ਪ੍ਰੇਮ ਸਿੰਘ
ਪਿੱਛੇ ਜਿਹੇ ਰਜ਼ਾ ਫਾਊਂਡੇਸ਼ਨ ਨੇ ਚਿੱਤਰਕਾਰ ਸੱਯਦ ਹੈਦਰ ਰਜ਼ਾ ਦੀ ਜਨਮ ਸ਼ਤਾਬਦੀ ’ਤੇ 100 ਕਲਾਕਾਰਾਂ ਦੀ ਨੁਮਾਇਸ਼ ਦਾ ਆਯੋਜਨ ਕੀਤਾ। ਇਹ ਕਲਾਕਾਰ ਸਮੁੱਚੇ ਭਾਰਤ ਤੋਂ ਸਨ। ਕਿਸੇ ਵੀ ਕਲਾਕਾਰ ਦੀ ਉਮਰ 40 ਸਾਲ ਤੋਂ ਵੱਧ ਨਹੀਂ ਸੀ। ਇਸ ਨੁਮਾਇਸ਼ ਨੇ ਮੈਨੂੰ ਹਰਕ੍ਰਿਸ਼ਨ ਲਾਲ ਦੀ ਯਾਦ ਦਿਵਾਈ। ਹਰਕ੍ਰਿਸ਼ਨ ਨੇ ਇਕ ਵਾਰ ਮੈਨੂੰ ਦੱਸਿਆ ਸੀ ਕਿ ਇਕ ਵਾਰ ਵਿਦੇਸ਼ ਵਿਚ ਘੁੰਮਦਿਆਂ ਉਸ ਨੂੰ ਪੋਸਟਰ ਵਿਖਾਈ ਦਿੱਤਾ। ਪੋਸਟਰ 100 ਕਲਾਕਾਰਾਂ ਦੀ ਨੁਮਾਇਸ਼ ਬਾਰੇ ਸੀ। ਵੇਖ ਕੇ ਉਸ ਨੂੰ ਹੈਰਾਨੀ ਵੀ ਹੋਈ ਤੇ ਪ੍ਰਸੰਨਤਾ ਵੀ। ਕਲਾਕਾਰ ਤਾਂ ਸਦੀ ਵਿਚ ਇਕ ਪੈਦਾ ਹੋ ਜਾਵੇ ਇੰਨਾ ਬਹੁਤ ਹੈ ਪਰ ਇੱਥੇ ਤਾਂ 100 ਕਲਾਕਾਰ ਹਨ। ਉਸ ਦੇ ਕਹਿਣ ਪਿੱਛੇ ਵਿਅੰਗ ਸੀ ਅਤੇ ਉਸ ਦੇ ਵੀ ਪਿੱਛੇ ਸੀ ਕਲਾਕਾਰ ਬਣਨ ਲਈ ਕੀਤਾ ਜਾ ਰਿਹਾ ਉਸ ਦਾ ਆਪਣਾ ਸੰਘਰਸ਼। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਲਾਕਾਰ ਨੂੰ ਮਾਨਸਿਕ ਅਤੇ ਸਰੀਰਕ ਪੱਧਰ ’ਤੇ ਸੰਘਰਸ਼ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਲਾ ਸਿਰਫ਼ ਚਿੱਤਰ ਬਣਾਉਣ ਬਾਰੇ ਨਹੀਂ ਹੈ ਸਗੋਂ ਇਹ ਇਕ ਲੰਬੀ ਜੀਵਨ ਯਾਤਰਾ ਹੈ।
ਹਰਕ੍ਰਿਸ਼ਨ ਲਾਲ ਦਾ ਜਨਮ ਮਾਤਾ ਬਸੰਤੀ ਅਤੇ ਪਿਤਾ ਮਿਲਖੀ ਰਾਮ ਦੇ ਘਰ 8 ਮਾਰਚ 1921 ਨੂੰ ਲੁਧਿਆਣੇ (ਪੰਜਾਬ) ਵਿਖੇ ਹੋਇਆ। ਇਸੇ ਦਿਨ ਤੇ ਵਰ੍ਹੇ ਸਾਹਿਰ ਲੁਧਿਆਣਵੀ ਦਾ ਜਨਮ ਵੀ ਇਸੇ ਸ਼ਹਿਰ ਵਿਚ ਹੋਇਆ। ਕਹਿੰਦੇ ਹਨ ਕਿ ਦੋਵਾਂ ਦੇ ਜਨਮ ਦਾ ਸਮਾਂ ਸ਼ਾਮ ਦੇ ਤਿੰਨ ਵਜੇ ਦਾ ਹੀ ਸੀ। ਯਾਦ ਰਹੇ 8 ਮਾਰਚ ਦਾ ਦਿਨ ਵਿਸ਼ਵ ਭਰ ’ਚ ‘ਔਰਤ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਲੁਧਿਆਣੇ ਦੇ (ਸਤੀਸ਼ ਧਵਨ) ਗੌਰਮਿੰਟ ਕਾਲਜ ’ਚ ਦੋਵੇਂ ਇਕੱਠੇ ਪੜ੍ਹੇ ਤੇ ਚੰਗੇ ਮਿੱਤਰ ਬਣ ਗਏ। ਸਾਹਿਰ ਦਾ ਨਾਂ ਅਬਦੁਲ ਹਈ ਸੀ। ਫਜ਼ਲ ਮੁਹੰਮਦ ਤੇ ਸਰਦਾਰ ਬੇਗ਼ਮ ਦਾ ਇਹ ਪੁੱਤਰ ਮਾਰਚ 1921 ਤੋਂ ਅਕਤੂਬਰ 1980 ਤੱਕ ਜੀਵਿਆ।
ਹਰਕ੍ਰਿਸ਼ਨ ਲਾਲ ਤੇ ਸਾਹਿਰ ਲੁਧਿਆਣਵੀ ਕੁਆਰੇ ਰਹੇ ਪਰ ਦੋਵੇਂ ਔਰਤ ਦੇ ਵੱਡੇ ਪ੍ਰਸ਼ੰਸਕ ਸਨ। ਸਾਹਿਰ ਦੀ ਸ਼ਾਇਰੀ ਤੇ ਹਰਕ੍ਰਿਸ਼ਨ ਲਾਲ ਦੀ ਚਿੱਤਰਕਲਾ ਵਿਚ ਔਰਤ ਪ੍ਰਧਾਨ ਹੀ ਨਹੀਂ ਸਗੋਂ ਇਹ ਰਚਨਾਵਾਂ ਸਦੀਵੀ ਜਿਊਣ ਦੀ ਸ਼ਕਤੀ ਵੀ ਰੱਖਦੀਆਂ ਹਨ।
ਮੈਂ ਹਰਕ੍ਰਿਸ਼ਨ ਨੂੰ ਬਹੁਤ ਪਹਿਲਾਂ ਮਿਲਿਆ। ਉਹ ਤੇ ਉਸ ਦਾ ਮਿੱਤਰ ਸਾਹਿਰ 1940ਵਿਆਂ ਦੇ ਸ਼ੁਰੂ ਵਿਚ ਲੁਧਿਆਣਾ ਛੱਡ ਕੇ ਬੰਬਈ (ਹੁਣ ਮੁੰਬਈ) ਚਲੇ ਗਏ। ਦੋਵੇਂ ਮਨ ਅੰਦਰ ਛੁਪੀਆਂ ਇੱਛਾਵਾਂ ਨੂੰ ਖੁੱਲ੍ਹ ਕੇ ਪ੍ਰਗਟਾਉਣਾ ਚਾਹੁੰਦੇ ਸਨ। ਹਰਕ੍ਰਿਸ਼ਨ ਨੇ ਸਰ ਜੇ.ਜੇ. ਸਕੂਲ ਆਫ ਆਰਟ, ਬੰਬਈ ਤੋਂ ਕਲਾ ਦੀ ਵਿੱਦਿਆ ਹਾਸਲ ਕੀਤੀ। ਨੌਕਰੀ ਉਸ ਦੇ ਸੁਭਾਅ ਦਾ ਹਿੱਸਾ ਨਹੀਂ ਸੀ। ਸੋ ਬੰਬਈ ਵਿਚ ਹੀ ਆਪਣਾ ਜੀਵਨ ਬਤੌਰ ਚਿੱਤਰਕਾਰ ਬਿਤਾਇਆ। ਉਨ੍ਹਾਂ ਸਮਿਆਂ ਵਿਚ ਕਲਾ ਦੇ ਸਿਰ ’ਤੇ ਜਿਊਣਾ ਆਪਣੇ ਆਪ ਵਿਚ ਇਕ ਵੱਡੀ ਚੁਣੌਤੀ ਸੀ। ਉਸ ਦਾ ਘਰ ਵਾਲਕੇਸ਼ਵਰ ਰੋਡ ’ਤੇ ਸਮੁੰਦਰ ਕਿਨਾਰੇ ਸੀ। ਉਸ ਦੇ ਵਿਚਾਰਾਂ ਵਿਚ ਸਮੁੰਦਰ ਵਰਗੀ ਗਹਿਰਾਈ ਤੇ ਵਿਸ਼ਾਲਤਾ ਸੀ। ਸੁੱਤੀਆਂ-ਜਾਗਦੀਆਂ ਲਹਿਰਾਂ, ਸੂਰਜ ਤੇ ਚੰਨ ਦੀ ਲੁਕਣ-ਮੀਟੀ, ਸਮੁੰਦਰ ਤੇ ਆਸਮਾਨ ਦਾ ਮਿਲਨ- ਕੁਦਰਤ ਦੀ ਇਸ ਸਾਰੀ ਖੇਡ ਵਿਚ ਜੋ ਲੈਅ, ਗਤੀ ਤੇ ਸੰਗੀਤ ਸੀ ਕੁਝ ਉਸੇ ਤਰ੍ਹਾਂ ਦਾ ਪ੍ਰਵਾਹ ਹਰਕ੍ਰਿਸ਼ਨ ਦੇ ਸੁਭਾਅ ਵਿਚ ਸੀ। ਪੂਰਨਮਾਸ਼ੀ ਦਾ ਚੰਨ ਤੇ ਸਮੁੰਦਰੀ ਛੱਲਾਂ ਵਿਚ ਉਸ ਨੂੰ ਗਲਵੱਕੜੀ ਪਾਉਣ ਦੀ ਤਾਂਘ ਹਰਕ੍ਰਿਸ਼ਨ ਦੇ ਇਕਾਂਤ ਨੂੰ ਹੋਰ ਵੀ ਅਸਹਿ ਕਰ ਦਿੰਦੀ ਸੀ। ਇਹ ਸਭ ਕੁਝ ਉਸ ਦੀ ਚਿੱਤਰਕਲਾ ਵਿਚ ਬੋਲਦਾ ਹੈ। ਹਰਕ੍ਰਿਸ਼ਨ ਦੇ ਚਿੱਤਰਾਂ ਦੇ ਰੰਗ ਭਾਰਤੀ ਆਧੁਨਿਕ ਕਲਾ ਵਿਚ ਨਗਾਂ ਵਾਂਗ ਚਮਕਦੇ ਹਨ।
1993 ਦੇ ਅੰਤ ਵਿਚ ਹਰਕ੍ਰਿਸ਼ਨ ਲਾਲ ਨੂੰ ਅਧਰੰਗ ਹੋ ਗਿਆ। ਸੱਤ ਕੁ ਮਹੀਨੇ ਬੰਬਈ ਵਿਚ ਇਲਾਜ ਕਰਾਉਣ ਮਗਰੋਂ ਉਹ ਚੰਡੀਗੜ੍ਹ ਆ ਗਿਆ। ਇੱਥੇ ਉਸ ਦੀ ਭੈਣ ਦਵਾਰਕੀ ਦੀ ਧੀ ਵਿਜੇਯ ਰਹਿੰਦੀ ਸੀ। ਉਸ ਦਾ ਪਤੀ ਡਾ. ਰਾਮ ਪ੍ਰਕਾਸ਼ ਪੰਜਾਬ ਯੂਨੀਵਰਸਿਟੀ ਵਿਚ ਪ੍ਰੋਫੈਸਰ ਸੀ। ਚਿੱਤਰਕਾਰ ਜੀਵਨ ਅਡਾਲਜ਼ਾ, ਕੇ. ਦਮੋਦਰਨ, ਮੇਰੀ ਪਤਨੀ ਨਵਪ੍ਰੀਤ ਕੌਰ ਤੇ ਮੈਂ ਇਸੇ ਯੂਨੀਵਰਸਿਟੀ ਦੇ ਘਰ ਵਿਚ ਮਿਲਣ ਗਏ। ਇੱਥੇ ਹੀ ਸਾਡੀ ਪਹਿਲੀ ਵਾਰ ਵਿਜੇਯ ਨਾਲ ਮੁਲਾਕਾਤ ਹੋਈ। ਹਰਕ੍ਰਿਸ਼ਨ ਤਖ਼ਤਪੋਸ਼ ’ਤੇ ਪਿਆ ਸੀ। ਹਮੇਸ਼ਾ ਵਾਂਗ ਜ਼ਿੰਦਾਦਿਲ ਤੇ ਆਸਵੰਦ ਪਰ ਹੁਣ ਉਸ ਦਾ ਸਰੀਰ ਉਸ ਦੇ ਕਾਬੂ ਵਿਚ ਨਹੀਂ ਸੀ। ਹੱਥ ਉਸ ਦੇ ਮਨ ਤੇ ਕਲਪਨਾ ਦਾ ਪ੍ਰਗਟਾਵਾ ਕਰਨ ਤੋਂ ਅਸਮਰੱਥ ਸਨ। ਲੈਅ ਅਤੇ ਗਤੀ ਜੋ ਉਸ ਦੇ ਜੀਵਨ ਤੇ ਕਲਾ ਦਾ ਅਟੁੱਟ ਅੰਗ ਸੀ ਹੁਣ ਅਚਨਚੇਤ ਸਾਥ ਛੱਡ ਗਈ ਸੀ। ਸਾਹਸ ਸੀ ਪਰ ਸ਼ਕਤੀ ਲੋਪ ਹੋ ਗਈ। ਉਸ ਨੂੰ ਯਕੀਨ ਸੀ ਕਿ ਪੀ.ਜੀ.ਆਈ. ’ਚ ਆਪਰੇਸ਼ਨ ਉਪਰੰਤ ਉਹ ਠੀਕ ਹੋ ਜਾਵੇਗਾ ਤੇ ਛੇਤੀ ਹੀ ਆਪਣੀ ਚਿੱਤਰਕਲਾ ਨਾਲ ਫਿਰ ਜੁੜ ਜਾਵੇਗਾ। ਅਸੀਂ ਵੀ ਇਸੇ ਦੁਆ ਨਾਲ ਘਰ ਤੋਂ ਬਾਹਰ ਆਏ।
ਮਿਲਖੀ ਰਾਮ ਤੇ ਬਸੰਤੀ ਦੀਆਂ ਤਿੰਨ ਧੀਆਂ (ਦਵਾਰਕੀ, ਲਿੱਲੀ ਜਾਂ ਲੀਲਾ ਤੇ ਵਿੱਦਿਆ) ਤੇ ਦੋ ਪੁੱਤਰ (ਕੁਲਵੰਤ ਰਾਏ ਤੇ ਹਰਕ੍ਰਿਸ਼ਨ ਲਾਲ) ਸਨ। ਇਹ ਪਰਿਵਾਰ ਲੁਧਿਆਣੇ ਵਿਖੇ ਕੂਚਾ ਲੱਛਮੀ ਨਰਾਇਣ ਵਿਚ ਰਹਿੰਦਾ ਸੀ। ਇਹ ਕੂਚਾ ਮੇਰੇ ਨਾਨੇ ਮੁਲਖ ਰਾਜ ਦੇ ਵੱਡੇ ਭਰਾ ਲੱਛਮੀ ਨਰਾਇਣ ਦੇ ਨਾਂ ’ਤੇ ਵੱਜਦਾ ਸੀ। ਹਰਕ੍ਰਿਸ਼ਨ ਲਾਲ ਦਾ ਪਰਿਵਾਰ ਤੇ ਮੇਰੇ ਬੀਜੀ ਲਾਜਵੰਤੀ (ਮਹਿੰਦਰ ਕੌਰ) ਦਾ ਪਰਿਵਾਰ ਨਾਲ-ਨਾਲ ਹੀ ਰਹਿੰਦੇ ਸਨ। ਇਕ ਵਾਰ ਮੇਰੇ ਬੀਜੀ ਨੇ ਦੱਸਿਆ ਕਿ ਹਰਕ੍ਰਿਸ਼ਨ ਦੀ ਭੈਣ ਦਵਾਰਕੀ ਤੇ ਉਹ ਇਕੱਠੀਆਂ ਹੀ ਟਾਂਗੇ ਵਿਚ ਸਕੂਲ ਪੜ੍ਹਨ ਜਾਂਦੀਆਂ ਸਨ। ਉਸ ਵੇਲੇ ਲੜਕੀਆਂ ਨੂੰ ਪਰਦੇ ਵਾਲੇ ਟਾਂਗੇ ਵਿਚ ਸਕੂਲ ਪੜ੍ਹਨ ਲਈ ਭੇਜਿਆ ਜਾਂਦਾ ਸੀ। ਦੋਵੇਂ ਪਰਿਵਾਰਾਂ ਵਿਚ ਨਿੱਘੀ ਸਾਂਝ ਸੀ।
ਹਰਕ੍ਰਿਸ਼ਨ ਇਲਾਜ ਮਗਰੋਂ ਠੀਕ ਨਾ ਹੋ ਸਕਿਆ। ਦਸ ਮਹੀਨੇ ਬਾਅਦ ਮੁੜ ਬੰਬਈ ਚਲਾ ਗਿਆ। ਥੋੜ੍ਹਾ ਚਿਰ ਬੰਬਈ ਰਹਿਣ ਮਗਰੋਂ ਉਹ ਤਿਰੂਵਨੰਤਪੁਰਮ (ਕੇਰਲਾ) ਇਲਾਜ ਲਈ ਚਲਾ ਗਿਆ। ਇਹ ਪ੍ਰਾਕਿਰਤਕ ਚਿਕਿਤਸਾ ਦਾ ਕੇਂਦਰ ਸੀ। ਇੱਥੇ ਉਹ ਸਾਲ 2000 ਵਿਚ ਚਲਾਣਾ ਕਰ ਗਿਆ। ਕੁਝ ਮਹੀਨਿਆਂ ਮਗਰੋਂ ਵਿਜੇਯ ਤੇ ਰਾਮ ਪ੍ਰਕਾਸ਼ ਦੇ ਘਰ ਇਕ ਬੈਠਕ ਹੋਈ ਜਿਸ ਵਿਚ ਹਰਕ੍ਰਿਸ਼ਨ ਦਾ ਪਿਆਰਾ ਮਿੱਤਰ ਮਦਨ ਦੀਦੀ ਤੇ ਉਸ ਦੀ ਪਤਨੀ ਸ਼ੀਲਾ ਦੀਦੀ ਤੇ ਸੰਗੀਤਕਾਰ ਜੈਦੇਵ ਵੀ ਸ਼ਾਮਲ ਸਨ। ਮਦਨ ਦੀਦੀ ਨੇ ਦੱਸਿਆ ਕਿ ਉਹ ਕੋਈ 5-7 ਲੱਖ ਰੁਪਏ ਛੱਡ ਗਿਆ ਹੈ। ਮੇਰਾ ਕਹਿਣਾ ਸੀ ਕਿ ਹਰਕ੍ਰਿਸ਼ਨ ਨੂੰ ਉਸ ਦੇ ਭਾਰਤੀ ਆਧੁਨਿਕ ਕਲਾ ’ਚ ਪਾਏ ਉੱਘੇ ਯੋਗਦਾਨ ਸਦਕਾ ਹਮੇਸ਼ਾ ਯਾਦ ਕੀਤਾ ਜਾਵੇਗਾ। ਹਰਕ੍ਰਿਸ਼ਨ ਦੀ ਇੱਛਾ ਪੰਜਾਬ ਦੇ ਨੌਜੁਆਨ ਚਿੱਤਰਕਾਰ ਨੂੰ ਇਕ ਵਜ਼ੀਫ਼ਾ ਦੇਣ ਦੀ ਸੀ। ਚਰਚਾ ਹੋਈ ਕਿ ਅਸੀਂ ਉਸ ਦੇ ਚਿੱਤਰਾਂ ਨੂੰ ਇਕੱਠੇ ਕਰ ਕੇ ਇਕ ਨੁਮਾਇਸ਼ ਲਗਾਈਏ ਤੇ ਇਕ ਚੰਗਾ ਕੈਟਾਲਾਗ ਬਣਾਈਏ। ਮੇਰੇ ਸੁਝਾਅ ਸਭ ਨੂੰ ਚੰਗੇ ਲੱਗੇ ਪਰ ਇਹ ਅਮਲੀ ਜਾਮਾ ਨਾ ਪਹਿਨ ਸਕੇ। ਇੱਛਾ ਸ਼ਾਇਦ ਸਮੇਂ ਦੀ ਰਫ਼ਤਾਰ ਤੇ ਜੀਵਨ ਦੇ ਮੋੜ-ਘੋੜ ਵਿਚ ਹੀ ਕਿਤੇ ਅਟਕ ਕੇ ਰਹਿ ਗਈ।
ਮਿਲਣੀਆਂ ਤਾਂ ਹਰਕ੍ਰਿਸ਼ਨ ਨਾਲ ਬਹੁਤ ਹੋਈਆਂ ਪਰ ਪਰਿਵਾਰ ਬਾਰੇ ਗੱਲਾਂ ਬਹੁਤ ਘੱਟ ਹੋਈਆਂ। ਮੈਂ ਆਪਣੀ ਜੀਵਨ ਸਾਥੀ ਨਵਪ੍ਰੀਤ ਕੌਰ ਨਾਲ 1989 ’ਚ ਬੰਬਈ ਗਿਆ। ਤਾਜ ਮਹਿਲ ਹੋਟਲ ਦੀ ਗੈਲਰੀ ਵਿਚ ਮੇਰੀ ਨੁਮਾਇਸ਼ ਸੀ। ਅਸੀਂ ਤਾਜ ਮਹਿਲ ਹੋਟਲ ਦੇ ਪਿੱਛੇ ਹੀ ਇਕ ਹੋਟਲ ਵਿਚ ਠਹਿਰੇ ਹੋਏ ਸਾਂ। ਨੁਮਾਇਸ਼ ਬੰਦ ਕਰ ਕੇ ਅਸੀਂ (ਹਰਕ੍ਰਿਸ਼ਨ, ਨਵਪ੍ਰੀਤ ਤੇ ਮੈਂ) ਆਪਣੇ ਹੋਟਲ ਵਿਚ ਆ ਗਏ। ਇੱਥੇ ਬੈਠਿਆਂ ਨਵਪ੍ਰੀਤ ਨੇ ਪੁੱਛ ਲਿਆ ਕਿ ਤੁਸੀਂ ਲੁਧਿਆਣੇ ਵਿਚ ਕਿੱਥੇ ਰਹਿੰਦੇ ਸੀ ਤੇ ਤੁਹਾਡੀ ਮਾਤਾ ਜੀ ਦਾ ਕੀ ਨਾਂ ਸੀ। ਮੁਹੱਲੇ ਦਾ ਨਾਂ ਤਾਂ ਦੱਸ ਦਿੱਤਾ ਪਰ ਮਾਂ ਦਾ ਨਾਂ ਚੇਤੇ ਕਰਨ ਵਿਚ ਪੰਜ-ਸੱਤ ਮਿੰਟ ਲੱਗ ਗਏ। ਇਹ ਸਮਾਂ ਉਸ ਨੇ ਮੁਸ਼ਕਿਲ ਨਾਲ ਲੰਘਾਇਆ। ਚਿਹਰੇ ’ਤੇ ਗੰਭੀਰਤਾ ਤੇ ਉਸ ਦਾ ਅੰਦਰੋਂ ਰੋਂਦਾ ਮਨ ਮੈਨੂੰ ਅਜੇ ਵੀ ਚੇਤੇ ਹੈ। ਜਦੋਂ ਉਸ ਦੇ ਬੁੱਲ੍ਹਾਂ ’ਤੇ ਆਪਣੀ ਮਾਂ ਦਾ ਨਾਂ ‘ਬਸੰਤੀ’ ਆਇਆ ਤਾਂ ਉਸ ਦੀਆਂ ਅੱਖਾਂ ਚਮਕ ਉੱਠੀਆਂ। ਬੰਬਈ ਆ ਕੇ ਉਹ ਕੁਝ ਕਮੀ ਮਹਿਸੂਸ ਕਰਦਾ ਸੀ ਤਾਂ ਉਹ ਆਪਣੀ ਮਾਂ ਦੀ। ਮਗਰੋਂ ਜਦੋਂ ਆਪਸੀ ਪਰਿਵਾਰਕ ਸਾਂਝ ਦਾ ਪਤਾ ਲੱਗਾ ਤਾਂ ਨੇੜਤਾ ਵਿਚੋਂ ਵਿੱਥ ਖ਼ਤਮ ਹੋ ਗਈ। ਕੁਝ ਇਸ ਤਰ੍ਹਾਂ ਦੀ ਵਿਸਮਾਦਕ ਅਵਸਥਾ ’ਚ ਜਿਉਂਦਾ ਸੀ ਹਰਕ੍ਰਿਸ਼ਨ। ਕਦੇ ਕਦੇ ਇਕਾਂਤ ਤੋਂ ਵਿਆਕੁਲ ਹੋਇਆ ਹਰਕ੍ਰਿਸ਼ਨ ਮੈਨੂੰ ਆਪਣੇ ਸਟੂਡੀਓ ਵਿਚ ਪਈਆਂ ਡਰਾਇੰਗਜ਼ ਤੇ ਪੇਂਟਿੰਗਜ਼ ਨੂੰ ਲੈ ਜਾਣ ਲਈ ਆਖਦਾ। ‘‘ਲੈ ਜਾ ਪ੍ਰੇਮ ਸਿੰਹਾਂ! ਨਹੀਂ ਤਾਂ ਮੈਂ ਇਹ ਸਮੁੰਦਰ ’ਚ ਸਿੱਟ ਦੇਣੀਆਂ’’ ਵਰਗੇ ਉਸ ਦੇ ਬੋਲ ਮੈਨੂੰ ਅੰਦਰੋਂ ਪੂਰੀ ਤਰ੍ਹਾਂ ਹਿਲਾ ਦਿੰਦੇ।
ਪ੍ਰੋਫੈਸਰ ਰਾਜੇਸ਼ ਮਹਿਰਾ, ਹਰਕ੍ਰਿਸ਼ਨ ਦੇ ਪ੍ਰਸ਼ੰਸਕਾਂ ਵਿਚੋਂ ਹੈ। ਕਈ ਥਾਵਾਂ ’ਤੇ ਉਸ ਨੇ ਉਸ ਨਾਲ ਸਫ਼ਰ ਵੀ ਕੀਤਾ। ਸਫ਼ਰ ਦੌਰਾਨ ਚਿੱਤਰਕਾਰੀ ਵੀ ਕੀਤੀ। ਮਹਿਰਾ ਨੇ ਦਿੱਲੀ ਦੇ ਆਰਟ ਕਾਲਜ ਵਿਚ ਅਧਿਆਪਨ ਕੀਤਾ। ਹਰਕ੍ਰਿਸ਼ਨ ਨੇ ਵੀ ਥੋੜ੍ਹਾ ਚਿਰ ਇਸ ਕਾਲਜ ਵਿਚ ਪੜ੍ਹਾਇਆ।
ਥੋੜ੍ਹੇ ਦਿਨਾਂ ਬਾਅਦ ਵਿਜੇਯ ਮੈਨੂੰ ਗੜ੍ਹੀ ਸਟੂਡੀਓ ਵਿਚ ਮਿਲਣ ਆਈ। ਨਾਲ ਹੀ ਹਰਕ੍ਰਿਸ਼ਨ ਲਾਲ ਵੱਲੋਂ ਬਣਾਇਆ ਆਪਣੀ ਦਾਦੀ ਦਾ ਪੋਰਟਰੇਟ ਲਿਆਈ। ਸਮੇਂ ਦੇ ਨਾਲ ਤੇ ਕੁਝ ਲਾਪਰਵਾਹੀ ਕਰਕੇ ਪੋਰਟਰੇਟ ਬਹੁਤ ਖ਼ਰਾਬ ਹੋ ਚੁੱਕਾ ਸੀ। ਉਸ ਦੀ ਇੱਛਾ ਸੀ ਕਿ ਇਸ ਨੂੰ ਸੰਵਾਰਿਆ ਤੇ ਸੰਭਾਲਿਆ ਜਾਵੇ। ਉਸ ਦਾ ਮਨ ਸੀ ਕਿ ਇਸ ਦੀਆਂ ਡਿਜੀਟਲ ਕਾਪੀਆਂ ਬਣਵਾ ਕੇ ਪਰਿਵਾਰ ਵਿਚ ਸਾਰੇ ਆਪਣੇ-ਆਪਣੇ ਘਰ ਸੁਸੱਜਿਤ ਕਰ ਲਵਾਂਗੇ। ਰੰਗ ਤਿੜਕ ਕੇ ਕਿਰ ਰਹੇ ਸਨ। ਇਹ ਕੈਨਵਸ ਤੇ ਤੇਲ ਰੰਗ ’ਚ ਬਣਾਇਆ ਚਿੱਤਰ ਹੈ।
ਪੋਰਟਰੇਟ ਦੀ ਹਾਲਤ ਖਸਤਾ ਸੀ। ਰਿਸਟੋਰਰ ਨੇ ਪੈਸੇ ਬਹੁਤ ਮੰਗਣੇ ਸਨ। ਪਿਛਲੇ ਪਾਸੇ ਪੇਚਾਂ ਨਾਲ ਪਲਾਈਵੁੱਡ ਲੱਗੀ ਹੋਈ ਸੀ। ਪੇਚ ਖੋਲ੍ਹੇ, ਦਿਲ ਧੱਕ ਧੱਕ ਕਰ ਰਿਹਾ ਸੀ ਕਿ ਕਿਤੇ ਇਸ ਤੋਂ ਵੀ ਹੱਥ ਨਾ ਧੋ ਬੈਠੀਏ। ਇਸ ਕਰਕੇ ਮੈਂ ਪਹਿਲੋਂ ਹੀ ਸ਼ੀਸ਼ਾ ਲੱਗਿਆਂ ਹੀ ਇਸ ਦੀ ਫੋਟੋ ਲੈ ਲਈ। ਪਲਾਈਵੁੱਡ ਤੋਂ ਬਾਅਦ ਕਿੱਲਾਂ ਨਾਲ ਪੀਲਾ ਗੱਤਾ ਠੋਕਿਆ ਹੋਇਆ ਸੀ। ਗੱਤੇ ਤੋਂ ਬਾਅਦ ਕੈਨਵਸ ਸੀ। ਕੈਨਵਸ ਵਿਚ ਸਿਲਵਟਾਂ ਸਨ। ਕਿਰਿਆ ਹੋਇਆ ਰੰਗ ਸੀ ਸ਼ੀਸ਼ੇ ਦੇ ਆਸੇ ਪਾਸੇ। ਪਲਾਈਵੁੱਡ ਨੂੰ ਉਲਟਾ ਕੇ ਵੇਖਿਆ ਤਾਂ ਉਸ ’ਤੇ ਇਕ ਹੋਰ ਪੋਰਟਰੇਟ ਬਣਿਆ ਹੋਇਆ ਸੀ। ਇਹ ਤੇਲ-ਚਿੱਤਰ ਅਧੂਰਾ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਚਿੱਤਰ ਕਿਸ ਦਾ ਹੈ ਤੇ ਕਿਸ ਨੇ ਬਣਾਇਆ ਹੈ। ਵਿਜੇਯ ਨੂੰ ਉਸ ਦੀ ਫੋਟੋ ਵਿਖਾਈ ਪਰ ਉਹ ਵੀ ਇਸ ਦੀ ਸ਼ਨਾਖ਼ਤ ਨਾ ਕਰ ਸਕੀ। ਦਾਦੀ ਦੇ ਪੋਰਟਰੇਟ ਨੂੰ ਰੀਟੱਚ ਕਰਨ ਤੋਂ ਪਹਿਲਾਂ ਉਸ ਦੀ ਮੁੜ ਤਸਵੀਰ ਲਈ। ਇਹ ਚਿੱਤਰ ਮੋਟੇ ਰੰਗਾਂ ਨਾਲ ਬਣਾਇਆ ਹੋਇਆ ਹੈ। ਬੁਰਸ਼ ਛੁਹਾਂ ਕੋਮਲ ਅਤੇ ਕਲਾਤਮਿਕ ਹਨ।
ਇਹ ਪੋਰਟਰੇਟ ਹਰਕ੍ਰਿਸ਼ਨ ਨੇ ਸੰਨ 1942 ’ਚ ਬਣਾਇਆ। ਇਸ ਦਾ ਆਕਾਰ ਅਠਾਰਾਂ ਇੰਚ ਤੇ ਸਾਢੇ ਪੰਦਰਾਂ ਇੰਚ ਹੈ। ਖੱਬੇ ਪਾਸੇ ਉਪਰ ਕਰਕੇ ਹਰਕ੍ਰਿਸ਼ਨ ਦੇ ਹਸਤਾਖ਼ਰ ਹਨ। ਰੰਗ ਹਨ ਭੂਰਾ, ਉਨਾਭੀ, ਨੀਲਾ ਤੇ ਮਿੱਟੀ-ਰੰਗਾ। ਹਸਤਾਖ਼ਰ ਬਾਰੇ ਵਿਜੇਯ ਨੇ ਦੱਸਿਆ ਕਿ ਮਾਮਾ ਜੀ (ਹਰਕ੍ਰਿਸ਼ਨ ਲਾਲ) ਚਿੱਤਰ ਬਣਾ ਕੇ ਵਿਹੜੇ ਵਿਚ ਰੱਖ ਦਿੰਦੇ ਤੇ ਫਿਰ ਆਖਦੇ ਲੱਭੋ ਕਿ ਉਨ੍ਹਾਂ ਦਾ ਨਾਂ ਕਿੱਥੇ ਲਿਖਿਆ ਹੈ। ਮੇਰੇ ਵਿਚਾਰ ਵਿਚ ਉਹ ਇਸ ਤਰੀਕੇ ਆਪਣੇ ਪਰਿਵਾਰ ਨੂੰ ਕਲਾ ਨਾਲ ਜੋੜਨਾ ਚਾਹੁੰਦੇ ਸਨ ਤਾਂ ਕਿ ਉਹ ਚਿੱਤਰ ਨੂੰ ਨੀਝ ਤੇ ਰੀਝ ਨਾਲ ਵੇਖ ਕੇ ਉਸ ਵਿਚ ਪ੍ਰਗਟਾਈਆਂ ਅੰਤਰੀਵ ਭਾਵਨਾਵਾਂ ਨੂੰ ਮਾਣ ਸਕਣ। ਦੂਸਰਾ ਉਹ ਹਸਤਾਖ਼ਰ ਨੂੰ ਚਿੱਤਰ ਦਾ ਅੰਗ ਸਮਝਦੇ ਸਨ। ਇਸ ਕਰਕੇ ਉਹ ਚਿੱਤਰ ਵਿਚ ਇੰਨਾ ਘੁਲਿਆ-ਮਿਲਿਆ ਹੁੰਦਾ ਤੇ ਬਹੁਤ ਹੀ ਚਿੰਤਨਸ਼ੀਲ ਮਨ ਨਾਲ ਲੱਭਣਾ ਪੈਂਦਾ। ਉਸ ਦੇ ਹਸਤਾਖ਼ਰ ਉਸ ਦੇ ਚਿੱਤਰਾਂ ਵਾਂਗ ਰਵਾਇਤੀ ਸੋਚ ਤੋਂ ਬਿਲਕੁਲ ਹਟ ਕੇ ਸਨ। ਵਿਜੇਯ ਨੂੰ ਮੈਂ ਹਰਕ੍ਰਿਸ਼ਨ ਦੀ ਦਾਦੀ ਦਾ ਨਾਂ ਪੁੱਛਿਆ। ਇਹ ਉਸ ਦੇ ਚੇਤੇ ਤੋਂ ਬਾਹਰ ਸੀ। ਦਾਦੀ ਦੇ ਨੈਣ-ਨਕਸ਼ ਹਰਕ੍ਰਿਸ਼ਨ ਦਾ ਮੜੰਗਾ ਸੀ।
ਵਿਜੇਯ ਨੇ ਦੱਸਿਆ ਕਿ ਉਸ ਦਾ ਨਾਨਾ ਮਿਲਖੀ ਰਾਮ 1954 ’ਚ ਤੇ ਨਾਨੀ ਬਸੰਤੀ 1970 ਵਿਚ ਸੁਰਗਵਾਸ ਹੋ ਗਏ। ਹਰਕ੍ਰਿਸ਼ਨ ਦਾ ਵੱਡਾ ਭਰਾ ਕੁਲਵੰਤ ਰਾਏ ਫ਼ੌਜ ਵਿਚ ਗੈਰੀਸਨ ਇੰਜੀਨੀਅਰ ਸੀ ਜੋ ਹਰਕ੍ਰਿਸ਼ਨ ਦੇ ਕੰਮ ਅਤੇ ਜੀਵਨ ਢੰਗ ਤੋਂ ਬਹੁਤਾ ਖ਼ੁਸ਼ ਨਹੀਂ ਸੀ। ਨਾਨਾ ਨਾਨੀ ਦੇ ਦੇਹਾਂਤ ਉਪਰੰਤ ਕੁਲਵੰਤ ਰਾਏ ਨੇ ਉਸ ਦੇ ਸੁੱਕੇ ਰੰਗ, ਬੁਰਸ਼, ਕੈਨਵਸ ਆਦਿ ਵਿਜੇਯ ਦੇ ਪੇਕੇ ਘਰ ਪਹੁੰਚਾ ਦਿੱਤੇ। ਉਸ ਵਿਚ ਇਹ ਪੋਰਟਰੇਟ ਵੀ ਸੀ। ਵਿਜੇਯ ਨੇ ਦੱਸਿਆ ਕਿ ਹਰਕ੍ਰਿਸ਼ਨ ਨੂੰ ਉਸ ਦੀਆਂ ਭੈਣਾਂ ਬਹੁਤ ਪਿਆਰ ਤੇ ਸਤਿਕਾਰ ਦਿੰਦੀਆਂ ਸਨ। ਹਰਕ੍ਰਿਸ਼ਨ ਲਾਲ ਵੱਲੋਂ ਪੇਂਟ ਕੀਤਾ ਆਪਣੀ ਮਾਂ ‘ਬਸੰਤੀ’ ਦਾ ਪੋਰਟਰੇਟ ਕੁਲਵੰਤ ਰਾਏ ਦੇ ਪੁੱਤਰ ਰਮੇਸ਼ ਕੋਲ ਹੈ। ਇੰਗਲੈਂਡ ਵਿਚ ਰਹਿੰਦੇ ਹਰਕ੍ਰਿਸ਼ਨ ਦੇ ਭਤੀਜੇ ਕੋਲ ਵੀ ਉਸ ਦੇ ਕੁਝ ਚਿੱਤਰ ਹਨ।
ਕੁਝ ਸਮਾਂ ਪੈਣ ’ਤੇ ਵਿਜੇਯ ਦਾ ਫੋਨ ਆਇਆ। ਦੱਸਿਆ ਕਿ ਦਾਦੀ ਦਾ ਨਾਂ ਰਾਜਾ ਦੇਵੀ ਹੈ। ਘਰ ਵਿਚ ਉਸ ਨੂੰ ਰੱਜੋ ਕਰਕੇ ਸੱਦਿਆ ਜਾਂਦਾ ਸੀ। ਇਸ ਦਾ ਪਤਾ ਉਸ ਨੂੰ ਕੁਲਵੰਤ ਰਾਏ ਦੀ ਧੀ ਪਰਿਮਲਾ ਤੋਂ ਲੱਗਿਆ। ਦਾਦੀ ਬਾਰੇ ਦੱਸਦਿਆਂ ਉਸ ਆਖਿਆ ਕਿ ਉਹ ਸੌ ਵਰ੍ਹਿਆਂ ਦੇ ਸਨ। ਕਦੇ ਬਿਮਾਰ ਨਹੀਂ ਪਏ। ਬਸ ਗੁਸਲਖਾਨੇ ਗਏ ਤੇ ਉੱਥੇ ਹੀ ਪ੍ਰਾਣ ਤਿਆਗ ਦਿੱਤੇ।
ਹਰਕ੍ਰਿਸ਼ਨ ਲਾਲ ਨੇ ਬਹੁਤ ਘੱਟ ਪੋਰਟਰੇਟ ਬਣਾਏ ਹਨ ਪਰ ਮਨੁੱਖੀ ਆਕਾਰ ਉਸ ਦੇ ਚਿੱਤਰਾਂ ਵਿਚ ਅਕਸਰ ਵੇਖਣ ਨੂੰ ਮਿਲਦੇ ਹਨ। ਇਨ੍ਹਾਂ ਚਿੱਤਰਾਂ ਵਿਚ ਲਗਾਏ ਰੰਗ ਉਸ ਨੂੰ ਯੂਰਪ ਦੇ ਉਸ ਸਮੇਂ ਦੇ ਸ਼ਾਹਕਾਰ ਚਿੱਤਰਕਾਰਾਂ ਨਾਲ ਮੇਲਦੇ ਹਨ। ਰਾਜਾ ਦੇਵੀ ਦਾ ਬਣਾਇਆ ਚਿੱਤਰ ਉਸ ਦੀ ਕਲਾ ਦੀ ਸੋਚ, ਸ਼ੈਲੀ ਤੇ ਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ। ਬੁਰਸ਼ ਦੇ ਕੰਮ ਵਿਚ ਸਹਿਜ, ਸੁੱਘੜਤਾ ਤੇ ਲੈਅ, ਨੈਣ-ਨਕਸ਼ ਉਤਾਰਨ ਤੇ ਮਨ ਦੀ ਅਵਸਥਾ ਹਰਕ੍ਰਿਸ਼ਨ ਦੇ ਅੰਦਰ ਵਸਦੀ ਕਲਾ ਦੀ ਗੂੰਜ ਤੇ ਗਹਿਰਾਈ ਪ੍ਰਗਟਾਉਂਦੀ ਹੈ। ਚਿੱਤਰ ਫੁੱਲ ਵਾਂਗ ਖਿੜਿਆ ਜਾਪਦਾ ਹੈ। ਕਿਹਾ ਜਾਂਦਾ ਹੈ ਕਿ ਕਲਾ ਚਿੱਤ ਵਿਚ ਵੱਸਦੇ ਸਿਰਜਣਾਤਮਿਕ ਪਲਾਂ ਦਾ ਕਾਲਪਨਿਕ ਪ੍ਰਗਟਾਅ ਹੈ। ਹਰਕ੍ਰਿਸ਼ਨ ਵੱਲੋਂ ਦਾਦੀ ਰਾਜਾ ਦੇਵੀ ਦਾ ਚਿਤਰਿਆ ਪੋਰਟਰੇਟ ਸਾਨੂੰ ਇਸੇ ਚਿੱਤ ਵਿਚ ਖੇਡਦੇ ਪਲਾਂ ਦਾ ਅਹਿਸਾਸ ਦਿਵਾਉਂਦਾ ਹੈ।
ਹਰਕ੍ਰਿਸ਼ਨ ਨਾਲ ਬੈਠੋ ਤਾਂ ਉਹ ਘੰਟਿਆਂਬੱਧੀ ਤੁਹਾਡੇ ਨਾਲ ਗੱਲਾਂ ਕਰਦਾ ਰਹਿੰਦਾ। ਗੱਲਾਂ ਵਧੇਰੇ ਕਰਕੇ ਉਸ ਦੇ ਦੇਸ਼-ਵਿਦੇਸ਼ ’ਚ ਹੋਏ ਅਨੁਭਵ ਤੇ ਮਿੱਤਰਾਂ ਬਾਰੇ ਹੀ ਹੁੰਦੀਆਂ। ਬੰਬਈ ਦੀ ਫਿਲਮ ਇੰਡਸਟਰੀ ਦੀ ਗੱਲ ਚੱਲਦੀ ਤਾਂ ਉਹ ਸਾਹਿਰ ਲੁਧਿਆਣਵੀ, ਜੈਦੇਵ ਤੇ ਦੇਵ ਆਨੰਦ ਦਾ ਜ਼ਿਕਰ ਜ਼ਰੂਰ ਕਰਦਾ। ਫਿਲਮਸਾਜ਼ ਸੁਖਦੇਵ, ਕਲਾਕਾਰ ਤੇ ਕਲਾ ਸਮੀਖਿਅਕ ਪ੍ਰਾਨ ਨਾਥ ਮਾਗੋ, ਲੇਖਕ ਤੇ ਕਵੀ ਅੰਮ੍ਰਿਤਾ ਪ੍ਰੀਤਮ ਪ੍ਰਤੀ ਵੀ ਉਸ ਦਾ ਪਿਆਰ ਸਤਿਕਾਰ ਝਲਕਦਾ ਸੀ। ਫੋਟੋਗ੍ਰਾਫਰ ਗੁਰਮੀਤ ਸਿੰਘ ਦੇ ਜਲਦੀ ਜਾਣ ਦਾ ਦੁੱਖ ਵੀ ਸੀ। ਬੰਬਈ ਵਿਚ ਉਸ ਨੂੰ ਕੁਝ ਮਿੱਤਰ ਸਤਿਕਾਰ ਨਾਲ ‘‘ਲਾਲਾ ਜੀ’’ ਕਰਕੇ ਵੀ ਬਲਾਉਂਦੇ ਸਨ। ਪੱਬਾਂ ਵਿਚ ਬੈਠਣਾ, ਅਜਾਇਬਘਰਾਂ ਤੇ ਗੈਲਰੀਆਂ ਵਿਚ ਉਸ ਨੂੰ ਘੁੰਮਣਾ ਚੰਗਾ ਲੱਗਦਾ ਸੀ। ਕੁਆਰਾਪਣ ਉਸ ਨੂੰ ਸਤਾਉਂਦਾ ਸੀ। ਮਿੱਤਰਾਂ ਦਾ ਮਿੱਤਰ ਸੀ। ਉਹ ਕਹਿੰਦਾ ਹੁੰਦਾ ਸੀ ਕਿ ਸ਼ਹਿਰਾਂ ਦੇ ਨਾਂ ਮਿੱਤਰਾਂ ਨਾਲ ਹੀ ਯਾਦ ਰਹਿੰਦੇ ਹਨ।
ਹਰਕ੍ਰਿਸ਼ਨ ਦਾ ਮਨਪਸੰਦ ਸ਼ਹਿਰ ਪੈਰਿਸ (ਫਰਾਂਸ) ਸੀ। ਉੱਥੋਂ ਦੀਆਂ ਗੈਲਰੀਆਂ ਤੇ ਅਜਾਇਬਘਰ ਵਿਚ ਮਨਭਾਉਂਦੇ ਚਿੱਤਰ ਵੇਖ ਕੇ ਉਸ ਦਾ ਮਨ ‘ਫੁਲਕਾਰੀ’ ਵਾਂਗ ਖਿੜ ਜਾਂਦਾ ਸੀ। ਐਸੀ ਅਵਸਥਾ ਵਿਚ ਉਹ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਸਮਝਦਾ। ਮੌਨੇ ਦੇ ਬਣਾਏ ‘ਲਿਲੀਜ਼’ ਦੇ ਚਿੱਤਰਾਂ ਦਾ ਉਹ ਮੁਰੀਦ ਸੀ। ਇਸ ਦਾ ਜ਼ਿਕਰ ਕਰਦਿਆਂ ਉਸ ਦੇ ਚਿਹਰੇ ’ਤੇ ਅਨੋਖਾ ਨੂਰ ਝਲਕਦਾ ਸੀ। ਕਲਾ ਤੇ ਉਸ ਵਿਚ ਕਲਾਕਾਰ ਵੱਲੋਂ ਪ੍ਰਗਟਾਈ ਰਚਨਾਤਮਿਕ ਕਲਪਨਾ ਤੇ ਸ਼ਕਤੀ ਮਨੁੱਖ ਨੂੰ ਆਤਮਿਕ ਤੌਰ ’ਤੇ ਕਿੰਨਾ ਉਚਿਆਉਂਦੀ ਹੈ ਇਹ ਮੈਨੂੰ ਉਸ ਦੇ ਚਿਹਰੇ ’ਤੇ ਦਿਖਾਈ ਦਿੰਦਾ। ਪੈਰਿਸ ਉਸ ਲਈ ਆਤਮਿਕ ਖੁਰਾਕ ਸੀ। ਹਰਕ੍ਰਿਸ਼ਨ ਨੂੰ ਪੰਜਾਬੀਆਂ ਵਾਂਗ ‘ਮੜ੍ਹਕ’ ਨਾਲ ਜਿਊਣਾ ਆਉਂਦਾ ਸੀ। ਉਸ ਨੂੰ ਹਮੇਸ਼ਾ ਇਹ ਖ਼ੌਫ਼ ਸਤਾਉਂਦਾ ਸੀ ਕਿ ਉਸ ਦੀ ਵਧਦੀ ਉਮਰ ਨਾਲ ਉਸ ਦੇ ਦੋਸਤ ਘਟਦੇ ਜਾ ਰਹੇ ਸਨ।
ਅੱਜ ਕਲਾ ਦਾ ਤਜ਼ਾਰਤੀਕਰਨ ਤੇ ਇਸ ਵਿਚ ਹੋ ਰਿਹਾ ਕੀਮਤਾਂ ਦਾ ਸ਼ੋਰ ਜ਼ਿਆਦਾ ਹੈ। ਭਾਰਤੀ ਆਧੁਨਿਕ ਕਲਾ ਜਿਸ ਨੂੰ ਕਦੇ ਪੱਛਮ ਦੀ ਕਲਾ ਦੀ ‘ਫਿੱਕੀ’ ਨਕਲ ਸਮਝ ਕੇ ਨਕਾਰਿਆ ਜਾਂਦਾ ਸੀ, ਅੱਜ ਨਿਲਾਮਘਰਾਂ ਅਤੇ ਕਲਾ ਰਸੀਆਂ ਦੀ ਹਰਮਨ ਪਿਆਰੀ ਬਣ ਗਈ ਹੈ। ਗੈਲਰੀਆਂ ਕਦੇ ਨਿਲਾਮਘਰਾਂ ਨੂੰ ‘ਸ਼ਿਕਾਰ-ਚੋਰ’ ਕਹਿ ਕੇ ਨਿੰਦਦੀਆਂ ਸਨ ਜੋ ਹੁਣ ਇਨ੍ਹਾਂ ਦੀਆਂ ਹਮਾਇਤੀ ਬਣ ਗਈਆਂ ਹਨ। ਹਰਕ੍ਰਿਸ਼ਨ ਲਾਲ, ਧਨਰਾਜ ਭਗਤ, ਰੂਪ ਕ੍ਰਿਸ਼ਨ ਵਰਗੇ ਸਿਰਜਣਾਤਮਿਕ ਤੇ ਮੌਲਿਕ ਚਿੱਤਰਕਾਰ ਅੱਜ ਵਿਸਾਰ ਦਿੱਤੇ ਗਏ ਹਨ। ਇਹ ਬਹੁਤ ਹੀ ਮੰਦਭਾਗਾ ਹੈ। ਇਸ ਭੁੱਲ ਦੀ ਸੋਧ ਹਰ ਕਲਾਕਾਰ ਤੇ ਕਲਾ ਰਸੀਏ ਦੀ ਨੈਤਿਕ ਜ਼ਿੰਮੇਵਾਰੀ ਹੈ। ਹਰਕ੍ਰਿਸ਼ਨ ਲਾਲ ਦੀ ਚਿੱਤਰਕਲਾ ਇਸ ਪੱਖੋਂ ਵਿਸ਼ੇਸ਼ ਧਿਆਨ ਮੰਗਦੀ ਹੈ। ਕਦੋਂ ਜਾਗਣਗੀਆਂ ਸਾਡੀਆਂ ਕਲਾ ਨਾਲ ਜੁੜੀਆਂ ਸੰਸਥਾਵਾਂ?
ਸੰਪਰਕ: 98110-52271