ਸਾਹਿਬ ਸਿੰਘ
ਉਹ ਜਦੋਂ ਘਰੋਂ ਤੁਰਦਾ ਤਾਂ ਜ਼ਿੰਦਗੀ ਦਾ ਜਸ਼ਨ ਹੁੰਦਾ ਸੀ। ਸਿਰ ’ਤੇ ਰੰਗ ਬਰੰਗੀ ਪੱਗ ਬੰਨ੍ਹਦਾ। ਜਿਸਮ ’ਤੇ ਕਾਇਨਾਤ ਦੇ ਸਾਰੇ ਰੰਗ ਸਜਾ ਕੇ ਤੁਰਦਾ, ਪਰ ਸਲੀਕੇ, ਨਫ਼ਾਸਤ ਤੇ ਤਰੀਕੇ ਨਾਲ! ਉਹ ਜ਼ਿੰਦਗੀ ਦੇ ਅੱਥਰੇ ਘੋੜੇ ’ਤੇ ਸਵਾਰ ਰਹਿੰਦਾ ਸੀ। ਹੱਸਦਾ, ਗੁਟਕਦਾ, ਮਸ਼ਕਰੀਆਂ ਕਰਦਾ। ਉਮਰ ਦਾ ਲਿਹਾਜ਼ ਭੁੱਲ ਕੇ ਉਹ ਹਰੇਕ ਦਾ ਆਪਣਾ ਬਣ ਜਾਂਦਾ। ਉਹ ਚੰਨੀ ਸੀ, ਗੁਰਚਰਨ ਸਿੰਘ ਚੰਨੀ। ਅੱਜ ਉਹ ਸਾਨੂੰ ਸਾਰਿਆਂ ਨੂੰ ਰੋਂਦਾ ਛੱਡ ਤੁਰ ਗਿਆ! ਉਹ ਰੰਗਕਰਮੀ ਸੀ, ਪਰ ਨਿਰੋਲ ਨਹੀਂ! ਰੰਗਮੰਚ ਉਸ ਲਈ ਮਾਧਿਅਮ ਸੀ… ਸਿੱਖਿਆ, ਸਮਾਜਿਕ ਰਾਜਨੀਤਕ ਸਮਝ, ਇਨਸਾਨ ਦੀ ਇਨਸਾਨੀਅਤ ਨੂੰ ਬਚਾਉਣ, ਦਫ਼ਾ ਚੁਤਾਲੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਤੇ ਜ਼ਿੰਦਾਬਾਦ ਜ਼ਿੰਦਗੀ ਦਾ ਪਰਚਮ ਲਹਿਰਾਉਣ ਲਈ! ਗੁਰਚਰਨ ਸਿੰਘ ਚੰਨੀ ਦੇ ਰੰਗਮੰਚ ਦੀ ਸ਼ੁਰੂਆਤ ਸੱਤਰਵਿਆਂ ’ਚ ਹੋਈ ਤੇ ਉਹ ਹਯਾਤੀ ਦੇ ਸੱਤਰਵਿਆਂ ’ਚ ਤੁਰ ਗਿਆ। ਸ਼ਾਇਦ ਉਹ ਜ਼ਿੰਦਗੀ ਤੋਂ ਰਿਟਾਇਰ ਹੋਣਾ ਨਹੀਂ ਸੀ ਚਾਹੁੰਦਾ, ਇਸ ਲਈ ਤੁਰਿਆ ਫਿਰਦਾ, ਜ਼ਿੰਦਗੀ ਦੇ ਗੀਤ ਗਾਉਂਦਾ ਹੀ ਭਰਿਆ ਮੇਲਾ ਛੱਡ ਕੇ ਤੁਰ ਗਿਆ। ਵੈਸੇ ਕਾਹਦਾ ਮੇਲਾ! ਮੇਲਾ ਤਾਂ ਰਿਹਾ ਹੀ ਨਹੀਂ.. ਮੇਲੀ ਮਿਲ ਨਹੀਂ ਸਕਦੇ, ਕਿਸੇ ਬਿਮਾਰ ਸੱਜਣ ਦੀ ਖ਼ਬਰ ਲੈਣ ਲਈ ਜਾ ਨਹੀਂ ਸਕਦੇ, ਉਹਦੇ ਨਾਲ ਚਾਰ ਗੱਲਾਂ ਨਹੀਂ ਕਰ ਸਕਦੇ!
ਉਹ ਗੋਰਿਆਂ ਦੀ ਰੁਖ਼ਸਤ ਤੋਂ ਚਾਰ ਸਾਲ ਬਾਅਦ ਅਕਤੂਬਰ ਮਹੀਨੇ ਜੰਮਿਆ ਸੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਉਹ ਸਾਇੰਸ ਦਾ ਗਰੈਜੂਏਟ ਬਣ ਨਿਕਲਿਆ। ਸਾਇੰਸ ਮਾਦਾ ਤੇ ਤਾਕਤ ਦੀ ਬਾਤ ਪਾਉਂਦੀ, ਉਹ ਲੋਕਾਂ ਦੀਆਂ ਨਕਲਾਂ ਉਤਾਰਦਾ। ਇਕ ਮੁਕਾਬਲੇ ’ਚ ਦੇਵਿੰਦਰ ਸਤਿਆਰਥੀ ਦੀ ਨਜ਼ਰੀਂ ਚੜ੍ਹਿਆ। ਸਤਿਆਰਥੀ ਨੇ ਬੜੀ ਪਿਆਰੀ ਸਲੀਕੇਦਾਰ ਗਾਲ੍ਹ ਕੱਢੀ ਤੇ ਵਰਜਿਆ, ‘‘ਇੱਥੇ ਕੀ ਕਰਦਾ ਏਂ, ਰੰਗਮੰਚ ਦਾ ਹਿੱਸਾ ਬਣ!’’ ਸਤਿਆਰਥੀ ਦੀ ਗਾਲ੍ਹ ਉਹਨੇ ਇੱਕ ਕੰਨ ਤੋਂ ਸੁਣ ਦੂਜੇ ਕੰਨੋਂ ਬਾਹਰ ਨਾ ਨਿਕਲਣ ਦਿੱਤੀ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਜਾ ਪਹੁੰਚਿਆ। ਬਲਵੰਤ ਗਾਰਗੀ ਨੇ ਉੱਥੇ ਇੰਡੀਅਨ ਥੀਏਟਰ ਦਾ ਵਿਭਾਗ ਅਜੇ ਆਰੰਭਿਆ ਹੀ ਸੀ। ਨਾਈਲੋਨ ਦਾ ਪੀਲੇ ਰੰਗ ਦਾ ਚਿਲਕਵਾਂ ਝੱਗਾ ਪਾ ਕੇ ਚੰਨੀ ਗਾਰਗੀ ਦੇ ਸਾਹਮਣੇ ਖੜ੍ਹਾ ਸੀ। ਗਾਰਗੀ ਨੂੰ ਸ਼ੋਖ ਰੰਗ ਪਸੰਦ ਸਨ, ਉਸ ਚੰਨੀ ਦੀ ਚੋਣ ਕਰ ਲਈ। ਚੰਨੀ ਰੰਗਕਰਮੀ ਹੋ ਗਿਆ। ਮਾਸਟਰਜ਼ ਕਰਕੇ ਤਸੱਲੀ ਨਾ ਹੋਈ ਤਾਂ ਨੈਸ਼ਨਲ ਸਕੂਲ ਆਫ਼ ਡਰਾਮਾ, ਦਿੱਲੀ ਚਲਾ ਗਿਆ। ਅਬਰਾਹਮ ਅਲਕਾਜ਼ੀ ਜਿਹੇ ਉਸਤਾਦ ਤੋਂ ਤਾਲੀਮ ਹਾਸਲ ਕੀਤੀ। ਉਹ ਰੰਗਮੰਚ ਕਰਦਾ, ਦੇਸ਼ ਦੁਨੀਆਂ ਦਾ ਕਲਾਸਿਕ ਰੰਗਮੰਚ ਦੇਖਦਾ! ਪਰ ਜ਼ਿਹਨ ’ਚ ਸਵਾਲ ਉੱਠਦਾ, ‘‘ਉਹੀ ਦਰਸ਼ਕ ਹਨ ਜਿਹੜੇ ‘ਤਾਰਤੂਪਸ’ ਦੇਖ ਰਹੇ ਹਨ, ‘ਤੁਗਲਕ’, ‘ਮਦਰ ਕਰੇਜ’ ਦੇਖ ਰਹੇ ਹਨ.. ਉਹੀ ਦਰਸ਼ਕ ਹਨ ਜੋ ‘ਮਰਿਚਕਟੀਕਮ’ ਦੇਖ ਰਹੇ ਹਨ! ਰੰਗਮੰਚ ‘ਕਿਸ’ ਲਈ, ‘ਕਿਉਂ’ ਹੋ ਰਿਹਾ ਹੈ!’’ ਉਹ ਜਵਾਬ ਲੱਭਣ ਲੱਗਾ। ਲੱਗਿਆ ਅਜੇ ਦਿਲ ਦਿਮਾਗ਼ ਦੇ ਬੰਦ ਮੁਸਾਮ ਖੁੱਲ੍ਹਣੇ ਬਾਕੀ ਹਨ, ਉਹ ਪੁਣੇ ਚਲਾ ਗਿਆ। ਫ਼ਿਲਮ ਸ਼ਿਲਪਕਾਰੀ ਦੀਆਂ ਬਰੀਕੀਆਂ ਜਾਣੀਆਂ। ਚੰਨ ਦੀ ਚਾਨਣੀ ਅੰਬਰ ਤਲਾਸ਼ ਰਹੀ ਸੀ।
1976 ’ਚ ਉਹ ਚੰਡੀਗੜ੍ਹ ਆ ਗਿਆ। ਛੇਤੀ ਐਮਰਜੈਂਸੀ ਲੱਗ ਗਈ। ਉਸ ‘ਦਫ਼ਾ ਇੱਕ ਸੌ ਚੁਤਾਲੀ’ ਨਾਟਕ ਪੇਸ਼ ਕੀਤਾ। ਹਾਕਮ ਤੇ ਪਰਜਾ ਦੇ ਆਪਸੀ ਰਿਸ਼ਤੇ ਦਾ ਅਸਮਤੋਲ ਪਰਖਿਆ। ਰੰਗਮੰਚ ਦੇ ‘ਕਿਉਂ’ ਤੋਂ ਧੁੰਦ ਛਟਣ ਲੱਗੀ। 1977 ’ਚ ਉਹਦੇ ਲਿਖਣ ਮੇਜ਼ ਉੱਤੇ ‘ਤਾਰਕੁੰਡੇ ਰਿਪੋਰਟ’ ਪਈ ਸੀ, ਉਹ ਪੜ੍ਹਦਾ, ਤੜਪਦਾ! ਇਹ ਕੀ ਏ! ‘‘ਮੁਕਾਬਲੇ ਹੱਤਿਆ ਹਨ!’’ (encounters are murders). ਨਕਸਲਬਾੜੀ ਮੁਕਾਬਲਿਆਂ ਬਾਰੇ ਕਹਾਣੀਆਂ ਉਹਦੇ ਸਾਹਮਣੇ ਸਨ। ਇਕ ਪਾਸੇ ਜ਼ਿੰਦਗੀ ਦਾ ਹਰ ਸੁੱਖ ਮਾਣ ਰਹੇ ਲੋਕ ਤੇ ਦੂਜੇ ਪਾਸੇ ਦੋ ਡੰਗ ਦੀ ਰੋਟੀ ਲਈ ਵਿਲਕਦੇ ਲੋਕ! ਇਸ ਵੱਡੇ ਖੱਪੇ ਦੇ ਵਿਚਕਾਰ ਇਹ ਜੋ ਹੋ ਰਿਹਾ ਹੈ, ਉਹ ਕੀ ਹੈ! ਚੰਨੀ ਹੋਰੀਂ ਬਹੁਤ ਵਾਰ ਕਿਹਾ ਕਰਦੇ, ‘‘ਸਾਹਿਬ, ਮੈਂ ਕਿੰਨੀਆਂ ਰਾਤਾਂ ਸੌਂ ਨਹੀਂ ਸਕਿਆ। ਮੈਨੂੰ ਲੱਗਾ ਕਿ ਖ਼ਲਕਤ ਕਿਤੇ ਹੋਰ ਸੰਘਰਸ਼ ਕਰ ਰਹੀ ਹੈ… ਅਸੀਂ ਕਿਤੇ ਹੋਰ ਆਪਣੀ ਡਫਲੀ ਵਜਾ ਰਹੇ ਹਾਂ!’’ ਤੇ ਉਹਨੇ ਆਪਣੀ ਡਫ਼ਲੀ ਦਾ ਪਾਸਾ ਪਲਟ ਦਿੱਤਾ। ਉਸ ਨਾਟਕ ਵਿਚ ਉਸ ਨੇ ਸਾਰੇ ਮਖੌਟੇ ਲਾਹ ਸੁੱਟੇ। ਰਾਜਨੀਤੀ, ਧਰਮ, ਜਗੀਰੂ ਹੈਂਕੜ, ਅਫ਼ਸਰਸ਼ਾਹੀ, ਕਥਿਤ ਸੁਰੱਖਿਅਤ ਮੱਧਵਰਗ ਦੇ, ਚੰਨੀ ਦਾ ਨਾਂ ਗੂੰਜਣ ਲੱਗਾ! ਬੇਲਿਹਾਜ਼, ਬੇਕਿਰਕ, ਗੁਸਤਾਖ਼ ਸਰਦਾਰ!
‘ਕਿਉਂ’ ਦਾ ਜਵਾਬ ਲੱਭਣ ਤੋਂ ਬਾਅਦ ਉਹ ‘ਕਿਸ ਲਈ’ ਦਾ ਜਵਾਬ ਤਲਾਸ਼ਣ ਲੱਗਾ। ਉਹਨੇ ਰਵਾਇਤੀ ਰੰਗਮੰਚ ਦਾ ਹਰ ਨਕਾਬ ਲਾਹ ਸੁੱਟਿਆ। ਉਸ ਲਈ ਇਸ ਦੁਨੀਆਂ ਦਾ ਹਰ ਬਾਸ਼ਿੰਦਾ ਦਰਸ਼ਕ ਹੋ ਗਿਆ ਤੇ ਹਰ ਸਾਹ ਲੈਂਦਾ ਪ੍ਰਾਣੀ ਅਦਾਕਾਰ। ਉਹਨੇ ਕਮਿਊਨਿਟੀ ਥੀਏਟਰ ਆਰੰਭਿਆ। ਉਹ ਕਹਿੰਦਾ, ‘‘ਕੁਝ ਲੋਕ ਸਿਰ ਜੋੜ ਕੇ ਬਹਿ ਜਾਣ, ਫ਼ੈਸਲਾ ਕਰ ਲੈਣ, ਨਾਟਕ ਤਿਆਰ ਹੋ ਜਾਏਗਾ!’’ ਤੇ ਉਹਨੇ ਇਸੇ ਨੀਤੀ ਤਹਿਤ ਨਾਟਕ ਤਿਆਰ ਕੀਤੇ। ਉਹਦੀ ਜੀਵਨ ਸਾਥਣ ਹਰਲੀਨ ਕੋਹਲੀ ਨਾਲ ਹੁੰਦੀ। ਰਿਸ਼ਤੇਦਾਰ, ਗੁਆਂਢੀ, ਦੋਸਤ ਨਾਲ ਹੁੰਦੇ। ਉਹ ਮਿਲ ਬੈਠਦੇ। ਵਿਸ਼ਾ ਚੁਣਦੇ। ਚੰਨੀ ਵਿਸ਼ੇ ਦੀਆਂ ਬਾਰੀਕੀਆਂ ’ਤੇ ਚਰਚਾ ਕਰਦਾ। ਸਭ ਕੁਝ ਨੋਟ ਹੁੰਦਾ! ਮੈਨੂੰ ਯਾਦ ਹੈ: ਕਿਸੇ ਕਿਸੇ ਦਿਨ ਉਹ ਬਿਲਕੁਲ ਗੰਭੀਰ ਹੋ ਜਾਂਦਾ, ਰੂਹਾਨੀ ਹੋ ਜਾਂਦਾ… ਜ਼ਿੰਦਗੀ, ਦਰਸ਼ਨ, ਫ਼ਲਸਫ਼ਾ, ਕੁਦਰਤ, ਸਮਾਜ ਬਾਰੇ ਡੂੰਘੀਆਂ ਗੱਲਾਂ ਕਰਦਾ… ਲੱਗਦਾ ਕੁਰਸੀ ’ਤੇ ਕੋਈ ਸੰਤ ਬੈਠਾ ਹੈ! ਸ਼ਾਮ ਢਲਦੀ, ਉਹ ਸੰਤ ਮਨੁੱਖ ਬਣ ਜਾਂਦਾ। ਸਾਨੂੰ ਸਭ ਨੂੰ ‘ਅਸਲੀ ਇਨਸਾਨ’ ਬਣਾ ਉੱਚੀ ਉੱਚੀ ਹੱਸਦਾ। ਦਰਦ ਉਹਦੇ ਅੰਦਰ ਕਿਤੇ ਜਮ੍ਹਾ ਰਹਿੰਦਾ। ਜਦ ਅਤਿ ਹੋ ਜਾਂਦੀ ਤਾਂ ਉਹ ਉਗਲ ਦਿੰਦਾ। ਪੰਜਾਬ ਦੇ ਕਾਲੇ ਦੌਰ ਵਿਚ ਉਸ ਨੂੰ ਲੱਗਾ ਕਿ ਪੰਜਾਬ ਜਿੰਨਾ ਰੋਂਦਾ ਦਿਸਦਾ ਹੈ, ਇਸ ਦੇ ਅੰਦਰ ਇਸ ਤੋਂ ਵੱਧ ਰੋਣਾ ਛੁਪਿਆ ਹੋਇਆ ਹੈ। ਉਹਨੇ ਪੰਜਾਬ ਦੇ ਕਵੀਆਂ ਦੀ ਕਵਿਤਾ ਨੂੰ ਆਧਾਰ ਬਣਾ ਕੇ ਨਾਟਕ ਸਿਰਜਿਆ ‘ਅੱਖ ਦੀ ਦਹਿਲੀਜ਼’। ਉਸ ਨੇ ਪ੍ਰਚੱਲਤ ਅਦਾਕਾਰਾਂ, ਰੰਗਮੰਚ ਸਭਾਘਰਾਂ ਤੇ ਦਰਸ਼ਕ ਦੀ ਉਡੀਕ ਨਾ ਕੀਤੀ, ਉਹ ਲੋਕਾਂ ਦੇ ਵਗਦੇ ਦਰਿਆ ’ਚ ਜਾ ਉਤਰਿਆ। ਅੱਖ ਦੀ ਦਹਿਲੀਜ਼ ’ਤੇ ਰੁਕਿਆ ਅੱਥਰੂ ਲੋਕਾਂ ਵਗਦਾ ਦੇਖਿਆ।
ਫਿਰ ਸਿਲਸਿਲਾ ਰੁਕਿਆ ਨਾ। ‘ਮੈਂ ਜਲਾ ਦੀ ਜਾਊਂਗੀ’, ‘ਮੇਰਾ ਭਾਰਤ ਮਹਾਨ’, ‘ਇਸ ਦੇਸ਼ ਦੀ ਸੁਰੱਖਿਆ ਤੋਂ ਮੈਨੂੰ ਖਤਰਾ ਹੈ’, ‘ਅੰਧੇਰੇ ਕੇ ਖ਼ਿਲਾਫ਼’, ‘ਜ਼ਖਮੋਂ ਕੇ ਕਈ ਨਾਮ’, ‘ਡਾਂਟਤੇ ਰਹੋ’। ਇਸ ਦੇ ਨਾਲ ਨਾਲ ਉਹ ਫ਼ਿਲਮਾਂ ਬਣਾਉਂਦਾ ਰਿਹਾ। ਭਾਰਤ ਦੇ ਪ੍ਰਸਿੱਧ ਇਤਿਹਾਸਕ ਸਥਾਨਾਂ ਨੂੰ ਕੈਮਰਾਬੱਧ ਕੀਤਾ। ਦੂਰਦਰਸ਼ਨ ਲਈ ਕਈ ਫ਼ਿਲਮਾਂ ਬਣਾਈਆਂ। ਨਾਵਲਕਾਰ ਗੁਰਦਿਆਲ ਸਿੰਘ ਦੀ ਜ਼ਿੰਦਗੀ ਤੇ ਸਾਹਿਤਕਾਰੀ ਬਾਰੇ ਫ਼ਿਲਮ ਬਣਾਈ। ‘ਪੀਲੇ ਪੱਤਿਆਂ ਦੀ ਦਾਸਤਾਨ’, ‘ਨਿਹੰਗ ਜੀ’, ‘ਗੁੱਡੂ’ ਕਿੰਨੇ ਹੀ ਨਾਮ ਹਨ। ਉਹ ਅਦਾਕਾਰ ਸੀ। ਪੰਜਾਬ 1984, ਰੰਗਰੂਟ, ਸ਼ਰੀਕ, ਲੈਜੰਡ ਆਫ਼ ਭਗਤ ਸਿੰਘ ਆਦਿ ਫ਼ਿਲਮਾਂ ’ਚ ਉਸ ਨੇ ਕਿਰਦਾਰ ਨਿਭਾਏ।
ਚੰਨੀ ਦਾ ਦੂਜਾ ਨਾਂ ਬੇਖ਼ੌਫ਼ ਸਰਦਾਰ ਸੀ। ਟੈਗੋਰ ਥੀਏਟਰ ਦਾ ਕਿਰਾਇਆ ਵਧਾਇਆ ਗਿਆ ਤਾਂ ਉਹ ਹਿੱਕ ਡਾਹ ਕੇ ਪ੍ਰਸ਼ਾਸਕ ਸਾਹਮਣੇ ਖੜ੍ਹ ਗਿਆ, ‘‘ਆਪ ਕੌਣ ਹੋਤੇ ਹੋ ਇਸਕਾ ਕਿਰਾਇਆ ਬੜਾਨੇ ਵਾਲੇ, ਯੇ ਮੁਨਾਫ਼ੇ ਕੇ ਲੀਏ ਨਹੀਂ , ਲੋਗੋਂ ਕੇ ਲੀਏ ਬਨਾ ਹੈ!!’’ ਉਸ ਨੂੰ ਪਲਾਜ਼ਾ ’ਤੇ ਨੁੱਕੜ ਨਾਟਕ ਕਰਨੋਂ ਕੋਈ ਰੋਕਦਾ, ਉਹ ਬਦਤਮੀਜ਼ ਹੋ ਜਾਂਦਾ! ਐਸੀ ਲਾਹ-ਪਾਹ ਕਰਦਾ ਕਿ ਖਾਕੀ ਵਰਦੀ ਦੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਤੇ ਉਸ ਦੀ ਡਫਲੀ ਨਿਧੜਕ ਹੋ ਕੇ ਵੱਜਦੀ।
ਹੁਣ ਕੁਝ ਸਾਲਾਂ ਤੋਂ ਉਹ ਜਮ੍ਹਾਂ ਹੀ ਨਿਆਰਾ ਤੇ ਪਿਆਰਾ ਹੋ ਗਿਆ ਸੀ। ਰੰਗ ਬਿਰੰਗੇ ਕੱਪੜੇ ਤਾਂ ਪਹਿਲਾਂ ਵੀ ਪਹਿਨਦਾ ਸੀ, ਹੁਣ ਨੱਕ ’ਤੇ ਲਾਲ ਰੰਗੀ ਚੁੰਝ ਬਣਾ ਲੈਂਦਾ… ਨੱਕ ਲੰਬਾ ਹੋ ਜਾਂਦਾ… ਮੱਥੇ ’ਤੇ ਰੰਗ.. ਬਗਲ ’ਚ ਰੰਗ ਬਰੰਗੀ ਪੋਟਲੀ… ਜੋਕਰ ਬਣ ਹਸਪਤਾਲਾਂ ’ਚ ਜਾ ਵੜਦਾ! ਮਰੀਜ਼ਾਂ ਕੋਲ ਬਹਿ ਜਾਂਦਾ, ਹੱਸਦਾ ਹਸਾਉਂਦਾ, ਮਸ਼ਕਰੀਆਂ ਕਰਦਾ, ਟੇਢਾ ਟੇਢਾ ਤੁਰਦਾ, ਟਪੂਸੀਆਂ ਮਾਰਦਾ! ਮਰੀਜ਼ਾਂ ਨੂੰ ਲੱਗਦਾ, ‘‘ਅਸੀਂ ਨੀ ਮਰਨਾ, ਜ਼ਿੰਦਗੀ ਜਿਊਣੀ ਹੈ!’’ ਉਹ ਇਸ ਪਿਆਰੇ ਸਰਦਾਰ ਦਾ ਹੱਥ ਚੁੰਮਦੇ। ਕਦੀ ਕਦੀ ਕੁਝ ਲੋਕ ਮੁਸਕਰਾ ਛੱਡਦੇ ਤੇ ਹੌਲੀ ਜਿਹੀ ਫੁਸਫੁਸਾਹਟ ਕਰਦੇ, ‘‘ਵਿਚਾਰਾ ਸਰਦਾਰ ਹਿੱਲ ਗਿਆ… ਕੋਈ ਨਾ, ਹੋਜੂ ਠੀਕ!’’ ਸਰਦਾਰ ਹਾਸੇ ਵੰਡਦਾ ਇੱਕ ਦਿਨ ਕਰੋਨਾ ਦੇ ਧੱਕੇ ਚੜ੍ਹ ਗਿਆ। ਹਸਪਤਾਲ ਜਾ ਪਹੁੰਚਿਆ। ਵੈਂਟੀਲੇਟਰ ਤੇ ਆਕਸੀਮੀਟਰਾਂ ਨੂੰ ਜੋਕਰ ਦੀ ਭਾਸ਼ਾ ਕਿੱਥੋਂ ਸਮਝ ਆਉਣੀ ਸੀ! ਉਹ ਜੂਝਦਾ ਰਿਹਾ ਤੇ ਇੱਕ ਦਿਨ ਅਲਵਿਦਾ ਕਹਿ ਗਿਆ। ਸਵਾਲ ਉਹਦੇ ਮਗਰ ਮਗਰ ਤੁਰੇ ਜਾ ਰਹੇ ਹਨ, ਪਰ ਉਨ੍ਹਾਂ ਸਵਾਲਾਂ ਦਾ ਮੂੰਹ ਚੰਨੀ ਦੀ ਪਿੱਠ ਵੱਲ ਨਹੀਂ, ਸਾਡੇ ਵੱਲ ਹੈ! ਚੰਨੀ ਨੇ ਨਾਟਕ ਖੇਡਿਆ ਸੀ ‘ਖੁੱਲ੍ਹੀ ਹਵਾ ਕੀ ਤਲਾਸ਼ ਮੇਂ’। ਉਸ ਖੁੱਲ੍ਹੀ ਹਵਾ ਨੂੰ ਮਾਰੂ ਜ਼ਹਿਰੀਲੀ ਹਵਾ ’ਚ ਕਿਸ ਨੇ ਬਦਲਿਆ? ਦੇਸ਼ ਦੀ ਸੁਰੱਖਿਆ ਤੋਂ ਸਾਨੂੰ ਖ਼ਤਰਾ ਕਿਉਂ ਹੈ? ਤੇ ਐਨਕਾਊਂਟਰਜ਼ ਆਰ ਮਰਡਰਜ਼ ਦੀ ਤਰਜ਼ ’ਤੇ ਕੀ ਇਹ ਮੌਤਾਂ ਵੀ ਹੱਤਿਆ ਨਹੀਂ? ਗੁਸਤਾਖ਼ ਸਰਦਾਰ ਸਵਾਲਾਂ ਦੀ ਬੁਛਾੜ ਸਾਡੇ ਮੂੰਹ ’ਤੇ ਮਾਰ ਕੇ ਗਿਆ ਹੈ, ਜਵਾਬ ਲੱਭਣੇ ਪੈਣਗੇ! ਉਦੋਂ ਤਕ ਅਲਵਿਦਾ ਸੁਹਣੇ ਸਰਦਾਰਾ!
ਸੰਪਰਕ: 98880-11096