ਜਸਵੰਤ ਸਿੰਘ ਜ਼ਫ਼ਰ
ਜੀਵਨ ਧਾਰਾ
ਸਾਰੀਆਂ ਮਨੁੱਖੀ ਸਭਿਅਤਾਵਾਂ ਦਾ ਜਨਮ ਦਰਿਆਵਾਂ ਕਿਨਾਰੇ ਹੋਇਆ। ਸਾਰੇ ਪ੍ਰਾਚੀਨ ਨਗਰ ਦਰਿਆਵਾਂ ਕਿਨਾਰੇ ਵਸੇ। ਦੇਸ ਪੰਜਾਬ ਦਾ ਤਾਂ ਨਾਂ ਹੀ ਇੱਥੇ ਵਗਦੇ ਪੰਜ ਦਰਿਆਵਾਂ ਕਰਕੇ ਪਿਆ। ਇਸ ਦੀਆਂ ਕੁਦਰਤੀ ਅਤੇ ਭੂਗੋਲਕ ਸੀਮਾਵਾਂ ਵੀ ਸਿੰਧ ਅਤੇ ਯਮੁਨਾ ਦਰਿਆ ਹਨ। ਇੰਜ ਇਨ੍ਹਾਂ ਸੱਤਾਂ ਦਰਿਆਵਾਂ ਕਰਕੇ ਕਦੀ ਇਸ ਦਾ ਨਾਂ ਸਪਤ ਸਿੰਧੂ ਸੀ। ਸਤਲੁਜ ਅਤੇ ਬਿਆਸ ਦੋ ਦਰਿਆਵਾਂ ਦੇ ਵਿਚਕਾਰਲੇ ਖਿੱਤੇ ਨੂੰ ਦੋਆਬਾ (ਦੋ ਦਰਿਆਵਾਂ ਵਾਲਾ) ਅਤੇ ਬਿਆਸ ਅਤੇ ਰਾਵੀ ਵਿਚਲੇ ਇਲਾਕੇ ਨੂੰ ਮਾਝਾ (ਵਿਚਕਾਰਲਾ) ਕਿਹਾ ਜਾਣ ਲੱਗਾ। ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ ਵਰਗੀਆਂ ਪੰਜਾਬ ਦੀਆਂ ਅਮਰ ਪ੍ਰੇਮ ਕਥਾਵਾਂ ਦਾ ਜਨਮ ਦਰਿਆਵਾਂ ਕਾਰਨ ਅਤੇ ਕਿਨਾਰੇ ਹੋਇਆ। ਸਾਡਾ ਸਰੀਰ ਇਸ ਅੰਦਰ ਲਗਾਤਾਰ ਚੱਲਦੇ ਸਾਫ਼ ਲਹੂ ਦੇ ਵਹਾਅ ਨਾਲ ਜ਼ਿੰਦਾ ਰਹਿੰਦਾ ਹੈ। ਧਰਤੀ ਪਾਣੀ ਦੇ ਵਹਾਅ ਕਰਕੇ ਜਿਉਂਦੀ ਹੈ। ਧਰਤੀ ’ਤੇ ਜੀਵਨ ਪਾਣੀ ਕਰਕੇ ਹੈ। ਇਸ ’ਤੇ ਵਗਦੇ ਦਰਿਆ ਬਿਲਕੁਲ ਉਵੇਂ ਹਨ ਜਿਵੇਂ ਸਾਡੇ ਸਰੀਰ ਵਿਚ ਲਹੂ ਦੀਆਂ ਨਾੜਾਂ। ਖ਼ੂਨ ਵਿਚ ਜ਼ਹਿਰ ਰਲਣ ਨਾਲ ਮਨੁੱਖ ਜ਼ਿੰਦਾ ਨਹੀਂ ਰਹਿ ਸਕਦਾ। ਦਰਿਆਵਾਂ ਦੇ ਜ਼ਹਿਰੀਲੇ ਹੋ ਜਾਣ ਨਾਲ ਧਰਤੀ ’ਤੇ ਜੀਵਨ ਨਹੀਂ ਬਚ ਸਕਦਾ।
ਗੁਰਬਾਣੀ ਵਿਚ ਥਾਂ ਪੁਰ ਥਾਂ ਦਰਿਆਵਾਂ ਦਾ ਜ਼ਿਕਰ ਅਤੇ ਹਵਾਲਾ ਮਿਲਦਾ ਹੈ। ਗੁਰੂ ਨਾਨਕ ਨੇ ਇਕ ਓਅੰਕਾਰ ਦੇ ਸੰਦੇਸ਼ ਦਾ ਪ੍ਰਸਾਰ ਵੇਈਂ ਨਦੀ ਕਿਨਾਰਿਓਂ ਆਰੰਭ ਕੀਤਾ। ਉਨ੍ਹਾਂ ਦੀਆਂ ਹਰਿਦੁਆਰ, ਕਾਸ਼ੀ, ਪਟਨਾ, ਗਯਾ ਆਦਿ ਸਥਾਨਾਂ ਦੀਆਂ ਗੋਸ਼ਟਾਂ ਗੰਗਾ ਕਿਨਾਰੇ ਹੋਈਆਂ। ਗੁਰੂ ਨਾਨਕ ਨੇ ਰਾਮਾਨੰਦ ਜੀ, ਕਬੀਰ ਜੀ, ਰਵਿਦਾਸ ਜੀ, ਸੈਣ ਜੀ ਆਦਿ ਬਾਣੀਕਾਰਾਂ ਦੀ ਬਾਣੀ ਗੰਗਾ ਕਿਨਾਰੇ ਵਸੇ ਕਾਸ਼ੀ (ਬਨਾਰਸ) ਵਿਖੇ ਸਥਾਪਤ ਗਿਆਨ ਅਤੇ ਚਿੰਤਨ ਦੇ ਕੇਂਦਰਾਂ ਤੋਂ ਪ੍ਰਾਪਤ ਕੀਤੀ। ਸਤਲੁਜ ਕੰਢੇ ਵਸੇ ਅਯੋਧਨ ਨਗਰ ਤੋਂ ਬਾਬਾ ਫ਼ਰੀਦ ਜੀ ਦੀ ਬਾਣੀ ਹਾਸਲ ਕੀਤੀ। ਬਾਬਾ ਫਰੀਦ ਸੂਫ਼ੀਆਂ ਦੇ ਚਿਸ਼ਤੀਆ ਸਿਲਸਿਲੇ ਦੇ ਮੁਖੀ ਬਣਨ ਮਗਰੋਂ ਦਿੱਲੀ ਤੋਂ ਅਯੋਧਨ ਆਣ ਵਸੇ ਸਨ। ਅਕਬਰ ਨੇ ਉਨ੍ਹਾਂ ਦੇ ਆਦਰ ਵਿਚ ਇਸ ਨਗਰ ਦਾ ਨਾਂ ਬਦਲ ਕੇ ਪਾਕਪਟਨ (ਪਵਿੱਤਰ ਪੱਤਣ) ਰੱਖਿਆ ਸੀ। ਦੇਸ਼ ਦੇ ਲਗਪਗ ਸਾਰੇ ਛੋਟੇ ਵੱਡੇ ਦਰਿਆਵਾਂ ਨੂੰ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਹੈ। ਸਾਡੇ ਸ਼ਹਿਰ ਲੁਧਿਆਣੇ ਦੇ ਬੁੱਢਾ ਦਰਿਆ ਕਿਨਾਰੇ ਉਨ੍ਹਾਂ ਦੀ ਆਮਦ ਨੂੰ ਯਾਦ ਕਰਾਉਂਦਾ ਗੁਰਦੁਆਰਾ ਗਊਘਾਟ ਬਣਿਆ ਹੋਇਆ ਹੈ। ਚਾਰ ਉਦਾਸੀਆਂ ਬਾਅਦ ਗੁਰੂ ਸਾਹਿਬ ਨੇ ਬਿਆਸ ਦਰਿਆ ਕਿਨਾਰੇ ਕਰਤਾਰਪੁਰ ਨਗਰ ਵਸਾ ਕੇੇ ਆਪਣਾ ਟਿਕਾਣਾ ਕੀਤਾ। ਇੱਥੇ ਆਪ ਨੇ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾਇਆ। ਇੱਥੇ ਹੀ ਆਪ ਜੋਤੀ ਜੋਤ ਸਮਾਏ।
ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਬਿਆਸ ਦਰਿਆ ਕਿਨਾਰੇ ਵਸੇ ਪਿੰਡ ਖਡੂਰ ਵਿਖੇ ਜਾ ਟਿਕੇ। ਇਸ ਨੂੰ ਲੋਕਾਈ ਦੀ ਭਲਾਈ ਦੀਆਂ ਅਨੇਕਾਂ ਸਰਗਰਮੀਆਂ ਵਾਲਾ ਨਗਰ ਬਣਾਇਆ। ਬਿਆਸ ਦਰਿਆ ਤੋਂ ਉਨ੍ਹਾਂ ਦੇ ਪਰਮ ਸੇਵਕ (ਗੁਰੂ) ਅਮਰਦਾਸ ਉਨ੍ਹਾਂ ਦੇ ਇਸ਼ਨਾਨ ਕਰਨ ਲਈ ਰੋਜ਼ ਤੜਕੇ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਸਨ। ਇੱਥੇ ਹੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਕੇ ਜੋਤੀ ਜੋਤ ਸਮਾਏ। ਗੁਰੂ ਅਮਰਦਾਸ ਜੀ ਗੰਗਾ ਕਿਨਾਰੇ ਲੱਗਦੇ ਮੇਲਿਆਂ ਅਤੇ ਇਕੱਠਾਂ ’ਤੇ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਨ ਗਏੇ। ਗੁਰੂ ਰਾਮਦਾਸ ਜੀ ਰਾਵੀ ਦਰਿਆ ਕਿਨਾਰੇ ਵਸੇ ਲਾਹੌਰ ਸ਼ਹਿਰ ਦੇ ਜੰਮਪਲ ਸਨ। ਇਸੇ ਰਾਵੀ ਦਰਿਆ ਕਿਨਾਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਜੰਗਾਂ ਯੁੱਧਾਂ ਦੀ ਸਥਿਤੀ ਬਣਦੀ ਦੇਖ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਅੰਮ੍ਰਿਤਸਰ ਛੱਡ ਕੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਇਲਾਕੇ ਵਿਚ ਦਰਿਆ ਸਤਲੁਜ ਕਿਨਾਰੇ ਟਿਕਾਣਾ ਕੀਤਾ। ਇੱਥੇ ਕੀਰਤਪੁਰ ਨਗਰ ਵਸਾਇਆ। ਇੱਥੇ ਹੀ ਆਪ ਜੋਤੀ ਜੋਤ ਸਮਾਏ ਅਤੇ ਸਤਲੁਜ ਦੇ ਘਾਟ ’ਤੇ ਹੀ ਆਪ ਦਾ ਸਰੀਰ ਅਗਨ ਭੇਟ ਕੀਤਾ ਗਿਆ ਜਿੱਥੇ ਅੱਜਕੱਲ੍ਹ ਗੁਰਦੁਆਰਾ ਪਤਾਲਪੁਰੀ ਸੁਸ਼ੋਭਿਤ ਹੈ। ਸੱਤਵੇਂ ਗੁਰੂ ਹਰਿਰਾਏ ਸਾਹਿਬ ਦਾ ਜਨਮ ਸਤਲੁਜ ਕਿਨਾਰੇ ਵਸੇ ਇਸੇ ਨਗਰ ਕੀਰਤਪੁਰ ਵਿਖੇ ਹੋਇਆ।
ਗੁਰੂ ਤੇਗ ਬਹਾਦਰ ਜੀ ਜਦੋਂ ਅਸਾਮ ਵਿਖੇ ਦਰਿਆ ਬ੍ਰਹਮਪੁਤਰ ਦੇ ਇਲਾਕੇ ਵਿਚ ਗੁਰਮਤਿ ਪ੍ਰਚਾਰ ਕਰ ਰਹੇ ਸਨ ਤਾਂ ਬਿਹਾਰ ਦੇ ਗੰਗਾ ਕਿਨਾਰੇ ਵਸੇ ਪ੍ਰਸਿੱਧ ਸ਼ਹਿਰ ਪਟਨਾ ਵਿਖੇ ਉਨ੍ਹਾਂ ਦੇ ਘਰ ਮਾਤਾ ਗੁਜਰੀ ਦੀ ਕੁੱਖੋਂ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ। ਪਟਨਾ ਸ਼ਹਿਰ ਦਾ ਨਾਂ ਪੱਤਣ (ਦਰਿਆ ਦਾ ਕੰਢਾ) ਤੋਂ ਪਿਆ ਜਾਪਦਾ ਹੈ। ਗੰਗਾ ਦਰਿਆ ਨਾਲ ਜੁੜੀਆਂ ਬਾਲਕ ਗੋਬਿੰਦ ਰਾਏ ਦੀ ਬਾਲ-ਲੀਲਾ ਦੀਆਂ ਅਨੇਕ ਕਥਾਵਾਂ ਪ੍ਰਸਿੱਧ ਹਨ। ਇਨ੍ਹਾਂ ਦਿਨਾਂ ਵਿਚ ਗੁਰੂ ਤੇਗ ਬਹਾਦਰ ਜੀ ਨੇ ਸਤਲੁਜ ਦਰਿਆ ਕਿਨਾਰੇ ਆਪਣੀ ਮਾਤਾ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਨਗਰ ਵਸਾਇਆ। ਛੇ ਸਾਲ ਦੀ ਉਮਰ ਵਿਚ ਬਾਲ ਗੋਬਿੰਦ ਰਾਏ ਵੀ ਚੱਕ ਮਾਤਾ ਨਾਨਕੀ ਆ ਗਏ। ਇੱਥੋਂ ਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਹੇਤ ਸਾਕਾ ਕਰਨ ਲਈ ਦਿੱਲੀ ਨੂੰ ਚਾਲੇ ਪਾਏ। ਸਤਲੁਜ ਕੰਢੇ ਰਾਂਗਲੇ ਹੋਲੇ ਅਤੇ ਬਾਂਕੇ ਮਹੱਲੇ ਜੁੜਨ ਲੱਗੇ। ਇਹ ਗੁਰਧਾਨੀ ਨਵੇਂ ਨਾਂ ਆਨੰਦਪੁਰ ਨਾਲ ਪ੍ਰਸਿੱਧ ਹੋਈ। ਇਸ ਦੌਰਾਨ ਗੁਰੂ ਗੋਬਿੰਦ ਰਾਏ ਲਗਪਗ ਇਕ ਸਾਲ ਆਨੰਦਪੁਰ ਤੋਂ ਕੁਝ ਮੀਲ ਦੂਰ ਬਿਭੌਰ ਰਿਆਸਤ ਵਿਖੇ ਰਹੇ। ਇੱਥੇ ਸਤਲੁਜ ਦਰਿਆ ਦੇ ਕਿਨਾਰੇ ਬੈਠ ਆਪ ਨੇ ਚੌਪਈ ਬਾਣੀ ਦੀ ਰਚਨਾ ਕੀਤੀ। ਇਸ ਸਥਾਨ ’ਤੇ ਗੁਰਦੁਆਰਾ ਬਿਭੌਰ ਸਾਹਿਬ ਸੁਸ਼ੋਭਿਤ ਹੈ। ਆਪ ਲਗਪਗ ਚਾਰ ਸਾਲ ਨਾਹਨ ਰਿਆਸਤ ਵਿਚ ਪਾਉਂਟੇ ਦੇ ਸਥਾਨ ’ਤੇ ਰਹੇ। ਯਮੁਨਾ ਨਦੀ ਕਿਨਾਰੇ ਆਪ ਨੇ ਪਾਉਂਟਾ ਨਗਰ ਵਸਾਇਆ। ਇੱਥੇ ਯਮੁਨਾ ਦੇ ਤੱਟ ’ਤੇ ਕਵੀ ਦਰਬਾਰ ਸਜਦੇ। ਗੁਰੂ ਸਾਹਿਬ ਨੇ 52 ਕਵੀਆਂ ਦੀ ਸਰਪ੍ਰਸਤੀ ਕੀਤੀ। ਇੱਥੇ ਯਮੁਨਾ ਕਿਨਾਰੇ ਹੀ ਆਪ ਨੇ ਜਾਪੁ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ। ਇੱਥੋਂ ਹੀ ਆਪ ਨੇ ਭੰਗਾਣੀ ਦੀ ਲੜਾਈ ਲੜੀ ਅਤੇ ਫਤਹਿ ਕੀਤੀ। ਆਪ ਦੇ ਪਹਿਲੇ ਸਾਹਿਬਜ਼ਾਦੇ ਅਜੀਤ ਸਿੰਘ ਦਾ ਜਨਮ ਅਤੇ ਨਾਮਕਰਣ ਇੱਥੇ ਹੀ ਹੋਇਆ। ਆਨੰਦਪੁਰ ਵਿਖੇ ਗੁਰੂ ਗੋਬਿੰਦ ਰਾਏ ਨੇ 1699 ਦੀ ਵਿਸਾਖੀ ਨੂੰ ਸਤਲੁਜ ਤੋਂ ਪਵਿੱਤਰ ਜਲ ਦਾ ਬਾਟਾ ਮੰਗਵਾ ਕੇ ਖੰਡੇ ਪਹੁਲ ਤਿਆਰ ਕੀਤੀ। ਸਿਰਲੱਥ ਸਿੱਖਾਂ ਨੂੰ ਇਹ ਖੰਡੇ ਪਹੁਲ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹੀ ਖੰਡੇ ਪਹੁਲ ਛਕ ਕੇ ਆਪ ਗੋਬਿੰਦ ਰਾਏ ਤੋਂ ਸਵਾ ਲੱਖ ਨਾਲ ਇਕ ਲੜਾਉਣ ਵਾਲੇ ਗੁਰੂ ਗੋਬਿੰਦ ਸਿੰਘ ਬਣੇ। ਇਸ ਅਮੁੱਲੀ ਦਾਤ ਕਾਰਨ ਗੁਰੂ ਸਾਹਿਬ ਨੇ ਆਪਣੀ ਸਾਰੀ ਦੌਲਤ ਪਿਆਰੇ ਸਤਲੁਜ ਤੋਂ ਵਾਰ ਛੱਡੀ। ਆਨੰਦਪੁਰ ਸਾਹਿਬ ਨੂੰ ਵਿਦਾ ਕਹਿਣ ਤੋਂ ਪਹਿਲਾਂ ਉਨ੍ਹਾਂ ਆਪਣਾ ਲਗਪਗ ਸਾਰਾ ਖ਼ਜ਼ਾਨਾ ਭਾਵ ਸੋਨਾ, ਚਾਂਦੀ, ਹੀਰੇ ਜਵਾਹਰਾਤ ਆਪਣੇ ਹੱਥੀਂ ਸਤਲੁਜ ਨੂੰ ਭੇਟ ਕਰ ਦਿੱਤੇ।
ਸਿਆਲ ਦੀ ਯੱਖ ਰਾਤੇ ਆਨੰਦਪੁਰ ਛੱਡ ਗੁਰੂ ਸਾਹਿਬ ਨੇ ਸਰਸਾ ਨਦੀ ਪਾਰ ਕੀਤੀ। ਤੜਕੇ ਸਰਸਾ ਦੇ ਕਿਨਾਰੇ ਆਸਾ ਦੀ ਵਾਰ ਦੀ ਸ਼ਬਦ ਚੌਂਕੀ ਲਾਈ। ਚਮਕੌਰ ਦੀ ਲੜਾਈ ਵਿਚ ਦੋ ਪੁੱਤਰਾਂ ਅਤੇ ਚਾਲੀ ਸਾਥੀ ਸਿੰਘਾਂ ਦੀ ਸ਼ਹੀਦੀ ਮਗਰੋਂ ਗੁਰੂ ਸਾਹਿਬ ਨੰਗੇ ਪੈਰੀਂ ਮਾਛੀਵਾੜੇ ਪਹੁੰਚੇ। ਇਹ ਉਹ ਇਲਾਕਾ ਹੈ ਜਿੱਥੋਂ ਬੁੱਢਾ ਦਰਿਆ ਸ਼ੁਰੂ ਹੁੰਦਾ ਹੈ। ਇਸ ਦੇ ਪਾਣੀਆਂ ਨੂੰ ਗੁਰੂ ਦੀ ਚਰਨ ਛੋਹ ਪ੍ਰਾਪਤ ਹੋਈ। ਗੁਰੂ ਜੀ ਇਸ ਦੇ ਕਿਨਾਰੇ ਆਪਣੇ ਮਿੱਤਰ ਪਿਆਰੇ ਦੀ ਯਾਦ ਵਿਚ ਇਲਾਹੀ ਗੀਤ ਗਾਉਂਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਦਾ ਆਖ਼ਰੀ ਸਮਾਂ ਦੱਖਣ ਦੇਸ਼ ਦੀ ਗੋਦਾਵਰੀ ਨਦੀ ਕਿਨਾਰੇ ਬਤੀਤ ਹੋਇਆ। ਗੋਦਾਵਰੀ ਦੇ ਕਿਨਾਰੇ ਚਹਿਲਕਦਮੀ ਕਰਦਿਆਂ ਜਦ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੇਸ਼ਕੀਮਤੀ ਨਗੀਨਾ ਗੁਰੂ ਸਾਹਿਬ ਦੀ ਨਜ਼ਰ ਕੀਤਾ ਤਾਂ ਆਪ ਨੇ ਇਹ ਨਗੀਨਾ ਗੋਦਾਵਰੀ ਦੇ ਪਾਣੀ ਨੂੰ ਅਰਪਿਤ ਕਰ ਦਿੱਤਾ। ਇਸੇ ਗੋਦਾਵਰੀ ਦੇ ਕਿਨਾਰੇ ਆਪ ਦੀ ਮਾਧੋ ਦਾਸ ਬੈਰਾਗੀ ਨਾਲ ਮੁਲਾਕਾਤ ਹੋਈ ਜਿਸ ਨੂੰ ਸਿੰਘ ਸਜਾ ਆਪ ਨੇ ਪੰਥ ਦੀ ਅਗਵਾਈ ਹਿੱਤ ਪੰਜਾਬ ਲਈ ਰਵਾਨਾ ਕੀਤਾ। ਗੋਦਾਵਰੀ ਕੰਢੇ ਹੀ ਆਪ ਜੋਤੀ ਜੋਤ ਸਮਾਏ।
ਇਸ ਚਰਚਾ ਨਾਲ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਦਰਿਆਵਾਂ ਦਾ ਮਨੁੱਖੀ ਜੀਵਨ ਲਈ ਆਮ ਤੌਰ ’ਤੇ ਅਤੇ ਸਾਡੇ ਇਤਿਹਾਸ ਵਿਚ ਖਾਸ ਤੌਰ ’ਤੇ ਕਿੰਨਾ ਮਹੱਤਵ ਪੂਰਨ ਸਥਾਨ ਹੈ। ਜਿਨ੍ਹਾਂ ਦਰਿਆਵਾਂ ਦੀ ਸੰਗਤ ਵਿਚ ਗੁਰੂ ਸਹਬਿਾਨ ਨੇ ਪਾਵਨ ਬਾਣੀ ਰਚੀ ਅਤੇ ਮਹਾਨ ਕੌਤਕ ਵਰਤਾਏ ਉਨ੍ਹਾਂ ਵਿਚੋਂ ਬਹੁਤੇ ਹੁਣ ਦੁਨੀਆਂ ਦੇ ਸਭ ਤੋਂ ਮਲੀਨ ਦਰਿਆਵਾਂ ਵਿਚ ਗਿਣੇ ਜਾਣ ਲੱਗੇ ਹਨ। ਸਾਡੇ ਮਹਾਨ ਪੁਰਖਿਆਂ ਦੀ ਦਰਿਆਵਾਂ ਨਾਲ ਜਿੰਨੀ ਜ਼ਿਆਦਾ ਦੋਸਤੀ ਸੀ ਅਸੀਂ ਜਾਣੇ ਅਣਜਾਣੇ ਓਨੇ ਹੀ ਇਨ੍ਹਾਂ ਦੇ ਦੁਸ਼ਮਣ ਬਣ ਗਏ ਹਾਂ। ਜਿਸ ਪਾਣੀ ਨੂੰ ਗੁਰੂ ਨੇ ਅੰਮ੍ਰਿਤ ਰੂਪ ਕੀਤਾ, ਉਸ ਪਾਣੀ ਨੂੰ ਅਸੀਂ ਜ਼ਹਿਰ ਵਰਗਾ ਜ਼ਹਿਰੀਲਾ ਅਤੇ ਗਾਲ੍ਹਾਂ ਵਰਗਾ ਗੰਦਾ ਕਰ ਰਹੇ ਹਾਂ। ਇਨ੍ਹਾਂ ਨੂੰ ਪ੍ਰਦੂਸ਼ਤ ਕਰਕੇ ਨਾ ਕੇਵਲ ਮਨੁੱਖੀ ਸਿਹਤ ਲਈ ਖ਼ਤਰੇ ਸਹੇੜ ਰਹੇ ਹਾਂ ਸਗੋਂ ਸਮੁੱਚੀ ਜੀਵਨ ਹੋਂਦ ਦੇ ਪ੍ਰਤੀਕੂਲ ਹਾਲਾਤ ਬਣਾ ਰਹੇ ਹਾਂ। ਕਿਸੇ ਸ਼ਹਿਰ ਵਿਚੋਂ ਲੰਘਦੀ ਕੁਦਰਤੀ ਜਲਧਾਰਾ ਇਸ ਦੀ ਜਾਨ ਅਤੇ ਸ਼ਾਨ ਹੁੰਦੀ ਹੈ। ਪਰ ਸਾਡੇ ਸ਼ਹਿਰਾਂ ਕਸਬਿਆਂ ’ਚੋਂ ਲੰਘਦੇ ਨਦੀਆਂ ਨਾਲਿਆਂ ਦਾ ਕਾਲਾ, ਜ਼ਹਿਰੀਲਾ ਅਤੇ ਬਦਬੂਦਾਰ ਪਾਣੀ ਦੱਸਦਾ ਹੈ ਕਿ ਸਾਡੀ ਸਿਆਸਤ ਕਿੰਨੀ ਕਾਲੀ, ਪ੍ਰਬੰਧਕੀ ਢਾਂਚਾ ਕਿੰਨਾ ਗਲ਼ਿਆ ਸੜਿਆ, ਵਣਜ ਕਿੰਨਾ ਖੋਟਾ, ਧਾਰਮਿਕਤਾ ਕਿੰਨੀ ਜਾਅਲੀ, ਰਵੱਈਆ ਕਿੰਨਾ ਨਿੱਘਰਿਆ ਹੋਇਆ ਹੈ। ਇਨ੍ਹਾਂ ਦੇ ਤਲ ’ਤੇ ਤੈਰਦਾ ਕੂੜਾ ਦੱਸਦਾ ਹੈ ਕਿ ਅਸੀਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੇ ਤਕਨੀਕੀ ਵਿਕਾਸ ਪ੍ਰਤੀ ਕਿੰਨੇ ਅਵੇਸਲੇ ਹਾਂ। ਇਨ੍ਹਾਂ ਕੁਦਰਤੀ ਜਲ ਧਾਰਾਵਾਂ ਦੀ ਸਵੱਛਤਾ ਪ੍ਰਤੀ ਕੋਤਾਹੀ ਕਰ ਕੇ ਅਸੀਂ ਕੁਦਰਤ ਦੀ ਬਰਕਤ ਭਰਪੂਰ ਬਖ਼ਸ਼ਿਸ਼ ਤੋਂ ਮੂੰਹ ਮੋੜ ਰਹੇ ਹਾਂ। ਪਾਣੀ ਦੀ ਜੀਵਨ ਸ਼ਕਤੀ ਨਸ਼ਟ ਕਰਕੇ ਮਨੁੱਖੀ ਨਸਲ ਦੀ ਤਬਾਹੀ ਨੂੰ ਆਵਾਜ਼ਾਂ ਮਾਰ ਰਹੇ ਹਾਂ।
ਅੱਜ 14 ਮਾਰਚ ਗੁਰੂ ਹਰਿਰਾਏ ਸਾਹਿਬ ਦਾ ਗੁਰਗੱਦੀ ਦਿਵਸ ਹੈ ਅਤੇ ਇਸ ਨੂੰ ਸਿੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਣ ਲੱਗਾ ਹੈ। 14 ਮਾਰਚ ਨੂੰ ਹੀ ਵਿਸ਼ਵ ਭਾਈਚਾਰਾ ‘ਦਰਿਆ ਬਚਾਓ ਦਿਵਸ’ ਵਜੋਂ ਮਨਾ ਰਿਹਾ ਹੈ। ਇਹ ਦਿਨ ਸਾਨੂੰ ਆਪਣੇ ਦਰਿਆਵਾਂ ਦੀ ਸਵੱਛਤਾ ਬਚਾਉਣ ਲਈ ਸਰਗਰਮ ਹੋਣਾ ਯਾਦ ਕਰਾਉਂਦਾ ਹੈ। ਆਪਣੇ ਦਰਿਆਵਾਂ ਦੀ ਨਿਰਮਲਤਾ ਲਈ ਸਾਨੂੰ ਸਭ ਨੂੰ ਆਪੋ ਆਪਣੇ ਥਾਈਂ ਨਿੱਜੀ, ਪ੍ਰਬੰਧਕੀ ਅਤੇ ਸੰਗਤੀ ਰੂਪ ਵਿਚ ਸੰਵੇਦਨਸ਼ੀਲ, ਚੇਤੰਨ ਅਤੇ ਸਰਗਰਮ ਹੋਣ ਦੀ ਲੋੜ ਹੈ। ਇਸ ਸਬੰਧੀ ਸ਼ਹਿਰੀਆਂ, ਸੰਸਥਾਵਾਂ ਅਤੇ ਸਰਕਾਰ ਨੂੰ ਸਿਰ ਜੋੜ ਕੇ ਸੋਚਣ, ਹੱਥ ਮਿਲਾ ਕੇ ਸੰਗਠਤ ਹੋਣ ਅਤੇ ਮੋਢੇ ਨਾਲ ਮੋਢਾ ਲਾ ਕੇ ਕਾਰਜ ਕਰਨ ਦੀ ਲੋੜ ਹੈ। ਜਿਸ ਦੁਰਦਸ਼ਾ ਲਈ ਅਸੀਂ ਆਪੋ ਆਪਣੀ ਥਾਈਂ ਸਾਰੇ ਜ਼ਿੰਮੇਵਾਰ ਹਾਂ ਉਸ ਨੂੰ ਦਰੁਸਤ ਵੀ ਆਪੋ ਆਪਣੇ ਅਤੇ ਸਾਂਝੇ ਯਤਨਾਂ ਅਤੇ ਕਾਰਜਾਂ ਨਾਲ ਹੀ ਕੀਤਾ ਸਕਦਾ ਹੈ। ਅਸੀਂ ਸਾਰੇ ਇਸ ਸਥਿਤੀ ਨੂੰ ਸੁਧਾਰਨ ਲਈ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਕੋਈ ਨਾ ਕੋਈ ਯੋਗਦਾਨ ਪਾ ਸਕਦੇ ਹਾਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਮਾਮਲੇ ਵਿਚ ਕੁਝ ਵੀ ਨਹੀਂ ਕਰ ਸਕਦੇ ਤਾਂ ਇਕ ਮਿੰਟ ਲਈ ਆਪਣੇ ਦਰਿਆਵਾਂ ਦੀ ਸਲਾਮਤੀ ਲਈ ਪ੍ਰਾਰਥਨਾ ਜ਼ਰੂਰ ਕਰਨਾ।
ਈ-ਮੇਲ: jaszafar@yahoo.com