ਸੁਭਾਸ਼ ਪਰਿਹਾਰ
ਰੋਪੜ ਸ਼ਹਿਰ ਹੜੱਪਾ ਕਾਲ ਤੋਂ ਵੀ ਪਹਿਲਾਂ, ਭਾਵ ਲਗਭਗ 5000 ਕੁ ਸਾਲ ਪਹਿਲਾਂ ਆਬਾਦ ਹੋ ਗਿਆ ਸੀ। ਬਰਤਾਨਵੀ ਸ਼ਾਸਨ ਸਮੇਂ ਇਹ ਸ਼ਹਿਰ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿਚਕਾਰ ਵਟਾਂਦਰੇ ਦਾ ਰਾਹ ਸੀ। ਇਸ ਦਾ ਅਜੋਕਾ ਨਾਂ ਰੂਪਨਗਰ ਹੈ। ਇਹ ਲੇਖ ਇਸ ਸ਼ਹਿਰ ਦੇ ਇਤਿਹਾਸ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਜਾਣਕਾਰੀ ਦਿੰਦਾ ਹੈ।
ਪੰਜਾਬ ਦੇ ਪੁਆਧ ਇਲਾਕੇ ਦੇ ਪ੍ਰਮੁੱਖ ਸ਼ਹਿਰ ਰੋਪੜ (ਵਰਤਮਾਨ ਰੂਪਨਗਰ) ਦੀ ਸਥਾਪਨਾ ਬਾਰੇ 1923-24 ਦੇ ਅੰਬਾਲਾ ਡਿਸਟ੍ਰਿਕਟ ਗਜ਼ਟੀਅਰ ਵਿਚ ਇਹ ਦੰਦਕਥਾ ਦਰਜ ਹੈ:
ਭਾਰਤ ’ਤੇ ਮੁਸਲਮਾਨਾਂ ਦੇ ਮੁੱਢਲੇ ਹਮਲਿਆਂ ਸਮੇਂ ਇਸ ਥਾਂ ’ਤੇ ਰੋਕੇਸ਼ਰ ਨਾਮ ਦੇ ਰਾਜਾ ਨੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਸੀ ਅਤੇ ਇਸ ਦਾ ਨਾਂ ਆਪਣੇ ਪੁੱਤਰ ਰੂਪ ਸੇਨ ਦੇ ਨਾਂ ’ਤੇ ਰੱਖ ਦਿੱਤਾ। ਇਸ ਰਾਜੇ ਨੂੰ ਰੋਜ਼ਾਨਾ ਕਿਸੇ ਗੁਆਂਢੀ ਪਿੰਡ ਦੀ ਮਸਤੋ ਨਾਂ ਦੀ ਗੁੱਜਰੀ ਦੁੱਧ ਦੀ ਸਪਲਾਈ ਕਰਦੀ ਸੀ। ਇਕ ਦਿਨ ਰੌਸ਼ਨ ਵਲੀ ਨਾਂ ਦਾ ਕੋਈ ਫ਼ਕੀਰ ਮਸਤੋ ਨੂੰ ਰਾਹ ਵਿਚ ਮਿਲਿਆ ਅਤੇ ਆਮ ਨਾਲੋਂ ਦੁੱਗਣੇ ਮੁੱਲ ’ਤੇ ਦੁੱਧ ਖਰੀਦਣ ਦੀ ਇੱਛਾ ਪ੍ਰਗਟ ਕੀਤੀ। ਮਸਤੋ ਮੰਨ ਗਈ ਪਰ ਫ਼ਕੀਰ ਨੇ ਦੁੱਧ ਵਿਚ ਸਿਰਫ਼ ਆਪਣੀ ਇਕ ਉਂਗਲ ਡੋਬੀ ਅਤੇ ਗੁਜਰੀ ਨੂੰ ਰਾਜੇ ਕੋਲ ਜਾਣ ਦਿੱਤਾ। ਰਾਜਾ ਨੇ ਦੁੱਧ ਚੱਖ ਕੇ ਕਿਹਾ ਕਿ ਇਹ ਜੂਠਾ ਹੈ। ਮਸਤੋ ਨੇ ਸੱਚ ਦੱਸ ਦਿੱਤਾ ਤਾਂ ਰਾਜਾ ਨੇ ਰੌਸ਼ਨ ਵਲੀ ਨੂੰ ਬੁਲਾ ਕੇ ਉਸ ਦੀ ਉਂਗਲ ਵੱਢ ਦਿੱਤੀ। ਰਾਜੇ ਤੋਂ ਬਦਲਾ ਲੈਣ ਲਈ ਫ਼ਕੀਰ ਆਪਣੇ ਭਤੀਜੇ ਖ਼ਾਲਿਦ, ਜੋ ਕਿ ਮੁਲਤਾਨ ਦਾ ਹਾਕਮ ਸੀ, ਕੋਲ ਗਿਆ ਅਤੇ ਰੋਪੜ ਦੇ ਰਾਜੇ ਵਿਰੁੱਧ ਮਦਦ ਮੰਗੀ। ਖ਼ਾਲਿਦ ਦੇ ਵਿਆਹ ਦੀ ਤਾਰੀਖ਼ ਤੈਅ ਹੋ ਚੁੱਕੀ ਸੀ। ਇਸ ਲਈ ਉਸ ਨੇ ਵਿਆਹ ਵਿਚ ਆਪਣੀ ਨੁਮਾਇੰਦਗੀ ਕਰਨ ਲਈ ਆਪਣਾ ਸਿਰ ਵੱਢ ਕੇ ਮੁਲਤਾਨ ਛੱਡ ਦਿੱਤਾ ਅਤੇ ਬਿਨਾਂ ਧੜ ਦਾ ਸਰੀਰ ਰੌਸ਼ਨ ਵਲੀ ਨਾਲ ਰੋਪੜ ਚਲਿਆ ਗਿਆ। ਉੱਥੇ ਭਿਆਨਕ ਲੜਾਈ ਹੋਈ ਜਿਸ ਵਿਚ ਰਾਜਾ ਰੋਕੇਸ਼ਰ ਹਾਰ ਗਿਆ ਅਤੇ ਉਹ ਇਸਲਾਮ ਕਬੂਲ ਕਰਨ ਲਈ ਤਿਆਰ ਹੋ ਗਿਆ। ਉਸ ਦੇ ਦੋ ਪੁੱਤਰਾਂ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪਹਾੜਾਂ ਨੂੰ ਚਲੇ ਗਏ। ਤੀਜਾ ਪੁੱਤਰ ਮੁਸਲਮਾਨ ਬਣ ਗਿਆ ਅਤੇ ਉਸ ਦੀ ਔਲਾਦ ਰੋਪੜ ਦੇ ਸੇਨ ਰਾਜਪੂਤ ਹਨ।
ਅਜਿਹੀਆਂ ਦੰਦਕਥਾਵਾਂ ਅਕਸਰ ਲੋਕ-ਕਲਪਨਾ ਦੀ ਉਡਾਣ-ਮਾਤਰ ਹੁੰਦੀਆਂ ਹਨ ਅਤੇ ਇਨ੍ਹਾਂ ਵਿਚ ਸੱਚ ਦਾ ਕਿਣਕਾ ਵੀ ਨਹੀਂ ਹੁੰਦਾ। ਦਰਅਸਲ, ਕਿਸੇ ਸ਼ਹਿਰ ਦੇ ਵਸਣ ਅਤੇ ਵਿਕਸਿਤ ਹੋਣ ਵਿਚ ਮੁੱਖ ਭੂਮਿਕਾ ਉਸ ਥਾਂ ਦੀ ਭੂਗੋਲਿਕ ਸਥਿਤੀ ਦੀ ਹੁੰਦੀ ਹੈ। ਇਸੇ ਲਈ ਲਗਭਗ ਸਾਰੇ ਪੁਰਾਤਨ ਸ਼ਹਿਰ ਦਰਿਆਵਾਂ ਦੇ ਕੰਢਿਆਂ ’ਤੇ ਹੀ ਵਸੇ ਤਾਂ ਜੋ ਖੇਤੀ ਅਤੇ ਨਿੱਤ ਵਰਤੋਂ ਲਈ ਲੋੜੀਂਦਾ ਪਾਣੀ ਸੌਖਿਆਂ ਪ੍ਰਾਪਤ ਹੋ ਜਾਵੇ। ਰੋਪੜ ਵੀ ਇਸੇ ਦੀ ਇਕ ਉਦਾਹਰਣ ਹੈ। ਇਸ ਥਾਂ ’ਤੇ ਸਤਲੁਜ ਦਰਿਆ ਸ਼ਿਵਾਲਿਕ ਪਹਾੜੀਆਂ ਵਿਚ ਘੁੰਮਣਘੇਰੀਆਂ ਖਾਂਦਾ ਮੈਦਾਨ ਵਿਚ ਉੱਤਰਦਾ ਹੈ। ਇਸ ਥਾਂ ’ਤੇ ਵਸੋਂ ਹੋਣੀ ਕੁਦਰਤੀ ਸੀ। ਪੁਰਾਤੱਤਵੀ ਖੁਦਾਈਆਂ ਤੋਂ ਪਤਾ ਲੱਗਾ ਹੈ ਕਿ ਇਹ ਥਾਂ ਹੜੱਪਾ ਕਾਲ ਤੋਂ ਵੀ ਪਹਿਲਾਂ, ਭਾਵ ਲਗਭਗ 5000 ਕੁ ਸਾਲ ਪਹਿਲਾਂ ਆਬਾਦ ਹੋ ਗਿਆ ਸੀ।
ਰੋਪੜ ਵਿਖੇ ਹੋਈ ਪੁਰਾਤੱਤਵੀ ਖੁਦਾਈ ਦਾ ਵੀ ਵੱਖਰਾ ਹੀ ਕਿੱਸਾ ਹੈ। ਇਸ ਥਾਂ ’ਤੇ ਪੁਰਾਤੱਤਵੀ ਥੇਹ ਤਾਂ ਸਭ ਨੂੰ ਨਜ਼ਰ ਆਉਂਦੇ ਸਨ ਅਤੇ ਵਿਭਾਗੀ ਸਰਵੇਅਰ ਚਾਰਲਸ ਜੇ. ਰਾੱਜਰਜ਼ ਨੇ 1888-89 ਦੀ ਰਿਪੋਰਟ ਵਿਚ ਇਨ੍ਹਾਂ ਦਾ ਥੋੜ੍ਹਾ ਜਿਹਾ ਜ਼ਿਕਰ ਵੀ ਕੀਤਾ ਸੀ ਪਰ ਮਹਿਕਮੇ ਨੇ 1952 ਤੀਕ ਇਨ੍ਹਾਂ ਦੀ ਕੋਈ ਸਾਰ ਨਹੀਂ ਲਈ। ਉਦੋਂ ਤੀਕ ਹੜੱਪਾ, ਮੋਹੰਜੋਦੜੋ ਅਤੇ ਇਨ੍ਹਾਂ ਵਰਗੇ ਹੋਰ ਅਨੇਕਾਂ ਥੇਹਾਂ ਦੀ ਖੁਦਾਈ ਹੋ ਚੁੱਕੀ ਸੀ ਅਤੇ ਇਹ ਸਾਫ਼ ਹੋ ਚੁੱਕਾ ਸੀ ਕਿ ਇਹ ਸਾਰੇ ਥੇਹ ਕਿਸੇ ਪੁਰਾਤਨ ਸ਼ਹਿਰੀ ਸਭਿਅਤਾ ਦੇ ਸਨ। ਇਸ ਸਭਿਅਤਾ ਦੇ ਸਾਰੇ ਖੁਦਾਈ ਕੀਤੇ ਥੇਹ ਸਿੰਧ ਘਾਟੀ ਦੇ ਇਲਾਕੇ ਵਿਚ ਸਥਿਤ ਸਨ। ਇਸ ਕਾਰਨ ਇਸ ਨੂੰ ‘ਸਿੰਧ ਘਾਟੀ ਦੀ ਸਭਿਅਤਾ’ ਦਾ ਨਾਂ ਦੇ ਦਿੱਤਾ ਗਿਆ। 1947 ਵਿਚ ਹਿੰਦੋਸਤਾਨ ਦੀ ਵੰਡ ਹੋ ਜਾਣ ਕਾਰਨ ਇਹ ਸਾਰੇ ਥਾਂ ਨਵੇਂ ਬਣੇ ਮੁਲਕ ਪਾਕਿਸਤਾਨ ਵਿਚ ਰਹਿ ਗਏ। ਭਾਰਤੀ ਪੁਰਾਤੱਤਵ ਵਿਭਾਗ ਨੇ ਇਸ ਸਭਿਅਤਾ ਦੀਆਂ ਕੁਝ ਥਾਵਾਂ ਭਾਰਤ-ਪਾਕਿਸਾਤਨ ਸਰਹੱਦ ਦੇ ਇਸ ਪਾਸੇ ਵੀ ਹੋਣ ਦੀ ਸੰਭਾਵਨਾ ਬਾਰੇ ਵਿਚਾਰ ਕੀਤਾ ਜਿਨ੍ਹਾਂ ਦੀ ਉਦੋਂ ਤੀਕ ਖੁਦਾਈ ਨਾ ਕੀਤੀ ਗਈ ਹੋਵੇ। ਇਹ ਸੋਚ ਕੇ ਵਿਭਾਗ ਨੇ ਆਜ਼ਾਦ ਭਾਰਤ ਵਿਚਲੇ ਕੁਝ ਪੁਰਾਤੱਤਵੀ ਥੇਹਾਂ ਦੀ ਵਿਧੀਵਤ ਖੁਦਾਈ ਕਰਵਾਉਣ ਬਾਰੇ ਯੋਜਨਾ ਬਣਾਈ। ਖੁਦਾਈ ਲਈ ਸਭ ਤੋਂ ਪਹਿਲਾਂ ਰੋਪੜ ਦਾ ਥੇਹ ਚੁਣਿਆ ਗਿਆ ਸੀ। ਇਹ ਖੁਦਾਈ ਡਾ. ਵਾਈ.ਡੀ. ਸ਼ਰਮਾ ਦੀ ਅਗਵਾਈ ਵਿਚ 1952 ਤੋਂ 1955 ਤੀਕ ਲਗਭਗ ਚਾਰ ਸਾਲ ਚੱਲੀ। ਪਤਾ ਲੱਗਾ ਕਿ ਸਿੰਧ ਘਾਟੀ ਦੀ ਸਭਿਅਤਾ ਦੇ ਥੇਹਾਂ ਤੋਂ ਪ੍ਰਾਪਤ ਪੁਰਾਤਨ ਅਵਸ਼ੇਸ਼ਾਂ ਵਰਗੇ ਹੀ ਸਗੋਂ ਇਨ੍ਹਾਂ ਤੋਂ ਵੀ ਪੁਰਾਤਨ ਅਵਸ਼ੇਸ਼ ਇੱਥੇ ਵੀ ਮੌਜੂਦ ਸਨ। ਇਨ੍ਹਾਂ ਅਵਸ਼ੇਸ਼ਾਂ ਨੇ ਇਹ ਸਿੱਧ ਕਰ ਦਿੱਤਾ ਕਿ ਰੋਪੜ ਵਿਖੇ ਵਸੋਂ ਲਗਭਗ 5000 ਸਾਲ ਪਹਿਲਾਂ ਵੀ ਮੌਜੂਦ ਸੀ।
ਉਂਜ ਕਿਸੇ ਪੁਰਾਤੱਤਵੀ ਖੁਦਾਈ ਦਾ ਮਹੱਤਵ ਇਸ ਵਿਚ ਪ੍ਰਾਪਤ ਵਸਤਾਂ ਦਾ ਡੂੰਘਾ ਅਧਿਐਨ ਕਰ ਕੇ ਇਸ ਦੀ ਵਿਸਤ੍ਰਿਤ ਰਿਪੋਰਟ ਛਾਪੀ ਜਾਣ ’ਤੇ ਹੀ ਪਤਾ ਲੱਗਦਾ ਹੈ ਜੋ ਉਸ ਖੋਜ ਦਾ ਬਾਕੀ ਇਤਿਹਾਸ ਵਿਚ ਸਥਾਨ ਨਿਸ਼ਚਿਤ ਕਰੇ ਅਤੇ ਸਮਕਾਲੀ ਜਾਂ ਬਾਅਦ ਦੇ ਹੋਰ ਵਿਦਵਾਨਾਂ ਦੇ ਕੰਮ ਆ ਸਕੇ। ਪਰ ਇਸ ਮਾਮਲੇ ਵਿਚ ਸਾਡੇ ਸਰਕਾਰੀ ਵਿਭਾਗਾਂ ਦੀ ਕਾਰਕਰਦਗੀ ਸ਼ਰਮਨਾਕ ਹੈ। ਰੋਪੜ ਦੀ ਖੁਦਾਈ ਹੋਣ ਤੋਂ ਲਗਭਗ 70 ਸਾਲ ਮਗਰੋਂ ਵੀ ਅੱਜ ਤੀਕ ਇਸ ਦੀ ਕੋਈ ਰਿਪੋਰਟ ਨਹੀਂ ਛਪੀ। ਵਾਈ.ਡੀ. ਸ਼ਰਮਾ ਦੇ ਕੱਢੇ ਸਿੱਟੇ ਉਨ੍ਹਾਂ ਦੇ ਦੇਹਾਂਤ ਦੇ ਨਾਲ ਹੀ ਦਫ਼ਨ ਹੋ ਗਏ। (ਇਹੋ ਹਾਲ ਪੰਜਾਬ ਦੇ ਪੁਰਾਤੱਤਵੀ ਵਿਭਾਗ ਦਾ ਰਿਹਾ ਹੈ। ਇਨ੍ਹਾਂ ਰਾਹੀਂ ਕੀਤੀਆਂ ਕੁਝ ਕੁ ਖੁਦਾਈਆਂ ਵਿਚੋਂ ਵੀ ਕਿਸੇ ਦੀ ਕੋਈ ਵਿਧੀਵਤ ਰਿਪੋਰਟ ਮੌਜੂਦ ਨਹੀਂ ਹੈ। ਹੁਣ ਤਾਂ ਖੁਦਾਈ ਕਰਨ ਵਾਲਿਆਂ ’ਚੋਂ ਸ਼ਾਇਦ ਕੋਈ ਜਿਉਂਦਾ ਵੀ ਨਹੀਂ ਬਚਿਆ ਹੋਇਆ।)
ਜਦੋਂ 1995 ਵਿਚ ਵਿਨੀ ਮਹਾਜਨ ਰੋਪੜ ਦੀ ਡਿਪਟੀ ਕਮਿਸ਼ਨਰ ਨਿਯੁਕਤ ਹੋਈ ਤਾਂ ਉਸ ਨੇ ਸ਼ਹਿਰ ਦੇ ਪੁਰਾਤੱਤਵੀ ਮਹੱਤਵ ਬਾਰੇ ਸੈਮੀਨਾਰ ਕਰਵਾਇਆ ਸੀ ਜਿਸ ਵਿਚ ਡਾ. ਵਾਈ. ਡੀ. ਸ਼ਰਮਾ ਤੋਂ ਇਲਾਵਾ ਡਾ. ਰੋਮਿਲਾ ਥਾਪਰ, ਡਾ. ਬੀ.ਐੱਨ ਗੋਸਵਾਮੀ ਅਤੇ ਡਾ. ਦੇਵਿੰਦਰ ਹਾਂਡਾ ਵਰਗੀਆਂ ਸ਼ਖ਼ਸੀਅਤਾਂ ਨੇ ਵੀ ਹਿੱਸਾ ਲਿਆ ਸੀ। ਅਫ਼ਸੋਸ ਕਿ ਇਹ ਸੈਮੀਨਾਰ ਵੀ ਕਾਗ਼ਜ਼ੀ ਕਾਰਵਾਈ ਤੋਂ ਅੱਗੇ ਨਾ ਤੁਰ ਸਕਿਆ।
ਖ਼ੈਰ, ਅਸੀਂ ਮੁੱਖ ਵਿਸ਼ੇ ਵੱਲ ਮੁੜਦੇ ਹਾਂ। ਰੋਪੜ ਦੇ ਥੇਹ ਦੀ ਖੁਦਾਈ ਦੇ ਇੱਧਰ-ਉੱਧਰ ਮਿਲਦੇ ਛੋਟੇ-ਮੋਟੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਇੱਥੋਂ ਵੱਡ-ਆਕਾਰੀ ਤਰਾਸ਼ੀਆਂ ਹੋਈਆਂ ਇੱਟਾਂ, ਪਕਾਈ ਮਿੱਟੀ ਦੇ ਤਰ੍ਹਾਂ ਤਰ੍ਹਾਂ ਦੇ ਭਾਂਡੇ, ਖਿਡੌਣੇ, ਮਣਕੇ, ਅਨੇਕਾਂ ਰਾਜਿਆਂ ਦੇ ਸਿੱਕੇ ਅਤੇ ਹੋਰ ਵਸਤਾਂ ਪ੍ਰਾਪਤ ਹੋਈਆਂ ਸਨ। ਕੁਝ ਭਾਂਡਿਆਂ ਉਪਰ ਹੜੱਪਾ ਦੀ ਲਿਪੀ ਦੇ ਚਿੰਨ੍ਹ ਵੀ ਹਨ ਜਿਨ੍ਹਾਂ ਨੂੰ ਪੜ੍ਹਨ ਵਿਚ ਹੁਣ ਤੀਕ ਦੁਨੀਆਂ ਦਾ ਕੋਈ ਵਿਦਵਾਨ ਸਫ਼ਲ ਨਹੀਂ ਹੋ ਸਕਿਆ (ਉਂਜ ਪੜ੍ਹਨ ਦੇ ਯਤਨ ਨਿਰੰਤਰ ਜਾਰੀ ਹਨ)। ਇਹ ਸਾਰੀਆਂ ਵਸਤਾਂ ਹੁਣ ਰੋਪੜ ਵਿਖੇ ਬਣੇ ਪੁਰਾਤੱਤਵੀ ਅਜਾਇਬਘਰ ਵਿਚ ਵੇਖੀਆਂ ਜਾ ਸਕਦੀਆਂ ਹਨ। ਇਹ ਮਿਊਜ਼ੀਅਮ ਰੋਪੜ ਦਾ ਪੁਰਾਤਨ ਇਤਿਹਾਸ ਸਮਝਣ ਲਈ ਬਹੁਤ ਲਾਹੇਵੰਦ ਹੈ।
* * *
ਉਨ੍ਹੀਵੀਂ ਸਦੀ ਦੀਆਂ ਕੁਝ ਪੁਰਾਤੱਤਵੀ ਰਿਪੋਰਟਾਂ ਰੋਪੜ ਵਿਖੇ ਬਚੀਆਂ ਕੁਝ ਮੱਧਕਾਲੀ ਇਮਾਰਤਾਂ ਦਾ ਜ਼ਿਕਰ ਕਰਦੀਆਂ ਹਨ। ਇਨ੍ਹਾਂ ਸਾਰੀਆਂ ਵਿਚੋਂ ਸਿਰਫ਼ ਜਮਾਲ ਖ਼ਾਨ ਪਠਾਣ ਦਾ ਮਕਬਰਾ ਬਚਿਆ ਹੈ। ਜਮਾਲ ਖ਼ਾਨ ਬਾਦਸ਼ਾਹ ਜਹਾਂਗੀਰ ਦਾ ਜਰਨੈਲ ਸੀ ਜੋ 1620 ਵਿਚ ਕਾਂਗੜੇ ’ਤੇ ਹਮਲਾ ਕਰਦੇ ਸਮੇਂ ਮਾਰਿਆ ਗਿਆ। ਇਹ ਇਮਾਰਤ ਸਰਹਿੰਦ ਵਿਖੇ ਅਖੌਤੀ ਉਸਤਾਦ ਅਤੇ ਸ਼ਾਗਿਰਦ ਦੇ ਮਕਬਰਿਆਂ ਅਤੇ ਦਿੱਲੀ ਵਿਖੇ ਅਬਦੁਲ ਰਹੀਮ ਖ਼ਾਨੇ-ਖ਼ਾਨਾਂ ਦੇ ਮਕਬਰੇ ਨਾਲ ਮਿਲਦੀ-ਜੁਲਦੀ ਹੈ ਅਤੇ ਇਨ੍ਹਾਂ ਦੀ ਸਮਕਾਲੀ ਹੈ।
ਜਦੋਂ ਮੈਂ ਇੱਥੇ ਪਹਿਲੀ ਵਾਰ 1981 ਵਿਚ ਇਹ ਮਕਬਰਾ ਵੇਖਣ ਗਿਆ ਤਾਂ ਆਲੇ-ਦੁਆਲੇ ਦੇ ਲੋਕ ਇਸ ਦੀ ਵਰਤੋਂ ਪਖਾਨੇ ਦੇ ਤੌਰ ’ਤੇ ਕਰ ਰਹੇ ਸਨ। ਅਗਲੀ ਵੇਰ ਜਾਣ ਤੀਕ ਕਿਸੇ ਨੇੜਲੇ ਪਰਿਵਾਰ ਨੇ ਇਸ ’ਤੇ ਕਬਜ਼ਾ ਕਰ ਕੇ ਇਸ ਨੂੰ ਪਸ਼ੂਆਂ ਦਾ ਵਾੜਾ ਬਣਾ ਲਿਆ ਸੀ। ਹੁਣ ਨਹੀਂ ਪਤਾ ਇਸ ਦੀ ਕੀ ਹਾਲਤ ਹੈ।
* * *
ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗ਼ਲ ਸਾਮਰਾਜ ਢਹਿ-ਢੇਰੀ ਹੋਣ ਲੱਗਾ ਤਾਂ ਕਈ ਇਲਾਕਿਆਂ ਵਿਚ ਸਥਾਨਕ ਤਾਕਤਾਂ ਨੇ ਸਿਰ ਚੁੱਕ ਲਿਆ। ਹੌਲੀ ਹੌਲੀ ਸਾਰਾ ਪੰਜਾਬ ਮਿਸਲਾਂ ਦੇ ਕਬਜ਼ੇ ਵਿਚ ਆ ਗਿਆ ਅਤੇ ਸਦੀ ਦੇ ਆਖ਼ਰੀ ਸਾਲਾਂ ਵਿਚ ਰੋਪੜ ਉੱਤੇ ਸਿੱਖ ਆਗੂ ਹਰੀ ਸਿੰਘ ਦਾ ਕਬਜ਼ਾ ਹੋ ਗਿਆ ਅਤੇ 1792 ਵਿਚ ਉਸ ਦੇ ਪੁੱਤਰ ਚੜ੍ਹਤ ਸਿੰਘ ਦਾ। 25 ਅਪਰੈਲ 1809 ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਚਕਾਰ ਹੋਈ ਅੰਮ੍ਰਿਤਸਰ ਦੀ ਸੰਧੀ ਵਿਚ ਸਤਲੁਜ ਦਰਿਆ ਨੂੰ ਮਹਾਰਾਜਾ ਦੇ ਰਾਜ ਦੀ ਹੱਦ ਸਵੀਕਾਰ ਕਰ ਲਿਆ ਗਿਆ। ਦੋ ਕੁ ਦਹਾਕੇ ਤਾਂ ਰਣਜੀਤ ਸਿੰਘ ਦੇ ਅੰਗਰੇਜ਼ਾਂ ਨਾਲ ਸਬੰਧ ਠੀਕ ਚਲਦੇ ਰਹੇ ਪਰ ਫੇਰ ਜਦੋਂ ਉਸ ਨੇ ਸਿੰਧ ਨੂੰ ਜਿੱਤਣ ਦਾ ਵਿਚਾਰ ਬਣਾਇਆ ਤਾਂ ਸਬੰਧਾਂ ਵਿਚ ਤਣਾਅ ਆ ਗਿਆ। ਆਪਸੀ ਗੱਲਬਾਤ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਗਵਰਨਰ-ਜਨਰਲ ਵਿਲੀਅਮ ਬੈਂਟਿੰਕ ਦੀ ਮੁਲਾਕਾਤ 1831 ਵਿਚ ਰੋਪੜ ਵਿਖੇ ਹੀ ਹੋਈ ਸੀ ਜਿਸ ਵਿਚ ਗਵਰਨਰ ਨੇ ਮਹਾਰਾਜੇ ਨੂੰ ਸਿੰਧ ਉੱਤੇ ਕਬਜ਼ਾ ਕਰਨ ਦਾ ਵਿਚਾਰ ਤਿਆਗ ਦੇਣ ਲਈ ਮਜਬੂਰ ਕਰ ਦਿੱਤਾ। 1839 ਵਿਚ ਮਹਾਰਾਜੇ ਦੀ ਮੌਤ ਤੋਂ ਕੁਝ ਸਾਲ ਮਗਰੋਂ 1845-46 ਵਿਚ ਲਾਹੌਰ ਦਰਬਾਰ ਅਤੇ ਕੰਪਨੀ ਦੀਆਂ ਫ਼ੌਜਾਂ ਵਿਚ ਜੰਗ ਛਿੜ ਗਈ। ਇਸ ਜੰਗ ਵਿਚ ਰੋਪੜ ਦੇ ਸਰਦਾਰ ਨੇ ਦਰਬਾਰ ਦੀਆਂ ਫ਼ੌਜਾਂ ਦਾ ਪੱਖ ਲਿਆ ਜਿਸ ਕਾਰਨ ਲੜਾਈ ਖ਼ਤਮ ਹੋਣ ’ਤੇ ਬਰਤਾਨਵੀਆਂ ਨੇ ਇਹ ਇਲਾਕਾ ਉਸ ਤੋਂ ਖੋਹ ਕੇ ਸਿੱਧਾ ਆਪਣੇ ਅਧੀਨ ਕਰ ਲਿਆ। 1848-49 ਦੇ ਦੂਸਰੇ ਐਂਗਲੋ-ਸਿੱਖ ਯੁੱਧ ਮਗਰੋਂ ਸਾਰੇ ਪੰਜਾਬ ’ਤੇ ਬ੍ਰਿਟਿਸ਼ ਹਕੂਮਤ ਕਾਇਮ ਹੋ ਗਈ। ਨਵੀਂ ਹਕੂਮਤ ਪੰਜਾਬ ਵਿਚ ਖੇਤੀਬਾੜੀ ਦੇ ਵਿਕਾਸ ਵਿਚ ਬਹੁਤ ਲਾਹੇਵੰਦੀ ਸਿੱਧ ਹੋਈ। ਨਵੇਂ ਹਾਕਮਾਂ ਨੇ ਸਾਰੇ ਪੰਜਾਬ ਵਿਚ ਨਹਿਰਾਂ ਦਾ ਜਾਲ ਵਿਛਾ ਦਿੱਤਾ ਅਤੇ ਬੇਹਿਸਾਬ ਜ਼ਮੀਨ ਨਹਿਰੀ ਪਾਣੀ ਲੱਗਦੀ ਕਰ ਦਿੱਤੀ। ਰੋਪੜ ਤੋਂ ਸਰਹਿੰਦ ਨਹਿਰ ਕੱਢਣਾ ਵੀ ਇਸੇ ਵੱਡੀ ਸਿੰਜਾਈ ਯੋਜਨਾ ਦਾ ਹਿੱਸਾ ਸੀ। ਉਨ੍ਹਾਂ ਜ਼ਮਾਨਿਆਂ ਵਿਚ ਇਸ ਨਹਿਰ ਦੀ ਉਸਾਰੀ ਉੱਪਰ 407 ਲੱਖ ਰੁਪਏ ਲਾਗਤ ਆਈ ਸੀ (ਮਹਾਰਾਜਾ ਰਣਜੀਤ ਸਿੰਘ ਦੀ ਕੁੱਲ ਸਾਲਾਨਾ ਆਮਦਨ 148 ਲੱਖ ਰੁਪਏ ਸੀ)। ਇਸ ਦੀ ਲਾਗਤ ਦਾ ਕੁਝ ਹਿੱਸਾ ਮਾਲਵੇ ਦੀਆਂ ਪਟਿਆਲਾ, ਜੀਂਦ, ਫ਼ਰੀਦਕੋਟ ਵਰਗੀਆਂ ਉਨ੍ਹਾਂ ਰਿਆਸਤਾਂ ਨੇ ਮੁਹੱਈਆ ਕੀਤਾ ਸੀ ਜਿਨ੍ਹਾਂ ਦੇ ਇਲਾਕੇ ਨੂੰ ਇਸ ਨਹਿਰ ਦਾ ਲਾਭ ਹੋਣਾ ਸੀ। ਇਸ ਉਸਾਰੀ ਲਈ ਲੋੜੀਂਦਾ ਪੱਧਰ ਨਾਲਾਗੜ੍ਹ ਦੀਆਂ ਨੇੜਲੀਆਂ ਪਹਾੜੀਆਂ ਤੋਂ ਲਿਆਂਦਾ ਗਿਆ ਸੀ। ਪੱਥਰ ਢੋਣ ਲਈ ਦੋਰਾਹੇ ਤੀਕ 54 ਮੀਲ ਲੰਮੀ ਵਿਸ਼ੇਸ਼ ਰੇਲਵੇ ਲਾਈਨ ਵਿਛਾਈ ਗਈ ਸੀ। ਇਸ ਦੀ ਉਸਾਰੀ ਲਈ ਸਜ਼ਾਯਾਫ਼ਤਾ ਕੈਦੀਆਂ ਤੋਂ ਮਜ਼ਦੂਰੀ ਦਾ ਕੰਮ ਲੈਣ ਦਾ ਤਜਰਬਾ ਵੱਡੇ ਪੱਧਰ ’ਤੇ ਕੀਤਾ ਗਿਆ ਸੀ ਜੋ ਬਹੁਤ ਸਫ਼ਲ ਰਿਹਾ।
ਰੋਪੜ ਵਿਖੇ ਇਸ ਨਹਿਰ ਰਾਹੀਂ ਸਤਲੁਜ ਦਰਿਆ ਦਾ ਸਾਰਾ ਪਾਣੀ ਕੰਟਰੋਲ ਹੇਠ ਲਿਆਂਦਾ ਅਤੇ ਇਸ ਦੀਆਂ ਸ਼ਾਖਾਵਾਂ ਰਾਹੀਂ ਦੂਰ ਦੂਰ ਤੀਕ ਦੀ ਜ਼ਮੀਨ ਖੇਤੀ-ਯੋਗ ਬਣਾ ਦਿੱਤੀ। ਇਸ ਨਹਿਰ ਰਾਹੀਂ ਰੋਪੜ ਅਤੇ ਦੋਰਾਹਾ ਵਿਚਕਾਰ ਯਾਤਰੀਆਂ ਅਤੇ ਮਾਲ ਦੀ ਆਵਾਜਾਈ ਵੀ ਸੰਭਵ ਹੋ ਗਈ। ਇਸੇ ਨਹਿਰ ਰਾਹੀਂ ਪਹਾੜੀਆਂ ਤੋਂ ਦਿਓਦਾਰ ਦੀ ਲੱਕੜ ਦੇ ਚਿੱਠੇ ਭੇਜੇ ਜਾਂਦੇ ਸਨ ਜੋ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਰਾਮਪੁਰ ਡਿਪੂ ਵਿਖੇ ਬਾਹਰ ਕੱਢੇ ਜਾਂਦੇ ਹਨ (ਪੰਜਾਬੀ ਲੇਖਕ ਗੁਰਚਰਨ ਰਾਮਪੁਰੀ ਅਤੇ ਸੁਰਜੀਤ ਰਾਮਪੁਰੀ ਇਸੇ ਪਿੰਡ ਦੇ ਸਨ)। ਇਸ ਸਿਸਟਮ ਨਾਲ ਸਤਲੁਜ ਦੇ ਪਾਣੀ ਦੀ ਇਕ ਇਕ ਬੂੰਦ ਪੰਜਾਬ ਦੇ ਖੇਤਾਂ ਦੀ ਸਿੰਜਾਈ ਦੇ ਕੰਮ ਆਉਂਦੀ ਹੈ ਅਤੇ ਭਾਖੜਾ ਡੈਮ ਪੰਜਾਬ ਲਈ ਬਿਜਲੀ ਊਰਜਾ ਦਾ ਵੱਡਾ ਸੋਮਾ ਹੈ।
ਰੋਪੜ ਕੋਲੋਂ ਦਰਿਆਵਾਂ ਦਾ ਪਾਣੀ ਮੋੜ ਕੇ ਸਰਹਿੰਦ ਲਿਜਾਣ ਦਾ ਇਕ ਯਤਨ 1360 ਵਿਚ ਸੁਲਤਾਨ ਫ਼ਿਰੋਜ਼ ਸ਼ਾਹ ਤੁਗ਼ਲਕ ਨੇ ਵੀ ਕੀਤਾ ਸੀ ਪਰ ਉਹ ਸਫ਼ਲ ਨਹੀਂ ਸੀ ਹੋਇਆ।
1923-24 ਦੇ ਅੰਬਾਲਾ ਜ਼ਿਲ੍ਹੇ ਦੇ ਗਜ਼ਟੀਅਰ ਤੋਂ ਸਾਨੂੰ ਉਸ ਸਮੇਂ ਦੇ ਰੋਪੜ ਬਾਰੇ ਹੇਠ ਲਿਖੀ ਜਾਣਕਾਰੀ ਮਿਲਦੀ ਹੈ: ਇਹ ਸ਼ਹਿਰ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਵਿਚਕਾਰ ਵਟਾਂਦਰੇ ਦਾ ਰਾਹ ਸੀ। ਇੱਥੇ ਅਨਾਜ ਅਤੇ ਖੰਡ ਦਾ ਕਾਫ਼ੀ ਵਪਾਰ ਹੁੰਦਾ ਸੀ। ਲੋਹਾ, ਅਦਰਕ, ਆਲੂ, ਹਲਦੀ ਅਤੇ ਅਫ਼ੀਮ ਪਹਾੜੀ ਇਲਾਕੇ ਤੋਂ ਦਰਾਮਦ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਦੇ ਬਦਲੇ ਸਾਲਟ ਰੇਂਜ (ਵਰਤਮਾਨ ਪਾਕਿਸਤਾਨ ਵਿਚ) ਦੀਆਂ ਖਾਣਾਂ ਤੋਂ ਪ੍ਰਾਪਤ ਨਮਕ ਵੱਡੇ ਪੱਧਰ ’ਤੇ ਪਹਾੜੀਆਂ ਨੂੰ ਨਿਰਯਾਤ ਕੀਤਾ ਜਾਂਦਾ ਸੀ। ਕਸਬੇ ਵਿਚ ਦੇਸੀ ਕੱਪੜਾ ਤਿਆਰ ਕਰ ਕੇ ਪਹਾੜੀ ਬਜ਼ਾਰਾਂ ਨੂੰ ਭੇਜਿਆ ਜਾਂਦਾ ਸੀ। ਰੋਪੜ ਦੇ ਲੁਹਾਰਾਂ ਨੂੰ ਤਾਲੇ ਬਣਾਉਣ ਅਤੇ ਲੋਹੇ ਦੀਆਂ ਹੋਰ ਛੋਟੀਆਂ ਵਸਤੂਆਂ ਬਣਾਉਣ ਲਈ ਪ੍ਰਸਿੱਧੀ ਪ੍ਰਾਪਤ ਸੀ। ਲਾਲਾ ਲਾਲ ਚੰਦ ਦੁਆਰਾ ਤਿਆਰ ਕੀਤੇ ਫ਼ਲਾਂ, ਪੰਛੀਆਂ ਅਤੇ ਰੀਂਗਣ ਵਾਲੇ ਜੀਵਾਂ ਦੀਆਂ ਸਾਰੀਆਂ ਕਿਸਮਾਂ ਦੇ ਮਿੱਟੀ ਦੇ ਮਾਡਲ ਮਸ਼ਹੂਰ ਸਨ।
1947 ਮਗਰੋਂ ਰੋਪੜ ਨੇ ਵੀ ਬਹੁਤ ਤਰੱਕੀ ਕੀਤੀ ਹੈ। ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਬਣਨ ਦੇ ਨਾਲ ਹੀ ਰੋਪੜ ਜ਼ਿਲ੍ਹਾ ਵੀ ਬਣ ਗਿਆ। ਇਸ ਤੋਂ ਪਹਿਲਾਂ ਇਹ ਅੰਬਾਲਾ ਜ਼ਿਲ੍ਹੇ ਵਿਚ ਸੀ। ਗਿਆਨੀ ਜ਼ੈਲ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ (1972-77 ਦੌਰਾਨ) ਰੋਪੜ ਦਾ ਨਾਂ ਰੂਪਨਗਰ ਕਰ ਦਿੱਤਾ ਪਰ ਇਹ ਨਾਂ ਸਰਕਾਰੀ ਦਫ਼ਤਰੀ ਕੰਮ ਤੀਕ ਹੀ ਸੀਮਿਤ ਹੈ। ਛੇ ਜੂਨ 1945 ਨੂੰ ਸਰਦਾਰ ਬਲਦੇਵ ਸਿੰਘ ਦੇ ਯਤਨਾਂ ਜੋ ਬਾਅਦ ਵਿਚ ਭਾਰਤ ਦੇ ਰੱਖਿਆ ਮੰਤਰੀ ਬਣੇ, ਨਾਲ ਰੋਪੜ ਵਿਖੇ ਕਾਲਜ ਸ਼ੁਰੂ ਕੀਤਾ ਗਿਆ ਜੋ ਅੱਜ ਵੀ ਪੰਜਾਬ ਦੀ ਮਾਣਮੱਤੀ ਵਿਦਿਅਕ ਸੰਸਥਾ ਹੈ। 2008 ਦੌਰਾਨ ਭਾਰਤ ਵਿਚ ਸਥਾਪਿਤ ਛੇ ਨਵੀਆਂ ਆਈ.ਆਈ.ਟੀ’ਜ਼ ਵਿਚੋਂ ਇਕ ਇੱਥੇ ਹੀ ਹੈ।
ਪੰਜਾਬੀ ਦੇ ਸਿਰਮੌਰ ਹਾਸ-ਵਿਅੰਗ ਲਿਖਾਰੀ ਭੂਸ਼ਣ ਧਿਆਨਪੁਰੀ ਨੇ ਸਾਰੀ ਉਮਰ ਇਸ ਕਾਲਜ ਵਿਚ ਹੀ ਪੜ੍ਹਾਇਆ। ਇਸ ਕਾਲਜ ਦੇ ਪ੍ਰਿੰਸੀਪਲ ਓ.ਪੀ. ਸ਼ਰਮਾ ਨੇ ਪਹਿਲੀ ਵਾਰ ਸ਼ਿਵ ਬਾਰੇ ਅੰਗਰੇਜ਼ੀ ਵਿਚ ਕਿਤਾਬ ਲਿਖੀ ਸੀ। ਇਸ ਕਾਲਜ ਦੇ ਪ੍ਰਿੰਸੀਪਲ ਵਿਦਵਾਨ ਸਿੰਘ ਸੋਨੀ ਨੇ ਵਿਗਿਆਨ ਬਾਰੇ ਪੰਜਾਬੀ ਵਿਚ ਅਨੇਕਾਂ ਕਿਤਾਬਾਂ ਲਿਖੀਆਂ ਅਤੇ ਕਾਲਜ ਵਿਚ ਪਥਰਾਟ ਅਜਾਇਬਘਰ ਸਥਾਪਿਤ ਕੀਤਾ। ਇਸ ਸ਼ਹਿਰ ਦੇ ਬਹੁ-ਭਾਸ਼ਾਈ ਵਿਦਵਾਨ ਸ੍ਰੀ ਬ੍ਰਿਜ ਲਾਲ ਸ਼ਾਸਤਰੀ ਦੇ ਜ਼ਿਕਰ ਬਿਨਾਂ ਇਸ ਸ਼ਹਿਰ ਬਾਰੇ ਹਰ ਲਿਖਤ ਅਧੂਰੀ ਹੋਵੇਗੀ।
ਸੰਪਰਕ: 98728-22417
ਰੋਪੜ ਦਾ ਪੁਰਾਤੱਤਵੀ ਅਜਾਇਬਘਰ
ਇਹ ਅਜਾਇਬਘਰ 1998 ਵਿਚ ਦਰਸ਼ਕਾਂ ਲਈ ਖੋਲ੍ਹਿਆ ਗਿਆ। ਇਸ ਵਿਚ ਰੋਪੜ ਦੇ ਨੇੜੇ ਦੇ ਥੇਹਾਂ ਤੋਂ ਪ੍ਰਾਪਤ ਪੁਰਾਤੱਤਵੀ ਅਵਸ਼ੇਸ਼ ਪ੍ਰਦਰਸ਼ਿਤ ਹਨ ਜਿਨ੍ਹਾਂ ਵਿਚ ਹੜੱਪਾ ਕਾਲ ਦੀਆਂ ਵਸਤਾਂ, ਭਾਂਡੇ; ਸ਼ਕ, ਕੁਸ਼ਾਣ ਅਤੇ ਗੁਪਤ ਕਾਲ ਦੀਆਂ ਮੂਰਤੀਆਂ ਜਿਵੇਂ ਵੀਨਾ ਵਜਾ ਰਹੀ ਔਰਤ, ਸਟੀਟਾਈਟ ਦੀ ਮੋਹਰ, ਤਾਂਬੇ ਅਤੇ ਕਾਂਸੀ ਦੇ ਸੰਦ, ਕੁਦਰਤ ਦੀ ਦੇਵੀ ਯਕਸ਼ੀ ਦੀ ਮੂਰਤੀ, ਸਮਰਾਟ ਚੰਦਰਗੁਪਤ ਦੇ ਸੋਨੇ ਦੇ ਸਿੱਕੇ ਸ਼ਾਮਲ ਹਨ। ਖੁਦਾਈਆਂ ਦਾ ਵੇਰਵਾ ਤਸਵੀਰਾਂ ਅਤੇ ਨਕਸ਼ਿਆਂ ਨਾਲ ਵੀ ਦਰਸਾਇਆ ਹੋਇਆ ਹੈ।