ਮਨਮੋਹਨ ਸਿੰਘ ਦਾਊਂ
ਡਾ. ਕਸ਼ਮੀਰੀ ਲਾਲ ਜ਼ਾਕਿਰ ਦਾ ਜਨਮ ਸੱਤ ਅਪਰੈਲ 1919 ਨੂੰ ਗੁਜਰਾਤ (ਪਾਕਿਸਤਾਨ) ਵਿੱਚ ਹੋਇਆ। ਉਸ ਨੇ ਸਕੂਲੀ ਵਿੱਦਿਆ ਪੁਣਛ (ਸ੍ਰੀਨਗਰ) ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਬੀ.ਏ ਤੇ ਐਮ.ਏ. ਦੀ ਵਿਦਿਆ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗ੍ਰਹਿਣ ਕੀਤੀ। ਉਸ ਦਾ ਸੰਪਰਕ ਕ੍ਰਿਸ਼ਨ ਚੰਦਰ, ਸਆਦਤ ਹਸਨ ਮੰਟੋ, ਉਪੇਂਦਰ ਨਾਥ ਅਸ਼ਕ, ਰਾਜਿੰਦਰ ਸਿੰਘ ਬੇਦੀ ਅਤੇ ਭੀਸ਼ਮ ਸਾਹਨੀ ਨਾਲ ਹੋਣ ਸਦਕਾ ਉਸ ਦੀ ਸਿਰਜਣ ਪ੍ਰਕਿਰਿਆ ਬੁਲੰਦੀਆਂ ਛੋਹਣ ਲੱਗੀ। ਮੁੱਢ ’ਚ ਉਸ ਨੇ ਉਰਦੂ ਸ਼ਾਇਰ ਵਜੋਂ ਸਾਹਿਤ ਦੇ ਪਿੜ ਵਿੱਚ ਪ੍ਰਵੇਸ਼ ਕੀਤਾ। ਪਹਿਲੀ ਗ਼ਜ਼ਲ ਰਸਾਲਾ ‘ਅਦਬੀ ਦੁਨੀਆ’ ’ਚ 1940 ਵਿੱਚ ਛਪੀ। ਬਰਤਾਨਵੀ ਹਕੂਮਤ ਸਮੇਂ ਉਸ ਨੇ ਪੰਜਾਬ ਸਿੱਖਿਆ ਵਿਭਾਗ ’ਚ ਸੇਵਾ ਨਿਭਾਈ। ਇਸ ਦੌਰਾਨ ਉਸ ਨੇ ਸਾਹਿਤਕਾਰੀ ਵੀ ਜਾਰੀ ਰੱਖੀ ਤੇ ਉਰਦੂ ਵਿੱਚ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ। ਬਹੁਤ ਸੰਜੀਦਾ ਤੇ ਤੀਖਣ ਸੋਚ ਕਾਰਨ ਉਸ ਦੀ ਸਾਹਿਤਕ ਸੰਵੇਦਨਾ ਖੁੱਲ੍ਹੇ ਆਕਾਸ਼ ਵਾਂਗ ਫੈਲਣ ਲੱਗੀ। ਅਨਪੜ੍ਹਤਾ ਦੇ ਰੋਗ ਨੂੰ ਦੂਰ ਕਰਨ ਲਈ ਡਾ. ਜ਼ਾਕਿਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਡਲਟ ਐਜੂਕੇਸ਼ਨ ਅਤੇ ਲਿਟਰੇਸੀ ਅਦਾਰੇ ਵਿੱਚ ਬਤੌਰ ਸੈਕਟਰੀ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ ਬਾਲਗਾਂ ਨੂੰ ਅੱਖਰ ਗਿਆਨ ਅਤੇ ਜੀਵਨ ਸੂਝ ਦੇਣ ਲਈ ਕਿਤਾਬਾਂ ਲਿਖਵਾਈਆਂ। ਉਸ ਦੀ ਕਾਬਲੀਅਤ ਅਤੇ ਤਜਰਬੇ ਦਾ ਲਾਭ ਉਠਾਉਣ ਲਈ ਹਰਿਆਣਾ ਸਰਕਾਰ ਨੇ ਉਸ ਨੂੰ ਹਰਿਆਣਾ ਉਰਦੂ ਅਕੈਡਮੀ ਦਾ ਡਿਪਟੀ ਚੇਅਰਮੈਨ ਨਿਯੁਕਤ ਕੀਤਾ ਜਿਸ ਅਹੁਦੇ ’ਤੇ ਕਰੀਬ 20 ਸਾਲ ਸੇਵਾ ਨਿਭਾਈ।
ਯੂਨੈਸਕੋ ਦੇ ਪ੍ਰੋਜੈਕਟਾਂ ਨੂੰ ਲੈ ਕੇ ਪੂਰੀ ਧਾਂਕ ਜਮਾਈ। ਕੌਮਾਂਤਰੀ ਪੱਧਰ ’ਤੇ ਸੈਮੀਨਾਰਾਂ ਤੇ ਮੁਸ਼ਾਇਰਿਆਂ ’ਚ ਪ੍ਰਤੀਨਿਧਤਾ ਕਰ ਕੇ ਵਾਹਵਾ ਖੱਟੀ। ਉਰਦੂ ਅਦਬ ਨੂੰ ਗ਼ਜ਼ਲ, ਨਾਵਲ, ਨਾਟਕ ਤੇ ਲਘੂ ਕਹਾਣੀ ਦੀਆਂ ਰਚਨਾਵਾਂ ਨਾਲ ਭਰਪੂਰ ਕੀਤਾ। ਉਸ ਦੀਆਂ ਕਿਤਾਬਾਂ ਦੀ ਸੂਚੀ ਹੈਰਾਨ ਕਰਨ ਵਾਲੀ ਹੈ ਜਿਨ੍ਹਾਂ ਦਾ ਜ਼ਿਕਰ ਇਸ ਪ੍ਰਕਾਰ ਹੈ:
ਤੀਨ ਚਿਹਰੇ ਏਕ ਸਵਾਲ (ਗ਼ਜ਼ਲ ਸੰਗ੍ਰਹਿ, 1981), ਅਬ ਮੁਝੇ ਸੋਨੇ ਦੋ (ਨਾਵਲ, 2008), ਐ ਮਾਓ ਬਹਿਨੋ ਬੇਟੀਓ (ਲੇਖ ਸੰਗ੍ਰਹਿ, 2010), ਸਿੰਧੂਰ ਕੀ ਰਾਖ (1955), ਉਦਾਸ ਸ਼ਾਮ ਕੇ ਆਖਰੀ ਲਮਹੇਂ (1979), ਆਧੇ ਚਾਂਦ ਕੀ ਰਾਤ (1992), ਅਕਸ-ਏ-ਰੁਖ-ਏ-ਗ਼ੁਲਬਦਨ (2009), ਅਲਫ਼ਾਜ਼ ਬੋਲਤੇ ਭੀ ਹੈਂ, ਅੰਗੂਠੇ ਕਾ ਨਿਸ਼ਾਨ (1978), ਅਪਨੀ ਹਵਾਓਂ ਕੀ ਖ਼ੁਸ਼ਬੂ (1989), ਬੰਜਰ ਬਾਦਲ (1987), ਬੇਰੀਓਂ ਵਾਲਾ ਫ਼ਕੀਰ (1984), ਬਿਨਾਂ ਚਾਹਤ ਕੇ ਘਰ (1996), ਬਲੈਕ ਬੌਕਸ (1989), ਚਿਨਾਰ ਚਿਨਾਰ ਚਿਹਰੇ (1994), ਦਰਦ ਆਸ਼ਨਾਂ ਚਿਹਰੇ (1998), ਧਰਤੀ ਸਦਾ ਸੁਹਾਗਣ (1980-2013), ਡੂਬਤੇ ਸੂਰਜ ਕੀ ਕਥਾ (1985), ਏਕ ਸ਼ਹਿਰ ਏਕ ਮਹਬਿੂਬਾ (1982), ਹਾਰੇ ਲਸ਼ਕਰ ਕਾ ਆਕਾ (1991,) ਇਸ ਸਦੀ ਕਾ ਆਖਰੀ ਗ੍ਰਹਿਣ (1994), ਜਬ ਕਸ਼ਮੀਰ ਜਲ ਰਹਾ ਥਾ (ਚਰਚਿਤ ਰਚਨਾ), ਜਬ ਤਸੱਵਰ ਟੂਟਾ (2007), ਜਾਤੀ ਹੂਈ ਰੁੱਤ (1983), ਕਰਮਾਂਵਾਲੀ (ਨਾਵਲ, 1980 ਤੇ 2005), ਖੁਜਰਾਹੇ ਕੀ ਏਕ ਰਾਤ (1980), ਖੂਨ ਫਿਰ ਖੂਨ ਹੈ (1979), ਲਮਹੋਂ ਮੇਂ ਬਿਖਰੀ ਜ਼ਿੰਦਗੀ (1982), ਮੇਰਾ ਆਂਚਲ ਮੈਲਾ ਹੈ (1986), ਸਮੰਦਰ ਸਲੀਬ ਔਹ ਵੋਹ (1984), ਸੰਗ-ਏ ਮੀਲ (1980), ਸ਼ੀਸ਼ਾ ਬਦਨ ਖੁਵਾਬ (1999), ਤੁਮਹੇ ਹਮ ਵਲੀ ਸਮਝਤੇ ਥੇ (2007), ਯੇਹ ਸੁਬਹਾ ਜ਼ਿੰਦਾ ਰਹੇਗੀ (1997), ਯਾਰਾਂ-ਏ ਤੇਜ਼ਗਾਮ (2006) ਆਦਿ। ਉਸ ਦੀ ਜੀਵਨੀ ਤੇ ਰਚਨਾਵਲੀ ਬਾਰੇ ਉਰਦੂ ਯੂਥ ਫੋਰਮ 2015 ਨੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ। ਕੇ.ਐਲ. ਜ਼ਾਕਿਰ : ਦਿ ਪ੍ਰਾਈਡ ਆਫ ਉਰਦੂ। ਗ਼ਜ਼ਲ ਗਾਇਕ ਵਿਨੋਦ ਸਹਿਗਲ ਨੈ ਉਸ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ। ਆਲਮੀ ਉਰਦੂ ਅਦਬ, ਫਨ ਔਰ ਸ਼ਖ਼ਸੀਅਤ, ਫਿਰਦੌਸ ਮੈਗਜ਼ੀਨਾਂ ਨੇ ਉਸ ਨੂੰ ਅਕੀਕਤ ਪੇਸ਼ ਕੀਤੀ। ਉਸ ਦੀਆਂ ਉਰਦੂ ਅਦਬ ਦੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਨੇ 29 ਮਾਰਚ 2006 ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ। ਹਰਿਆਣਾ ਸਰਕਾਰ ਨੇ ਫਖ਼ਰ-ਏ-ਹਰਿਆਣਾ ਐਵਾਰਡ ਦਿੱਤਾ।
ਡਾ. ਕਸ਼ਮੀਰੀ ਲਾਲ ਜ਼ਾਕਿਰ ਦੇ ਦੋ ਉਰਦੂ ਨਾਵਲਾਂ ਦਾ ਪੰਜਾਬੀ ’ਚ ਕੀਤਾ ਅਨੁਵਾਦ ਵਿਸ਼ੇਸ਼ ਮਹੱਤਤਾ ਰੱਖਦਾ ਹੈ ਜੋ ਪੰਜਾਬ ਦੇ ਬਟਵਾਰੇ ਨਾਲ ਸਬੰਧਤ ਹਨ। ਪਹਿਲਾ ਹੈ ‘ਧਰਤੀ ਸਦਾ ਸੁਹਾਗਣ ’ ਜੋ 1980 ਤੇ 2013 ’ਚ ਪ੍ਰਕਾਸ਼ਿਤ ਹੋਇਆ। ਦੂਜਾ ਨਾਵਲ ‘ਕਰਮਾਂਵਾਲੀ’ ਸਭ ਤੋਂ ਵੱਧ ਜ਼ਿਕਰਯੋਗ ਹੈ ਜਿਸ ਦੀ ਦਰਦਨਾਕ ਕਹਾਣੀ ਪੁਆਧ ਦੇ ਪਿੰਡ ਬਾਲਸੰਡਾ (ਰੋਪੜ ਨੇੜੇ) ਅਤੇ ਸਿਸਵਾਂ ਪਿੰਡ ਨਾਲ ਸਬੰਧਤ ਹੈ। ਪੁਆਧ ਖੇਤਰ ਦਾ ਇਹ ਇੱਕੋ-ਇੱਕ ਨਾਵਲ ਹੈ ਜਿਸ ਦੀ ਕਹਾਣੀ ਨਾਵਲ ਦੀ ਮੁੱਖ ਨਾਇਕਾ ‘ਕਰਮਾਂਵਾਲੀ’ ਆਪਣੀ ਜ਼ੁਬਾਨੀ ਸੁਣਾਉਂਦੀ ਹੈ। ਇਸ ਖੇਤਰ ਦੇ ਭੂਗੋਲਿਕ, ਪ੍ਰਕਿਰਤਕ, ਸਭਿਆਚਾਰਕ ਅਤੇ ਇਤਿਹਾਸਕ ਦ੍ਰਿਸ਼ਾਂ ਨੂੰ ਡਾ. ਜ਼ਾਕਿਰ ਨੇ ਬਹੁਤ ਨੇੜਿਓਂ ਅਨੁਭਵ ਕਰ ਕੇ ਕਲਮਬੰਦ ਕੀਤਾ ਹੈ। ਇਸ ਨਾਵਲ ਨੂੰ ਲਿਖਣ ਦਾ ਸਬੱਬ ਉਦੋਂ ਬਣਿਆ ਜਦੋਂ ਡਾ. ਜ਼ਾਕਿਰ ਨੇ ‘ਟ੍ਰਿਬਿਊਨ’ ’ਚ ਛਪੀ ਪੰਜਾਬ ਦੇ ਬਟਵਾਰੇ ਸਬੰਧੀ ਇੱਕ ਜਾਣਕਾਰੀ 5 ਮਾਰਚ 1980 ਨੂੰ ਪੜ੍ਹੀ ਜਿਸ ਤੋਂ ਪ੍ਰੇਰਿਤ ਹੋ ਕੇ ‘ਕਰਮਾਂਵਲੀ’ ਨਾਵਲ ਦੀ ਸਿਰਜਣਾ ਹੋਈ।
ਇਹ ਨਾਵਲ ਪੁਆਧ ਦੇ ਭੂ-ਖੰਡ (ਘਾੜ ਇਲਾਕਾ) ਪਿੰਡ ‘ਬਾਲਸੰਡਾ’ ਦੀ ਜੰਮਪਲ ‘ਕਰਮਾਂਵਾਲੀ’ ਦੀ ਦਰਦ ਭਰੀ ਕਹਾਣੀ ’ਤੇ ਆਧਾਰਿਤ ਹੈ। ਨਾਵਲ ਦੇ ਮੁੱਢਲੇ ਪੰਨੇ ‘ਕਥਾ ਯਾਤਰਾ’ ’ਚ ਲੇਖਕ ਸਪਸ਼ਟ ਕਰਦਾ ਹੈ ਕਿ ਇਸ ਨਾਵਲ ਦੀ ਰੂਪ ਰੇਖਾ ਬਣਾਉਣ ਵਿੱਚ ‘ਟ੍ਰਿਬਿਊਨ’ ਦੇ ਚੀਫ਼ ਫੋਟੋਗਰਾਫ਼ਰ ਯੋਗ ਜੋਏ ਅਤੇ ਚੀਫ਼ ਰਿਪੋਰਟਰ ਅਨੰਦ ਸਰੂਪ ਪਰਾਸ਼ਰ ਦਾ ਸਹਿਯੋਗ ਮਿਲਿਆ। ਡਾ. ਜ਼ਾਕਿਰ ਨੇ 1947 ਦੀ ਵੰਡ ਦੇ ਦੁਖਾਂਤ ਨਾਲ ਸਬੰਧਿਤ ਕਈ ਕਹਾਣੀਆਂ ਲਿਖੀਆਂ ਪਰ ਇਹ ਨਾਵਲ ਉਸ ਦੀ ਸ਼ਾਹਕਾਰ ਰਚਨਾ ਹੈ ਜੋ ਉਸ ਨੇ ਪੰਜਾਬ ਦੀ ਵੰਡ ਤੋਂ 32 ਸਾਲ ਬਾਅਦ ਲਿਖਿਆ। ਇਸ ਦੇ 176 ਪੰਨੇ ਅਤੇ 16 ਅਧਿਆਇ ਹਨ। ਪੰਜਾਬੀ ਭਾਸ਼ਾ ਵਿਚ ਕੀਤਾ ਅਨੁਵਾਦ ਮੂਲ ਲਿਖਤ ਦਾ ਭੁਲੇਖਾ ਪਾਉਂਦਾ ਹੈ। ਵਾਰਤਕ ਬਹੁਤ ਮਾਂਜੀ ਸੁਆਰੀ ਹੋਈ ਹੈ। ਪ੍ਰਕਾਸ਼ਕ ਨੇ ਅਨੁਵਾਦਕ ਦਾ ਨਾਮ ਨਹੀਂ ਦਿੱਤਾ। ਪੰਜਾਬੀ ਸਾਹਿਤ ’ਚ ਵੰਡਨਾਮਾ (1947) ਨਾਲ ਸਬੰਧਤ ਅੰਮ੍ਰਿਤਾ ਪ੍ਰੀਤਮ ਦਾ ਨਾਵਲ ‘ਪਿੰਜਰ’ ਅਤੇ ਖੁਸ਼ਵੰਤ ਸਿੰਘ ਦਾ ਨਾਵਲ ‘ਟ੍ਰੇਨ ਟੂ ਪਾਕਿਸਤਾਨ’ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਕਰਮਾਂਵਾਲੀ ਨਾਵਲ ਨੂੰ ਗੌਲਿਆ ਹੀ ਨਹੀਂ ਗਿਆ। ਇਸ ਨਾਵਲ ਦੇ ਪੂਰਵ ਅਵਲੋਕਨ (ਮੁੱਖਬੰਦ) ਵਿੱਚ ਡਾ. ਅਤਰ ਸਿੰਘ ਦੇ ਲਿਖੇ ਵਿਚਾਰ ਧਿਆਨ ਦੇਣ ਯੋਗ ਹਨ। ਡਾ. ਜ਼ਾਕਿਰ ਨੇ ਲੋਕ ਸੰਪਰਕ ਵਿਭਾਗ ’ਚ ਉਨ੍ਹਾਂ ਨਾਲ ਸੇਵਾ ਵੀ ਨਿਭਾਈ।
“ਇਸ ਨਾਵਲ ਦਾ ਉਦੇਸ਼ ਆਪਣੇ ਤੋਂ ਇਲਾਵਾ ਕਿਸੇ ਹੋਰ ਉੱਤੇ ਸੰਪਰਦਾਇਕ ਜਾਂ ਰਾਜਨੀਤਕ ਜਾਂ ਸਾਮਰਾਜੀ ਅੰਗਰੇਜ਼ ਦੀ ਸਾਜ਼ਬਾਜ਼ ਨੂੰ ਦੋਸ਼ ਦੇਣਾ ਨਹੀਂ ਸਗੋਂ ਆਮ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਇਸ ਦਰਦਨਾਕ ਘਟਨਾ ਵਿੱਚ ਜੋ ਵੀ ਮਰਿਆ ਜਾਂ ਉਜੜਿਆ ਉਹ ਵੀ ਇਨਸਾਨ ਸੀ। ਇਹ ਡਾ. ਜ਼ਾਕਿਰ ਦਾ ਐਸਾ ਵੱਡਾ ਕਾਰਨਾਮਾ ਹੈ ਜਿਸ ਦੀਆਂ ਮਿਸਾਲਾਂ ਸਾਹਿਤ ਵਿੱਚ ਬਹੁਤੀਆਂ ਨਹੀਂ ਮਿਲਦੀਆਂ।”
ਸੰਖੇਪ ਕਹਾਣੀ ਇਸ ਪ੍ਰਕਾਰ ਹੈ ਕਿ ਕਰਮਾਂਵਾਲੀ ਤੇ ਉਸ ਦਾ ਖਾਵੰਦ ਫੈਜ਼ਾ ਆਪਣੇ ਇਕਲੌਤੇ ਪੁੱਤਰ ਖੁਸ਼ੀਏ ਨੂੰ ਉਸ ਦੇ ਨਾਨਕੇ ਪਿੰਡ ਸਿਸਵਾਂ ਕਰੀਮ ਖਾਂ ਤੇ ਵਕੀਲਾਂ (ਖੁਸ਼ੀਏ ਦੇ ਮਾਮਾ ਮਾਮੀ) ਕੋਲ ਸੰਤਾਲੀ ਦੇ ਹੱਲਿਆਂ ਤੋਂ ਬਚਾਉਣ ਲਈ ਜ਼ਿੰਮੇਵਾਰੀ ਨਾਲ ਸੰਭਾਲਦੇ ਹਨ ਪਰ ਉਹ ਖੁਸ਼ੀਏ ਨੂੰ ਲਾਵਾਰਸ ਛੱਡ ਕੇ ਆਪਣੀ ਜਾਨ ਬਚਾਉਣ ਲਈ ਪਾਕਿਸਤਾਨ ਚਲੇ ਜਾਂਦੇ ਹਨ। ਖੁਸ਼ੀਏ ਨੂੰ ਰੱਬ ਬਣ ਕੇ ਬਹੁੜਦਾ ਨੱਥਾ ਸਿੰਘ ਗ੍ਰੰਥੀ ਤੇ ਉਸ ਦੀ ਪਤਨੀ ਪੂਰੀ ਸਾਂਭ ਸੰਭਾਲ ਕਰਦੇ ਹਨ। ਆਖ਼ਰ ਉਸ ਨੂੰ ਵੱਡੇ ਹੋਏ ਨੂੰ ਉਸ ਦੇ ਪਿੰਡ ਬਾਲਸੰਡਾ ਸੁਰੱਖਿਅਤ ਪੁਚਾ ਦਿੰਦੇ ਹਨ। ਕਰਮਾਂਵਲੀ ਨੂੰ ਪਾਕਿਸਤਾਨ ਦੇ ਕੈਪਾਂ ’ਚ ਜੋ ਬੁਰੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਉਸ ਦਾ ਬਿਰਤਾਂਤ ਨਾਵਲਕਾਰ ਨੇ ਬਹੁਤ ਕਰੁਣਾਮਈ ਢੰਗ ਨਾਲ ਚਿੱਤਰਿਆ ਹੈ। 32 ਸਾਲਾਂ ਤੋਂ ਬਾਅਦ ਕਰਮਾਂ ਵਾਲੀ ਆਪਣੇ ਪੁੱਤਰ ਨੂੰ ਮਿਲਣ ਲਈ ਭਾਰਤ ਆਉਂਦੀ ਹੈ। ਇਹ ਸਾਰੀ ਕਹਾਣੀ ਬਹੁਤ ਹੀ ਅਚੰਭਤ ਕਰਨ ਵਾਲੀ ਹੈ। ਖੁਸ਼ੀਏ ਦੇ ਜੀਵਨ ਵਿੱਚ ਵੱਡੀ ਤਬਦੀਲੀ ਆਉਂਦੀ ਹੈ ਤੇ ਮੁੜ ਆਪਣੇ ਜੱਦੀ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਨਵੀਂ ਸਵੇਰ ਦੇ ਸੁਪਨੇ ਸਾਕਾਰ ਕਰਦਾ ਹੈ। ਪਿੰਡ ਦਾ ਹਰਮਨ ਪਿਆਰਾ ਪਾਤਰ ਬਣ ਜਾਂਦਾ ਹੈ।
ਮਾਂ ਦੀ ਮਮਤਾ ਪਾਕਿਸਤਾਨ ਤੋਂ ਆਪਣੇ ਪੁੱਤਰ ਨੂੰ ਮਿਲਣ ਲਈ ਕਿਵੇਂ ਜੂਝਦੀ ਹੈ, ਇਹ ਸਾਰੀ ਘਟਨਾ ਕਰਾਮਾਤੀ ਢੰਗ ਵਾਲੀ ਹੈ। ਮਨੁੱਖੀ ਮਿੱਤਰਤਾ ਦੀ ਭਾਵਨਾ ਇਸ ਨਾਵਲ ਦਾ ਮੂਲ ਬਿੰਦੂ ਹੈ। ਇਸ ਨਾਵਲ ’ਚ ਮਨੁੱਖੀ ਸੰਵੇਦਨਾ ਵਾਲੇ ਪਾਤਰ ਗ੍ਰੰਥੀ ਨੱਥਾ ਸਿੰਘ (ਭਾਰਤੀ) ਅਤੇ ਅੱਲਾ ਬਖਸ਼ (ਪਾਕਿਸਤਾਨੀ) ਇਨਸਾਨੀਅਤ ਦੇ ਪਰ-ਉਪਕਾਰੀ ਪਾਤਰ ਹਨ। ਕਰਮਾਂਵਾਲੀ ਉਨ੍ਹਾਂ ਸੰਤਾਪੇ ਪਰਿਵਾਰਾਂ ਦੀ ਪ੍ਰਤੀਨਿਧ ਹੈ ਜੋ ਆਪਣਾ ਦੇਸ਼ ਛੱਡ ਗਈ ਅਤੇ ਉਸ ਦਾ ਪੰਜ ਛੇ ਵਰ੍ਹਿਆਂ ਦਾ ਮਾਸੂਮ ਪੁੱਤਰ (ਖੁਸ਼ੀਆ) ਹਿੰਦੋਸਤਾਨ ਵਿੱਚ ਰਹਿ ਗਿਆ। ਉਹ ਇਕ ਵਾਰ ਦੁਬਾਰਾ ਵਸਣ ਦਾ ਜਾਨ ਕੱਢ ਦੇਣ ਵਾਲਾ ਸੰਤਾਪ ਹੰਢਾਉਂਦੀ ਹੋਈ ਆਪਣੇ ਪੁੱਤਰ ਨੂੰ ਭੁੱਲ ਨਾ ਸਕੀ, ਓਹੜ-ਪੌਹੜ ਕਰ ਕੇ ਆਪਣੇ ਪੁੱਤਰ ਨੂੰ ਹਿੰਦੋਸਤਾਨ ਵਿੱਚ ਮਿਲਣ ਦੀ ਚਮਤਕਾਰੀ ਘਟਨਾ ਕਰ ਵਿਖਾਉਂਦੀ ਹੈ। ਇੰਝ ਇਹ ਨਾਵਲ ਇਨਸਾਨੀਅਤ ਦੀ ਦਰਿੰਦਗੀ ਉੱਤੇ ਜਿੱਤ ਦਾ ਪਰਚਮ ਲਹਿਰਾਉਂਦਾ ਹੈ। ਸੱਚਮੁੱਚ ਡਾ. ਜ਼ਾਕਿਰ ਨੇ ਮਾਂ ਦੇ ਕਿਰਦਾਰ ਨੂੰ ‘ਕਰਮਾਂਵਾਲੀ’ ਰਾਹੀਂ ਮਹਾਂਬਲੀ ਬਣਾ ਦਿੱਤਾ ਹੈ। ਖਵਾਜਾ ਅਹਿਮਦ ਅੱਬਾਸ ਇਸ ਨਾਵਲ ਬਾਰੇ ਲਿਖਦੇ ਹਨ: “ਕ੍ਰਿਸ਼ਨ ਚੰਦਰ ਦੀ ਤਰ੍ਹਾਂ ਕਸ਼ਮੀਰੀ ਲਾਲ ਜ਼ਾਕਿਰ ਵੀ ਜਜ਼ਬਾਤੀ ਤੌਰ ’ਤੇ ਮਾਨਵਤਾ ਦੇ ਪੁਜਾਰੀ ਹਨ। ‘ਕਰਮਾਂਵਾਲੀ’ ਦੀ ਕਹਾਣੀ ਸਾਰੀ ਇਨਸਾਨੀਅਤ ਦੀ ਕਹਾਣੀ ਹੈ। ਕਸ਼ਮੀਰੀ ਲਾਲ ਜ਼ਾਕਿਰ ਨੇ ਇਹ ਨਾਵਲ ਕਲਮ ਵਿੱਚ ਸਿਆਹੀ ਭਰ ਕੇ ਨਹੀਂ ਸਗੋਂ ਇਨਸਾਨੀਅਤ ਦੇ ਹੰਝੂਆਂ ਤੋਂ ਸਿਆਹੀ ਦਾ ਕੰਮ ਲੈ ਕੇ ਲਿਖਿਆ ਹੈ। ਮਨੁੱਖਤਾ ਦੇ ਅਮਰ ਰਹਿਣ ਦੀ ਦੁਆ ਇਸ ਨਾਵਲ ਦਾ ਮੂਲ ਬਿੰਦੂ ਹੈ।
ਡਾ. ਕਿਸ਼ੋਰੀ ਲਾਲ ਜ਼ਾਕਿਰ ਨੇ 97 ਸਾਲ ਦੀ ਉਮਰ ਭੋਗੀ। ਉਨ੍ਹਾਂ ਦਾ ਦੇਹਾਂਤ 31 ਅਗਸਤ 2016 ਨੂੰ ਹੋਇਆ। ਬਹੁਤ ਸਾਰੀ ਜਾਣਕਾਰੀ ਡਾ. ਜ਼ਾਕਿਰ ਦੀ ਸਪੁੱਤਰੀ ਡਾ. ਕਮਲੇਸ਼ ਮੋਹਣ, ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ’ਚ ਪ੍ਰੋਫੈਸਰ ਰਹੇ ਹਨ, ਤੋਂ ਪ੍ਰਾਪਤ ਹੋ ਸਕੀ ਹੈ।
ਸੰਪਰਕ: 98151-23900