ਚਰੰਜੀ ਲਾਲ ਕੰਗਣੀਵਾਲ
ਪੰਜਾਬ ਅਤੇ ਬੰਗਾਲ ਦੇ ਰਿਸ਼ਤੇ ਸਦੀਆਂ ਪੁਰਾਣੇ ਹਨ। ਨਾਥ-ਯੋਗੀਆਂ ਦੇ ਸਮਿਆਂ ਵਿਚ ਪੰਜਾਬ ਦੇ ਯੋਗੀਆਂ ਦੀ ਬੰਗਾਲ ਜਾਣ ਅਤੇ ਵਾਪਸ ਆਉਣ ਦੀਆਂ ਕਥਾਵਾਂ ਮਸ਼ਹੂਰ ਹਨ। ਗੁਰੂ ਨਾਨਕ ਦੇਵ ਜੀ ਅਤੇ ਚੇਤੰਨਯ ਵਿਚ ਮੁਲਾਕਾਤ ਬਾਰੇ ਵੀ ਸਾਖੀ ਮਿਲਦੀ ਹੈ। ਗੁਰੂ ਤੇਗ਼ ਬਹਾਦਰ ਜੀ ਦੇ ਢਾਕੇ ਦੀ ਸਿੱਖ ਸੰਗਤ ਨੂੰ ਹੁਕਮਨਾਮੇ ਜਿਹੇ ਦਸਤਾਵੇਜ਼ ਪੁਰਾਣੇ ਸਬੰਧਾਂ ਦੀ ਕਹਾਣੀ ਦੱਸਦੇ ਹਨ। ਅੰਗਰੇਜ਼ਾਂ ਦੇ ਪੰਜਾਬ ਵਿਚ ਆਉਣ ’ਤੇ ਵੱਡੀ ਗਿਣਤੀ ਵਿਚ ਬੰਗਾਲੀ ਪੰਜਾਬ ਵਿਚ ਆਏ। ਬੰਗਾਲ ਵਿਚ ਜਨਮੇ ਬ੍ਰਹਮੋ ਸਮਾਜ ਨੂੰ ਪੰਜਾਬ ਵਿਚ ਜੀ ਆਇਆਂ ਕਿਹਾ ਗਿਆ। ਗ਼ਦਰ ਪਾਰਟੀ ਦੇ ਆਗੂਆਂ ਨੇ ਬੰਗਾਲ ਤੋਂ ਰਾਸ ਬਿਹਾਰੀ ਬੋਸ ਨੂੰ ਗ਼ਦਰ ਵਿਚ ਹਿੱਸਾ ਪਾਉਣ ਲਈ ਸੱਦਿਆ। ਰਾਬਿੰਦਰ ਨਾਥ ਟੈਗੋਰ ਪੰਜਾਬ ਵਿਚ ਆ ਕੇ ਰਹੇ ਅਤੇ ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਵਿਚ ‘ਸਰ’ ਦਾ ਖ਼ਿਤਾਬ ਵਾਪਸ ਕੀਤਾ। ਭਗਤ ਸਿੰਘ ਦੇ ਕਈ ਸਾਥੀ ਬੰਗਾਲ ਨਾਲ ਸਬੰਧ ਰੱਖਦੇ ਸਨ। ਇਸੇ ਤਰ੍ਹਾਂ ਪੰਜਾਬੀ ਆਗੂਆਂ ਦੇ ਸੁਭਾਸ਼ ਚੰਦਰ ਬੋਸ ਨਾਲ ਵੀ ਬਹੁਤ ਨਜ਼ਦੀਕੀ ਸਬੰਧ ਸਨ ਅਤੇ ਉਨ੍ਹਾਂ ਨੇ ਬੋਸ ਨੂੰ ਭਾਰਤ ਚੋਂ ਬਾਹਰ ਲਿਜਾਣ ਅਤੇ ਅਫ਼ਗਾਨਿਸਤਾਨ ਪਹੁੰਚਾਉਣ ਵਿਚ ਵੱਡੀ ਭੂਮਿਕਾ ਨਿਭਾਈ।
ਅੰਗਰੇਜ਼ੀ ਸਰਕਾਰ ਦੀਆਂ ਨਜ਼ਰਾਂ ਤੋਂ ਬਚ ਕੇ ਸੁਭਾਸ਼ ਚੰਦਰ ਬੋਸ ਦਾ ਕਾਬਲ ਤੋਂ ਹੁੰਦੇ ਹੋਏ ਜਰਮਨ ਤੱਕ ਦੇ ਸਫ਼ਰ ਦਾ ਪ੍ਰਸੰਗ ਬੜਾ ਮਹੱਤਵਪੂਰਨ ਹੈ। ਬੋਸ ਰੂਸ ਜਾਣਾ ਚਾਹੁੰਦੇ ਸਨ ਪਰ ਅਣਸੁਖਾਵੇਂ ਹਾਲਾਤ ਕਾਰਨ ਉਹ ਸਫ਼ਲ ਨਾ ਹੋ ਸਕੇ। ਇਸ ਸਾਰੇ ਕਾਰਜ ਦੀ ਜਿ਼ੰਮੇਵਾਰੀ ਪੰਜਾਬ ਦੀ ਕਿਰਤੀ ਪਾਰਟੀ ਦੇ ਆਗੂਆਂ ਤੇ ਨਿਰਭਰ ਸੀ ਜਿਹੜੇ ਅੰਤਲੇ ਸਮੇਂ ਬੋਸ ਨੂੰ ਮਾਸਕੋ ਪਹੁੰਚਾਉਣ ਤੋਂ ਖੁੰਝ ਗਏ ਸਨ। ਇਸ ਗੁਪਤ ਕਾਰਨਾਮੇ ਤੋਂ ਪਤਾ ਲੱਗਦਾ ਹੈ ਕਿ ਬੋਸ ਦੇ ਸਬੰਧ ਪੰਜਾਬ ਦੇ ਇਨਕਲਾਬੀਆਂ ਨਾਲ ਕਿਸ ਤਰ੍ਹਾਂ ਦੇ ਸਨ।
ਭਾਰਤ ਦਾ ਅਫਗਾਨਿਸਤਾਨ ਨਾਲ ਰਿਸ਼ਤਾ ਪ੍ਰਾਚੀਨ ਕਾਲ ਤੋਂ ਹੈ। ਅਸ਼ੋਕ ਸਮਰਾਟ ਦੇ ਸਮੇਂ ਬੁੱਧ ਮੱਤ ਪ੍ਰਚਾਰ ਤੇਜ਼ੀ ਨਾਲ ਹੋਇਆ ਤਾਂ ਅਫਗਾਨਿਸਤਾਨ ਵੀ ਇਸ ਦੇ ਪ੍ਰਭਾਵ ਹੇਠ ਆਇਆ। ਉਥੋਂ ਦੇ ਦੋ ਹਜ਼ਾਰ ਸਾਲ ਪੁਰਾਣੇ ਮਹਾਤਮਾ ਬੁੱਧ ਦੇ ਬੁੱਤ ਸਬੂਤ ਸਨ ਜਿਨ੍ਹਾਂ ਨੂੰ ਤਾਲਿਬਾਨ ਨੇ ਤੋੜਿਆ। ਅਫਗਾਨਾਂ ਦੀ ਖਾਸੀਅਤ ਸਦਾ ਅੰਗਰੇਜ਼ ਸਾਮਰਾਜ ਵਿਰੋਧੀ ਹੋਣ ਕਾਰਨ ਭਾਰਤੀ ਇਨਕਲਾਬੀ ਕਾਬੁਲ ਦੀ ਧਰਤੀ ਦੀ ਓਟ ਲੈਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਸਬੰਧ ਹੋਰ ਮਜ਼ਬੂਤ ਹੋਏ ਅਤੇ ਕਾਫੀ ਪੰਜਾਬੀ ਅਫਗਾਨਿਸਤਾਨ ਵਿਚ ਵਸ ਗਏ। ਕਾਬਲ ਵਿਚ ਲਾਲਪੁਰਾ, ਜਲਾਲਾਬਾਦ, ਢੱਕਾਂ, ਸੁਲਤਾਨਪੁਰ ਆਦਿ ਉਨ੍ਹਾਂ ਆਪਣੇ ਪੁਸ਼ਤੈਨੀ ਪਿੰਡਾਂ ਦੇ ਨਾਂ ਤੇ ਵਸਾਏ ਸਨ। ਰੂਸ ਦੇ ਇਨਕਲਾਬ ਤੋਂ ਪਿਛੋਂ ਭਾਰਤ ਤੇ ਰੂਸ ਦੀਆਂ ਹੱਦਾਂ ਵਿਚਕਾਰ ਅਫਗਾਨਿਸਤਾਨ ਨਾਲ ਹਿੰਦੋਸਤਾਨ ਦੇ ਸਬੰਧ ਸੁਖਾਵੇਂ ਰਹੇ ਅਤੇ ਦੂਜੇ ਸੰਸਾਰ ਯੁੱਧ ਤੱਕ ਅੰਗਰੇਜ਼ੀ ਸਾਮਰਾਜ ਵਿਰੁੱਧ ਕਾਬੁਲ ਅੱਡੇ ਤੋਂ ਯੋਜਨਾਵਾਂ ਬਣਾਈਆਂ ਜਾਂਦੀਆਂ ਰਹੀਆਂ। ਇਨ੍ਹਾਂ ਯੋਜਨਾਵਾਂ ਵਿਚੋਂ ਹੀ ਇੱਕ ਸੁਭਾਸ਼ ਚੰਦਰ ਬੋਸ ਨੂੰ ਰੂਸ ਜਾਣ ਲਈ ਕਾਬੁਲ ਅੱਡੇ ਤੱਕ ਪਹੁੰਚਾਉਣਾ ਸੀ।
1920 ਦੇ ਸ਼ੁਰੂ ਵਿਚ ਦਿੱਲੀ ਵਿਚ ਖਿਲਾਫ਼ਤ ਕਾਨਫਰੰਸ ਹੋਈ ਜਿਸ ਵਿਚ ਐਲਾਨ ਕਰ ਕੇ ਸਾਰੇ ਨੌਜਵਾਨ ਮੁਸਲਮਾਨਾਂ ਨੂੰ ਹਿਜਰਤ ਦਾ ਸੱਦਾ ਦਿੱਤਾ ਗਿਆ। ਇਸ ਨੂੰ ਹੁੰਗਾਰਾ ਭਰਦਿਆਂ ਸਿੰਧ, ਸਰਹੱਦੀ ਸੂਬਾ, ਪੰਜਾਬ ਤੇ ਹੋਰ ਸੂਬਿਆਂ ਵਿਚੋਂ ਹਜ਼ਾਰਾਂ ਦੀ ਤਾਦਾਦ ਵਿਚ ਔਰਤਾਂ, ਬੱਚੇ ਤੇ ਆਦਮੀ ਆਪਣੀ ਜ਼ਮੀਨ ਅਤੇ ਮਕਾਨ ਵੇਚ ਕੇ ਅਫ਼ਗਾਨਿਸਤਾਨ ਵੱਲ ਚੱਲ ਪਏ ਸਨ। ਇਹ ਅੰਗਰੇਜ਼ ਸਾਮਰਾਜ ਵਿਰੋਧੀ ਇਸਲਾਮ ਭਾਈਚਾਰੇ ਦਾ ਸਖ਼ਤ ਤੇ ਸ਼ਕਤੀਸ਼ਾਲੀ ਜਜ਼ਬਾ ਸੀ, ਖਿਲਾਫ਼ਤ ਨੂੰ ਬਹਾਲ ਕਰਨ ਦਾ। ਇਨ੍ਹਾਂ ਵਿਚੋਂ ਹੀ ਨੌਜਵਾਨ ਵਿਦਿਆਰਥੀ ਸ਼ੌਕਤ ਉਸਮਾਨੀ, ਅਬਦੁਲ ਮਜੀਦ, ਫਿਰੋਜ਼ਦੀਨ ਮਨਸੂਰ, ਫਜ਼ਲ ਇਲਾਹੀ ਕੁਰਬਾਨ, ਅਲੀ ਅਹਿਮਦ, ਮੁਹਮੰਦ ਇਕਬਾਲ ਸ਼ੈਦਾਈ, ਜਫ਼ਰ ਹਸਨ, ਮੁਹਮੰਦ ਅਲੀ ਆਦਿ ਉਥੇ ਪਹਿਲਾਂ ਹੀ ਪੁੱਜੇ ਹੋਏ ਮੌਲਵੀ ਬਰਕਤ ਉੱਲਾ, ਉਬੈਦੁਲਾ ਸਿੰਧੀ ਨੂੰ ਮਿਲ ਕੇ ਸੋਵੀਅਤ ਰੂਸ ਤੋਂ ਐਸੇ ਪ੍ਰਭਾਵਿਤ ਹੋਏ ਕਿ ਉਹ ਉਮਰ ਭਰ ਮਾਰਕਸੀ ਵਿਚਾਰਧਾਰਾ ਦੇ ਪਹਿਰੇਦਾਰ ਰਹੇ। ਇਨ੍ਹਾਂ ਇਤਿਹਾਸਕ ਘਟਨਾਵਾਂ ਦੀ ਰੋਸ਼ਨੀ ਵਿਚ ਹੀ ਕਿਰਤੀ ਪਾਰਟੀ ਨੇ ਸੁਭਾਸ਼ ਚੰਦਰ ਬੋਸ ਨੂੰ ਕਾਬੁਲ ਅੱਡੇ ਪਹੁੰਚਾਉਣ ਦਾ ਮੁਸ਼ਕਿਲ ਕਾਰਨਾਮਾ ਕੀਤਾ ਸੀ।
ਕਾਬੁਲ ਅੱਡੇ ਬਾਰੇ ਖੁਫ਼ੀਆ ਵਿਭਾਗ ਦੇ ਡਾਇਰੈਕਟਰ ਨੇ ਲਿਖਿਆ: ‘’1930 ਵਿਚ ਗ਼ਦਰ ਪਾਰਟੀ ਨੇ ਆਪਣਾ ਕੰਮ ਮੁੜ ਚਲਾਉਣ ਲਈ ਕਾਬੁਲ ਵਿਚ ਕੇਂਦਰ ਸਥਾਪਿਤ ਕੀਤਾ। ਗੁਰਮੁਖ ਸਿੰਘ, ਰਤਨ ਸਿੰਘ ਡੱਬਾ ਇਸ ਦੇ ਇੰਚਾਰਜ ਸਨ ਅਤੇ ਹਿੰਦੋਸਤਾਨ ਨੂੰ ਹਥਿਆਰ ਭੇਜਣ ਦੀ ਕੋਸ਼ਿਸ਼ ਕਰਦੇ। ਕਾਬੁਲ ਵਿਚ ਸੋਵੀਅਤ ਅੰਬੈਸੀ ਨਾਲ ਇਨ੍ਹਾਂ ਨੇ ਕਾਫ਼ੀ ਗਹਿਰੇ ਸਬੰਧ ਬਣਾ ਲਏ ਸਨ। ਰਤਨ ਸਿੰਘ 1931 ਅਤੇ ਗੁਰਮੁੱਖ ਸਿੰਘ 1932 ਵਿਚ ਡੀਪੋਰਟ ਕੀਤੇ ਜਾਣ ਤੋਂ ਬਾਅਦ ਗ਼ਦਰ ਪਾਰਟੀ ਦਾ ਕਾਰਜ-ਭਾਰ ਈਸ਼ਰ ਸਿੰਘ ਉਰਫ਼ ਵਾਸਦੇਵ ਸਿੰਘ ਨੇ ਸੰਭਾਲਿਆ, ਜਿਹੜਾ ਤੇਜਾ ਸਿੰਘ ਸੁਤੰਤਰ ਦੀ ਪਤਨੀ ਦਾ ਭਰਾ ਸੀ। ਵਾਸਦੇਵ ਸਿੰਘ ਮਾਸਕੋ ਯੂਨੀਵਰਸਿਟੀ ਵਿਚੋਂ ਸਿਖਲਾਈ ਲੈ ਕੇ ਆਇਆ ਸੀ।’’
ਜ਼ਾਹਿਰ ਹੈ ਕਿ ਯੁਗਾਂਤਰ ਆਸ਼ਰਮ ਦੀਆਂ ਹਦਾਇਤਾਂ ਤੇ ਮਾਸਕੋ ਵਿਚ ਸਿਖਲਾਈ ਦੇ ਸਿਲਸਿਲੇ ਹੇਠ ਈਸਟ ਅਫਰੀਕਾ, ਅਰਜਨਟੀਨਾ, ਪਨਾਮਾ ਆਦਿ ਤੋਂ ਜਾਣ ਵਾਲੇ ਗ਼ਦਰੀ ਸਿਖਿਆਰਥੀਆਂ ਨੂੰ ਭਾਰਤ ਪਰਤਣਾ ਬਹੁਤ ਮੁਸ਼ਕਿਲ ਸੀ। ਸਰਕਾਰ ਦੀਆਂ ਸਖ਼ਤੀਆਂ, ਪਾਸਪੋਰਟਾਂ ਤੋਂ ਬਿਨਾਂ ਉਨ੍ਹਾਂ ਨੂੰ ਘਣੇ ਜੰਗਲਾਂ, ਵਗਦੇ ਦਰਿਆਵਾਂ, ਪਰਬਤਾਂ ਨੂੰ ਪਾਰ ਕਰਨ ਲਈ ਜ਼ਿੰਦਗੀ ਦਾਅ ਉੱਤੇ ਲਾਉਣੀ ਪੈਂਦੀ ਸੀ। ਸੁਭਾਸ਼ ਚੰਦਰ ਬੋਸ ਕਾਂਗਰਸ ਦੀ ਲੀਡਰਸ਼ਿਪ ਅਤੇ ਉਸ ਦੀਆਂ ਨੀਤੀਆਂ ਤੋਂ ਅਵਾਜਾਰ ਹੋ ਕੇ ਦੂਜੀ ਸੰਸਾਰ ਜੰਗ ਸਮੇਂ ਬਰਤਾਨਵੀ ਸਾਮਰਾਜ ਉੱਤੇ ਮਾਰੂ ਸੱਟ ਮਾਰਨ ਲਈ ਬਾਹਰੀ ਮਦਦ ਵਾਸਤੇ ਸੋਵੀਅਤ ਰੂਸ ਜਾਣ ਦਾ ਇਛੁੱਕ ਸੀ। ਸੁਭਾਸ਼ ਨੂੰ ਰੂਸ ਜਾਣ ਲਈ ਉਡੀਕ ਕਰਦਿਆਂ ਕਾਫ਼ੀ ਸਮਾਂ ਕਾਬੁਲ ਠਹਿਰਨਾ ਪਿਆ ਸੀ।
ਨੇਤਾ ਜੀ ਸੁਭਾਸ਼ ਚੰਦਰ ਬੋਸ ਕਾਂਗਰਸ ਦਾ ਪ੍ਰਧਾਨ ਬਣਨ ਪਿੱਛੋਂ ਮਹਾਤਮਾ ਗਾਂਧੀ ਦੀ ਰੰਜਸ਼ ਤੋਂ ਤੰਗ ਸੀ ਅਤੇ ਉਸ ਨੇ ਸੋਵੀਅਤ ਰੂਸ ਜਾਣ ਦਾ ਮਨ ਬਣਾਇਆ। ਉਸ ਦਾ ਵਿਚਾਰ ਸੀ ਕਿ ਸੋਵੀਅਤ ਰੂਸ ਆਪਣੀ ਨੀਤੀ ਅਤੇ ਗੁਆਂਢੀ ਹੋਣ ਕਰ ਕੇ ਸਾਡੀ ਆਜ਼ਾਦੀ ਦੀ ਲੜਾਈ ਵਿਚ ਸਹਾਈ ਹੋ ਸਕਦਾ ਹੈ। ਇਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਅੰਦਰ ਗਰਮ-ਪੱਖੀਆਂ ਅਤੇ ਨੌਜਵਾਨਾਂ ਦਾ ਕਾਫੀ ਜ਼ੋਰ ਸੀ।
1939 ਵਿਚ ਸੁਭਾਸ਼ ਚੰਦਰ ਬੋਸ ਦੂਜੀ ਵਾਰ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ ਪਰ ਗਾਂਧੀ ਉਸ ਦੇ ਦੁਬਾਰਾ ਬਣਨ ਦੇ ਹੱਕ ਵਿਚ ਨਹੀਂ ਸੀ। ਮਹਾਤਮਾ ਗਾਂਧੀ ਨੇ ਉਸ ਦੇ ਮੁਕਾਬਲੇ ਪਹਿਲਾਂ ਮੌਲਾਨਾ ਕਲਾਮ ਆਜ਼ਾਦ, ਫਿਰ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਸ ਅਹੁਦੇ ਲਈ ਪੇਸ਼ਕਸ਼ ਕੀਤੀ ਪਰ ਉਨ੍ਹਾਂ ਦੋਵਾਂ ਨੇ ਇਨਕਾਰ ਕਰ ਦਿੱਤਾ। ਫਿਰ ਉਸ ਨੇ ਆਂਧਰਾ ਦੇ ਕਾਂਗਰਸੀ ਪਟਾਭੀ ਸੀਤਾ ਰਮੱਈਆ ਨੂੰ ਸੁਭਾਸ਼ ਦੇ ਮੁਕਾਬਲੇ ਲਈ ਤਿਆਰ ਕਰ ਲਿਆ। ਪਾਰਟੀ ਅੰਦਰ ਜਦੋਂ ਵੀ ਕੋਈ ਵੱਡਾ ਮਸਲਾ ਗੰਭੀਰ ਬਣ ਜਾਂਦਾ ਸੀ ਤਾਂ ਉਸ ਨੂੰ ਸਾਲਸਾਂ ਰਾਹੀਂ ਹੱਲ ਕਰ ਲਿਆ ਜਾਂਦਾ ਸੀ। ਸੁਭਾਸ਼ ਦੇ ਹੱਕ ਵਿਚ ਬੰਗਾਲ ਦੀ ਸੂਬਾ ਕਮੇਟੀ, ਨੌਜਵਾਨ ਕੇਡਰ ਤੋਂ ਬਿਨਾਂ ਖੱਬੇ ਪੱਖੀ ਤੇ ਰਵਿੰਦਰ ਨਾਥ ਟੈਗੋਰ ਵੀ ਸਨ। ਟੈਗੋਰ ਨੇ ਮਹਾਤਮਾ ਗਾਂਧੀ ਨੂੰ ਚਿੱਠੀ ਲਿਖ ਕੇ ਕਿਹਾ ਕਿ, ‘ਸੁਭਾਸ਼ ਚੰਦਰ ਬੋਸ ਨੂੰ ਪ੍ਰਧਾਨ ਬਣਾਇਆ ਜਾਵੇ ਕਿਉਂਕਿ ਲੰਮੇ ਅਰਸੇ ਤੋਂ ਮੇਰੇ ਪ੍ਰਦੇਸ਼ ਦਾ ਅਪਮਾਨ ਤੇ ਅਣਦੇਖੀ ਹੁੰਦੀ ਆ ਰਹੀ ਹੈ। ਮੈਂ ਤੁਹਾਨੂੰ ਯਕੀਨ ਦੁਆਉਂਦਾ ਹਾਂ ਕਿ ਮੈਂ ਆਪਣੀ ਹੈਸੀਅਤ ਅਨੁਸਾਰ ਸੁਭਾਸ਼ ਦੀ ਪਿੱਠ ‘ਤੇ ਰਹਾਂਗਾ।’ ਪਰ ਟੈਗੋਰ ਦੀ ਚਿੱਠੀ ਦਾ ਮਹਾਤਮਾ ਗਾਂਧੀ ਨੇ ਕੋਈ ਹੁੰਗਾਰਾ ਨਾ ਦਿੱਤਾ।
ਇਹ ਹੈਰਾਨੀ ਦੀ ਗੱਲ ਸੀ ਕਿ ਟੈਗੋਰ ਨੇ ਪਹਿਲੀ ਵਾਰ ਕਾਂਗਰਸ ਦੇ ਅੰਦਰੂਨੀ ਮਸਲੇ ਲਈ ਇਹ ਦਖ਼ਲ ਦਿੱਤਾ ਸੀ। ਇਸ ਤੋਂ ਪਹਿਲਾਂ ਤਾਂ ਹਮੇਸ਼ਾਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੁੰਦੀ ਆਈ ਸੀ। ਮਹਾਤਮਾ ਗਾਂਧੀ ਦੀ ਅੜੀ ਕਾਰਨ ਸੁਭਾਸ਼ ਦੀ ਪ੍ਰਧਾਨਗੀ ਲਈ ਪਹਿਲੀ ਵਾਰ ਵੋਟਾਂ ਰਾਹੀਂ ਚੋਣ ਹੋਈ ਅਤੇ ਸੁਭਾਸ਼ ਦੇ ਹੱਕ ਵਿਚ 1580 ਅਤੇ ਸੀਤਾ ਰਮੱਈਆ ਨੂੰ 1380 ਵੋਟਾਂ ਪਈਆਂ। ਇਸ ਤਰ੍ਹਾਂ ਵੱਡੇ ਫਰਕ ਨਾਲ ਸੁਭਾਸ਼ ਚੰਦਰ ਬੋਸ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ। ਮਹਾਤਮਾ ਗਾਂਧੀ ਨੇ ਜਿਥੇ ਇਸ ਨੂੰ ਆਪਣੀ ਜਾਤੀ ਹਾਰ ਸਮਝਿਆ, ਉਥੇ ਸੁਭਾਸ਼ ਨੇ ਇਸ ਨੂੰ ਖੱਬੇ ਪੱਖੀਆਂ ਦੀ ਜਿੱਤ ਸਮਝਿਆ। ਕਾਂਗਰਸ ਪਾਰਟੀ, ਸੁਭਾਸ਼ ਕਾਂਗਰਸ ਅਤੇ ਗਾਂਧੀ ਕਾਂਗਰਸ ਧੜਿਆਂ ਵਿਚ ਵੰਡੀ ਗਈ। ਮਹਾਤਮਾ ਗਾਂਧੀ ਨੇ ਗੈਰ ਜਮਹੂਰੀ ਤਰੀਕੇ ਨਾਲ, ਕਾਂਗਰਸ ਪਾਰਟੀ ਦੀਆਂ ਪ੍ਰੰਪਰਾਵਾਂ ਅਤੇ ਨਿਯਮਾਂ ਦੇ ਵਿਰੁੱਧ ਹੋ ਕੇ ਸੁਭਾਸ਼ ਰਾਹੀਂ ਕਾਂਗਰਸ ਵਰਕਿੰਗ ਕਮੇਟੀ ਦੀ ਕੀਤੀ ਜਾਣ ਵਾਲੀ ਚੋਣ ਨਾ ਹੋਣ ਦਿੱਤੀ। ਗਾਂਧੀ ਦੇ ਇਸ ਰਵੱਈਏ ਤੋਂ ਤੰਗ ਆ ਕੇ ਸੁਭਾਸ਼ ਚੰਦਰ ਬੋਸ ਨੇ ਪ੍ਰਧਾਨਗੀ ਪਦ ਤੋਂ ਅਸਤੀਫਾ ਦੇ ਕੇ 1939 ਵਿਚ ‘ਫਾਰਵਰਡ ਬਲਾਕ’ ਨਾਂ ਦੀ ਪਾਰਟੀ ਬਣਾ ਲਈ। ਪੰਜਾਬ ਵਿਚੋਂ ਕੇਂਦਰੀ ਕਮੇਟੀ ਮੈਂਬਰ ਸਰਦੂਲ ਸਿੰਘ ‘ਕਵੀਸ਼ਰ’ ਨੇ ਵੀ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਫਾਰਵਰਡ ਬਲਾਕ ਵਿਚ ਸ਼ਾਮਲ ਹੋ ਕੇ ਪੰਜਾਬ ਇਕਾਈ ਦੇ ਪ੍ਰਧਾਨ ਬਣੇ। ਸੁਭਾਸ਼ ਚੰਦਰ ਬੋਸ ਨੇ ਪਾਰਟੀ ਬਾਰੇ ਕਿਹਾ ਕਿ The time has come for the Left Wing to differentiate itself from the Right Wing and proceed to consolidate itself. This is the task of the Left Wing today. To fulfill this task the Forward Block had come into existence.
‘ਕਵੀਸ਼ਰ’ ਨੇ ਸੁਭਾਸ਼ ਚੰਦਰ ਬੋਸ ਦੁਆਰਾ ਦਿੱਤੇ ਨਾਹਰੇ “Freedom comes to those who dare and act” ਨੂੰ ਪੰਜਾਬ ਵਿਚ ਲਾਗੂ ਕਰਨ ਦੇ ਯਤਨ ਕੀਤੇ ਤਾਂ ਕਿ ਨੌਜਵਾਨਾਂ, ਵੱਖ ਵੱਖ ਪਾਰਟੀਆਂ ਅਤੇ ਸੰਸਥਾਵਾਂ ਨਾਲ ਮਿਲ ਕੇ ਆਜ਼ਾਦੀ ਅੰਦੋਲਨ ਨੂੰ ਗਤੀਸ਼ੀਲ ਬਣਾਇਆ ਜਾ ਸਕੇ। ਸੁਭਾਸ਼ ਚੰਦਰ ਬੋਸ ਦਾ ਇਹ ਵਿਚਾਰ ਸੀ ਕਿ ਕਾਂਗਰਸੀ ਲੀਡਰਾਂ ਨੇ ਕਾਂਗਰਸ ਨੂੰ ਕੌਮੀ ਆਜ਼ਾਦੀ ਦੀ ਲੜਾਈ ਦਾ ਹਥਿਆਰ ਨਹੀਂ ਬਣਨ ਦੇਣਾ ਜਿਸ ਲਈ ਬਾਹਰਲੀ ਸਹਾਇਤਾ ਤੋਂ ਬਿਨਾਂ ਸਫਲਤਾ ਮੁਸ਼ਕਿਲ ਹੈ। ਇਸ ਵਿਚਾਰ ਨਾਲ ਉਸ ਨੇ ਰੂਸ ਜਾਣ ਅਤੇ ਉਥੋਂ ਦੀ ਕਮਿਊਨਿਸਟ ਪਾਰਟੀ ਦੀ ਸਹਾਇਤਾ ਲੈਣ ਦੀ ਖਾਹਸ਼ ਨਰੰਜਨ ਸਿੰਘ ਤਾਲਬਿ ਅਤੇ ਕਾਮਰੇਡ ਮੀਆਂ ਅਕਬਰ ਖਾਂ (ਪਿਸ਼ਾਵਰ ਬਾਲਸ਼ਿਵਕ ਸਾਜ਼ਿਸ਼ ਕੇਸ ਦਾ ਹੀਰੋ) ਕੋਲ ਜ਼ਾਹਰ ਕੀਤੀ।
ਕਾਮਰੇਡ ਅੱਛਰ ਸਿੰਘ ਛੀਨਾ ਮਾਸਕੋ ਤੋਂ ਟਰੇਨਿੰਗ ਲੈ ਕੇ ਆਇਆ ਤਾਂ ਉਸ ਦਾ ਪੰਜਾਬ ਵਿਚ ਕਾਫੀ ਪ੍ਰਭਾਵ ਸੀ। ਮਾਰਚ 1938 ਵਿਚ ਅੰਮ੍ਰਿਤਸਰ ਦੇ ਪਿੰਡ ਫਤੇਵਾਲ ਵਿਚ ਕਾਂਗਰਸ ਦੇ ਜਲਸੇ ਉਤੇ ਦੋ ਬਦਮਾਸ਼ ਮਾਰੇ ਗਏ। ਪੰਜਾਬ ਸਰਕਾਰ ਉਨ੍ਹਾਂ ਕਤਲਾਂ ਦਾ ਕੇਸ ਛੀਨਾ ਜੀ ਦੇ ਸਿਰ ਪਾ ਕੇ ਜੇਲ੍ਹ ਵਿਚ ਸੁੱਟਣਾ ਚਾਹੁੰਦਾ ਸੀ। ਅੱਛਰ ਸਿੰਘ ਛੀਨਾ ਰੂਪੋਸ਼ ਹੋ ਕੇ ਬੰਗਾਲ ਪੁੱਜ ਗਏ ਜਿਥੇ ਨਰੰਜਨ ਸਿੰਘ ਤਾਲਬਿ ਰਾਹੀਂ ਉਸ ਦਾ ਮਿਲਾਪ ਸੁਭਾਸ਼ ਚੰਦਰ ਬੋਸ ਨਾਲ ਹੋਇਆ।
ਸੁਭਾਸ਼ ਚੰਦਰ ਬੋਸ ਕਿਰਤੀ ਕਿਸਾਨ ਪਾਰਟੀ ਦੇ ਹੋਰ ਨਜ਼ਦੀਕ ਉਦੋਂ ਆਏ ਸਨ ਜਦੋਂ ਪੰਜਾਬ, ਦਿੱਲੀ ਵਿਚ ‘ਸਿਆਸੀ ਕੈਦੀਓਂ ਕੋ ਰਿਹਾਅ ਕਰੋ’ ਦੀ ਜੱਦੋ-ਜਹਿਦ ਜ਼ੋਰਾਂ ਤੇ ਸੀ। ਪੰਜਾਬ ਦੀਆਂ ਜੇਲ੍ਹਾਂ ਵਿਚ ਗ਼ਦਰੀ ਬਾਬੇ ਅਤੇ ਕਿਰਤੀ ਆਗੂਆਂ ਨੂੰ ਬਾਗ਼ੀਆਨਾ ਭਾਸ਼ਣ, ਦਫ਼ਾ 144 ਤੋੜਨ ਦੇ ਦੋਸ਼ ਹੇਠ ਬਿਨਾਂ ਮੁਕੱਦਮਾ ਸ਼ਾਹੀ ਕੈਦੀ ਬਣਾ ਕੇ ਸਾਲਾਂ ਤੋਂ ਡੱਕਿਆ ਹੋਇਆ ਸੀ। ਅੰਡੇਮਾਨ ਜੇਲ੍ਹ ਵਿਚ ਬਾਬਾ ਗੁਰਮੁਖ ਸਿੰਘ ਤੇ ਕਾਮਰੇਡ ਧਨਵੰਤਰੀ ਜਿਹੇ ਅਨੇਕਾਂ ਇਨਕਲਾਬੀਆਂ ਨੂੰ ਸਜ਼ਾਵਾਂ ਪੂਰੀਆਂ ਕਰਨ ਤੇ ਵੀ ਰਿਹਾਅ ਨਹੀਂ ਸੀ ਕੀਤਾ ਜਾ ਰਿਹਾ। ਇਨ੍ਹਾਂ ਦੀਆਂ ਰਿਹਾਈਆਂ ਲਈ ਲਾਹੌਰ ਅਸੈਂਬਲੀ ਸਾਹਮਣੇ ਭੁੱਖ ਹੜਤਾਲ ਰੱਖੀ ਗਈ ਸੀ। ‘ਕੈਦੀਓਂ ਕੋ ਰਿਹਾਅ ਕਰੋ’ ਕਾਂਗਰਸ ਦੇ ਮੈਨੀਫੈਸਟੋ ਦੀ ਵੀ ਅਹਿਮ ਮੰਗ ਸੀ। ਸੰਨ 1937 ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਜਿੱਤਣ ਪਿੱਛੋਂ ਸਿਆਸੀ ਕੈਦੀਆਂ ਦੀ ਰਿਹਾਈ ਵੱਲ ਕਿਸੇ ਨੇ ਧਿਆਨ ਨਾ ਦਿੱਤਾ, ਜਦੋਂ ਕਿ ਬੰਗਾਲ, ਪੰਜਾਬ ਤੋਂ ਬਿਨਾਂ ਸਾਰੇ ਸੂਬਿਆਂ ਵਿਚ ਕਾਂਗਰਸ ਦੀਆਂ ਸਰਕਾਰਾਂ ਬਣ ਗਈਆਂ ਸਨ। ਅੰਡੇਮਾਨ ਜੇਲ੍ਹ ਵਿਚ ਕੈਦੀਆਂ ਨੇ ਭੁੱਖ ਹੜਤਾਲ ਕੀਤੀ ਹੋਈ ਸੀ। ਜਦੋਂ ਇਹ ਖਬਰ ਕਿਰਤੀ ਪਾਰਟੀ ਤੱਕ ਪੁੱਜੀ ਤਾਂ ਲਾਹੌਰ ਅਸੈਂਬਲੀ ਦੇ ਸਾਹਮਣੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ। ਬੰਗਾਲ ਦੇ ਇਨਕਲਾਬੀਆਂ ਨੇ ਵੀ ਅੰਡੇਮਾਨ ਦੇ ਕੈਦੀਆਂ ਦੀ ਰਿਹਾਈ ਲਈ ਬੰਗਾਲ ਅਸੈਂਬਲੀ ਸਾਹਮਣੇ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ।
ਸੁਭਾਸ਼ ਚੰਦਰ ਬੋਸ ਨੇ ਕਿਰਤੀ ਪਾਰਟੀ ਦੇ ਆਗੂਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ‘ਪੰਜਾਬ ਪੁਲੀਟੀਕਲ ਪਰਿਜ਼ਨਰ ਡਿਫੈਂਸ ਕਮੇਟੀ’ ਦੇ ਸਕੱਤਰ ਡਾ. ਭਾਗ ਸਿੰਘ ਨੂੰ ਪੱਤਰ ਲਿਖਿਆ; ਉਸ ਚਿੱਠੀ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ:
‘‘ਤੁਹਾਡੀ 18 ਜੁਲਾਈ 1937 ਦੀ ਚਿੱਠੀ ਲਈ ਮੈਂ ਧੰਨਵਾਦੀ ਹਾਂ। ਇਹ ਪੜ੍ਹ ਕੇ ਡਾਢੀ ਖੁਸ਼ੀ ਹੋਈ ਕਿ ਬਾਬੂ ਅਮਰ ਸਿੰਘ (ਪਿੰਜਰਾਬੰਦ ਕੈਦੀ) ਨੂੰ ਰਿਹਾਅ ਕਰ ਦਿੱਤਾ ਗਿਆ ਜਿਸ ਤੋਂ ਲੱਗਦਾ ਹੈ ਕਿ ਬਰਮਾ (ਹੁਣ ਮਿਆਂਮਾਰ) ਸਰਕਾਰ ਪੰਜ ਹਿੰਦੋਸਤਾਨੀ ਸੂਬਿਆਂ ਦੀਆਂ ਸਰਕਾਰਾਂ (ਜਿਥੇ ਗੈਰ ਕਾਂਗਰਸੀ ਵਜ਼ਾਰਤਾਂ ਹਨ) ਤੋਂ ਵੱਧ ਜਮਹੂਰੀ-ਪਸੰਦ ਹੈ। ਇਨ੍ਹਾਂ ਸੂਬਿਆਂ ਵਿਚ ਭਾਰੀ ਅੰਦੋਲਨ ਦੇ ਬਾਵਜੂਦ ਵਜ਼ੀਰਾਂ ਦੀ ਹੋਊ ਪਰ੍ਹੇ ਦੀ ਨੀਤੀ ਤੱਜੀ ਨਹੀਂ ਜਾ ਸਕੀ।’’
ਅੰਡੇਮਾਨ ਵਿਚ 200 ਤੋਂ ਵੱਧ ਸਿਆਸੀ ਕੈਦੀਆਂ ਦੀ ਭੁੱਖ ਹੜਤਾਲ ਨੇ ਚਾਰੇ ਪਾਸੇ ਚਿੰਤਾ ਤੇ ਪ੍ਰੇਸ਼ਾਨੀ ਫੈਲਾ ਦਿੱਤੀ ਹੈ। ਰਾਇਜ਼ਾਦਾ ਹੰਸ ਰਾਜ ਐੱਮਐੱਲਏ ਨੇ ਦੋ ਅਖਬਾਰੀ ਬਿਆਨਾਂ ਰਾਹੀਂ ਸੂਬਾਈ ਸਰਕਾਰਾਂ ਨੂੰ ਬੜੀ ਜਜ਼ਬਾਤੀ ਅਪੀਲ ਕੀਤੀ ਹੈ ਕਿ ਉਹ ਅੰਡੇਮਾਨ ਦੇ ਕੈਦੀਆਂ ਨੂੰ ਭਾਰਤੀ ਜੇਲ੍ਹਾਂ ਵਿਚ ਮੰਗਵਾ ਲੈਣ। ਇਹ ਨਿਗੂਣੀ ਜਿਹੀ ਮੰਗ ਹੈ, ਕਿਉਂਕਿ ਇਸ ਵਿਚ ਨਾ ਤਾਂ ਉਨ੍ਹਾਂ ਦੀ ਰਿਹਾਈ ਦੀ ਮੰਗ ਹੈ ਅਤੇ ਨਾ ਹੀ ਸਜ਼ਾ ਖਤਮ ਕਰਨ ਦੀ। ਜੇ ਸੂਬਾਈ ਸਰਕਾਰਾਂ ਜਾਣ-ਬੁਝ ਕੇ ਬਦਲਾ ਲਊ ਨੀਤੀ ਤੇ ਨਾ ਚੱਲਣ ਤਾਂ ਮੈਨੂੰ ਕੋਈ ਕਾਰਨ ਦਿਖਾਈ ਨਹੀਂ ਦਿੰਦਾ ਕਿ ਇਹ ਨਿਗੂਣੀ ਜਿਹੀ ਗੱਲ ਤੁਰੰਤ ਕਿਉਂ ਨਾ ਮੰਨ ਲਈ ਜਾਏ। ਜੇ ਇਹ ਨਾ ਕੀਤਾ ਗਿਆ ਤਾਂ ਮੈਨੂੰ ਡਰ ਹੈ ਕਿ ਕਾਲੇ ਪਾਣੀ ਵਿਚ ਬਹੁਤ ਹੀ ਦੁਖਦਾਈ ਘਟਨਾਵਾਂ ਵਾਪਰ ਸਕਦੀਆਂ ਹਨ। ਮੈਂ ਉਨ੍ਹਾਂ ਹਿੰਦੋਸਤਾਨ ਦੇ ਵਜ਼ੀਰਾਂ ਦੇ ਮਨਾਂ ਦੀ ਗੱਲ ਸਮਝਣੋਂ ਅਸਮਰੱਥ ਹਾਂ, ਜਿਹੜੇ ਸਿਆਸੀ ਕੈਦੀਆਂ ਦੀ ਰਿਹਾਈ ਦੇ ਵਿਰੁੱਧ ਹਨ। ਇਹ ਢੁੱਕਵਾਂ ਕਦਮ ਹੈ ਕਿ ਤੇਜਾ ਸਿੰਘ ਸੁਤੰਤਰ ਦੀ ਰਿਹਾਈ ਲਈ ਭਾਰੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਉਸ ਦਾ ਮੁਕੱਦਮਾ ਬਿਨਾਂ ਅਦਾਲਤੀ ਕਾਰਵਾਈ ਦੇ ਜੇਲ੍ਹ ਸੁੱਟਣ ਦਾ ਹੀ ਮੁੱਦਾ ਨਹੀਂ ਹੈ, ਇਹ ਤਾਂ ਵਿਧਾਇਕਾਂ ਦੇ ਹਿਰਾਸਤ ਵਿਚ ਨਾ ਲਏ ਜਾਣ ਦੇ ਹੱਕ ਦੀ ਵੀ ਉਲੰਘਣਾ ਹੈ। ਕਿਸੇ ਵੀ ਜਮਹੂਰੀ ਦੇਸ਼ ਅੰਦਰ ਇਕ ਵਿਧਾਇਕ ਨੂੰ ਇਸ ਤਰ੍ਹਾਂ ਜੇਲ੍ਹ ਅੰਦਰ ਨਹੀਂ ਡੱਕਿਆ ਜਾ ਸਕਦਾ।
ਇਹ ਗੱਲ ਪ੍ਰਾਥਮਿਕਤਾ ਦੀ ਮੰਗ ਕਰਦੀ ਹੈ ਕਿ ਤੁਹਾਡਾ ਪ੍ਰੋਗਰਾਮ ਉਨ੍ਹਾਂ ਸਾਰੇ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰੇ ਜੋ ਸਜ਼ਾਵਾਂ ਭੁਗਤ ਚੁੱਕੇ ਹਨ ਜਾਂ ਬਿਨਾਂ ਕਿਸੇ ਅਦਾਲਤੀ ਕਾਰਵਾਈ ਦੇ ਨਜ਼ਰਬੰਦ ਹਨ। ਸਾਨੂੰ ਉਨ੍ਹਾਂ ਮਾਮਲਿਆਂ ਨੂੰ ਹੱਥ ਲੈਣਾ ਚਾਹੀਦਾ ਹੈ, ਜਿੱਥੇ ਕੈਦੀਆਂ ਨੂੰ ਹੱਦੋਂ ਵੱਧ ਕਸ਼ਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਮੈਨੂੰ ਦੱਸਿਆ ਗਿਆ ਹੈ ਕਿ ਸ੍ਰੀ ਰਾਮ ਕਿਸ਼ਨ ਜੋ ਨਜ਼ਰਬੰਦ ਤਪਦਿਕ ਦੇ ਮਰੀਜ਼ ਹਨ, ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਭੱਤਾ ਮਿਲ ਰਿਹਾ ਹੈ ਜਿਸ ਦੇ ਉਹ ਕਾਨੂੰਨਨ ਹੱਕਦਾਰ ਹਨ। ਮੁੱਕਦੀ ਗੱਲ ਕਿ ਵਿਧਾਨ ਸਭਾਵਾਂ ਦੇ ਅੰਦਰ ਤੇ ਬਾਹਰ ਹੋ ਰਹੇ ਅੰਦੋਲਨਾਂ ਨੂੰ ਸਭ ਤੋਂ ਵੱਧ ਜ਼ੋਰ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਲਾਉਣਾ ਚਾਹੀਦਾ ਹੈ। ਤੁਹਾਡੇ ਇਸ ਔਖੇ ਕੰਮ ਵਿਚ ਦਿਲੋਂ ਹਮਦਰਦੀ ਨਾਲ।
ਸ਼ੁਭ ਚਿੰਤਕ
ਸੁਭਾਸ਼ ਚੰਦਰ ਬੋਸ
(ਡਲਹੌਜ਼ੀ 3 ਅਗਸਤ 1937)
ਦੂਜੀ ਸੰਸਾਰ ਜੰਗ ਨੂੰ ਸਵਾ ਕੁ ਮਹੀਨਾ ਹੋ ਗਿਆ ਤਾਂ ਬਰਤਾਨੀਆ ਨੂੰ ਹਿਟਲਰ ਦੀਆਂ ਫੌਜਾਂ ਅਗੇ ਹਾਰਾਂ ਹੋ ਰਹੀਆਂ ਸਨ। ਗੁਲਾਮ ਦੇਸ਼ ਇਨ੍ਹਾਂ ਹਾਰਾਂ ਵਿਚੋਂ ਆਪਣੀ ਮੁਕਤੀ ਦੀ ਆਸ ਲਾ ਰਹੇ ਸਨ। ‘’ਦੁਸ਼ਮਣ ਦਾ ਦੁਸ਼ਮਣ ਦੋਸਤ” ਦੇ ਮੰਤਵ ਨਾਲ ਦੇਸ਼ ਦੀ ਕੌਮੀ ਲਹਿਰ ਅੰਦਰ ਵੀ ਜਰਮਨੀ ਦੀਆਂ ਜਿੱਤਾਂ ਵੀ ਇਸੇ ਨਜ਼ਰੀਏ ਨਾਲ ਤਾਂਘ ਬਣ ਰਹੀਆਂ ਸਨ। ਇਸ ਨਾਲ ਸੁਭਾਸ਼ ਚੰਦਰ ਬੋਸ ਦੀ ਬਾਹਰ ਜਾਣ ਦੀ ਇੱਛਾ ਤੇਜ਼ ਹੋ ਗਈ। ਉਸ ਨੇ ਆਜ਼ਾਦੀ ਦੀ ਲਹਿਰ ਲਈ ਸਹਾਇਤਾ ਵਾਸਤੇ ਬਾਹਰ ਜਾਣ ਦਾ ਮਨ ਬਣਾ ਲਿਆ। ਉਸ ਵਕਤ ਉਸ ਨੇ ਹਾਲੋਵੈਲ ਦਾ ਬੁੱਤ ਹਟਾਉਣ ਦੀ ਲਹਿਰ ਵਿਚ ਹੋਈ ਕੈਦ ਵਿਚੋਂ ਨਿਕਲਣ ਲਈ 25 ਨਵੰਬਰ 1940 ਨੂੰ ਭੁੱਖ ਹੜਤਾਲ ਕਰ ਦਿੱਤੀ। ਕਮਜ਼ੋਰ ਸਰੀਰ ਦੀ ਵਜ੍ਹਾ ਕਰ ਕੇ ਸਰਕਾਰ ਨੇ ਉਸ ਨੂੰ 5 ਦਸੰਬਰ 1940 ਨੂੰ ਰਿਹਾ ਕਰ ਦਿੱਤਾ। ਡੇਢ ਕੁ ਮਹੀਨਾ ਉਸ ਨੇ ਘਰ ਅੰਦਰ ਬੰਦ ਹੋ ਕੇ ਸਾਕ ਸਬੰਧੀਆਂ, ਮਿੱਤਰਾਂ ਨੂੰ ਨਾ ਮਿਲਣ ਲਈ ਇਹ ਗੱਲ ਫੈਲਾ ਦਿੱਤਾ ਕਿ ਉਹ ਮਨ ਦੀ ਸ਼ੁੱਧੀ ਲਈ ਕਮਰੇ ਅੰਦਰ ਬੰਦ ਹੈ। ਇਸ ਦੌਰਾਨ ਉਸ ਨੇ ਚੋਰੀ ਚੋਰੀ ਆਪਣੀ ਦਾੜ੍ਹੀ ਵਧਾ ਕੇ ਕਾਬਲ ਦੇ ਰਸਤਿਉਂ ਰੂਸ ਜਾਣ ਦਾ ਮਨ ਬਣਾ ਲਿਆ।
ਕਾਮਰੇਡ ਮੀਆਂ ਅਕਬਰ ਖਾਂ ਦੇ ਰਾਹੀਂ ਸੁਭਾਸ਼ ਚੰਦਰ ਬੋਸ ਦਾ ਹਿੰਦੋਸਤਾਨ ਤੋਂ ਬਾਹਰ ਜਾਣ ਦਾ ਪ੍ਰੋਗਰਾਮ ਕਿਰਤੀ ਕਿਸਾਨ ਪਾਰਟੀ ਤੱਕ ਆਇਆ ਤਾਂ ਇਸ ਨੂੰ ਬਹੁਤ ਸੰਵੇਦਨਸ਼ੀਲ ਸਮਝ ਕੇ ਖੁਫੀਆ ਰੱਖਿਆ ਗਿਆ। ਆਗੂਆਂ ਦੀ ਖੁਫੀਆ ਮੀਟਿੰਗ ਜਿਸ ਵਿਚ ਅੱਛਰ ਸਿੰਘ ਛੀਨਾ, ਕਾਮਰੇਡ ਬੂਝਾ ਸਿੰਘ, ਰਾਮ ਕਿਸ਼ਨ ਬੀਏ ਅਤੇ ਡਾਕਟਰ ਭਾਗ ਸਿੰਘ ਸਨ, ਨੇ ਫੈਸਲਾ ਕਰ ਕੇ ਪਾਰਟੀ ਦੀ ਹਾਈ ਕਮਾਂਡ ਨੂੰ ਰਾਜ਼ੀ ਕਰਵਾ ਲਿਆ ਕਿ ਸੁਭਾਸ਼ ਚੰਦਰ ਬੋਸ ਦੀ ਰੂਸ ਜਾਣ ਵਿਚ ਮਦਦ ਕੀਤੀ ਜਾਵੇ ਕਿਉਂਕਿ ਸੁਭਾਸ਼ ਚੰਦਰ ਜਿਹਾ ਕੌਮੀ ਆਗੂ ਜੇ ਸੋਵੀਅਤ ਤੇ ਕਮਿਊਨਿਸਟ ਪੱਖੀ ਪੈਂਤੜਾ ਲੈ ਲਵੇ ਤਾਂ ਆਜ਼ਾਦੀ ਦੀ ਲੜਾਈ ਨੂੰ ਇਨਕਲਾਬੀ ਪੱਖ ਤੋਂ ਬਹੁਤ ਫਾਇਦਾ ਹੋ ਸਕਦਾ ਹੈ। ਪੰਜਾਬ ਤੋਂ ਅਫ਼ਗਾਨਿਸਤਾਨ ਲੈ ਜਾਣ ਦੀ ਜ਼ਿੰਮੇਵਾਰੀ ਭਗਤ ਰਾਮ ਤਲਵਾੜ ਦੀ ਲਾਈ ਗਈ ਕਿ ਉਹ ਕਾਬਲ ਵਿਚ ਮਾਸਕੋ ਦੇ ਅਧਿਕਾਰੀਆਂ ਨਾਲ ਗੱਲ ਕਰ ਕੇ ਇਸ ਯੋਜਨਾ ਨੂੰ ਪੂਰਿਆਂ ਕਰੇ। ਇਸ ਦੇ ਨਾਲ ਹੀ ਕਾਮਰੇਡ ਅੱਛਰ ਸਿੰਘ ਛੀਨਾ ਤੇ ਰਾਮ ਕਿਸ਼ਨ ਬੀਏ ਨੂੰ ਸੁਭਾਸ਼ ਚੰਦਰ ਬੋਸ ਦੇ ਮਾਸਕੋ ਪੁੱਜਣ ਤੱਕ ਨਿਗਰਾਨੀ ਰੱਖਣ ਲਈ ਤਿਆਰ ਕੀਤਾ ਗਿਆ। ਰਾਮ ਕਿਸ਼ਨ ਬੀਏ ਨੈਸ਼ਨਲ ਤੇ ਅੱਛਰ ਸਿੰਘ ਛੀਨਾ 7 ਜੁਲਾਈ 1940 ਨੂੰ ਸੁਭਾਸ਼ ਚੰਦਰ ਬੋਸ ਨੂੰ ਕਾਬੁਲ ਤੋਂ ਰੂਸ ਲੈ ਕੇ ਜਾਣ ਲਈ ਤੁਰ ਪਏ ਸਨ। ਇਨ੍ਹਾਂ ਨੇ ਕਬਾਇਲੀ ਇਲਾਕੇ ਵਿਚ ਸੁਭਾਸ਼ ਦਾ ਇੰਤਜ਼ਾਰ ਕਰਨਾ ਸੀ। ਜਦੋਂ ਸੁਭਾਸ਼ ਚੰਦਰ ਬੋਸ ਨਾ ਪਹੁੰਚਿਆ ਤਾਂ ਇਨ੍ਹਾਂ ਨੇ ਗੱਲਾਢੇਰ ਦੇ ਭਗਤ ਰਾਮ ਤਲਵਾੜ ਦੀ ਡਿਊਟੀ ਲਾ ਦਿੱਤੀ ਕਿ ਉਹ ਸੁਭਾਸ਼ ਚੰਦਰ ਬੋਸ ਨੂੰ ਕਾਬੁਲ ਲੈ ਆਏ। ਸੋਵੀਅਤ ਅਧਿਕਾਰੀ ਨਾਲ ਗੱਲਬਾਤ ਕਰਨ ਲਈ ਕਾਮਰੇਡ ਹਰਮਿੰਦਰ ਸਿੰਘ ਸੋਢੀ ਨੂੰ ਮੁਕੱਰਰ ਕੀਤਾ ਗਿਆ ਸੀ।
ਸੁਭਾਸ਼ ਬੋਸ ਪਠਾਣੀ ਲਬਿਾਸ ਵਿਚ 16 ਜਨਵਰੀ 1941 ਨੂੰ ਘਰੋਂ ਤੁਰ ਪਏ ਅਤੇ ਕਲਕੱਤਾ ਮੇਲ ਰਾਹੀਂ ਦਿੱਲੀ ਹੁੰਦੇ ਹੋਏ 19 ਜਨਵਰੀ ਸ਼ਾਮ ਨੂੰ ਪਿਸ਼ਾਵਰ ਪੁੱਜੇ। ਪਿਸ਼ਾਵਰ ਤੋਂ ਕਾਬੁਲ ਤੱਕ ਦੇ ਜੋਖ਼ਮ ਭਰੇ ਸਫ਼ਰ ਸਮੇਂ ਭਗਤ ਰਾਮ ਤਲਵਾੜ ਸੁਭਾਸ਼ ਚੰਦਰ ਬੋਸ ਨਾਲ ਸੀ।
ਭਗਤ ਰਾਮ ਤਲਵਾੜ ਦੇ ਕਥਨ ਅਨੁਸਾਰ: ‘’26 ਜਨਵਰੀ 1941 ਨੂੰ ਸਵੇਰੇ 6 ਵਜੇ ਦੇ ਹਨੇਰੇ ਵਿਚ ਭਗਤ ਰਾਮ ਤਲਵਾੜ, ਆਬਾਦ ਖਾਂ, ਸੂਹਾ ਤੇ ਇੱਕ ਡਰਾਈਵਰ, ਕਾਰ ਵਿਚ ਬੈਠ ਕੇ ਕਾਬੁਲ ਵਾਲੀ ਸੜਕੇ ਪੈ ਗਏ। ਕਾਰ ਜਮਰੌਦ ਵਾਲਾ ਨਾਕਾ ਲੰਘ ਕੇ ਖਜੂਰੀ ਮੈਦਾਨ ਦੇ ਫੌਜੀ ਕੈਂਪ ਤੱਕ ਗਿਆਰਾਂ ਮੀਲ ਚਲੀ ਗਈ। ਉਥੋਂ ਸ਼ਿਨਵਾਰੀਆਂ ਦੇ ਆਜ਼ਾਦ ਇਲਾਕੇ ਵਿਚ ਦਾਖਲ ਹੋ ਗਏ। ਇਥੋਂ ਆਬਾਦ ਖਾਂ ਤੇ ਡਰਾਈਵਰ ਕਾਰ ਵਿਚ ਵਾਪਸ ਮੁੜ ਗਏ। ਸੁਭਾਸ਼ ਚੰਦਰ ਬੋਸ ਨੇ ਮਲੇਸ਼ੀਏ ਦਾ ਪਠਾਣੀ ਸਲਵਾਰ ਕਮੀਜ਼ ਵਾਲਾ ਪਹਿਰਾਵਾ ਪਾਇਆ ਹੋਇਆ ਸੀ ਤੇ ਕੁੱਲੇ ਉੱਤੇ ਅਸਮਾਨੀ ਰੰਗ ਦੀ ਪਿਸ਼ਾਵਰੀ ਲੁੰਗੀ ਬੱਧੀ ਹੋਈ ਸੀ। ਇਥੋਂ ਪਹਾੜਾਂ ਦੇ ਉਤਰਾਵਾਂ ਚੜ੍ਹਾਵਾਂ ਦਾ ਪਹਿਲੇ ਦਿਨ ਅਤੇ ਅਗਲੀ ਅੱਧੀ ਰਾਤ ਦਾ ਪੈਂਡਾ ਪੈਦਲ ਤੇ ਬਾਕੀ ਦਾ ਇੱਕ ਖੱਚਰ ਭਾੜੇ ਕਰ ਕੇ ਤੀਜੇ ਦਿਨ ਗਿਆਰਾਂ ਵਜੇ ਸਵੇਰੇ ਪੇਸ਼ਾਵਰ ਕਾਬੁਲ ਸੜਕ ਉਤੇ ਅਫਗਾਨਿਸਤਾਨ ਦੀ ਹੱਦ ਅੰਦਰ ਗਰਦੀ ਪਿੰਡ ਪਹੁੰਚ ਗਏ। ਇਥੋਂ ਸੂਹਾ ਮੋੜ ਦਿੱਤਾ, ਹੁਣ ਸੁਭਾਸ਼ ਚੰਦਰ ਬੋਸ ਤੇ ਭਗਤ ਰਾਮ ਰਹਿ ਗਏ। ਆਜ਼ਾਦ ਇਲਾਕੇ ਵਿਚ ਤਾਂ ਉਨ੍ਹਾਂ ਨੇ ਰਾਜਗੀਰੀ ਕਰਨ ਵਾਲੇ ਮਿਸਤਰੀ ਹੋਣ ਦਾ ਪੱਜ ਲਾਇਆ ਜੋ ਪਿਸ਼ਾਵਰੋਂ ਅਫ਼ਗਾਨਿਸਤਾਨ ਦੀ ਸਰਹੱਦ ਉਤਲੇ ਪਿੰਡ ਕੋਹੀ ਵਿਚ ਖਾਨ ਅਬਦੁਲ ਲਤੀਫ਼ ਦੇ ਸੱਦੇ ਤੇ ਮਕਾਨ ਬਣਾਉਣ ਲਈ ਜਾ ਰਹੇ ਸਨ।
ਅਫ਼ਗਾਨਿਸਤਾਨ ਵਿਚ ਜਾ ਕੇ ਸੁਭਾਸ਼ ਚੰਦਰ ਬੋਸ ਦਾ ਨਾਂ ਜ਼ਿਆਊਦੀਨ ਰੱਖ ਕੇ ਉਸ ਨੂੰ ਗੁੰਗਾ ਬਣਾ ਦਿੱਤਾ ਗਿਆ। ਭਗਤ ਰਾਮ ਖੁਦ ਰਹਿਮਤ ਖਾਂ ਬਣ ਕੇ ਹਰ ਪੁੱਛਣ ਵਾਲੇ ਨੂੰ ਦੱਸਦਾ ਸੀ ਕਿ ਇਹ (ਸੁਭਾਸ਼ ਚੰਦਰ ਬੋਸ) ਜ਼ਿਆਊਦੀਨ ਉਸ ਦਾ ਵੱਡਾ ਭਰਾ ਹੈ ਤੇ ਉਹ ਉਸ ਨੂੰ ਇਲਾਜ ਲਈ ਕਾਬੁਲ ਲਿਜਾ ਰਿਹਾ ਹੈ; ਜਿਸ ਨੂੰ ਦੋ ਸਾਲ ਪਹਿਲਾਂ ਪਹਾੜ ਤੇ ਲਕੜਾਂ ਲੈਣ ਗਏ ਨੂੰ ਦੇਉ ਪੈ ਗਿਆ ਸੀ ਤੇ ਉਸ ਨੇ ਉਸ ਦੀ ਜ਼ਬਾਨ ਖਿੱਚ ਲਈ, ਜਿਸ ਕਰ ਕੇ ਇਹ ਬੋਲ ਨਹੀਂ ਸਕਦਾ। ਸਿਆਣਿਆਂ ਦੇ ਦੱਸਣ ਉਤੇ ਉਹ ਉਸ ਨੂੰ ਅੱਡਾ ਸ਼ਰੀਫ ਦੀ ਜ਼ਿਆਰਤ ਕਰਾਉਣ ਲਿਜਾ ਰਿਹਾ ਹੈ।
ਭਗਤ ਰਾਮ ਅੱਗੇ ਲਿਖਦਾ: ‘’ਜ਼ਿਆਰਤ ਦਾ ਪੱਜ ਪਛੜੇ ਹੋਏ ਮੁਸਲਿਮ ਇਲਾਕਿਆਂ ਵਿਚ ਸਿਆਸੀ ਭਗੌੜਿਆਂ ਨੂੰ ਬੜਾ ਕੰਮ ਦਿੰਦਾ ਸੀ। ਸ਼ੱਕ ਨਾਲ ਪੁੱਛਣ ਵਾਲਿਆਂ ਤੋਂ ਕਿਸੇ ਜ਼ਿਆਰਤ ਕਰਾਉਣ ਦੇ ਪੱਜ ਨਾਲ ਛੇਤੀ ਖਹਿੜਾ ਛੁਡਾਉਣਾ ਆਸਾਨ ਸੀ। ਹੁਣ ਅੱਡਾ ਸ਼ਰੀਫ਼ ਤੱਕ ਉਹ ਕਦੇ ਤਾਂਗੇ ਤੇ ਕਦੇ ਪੈਦਲ ਚੱਲ ਕੇ ਉਥੋਂ ਦੇ ਮੁਜਾਉਰ ਹਾਜ਼ੀ ਮੁਹੰਮਦ ਅਮੀਨ ਪਾਸ ਪਹੁੰਚ ਗਏ ਜੋ ਸਰਹੱਦ ਵਿਚ ਸਿਆਸੀ ਵਰਕਰ ਰਹਿ ਚੁੱਕਾ ਸੀ ਤੇ ਭਗਤ ਰਾਮ ਹੋਰਾਂ ਦਾ ਚੰਗਾ ਵਾਕਫ਼ ਸੀ। ਦੋ ਕੁ ਦਿਨ ਉਥੇ ਰਹਿ ਕੇ ਉਹ ਟਰੱਕ ਵਿਚ ਬੈਠ ਕੇ 31 ਜਨਵਰੀ ਨੂੰ ਤੜਕੇ ਤਿੰਨ ਵਜੇ ਕਾਬੁਲ ਦੇ ਅੱਡੇ ਤੋਂ ਬਡਖਾਕ ਨਾਕੇ ਤੇ ਪੁੱਜ ਗਏ। ਦੇਖਭਾਲ ਵਾਲੀ ਗਾਰਦ ਸੁੱਤੀ ਹੋਣ ਕਾਰਨ ਪੁੱਛ-ਪੁਛਾਈ ਤੋਂ ਬਚ ਕੇ ਉਹ ਮੂੰਹ ਹਨੇਰੇ ਗਾਰਡ ਦੇ ਜਾਗਣ ਤੋਂ ਪਹਿਲਾਂ ਟਾਂਗੇ ਵਿਚ ਬੈਠ ਕੇ ਕਾਬੁਲ ਵਿਚ ਦਾਖ਼ਲ ਹੋ ਗਏ।’’
27 ਜਨਵਰੀ ਨੂੰ ਉਹ ਕਾਬੁਲ ਪੁੱਜੇ। ਹਾਲਾਤ ਸਾਜ਼ਗਾਰ ਨਾ ਹੋਣ ਦੇ ਕਾਰਨ ਮਾਸਕੋ ਅਧਿਕਾਰੀਆਂ ਨਾਲ ਤਾਲਮੇਲ ਨਾ ਹੋ ਸਕਿਆ। ਭਗਤ ਰਾਮ ਇਟਲੀ ਦੇ ਰਾਜਦੂਤ ਰਾਹੀਂ ਸੁਭਾਸ਼ ਚੰਦਰ ਬੋਸ ਨੂੰ ਜਰਮਨ ਭਿਜਵਾਉਣ ਵਿਚ ਕਾਮਯਾਬ ਹੋ ਗਿਆ। ਇਸੇ ਸਿਲਸਿਲੇ ਵਿਚ ਰਾਮ ਚੰਦਰ ਬੀਏ ਆਮੂੰ ਦਰਿਆ ਪਾਰ ਕਰਦਾ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਕੇ ਸ਼ਹੀਦ ਹੋ ਗਿਆ ਸੀ। ਖਿਆਲ ਕੀਤਾ ਜਾਂਦਾ ਹੈ ਕਿ ਜੇ ਹਰਿਮੰਦਰ ਸਿੰਘ ਸੋਢੀ ਕਾਬੁਲ ਠੀਕ ਸਮੇਂ ਪੁੱਜ ਜਾਂਦਾ ਤਾਂ ਸੁਭਾਸ਼ ਚੰਦਰ ਬੋਸ ਮਾਸਕੋ ਪੁੱਜ ਜਾਂਦੇ। ਵਾਪਸੀ ਤੇ ਭਗਤ ਰਾਮ ਤਲਵਾੜ, ਸੁਭਾਸ਼ ਚੰਦਰ ਬੋਸ ਦੇ ਲਿਖੇ ਦੋ ਖ਼ਤ ਸ਼ਰਤ ਚੰਦਰ ਬੋਸ ਅਤੇ ਸਰਦੂਲ ਸਿੰਘ ਕਵੀਸ਼ਰ ਦੇ ਨਾਂ ਲਿਆਇਆ। ਸੁਭਾਸ਼ ਚੰਦਰ ਦੇ ਭੇਜੇ ਹੋਏ 5 ਸੌ ਪੌਂਡ (ਸੋਨੇ ਦੇ ਸਿੱਕੇ) ਵੀ ਜਿਹੜੇ ਪਿਛੋਂ ਕੋਟ ਸੌਂਧੇ (ਹੁਣ ਪਾਕਿਸਤਾਨ ਵਿਚ) ਦੇ ਜਗੀਰ ਸਿੰਘ ਕੋਲੋਂ ਫੜੇ ਗਏ ਭਗਤ ਰਾਮ ਰਾਹੀਂ ਆਏ ਸਨ।
ਸੁਭਾਸ਼ ਚੰਦਰ ਬੋਸ ਵਾਅਦੇ ਅਨੁਸਾਰ ਮਾਸਕੋ ਨਹੀਂ ਉਤਰਿਆ ਤੇ ਸਿੱਧਾ ਰੋਮ ਚਲਾ ਗਿਆ ਸੀ ਤੇ ਫਾਸਿਸਟਾਂ ਨੇ ਬੋਸ ਦੀਆਂ ਤਜਵੀਜ਼ਾਂ ਮੰਨ ਲਈਆਂ ਸਨ। ਉਸ ਨੇ ਹਿੰਦੋਸਤਾਨ ਲਈ ਜਿਹੜੀ ਵਜ਼ਾਰਤ ਪੇਸ਼ ਕੀਤੀ, ਉਹ ਉਨ੍ਹਾਂ ਪ੍ਰਵਾਨ ਕਰ ਲਈ ਸੀ ਜਿਸ ਵਿਚ ਪ੍ਰਧਾਨ ਮੰਤਰੀ – ਸੁਭਾਸ਼ ਚੰਦਰ ਬੋਸ, ਗ੍ਰਹਿ ਮੰਤਰੀ – ਸ਼ਰਤ ਚੰਦਰ ਬੋਸ, ਖਜ਼ਾਨਾ ਮੰਤਰੀ – ਸਰਦੂਲ ਸਿੰਘ ‘ਕਵੀਸ਼ਰ’ ਅਤੇ ਰੱਖਿਆ ਮੰਤਰੀ – ਨਰੰਜਣ ਸਿੰਘ ਤਾਲਬਿ। ਸੁਭਾਸ਼ ਚੰਦਰ ਬੋਸ ਜਰਮਨ ਵਾਲੇ ਗਠਜੋੜ ਵਿਚ ਸ਼ਾਮਲ ਹੋ ਗਿਆ।
ਕਲਕੱਤਾ ਦੀ ਪ੍ਰੈਜੀਡੈਂਸੀ ਜੇਲ੍ਹ ਵਿਚ ਨਜ਼ਰਬੰਦ ਸੁਭਾਸ਼ ਚੰਦਰ ਬੋਸ ਦੇ ਪੰਜਾਬ ਰਾਹੀਂ ਦੇਸ਼ ਤੋਂ ਬਾਹਰ ਸੁਰੱਖਿਅਤ ਨਿਕਲ ਜਾਣ ਕਰ ਕੇ ਅੰਗਰੇਜ਼ੀ ਸਰਕਾਰ ਚੌਕਸ ਹੋ ਗਈ ਅਤੇ ਫਾਰਵਰਡ ਬਲਾਕ ਪਾਰਟੀ ਤੇ ਪਾਬੰਦੀ ਲਾ ਦਿੱਤੀ। ਇਸ ਦੇ ਕਾਰਨ ਹੀ ਸਰਦੂਲ ਸਿੰਘ ਕਵੀਸ਼ਰ ਨੂੰ ਡੀਫੈਂਸ ਆਫ਼ ਇੰਡੀਆ ਰੂਲਜ਼ ਤਹਿਤ ਚਾਰ ਸਾਲ ਕੈਦ ਦੀ ਸਜ਼ਾ ਦਿੱਤੀ ਗਈ ਸੀ।
2 ਜੁਲਾਈ 1943 ਨੂੰ ਸੁਭਾਸ਼ ਚੰਦਰ ਬੋਸ ਨੂੰ ਜਰਮਨੀ ਤੋਂ ਸਿੰਗਾਪੁਰ ਬੁਲਾਇਆ ਗਿਆ ਅਤੇ ਹਵਾਈ ਅੱਡੇ ਉੱਪਰ ਆਜ਼ਾਦ ਹਿੰਦ ਫੌਜ ਨੇ ਉਸ ਨੂੰ ਸਲਾਮੀ ਦਿੱਤੀ। ਆਜ਼ਾਦ ਹਿੰਦ ਫੌਜ ਦੀ ਕਮਾਂਡ ਸੁਭਾਸ਼ ਦੇ ਹੱਥ ਆਉਣ ਨਾਲ ਫੌਜ ਵਿਚ ਨਵੀਂ ਰੂਹ ਫੂਕੀ ਗਈ ਤੇ ਜੋਸ਼ ਪੈਦਾ ਹੋ ਗਿਆ ਸੀ। ਇਸ ਤਰ੍ਹਾਂ ਉਹ ਆਈਆਈਐੱਫ ਅਤੇ ਆਈਐੱਨਏ ਦੇ ਰਹਬਿਰ ਬਣੇ ਅਤੇ 1945 ਵਿਚ ਕਮਾਂਡਰੀ ਕਰਦੇ ਹੋਏ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਗਏ।
ਸੰਪਰਕ: 97806-02066