ਮਨਮੋਹਨ ਸਿੰਘ ਬਾਵਾ
ਕਈ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਮੈਂ ਆਪਣੇ ਇਕ ਦੋਸਤ ਬੰਨੀ (ਬਲਵੰਤ ਸਿੰਘ) ਨਾਲ ਰਾਜਸਥਾਨ ਦੇ ਪ੍ਰਸਿੱਧ ਰਣਥੰਬੋਰ ਦੇ ਕਿਲ੍ਹੇ ਨੂੰ ਵੇਖਣ ਲਈ ਤੁਰ ਪੈਂਦਾ ਹਾਂ। ਪਹਿਲਾਂ ਰੇਲਗੱਡੀ ਰਾਹੀਂ ਸਵਾਏ ਮਾਧੋਪੁਰ ਦੇ ਸਟੇਸ਼ਨ ’ਤੇ ਜਾ ਉਤਰਦੇ ਅਤੇ ਉੱਥੋਂ ਤਾਂਗੇ ’ਚ ਬੈਠ ਕੇ ਦਸ ਕੁ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਦਿਆਂ ਰਣਥੰਬੋਰ ਦੇ ਕਿਲ੍ਹੇ ਦੇ ਪੈਰਾਂ ’ਚ ਜਾ ਪਹੁੰਚਦੇ ਹਾਂ। ਕਿਲ੍ਹਾ ਕਾਫ਼ੀ ਉੱਪਰ ਪਹਾੜੀ ’ਤੇ ਹੈ ਜਿੱਥੇ ਦੋ ਕੁ ਹਜ਼ਾਰ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਹੈ। ਜਿੱਥੋਂ ਪੌੜੀਆਂ ਸ਼ੁਰੂ ਹੁੰਦੀਆਂ ਉੱਥੇ ਇਕ ਕਾਫ਼ੀ ਵੱਡਾ ਥੜ੍ਹਾ, ਥੜ੍ਹੇ ਦੇ ਇਕ ਪਾਸੇ ਖੂਹ ਅਤੇ ਚੌਕੀਦਾਰ ਦਾ ਕਮਰਾ ਹੈ। ਇਸ ਦੇ ਐਨ ਸਾਹਮਣੇ ਘੱਟ ਡੂੰਘਾ ਤਲਾਅ ਹੈ ਜਿਸ ’ਚ ਕਮਲ ਦੇ ਫੁੱਲ ਅਤੇ ਬੱਤਖ਼ਾਂ ਤੈਰਦੀਆਂ ਨਜ਼ਰ ਆਉਂਦੀਆਂ ਹਨ। ਸਰੋਵਰ ਦੇ ਦੂਸਰੇ ਕੰਢੇ ਤਿੰਨ ਚਾਰ ਕਮਰਿਆਂ ਵਾਲਾ ਟੂਰਿਸਟ ਰੈਸਟ ਹਾਊਸ ਹੈ ਜਿੱਥੇ ਸੈਲਾਨੀਆਂ ਦਾ ਇਕ ਗਰੁੱਪ ਠਹਿਰਿਆ ਹੋਇਆ ਹੈ। ਅਸੀਂ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਅੰਦਾਜ਼ਾ ਲਾਉਂਦਿਆਂ ਆਪਣੇ ਨਾਲ ਕੈਂਪਿੰਗ ਦਾ ਸਾਰਾ ਸਾਮਾਨ ਲੈ ਕੇ ਆਏ ਹੋਏ ਹਾਂ। ਚੌਕੀਦਾਰ ਦੇ ਕਮਰੇ ਦੇ ਸਾਹਮਣੇੇ ਕਰਕੇ ਥੜ੍ਹੇ ਉੱਪਰ ਅਸੀਂ ਆਪਣਾ ਛੋੋਟੇ ਆਕਾਰ ਦਾ ਤੰਬੂ ਗੱਡ ਲੈਂਦੇ ਹਾਂ।
ਰਣਥੰਬੋਰ ਦੋ ਚੀਜ਼ਾਂ ਕਰਕੇ ਪ੍ਰਸਿੱਧ ਹੈ। ਇਕ ਜੰਗਲੀ ਜੀਵ ਰੱਖ ਅਤੇ ਦੂਸਰਾ ਇਸ ਇਤਿਹਾਸਕ ਕਿਲ੍ਹੇ ਕਰਕੇ। ਜੰਗਲ ’ਚ ਹੋਰ ਜੰਗਲੀ ਜਾਨਵਰਾਂ ਤੋਂ ਇਲਾਵਾ ਇਹ ਸ਼ੇਰਾਂ ਕਾਰਨ ਜ਼ਿਆਦਾ ਪ੍ਰਸਿੱਧ ਹੈ। ਮੇਰੀ ਜਾਣਕਾਰੀ ਅਨੁਸਾਰ ਕਿਲ੍ਹੇ ਦੇ ਉੱਪਰ ਪਹੁੰਚਣ ’ਤੇ ਇਕ ਮੰਦਰ ਹੈ ਅਤੇ ਇਕ ਦੋ ਦੁਕਾਨਾਂ ਹਨ ਜਿੱਥੇ ਅਸੀਂ ਕੁਝ ਖਾ ਪੀ ਵੀ ਸਕਦੇ ਹਾਂ। ਅਸੀਂ ਆਪਣੀਆਂ ਪਾਣੀ ਦੀਆਂ ਬੋਤਲਾਂ ਭਰ ਕੇ ਪੌੜੀਆਂ ਚੜ੍ਹਨ ਲੱਗਦੇ ਹਾਂ। ਰਸਤੇ ਵਿਚ ਰੁਕਦਿਆਂ ਫੋਟੋ ਖਿਚਦਿਆਂ ਸਾਹ ਲੈਂਦਿਆਂ ਦੁਪਹਿਰ ਤੱਕ ਉੱਪਰ ਜਾ ਪਹੁੰਚਦੇ ਹਾਂ। ਸਾਨੂੰ ਭੁੱਖ ਲੱਗੀ ਹੋਈ ਹੈ ਪਰ ਦੁਕਾਨਾਂ ਵੱਲ ਜਾ ਕੇ ਵੇਖਦੇ ਹਾਂ ਕਿ ਕਿਸੇ ਕਾਰਨ ਸਾਰੀਆਂ ਦੁਕਾਨਾਂ ਬੰਦ ਹਨ।
ਕੁਝ ਦੂਰ ਇਕ ਦੋ ਝੌਂਪੜੀਆਂ ਵਿਖਾਈ ਦੇਂਦੀਆਂ ਹਨ। ਅਸੀਂ ਉਨ੍ਹਾਂ ਝੌਂਪੜੀਆਂ ਵੱਲ ਇਸ ਤਰ੍ਹਾਂ ਤੁਰ ਪੈਂਦੇ ਹਾਂ ਜਿਵੇਂ ਕਿਸੇ ਸ਼ਹਿਰ ’ਚ ਫਿਰਦਾ ਕੋਈ ਭੁੱਖਾ ਕਿਸੇ ਹੋਟਲ ਰੈਸਤਰਾਂ ਵੱਲ ਜਾਂਦਾ ਹੈ। ਸਾਨੂੰ ਵੇਖ ਕੇ ਇਕ ਗਰੀਬੜੀ ਜਿਹੀ ਤੀਵੀਂ ਝੌਂਪੜੀ ’ਚੋਂ ਬਾਹਰ ਨਿਕਲ ਕੇ ਸਾਡੇ ਵੱਲ ਕੁਝ ਪ੍ਰੇਸ਼ਾਨੀ ਅਤੇ ਸਵਾਲ ਭਰੀਆਂ ਅੱਖਾਂ ਨਾਲ ਤੱਕਦੀ ਹੈ। ਉਸ ਦੇ ਪੈਰਾਂ ’ਚ ਕਿਸੇ ਸਸਤੀ ਜਿਹੀ ਧਾਤੂ ਦੇ ਕੜੇ ਹਨ। ਬਾਹਵਾਂ ’ਚ ਸ਼ਾਇਦ ਲੋਹੇ ਜਾਂ ਕਿਸੇ ਇਸੇ ਤਰ੍ਹਾਂ ਦੀ ਧਾਤੂ ਦੀਆਂ ਚੂੜੀਆਂ ਜਿਹੀਆਂ।
ਅਸੀਂ ਉਸ ਨੂੰ ਨਮਸਤੇ ਕਰਦਿਆਂ ਕਹਿੰਦੇ ਹਾਂ ਕਿ ਜੇ ਉਹ ਸਾਡੇ ਲਈ ਕੁਝ ਪਕਾ ਕੇ ਖਵਾ ਦੇਵੇ ਤਾਂ ਧੰਨਵਾਦੀ ਹੋਵਾਂਗੇ। ਸੁਣ ਕੇ ਉਹ ਸਾਡੇ ਵੱਲ ਕੁਝ ਇਸ ਤਰ੍ਹਾਂ ਵੇਖਦੀ ਹੈ ਜਿਵੇਂ ਅਸੀਂ ਕੋਈ ਅਣਹੋਣੀ ਗੱਲ ਕਹਿ ਦਿੱਤੀ ਹੋਵੇ। ਫੇਰ ਕਹਿੰਦੀ ਹੈ: ਅਰੇ ਭਾਈ ਯੋ ਤੋ ਪੂਛ ਲਿਆ ਹੋਤਾ ਕਿ ਕੌਨ ਜਾਤ ਹੂੰ ਮੈਂ? ਸਾਡੇ ਪੁੱਛਣ ’ਤੇ ਉਸ ਨੇ ਜੋ ਕੁਝ ਦੱਸਿਆ, ਉਹ ਰਾਜਪੂਤਾਂ ਦੇ ਕਿਸੇ ਬਹਾਦਰੀ ਦੇ ਕਾਰਨਾਮਿਆਂ ’ਚ ਨਹੀਂ ਪੜ੍ਹਿਆ, ਨਾ ਸੁਣਿਆ ਅਤੇ ਨਾ ਅੰਦਾਜ਼ਾ ਹੀ ਲਾ ਸਕਦੇ ਸਾਂ।
ਝੌਂਪੜੀ ਦੇ ਬਾਹਰ ਇੱਟਾਂ ਪੱਥਰਾਂ ਨੂੰ ਇਕੱਠਾ ਕਰ ਕੇ ਉਸ ਦਾ ਚੁੱਲ੍ਹਾ ਬਣਿਆ ਹੋਇਆ ਸੀ। ਉਸ ਉੱਪਰ ਉਸ ਨੇ ਕਿਸੇ ਟੁੱਟੇ ਹੋਏ ਘੜੇ ਦੀ ਠੀਕਰੀ ਉਲਟੀ ਕਰ ਕੇ ਰੱਖ ਦਿੱਤੀ। ਫੇਰ ਉਸ ਉੱਪਰ ਆਪਣੇ ਦੋਵੇਂ ਹੱਥਾਂ ਨਾਲ ਰੋਟੀ ਬਣਾ ਕੇ ਠੀਕਰੀ ਉੱਤੇ ਰੱਖ ਦਿੱਤੀ। ਮੇਰੇ ਪੁੱਛਣ ’ਤੇ ਕਿ ਉਸ ਦੇ ਕੋਲ ਲੋੋਹੇ ਦਾ ਤਵਾ ਨਹੀਂ ਹੈ? ਉਸ ਦਾ ਉੱਤਰ ਸੀ ਕਿ ਅਸੀਂ ਨੀਵੀਂ ਜਾਤ ਦੇ ਹਾਂ ਅਤੇ ਉਪਰਲੀਆਂ (ਰਾਜਪੂਤੀ) ਜਾਤਾਂ ਵੱਲੋਂ ਸਾਨੂੰ ਲੋਹੇ ਦਾ ਤਵਾ ਵਰਤਣ ਦੀ ਆਗਿਆ ਨਹੀਂ।
ਥੱਲੇ ਚੌਕੀਦਾਰ ਨੂੰ ਕਹਿ ਗਏ ਸਾਂ ਕਿ ਖਾਣਾ ਅਸੀਂ ਰਾਤੀਂ ਥੱਲੇ ਆ ਕੇ ਹੀ ਖਾਵਾਂਗੇ। ਇਸ ਆਸ ’ਤੇ ਕਿ ਉਸ ਦੇ ਵੀ ਕੁਝ ਪੱਲੇ ਪੈ ਜਾਏਗਾ। ਉਸ ਨੇ ਸਾਡੇ ਲਈ ਕਿਸੇ ਆਉਂਦੇ ਜਾਂਦੇ ਤੋਂ ਤਾਜ਼ਾ ਸਬਜ਼ੀ ਅਤੇ ਦਹੀਂ ਮੰਗਵਾ ਕੇ ਰੱਖਿਆ ਹੋਇਆ ਹੈ। ਭੁੱਖ ਸਾਨੂੰ ਐਨੀ ਲੱਗੀ ਹੋਈ ਸੀ ਕਿ ਜੇ ਉਹ ਰੋਟੀ ਉੱਤੇ ਸਿਰਫ਼ ਲੂਣ ਰੱਖ ਕੇ ਵੀ ਦੇ ਦਿੰਦਾ ਤਾਂ ਅਸੀਂ ਸੁਆਦ ਨਾਲ ਖਾ ਲੈਣੀ ਸੀ। ਜਿਸ ਕਮਰੇ ’ਚ ਅਸੀਂ ਸੌਣਾ ਸੀ ਉਸ ’ਚ ਚੌਕੀਦਾਰ ਦਾ ਕੋਈ ਵਾਕਫ਼ ਘਾਹ ਦੀਆਂ ਭਰੀਆਂ ਵੱਡੀਆਂ ਵੱਡੀਆਂ ਬੋਰੀਆਂ ਰੱਖ ਗਿਆ। ਮੈਂ ਅਤੇ ਮੇਰਾ ਸਾਥੀ ਦੋ-ਦੋ ਬੋਰੀਆਂ ਜੋੜ ਕੇ ਉਨ੍ਹਾਂ ਉੱਪਰ ਸੌਂ ਜਾਂਦੇ ਹਾਂ। ਬਹੁਤ ਥੱਕੇ ਹੋਏ ਸਾਂ। ਇਸ ਲਈ ਟੈਂਟ ਲਾਉਣ ਦੀ ਹਿੰਮਤ ਨਹੀਂ ਸੀ ਰਹੀ।
ਸਵੇਰ ਦਾ ਵਾਤਾਵਰਣ ਇਸ ਤਰ੍ਹਾਂ ਦੇ ਮਾਹੌਲ ’ਚ ਬਹੁਤ ਆਕਰਸ਼ਕ ਹੁੰਦਾ ਹੈ। ਜਿੱਥੇ ਅਸੀਂ ਸੁੱਤੇ ਹਾਂ ਉਸ ਦੇ ਲਾਗੇ ਹੀ ਖੂਹ ਹੈ। ਇਸ ’ਚੋਂ ਅਸੀਂ ਰੱਸੀ, ਡੋਲ ਰਾਹੀਂ ਪਾਣੀ ਖਿੱਚ ਕੇ ਮੂੰਹ ਹੱਥ ਧੋਂਦੇ ਹਾਂ। ਸਾਹਮਣੇ ਕਾਫ਼ੀ ਲੰਮਾ ਚੌੜਾ ਤਲਾਅ ਹੈ, ਕੁਝ ਘੱਟ ਡੂੰਘਾ। ਉਸ ’ਚ ਬੱਤਖ਼ਾਂ ਤੈਰ ਰਹੀਆਂ ਅਤੇ ਦੂਸਰੇ ਕੰਡੇ ’ਤੇ ਖੰਡਰ ਹੋਈਆਂ ਕੰਧਾਂ ਉੱਤੇ ਇਕ ਮੋਰ ਬੈਠਾ ਦਿਸ ਰਿਹਾ ਹੈ। ਕੁਝ ਹਿਰਨ ਅਤੇ ਬਾਰਾਸਿੰਙੇ ਪਾਣੀ ਪੀਣ ਆਉਂਦੇ ਹਨ। ਇਕ ਪਾਸੇ ਬਾਰਾਂ ਸੀਟਾਂ ਵਾਲੀ ਜੀਪ ਖੜ੍ਹੀ ਹੈ। ਉਸ ਦੇ ਡਰਾਈਵਰ ਤੋਂ ਇਸ ਸਫ਼ਾਰੀ ਦਾ ਕਿਰਾਇਆ ਪੁੱਛ ਕੇ ਉਸ ਨਾਲ ਆਪਣੀਆਂ ਦੋ ਸੀਟਾਂ ਪੱਕੀਆਂ ਕਰ ਲੈਂਦੇ ਹਾਂ। ਉਸ ਜੀਪ ’ਚ ਬੈਠਣ ਤੋਂ ਪਹਿਲਾਂ ਚੌਕੀਦਾਰ ਦੱਸਦਾ ਹੈ, ਜੇ ਅਸੀਂ ਇਕ ਦੂਰ ਦਿਸਦੇ ਖੰਡਰ ਦੀ ਛੱਤ ਉੱਪਰ ਜਾ ਖੜ੍ਹੇ ਹੋਈਏ ਤਾਂ ਸੰਭਵ ਹੈ ਕਿ ਇੱਧਰ-ਉੱਧਰ ਫਿਰਦਾ ਸ਼ੇਰ ਦਿਸ ਜਾਵੇ। ਅਸੀਂ ਬੜੀ ਮੁਸ਼ਕਲ ਨਾਲ ਉਸ ਖੰਡਰ ਦੀ ਛੱਤ ’ਤੇ ਜਾ ਬੈਠਦੇ ਹਾਂ ਪਰ ਨਿਰਾਸ਼ਾ ਹੀ ਹੁੰਦੀ ਹੈ। ਸ਼ੇਰ ਤਾਂ ਕੀ ਕੋਈ ਗਿੱਦੜ ਵੀ ਨਹੀਂ ਦਿਸਦਾ।
ਨੌਂ ਕੁ ਵਜੇ ਅਸੀਂ ਅਤੇ ਰੈਸਟ ਹਾਊਸ ਦੇ ਸੈਲਾਨੀ ਬਾਰਾਂ-ਸੀਟਰ ਜੀਪ ’ਚ ਬੈਠ ਜਾਂਦੇ ਹਾਂ। ਸਾਡੇ ਵਾਂਗ ਸਾਰਿਆਂ ਦੇ ਮਨ ਉਤਸੁਕਤਾ ਨਾਲ ਭਰੇ ਹੋਏ ਹਨ, ਇਕੋ ਇੱਛਾ ਸ਼ੇਰ ਨੂੰ ਜੰਗਲ ’ਚ ਤੁਰਦਿਆਂ ਫਿਰਦਿਆਂ ਵੇਖਣ ਅਤੇ ਉਸ ਨੂੰ ਆਪਣੇ ਕੈਮਰਿਆਂ ’ਚ ਕੈਦ ਕਰਨ ਦੀ ਹੈ। ਗੱਡੀ ਹੌਲੀ-ਹੌਲੀ ਕੱਚੀ ਸੜਕ ’ਤੇ ਤੁਰਨ ਲੱਗਦੀ ਹੈ। ਮੱਧ ਪ੍ਰਦੇਸ਼ ਜਾਂ ਹੋਰ ਕਈ ਸੁਰੱਖਿਅਤ ਜੰਗਲਾਂ ’ਚ ਰੁੱਖ ਕਾਫ਼ੀ ਸੰਘਣੇ ਹੁੰਦੇ ਹਨ। ਰਾਜਸਥਾਨ ਦੇ ਜੰਗਲ ਵਿਚ ਉੱਚੇ ਰੁੱਖ ਘੱਟ ਤੇ ਝਾੜੀਆਂ ਜ਼ਿਆਦਾ ਹੁੰਦੀਆਂ ਹਨ। ਤਿੰਨ, ਸਾਢੇ ਤਿੰਨ ਘੰਟੇ ਜੰਗਲ ’ਚ ਘੁੰਮਦਿਆਂ ਫਿਰਦਿਆਂ ਗਿੱਦੜਾਂ, ਲੂੰਬੜੀਆਂ ਅਤੇ ਹਿਰਨਾਂ ਦੇ ਦੋ ਕੁ ਝੁੰਡਾਂ ਤੋਂ ਬਿਨਾਂ ਹੋਰ ਬਹੁਤਾ ਕੁਝ ਨਹੀਂ ਦਿਸਦਾ। ਸਾਰਿਆਂ ਨੂੰ ਸ਼ੇਰ ਨਾ ਦਿਸਣ ਦੀ ਨਿਰਾਸ਼ਾ ਹੁੰਦੀ ਹੈ। ਦੁਪਹਿਰੇ ਇਕ ਵਜੇ ਗੱਡੀ ਸਾਨੂੰ ਵਾਪਸ ਛੱਡ ਦਿੰਦੀ ਹੈ। ਵਾਪਸ ਪਹੁੰਚ ਕੇ ਚੌਕੀਦਾਰ ਵੱਲੋਂ ਬਣਾਇਆ ਖਾਣਾ ਖਾਣ ਨੂੰ ਮਿਲਦਾ ਹੈ। ਖਾਣੇ ਦਾ ਸੁਆਦ ਅਤੇ ਸ਼ਕਲ ਵੇਖਦਿਆਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਚੌਕੀਦਾਰ ਯਾਤਰੀਆਂ ਵਾਲੇ ਰੈਸਟ ਹਾਊਸ ਦੀ ਰਸੋਈ ’ਚੋਂ ਕੁਝ ਮੰਗ ਕੇ ਸਾਡੇ ਲਈ ਲੈ ਆਇਆ ਹੈ।
ਇਨ੍ਹਾਂ ਬਾਦਸ਼ਾਹਾਂ ਦੇ ਕਾਰਨਾਮਿਆਂ ਅਤੇ ਮਹੱਤਵਕਾਂਖਿਆਵਾਂ ਬਾਰੇ ਸੋਚਦਿਆਂ ਮੈਂ ਇਹ ਵੀ ਸੋਚ ਰਿਹਾ ਹਾਂ ਕਿ ਦੋ ਚਾਰ ਫ਼ਕੀਰ ਕੁਝ ਮੰਗ-ਮੁੰਗ ਕੇ ਮਿਲੇ ਨੂੰ ਆਪਸ ’ਚ ਵੰਡ ਕੇ ਖਾ ਲੈਣਗੇ, ਪਰ ਦੁਨੀਆਂ ਦੇ ਹੋ ਗੁਜ਼ਰੇ ਬਾਦਸ਼ਾਹਾਂ ਦੀ ਮਨੋਸਥਿਤੀ ਆਮ ਆਦਮੀ ਦੀ ਸੋਚ ਤੋਂ ਬਹੁਤ ਵੱਖਰੀ ਹੁੰਦੀ ਸੀ। ਹਰ ਗੁਆਂਢੀ ਬਾਦਸ਼ਾਹ ਉਨ੍ਹਾਂ ਦੀਆਂ ਅੱਖਾਂ ’ਚ ਰੜਕਦਾ ਰਹਿੰਦਾ ਸੀ, ਚਾਹੇ ਉਹ ਬਾਦਸ਼ਾਹ ਤਾਕਤਵਰ ਹੋਵੇ ਜਾਂ ਕਮਜ਼ੋਰ। ਅਲਾਊਦੀਨ ਖਿਲਜੀ ਤੋਂ ਬਾਅਦ ਦਿੱਲੀ ਦੇ ਬਾਦਸ਼ਾਹ ਦੀਆਂ ਅੱਖਾਂ ’ਚ ਵੀ ਰਣਥੰਬੋਰ ਦਾ ਕਿਲ੍ਹਾ ਰੜਕਣ ਲੱਗਿਆ।
ਅਕਬਰ ਬਾਦਸ਼ਾਹ ਨੇ ਵੀ ਆਪਣੇ ਦਿਲ ਦੀ ਇਸ ਰੜਕ ਨੂੰ ਮਿਟਾਉਣ ਲਈ ਆਪਣੀ ਕਮਾਨ ਹੇਠ ਭਾਰੀ ਫ਼ੌਜ ਲੈ ਕੇ ਅਤੇ ਚਾਰ ਪੰਜ ਸੌ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਦਿਆਂ ਰਣਥੰਬੋਰ ’ਚ ਕਿਲ੍ਹੇ ਤੋਂ ਕੁਝ ਦੂਰ ਆਪਣੇ ਲਸ਼ਕਰ ਦੀ ਛਾਉਣੀ ਪਾ ਲਈ।
ਉਸ ਸਮੇਂ ’ਚ ਬਹੁਤ ਸਾਰੇ ਰਾਜਪੂਤ ਰਾਜਿਆਂ ਨੇ ਮੁਗ਼ਲ ਬਾਦਸ਼ਾਹ ਨਾਲ ਆਪਣੀਆਂ ਧੀਆਂ ਦਾ ਵਿਆਹ ਰਚਾਉਣ ਤੋਂ ਬਾਅਦ ਮੁਗ਼ਲ ਫੌਜ ਦੀਆਂ ਸਿਪਾਹ-ਸਲਾਰੀਆਂ ਹਾਸਲ ਕਰ ਲਈਆਂ ਸਨ। ਰਣਥੰਬੋਰ ਵੱਲ ਵਧ ਰਹੀ ਫ਼ੌਜ ਦਾ ਸੈਨਾਪਤੀ ਰਾਜਾ ਮਾਨ ਸਿੰਘ ਸੀ ਅਤੇ ਬਾਦਸ਼ਾਹ ਅਕਬਰ ਵੀ ਭੇਸ ਬਦਲ ਕੇ ਉਸ ਦੇ ਨਾਲ ਹੀ ਸੀ। ਉਸ ਘੇਰੇ ਦੌਰਾਨ ਮੁਗ਼ਲਾਂ ਅਤੇ ਰਾਜਪੂਤ ਰਾਣਾ ਵਿਚਕਾਰ ਆਪਸੀ ਸੁਲਾਹ-ਸਫ਼ਾਈ ਦਾ ਮੌਕਾ ਵੀ ਬਣ ਗਿਆ। ਜਦੋਂ ਰਣਥੰਬੋਰ ’ਚ ਰਾਜਾ ਸੁਰਜਨ ਹੀਰਾ ਅਤੇ ਰਾਜਾ ਮਾਨ ਸਿੰਘ ਵਿਚਕਾਰ ਸੁਲਾਹ-ਸਫ਼ਾਈ ਦੀਆਂ ਸ਼ਰਤਾਂ ਬਾਰੇ ਗੱਲਬਾਤ ਹੋ ਰਹੀ ਸੀ ਤਾਂ ਬਾਦਸ਼ਾਹ ਅਕਬਰ ਝੰਡਾਬਰਦਾਰ ਦੇ ਭੇਸ ’ਚ ਰਾਜਾ ਮਾਨ ਸਿੰਘ ਦੇ ਨਾਲ ਹੀ ਖੜ੍ਹਾ ਸੀ। ਅਚਾਨਕ ਰਾਜਾ ਸੁਰਜਨ ਹੀਰਾ ਨੇ ਭੇਸ ਬਦਲ ਕੇ ਖੜ੍ਹੇ ਅਕਬਰ ਨੂੰ ਪਛਾਣ ਲਿਆ। ਉਸ ਵੇਲੇ ਰਾਜਾ ਸੁਰਜਨ ਹੀਰਾ ਨੇ ਉਸ ਸਮੇਂ ਦੀ ਮਾਣ-ਮਰਿਆਦਾ ਅਤੇ ਰਾਜਪੂਤੀ ਪਰੰਪਰਾ ਦਾ ਧਿਆਨ ਰੱਖਦਿਆਂ ਬੜੇ ਇੱਜ਼ਤ-ਮਾਣ ਨਾਲ ਅਕਬਰ ਦਾ ਹੱਥ ਫੜਦਿਆਂ ਉਸ ਨੂੰ ਦੀਵਾਨ ਉੱਤੇ ਬਿਠਾ ਦਿੱਤਾ। ਇਸ ਸਾਰੇ ਵਰਤਾਰੇ ਨੇ ਵਿਰੋਧਤਾ ਦੇ ਵਾਤਾਵਰਨ ਨੂੰ ਦੋਸਤੀ ਦੀ ਭਾਵਨਾ ’ਚ ਬਦਲ ਦਿੱਤਾ। ਹੁਣ ਅਕਬਰ ਬਾਦਸ਼ਾਹ ਰਣਥੰਬੋਰ ਦੇ ਕਿਲ੍ਹੇ ’ਚ ਇਕ ਪ੍ਰਤਿਸ਼ਠਿਤ ਮਹਿਮਾਨ ਸੀ। ਇਸ ਤੋਂ ਬਾਅਦ ਯੁੱਧ ਦੀ ਮਾਰੋ-ਮਾਰ ਅਤੇ ਖ਼ੂਨ-ਖਰਾਬੇ ਦੀ ਬਜਾਏ ਦਾਅਵਤਾਂ, ਜਸ਼ਨਾਂ ਅਤੇ ਨਾਚ-ਗਾਣੇ ਦੇ ਦੌਰ ਚਲਦੇ ਰਹੇ।
ਖ਼ੈਰ! ਕਿਲ੍ਹੇ ਤੋਂ ਵਾਪਸ ਆਪਣੇ ਟਿਕਾਣੇ ’ਤੇ ਪਹੁੰਚਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਟੂਰਿਸਟ ਰੈਸਟ ਹਾਊਸ ’ਚ ਠਹਿਰਿਆ ਹੋਇਆ ਗਰੁੱਪ ਚਲਾ ਗਿਆ ਹੈ। ਸਾਡੇ ਲਈ ਇਹ ਖ਼ੁਸ਼ਖ਼ਬਰੀ ਹੈ ਅਤੇ ਸਾਨੂੰ ਆਪਣੇ ਲਈ ਰੈਸਟ ਹਾਊਸ ’ਚ ਕਮਰਾ ਵੀ ਮਿਲ ਜਾਂਦਾ ਹੈ ਅਤੇ ਖਾਣਾ ਵੀ।
ਇਹ ਕੁਝ ਲਿਖਦਿਆਂ ਮੈਨੂੰ ‘ਥਾਰੂ’ ਨਾਮ ਦੇ ਟੱਪਰੀਵਾਸ ਕਬੀਲੇ ਦੀ ਯਾਦ ਆ ਰਹੀ ਹੈ। ਕੁਝ ਵਰ੍ਹੇ ਪਹਿਲਾਂ ਮੈਨੂੰ ਨੇਪਾਲ ਅਤੇ ਹਿੰਦੋਸਤਾਨ ਦੀ ਸਰਹੱਦ ’ਤੇ ਤਰਾਈ ਦੇ ਜੰਗਲਾਂ ’ਚ ਘੁੰਮਦਿਆਂ ‘ਥਾਰੂ’ ਨਾਮ ਦੇ ਟੱਪਰੀਵਾਸ ਕਬੀਲਿਆਂ ਦੀਆਂ ਬਸਤੀਆਂ ’ਚ ਰਹਿਣ ਦਾ ਅਵਸਰ ਮਿਲਿਆ। ‘ਥਾਰੂ’ ਦਾ ਦੂਸਰਾ ਭਾਵ ਰਾਜਸਥਾਨ ਦਾ ਖੇਤਰ ਹੈ। ਇਨ੍ਹਾਂ ਦੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਮਹਾਰਾਣਾ ਪ੍ਰਤਾਪ ਨੂੰ ਅਕਬਰ ਦੀਆਂ ਫ਼ੌਜਾਂ ਨਾਲ ਲੜਦਿਆਂ ‘ਸ਼ਿਕਸਤ’ ਦਾ ਮੂੰਹ ਵੇਖਣਾ ਪਿਆ ਤਾਂ ਬਹੁਤ ਸਾਰੇ ਹਾਰ ਖਾ ਕੇ ਪਰਤੇ ਰਾਜਪੂਤ ਸੈਨਿਕ ਇਸ ਨਤੀਜੇ ’ਤੇ ਪਹੁੰਚੇ ਕਿ ਅਕਬਰ ਦੀਆਂ ਸੈਨਾਵਾਂ ਨਾਲ ਲੜਦਿਆਂ ਜੇ ਅਸੀਂ ਮਾਰੇ ਗਏ ਤਾਂ ਸਾਡੇ ਬੀਵੀ ਬੱਚਿਆਂ ਦਾ ਕੀ ਬਣੇਗਾ? ਫਿਰ ਉਨ੍ਹਾਂ ਨੇ ਕੁਝ ਫ਼ੈਸਲੇ ਕਰਦਿਆਂ ਆਪਣੀਆਂ ਧੀਆਂ, ਭੈਣਾਂ, ਪਤਨੀਆਂ ਨੂੰ ਦੁਹਾਈ ਦੇ ਉਨ੍ਹਾਂ ਜੰਗਲਾਂ ’ਚ ਛੱਡ ਆਏ ਕਿ ਫ਼ਤਹਿ ਪ੍ਰਾਪਤ ਕਰਨ ਤੋਂ ਬਾਅਦ ਉਹ ਸਾਰਿਆਂ ਨੂੰ ਆ ਕੇ ਲੈ ਜਾਣਗੇ, ਪਰ ਕੋਈ ਵੀ ਉਨ੍ਹਾਂ ਨੂੰ ਵਾਪਸ ਲੈਣ ਨਹੀਂ ਆਇਆ। ਉਹ ਸਾਰੇ ਅਕਬਰ ਦੀਆਂ ਫ਼ੌਜਾਂ ਨਾਲ ਲੜਦਿਆਂ ਮਾਰੇ ਗਏ।
ਜਦੋਂ ਤਰਾਈ ਦੇ ਜੰਗਲਾਂ ’ਚ ਰਹਿੰਦਿਆਂ ਉਨ੍ਹਾਂ ਨੂੰ ਕੋਈ ਵਾਪਸ ਲੈਣ ਨਹੀਂ ਆਇਆ ਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਜਵਾਨ ਹੋ ਗਈਆਂ ਤਾਂ ਉਨ੍ਹਾਂ ਦਾ ਵਿਆਹ ਆਪਣੇ ਨਾਲ ਆਏ ਨੌਕਰਾਂ ਨਾਲ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਬਸਤੀਆਂ ’ਚ ਘੁੰਮਦਿਆਂ ਮੈਨੂੰ ਇਕ ਥਾਰੂ ਤੀਵੀਂ ਦੇ ਘਰ ’ਚ ਰਹਿਣ ਦਾ ਅਵਸਰ ਮਿਲਿਆ ਤਾਂ ਮੈਂ ਵੇਖਿਆ ਕਿ ਚਾਹੇ ਉਦੋਂ ਦੇ ਆਦਮੀ ਵੀ ਉਨ੍ਹਾਂ ਦੀ ਕੁੱਖੋਂ ਹੀ ਪੈਦਾ ਹੋਏ, ਪਰ ਘਰ ਦੀ ਮੁਖੀ ਤੀਵੀਂ ਹੀ ਹੁੰਦੀ ਹੈ। ਘਰ ਦੀ ਰਸੋਈ ’ਚ ਤੀਵੀਂ ਰੋਟੀ ਪਕਾਉਂਦੀ ਹੈ, ਥਾਲ ਪਰੋਸਦੀ ਅਤੇ ਰਸੋਈ ਦੀਆਂ ਦਲੀਜਾਂ ’ਚ ਪਰੋਸੀ ਥਾਲੀ ਰੱਖ ਕੇ ਆਪਣੇ ਪੈਰ ਨਾਲ ਅੱਗੇ ਖਿਸਕਾ ਦਿੰਦੀ ਹੈ। ਆਦਮੀ ਪਰੋਸੀ ਥਾਲੀ ਚੁੱਕਦਾ ਅਤੇ ਇਕ ਪਾਸੇ ਬੈਠ ਕੇ ਖਾ ਲੈਂਦਾ ਹੈ। ਤੀਵੀਂ ਆਪਣੇ ਘਰ ’ਚ ਰਹਿ ਰਹੇ ਕਿਸੇ ਆਦਮੀ ਨਾਲ ਬੈਠ ਕੇ ਰੋਟੀ ਨਹੀਂ ਖਾਂਦੀ। ਜਦੋਂ ਕਦੇ ਘਰੋਂ ਬਾਹਰ ਜਾਂਦੇ ਹਨ ਤਾਂ ਤੀਵੀਂ ਅੱਗੇ-ਅੱਗੇ ਅਤੇ ਆਦਮੀ ਉਸ ਦੇ ਪਿੱਛੇ-ਪਿੱਛੇ ਤੁਰਦਾ ਹੈ…।
ਸੰਪਰਕ: 81307-82551