ਗੁਰਪ੍ਰੀਤ ਚੋਗਾਵਾਂ
ਪਿਛਲੇ ਕੁਝ ਸਮੇਂ ਤੋਂ ਜ਼ਰੂਰੀ ਭੋਜਨ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। 2020 ਤੋਂ ਬਾਅਦ ਖਾਧ ਪਦਾਰਥਾਂ ਦੀ ਕੀਮਤ ਵਧਣ ਨਾਲ਼ ਸੰਸਾਰ ਦੀ ਕਿਰਤੀ ਆਬਾਦੀ ਦਾ ਜੀਵਨ ਪੱਧਰ ਤੇਜ਼ੀ ਨਾਲ਼ ਹੇਠਾਂ ਡਿੱਗਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਜ਼ਰੂਰੀ ਖਾਧ ਪਦਾਰਥਾਂ ਦੀਆਂ ਕੀਮਤਾਂ ਪਿਛਲੇ 20 ਸਾਲਾਂ ਦੇ ਸਿਖ਼ਰ ’ਤੇ ਹਨ। ਚਾਹੇ ਅਨਾਜ ਹੋਵੇ, ਮੀਟ ਜਾਂ ਖਾਣ ਵਾਲ਼ੇ ਤੇਲ, ਇਹ ਸਭ ਸੰਸਾਰ ਦੀ ਗਰੀਬ ਆਬਾਦੀ ਦੀ ਪਹੁੰਚ ਤੋਂ ਦੂਰ ਹੋ ਰਹੇ ਹਨ। ਇਸ ਸਮੇਂ ਸੰਸਾਰ ਦੀ 10% ਤੋਂ ਵੱਧ ਆਬਾਦੀ ਭੁੱਖਮਰੀ ਦਾ ਸ਼ਿਕਾਰ ਹੈ ਜਦੋਂ ਕਿ 2 ਅਰਬ ਤੋਂ ਵੱਧ ਲੋਕ ਕੁਪੋਸ਼ਿਤ ਹਨ। ਭੋਜਨ ਵਸਤਾਂ ਦੀਆਂ ਕੀਮਤਾਂ ਵਧਣ ਨਾਲ਼ ਇਸ ਗਿਣਤੀ ਵਿਚ ਚੋਖਾ ਵਾਧਾ ਹੋਣ ਦਾ ਡਰ ਹੈ। ਖਾਣੇ ਦੀਆਂ ਕੀਮਤਾਂ ਵਧਣ ਦਾ ਸਭ ਤੋਂ ਭਿਆਨਕ ਅਸਰ ਅਫਰੀਕਾ, ਲਾਤੀਨੀ ਅਮਰੀਕਾ ਅਤੇ ਏਸ਼ੀਆ ਵਿਚ ਪਵੇਗਾ। ਭਾਰਤ ਵਿਚ ਵੀ ਵੱਡੇ ਪੱਧਰ ’ਤੇ ਭੁੱਖਮਰੀ ਫੈਲਣ ਦੇ ਕਿਆਸ ਲਗਾਏ ਜਾ ਰਹੇ ਹਨ। ਸੰਸਾਰ ਭੁੱਖਮਰੀ ਸੂਚਕ ਅੰਕ ਦੀ ਰਿਪੋਰਟ ਵਿਚ ਭਾਰਤ 116 ਦੇਸ਼ਾਂ ਵਿਚੋਂ 101 ਸਥਾਨ ’ਤੇ ਹੈ। ਪਾਕਿਸਤਾਨ, ਬੰਗਲਾਦੇਸ਼ ਜਿਹੇ ਦੇਸ਼ ਵੀ ਇਸ ਮਾਮਲੇ ਵਿਚ ਭਾਰਤ ਨਾਲ਼ੋਂ ਚੰਗੀ ਸਥਿਤੀ ਵਿਚ ਹਨ।
ਆਓ ਦੇਖਦੇ ਹਾਂ, ਕਿਹੜੀਆਂ ਭੋਜਨ ਵਸਤਾਂ ਦੀ ਕੀਮਤ ਵਿਚ ਵਾਧਾ ਹੋਵੇਗਾ ਅਤੇ ਇਸ ਦਾ ਸੰਸਾਰ ਵਿਚ ਫੈਲੀ ਭੁੱਖਮਰੀ ’ਤੇ ਕੀ ਅਸਰ ਪਵੇਗਾ?
‘ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀ ਸੰਸਥਾ’ ਜ਼ਰੂਰੀ ਖਾਧ ਪਦਾਰਥਾਂ ਦੀਆਂ ਕੀਮਤਾਂ ਉੱਤੇ ਨਜ਼ਰ ਰੱਖਦੀ ਹੈ ਅਤੇ ਤੱਥ ਇਕੱਠੇ ਕਰਦੀ ਹੈ। ਇਸ ਸੰਸਥਾ ਵੱਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ 2022 ਦੇ ਅਪਰੈਲ ਵਿਚ ਮੀਟ, ਅਨਾਜ, ਤੇਲ, ਦੁੱਧ ਆਦਿ ਦੀ ਕੀਮਤ ਵਿਚ 2020 ਦੇ ਮੁਕਾਬਲੇ 62% ਦਾ ਵਾਧਾ ਦਰਜ ਕੀਤਾ ਗਿਆ ਹੈ। ਮੀਟ ਅਤੇ ਦੁੱਧ ਦੀਆਂ ਕੀਮਤਾਂ ਵਿਚ ਕ੍ਰਮਵਾਰ 11% ਅਤੇ 19% ਦਾ ਇਜ਼ਾਫ਼ਾ ਹੋਇਆ ਹੈ।
ਇਸ ਸਾਲ ਇੰਡੋਨੇਸ਼ੀਆ ਵੱਲੋਂ ਪਾਮ ਤੇਲ ਦੀ ਦਰਾਮਦ ਉੱਤੇ ਪਾਬੰਦੀ ਲੱਗਾ ਦਿੱਤੀ ਗਈ ਹੈ ਜਿਸ ਨਾਲ਼ ਸੰਸਾਰ ਪੱਧਰ ’ਤੇ ਇਸ ਦੀਆਂ ਕੀਮਤਾਂ ਵਿਚ ਵਾਧਾ ਹੋਣ ਦਾ ਖਦਸ਼ਾ ਹੈ। ਪਾਮ ਤੇਲ ਲਗਭਗ ਸਾਰੀਆਂ ਡੱਬਾਬੰਦ ਖਾਧ ਵਸਤਾਂ ਵਿਚ ਵਰਤਿਆ ਜਾਂਦਾ ਹੈ ਜਿਸ ਕਾਰਨ ਇਹਨਾਂ ਵਸਤਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਵੇਗਾ। ਦੂਜੇ ਪਾਸੇ ਰੂਸ-ਯੂਕਰੇਨ ਯੁੱਧ ਕਾਰਨ ਸੂਰਜਮੁਖੀ ਦੀ ਪੈਦਾਵਾਰ ’ਤੇ ਅਸਰ ਪੈਣ ਕਾਰਨ ਹੁਣ ਇਹ ਤੇਲ ਵੀ ਪਹਿਲਾਂ ਨਾਲ਼ੋਂ 500 ਡਾਲਰ ਪ੍ਰਤੀ ਟਨ ਮਹਿੰਗਾ ਮਿਲ ਰਿਹਾ ਹੈ। ਭਾਰਤ ਵਿਚ ਇਸ ਸਮੇਂ ਸੂਰਜਮੁਖੀ ਦਾ ਤੇਲ 190 ਰੁਪਏ ਲਿਟਰ ਮਿਲ਼ ਰਿਹਾ ਹੈ ਜੋ ਇਸ ਯੁੱਧ ਤੋਂ ਪਹਿਲਾਂ ਵਾਲੇ ਭਾਅ ਨਾਲ਼ੋਂ 30% ਵੱਧ ਹੈ।
ਯੂਕਰੇਨ ਅਤੇ ਰੂਸ ਯੁੱਧ ਦਾ ਅਸਰ ਸੰਸਾਰ ਵਿਚ ਕਣਕ ਦੀ ਪੈਦਾਵਾਰ ਅਤੇ ਬਰਾਮਦ ਉੱਤੇ ਵੀ ਪਿਆ ਹੈ। ਇਹ ਦੋਵੇਂ ਦੇਸ਼ ਸੰਸਾਰ ਵਿਚ ਕਣਕ ਦੀ 30% ਤੋਂ ਵੱਧ ਮੰਗ ਪੂਰੀ ਕਰਦੇ ਹਨ। ਇਸ ਯੁੱਧ ਕਾਰਨ ਕਣਕ ਦੇ ਭਾਅ ਤੇਜ਼ੀ ਨਾਲ਼ ਵਧੇ ਹਨ। ਇਸ ਸਾਲ ਮਾਰਚ ਵਿਚ ਵੱਧ ਗਰਮੀ ਪੈਣ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਕਣਕ ਦੀ ਪੈਦਾਵਾਰ ਵਿਚ 20% ਦੀ ਕਮੀ ਆਈ ਹੈ। ਇਸ ਪੂਰੇ ਵਰਤਾਰੇ ਕਾਰਨ ਕਣਕ ਦਾ ਭਾਅ 60% ਵਧਣ ਦਾ ਖਦਸ਼ਾ ਹੈ। ਕਣਕ ਸੰਸਾਰ ਦੀ ਬਹੁਗਿਣਤੀ ਆਬਾਦੀ ਦੇ ਰੋਜ਼ਾਨਾ ਭੋਜਨ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਹੈ। ਪੱਛਮੀ ਦੇਸ਼ਾਂ ਵੱਲੋਂ ਰੂਸ ਉੱਤੇ ਲਾਈਆਂ ਪਾਬੰਦੀਆਂ ਕਾਰਨ ਖਾਦ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ। ਰੂਸ ਸੰਸਾਰ ਦੇ ਖਾਦ, ਨਦੀਨ ਨਾਸਕ ਆਦਿ ਪੈਦਾ ਕਰਨ ਵਾਲ਼ੇ ਮੁੱਖ ਮੁਲਕਾਂ ਵਿਚੋਂ ਇੱਕ ਹੈ। ਆਧੁਨਿਕ ਖੇਤੀ ਵਿਚ ਵਰਤੀਆਂ ਜਾਣ ਵਾਲ਼ੀਆਂ ਖਾਦਾਂ ਦੀ ਕੀਮਤ ਵਧਣ ਨਾਲ਼ ਲਾਜ਼ਮੀ ਹੀ ਖੇਤੀ ਦੀ ਲਾਗਤ ਵਧੇਗੀ ਜਿਸ ਨਾਲ਼ ਖੇਤੀ ਵਸਤਾਂ ਦੇ ਭਾਅ ਵੀ ਵਧਣਗੇ। ਇੱਥੇ ਜ਼ਿਕਰਯੋਗ ਹੈ ਕਿ ਕਿਰਤੀ ਲੋਕਾਂ ਦੀ ਔਸਤ ਉਜਰਤ ਵਿਚ ਵਾਧਾ ਤਾਂ ਦੂਰ ਸਗੋਂ ਸੰਸਾਰ ਭਰ ਵਿਚ ਕਰੋਨਾ ਤਾਲਾਬੰਦੀ ਤੋਂ ਬਾਅਦ ਉਜਰਤਾਂ ਲਗਾਤਾਰ ਘਟੀਆਂ ਹਨ।
ਇਹਨਾਂ ਸਭ ਤੱਥਾਂ ਦਾ ਸਾਰਤੱਤ ਇਹੀ ਹੈ ਕਿ ਆਉਣ ਵਾਲ਼ੇ ਸਮੇਂ ਵਿਚ ਭੁੱਖਮਰੀ ਵਿਚ ਹੋਰ ਵਾਧਾ ਹੋਵੇਗਾ। ਜ਼ਰੂਰੀ ਵਸਤਾਂ ਦੇ ਭਾਅ ਵਧਣ ਕਾਰਨ ਪੌਸ਼ਟਿਕ ਭੋਜਨ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦਾ ਹੈ। ਸਰੀਰ ਦੇ ਵਾਧੇ ਲਈ ਜ਼ਰੂਰੀ ਪ੍ਰੋਟੀਨ, ਵਿਟਾਮਿਨ ਆਦਿ ਦੀ ਪੂਰਤੀ ਨਾ ਹੋਣ ਕਾਰਨ ਸੰਸਾਰ ਭਰ ਵਿਚ ਗਰੀਬ ਲੋਕ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ। ਇਸ ਦਾ ਸਭ ਤੋਂ ਬੁਰਾ ਅਸਰ ਔਰਤਾਂ ਅਤੇ ਬੱਚਿਆਂ ਉੱਪਰ ਪੈਂਦਾ ਹੈ।
ਗਰਭ ਅਵਸਥਾ ਦੌਰਾਨ ਜ਼ਰੂਰੀ ਖੁਰਾਕ ਨਾ ਮਿਲ਼ਣ ਕਾਰਨ ਮਾਂ ਅਤੇ ਬੱਚੇ ਦੋਵਾਂ ਦੇ ਸਰੀਰ ਵਿਚ ਵਿਕਾਰ ਪੈਦਾ ਹੁੰਦੇ ਹਨ ਅਤੇ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਭਾਰਤ ਵਿਚ ਵੀ 50% ਤੋਂ ਵੱਧ ਔਰਤਾਂ ਵਿਚ ਖੂਨ ਦੀ ਕਮੀ ਹੈ। ਹੁਣ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਪੌਸ਼ਟਿਕ ਭੋਜਨ ਦੀ ਹੋਰ ਜ਼ਿਆਦਾ ਘਾਟ ਪੈਦਾ ਹੋਵੇਗੀ ਜਿਸ ਨਾਲ਼ ਗਰੀਬ ਕਿਰਤੀ ਲੋਕ, ਖਾਸਕਰ ਔਰਤਾਂ ਅਤੇ ਬੱਚੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਜੇਕਰ ਪੈਦਾਵਾਰ ਦੀ ਗੱਲ ਕਰੀਏ ਤਾਂ ਸਾਲ 2000 ਤੋਂ 2019 ਤੱਕ ਮੁੱਖ ਫਸਲਾਂ ਦੀ ਕੁੱਲ ਪੈਦਾਵਾਰ 53% ਵਧੀ ਹੈ, ਸਾਲ 2019 ਵਿਚ 9.4 ਅਰਬ ਟਨ ਦੇ ਉੱਚੇ ਪੱਧਰ ਉੱਤੇ ਪਹੁੰਚ ਗਈ ਹੈ। ਸੰਸਾਰ ਪੱਧਰ ’ਤੇ ਮੁੱਖ ਫਸਲਾਂ ਦੀ ਪੈਦਾਵਾਰ ਦਾ ਅੱਧਾ ਹਿੱਸਾ ਸਿਰਫ਼ ਚਾਰ ਫਸਲਾਂ ਗੰਨਾ, ਮੱਕੀ, ਕਣਕ ਅਤੇ ਚੌਲ ਤੋਂ ਬਣਦਾ ਹੈ। ਮਨੁੱਖਤਾ ਕੋਲ਼ ਇੰਨਾ ਭੋਜਨ ਪੂਰੇ ਇਤਿਹਾਸ ਵਿਚ ਕਦੀ ਵੀ ਮੌਜੂਦ ਨਹੀਂ ਸੀ ਜਿੰਨਾ ਹੁਣ ਹੈ। ਫਿਰ ਕੀ ਕਰਨ ਹੈ ਇੰਨੀ ਪੈਦਾਵਾਰ ਹੋਣ ਦੇ ਬਾਵਜੂਦ ਸੰਸਾਰ ਵਿਚ ਭੁੱਖਮਰੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇਤਿਹਾਸ ਵਿਚ ਪਿੱਛੇ ਝਾਤ ਮਾਰਿਆਂ ਇਹ ਪਤਾ ਲੱਗਦਾ ਹੈ ਕਿ ਪਹਿਲਾਂ ਹੋਣ ਵਾਲ਼ੀ ਭੁੱਖਮਰੀ ਨਾਲ਼ੋਂ ਅੱਜ ਦੇ ਸੰਸਾਰ ਵਿਚ ਫੈਲੀ ਭੁੱਖਮਰੀ ਵਿਚ ਫਰਕ ਹੈ। ਅੱਜ ਸਾਡੇ ਕੋਲ਼ ਪੂਰੇ ਸੰਸਾਰ ਦੀ ਸਾਰੀ ਆਬਾਦੀ ਦਾ ਚੰਗੀ ਤਰ੍ਹਾਂ ਢਿੱਡ ਭਰਨ ਲਈ ਅਨਾਜ, ਦੁੱਧ, ਮੀਟ ਆਦਿ ਸਭ ਕੁੱਝ ਮੌਜੂਦ ਹੈ। ਫਿਰ ਵੀ ਲੋਕ ਕਿਉਂ ਭੁੱਖੇ ਮਰ ਰਹੇ ਹਨ। ਇਸ ਤੋਂ ਵੀ ਜ਼ਿਆਦਾ ਦੁੱਖ ਵਾਲੀ ਗਲ ਇਹ ਕਿ ਹੈ ਜੋ ਕਿਰਤੀ ਲੋਕ ਪੂਰੀ ਦੁਨੀਆ ਦੇ ਲੋਕਾਂ ਲਈ ਅੰਨ ਪੈਦਾ ਕਰਦੇ ਹਨ ਖੁਦ ਆਪ ਭੁੱਖੇ ਰਹਿਣ ਲਈ ਸਰਾਪੇ ਹਨ। ਭਾਰਤ ਵਿਚ ਜੇਕਰ ਸਾਰੇ ਅੰਨ ਦੇ ਭੰਡਾਰ ਲੋਕਾਂ ਵਿਚ ਵੰਡ ਦਿੱਤੇ ਜਾਣ ਤਾਂ ਲੋਕ ਸਿਰਫ਼ ਭੰਡਾਰ ਵਿਚ ਪਏ ਅਨਾਜ ਨਾਲ਼ ਹੀ ਪੂਰੇ 10 ਸਾਲ ਦੇਸ਼ ਦੀ ਸਾਰੀ ਆਬਾਦੀ ਨੂੰ ਰਜਾਇਆ ਜਾ ਸਕਦਾ ਹੈ!
ਫਿਰ ਇਹ ਸਭ ਕਿਉਂ ਨਹੀਂ ਕੀਤਾ ਜਾਂਦਾ? ਕਿਉਂਕਿ ਮੌਜੂਦਾ ਸੰਸਾਰ ਵਿਚ ਪੈਦਾਵਾਰ ਕਰਨ ਦਾ ਇੱਕ ਹੀ ਮਕਸਦ ਹੈ, ਮੁਨਾਫ਼ਾ ਨਾ ਕਿ ਮਨੁੱਖਤਾ ਦੀਆਂ ਲੋੜਾਂ ਦੀ ਪੂਰਤੀ ਕਰਨਾ। ਇਸ ਮੁਨਾਫ਼ੇ ’ਤੇ ਟਿਕੇ ਹੋਏ ਸਰਮਾਏਦਾਰੀ ਪ੍ਰਬੰਧ ਵਿਚ ਖਪਤਕਾਰ ਉਹੀ ਹੈ ਜਿਸ ਕੋਲ ਪੈਸਾ ਹੈ। ਚਾਹੇ ਅੰਨ ਦੇ ਭਰੇ ਗੋਦਾਮਾਂ ਦੇ ਸਾਹਮਣੇ ਗਰੀਬ ਲੋਕ ਭੁੱਖ ਨਾਲ਼ ਮਰ ਜਾਣ ਫਿਰ ਵੀ ਉਹਨਾਂ ਲਈ ਬੂਹੇ ਬੰਦ ਰਹਿਣਗੇ ਸਗੋਂ ਜਿਵੇਂ ਜਿਵੇਂ ਲੋਕਾਂ ਵਿਚ ਭੁੱਖਮਰੀ ਫੈਲਦੀ ਹੈ ਉਵੇਂ ਹੀ ਸਰਮਾਏਦਾਰ ਹੋਰ ਜ਼ਿਆਦਾ ਮੁਨਾਫ਼ਾ ਖੱਟਣ ਦੇ ਇਰਾਦੇ ਨਾਲ਼ ਅਨਾਜ ਦੀ ਜਮ੍ਹਾਂਖੋਰੀ ਕਰਦੇ ਹਨ। ਇੱਥੇ ਇੱਕ ਹੋਰ ਗੱਲ ਕਰਨੀ ਜ਼ਰੂਰੀ ਹੈ। ਕੁਝ ਲੋਕ ਸਮਝਦੇ ਹਨ ਕਿ ਭੁੱਖਮਰੀ ਦਾ ਹਾਲ ਦਾਨ-ਪੁੰਨ ਕਰਨ ਨਾਲ਼ ਨਿੱਕਲ ਸਕਦਾ ਹੈ, ਲੋਕਾ ਵਿਚ ਅਜਿਹੇ ਭਰਮਾ ਦਾ ਪ੍ਰਚਾਰ ਸਰਮਾਏਦਾਰਾਂ ਦੇ ਪਾਲਤੂ ਐਨਜੀਓ ਕਰਦੇ ਹਨ। ਇਹ ਸੰਸਥਾਵਾਂ ਕਦੀ ਵੀ ਭੁੱਖਮਰੀ ਦਾ ਹੱਲ ਨਹੀਂ ਕਰ ਸਕਦੀਆਂ ਸਗੋਂ ਇਹ ਲੋਕਾਂ ਵਿਚ ਅਜਿਹੇ ਭਰਮ ਫੈਲਾ ਕਿ ਮੌਜੂਦਾ ਢਾਂਚੇ ਦੀ ਉਮਰ ਲੰਮੀ ਕਰਦੀਆਂ ਹਨ। ਜੇ ਸਰਮਾਏਦਾਰ ਇੰਨੇ ਹੀ ਚੰਗੇ ਹਨ ਤਾਂ ਉਹ ਆਪਣੇ ਮਜ਼ਦੂਰਾਂ ਦੀਆਂ ਉਜਰਤਾਂ ਕਿਉਂ ਨਹੀਂ ਵਧਾਉਂਦੇ? ਇਸ ਤੋਂ ਵੀ ਵੱਧ, ਜੇ ਸਰਮਾਏਦਾਰ ਸੱਚੀ ਮਨੁੱਖਤਾ ਦਾ ਭਲਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਪੈਦਾਵਾਰ ਦੇ ਸਾਧਨਾਂ ਉੱਤੇ ਆਪਣੀ ਨਿੱਜੀ ਮਾਲਕੀ ਨੂੰ ਛੱਡ ਦੇਣਾ ਚਾਹੀਦਾ ਹੈ ਪਰ ਉਹ ਕਦੇ ਵੀ ਇੰਝ ਨਹੀਂ ਕਰਨਗੇ ਉਹਨਾਂ ਨੂੰ ਮਨੁੱਖ ਨਹੀਂ ਸਿਰਫ਼ ਤੇ ਸਿਰਫ਼ ਮੁਨਾਫ਼ਾ ਦਿਖਾਈ ਦਿੰਦਾ ਹੈ।
ਅੱਜ ਦੇ ਦੌਰ ਵਿਚ ਭੁੱਖਮਰੀ ਨਾਲ਼ ਜੂਝ ਰਹੇ ਕਿਰਤੀ ਲੋਕਾਂ ਦਾ ਜੀਵਨ ਕੁਝ ਹੱਦ ਤੱਕ ਸੁਖਾਲਾ ਬਣਾਉਣ ਲਈ ਸਾਨੂੰ ਇਹਨਾਂ ਸਰਕਾਰਾਂ ਕੋਲ਼ੋਂ ਜਨਤਕ ਵੰਡ ਪ੍ਰਣਾਲੀ ਨੂੰ ਸੁਚੱਜੇ ਢੰਗ ਨਾਲ਼ ਲਾਗੂ ਕਰਨ ਅਤੇ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਮੰਗ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਬਿਨਾਂ ਮਜ਼ਦੂਰਾਂ ਲਈ ਵੱਧ ਉਜਰਤਾਂ ਦੀ ਮੰਗ ਵੀ ਜ਼ਰੂਰੀ ਹੈ ਪਰ ਇਸ ਦੇ ਨਾਲ਼ ਹੀ ਇਹ ਸਮਝਣਾ ਪਵੇਗਾ ਕਿ ਇਸ ਸਮੱਸਿਆ ਦਾ ਅਸਲ ਹੱਲ ਉਸ ਸਮਾਜੀ ਪ੍ਰਬੰਧ ਨੂੰ ਖਤਮ ਕਰਕੇ ਹੀ ਕੀਤਾ ਜਾ ਸਕਦਾ ਹੈ ਜਿਸ ਕਾਰਨ ਇਹ ਪੈਦਾ ਹੁੰਦੀ ਹੈ। ਭੁੱਖਮਰੀ ਨੂੰ ਪੂਰੀ ਤਰ੍ਹਾਂ ਉਦੋਂ ਹੀ ਖਤਮ ਕੀਤਾ ਜਾ ਸਕੇਗਾ ਜਦੋਂ ਪੈਦਾਵਾਰ ਦੇ ਸਾਧਨ ਸਮਾਜ ਦੀ ਮਲਕੀਅਤ ਹੋਣਗੇ ਅਤੇ ਪੈਦਾਵਾਰ ਮੁਨਾਫ਼ੇ ਲਈ ਨਹੀਂ ਹੋਵੇਗੀ।
ਸੰਪਰਕ: 88476-32954