ਡਾ. ਵਿਨੋਦ ਕੁਮਾਰ
ਅਨੁਵਾਦ ਬਹੁਤ ਸਿਰੜ ਤੇ ਸੰਜੀਦਗੀ ਵਾਲਾ ਬਿਖਮ ਕਾਰਜ ਹੈ, ਪਰ ਕਵਿਤਾ ਦਾ ਅਨੁਵਾਦ ਆਮ ਨਾਲੋਂ ਵਧੇਰੇ ਸੰਜੀਦਗੀ, ਸੂਖ਼ਮਤਾ ਤੇ ਸੁਹਿਰਦਤਾ ਵਾਲਾ ਅਤਿ ਮਹੀਨ ਕਾਰਜ ਹੈ। ਡਾ. ਰਾਜੇਸ਼ ਸ਼ਰਮਾ ਕਵਿਤਾ ਨੂੰ ਦੂਸਰੀ ਭਾਸ਼ਾ ਦੇ ਵਿਕਲਪ ਵਿਚ ਸਿਰਜਣ ਦੇ ਮਰਮ ਦੇ ਗਿਆਤਾ ਹਨ। ਉਨ੍ਹਾਂ ਵੱਲੋਂ ਅੰਗਰੇਜ਼ੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜ਼ੀ ਵਿਚ ਕੀਤੇ ਗਏ ਅਨੁਵਾਦ ਆਪਣੀ ਮਿਸਾਲ ਆਪ ਹਨ ਜਿਨ੍ਹਾਂ ਵਿਚ ਹਰਭਜਨ ਸਿੰਘ ਹੁੰਦਲ ਦੀਆਂ ਚੋਣਵੀਆਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਬਲੱਡ ਫਲਾਵਰਜ਼ ਅਤੇ ਵਿਸ਼ਵ ਪ੍ਰਸਿੱਧ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਵਿਤਾ ਦਾ ਸਮਾਂ ਜ਼ਿਕਰਯੋਗ ਹਨ। ਉਹ ਅੰਗਰੇਜ਼ੀ ਅਤੇ ਪੰਜਾਬੀ ਦੀ ਦੁਵੱਲੀ ਭਾਸ਼ਾ-ਅਧਾਰਿਤ ਕਾਵਿ-ਚੇਤਨਾ, ਰਮਜ਼ ਅਤੇ ਕੋਡਾਂ ਦੇ ਬਾਖ਼ੂਬੀ ਵਾਕਫ਼ ਅਤੇ ਸਗੋਂ ਵਿਸ਼ਲੇਸ਼ਣੀ ਸੂਝ ਵਾਲੇ ਵਿਦਵਾਨ ਹਨ। ਅਨੇਕਾਂ ਖੋਜ ਵਿਦਿਆਰਥੀ ਉਨ੍ਹਾਂ ਦੀ ਅਗਵਾਈ ਹੇਠ ਸਾਹਿਤ ਤੇ ਕਵਿਤਾ ਦੇ ਮਰਮ ਨੂੰ ਸਮਝਣ ਤੇ ਮਾਣਨ ਦੀਆਂ ਗਤੀਵਿਧੀਆਂ ਵੱਲ ਸੰਜੀਦਗੀ ਨਾਲ ਰੁਚਿਤ ਹਨ। ਟੈਗੋਰ ਜਿਹੇ ਮਹਾਂਕਵੀ ਦੇ ਮੌਜੀ ਪਰਿੰਦਿਆਂ ਦੇ ਨਾਲ ਤੁਰਨਾ ਜਾਂ ਉਨ੍ਹਾਂ ਨੂੰ ਆਪਣੇ ਨਾਲ ਤੋਰਨਾ ਸੌਖਾ ਕਾਰਜ ਨਹੀਂ ਸੀ, ਪਰ ਰਾਜੇਸ਼ ਸ਼ਰਮਾ ਨੇ ਉਨ੍ਹਾਂ ਨੂੰ ਪੰਜਾਬੀ ਅਦਬ ਦੇ ਵਿਹੜੇ ਵਿਚ ਉਤਾਰ ਲਿਆ ਹੈ।
ਰਾਬਿੰਦਰਨਾਥ ਟੈਗੋਰ ਦੀ ਪੁਸਤਕ ਸਟਰੇਅ ਬਰਡਜ਼ ਸੁਤੰਤਰ ਚੇਤਨਾ ਅਤੇ ਕਲਪਨਾ ਦੀ ਸਹਿਜ ਰਚਨਾ ਹੈ। ਉਸੇ ਲੈਅ ਵਿਚ ‘ਮੌਜੀ ਪਰਿੰਦੇ’ (ਕੀਮਤ: 195 ਰੁਪਏ; ਆਟਮ ਆਰਟ, ਪਟਿਆਲਾ) ਉਸਦਾ ਪੰਜਾਬੀ ਅਨੁਵਾਦ ਹੈ। ਇਹ ਗਿਆਨ ਤੇ ਜੀਵਨ-ਜਾਚ ਵਾਲੇ ਕਦੀਮੀ ਸਰੋਕਾਰਾਂ ਤੇ ਸਹਿਜਤਾ ਨਾਲ ਭਰਪੂਰ ਹੈ। ਕਵੀ ਦੇ ਖ਼ਿਆਲਾਂ ਵਾਲੇ ਮੌਜੀ ਪਰਿੰਦੇ ਮਨੁੱਖਤਾ, ਸੰਘਰਸ਼, ਪਿਆਰ, ਜੀਵਨ, ਤਿਆਗ, ਉਮੀਦ, ਕੁਦਰਤ, ਰੱਬ, ਅਸਤਿਤਵ, ਸ਼ਬਦ, ਜੀਵਨ, ਮੌਤ, ਮਾਂ, ਘਰ, ਨਿੱਜਤਾ, ਇਤਿਹਾਸ, ਅਨੰਤਤਾ, ਮੁਸਕਾਨ, ਵਿਚਾਰਸ਼ੀਲਤਾ, ਸਹਿਜਤਾ, ਭਰੋਸਾ, ਸੁਹਜ, ਕਲਾ, ਉਡਾਣ, ਕੁਦਰਤ ਤੇ ਮਨੁੱਖ ਦੀ ਇਕਮਿਕਤਾ, ਮੌਜ ਅਤੇ ਜੀਵਨ ਫ਼ਲਸਫ਼ੇ ਦੇ ਹੋਰ ਅਨੇਕਾਂ ਰਹੱਸ ਮੂਲਕ ਥੀਮ ਲੈ ਕੇ ਪੁਸਤਕ ਵਿਚ ਹਾਜ਼ਰ ਹੁੰਦੇ ਹਨ। ਇਹ ਪੁਸਤਕ ਇਨਸਾਨ ਨੂੰ ਉਸ ਦੀ ਹੈਸੀਅਤ ਦੇ ਦਰਸ਼ਨ ਕਰਵਾਉਂਦੀ ਹੈ ਜਿਸ ਵਿਚ ਉਹਦੀਆਂ ਸੀਮਾਵਾਂ ਦਾ ਜ਼ਿਕਰ ਵੀ ਹੈ ਅਤੇ ਉਸ ਦੀਆਂ ਅਸੀਮ ਸੰਭਾਵਨਾਵਾਂ ਦਾ ਵੀ।
ਇਸ ਵਿਚ ਗਿਆਨ, ਚਿੰਤਨ, ਲੈਅ, ਸੰਗੀਤ ਤੇ ਅੰਗਰੇਜ਼ੀ ਰੁਮਾਂਸਵਾਦੀ ਕਵੀ ਵਿਲੀਅਮ ਵਰਡਜ਼ਵਰਥ ਵਾਲਾ ਆਪਮੁਹਾਰਾ ਵਹਾਅ, ਸਾਦਗੀ, ਸਰਲਤਾ ਅਤੇ ਸਹਿਜਤਾ ਹੈ। ਮੌਜੀ ਪਰਿੰਦੇ ਮਨੁੱਖੀ ਮਨ ਦੀ ਮੌਜ ਨਾਲ ਸਰਸ਼ਾਰ ਖ਼ਿਆਲ ਹਨ। ਪੂਰਵ ਚੇਤਨਾ ਤੋਂ ਚੇਤਨਾ ਵੱਲ ਸੁਤੰਤਰ ਉਡਾਣ ਹੈ। ਪਰਿੰਦੇ ਨੂੰ ਇਕ ਚਿੰਨ੍ਹ ਵਜੋਂ ਵਰਤਦਿਆਂ ਕਵੀ ਮਨੁੱਖ ਨੂੰ ਸੰਬੋਧਿਤ ਹੁੰਦਾ ਉਸ ਨੂੰ ਆਪਣੇ ਮਨ ਦੇ ਪੰਛੀਆਂ, ਉਨ੍ਹਾਂ ਦੀ ਸੁਤੰਤਰਤਾ, ਉਨ੍ਹਾਂ ਦੇ ਚਾਵਾਂ, ਮੌਜ ਤੇ ਜੀਵਨ ਨੂੰ ਸਮਝਣ ਲਈ ਪ੍ਰੇਰਿਤ ਕਰਦਾ ਹੈ। ਉਹ ਚਿੰਨ੍ਹਕ ਰੂਪ ਵਿਚ ਹੀ ਪੰਛੀਆਂ ਤੋਂ ਜਿਊਣ ਦਾ ਵੱਲ ਸਿੱਖਦਾ ਹੈ ਤੇ ਪਾਠਕ ਨੂੰ ਸਿੱਖਣ ਲਈ ਉਤਸ਼ਾਹਿਤ ਕਰਦਾ ਹੈ। ਉਹ ਪੰਛੀਆਂ ਨੂੰ ਆਖਦਾ ਹੈ ਕਿ ਉਹ ਉਸਦੇ ਲਫ਼ਜ਼ਾਂ ਉਪਰ ਆਪਣੀਆਂ ਪੈੜਾਂ ਦੀ ਛਾਪ ਛੱਡ ਜਾਣ।
ਟੈਗੋਰ ਲਈ ਦੁਨੀਆ ਨੂੰ ਸਮਝਣ ਤੇ ਅਥਾਹ ਨੂੰ ਪਾਉਣ ਦਾ ਇਕੋ-ਇਕ ਰਸਤਾ ਪਿਆਰ ਹੈ। ਉਸ ਦਾ ਕਾਵਿਕ ਬਿਆਨ ਹੈ ਕਿ ਕਾਇਨਾਤ ਪਿਆਰ ਕਰਨ ਵਾਲੇ ਅੱਗੇ ਆਪਣੇ ਸਾਰੇ ਭੇਦ ਖੋਲ੍ਹ ਕੇ ਰੱਖ ਦਿੰਦੀ ਹੈ। ਕਵੀ ਲਈ ਕਾਇਨਾਤ ਨਹੀਂ ਬਲਕਿ ਪਿਆਰ ਅਸੀਮ ਹੈ ਜੋ ਸਾਰੀ ਕਾਇਨਾਤ ਨੂੰ ਸਹਿਜ ਹੀ ਆਪਣੀ ਬੁੱਕਲ ਵਿਚ ਲੈ ਲੈਂਦਾ ਹੈ। ਜੋ ਇਨਸਾਨ ਕਿਸੇ ਦਾ ਭਲਾ ਕਰਨਾ ਚਾਹੁੰਦਾ ਹੈ ਉਸ ਨੂੰ ਦੂਸਰੇ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ, ਪਰ ਪਿਆਰ ਵਿਚ ਤੁਹਾਨੂੰ ਹਰ ਦਰਵਾਜ਼ਾ ਖੁੱਲ੍ਹਾ ਮਿਲਦਾ ਹੈ। ਪਿਆਰ ਬਿਨਾਂ ਮਨੁੱਖੀ ਜੀਵਨ ਅਧੂਰਾ, ਨੀਰਸ ਅਤੇ ਅਰਥ-ਵਿਹੂਣਾ ਹੈ। ਕਵੀ ਅਨੁਸਾਰ ਸਾਰੀ ਕਾਇਨਾਤ ਹੀ ਪਿਆਰ ਰੂਪੀ ਊਰਜਾ ਨਾਲ ਲਬਰੇਜ਼ ਅਤੇ ਗਤੀਸ਼ੀਲ ਹੈ। ਰਾਤ ਸੂਰਜ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਪਿਆਰ ਦੇ ਖ਼ਤ ਚੰਨ ਰਾਹੀਂ ਭੇਜਦਾ ਹੈ ਤੇ ਰਾਤ ਆਪਣੇ ਜਵਾਬੀ ਖ਼ਤ ਹੰਝੂਆਂ ਵਿਚ ਘਾਹ ਉਪਰ ਧਰ ਕੇ ਤੁਰ ਜਾਂਦੀ ਹੈ। ਕਲਾਕਾਰ ਤੇ ਕੁਦਰਤ ਦੇ ਪਿਆਰ ਬਾਰੇ ਟੈਗੋਰ ਆਖਦਾ ਹੈ ਕਿ ਕਲਾਕਾਰ ਕੁਦਰਤ ਦਾ ਆਸ਼ਕ ਹੁੰਦਾ ਹੈ ਜਿਸ ਕਾਰਨ ਉਹ ਕੁਦਰਤ ਦੀ ਗ਼ੁਲਾਮੀ ਵੀ ਕਰਦਾ ਹੈ ਤੇ ਉਸ ਦਾ ਪ੍ਰਭੂ ਵੀ ਹੁੰਦਾ ਹੈ। ਸੱਚ ਤਾਂ ਇਹ ਹੈ ਕਿ ਜਦੋਂ ਅਸੀਂ ਪਿਆਰ ਕਰਦੇ ਹਾਂ ਉਦੋਂ ਹੀ ਜਿਉਂਦੇ ਹੁੰਦੇ ਹਾਂ।
ਕਵੀ ਅਨੁਸਾਰ ਜ਼ਿੰਦਗੀ ਖ਼ੂਬਸੂਰਤ ਹੈ। ਮਨੁੱਖ ਬੇਲੋੜੀਆਂ ਇੱਛਾਵਾਂ ਤੇ ਚਕਾਚੌਂਧ ਵਿਚ ਚੰਨ ਤੇ ਤਾਰਿਆਂ ਦੀ ਖ਼ੂਬਸੂਰਤ ਮਿੰਨੀ ਮਿੰਨੀ ਰੌਸ਼ਨੀ ਨੂੰ ਮਾਣਨ ਤੋਂ ਅਕਸਰ ਵਿਰਵਾ ਰਹਿ ਜਾਂਦਾ ਹੈ। ਉਸ ਨੂੰ ਚੇਤੰਨ ਕਰਦਿਆਂ ਕਵੀ ਲਿਖਦਾ ਹੈ ਕਿ ਉਹ ਸੁਹੱਪਣ ਨੂੰ ਆਪਣੇ ਅੰਦਰ ਭਾਲਣ ਦੀ ਕੋਸ਼ਿਸ਼ ਕਰੇ ਨਾ ਕਿ ਕਿਸੇ ਦੁਨਿਆਵੀ ਦਰਪਣ ਦੀ ਚਾਪਲੂਸੀ ਵਿਚ।
ਪੁਸਤਕ ਵਿਚਲੀ ਕਵਿਤਾ ਜੀਵਨ ਫ਼ਲਸਫ਼ੇ ਨੂੰ ਨਿੱਕੇ-ਨਿੱਕੇ ਪਰਿੰਦਿਆਂ ਦੇ ਖੰਭਾਂ ਹੇਠ ਸੰਭਾਲ ਕੇ ਸ਼ਬਦਾਂ ਰਾਹੀਂ ਸਾਡੇ ਤੱਕ ਪੁੱਜਦਾ ਕਰਦੀ ਹੈ। ਇਹ ਫ਼ਲਸਫ਼ਾ ਮਨੁੱਖ ਨੂੰ ਕਦੇ ਨਾ ਹਾਰਨ ਲਈ ਬਲ ਬਖ਼ਸ਼ਦਾ ਹੈ। ਇਕ ਕਵਿਤਾ ਵਿਚ ਅਸਤ ਹੋ ਰਿਹਾ ਸੂਰਜ ਅਵਾਮ ਨੂੰ ਪੁੱਛਦਾ ਹੈ ਕਿ ਉਸ ਤੋਂ ਬਾਅਦ ਉਸਦਾ ਕੰਮ ਕੌਣ ਸੰਭਾਲੇਗਾ ਤਾਂ ਮਿੱਟੀ ਦਾ ਇਕ ਨਿੱਕਾ ਜਿਹਾ ਦੀਵਾ ਜਵਾਬ ਦਿੰਦਾ ਹੈ ਕਿ ਮੈਂ ਸੰਭਾਲਾਂਗਾ ਆਪਣੀ ਪੂਰੀ ਤਾਕਤ ਲਗਾ ਕੇ। ਸੰਘਰਸ਼ਮਈ ਜੀਵਨ ਬਾਰੇ ਕਵੀ ਕਹਿੰਦਾ ਹੈ ਕਿ ਮਨੁੱਖ ਦੇ ਰਾਹਾਂ ਵਿਚਲੀ ਰੇਤ ਉਸ ਕੋਲੋਂ ਗੀਤਾਂ ਦੀ ਮੰਗ ਕਰਦੀ ਹੈ ਤੇ ਉਸ ਦੀ ਤੋਰ ਪਾਣੀ ਵਾਲਾ ਨ੍ਰਿਤ। ਕਿਉਂ? ਕਿਉਂਕਿ ਉਹ ਮਨੁੱਖ ਹੈ। ਮਨੁੱਖ ਨੂੰ ਜੀਵਨ ਜਿਊਣਾ ਤੇ ਮਾਣਨਾ ਆਉਣਾ ਚਾਹੀਦਾ ਹੈ। ਵਰਨਾ ਟੈਗੋਰ ਅਨੁਸਾਰ ਅਸੀਂ ਜੀਵਨ ਜਿਉਂਦੇ ਨਹੀਂ ਬਲਕਿ ਆਪਣੀ ਅਪਾਹਜਤਾ ਦਾ ਭਾਰ ਹੀ ਢੋਂਦੇ ਹਾਂ।
ਮਨੁੱਖੀ ਜੀਵਨ ਸੰਘਰਸ਼ ਉਪਰ ਜ਼ੋਰ ਦਿੰਦਿਆਂ ਟੈਗੋਰ ਸਾਨੂੰ ਆਪਣਾ ਇਤਿਹਾਸ ਵਾਚਣ ਤੇ ਸਮਝਣ ਦੀ ਵੀ ਪ੍ਰੇਰਨਾ ਦਿੰਦਾ ਹੈ। ਇਕ ਕਵਿਤਾ ਵਿਚ ਟੈਗੋਰ ਇਤਿਹਾਸ ਅਤੇ ਮਨੁੱਖੀ ਸੰਘਰਸ਼ ਉਪਰ ਆਪਣਾ ਪ੍ਰਸਤਾਵ ਪੇਸ਼ ਕਰਦਾ ਹੈ ਕਿ ਮਨੁੱਖੀ ਇਤਿਹਾਸ ਜ਼ਲੀਲ ਕੀਤੇ ਗਏ ਆਦਮੀ ਦੀ ਜਿੱਤ ਦਾ ਇੰਤਜ਼ਾਰ ਕਰ ਰਿਹਾ ਹੈ।
ਤਿਆਗ ਇਕ ਅਜਿਹਾ ਨੁਕਤਾ ਹੈ ਜੋ ਟੈਗੋਰ ਦੀ ਕਵਿਤਾ ਵਿਚ ਵਾਰ ਵਾਰ ਉੱਭਰਦਾ ਹੈ। ਉਹ ਗੱਲ ਕਰਦਾ ਹੈ ਕਿ ਭਾਵੇਂ ਮਿੱਟੀ ਨੂੰ ਨਿਰਾਦਰ ਮਿਲਦਾ ਹੈ ਫਿਰ ਵੀ ਉਹ ਬਦਲੇ ਵਿਚ ਫੁੱਲ ਦਿੰਦੀ ਹੈ। ਇਕ ਦੂਸਰੇ ਲਈ ਜਿਊਣਾ ਤੇ ਤਿਆਗ ਕਰਨਾ ਹੀ ਜੀਵਨ ਹੈ, ਜੀਵਨ ਦਾ ਜਸ਼ਨ ਹੈ। ਇਹ ਨੁਕਤਾ ਕਵਿਤਾ ਵਿਚ ਕੁਦਰਤੀ ਵਰਤਾਰਿਆਂ ਰਾਹੀਂ ਵੀ ਪ੍ਰਗਟ ਹੁੰਦਾ ਹੈ। ਚੰਨ ਆਪਣੀ ਰੌਸ਼ਨੀ ਅਕਾਸ਼ ਨੂੰ ਵੰਡ ਦਿੰਦਾ ਹੈ ਤੇ ਦਾਗ਼ ਆਪਣੇ ਕੋਲ ਰੱਖਦਾ ਹੈ। ਦੁਨਿਆਵੀ ਚਕਾਚੌਂਧ ਵਿਚ ਲਿਪਤ ਹੋਏ ਮਨੁੱਖ ਬਾਰੇ ਉਹ ਲਿਖਦਾ ਹੈ ਕਿ ਅੱਖਾਂ ਨੂੰ ਨਜ਼ਰ ਦਾ ਨਹੀਂ ਬਲਕਿ ਚਸ਼ਮਿਆਂ ਦਾ ਗਰੂਰ ਹੈ। ਉਹ ਫੇਰ ਲਿਖਦਾ ਹੈ ਕਿ ਧੂੰਆਂ ਆਸਮਾਨ ਅੱਗੇ ਡੀਂਗ ਮਾਰਦਾ ਹੈ ਤੇ ਰਾਖ ਜ਼ਮੀਨ ਅੱਗੇ ਕਿ ਉਹ ਅੱਗ ਦੇ ਸਕੇ ਭਰਾ ਹਨ। ਮਨੁੱਖ ਨੂੰ ਪਿਆਰ ਤੇ ਤਿਆਗ ਦਾ ਸੰਦੇਸ਼ ਦਿੰਦਾ ਕਵੀ ਲਿਖਦਾ ਹੈ ਕਿ ਮੈਨੂੰ ਆਪਣਾ ਪਿਆਲਾ ਬਣਾ ਲੈ ਤੇ ਮੈਂ ਭਰਿਆ ਹੋਵਾਂ ਤੇਰੇ ਤੇ ਤੇਰਿਆਂ ਲਈ।
ਟੈਗੋਰ ਦੀ ਕਵਿਤਾ ਵਿਚ ਸਵੈ ਦੀ ਪਹਿਚਾਣ ਅਤੇ ਸਵੈ ਚਿੰਤਨ, ਬ੍ਰਹਿਮੰਡ ਦੀ ਪਹਿਚਾਣ ਅਤੇ ਚਿੰਤਨ ਨਾਲ ਇੱਕਮਿੱਕ ਹੋ ਜਾਂਦੇ ਹਨ। ਇਸ ਰਾਹੀਂ ਉਹ ਮਨੁੱਖੀ ਚੇਤਨਾ ਉਪਰ ਜ਼ੋਰ ਦਿੰਦਾ ਹੈ ਜਿਸ ਅੰਦਰ ਸਭ ਸਵਾਲਾਂ ਦੇ ਸਹੀ ਜਵਾਬ ਹਨ। ਫਰਾਂਸੀਸੀ ਚਿੰਤਕ ਲੂਈ ਆਲਥੂਸੇਅ ਦੇ ਕਹਿਣ ਵਾਂਗ ਮਨੁੱਖ ਝੂਠੀ ਚੇਤਨਾ ਵਿਚ ਫਸਿਆ ਹੋਇਆ ਹੈ ਤੇ ਟੈਗੋਰ ਲਿਖਦਾ ਹੈ ਕਿ ‘ਤੁਸੀਂ ਜੋ ਦੇਖਦੇ ਹੋ, ਨਹੀਂ ਦੇਖਦੇ। ਜੋ ਦੇਖਦੇ ਹੋ ਤੁਹਾਡਾ ਪਰਛਾਵਾਂ ਹੈ’। ਇਹ ਪਰਛਾਵਾਂ ਮਨੁੱਖ ਜਾਂ ਮਨੁੱਖਤਾ ਨਹੀਂ ਬਲਕਿ ਉਸਦਾ ਨਾਂਹ-ਪੱਖੀ ਵਿਕਲਪ ਹੈ ਜੋ ਸਵੈ-ਚੇਤਨਾ ਤੇ ਸਵੈ-ਚਿੰਤਨ ਨਾਲ ਹੀ ਦੂਰ ਹੋ ਸਕਦਾ ਹੈ।
ਇਸ ਕਵਿਤਾ ਵਿਚ ਬੱਚੇ ਦੀ ਮਾਸੂਮੀਅਤ ਵੀ ਹੈ ਤੇ ਮਾਂ ਦਾ ਪਿਆਰ ਵੀ। ਇਕ ਇਨਸਾਨ ਦੀ ਜ਼ਿੰਦਗੀ ਵਿਚ ਮਾਂ ਦੀ ਕੀ ਥਾਂ ਹੁੰਦੀ ਹੈ ਉਸ ਨੂੰ ਟੈਗੋਰ ਇੱਕ ਨਿੱਕੀ ਜਿਹੀ ਕਵਿਤਾ ਵਿਚ ਸਮਝਾ ਦਿੰਦਾ ਹੈ। ‘ਹਨੇਰੇ ਅੰਦਰ ਕਿਸੇ ਬੱਚੇ ਜਿਹਾ ਮੈਂ ਰਾਤ ਦੀ ਚਾਦਰ ਵਿਚੋਂ ਹੱਥ ਫੈਲਾਉਂਦਾ ਤੈਨੂੰ ਲੱਭਦਾਂ, ਮਾਂ’। ਟੈਗੋਰ ਕੋਲ ਇਸੇ ਤਰ੍ਹਾਂ ਦੀ ਪਰਿਭਾਸ਼ਾ ਘਰ ਲਈ ਹੈ: ਮੈਂ ਸੜਕਾਂ ਦੇ ਸੰਸਾਰ ਵਿਚ ਹਾਂ, ਰਾਤ ਪੈ ਗਈ ਹੈ। ਦਰਵਾਜ਼ਾ ਖੋਲ੍ਹ, ਘਰ ਦੇ ਸੰਸਾਰ।
ਟੈਗੋਰ ਮੌਤ ਨੂੰ ਕੋਈ ਵਿਰਾਮ ਨਹੀਂ ਮੰਨਦਾ। ਇਸ ਵਿਚ ਵੀ ਜੀਵਨ ਦੀ ਲਗਾਤਾਰਤਾ ਹੈ। ਜੀਵਨ ਤੇ ਮੌਤ ਦੋਵੇਂ ਹੀ ਅਭੇਦ ਹਨ। ਜਿਵੇਂ ਚੱਲਣਾ ਪੈਰ ਚੁੱਕਣ ਵਿਚ ਹੈ ਤਾਂ ਪੈਰ ਧਰਨ ਵਿਚ ਵੀ ਹੈ। ਮੌਤ ਕੀ ਹੈ ਤੇ ਕਿੱਥੇ ਹੈ? ਜ਼ਿੰਦਗੀ ਅੰਦਰ ਬਚ ਗਈਆਂ ਖ਼ਾਲੀ ਥਾਵਾਂ ਵਿਚ। ਜਿਨ੍ਹਾਂ ਨੂੰ ਅਸੀਂ ਕਦੇ ਜੀਅ ਨਹੀਂ ਸਕੇ। ਟੈਗੋਰ ਪਾਠਕ ਨੂੰ ਜ਼ਿੰਦਗੀ ਜਿਊਣ ਦੇ ਸੁਖਾਲੇ ਸੂਤਰ ਦਿੰਦਾ ਹੈ ਕਿ ਉਹ ਕਦੇ ਆਪਣੇ ਆਪ ਨੂੰ ਦੁਨੀਆ ਅੱਗੇ ਗ਼ਲਤ ਪੇਸ਼ ਕਰਕੇ ਉਸ ਨੂੰ ਆਪਣੀ ਵਿਰੋਧੀ ਨਾ ਬਣਾਵੇ, ਜੇਕਰ ਪਰਿੰਦੇ ਦੇ ਪੈਰ ਸੋਨੇ ਵਿਚ ਮੜ੍ਹ ਦਿੱਤੇ ਜਾਣ ਤਾਂ ਉਹ ਉੱਡ ਨਹੀਂ ਸਕਦਾ ਤੇ ਠੁੱਡੇ ਮਾਰਨ ਨਾਲ ਕੇਵਲ ਧੂੜ ਹੀ ਉੱਡਦੀ ਹੈ, ਫ਼ਸਲਾਂ ਨਹੀਂ ਉੱਗਿਆ ਕਰਦੀਆਂ।
ਟੈਗੋਰ ਦੇ ਰੱਬ ਦਾ ਮਨੁੱਖ ਨਾਲ ਗੂੜ੍ਹਾ ਪਿਆਰ ਤੇ ਗਹਿਰਾ ਰਿਸ਼ਤਾ ਹੈ। ਰੱਬ ਨੂੰ ਮਨੁੱਖ ਤੋਂ ਵੱਡੀਆਂ ਉਮੀਦਾਂ ਹਨ। ਹਰ ਨਵ-ਜੰਮਿਆ ਬੱਚਾ ਇਹੋ ਸੁਨੇਹਾ ਲੈ ਕੇ ਆਉਂਦਾ ਹੈ ਕਿ ਰੱਬ ਹਾਲੇ ਨਾਉਮੀਦ ਨਹੀਂ ਹੋਇਆ। ਉਹ ਫੇਰ ਲਿਖਦਾ ਹੈ ਕਿ ਤਦ ਰੱਬ ਸ਼ਰਮਿੰਦਾ ਹੁੰਦਾ ਹੈ ਜਦੋਂ ਕੋਈ ਖ਼ੁਸ਼ਹਾਲ ਮਨੁੱਖ ਕਹਿੰਦਾ ਹੈ ਕਿ ਉਸ ਉਪਰ ਰੱਬ ਦੀ ਖ਼ਾਸ ਕਿਰਪਾ ਹੈ। ਰੱਬ ਤੇ ਮਨੁੱਖ ਦੀ ਤੁਲਨਾ ਕਰਦਿਆਂ ਉਹ ਲਿਖਦਾ ਹੈ ਕਿ ਪਿਆਰ ਵਿਚ ਰੱਬ ਸੀਮਿਤ ਨੂੰ ਚੁੰਮਦਾ ਹੈ ਤੇ ਮਨੁੱਖ ਅਸੀਮ ਨੂੰ। ਰੱਬ ਦੀ ਮਹਾਨਤਾ ਟੈਗੋਰ ਉਸ ਦੀ ਚੁੱਪ ਵਿਚ ਲੱਭਦਾ ਹੈ ਕਿਉਂਕਿ ਜਦੋਂ ਰੱਬ ਬੋਲਦਾ ਨਹੀਂ ਤਾਂ ਉਹ ਮਨੁੱਖ ਦੇ ਵਿਚਾਰਾਂ ਨੂੰ ਪਕਾ ਕੇ ਭਾਸ਼ਾ ਬਣਾ ਦਿੰਦਾ ਹੈ।
ਇਕ ਚੇਤੰਨ ਕਵੀ ਹੁੰਦਿਆਂ ਟੈਗੋਰ ਚੁੱਪ ਤੇ ਸ਼ਬਦਾਂ ਦੀ ਅਹਿਮੀਅਤ ਪ੍ਰਤੀ ਸੰਜੀਦਗੀ ਨਾਲ ਲਿਖਦਾ ਹੈ ਕਿ ਨਿੱਕੇ ਭਾਂਡੇ ਵਿਚ ਪਾਣੀ ਸਾਫ਼ ਤੇ ਚਮਕਦਾਰ ਹੁੰਦਾ ਹੈ, ਪਰ ਸਮੁੰਦਰ ਵਿਚ ਗਹਿਰਾ। ਨਿੱਕੇ ਸ਼ਬਦ ਸਾਫ਼ ਤੇ ਜ਼ਾਹਿਰ ਹੁੰਦੇ ਹਨ ਜਦਕਿ ਵੱਡੇ ਸੱਚ ਕੋਲ ਵੱਡੀ ਚੁੱਪ ਹੁੰਦੀ ਹੈ। ਕਹੇ ਅਤੇ ਅਣਕਹੇ ਦਾ ਮਹੱਤਵ ਉਸ ਦੀ ਕਵਿਤਾ ਵਿਚ ਸਾਫ਼ ਦਿਖਾਈ ਦਿੰਦਾ ਹੈ। ਉਸ ਅਨੁਸਾਰ ਮਰੇ ਹੋਏ ਸ਼ਬਦ ਚਿੱਕੜ ਵਾਂਗ ਹੁੰਦੇ ਹਨ ਤੇ ਇਸ ਚਿੱਕੜ ਤੋਂ ਬਚਣ ਲਈ ਰੂਹ ਨੂੰ ਮੌਨ ਦਾ ਇਸ਼ਨਾਨ ਕਰਵਾਉਣਾ ਜ਼ਰੂਰੀ ਹੁੰਦਾ ਹੈ।
ਕਵਿਤਾ ਰਾਹੀਂ ਡੂੰਘੇ ਨਿੱਜੀ ਤਜਰਬਿਆਂ ਉੱਪਰ ਆਧਾਰਿਤ ਫ਼ਲਸਫ਼ੇ ਨੂੰ ਪੇਸ਼ ਕਰਦਿਆਂ ਟੈਗੋਰ ਲਿਖਦਾ ਹੈ ਕਿ ਇਹ ਨਿੱਕੇ ਨਿੱਕੇ ਖ਼ਿਆਲ ਪੱਤਿਆਂ ਦੀ ਸਰ ਸਰ ਜਿਹੇ ਉਸਦੇ ਮਨ ਦੇ ਅੰਦਰ ਦੀ ਘੁਸਰ-ਮੁਸਰ ਜਿਹੇ ਹਨ। ਜ਼ਿਕਰਯੋਗ ਹੈ ਕਿ ਇਸ ਪੁਸਤਕ ਦੀ ਰਚਨਾ ਤੋਂ ਪਹਿਲਾਂ ਕਵੀ ਆਪਣੀ ਪਤਨੀ, ਦੋ ਛੋਟੀਆਂ ਬੇਟੀਆਂ ਤੇ ਸਭ ਤੋਂ ਛੋਟੇ ਬੇਟੇ ਨੂੰ ਮੌਤ ਹੱਥੋਂ ਗੁਆ ਚੁੱਕਾ ਸੀ। ਸ਼ਾਇਦ ਇਹ ਹਾਦਸੇ ਉਸ ਨੂੰ ਮਨੁੱਖੀ ਜੀਵਨ ਦੀ ਛਿਣ-ਭੰਗਰੀ ਹੋਂਦ ਦੇ ਅਹਿਸਾਸ ਨਾਲ ਭਰ ਗਏ। ਇਸ ਕਾਰਨ ਉਸ ਦੀ ਇਹ ਕਵਿਤਾ ਨਿੱਜ ਨੂੰ ਮੁਖ਼ਾਤਬ ਹੁੰਦਿਆਂ ਅੰਤਾਂ ਦੀ ਸਹਿਣਸ਼ੀਲਤਾ, ਨਿਮਰਤਾ ਤੇ ਅਨੰਤ ਅਗੰਮੀ ਗੁਣਾਂ ਦਾ ਪ੍ਰਗਟਾਵਾ ਕਰਦੀ ਹੈ। ਦੁੱਖ ਚੁੱਪ-ਚੁਪੀਤੇ ਉਸ ਅੰਦਰ ਇਸ ਤਰ੍ਹਾਂ ਵਸ ਗਿਆ ਹੈ ਜਿਵੇਂ ਮੌਨ ਬਿਰਖਾਂ ਵਿਚ ਤਰਕਾਲ਼ਾਂ ਵਸ ਗਈਆਂ ਹੋਣ। ਉਹ ਆਪਣੇ ਹਿਰਦੇ ਨੂੰ ਮੌਨ ਹੋਣ ਲਈ ਕਹਿੰਦਾ ਹੈ ਕਿਉਂਕਿ ਉਸ ਲਈ ਉੱਚੇ ਲੰਮੇ ਬਿਰਖ ਅਰਦਾਸਾਂ ਹਨ। ਉਹ ਆਪਣੀ ਨਿੱਜਤਾ ਨੂੰ ਕਾਵਿ ਵਿਚ ਪਰੋ ਕੇ ਆਪਣੇ ਜਿਊਂਦੇ ਰਹਿਣ ਦਾ ਰਹੱਸ ਵੀ ਸਾਂਝਾ ਕਰਦਾ ਹੈ। ਉਹ ਲਿਖਦਾ ਹੈ ਕਿ ਉਸਦੀ ਜ਼ਿੰਦਗੀ ਵਿਚ ਉਹ ਹਿੱਸੇ ਵੀ ਹਨ ਜੋ ਖ਼ਾਲੀ ਤੇ ਖ਼ਾਮੋਸ਼ ਹਨ ਤੇ ਇਹ ਉਹ ਹੀ ਖ਼ਾਲੀ ਥਾਵਾਂ ਹਨ ਜਿੱਥੋਂ ਉਸ ਦੇ ਮਸ਼ਰੂਫ਼ ਦਿਨ ਰੌਸ਼ਨੀ ਤੇ ਹਵਾ ਲੈ ਸਕੇ ਹਨ। ਦੁੱਖਾਂ ਭਰੇ ਜੀਵਨ ਦੇ ਬਾਵਜੂਦ ਉਹ ਕਦੇ ਡੋਲਦਾ ਨਹੀਂ। ਉਹ ਖ਼ੁਸ਼ ਹੈ ਕਿ ਉਹ ਇਸ ਮਹਾਨ ਦੁਨੀਆ ਵਿਚ ਹੈ। ਉਹ ਜੀਵਨ ਦੀ ਲਗਾਤਾਰਤਾ ਬਾਰੇ ਲਿਖਦਾ ਹੈ ਕਿ ਇਹ ਦੁਨੀਆ ਰਿਸਦੀ ਨਹੀਂ ਕਿਉਂਕਿ ਮੌਤ ਕੋਈ ਤਰੇੜ ਨਹੀਂ ਹੁੰਦੀ।
ਜੀਵਨ ਜਿਹੀ ਕਰਾਮਾਤ, ਕਲਾਤਮਿਕਤਾ, ਗੰਭੀਰਤਾ ਤੇ ਨਿਰੰਤਰਤਾ ਨੂੰ ਟੈਗੋਰ ਦੋ ਸ਼ਬਦਾਂ ਵਿਚ ਪਰਿਭਾਸ਼ਿਤ ਕਰਦਾ ਹੈ- “ਅੰਤਹੀਣ ਅਚੰਭਾ”। ਬਿਲਕੁਲ ਇਹੋ ਤਾਂ ਜੀਵਨ ਹੈ ਪਲ ਪਲ ਛੁੱਟ ਰਿਹਾ, ਪਲ ਪਲ ਨਵਾਂ ਹੋ ਰਿਹਾ ਤੇ ਪਲ ਪਲ ਅੱਗੇ ਵਧ ਰਿਹਾ, ਆਪਣੀ ਅਨੰਤਤਾ ਵੱਲ। ਉਹ ਜੀਵਨ ਨੂੰ ਸਿਰਜਣਾ ਨਾਲ ਜੋੜਦਾ ਹੈ ਤੇ ਸਿਰਜਣਾ ਰੱਬ ਲਈ ਵੀ ਕਿਸੇ ਅਚੰਭੇ ਤੋਂ ਘੱਟ ਨਹੀਂ। ਤੇ, ਉਸ ਅਨੁਸਾਰ, ਸਿਰਜਣਾ ਰਾਹੀਂ ਰੱਬ ਆਪੇ ਨੂੰ ਲੱਭਦਾ ਹੈ।
ਟੈਗੋਰ ਦੀ ਕਵਿਤਾ ਤੇ ਪਵਿੱਤਰ ਪ੍ਰਵਚਨਾਂ ਦੀ ਲਗਾਤਾਰਤਾ ਇਸ ਦੀ ਆਖ਼ਰੀ ਕਾਵਿ-ਰਚਨਾ ਨਾਲ ਬਣੀ ਰਹਿੰਦੀ ਹੈ: ਇਹੀ ਮੇਰਾ ਆਖ਼ਰੀ ਸ਼ਬਦ ਹੋਵੇ- ਮੈਨੂੰ ਤੇਰੇ ਪਿਆਰ ਉਪਰ ਭਰੋਸਾ ਹੈ। ਤੇ ਉਸ ਦੀ ਇਕ ਕਵਿਤਾ ਵਿਚ ਕਲੀ ਤੋਂ ਖਿੜ ਰਹੇ ਬਾਲ-ਫੁੱਲ ਦੀ ਅਰਦਾਸ ਸੁਣਾਈ ਦਿੰਦੀ ਹੈ- ਪਿਆਰੀ ਕਾਇਨਾਤ ਮੁਰਝਾਵੀਂ ਨਾ।
ਮੌਜੀ ਪਰਿੰਦੇ ਰਾਹੀਂ ਅੰਗਰੇਜ਼ੀ ਤੇ ਪੰਜਾਬੀ ਇਕਸੁਰ ਤੇ ਇਕਮਿਕ ਹੋ ਗਈਆਂ ਹਨ ਜੋ ਜ਼ਾਹਿਰ ਹੈ ਕਿ ਰਾਜੇਸ਼ ਸ਼ਰਮਾ ਦੇ ਟੈਗੋਰ ਨਾਲ ਇਕਮਿਕ ਹੋਣ ਤੋਂ ਬਿਨਾਂ ਸੰਭਵ ਨਹੀਂ ਸੀ। ਮੌਜੀ ਪਰਿੰਦੇ ਜੀਵਨ-ਘਾਤੀ ਹਾਲਾਤ ਦੇ ਸਨਮੁੱਖ ਖੜ੍ਹੇ ਬਸ਼ਰ ਦੀ ਜੀਵਨ ਦੇ ਬਲਸ਼ਾਲੀ ਪਹਿਲੂਆਂ ਨਾਲ ਸਾਂਝ ਨੂੰ ਪੀਡੀ, ਵਿਸ਼ਾਲ ਅਤੇ ਮੌਜ-ਮਈ ਕਰੇਗੀ।
ਸੰਪਰਕ: 94631-53296