ਭਾਈ ਹਰਿਸਿਮਰਨ ਸਿੰਘ
ਕਾਂਗਰਸ ਅਤੇ ਅਕਾਲੀ ਦਲ ਦੇ ਪੰਜਾਬ ਉੱਤੇ ਰਾਜ ਕਰਨ ਦੇ ਚੱਲਦੇ ਆ ਰਹੇ ਏਕਾਧਿਕਾਰ ਨੂੰ ਤੋੜ ਕੇ ਪੰਜਾਬ ਵਾਸੀਆਂ ਨੂੰ ਬਦਲਾਉ ਦੀ ਰਾਜਨੀਤੀ, ਪ੍ਰਸ਼ਾਸਨ ਅਤੇ ਇੱਕ ਨਵਾਂ ਖੁਸ਼ਹਾਲ ਪੰਜਾਬ ਸਿਰਜਣ ਦੇ ਵੱਡੇ ਵਾਅਦੇ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਇਆਂ ਚਾਰ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹਰ ਰਾਜਨੀਤਿਕ ਪਾਰਟੀ ਸੱਤਾ ਵਿੱਚ ਆਉਣ ਲਈ ਲੋਕਾਂ ਨਾਲ ਕਈ ਤਰ੍ਹਾਂ ਦੇ ਅਸਲ ਜਾਂ ਲੁਭਾਵੇਂ ਵਾਅਦੇ ਕਰਦੀ ਹੈ, ਜਿਨ੍ਹਾਂ ਨੂੰ ਪੂਰਾ ਕਰਨ ਦਾ ਉਸ ਉੱਤੇ ਲਗਾਤਾਰ ਦਬਾਅ ਬਣਿਆ ਰਹਿੰਦਾ ਹੈ। ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨਾਲ ਸਬੰਧਿਤ ਅਸਲ ਸੱਚਾਈਆਂ ਦਾ ਸਾਹਮਣਾ ਕਰ ਰਹੀ ਹੈ ਤਾਂ ਕੁਝ ਮੁੱਢਲੇ ਪ੍ਰਸ਼ਨ ਅਤੇ ਚੁਣੌਤੀਆਂ ਸਪੱਸ਼ਟ ਹੋ ਗਈਆਂ ਹਨ। ਜਦੋਂ ਪੰਜਾਬ ਵੱਡੇ ਅਤੇ ਬਹੁਪੱਖੀ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ, ਤਾਂ ਇੱਕ ਨਵਾਂ ਆਤਮਨਿਰਭਰ ਪੰਜਾਬ ਸਿਰਜਣ ਲਈ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੇ ਸਲਾਹਕਾਰਾਂ ਕੋਲ ਕਿਹੜਾ ਭਵਿੱਖ ਮੁਖੀ ਨਕਸ਼ਾ ਹੈ? ਇਸ ਸਰਕਾਰ ਕੋਲ ਕਿਹੜੇ ਬਦਲਵੇਂ ਵਿਕਾਸ ਮਾਡਲ, ਵਿਸ਼ੇਸ਼ ਕਰਕੇ ਖੇਤੀ ਵਿਕਾਸ ਮਾਡਲ ਹਨ, ਜਿਨ੍ਹਾਂ ਨੂੰ ਇਹ ਸਰਕਾਰ ਆਪਣਾ ਸ਼ਾਸਕੀ ਆਧਾਰ ਬਣਾਏਗੀ। ਇਹ ਸਾਡੇ ਸਾਹਮਣੇ ਵਿਚਾਰ ਕਰਨ ਦੇ ਕੁਝ ਮੁੱਦੇ ਹਨ।
ਪੰਜਾਬ ਵਾਸੀਆਂ ਨੂੰ ਵਾਅਦਾ ਕੀਤੀਆਂ ਗਈਆਂ ਰਿਆਇਤਾਂ ਦੇਣ ਦੇ ਦਬਾਅ ਵਿੱਚ ਕੰਮ ਕਰਦੀ ਭਗਵੰਤ ਸਿੰਘ ਮਾਨ ਸਰਕਾਰ ਸਾਹਮਣੇ ਮੁੱਖ ਤੌਰ ’ਤੇ ਪੰਜ ਵੱਡੀਆਂ ਚੁਣੌਤੀਆਂ ਹਨ। ਪਹਿਲੀ, ਕੇਂਦਰ ਦੀ ਭਾਜਪਾ ਸਰਕਾਰ ਦੀਆਂ ਪੰਜਾਬ-ਕਿਸਾਨੀ ਤੇ ਸਿੱਖ ਵਿਰੋਧੀ ਨੀਤੀਆਂ ਅਤੇ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਨੀਤੀਆਂ ਦਾ ਸਾਹਮਣਾ ਕਰਨਾ; ਦੂਜਾ ਪਹਿਲਾਂ ਹੀ ਕਰਜ਼ਦਾਰ ਪੰਜਾਬ ਸਾਹਮਣੇ ਖੜ੍ਹੀਆਂ ਨਸ਼ਾਖੋਰੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਕੁਸ਼ਾਸਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਪੰਜਾਬ ਦੇ ਦਰਿਆਈ ਪਾਣੀਆਂ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲਿਆਂ ਬਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨਾ। ਤੀਜਾ ਆਰਥਿਕ ਤੌਰ ’ਤੇ ਰੋਜ਼ਾਨਾ ਕਮਜ਼ੋਰ ਹੁੰਦੇ ਜਾ ਰਹੇ ਕਰਜ਼ਦਾਰ ਪੰਜਾਬ ਉੱਤੇ ਹੋਰ ਕਰਜ਼ਾ ਨਾ ਚੜ੍ਹਾਉਣ ਦੇ ਮਕਸਦ ਨਾਲ ਹੋਰ ਰਿਆਇਤਾਂ ਦੇਣਾ ਅਤੇ ਫਜ਼ੂਲ ਖਰਚੀ ਦੇ ਚੱਕਰ ਵਿੱਚੋਂ ਪੰਜਾਬ ਨੂੰ ਕੱਢ ਕੇ ਕਰਜ਼ਾ ਉਤਾਰਨ ਅਤੇ ਚਹੁੁੰ-ਮੁਖੀ ਵਿਕਾਸ ਲਈ ਇਸ ਦੇ ਮਜ਼ਬੂਤ ਆਰਥਿਕ ਸੋਮੇ ਸਿਰਜਣਾ। ਚੌਥਾ ਪੰਜਾਬ ਵਾਸੀਆਂ ਦੀ, ਵਿਸ਼ੇਸ਼ ਕਰਕੇ ਨੌਜਵਾਨ ਧਿਰਾਂ ਦੀ ਮੂਲ ਮਾਨਸਿਕਤਾ ਨੂੰ ਸਮਝਦਿਆਂ ਅਰਵਿੰਦ ਕੇਜਰੀਵਾਲ ਦੇ ਰਾਸ਼ਟਰੀ ਪਾਰਟੀ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਇੱਛਾ ਨਾਲ ਪੰਜਾਬ ਦੀ ਸੱਤਾ ਉੱਤੇ ਪ੍ਰਭਾਵੀ ਰਹਿਣ ਦੀਆਂ ਨੀਤੀਆਂ ਦਾ ਸਾਹਮਣਾ ਕਰਦਿਆਂ ਪੰਜਾਬ ਵਾਸੀਆਂ ਦਾ ਵਿਸ਼ਵਾਸ ਬਣਾਈ ਰੱਖਣਾ ਅਤੇ ਪੰਜਵਾਂ ਪੰਜਾਬ ਦੀ ਧਰਤੀ ਹੇਠਲੇ ਘਟਦੇ ਪਾਣੀ ਦੇ ਸੰਕਟ, ਕਮਜ਼ੋਰ ਉਦਯੋਗਿਕ-ਵਪਾਰਿਕ ਸਥਿਤੀਆਂ, ਖੇਤੀ ਨਾਲ ਜੁੜੇ ਸੰਕਟਾਂ ਅਤੇ ਇੱਕ ਖੁਸ਼ਹਾਲ ਪੰਜਾਬ ਸਿਰਜਣ ਲਈ ਸੰਯੁਕਤ ਵਿਕਾਸ ਮਾਡਲ ਅਨੁਸਾਰ ਨਵਾਂ ਆਤਮਨਿਰਭਰ ਪੰਜਾਬ ਕਿਵੇਂ ਸਿਰਜਣਾ ਹੈ।
ਇਹ ਆਮ ਆਦਮੀ ਪਾਰਟੀ ਦੀ ਸਰਕਾਰ ਅੱਗੇ ਖੜ੍ਹੀਆਂ ਮੁੱਖ ਚੁਣੌਤੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਦਿਆਂ ਸਰਕਾਰ ਨੇ ਅੱਗੇ ਵਧਣਾ ਹੋਏਗਾ। ਪਰ ਕੀ ਭਗਵੰਤ ਸਿੰਘ ਮਾਨ ਅਤੇ ਉਸ ਦੇ ਸਲਾਹਕਾਰ ਪੰਜਾਬ ਦੀ ਮੂਲ ਸਿੱਖ-ਪੰਜਾਬੀ ਰੂਹ ਨੂੰ ਸਮਝਦਿਆਂ ਵਿਸ਼ਾਲ ਭਵਿੱਖ ਦ੍ਰਿਸ਼ਟੀ ਅਤੇ ਨਵਾਂ ਆਤਮਨਿਰਭਰ ਪੰਜਾਬ ਸਿਰਜ ਸਕਣਗੇ? ਭਗਵੰਤ ਸਿੰਘ ਮਾਨ ਦੀ ਆਜ਼ਾਦ ਰੂਪ ਵਿੱਚ ਸਰਕਾਰ ਚਲਾਉਣ ਦੀਆਂ ਸੀਮਾਵਾਂ ਕੀ ਉਸ ਦੇ ਇੱਕ ਆਦਰਸ਼ਕ ਮੁੱਖ ਮੰਤਰੀ ਸਾਬਤ ਹੋਣ ਵਿੱਚ ਰੁਕਾਵਟ ਤਾਂ ਨਹੀਂ ਬਣਨਗੀਆਂ? ਦੂਜੇ ਸ਼ਬਦਾਂ ਵਿੱਚ ਕੀ ਮੁੱਖ ਮੰਤਰੀ ਦੇ ਮੋਢਿਆਂ ਵਿੱਚ ਅਜਿਹੇ ਭਾਰ ਚੁੱਕਣ ਦੀ ਸਮਰੱਥਾ ਹੈ? ਸਪੱਸ਼ਟ ਹੈ ਕਿ ਅਜਿਹੀਆਂ ਸਥਿਤੀਆਂ ਵਿੱਚ ਸਫਲ ਨਾ ਹੋਣ ਦੇ ਨਤੀਜੇ ਵਜੋਂ ਕਿਸੇ ਨਵੀਂ ਤੀਜੀ ਸੰਜੀਦਾ ਧਿਰ ਦੇ ਉਭਾਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ।
ਆਮ ਆਦਮੀ ਪਾਰਟੀ ਅਤੇ ਇਸ ਦਾ ਰਾਜਨੀਤਿਕ ਵਿਰੋਧ ਕਰ ਰਹੀਆਂ ਕਾਂਗਰਸ ਤੇ ਅਕਾਲੀ ਦਲ ਤੇ ਹੋਰ ਨਵੀਆਂ ਉੱਭਰਨ ਵਾਲੀਆਂ ਸੰਭਾਵੀ ਧਿਰਾਂ ਲਈ ਇਹ ਗਿਆਤ ਹੋਣਾ ਜ਼ਰੂਰੀ ਹੈ ਕਿ ਆਤਮਨਿਰਭਰ ਪੰਜਾਬ ਦੀ ਨਵ-ਉਸਾਰੀ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਬਣਨਾ ਲੋੜੀਂਦਾ ਹੈ। ਜ਼ਾਹਿਰ ਹੈ ਕਿ ਅਜਿਹੇ ਪੰਜਾਬ ਦੀ ਉਸਾਰੀ ਲਈ ਇੱਕ ਸੰਯੁਕਤ, ਲੋਕ-ਪੱਖੀ ਅਤੇ ਕੁਦਰਤ-ਪੱਖੀ ਵਿਕਾਸ ਮਾਡਲ ਦਾ ਭਵਿੱਖੀ ਨਕਸ਼ਾ ਤਿਆਰ ਕਰਨਾ ਜ਼ਰੂਰੀ ਹੋਏਗਾ। ਦੂਜੀਆਂ ਸੰਸਥਾਵਾਂ ਅਤੇ ਜੀਵਨ ਮਾਡਲਾਂ ਦੀ ਪੂਰਕਤਾ ਵਿੱਚ ਕੰਮ ਕਰਨ ਵਾਲਾ ਅਜਿਹਾ ਵਿਕਾਸ ਮਾਡਲ ਕੇਵਲ ਅਰਥਚਾਰੇ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ, ਸਗੋਂ ਪ੍ਰਾਇਮਰੀ ਤੋਂ ਉਚੇਰੀ ਸਿੱਖਿਆ ਲਈ ਹੋਰ ਵਿਸ਼ਿਆਂ ਦੇ ਨਾਲ-ਨਾਲ ਕੁਦਰਤ-ਕੇਂਦਰਿਤ ਬ੍ਰਹਿਮੰਡੀ ਗਿਆਨ ਦੇਣ, ਗੁਣਾਤਮਕ ਸਿਹਤ ਸੇਵਾਵਾਂ, ਖੇਡਾਂ, ਵਾਤਾਵਰਨ ਸੰਭਾਲ, ਬੋਲੀ, ਸੱਭਿਆਚਾਰਕ-ਨੈਤਿਕ ਵਿਕਾਸ ਮਾਡਲ ਪੰਜਾਬ ਦੀ ਧਾਰਮਿਕ, ਵਿਰਾਸਤੀ ਪਹਿਚਾਣ ਬਣਾਈ ਰੱਖਣ ਅਤੇ ਆਪਸੀ ਸਾਂਝ ਅਤੇ ਵਿਸ਼ਵ ਚਿੰਤਾ ਕਰਨ ਵਿੱਚ ਵੱਡਾ ਯੋਗਦਾਨ ਨਿਸ਼ਚਿਤ ਕਰੇਗਾ। ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਹੋਣ ਕਾਰਨ ਇਸ ਉੱਤੇ ਇਹ ਜ਼ਿੰਮੇਵਾਰੀ ਵਧੇਰੇ ਆਇਦ ਹੁੰਦੀ ਹੈ। ਇਸ ਲਈ ਸਬੰਧਿਤ ਆਗੂਆਂ, ਵਿਦਵਾਨਾਂ, ਚਿੰਤਕਾਂ ਅਤੇ ਵਿਸ਼ਾ ਮਾਹਿਰਾਂ ਦੀ ਸਲਾਹ ਨਾਲ ਇਨ੍ਹਾਂ ਖੇਤਰਾਂ ਸਬੰਧੀ ਵਿਸ਼ਾਲ ਨੀਤੀ ਤੰਤਰ ਸਿਰਜਣ ਨਾਲ ਰਿਆਇਤਾਂ-ਕੇਂਦਰਿਤ ਨੀਤੀਆਂ ਤੋਂ ਅੱਗੇ ਜਾ ਕੇ ਨਿਯਮਬੱਧ ਢੰਗ ਨਾਲ ਕੰਮ ਕਰਨ ਨਾਲ ਸਾਕਾਰਾਤਮਕ ਨਤੀਜੇ ਨਿਕਲ ਸਕਣਗੇ। ਯਕੀਨਨ ਅਜਿਹੇ ਯਤਨਾਂ ਨਾਲ ਜਿੱਥੇ ਪੰਜਾਬ ਦਾ ਅਰਥਚਾਰਾ ਮਜ਼ਬੂਤ ਹੋਵੇਗਾ, ਉੱਥੇ ਪੰਜਾਬ ਦਾ ਖੇਤੀ ਸੈਕਟਰ, ਟੂਰਿਜ਼ਮ, ਟੈਕਸਟਾਈਲ, ਸਿੱਖਿਆ ਖੇਤਰ, ਸੱਭਿਆਚਾਰਕ ਵਿਕਾਸ, ਆਈ.ਟੀ. ਸੈਕਟਰ ਅਤੇ ਉਦਯੋਗਿਕ ਵਿਕਾਸ, ਵਪਾਰ ਆਦਿ ਨਾਲ ਨੌਜੁਆਨਾਂ ਤੇ ਹੋਰ ਲੋੜਵੰਦਾਂ ਲਈ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਅਨੇਕਾਂ ਮੌਕੇ ਪ੍ਰਾਪਤ ਹੋ ਜਾਣਗੇ।
ਹਰ ਸੂਬੇ ਅਤੇ ਦੇਸ਼ ਦੇ ਆਪਣੇ ਕੁਦਰਤੀ ਸਰੋਤ ਅਤੇ ਊਰਜਾ ਦੇ ਭੰਡਾਰ ਹੁੰਦੇ ਹਨ। ਪੰਜਾਬ ਕੋਲ ਇਸ ਦੇ ਪਾਣੀਆਂ ਦੀ ਸੌਗਾਤ ਅਤੇ ਕੁਦਰਤ ਵੱਲੋਂ ਬਖ਼ਸ਼ਿਸ਼ ਕੀਤੀ ਗਈ ਉਪਜਾਊ ਧਰਤੀ ਇਸ ਦੇ ਕੁਦਰਤੀ ਸਰੋਤ ਹਨ। ਇਨ੍ਹਾਂ ਸਰੋਤਾਂ ਦੀ ਸੰਭਾਲ ਅਤੇ ਸਹਿਜ ਵਰਤੋਂ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਨੂੰ ਪਿਆਰ ਕਰਨ ਵਾਲੇ ਕਿਸਾਨਾਂ, ਸਮਾਜਿਕ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਅਤੇ ਸੰਗਤ ਨੇ ਕੇਂਦਰ ਦੀਆਂ ਪੰਜਾਬ ਦੇ ਸਰੋਤਾਂ ਨੂੰ ਹੜੱਪਣ ਵਾਲੀਆਂ ਨੀਤੀਆਂ ਦਾ ਹਮੇਸ਼ਾਂ ਮੁਕਾਬਲਾ ਕੀਤਾ ਹੈ। ਕੇਂਦਰ ਦੀ ਭਾਜਪਾ ਸਰਕਾਰ ਦੀਆਂ ਖੇਤੀ ਤੇ ਜ਼ਮੀਨ ਸਬੰਧੀ ਕਾਰਪੋਰੇਟੀ ਨੀਤੀਆਂ ਦੇ ਵਿਰੋਧ ਵਿੱਚ ਪੰਜਾਬੀਆਂ ਨੇ ਇੱਕ ਸਾਲ ਤੱਕ ਸਫਲ ਸੰਘਰਸ਼ ਲੜਿਆ ਸੀ। ਇਸ ਸੰਘਰਸ਼ ਨੇ ਸੰਕਟਾਂ ਵਿੱਚ ਘਿਰੇ ਪੰਜਾਬ ਦੇ ਖੇਤੀ ਉਤਪਾਦਨ ਅਤੇ ਉੱਜਵਲ ਭਵਿੱਖ ਸਬੰਧੀ ਕਈ ਤਰ੍ਹਾਂ ਦੇ ਪ੍ਰਸ਼ਨ ਵੀ ਪੈਦਾ ਕੀਤੇ ਸਨ। ਖੇਤੀ ਸੈਕਟਰ ਨੂੰ ਘਾਟੇ ਵਾਲਾ ਧੰਦਾ ਗਰਦਾਨ ਕੇ ਇਸ ਨੂੰ ਪੰਜਾਬ-ਭਾਰਤ ਅਤੇ ਵਿਸ਼ਵ ਸਰਕਾਰਾਂ ਦੇ ਰਹਿਮੋ ਕਰਮ ਅਤੇ ਸਬਸਿਡੀਆਂ ਉੱਤੇ ਛੱਡ ਦਿੱਤਾ।
ਕੁਦਰਤ ਵੱਲੋਂ ਦਿੱਤੀ ਖੇਤੀ ਉਤਪਾਦਨ ਦੀ ਸੌਗਾਤ ਨੂੰ ਸਰਕਾਰਾਂ ਅਤੇ ਮੁਨਾਫ਼ਾਖੋਰ ਸ਼ਕਤੀਆਂ ਨੇ ਅਜਿਹੀ ਸਥਿਤੀ ਤੱਕ ਪਹੁੰਚਾ ਦਿੱਤਾ ਹੈ। ਨਵੰਬਰ 2021 ਵਿੱਚ ਕੇਂਦਰ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਤਾਂ ਜਿੱਤ ਲਿਆ ਗਿਆ ਸੀ, ਪਰ ਖੇਤੀ ਨਾਲ ਜੁੜੇ ਮੁੱਦੇ ਅਤੇ ਸਮੱਸਿਆਵਾਂ ਤਾਂ ਉਸੇ ਤਰ੍ਹਾਂ ਹੀ ਖੜ੍ਹੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਖੇਤੀ ਵਿਗਿਆਨੀਆਂ, ਮਾਹਿਰਾਂ ਅਤੇ ਖ਼ੁਦ ਕਿਸਾਨਾਂ ਨੂੰ ਪੰਜਾਬ ਦੀ ਨਵ-ਉਸਾਰੀ ਲਈ ਆਪਸੀ ਸਹਿਯੋਗ ਅਤੇ ਨਵੀਆਂ ਨੀਤੀਆਂ ਅਨੁਸਾਰ ਕੰਮ ਕਰਦਿਆਂ ਕੇਵਲ ਸਰਕਾਰਾਂ ਉੱਪਰ ਹੀ ਪੂਰੀ ਤਰ੍ਹਾਂ ਨਿਰਭਰ ਨਾ ਰਹਿ ਕੇ, ਆਪ ਵੀ ਵੱਡੀਆਂ ਪੁਲਾਂਘਾਂ ਪੁੱਟਣੀਆਂ ਹੋਣਗੀਆਂ। ਮਿਹਨਤ ਅਤੇ ਪਸੀਨਾ ਡੋਲ੍ਹਣ ਵਾਲੇ ਕਿਸਾਨਾਂ ਨੂੰ ਹੁਣ ਵਿਚਾਰੇ ਬਣੇ ਰਹਿਣ ਦੀ ਮਾਨਸਿਕਤਾ ਵਿੱਚੋਂ ਨਿਕਲ ਕੇ ਵੱਡਾ ਖੁਸ਼ਹਾਲੀ ਬਿਰਤਾਂਤ ਸਿਰਜਣਾ ਹੋਵੇਗਾ।
ਸਮੇਂ ਤੇ ਸਥਾਨ ਦੀਆਂ ਸੀਮਾਵਾਂ ਨੂੰ ਮੁੱਖ ਰੱਖ ਕੇ ਅਸੀਂ ਬਦਲਵੇਂ ਖੇਤੀ ਵਿਕਾਸ ਮਾਡਲ ਦੀਆਂ ਕੁਝ ਰੇਖਾਵਾਂ ਹੀ ਹੇਠਾਂ ਖਿੱਚ ਰਹੇ ਹਾਂ, ਜਿਨ੍ਹਾਂ ਬਾਰੇ ਪੰਜਾਬ ਤੇ ਭਾਰਤ ਦੇ ਖੇਤੀ ਮਾਹਿਰਾਂ, ਨੀਤੀ ਘਾੜਿਆਂ ਅਤੇ ਸਰਕਾਰਾਂ ਨੂੰ ਗੰਭੀਰ ਯਤਨ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਖੇਤੀ ਉਤਪਾਦਨ ਦੀਆਂ ਸਫਲ ਸੰਭਾਵਨਾਵਾਂ ਉਜਾਗਰ ਕਰਕੇ ਨਵਾਂ ਪੰਜਾਬ ਉਸਾਰ ਸਕਦੇ ਹਾਂ। ਇਹ ਸੁਝਾਅ ਇੱਕੋ ਸਮੇਂ ਕਿਸਾਨਾਂ, ਕਿਸਾਨ ਆਗੂਆਂ, ਮਾਹਿਰਾਂ ਅਤੇ ਸਰਕਾਰਾਂ ਨੂੰ ਸੰਬੋਧਿਤ ਹਨ।
ਬਦਲਵੇਂ ਖੇਤੀ ਵਿਕਾਸ ਮਾਡਲ ਨੂੰ ਸਫਲ ਬਣਾਉਣ ਲਈ ਸਾਰੀਆਂ ਸਬੰਧਿਤ ਧਿਰਾਂ ਨੂੰ ਜ਼ਮੀਨ ਦੀ ਤਾਸੀਰ ਵਿੱਚ ਪੜਾਅਵਾਰ ਸ਼ੁੱਧਤਾ ਲਿਆਉਣ ਲਈ ਕੰਮ ਕਰਨਾ ਹੋਵੇਗਾ; ਸਾਂਝੀ ਅਤੇ ਸਹਿਕਾਰੀ ਖੇਤੀ; ਯੋਜਨਾਬੱਧ ਖੇਤੀ ਉਤਪਾਦਨ, ਫਸਲੀ ਵਿਭਿੰਨਤਾ ਅਤੇ ਸਟੋਰੇਜ਼ ਦੇ ਪ੍ਰਬੰਧ ਕਰਨੇ ਹੋਣਗੇ; ਕਲੱਸਟਰ ਆਧਾਰਿਤ ਖੇਤੀ ਉਤਪਾਦਨ ਅਤੇ ਮਾਰਕੀਟਿੰਗ; ਖੇਤੀ ਉਦਯੋਗ ਅਤੇ ਕਿਸਾਨੀ ਨਾਲ ਜੁੜੇ ਘਰੇਲੂ ਉਦਯੋਗ ਸਥਾਪਿਤ ਕਰਨੇ ਹੋਣਗੇ; ਕੁਦਰਤੀ-ਜੈਵਿਕ ਖੇਤੀ; ਨਵੀਆਂ ਸਿੰਚਾਈ ਤਕਨੀਕਾਂ, ਚੈੱਕ ਡੈਮ ਅਤੇ ਬਣਾਉਟੀ ਝੀਲਾਂ ਬਣਾਉਣ ਨਾਲ ਫ਼ਸਲਾਂ ਦੀ ਸਿੰਚਾਈ ਯਕੀਨੀ ਬਣਾ ਕੇ ਧਰਤੀ ਹੇਠਲੇ ਪਾਣੀ ਦਾ ਬੋਝ ਘਟਾਉਣਾ ਹੋਵੇਗਾ ਅਤੇ ਖੇਤੀ ਉਤਪਾਦਨ ਦੀ ਪ੍ਰਤਿਸ਼ਠਾ, ਸਤਿਕਾਰ, ਗੌਰਵਮਈ ਪਹਿਚਾਣ ਬਹਾਲ ਕਰਨ ਦੇ ਵਾਤਾਵਰਨ ਵਿੱਚ ਕੰਮ ਕਰਨਾ ਹੋਵੇਗਾ।
ਪੰਜਾਬ ਸਰਕਾਰ ਨੂੰ ਕਿਸਾਨ ਕੇਂਦਰਿਤ ਨੀਤੀਆਂ, ਕੁਦਰਤੀ-ਜੈਵਿਕ ਖੇਤੀ ਉਤਪਾਦਨ ਸਰਪ੍ਰਸਤੀ, ਰੁਜ਼ਗਾਰ ਆਧਾਰਿਤ ਖੇਤੀ ਉਤਪਾਦਨ, ਬੇ-ਅਬਾਦ ਜ਼ਮੀਨਾਂ ਤੋਂ ਉਤਪਾਦਨ ਤੇ ਰੁਜ਼ਗਾਰ ਪ੍ਰਾਪਤ ਕਰਨ, ਦਿਹਾਤੀ ਖੇਤਰਾਂ ਵਿੱਚ ਖੇਤੀ ਉਦਯੋਗਾਂ ਨੂੰ ਸਥਾਪਿਤ ਕਰਨ, ਵਰਖਾ-ਦਰਿਆਵਾਂ ਦੇ ਪਾਣੀਆਂ ਦੀ ਸਟੋਰੇਜ਼, ਚੈਕ-ਡੈਮ ਬਣਾਉਣ, ਖੇਤੀ ਉਤਪਾਦਨ ਦੀਆਂ ਕੀਮਤਾਂ ਨੂੰ ਕਿਸਾਨ ਮੁਖੀ ਬਣਾਉਣਾ, ਅਨਾਜ, ਫ਼ਲਾਂ ਅਤੇ ਸਬਜ਼ੀਆਂ ਆਦਿ ਦੀਆਂ ਕੀਮਤਾਂ ਨਿਰਧਾਰਤ ਕਰਨ ਵਿੱਚ ਕਿਸਾਨਾਂ ਦੀ ਭਾਗੀਦਾਰੀ ਅਤੇ ਯਕੀਨੀ ਆਮਦਨ ਸੁਰੱਖਿਅਤ ਕਰਨ ਅਤੇ ਖੇਤੀ ਉਤਪਾਦਨ ਦਾ ਨਵਾਂ ਵਿਸ਼ਵ ਬਿਰਤਾਂਤ ਸਿਰਜਣ ਨਾਲ ਪੰਜਾਬ ਸਰਕਾਰ ਅਤੇ ਹੋਰ ਰਾਜਨੀਤਿਕ ਪਾਰਟੀਆਂ ਅਤੇ ਸੰਸਥਾਵਾਂ ਆਦਿ ਨਵੇਂ ਪੰਜਾਬ ਦੀ ਨਵ-ਉਸਾਰੀ ਕਰ ਸਕਣਗੀਆਂ।
*ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਆਨੰਦਪੁਰ ਸਾਹਿਬ।
ਸੰਪਰਕ: 98725-91713