਾਹ ਵਾਲੇ ਮੇਜ਼ ਵੱਲ ਖਿਸਕ ਗਏ। ਉੱਥੇ ਏਕਮ ਮੈਗਜ਼ੀਨ ਦੀ ਸੰਪਾਦਕ ਅਤਿੰਦਰ ਸੰਧੂ ਤੇ ਹੋਰ ਬਹੁਤ ਵੱਡੇ ਲੇਖਕ (ਜਿਨ੍ਹਾਂ ਨੂੰ ਮੈਂ ਕਿਤਾਬਾਂ ਵਿਚ ਪੜ੍ਹਦਾ ਰਿਹਾ) ਉਸ ਨੂੰ ਬੜੀ ਹਲੀਮੀ ਨਾਲ ਬੁਲਾ ਰਹੇ ਸਨ। ਉਸ ਦੀ ਅਨੁਵਾਦ ਦਾ ਪਰਚਾ ਪੜ੍ਹਨ ਦੀ ਵਾਰੀ ਆਈ। ਉਹ ਸਟੇਜ ’ਤੇ ਖੜ੍ਹਾ ਬੜੇ ਜੋਸ਼ ਨਾਲ ਨਿਡਰ ਜਿਹਾ ਹੋ ਕੇ ਪੇਪਰ ਪੜ੍ਹ ਰਿਹਾ ਸੀ। ਉਸ ਨੇ ਕੋਟ ਦੀਆਂ ਬਾਹਾਂ ਜ਼ਰਾ ਕੁ ਫਿਰ ਉਤਾਂਹ ਚੁੱਕੀਆਂ। ਮੈਨੂੰ ਇੰਝ ਲੱਗਿਆ ਜਿਵੇਂ ਉਹ ਸਾਹਿਤਕਾਰਾਂ ਨੂੰ ਨਹੀਂ, ਆਪਣੇ ਲਿਤਾੜੇ ਲਿੱਸੇ ਲੋਕਾਂ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਹੋਵੇ ਹੁਣ ਵੇਲਾ ਘਾਹ ਖੋਦਣ ਦਾ ਨਹੀਂ, ਵਿੱਦਿਆ ਦੇ ਮਹਿਕਦੇ ਫੁੱਲ ਬੀਜਣ ਦਾ ਹੈ। ਮੈਨੂੰ ਚਾਅ ਜਿਹਾ ਚੜ੍ਹਿਆ। ਮੈਂ ਉਸ ਦੇ ਇਸ ਅੰਦਾਜ਼ ਨੂੰ ਮੋਬਾਈਲ ਵਿਚ ਕੈਦ ਕਰ ਲਿਆ। ਸਮਾਗਮ ਖ਼ਤਮ ਹੁੰਦੇ ਹੀ ਭਾਪਾ ਪ੍ਰੀਤਮ ਸਿੰਘ ਹੋਰਾਂ ਦੀ ਪ੍ਰੋਫ਼ੈਸਰ ਧੀ ਡਾ. ਰੇਣੁਕਾ ਸਿੰਘ ਤੇ ਮੈਂ ਉਸ ਦੇ ਮਗਰ-ਮਗਰ ਤੁਰ ਪਏ। ਇਕ ਬੰਦੇ ਨੇ ਪਿੱਛੋਂ ਦੀ ਆ ਕੇ ਉਸ ਦੀ ਬਾਂਹ ਫੜ੍ਹ ਲਈ, “ਮਾਧੋਪੁਰੀ ਜੀ, ਮੈਂ ਤੁਹਾਡੇ ਨਾਲ ਫੋਟੋ ਕਰਵਾਉਣੀ ਹੈ।” ਮੈਂ ਇਨ੍ਹਾਂ ਦੋਵਾਂ ਦੀ ਫੋਟੋ ਖਿੱਚੀ। ਇਹ ਹਰਮੀਤ ਆਰਟਿਸਟ ਸੀ ਜੋ ਆਪਣੀ ਕਲਾ ਨਾਲ ਲੇਖਕਾਂ ਦੀ ਸ਼ਾਇਰੀ ਲਿਖ ਕੇ ਪੋਸਟਰ ਬਣਾ ਕੇ ਵੇਚਦਾ ਹੈ। ਉਸ ਨੇ ਇਕ ਪੋਸਟਰ ਅਜੈ ਤਨਵੀਰ ਦੀ ਸ਼ਾਇਰੀ ਵਾਲਾ ਹਰਮੀਤ ਕੋਲੋਂ ਖਰੀਦ ਲਿਆ। ਗੱਡੀ ਵਾਲਾ ਆਇਆ। ਅਸੀਂ ਪੰਜਾਬੀ ਭਵਨ, ਦਿੱਲੀ ਅੱਪੜ ਗਏ ਜਿੱਥੇ ਉਹ ਡਾਇਰੈਕਟਰ ਹੈ। ਪੰਜਾਬੀ ਭਵਨ ਦੇ ਬਾਹਰਲੇ ਬਰਾਂਡੇ ਵਿਚ ਕਿਤਾਬਾਂ ਹੀ ਕਿਤਾਬਾਂ ਪਈਆਂ ਸਨ। ਉਹ ਆਪਣੀ ਕੁਰਸੀ ਉੱਤੇ ਬੈਠਿਆ। ਮੈਂ ਉਸ ਦੇ ਮੱਥੇ ’ਚ ਬਲਦੀ ਸੰਘਰਸ਼ ਦੀ ਰੌਸ਼ਨੀ ਵੱਲ ਵੇਖ ਰਿਹਾ ਸਾਂ। ਦੋ ਚਾਰ ਕਰਮਚਾਰੀ ਉਸ ਦੇ ਅੱਗੇ ਪਿੱਛੇ ਘੁੰਮ ਰਹੇ ਸਨ। ਸ਼ਾਮ ਦੇ ਚਾਰ ਵਜੇ ਭਵਨ ਵਿਚ ਛੋਟਾ ਜਿਹਾ ਕਵਿਤਾਵਾਂ ਦਾ ਦੌਰ ਚੱਲਿਆ। ਉਸ ਨੇ ਮੇਰੇ ਕੋਲੋਂ ਕਵਿਤਾਵਾਂ ਸੁਣੀਆਂ। ਸ਼ਾਮ ਦੇ 7 ਵਜੇ ਦਿੱਲੀ ਜਗਮਗਾ ਉੱਠੀ। ਤੰਗ ਜਿਹੀਆਂ ਗਲੀਆਂ ਵਿਚਦੀ ਮੈਂ ਉਸ ਦੇ ਨਾਲ-ਨਾਲ ਤੁਰਿਆ ਜਾ ਰਿਹਾ ਸੀ। ਉਸ ਦੇ ਕਦਮ ਤੇਜ਼ ਸਨ। ਮੇਰੇ ਕੋਲੋਂ ਉਸ ਬਰਾਬਰ ਤੁਰਿਆ ਨਹੀਂ ਜਾ ਰਿਹਾ। ਉਸ ਨੇ ਤਾਂ ਹੌਲੀ ਤੁਰਨਾ ਸਿੱਖਿਆ ਹੀ ਨਹੀਂ ਤੇ ਨਾ ਹੀ ਥੱਕਣਾ। ਆਖ਼ਰ ਅਸੀਂ ਬੱਸ ਵਿਚ ਬੈਠ ਗਏ। ਉਸ ਨੇ ਆਪਣੇ ਸੰਘਰਸ਼ ਦੇ ਦਿਨਾਂ ਅਤੇ ਪਿੰਡ ਮਾਧੋਪੁਰ ਦੀਆਂ ਗੱਲਾਂ ਕੀਤੀਆਂ ਤਾਂ ਉਸ ਦਾ ਅੱਖਾਂ ਵਿਚਲਾ ਪਾਣੀ ਝੰਮਣਾਂ ਤੋਂ ਵਾਰ-ਵਾਰ ਪਿੱਛਾ ਮੁੜਦਾ ਰਿਹਾ। ਮੈਂ ਦੱਸਿਆ ਕਿ ਮੇਰੀ ਭੂਆ ਤੁਹਾਡੇ ਪਿੰਡ ਵਿਆਹੀ ਹੈ। ਉਹ ਮੈਨੂੰ ਦੱਸਿਆ ਕਰਦੀ ਸੀ ਕਿ ਸਾਡੇ ਪਿੰਡ ਦਾ ਮੁੰਡਾ ਬਹੁਤ ਪੜ੍ਹਿਆ ਲਿਖਿਆ ਹੈ ਤੇ ਦਿੱਲੀ ਰਹਿੰਦਾ ਹੈ। ਜੇ ਕਿਸੇ ਨੇ ਗ਼ਰੀਬੀ ਵਿਚੋਂ ਉੱਠ ਕੇ ਜਾਤ ਦਾ ਕੋਹੜ ਲਾਹੁਣਾ ਹੋਵੇ ਤਾਂ ਉਸ ਨੂੰ ਪਹਿਲਾਂ ਗੁੱਡ (ਬਲਬੀਰ) ਹੋਣਾ ਪੈਣਾ ਹੈ। ਉਹ ਮੁਸਕਰਾਇਆ। ਘਰ ਪਹੁੰਚ ਕੇ ਸਿੱਧਾ ਉਸ ਦੇ ਕਮਰੇ ਵਿਚ ਅੱਪੜੇ ਜਿੱਥ ਬੈਠ ਕੇ ਉਹ ਆਪਣਾ ਪੜ੍ਹਨ ਲਿਖਣ ਦਾ ਕੰਮ ਕਰਦਾ ਹੈ। ਉਸ ਦੇ ਸਟੱਡੀ ਟੇਬਲ ਦੇ ਪਾਵਿਆਂ ਥੱਲੇ ਚਾਰ-ਚਾਰ ਇੱਟਾਂ ਪਈਆਂ ਸਨ। ਮੈਨੂੰ ਹੁਣ ਪਤਾ ਲੱਗਾ ਕਿ ਗੁੱਡ ਤੋਂ ਬਲਬੀਰ ਮਾਧੋਪੁਰੀ ਕਿਵੇਂ ਹੋਇਆ ਜਾਂਦਾ ਹੈ। ਇਹ ਤਾਂ ਆਪਣੇ ਪੁਰਖਿਆਂ ਦੀਆਂ ਨੀਹਾਂ ਉੱਤੇ ਖੜ੍ਹਾ ਹੈ ਇਸ ਨੂੰ ਕੌਣ ਹਿਲਾ ਸਕਦਾ ਹੈ। ਉਸ ਨੇ ਮੈਨੂੰ ਆਪਣੇ ਨਵੇਂ ਨਾਵਲ ਦੇ ਪੰਜ ਸੱਤ ਪੰਨੇ ਪੜ੍ਹ ਕੇ ਸੁਣਾਏ। ਮੇਰੇ ਕੋਲੋਂ ਜ਼ਿਆਦਾ ਸੁਣੇ ਨਹੀਂ ਗਏ। ਉਸ ਅੰਦਰ ਬਹੁਤ ਦਰਦ ਹੈ। ਪਤਾ ਨਹੀਂ ਕਿਵੇਂ ਤੁਰਿਆ ਫਿਰਦਾ ਹੈ ਇਹ ਇਨਸਾਨ। ਅਸੀਂ ਰਾਤ ਨੂੰ ਸਾਹਿਤ ਅਤੇ ਸਾਹਿਕਾਰਾਂ ਬਾਰੇ ਬਹੁਤ ਗੱਲਾਂ ਕੀਤੀਆਂ। ਸਵੇਰੇ ਮੈਨੂੰ ਆਉਣ ਲੱਗੇ ਨੂੰ ਉਸ ਨੇ ਕੁਝ ਪੈਸੇ ਦੇ ਕੇ ਪਿਆਰ ਦਿੱਤਾ ਜਿਨ੍ਹਾਂ ਨੂੰ ਮੈਂ ਆਪਣੀ ਕਮੀਜ਼ ਦੀ ਅਗਲੀ ਜੇਬ੍ਹ ਵਿਚ ਪਾ ਕੇ ਸਾਰੀ ਵਾਟ ਦੇਖਦਾ ਆਇਆ। ਅਜੇ ਵੀ ਮੇਰੀ ਉਹ ਪੈਸੇ ਖਰਚਣ ਦੀ ਹਿੰਮਤ ਨਹੀਂ ਪੈਂਦੀ।
ਸੰਪਰਕ: 97792-50653