ਐੱਨਐੱਨ ਵੋਰਾ
ਸਰਦਾਰ ਦਿਆਲ ਸਿੰਘ ਮਜੀਠੀਆ ਪੰਜਾਬ ਦੇ ਪਤਵੰਤੇ ਖ਼ਾਨਦਾਨ ਦੇ ਚਿਰਾਗ਼ ਸਨ। ਉਨ੍ਹਾਂ ਦੇ ਦਾਦਾ ਸਰਦਾਰ ਦੇਸਾ ਸਿੰਘ ਦੋਆਬਾ ਤੇ ਮਾਝਾ ਖੇਤਰ ਦੇ ਸੂਬੇਦਾਰ ਸਨ ਅਤੇ ਉਨ੍ਹਾਂ ਦੇ ਪਿਤਾ ਸਰਦਾਰ ਲਹਿਣਾ ਸਿੰਘ ਖ਼ਾਲਸਾ ਫ਼ੌਜ ਦੇ ਮੁਖੀ ਅਤੇ ਮਾਝਾ, ਅੰਮ੍ਰਿਤਸਰ ਤੇ ਦਰਬਾਰ ਸਾਹਿਬ ਦੇ ਸੂਬੇਦਾਰ ਸਨ। ਦਿਆਲ ਸਿੰਘ ਦਾ ਜਨਮ 1849 ਵਿਚ ਹੋਇਆ ਅਤੇ ਉਨ੍ਹਾਂ ਨੂੰ ਵਿਰਾਸਤ ਵਿਚ ਇੰਨੀ ਜ਼ਿਆਦਾ ਧਨ ਦੌਲਤ ਮਿਲੀ ਸੀ ਕਿ ਉਹ ਆਪਣੀ ਪੂਰੀ ਜ਼ਿੰਦਗੀ ਐਸ਼ੋ-ਆਰਾਮ ਨਾਲ ਗੁਜ਼ਾਰ ਸਕਦੇ ਸਨ ਪਰ ਉਨ੍ਹਾਂ ਵੱਖਰਾ ਰਾਹ ਅਪਣਾਇਆ।
49 ਸਾਲਾਂ ਦੀ ਛੋਟੀ ਜਿਹੀ ਜ਼ਿੰਦਗੀ ਵਿਚ ਸਰਦਾਰ ਦਿਆਲ ਸਿੰਘ ਦੀਆਂ ਘਾਲਣਾਵਾਂ ਤੇ ਜੇ ਪਿੱਛਲਝਾਤ ਪਾਈ ਜਾਵੇ ਅਤੇ ਉਨ੍ਹਾਂ ਬਹੁਤ ਹੀ ਔਖੇ ਸਮਿਆਂ ਨੂੰ ਵਾਚਿਆ ਜਾਵੇ ਤਾਂ ਉਨ੍ਹਾਂ ਦੀ ਸਲਾਹੁਤਾ ਹੋਰ ਵੀ ਜ਼ਿਆਦਾ ਹੋਵੇਗੀ। ਉਦੋਂ ਸਾਮਰਾਜੀ ਹਾਕਮ ਬਹੁਤ ਜ਼ਿਆਦਾ ਦਮਨਕਾਰੀ ਨੀਤੀਆਂ ਤੇ ਚੱਲ ਰਹੇ ਸਨ ਪਰ ਇਸ ਦੇ ਬਾਵਜੂਦ ਸਰਦਾਰ ਮਜੀਠੀਆ ਨੇ ਲਾਮਿਸਾਲ ਪ੍ਰਾਪਤੀਆਂ ਕੀਤੀਆਂ।
ਦਿਆਲ ਸਿੰਘ ਦਾ ਜਨਮ ਉਸੇ ਸਾਲ ਹੋਇਆ ਸੀ ਜਦੋਂ ਪੰਜਾਬ ਤੇ ਅੰਗਰੇਜ਼ ਕਾਬਿਜ਼ ਹੋ ਚੁੱਕੇ ਸਨ। ਜਦੋਂ ਉਨ੍ਹਾਂ ਉਮਰ ਦੇ ਵੀਹਵਿਆਂ ਵਿਚ ਪੈਰ ਰੱਖਿਆ ਤਾਂ ਅੰਗਰੇਜ਼ਾਂ ਵਲੋਂ ਬਹੁਤ ਹੀ ਦਮਨਕਾਰੀ ਸ਼ਾਸਨ ਚਲਾਇਆ ਜਾ ਰਿਹਾ ਸੀ ਜਿਸ ਦਾ ਸਾਰਾ ਧਿਆਨ ਭਾਰਤ ਦੇ ਆਰਥਿਕ ਵਸੀਲਿਆਂ ਦੀ ਬੇਕਿਰਕ ਲੁੱਟ ਕਰਨ ਤੇ ਲੱਗਿਆ ਹੋਇਆ ਸੀ। ਵਾਰ ਵਾਰ ਖਾਸਕਰ 1877 ਵਿਚ ਅਕਾਲ ਪੈਣ ਕਰ ਕੇ ਅਣਗਿਣਤ ਮੌਤਾਂ ਹੋ ਰਹੀਆਂ ਸਨ, ਲੋਕਾਂ ਵਿਚ ਰੋਹ ਤੇ ਬੇਚੈਨੀ ਫੈਲ ਰਹੀ ਸੀ ਅਤੇ ਸਵੈ-ਸ਼ਾਸਨਕਾਰੀ ਸੰਸਥਾਵਾਂ ਕਾਇਮ ਕਰਨ ਦੇ ਹੋਕੇ ਦਿੱਤੇ ਜਾ ਰਹੇ ਸਨ ਪਰ ਅੰਗਰੇਜ਼ ਆਪਣੇ ਨਿਸ਼ਾਨਿਆਂ ਪ੍ਰਤੀ ਬਿਲਕੁਲ ਸਪੱਸ਼ਟ ਸਨ। ਪੰਜਾਬ ਦੀਆਂ ਸਰਹੱਦਾਂ ਅਫ਼ਗਾਨਿਸਤਾਨ ਤੇ ਰੂਸ ਨਾਲ ਲਗਦੀਆਂ ਸਨ ਤੇ ਇਸ ਦੀ ਰਣਨੀਤਕ ਮਹੱਤਤਾ ਦੇ ਮੱਦੇਨਜ਼ਰ ਕਿਸੇ ਵੀ ਸੂਰਤ ਵਿਚ ਇਸ ਨੂੰ ਰਾਸ਼ਟਰਵਾਦ ਦੇ ਨਾਅਰਿਆਂ ਜਿਨ੍ਹਾਂ ਦੀ ਗੂੰਜ ਪਹਿਲਾਂ ਹੀ ਬੰਗਾਲ ਵਿਚ ਸੁਣਾਈ ਦੇ ਰਹੀ ਸੀ, ਤੋਂ ਪ੍ਰਭਾਵਿਤ ਹੋਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਸੀ। ਅੰਗਰੇਜ਼ਾਂ ਨੇ ਇਹ ਫ਼ੈਸਲਾ ਕਰ ਲਿਆ ਕਿ ਭਾਵੇਂ ਕੁਝ ਵੀ ਹੋਵੇ, ਪੰਜਾਬ ਨੂੰ ਕਾਬੂ ਕਰਨ ਲਈ ਫ਼ੌਜੀ ਤਾਕਤ ਦਾ ਇਸਤੇਮਾਲ ਕੀਤਾ ਜਾਵੇ।
ਨੌਜਵਾਨ ਦਿਆਲ ਸਿੰਘ ਮਜੀਠੀਆ ਗਹਿਰ ਗੰਭੀਰ ਵਿਦਿਆਰਥੀ ਸੀ ਤੇ ਉਨ੍ਹਾਂ ਫ਼ਾਰਸੀ, ਉਰਦੂ ਅਤੇ ਅੰਗਰੇਜ਼ੀ ਦੀ ਚੰਗਾ ਗਿਆਨ ਹਾਸਲ ਕਰ ਲਿਆ ਸੀ। ਪੱਛਮੀ ਸੋਚ ਨਾਲ ਜਾਣ ਪਛਾਣ ਕਰਨ ਖਾਤਰ ਉਨ੍ਹਾਂ ਅੰਗਰੇਜ਼ੀ ਸਾਹਿਤ ਦੇ ਸ਼ਾਹਕਾਰ ਨਿੱਠ ਕੇ ਪੜ੍ਹੇ, ਖਾਸਕਰ ਸਟੂਅਰਟ ਮਿੱਲ, ਮੈਕਾਲੇ, ਬਰਕ, ਮਿਲਟਨ ਅਤੇ ਹੋਰਨਾਂ ਨੂੰ ਪੜ੍ਹਿਆ ਅਤੇ ਧਰਮ-ਨਿਰਪੱਖ ਤੇ ਉਦਾਰਵਾਦੀ ਸੋਚ ਦੇ ਪ੍ਰਚਾਰ ਪ੍ਰਸਾਰ ਵਿਚ ਬਹੁਤ ਜ਼ਿਆਦਾ ਰੁਚੀ ਲਈ। ਹੋਰ ਜ਼ਿਆਦਾ ਵਿਗਿਆਨਕ ਗਿਆਨ ਹਾਸਲ ਕਰਨ ਦੇ ਇਰਾਦੇ ਨਾਲ ਉਹ ਤਿੱਖੇ ਵਿਰੋਧ ਦੇ ਬਾਵਜੂਦ ਇੰਗਲੈਂਡ ਚਲੇ ਗਏ। ਉੱਥੇ ਉਹ ਦੋ ਸਾਲ ਰਹੇ ਤੇ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਮਿਲੇ ਅਤੇ ਵਿਚਾਰ ਵਟਾਂਦਰਾ ਕਰਦੇ ਰਹੇ ਅਤੇ ਅੰਤ ਨੂੰ ਇਕ ਪ੍ਰਬੁੱਧ ਵਿਸ਼ਵ ਦ੍ਰਿਸ਼ਟੀਕੋਣ ਲੈ ਕੇ ਵਤਨ ਪਰਤ ਆਏ। ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਵਸੀਹ ਹੋ ਗਈ ਅਤੇ ਉਹ ਵੇਦਾਂਤ ਅਤੇ ਹੋਰਨਾਂ ਦਰਸ਼ਨਾਂ ਤੇ ਸੰਵਾਦ ਰਚਾਉਂਦੇ ਰਹਿੰਦੇ। ਉਹ ਫ਼ਾਰਸੀ ਕਵਿਤਾ ਦੇ ਸ਼ੌਕੀਨ ਬਣ ਗਏ ਤੇ ਅਕਸਰ ਸੂਫ਼ੀ ਫ਼ਕੀਰਾਂ ਦੇ ਕਲਾਮ ਗਾਉਂਦੇ ਰਹਿੰਦੇ ਸਨ। ਪੜ੍ਹੇ ਲਿਖੇ ਲੋਕਾਂ ਨਾਲ ਰਾਬਤਾ ਬਣਾਈ ਰੱਖਣ ਲਈ ਉਨ੍ਹਾਂ ਲਾਹੌਰ ਵੱਸਣ ਦਾ ਫ਼ੈਸਲਾ ਕੀਤਾ ਜੋ ਸਮਾਜਿਕ ਅਤੇ ਬੌਧਿਕ ਸਰਗਰਮੀਆਂ ਦਾ ਵੱਡਾ ਕੇਂਦਰ ਬਣ ਚੁੱਕਿਆ ਸੀ। ਉਨ੍ਹਾਂ ਮਹਿਸੂਸ ਕੀਤਾ ਕਿ ਜੇ ਉਨ੍ਹਾਂ ਦੇ ਲੋਕ ਅਗਿਆਨਤਾ, ਅੰਧ-ਵਿਸ਼ਵਾਸ, ਭੇਦਭਾਵ ਅਤੇ ਮਜ਼ਹਬੀ ਕੱਟੜਤਾ ਵਿਚ ਫਸੇ ਰਹੇ ਤਾਂ ਉਹ ਤਰੱਕੀ ਨਹੀਂ ਕਰ ਸਕਣਗੇ। ਲਿਹਾਜ਼ਾ, ਉਨ੍ਹਾਂ ਆਪਣੀ ਜ਼ਿੰਦਗੀ ਆਪਣੇ ਲੋਕਾਂ ਅੰਦਰ ਵਿਦਿਆ ਦਾ ਪ੍ਰਸਾਰ ਕਰਨ ਅਤੇ ਸਮਾਜਕ ਸੁਧਾਰ ਕਰਨ ਦੇ ਲੇਖੇ ਲਾਉਣ ਦਾ ਤਹੱਈਆ ਕਰ ਲਿਆ। ਇਸ ਮੰਤਵ ਲਈ ਉਨ੍ਹਾਂ ਕਲਕੱਤਾ ਦਾ ਦੌਰਾ ਕੀਤਾ ਜਿੱਥੇ ਹੋ ਰਹੀ ਤਬਦੀਲੀ ਬਾਰੇ ਉਨ੍ਹਾਂ ਕਾਫ਼ੀ ਕੁਝ ਸੁਣ ਰੱਖਿਆ ਸੀ।
ਇਸ ਦੌਰੇ ਦੌਰਾਨ ਸਰਦਾਰ ਮਜੀਠੀਆ ਬ੍ਰਹਮੋ ਸਮਾਜ ਲਹਿਰ ਵਲੋਂ ਕੀਤੇ ਜਾ ਰਹੇ ਸਮਾਜ ਸੁਧਾਰਾਂ ਅਤੇ ਆਰੀਆ ਸਮਾਜ ਦੇ ਰਾਸ਼ਟਰਵਾਦੀ ਰੌਂਅ ਤੋਂ ਬਹੁਤ ਪ੍ਰਭਾਵਿਤ ਹੋਏ। ਆਪਣੇ ਲੋਕਾਂ ਦੀ ਤਰੱਕੀ ਦੇ ਮੰਤਵ ਤਹਿਤ ਉਨ੍ਹਾਂ ਸਵਾਮੀ ਵਿਵੇਕਾਨੰਦ ਅਤੇ ਸਵਾਮੀ ਦਯਾਨੰਦ ਨਾਲ ਮੁਲਾਕਾਤਾਂ ਕੀਤੀਆਂ ਅਤੇ ਦਾਦਾਭਾਈ ਨੌਰੋਜੀ, ਆਰਸੀ ਦੱਤ, ਮਾਧਵ ਰਾਣਾਡੇ ਅਤੇ ਰਾਜਾ ਰਾਮ ਮੋਹਨ ਰਾਓ ਜਿਹੇ ਉਨ੍ਹਾਂ ਸਮਿਆਂ ਦੇ ਚਿੰਤਕਾਂ ਤੇ ਆਗੂਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਆਪਣੇ ਇਸ ਕੋਲਕਾਤਾ ਦੌਰੇ ਤੋਂ ਬਾਅਦ ਉਹ ਪੰਜਾਬ ਵਿਚ ਬ੍ਰਹਮੋ ਸਮਾਜ ਅਤੇ ਅਗਾਂਹਵਧੂ ਸੋਚ ਦੇ ਪ੍ਰਚਾਰ ਪ੍ਰਸਾਰ ਦੇ ਸਰਗਰਮ ਕਾਰਕੁਨ ਬਣ ਗਏ। ਉਹ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਥਾਪੇ ਗਏ ਅਤੇ ਲਾਹੌਰ ਵਿਚ ‘ਯੂਨੀਅਨ ਅਕੈਡਮੀ’ ਦੀ ਸਥਾਪਨਾ ਕੀਤੀ। ਇਨ੍ਹਾਂ ਦਿਨਾਂ ਵਿਚ ਹੀ ਉਨ੍ਹਾਂ ਮਹਿਸੂਸ ਕੀਤਾ ਕਿ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਸਮਾਜ ਵਿਚ ਸੁਧਾਰ ਲਿਆਉਣ ਦੇ ਉਨ੍ਹਾਂ ਦੇ ਯਤਨਾਂ ਨੂੰ ਠੋਸ ਰੂਪ ਦੇਣ ਲਈ ਸੁਦੇਸੀ ਅਖ਼ਬਾਰ ਦੀ ਲੋੜ ਹੈ ਜੋ ਜਾਣਕਾਰੀਆਂ ਦੇਣ ਦੇ ਨਾਲ ਨਾਲ ਆਪਣੇ ਲੋਕਾਂ ਦੇ ਦੁੱਖਾਂ ਦਰਦਾਂ ਤੇ ਖਾਹਸ਼ਾਂ ਦੀ ਆਵਾਜ਼ ਵੀ ਬਣੇ। ਉਸ ਵੇਲੇ ਦੇ ਦੋ ਅਖਬਾਰ ‘ਸਿਵਲ ਐਂਡ ਮਿਲਟਰੀ ਗਜ਼ਟ’ ਅਤੇ ‘ਪਾਇਨੀਅਰ’ ਬਰਤਾਨਵੀ ਹਿੱਤਾਂ ਦੀ ਪੂਰਤੀ ਕਰਨ ਤੇ ਕੇਂਦਰਤ ਸਨ। ਦੂਰਅੰਦੇਸ਼ ਸਰਦਾਰ ਦਿਆਲ ਸਿੰਘ ਮਜੀਠੀਆ ਦੇ ਅੰਗਰੇਜ਼ੀ ਦਾ ਅਖ਼ਬਾਰ ਸ਼ੁਰੂ ਕਰਨ ਦੀ ਦਿਲਚਸਪੀ ਨੇ ਠੋਸ ਸ਼ਕਲ ਉਦੋਂ ਅਖਤਿਆਰ ਕੀਤੀ ਜਦੋਂ 1878 ਵਿਚ ਸੁਰੇਂਦਰਨਾਥ ਬੈਨਰਜੀ (ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਨੀਆਂ ਵਿਚ ਸ਼ੁਮਾਰ) ਨੇ ਪੰਜਾਬ ਦਾ ਦੌਰਾ ਕੀਤਾ। ਦੋਵਾਂ ਵਿਚਕਾਰ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਸਰਦਾਰ ਮਜੀਠੀਆ ਨੇ ਕੋਲਕਾਤਾ ਤੋਂ ਪ੍ਰਿੰਟਿੰਗ ਮਸ਼ੀਨ ਖਰੀਦਣ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਅਤੇ ਸ੍ਰੀ ਬੈਨਰਜੀ ਨੇ ਅਖ਼ਬਾਰ ਦਾ ਪਹਿਲਾ ਸੰਪਾਦਕ ਤਲਾਸ਼ਣ ਦੀ ਜ਼ਿੰਮੇਵਾਰੀ ਵੀ ਲੈ ਲਈ। ਇਸ ਤਰ੍ਹਾਂ, ਲਾਹੌਰ ਵਿਚ ‘ਦਿ ਟ੍ਰਿਬਿਊਨ’ ਦੀ ਸ਼ੁਰੂਆਤ ਹੋਈ। ਦੋ ਫਰਵਰੀ 1881 ਨੂੰ ਪਹਿਲਾ ਹਫ਼ਤਾਵਾਰੀ ਅੰਕ ਛਾਪਿਆ ਗਿਆ ਜਿਸ ਦੇ 12 ਸਫ਼ੇ ਸਨ ਤੇ ਕੀਮਤ ਚਾਰ ਆਨੇ। ਜਲਦੀ ਹੀ ਹਫ਼ਤਾਵਾਰੀ ਰੋਜ਼ਾਨਾ ਅਖ਼ਬਾਰ ਬਣ ਗਿਆ ਅਤੇ ਇਸ ਦੀ ਸੁਤੰਤਰ ਪਹੁੰਚ ਕੌਮੀ ਚੇਤਨਾ ਜਗਾਉਣ ਦੇ ਉੱਦਮਾਂ ਸਦਕਾ ਜਲਦੀ ਹੀ ‘ਦਿ ਟ੍ਰਿਬਿਊਨ’ ਦੀ ਲੋਕਪ੍ਰਿਅਤਾ ਬਹੁਤ ਜ਼ਿਆਦਾ ਵਧ ਗਈ।
ਅੱਜ, ‘ਦਿ ਟ੍ਰਿਬਿਊਨ’ ਨੂੰ 140 ਸਾਲ ਹੋ ਗਏ ਹਨ ਅਤੇ ਬਹੁਤ ਮਾਣ ਤੇ ਤਸੱਲੀ ਨਾਲ ਦਾਅਵਾ ਕਰ ਸਕਦਾ ਹੈ ਕਿ ਲਾਹੌਰ ਤੋਂ ਛਪਣ ਤੋਂ 66 ਸਾਲਾਂ ਦੇ ਅਰਸੇ ਦੌਰਾਨ ਇਸ ਨੇ ਬਰਤਾਨਵੀ ਰਾਜ ਅਤੇ ਕੌਮੀ ਆਜ਼ਾਦੀ ਲਈ ਸਾਡੇ ਲੰਮੇ ਘੋਲ ਬਾਰੇ ਬੇਖੌਫ਼ ਹੋ ਕੇ ਲਿਖਿਆ ਸੀ। 1919 ਵਿਚ ਜੱਲਿਆਂਵਾਲਾ ਬਾਗ਼ ਦੇ ਸਾਕੇ ਦੀ ਬਿਨਾਂ ਕਿਸੇ ਲੱਗ-ਲਪੇਟ ਤੋਂ ਰਿਪੋਰਟਿੰਗ ਕਰਨ ਕਰ ਕੇ ਸਾਡੇ ਸੰਪਾਦਕ ਕਾਲੀਨਾਥ ਰੇਅ ਜਿਨ੍ਹਾਂ 27 ਸਾਲ ਅਖ਼ਬਾਰ ਦੀ ਅਗਵਾਈ ਕੀਤੀ ਸੀ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ‘ਦਿ ਟ੍ਰਿਬਿਊਨ’ ਬੰਦ ਕਰਵਾ ਦਿੱਤਾ ਗਿਆ ਸੀ। ਬਹੁਤ ਸਾਰੀਆਂ ਮੁਸ਼ੱਕਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਸ੍ਰੀ ਰੇਅ ਨੂੰ ਰਿਹਾਅ ਕੀਤਾ ਗਿਆ ਅਤੇ ਸਾਡਾ ਅਖ਼ਬਾਰ ਇਕ ਵਾਰ ਫਿਰ ਸਟਾਲਾਂ ਤੇ ਆ ਗਿਆ ਜੋ ਪਹਿਲਾਂ ਨਾਲੋਂ ਵੀ ਜ਼ਿਆਦਾ ਲੋਕਾਂ ਦਾ ਚਹੇਤਾ ਬਣ ਗਿਆ ਸੀ।
ਆਜ਼ਾਦੀ ਤੋਂ ਬਾਅਦ ਅੱਜ ਤੱਕ ਪਿਛਲੇ 74 ਸਾਲਾਂ ਦੌਰਾਨ ‘ਦਿ ਟ੍ਰਿਬਿਊਨ’ ਨੇ ਮੁਲਕ ਦੀ ਵੰਡ ਤੋਂ ਬਾਅਦ ਪੈਦਾ ਹੋਈ ਉਥਲ-ਪੁਥਲ, ਕੌਮੀ ਉਸਾਰੀ ਦੇ ਅਜ਼ਮਾਇਸ਼ੀ ਅਰਸੇ, ਪਾਕਿਸਤਾਨ ਨਾਲ ਹੋਈਆਂ ਜੰਗਾਂ ਤੇ ਚੀਨ ਨਾਲ ਟਕਰਾਅ, ਆਜ਼ਾਦ ਭਾਰਤ ਦੀ ਤਰੱਕੀ ਤੇ ਵਿਕਾਸ ਦੀਆਂ ਨੀਤੀਆਂ ਦੇ ਉਥਾਨ, ਸਾਡੇ ਸੰਵਿਧਾਨ ਦੇ ਹਰੇਕ ਅੰਗ ਦੀਆਂ ਪ੍ਰਾਪਤੀਆਂ ਤੇ ਨਾਕਾਮੀਆਂ ਅਤੇ ਐਮਰਜੈਂਸੀ ਲਾਗੂ ਕਰਨ ਸਣੇ ਸਾਰੇ ਅਮਲਾਂ ਨੂੰ ਨੇੜਿਓਂ ਵਾਚਿਆ ਅਤੇ ਨਿਰਪੱਖ ਹੋ ਕੇ ਰਿਪੋਰਟਿੰਗ ਕੀਤੀ। ਕੁਝ ਸ਼ੁਰੂਆਤੀ ਸਮੱਸਿਆਵਾਂ ਜਿਨ੍ਹਾਂ ਵਿਚੋਂ ਕੁਝ ਉਸ ਵੇਲੇ ਦੀਆਂ ਸਿਆਸੀ ਉਥਲ-ਪੁਥਲਾਂ ਵਿਚੋਂ ਪੈਦਾ ਹੋਈਆਂ ਸਨ, ਦੇ ਹੁੰਿਦਆਂ-ਸੁੰਦਿਆਂ ‘ਦਿ ਟ੍ਰਿਬਿਊਨ’ ਨੇ ਆਪਣੇ ਨਾਂ ਬਣਾ ਕੇ ਰੱਖਿਆ ਅਤੇ ਸਮੁੱਚੇ ਉੱਤਰੀ ਖਿੱਤੇ ਦੇ ਲੋਕਾਂ ਦੀ ਆਵਾਜ਼ ਬਣ ਕੇ ਸੇਵਾ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ।
ਸਰਦਾਰ ਦਿਆਲ ਸਿੰਘ ਮਜੀਠੀਆ ਨੇ 1895 ਵਿਚ ਪ੍ਰਿੰਟਿੰਗ ਪ੍ਰੈਸ ਅਤੇ ਅਖ਼ਬਾਰ ਨੂੰ ਕੁਸ਼ਲਤਾ ਨਾਲ ਸੰਭਾਲਣ, ਅਖ਼ਬਾਰ ਦੀ ਉਦਾਰਵਾਦੀ ਨੀਤੀ ਯਕੀਨੀ ਬਣਾਉਣ ਅਤੇ ‘ਦਿ ਟ੍ਰਿਬਿਊਨ’ ਨੂੰ ਪੱਕੇ ਪੈਰਾਂ ਤੇ ਖੜ੍ਹਾ ਕਰਨ ਲਈ ਵਾਧੂ ਮਾਲੀਏ ਦੀ ਮੁੜ ਸੁਚਾਰੂ ਵਰਤੋਂ ਲਈ ਆਖਰੀ ਵਸੀਅਤ ਤੇ ਸ਼ਾਹਦੀ ਵਿਚ ਤਿੰਨ ਬਹੁਤ ਹੀ ਮਾਣਮੱਤੇ ਵਿਅਕਤੀਆਂ ਤੇ ਆਧਾਰਿਤ ਟਰੱਸਟੀਆਂ ਦੀ ਕਮੇਟੀ ਕਾਇਮ ਕੀਤੀ ਸੀ।
ਅੱਜ ਸਾਡੇ ਸਥਾਪਨਾ ਦਿਵਸ ਦੀ 140ਵੀਂ ਵਰੇਗੰਢ ਦੇ ਸ਼ੁਭ ਮੌਕੇ ਤੇ ਅਸੀਂ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਦੂਰਅੰਦੇਸ਼ ਦੇਸ਼ਭਗਤ, ਵਿਦਿਆਦਾਨੀ, ਸਮਾਜ ਸੁਧਾਰਕ ਅਤੇ ਮਹਾਂਦਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਨੂੰ ਸਲਾਮ ਕਰਦੇ ਹਾਂ।
ਬਾਨੀ ਟਰਸਟੀ