ਸੰਜੀਵ ਸਿੰਘ ਸੈਣੀ
ਦਿਨ-ਬ-ਦਿਨ ਨਸ਼ਿਆਂ ਦਾ ਤੇਜ਼ ਵਹਾਅ ਪੰਜਾਬ ਤੇ ਇਸ ਦੀ ਜਵਾਨੀ ਨੂੰ ਰੋੜ੍ਹ ਤੇ ਖ਼ੋਰ ਰਿਹਾ ਹੈ। ਹਰ ਰੋਜ਼ ਅਣਗਿਣਤ ਨੌਜਵਾਨ ਚਿੱਟੇ ਦਾ ਸ਼ਿਕਾਰ ਹੋ ਰਹੇ ਹਨ। ਅਕਸਰ ਹੀ ਸੂਬੇ ਵਿਚ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਕਾਰਿੰਦਿਆਂ ਵੱਲੋਂ ਸ਼ਰੇਆਮ ਨਸ਼ੇ ਵੇਚੇ ਜਾਣ ਤੇ ਨੌਜਵਾਨਾਂ ਵੱਲੋਂ ਸ਼ਰੇਆਮ ਨਸ਼ਿਆਂ ਦਾ ਸੇਵਨ ਕੀਤੇ ਜਾਣ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੁੰਦੇ ਜਾਣ ਤੋਂ ਸਾਫ਼ ਹੈ ਕਿ ਇਨ੍ਹਾਂ ਲੋਕਾਂ ਨੂੰ ਕਾਨੂੰਨ ਤੇ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ। ਇਹ ਵਰਤਾਰਾ ਪੁਲੀਸ, ਪ੍ਰਸ਼ਾਸਨ ਤੇ ਸਰਕਾਰ ਦੀ ਲਾਪ੍ਰਵਾਹੀ ਤੇ ਢਿੱਲ-ਮੱਠ ਦੀ ਪੋਲ ਖੋਲ੍ਹਦਾ ਹੈ। ਗੁਆਂਢੀ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ਿਆਂ ਦੀ ਤਸਕਰੀ ਲਗਾਤਾਰ ਜਾਰੀ ਹੈ। ਹਾਲ ਹੀ ਵਿਚ ਫਿਰੋਜ਼ਪੁਰ ਵਿਖੇ ਬੀਐਸਐਫ ਵੱਲੋਂ ਨਸ਼ਿਆਂ ਦੇ ਪੈਕਟ ਬਰਾਮਦ ਕੀਤੇ ਗਏ।
ਪਿੱਛੇ ਜਿਹੇ ਖ਼ਬਰ ਪੜ੍ਹਨ ਨੂੰ ਮਿਲੀ ਕਿ ਚੰਡੀਗੜ੍ਹ ਇੱਕ ਕੁੜੀ ਪੜ੍ਹਾਈ ਲਈ ਆਈ ਚਿੱਟੇ ਦਾ ਸ਼ਿਕਾਰ ਹੋ ਗਈ। ਫਿਰ ਮਾਂ-ਬਾਪ ਉਸ ਨੂੰ ਕਿਸੇ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਵਾਉਂਦੇ ਹਨ। ਕਈ ਪਿੰਡਾਂ ਵਿੱਚ ਤਾਂ ਇੰਨਾ ਬੁਰਾ ਹਾਲ ਹੈ ਕਿ ਮਾਪਿਆਂ ਨੇ ਆਪਣੇ ਜਵਾਨ ਪੁੱਤਾਂ ਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ ਹੈ। ਉਹ ਕਹਿੰਦੇ ਹਨ ਕਿ ਅਸੀਂ ਇਨ੍ਹਾਂ ਨੂੰ ਕਿਥੋਂ ਪੈਸੇ ਦੇਈਏ। ਮਾਪੇ ਆਪਣੇ ਨਸ਼ਈ ਬੱਚਿਆਂ ਤੋਂ ਅੱਕੇ ਪਏ ਹਨ।
ਇੱਕ ਖ਼ਬਰ ਮੁਤਾਬਕ ਇਕ ਨਸ਼ੇੜੀ ਪਿਓ ਨੇ ਨਸ਼ੇ ਕਾਰਨ ਘਰ ਵਿਚ ਹੋਈ ਲੜਾਈ ਦੌਰਾਨ ਆਪਣੀ ਮਸਾਂ ਤਿੰਨ ਮਹੀਨਿਆਂ ਦੀ ਧੀ ਦੀ ਹੱਤਿਆ ਕਰ ਦਿੱਤੀ। ਮੁਲਜ਼ਮ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਸ਼ੇ ਦਾ ਬਹੁਤ ਆਦੀ ਹੋ ਗਿਆ ਸੀ। ਅਕਸਰ ਘਰ ਵਿਚ ਕਲੇਸ਼ ਰਹਿੰਦਾ ਸੀ ਤੇ ਇਸੇ ਕਲੇਸ਼ ਕਾਰਨ ਬੱਚੀ ਦੀ ਜਾਨ ਜਾਂਦੀ ਰਹੀ। ਇਕ ਹੋਰ ਖ਼ਬਰ ਪੜ੍ਹਨ ਨੂੰ ਮਿਲੀ ਕਿ ਇਕ ਸਾਬਕਾ ਫੌਜੀ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇ ਜਦੋਂ ਅਖ਼ਬਾਰਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਕਿਸੇ ਮੌਤ ਦੀ ਖਬਰ ਨਾ ਛਪੀ ਹੋਵੇ। ਇੱਕ ਖਬਰ ਮੁਤਾਬਕ ਇਕ ਪਿੰਡ ਵਿਚ ਤਾਂ ਇਕ ਮਹੀਨੇ ਵਿਚ ਲਗਾਤਾਰਾ ਪੰਜ ਤੋਂ ਸੱਤ ਮੌਤਾਂ ਚਿੱਟੇ ਕਾਰਨ ਹੋਈਆਂ। ਕਈ ਘਰਾਂ ਦੇ ਚਿਰਾਗ ਬੁਝ ਗਏ।
ਮਾਪਿਆਂ ਦੇ ਬਹੁਤ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਨ੍ਹਾਂ ਦਾ ਬੱਚਾ ਲਾਇਕ ਬਣੇ। ਆਪਣੇ ਬੱਚੇ ਦੀ ਹਰ ਰੀਝ ਪੂਰੀ ਕਰਦੇ ਹਨ। ਵਧੀਆ-ਵਧੀਆ ਸਕੂਲਾਂ ਵਿੱਚ ਪੜ੍ਹਾਉਂਦੇ ਹਨ ਤਾਂ ਕਿ ਬੱਚੇ ਦਾ ਭਵਿੱਖ ਵਧੀਆ ਹੋ ਜਾਵੇ ਤੇ ਬੁਢਾਪੇ ਵਿੱਚ ਮਾਪਿਆਂ ਦੀ ਵਧੀਆ ਸੇਵਾ ਕਰੇ। ਮਾਪਿਆਂ ਨੇ ਆਪਣੇ ਕੰਮ-ਕਾਰ ਵੀ ਕਰਨੇ ਹੁੰਦੇ ਹਨ। ਉਨ੍ਹਾਂ ਨੂੰ ਕਬੀਲਦਾਰੀ ਵਿਚ ਕੀ ਪਤਾ ਕਿ ਬੱਚਾ ਸਕੂਲ ਜਾ ਰਿਹਾ ਹੈ ਜਾਂ ਕਿਤੇ ਹੋਰ ਮਾੜੀ ਸੰਗਤ ਦਾ ਸ਼ਿਕਾਰ ਹੋ ਰਿਹਾ ਹੈ। ਬੱਚਾ ਮਾੜੀ ਸੰਗਤ ਵਿਚ ਪੈ ਕੇ ਹੀ ਨਸ਼ਿਆਂ ਦਾ ਆਦੀ ਹੁੰਦਾ ਹੈ। ਹੌਲੀ-ਹੌਲੀ ਉਹ ਨਸ਼ੇ ਦੀ ਪੂਰਤੀ ਲਈ ਚੋਰੀ-ਡਕੈਤੀ ਜਾਂ ਘਰ ਦਾ ਸਾਮਾਨ ਵੇਚਣਾ ਵੀ ਸ਼ੁਰੂ ਕਰ ਦਿੰਦਾ ਹੈ। ਚਿੱਟੇ ਬਿਨਾਂ ਨਸ਼ੇੜੀ ਇੱਕ ਮਿੰਟ ਵੀ ਨਹੀਂ ਰਹਿ ਪਾਉਂਦਾ ਤੇ ਹਰ ਹਾਲ ਨਸ਼ਾ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਭਾਵੇਂ ਇਸ ਲਈ ਉਸ ਨੂੰ ਕੋਈ ਵੀ ਮਾੜੇ ਤੋਂ ਮਾੜਾ ਤੇ ਗ਼ੈਰਕਾਨੂੰਨੀ ਕੰਮ ਕਰਨਾ ਪਵੇ ਤੇ ਭਾਵੇਂ ਉਸ ਦੀ ਜ਼ਿੰਦਗੀ ਨਰਕ ਹੀ ਬਣ ਜਾਵੇ।
ਗ਼ੌਰਤਲਬ ਹੈ ਕਿ 2017 ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵੱਡੇ ਸਿਆਸਤਦਾਨਾਂ ਨੇ ਸਹੁੰ ਚੁੱਕੀ ਸੀ। ਪਰ ਇਸ ਦੇ ਬਾਵਜੂਦ ਕੋਈ ਦਿਨ ਅਜਿਹਾ ਨਹੀਂ ਹੋਣਾ ਜਦੋਂ ਕੋਈ ਪੰਜਾਬ ਦਾ ਨੌਜਵਾਨ ਚਿੱਟੇ ਦੀ ਭੇਟ ਨਾ ਚੜਿ੍ਹਆ ਹੋਵੇ। ਦਿਨੋ ਦਿਨ ਨਸ਼ਿਆਂ ਦੀ ਖ਼ਪਤ ਤੇ ਕਾਰੋਬਾਰ ਵਧਦੇ ਜਾ ਰਹੇ ਹਨ। ਅੱਜ ਕੱਲ ਨਸ਼ੀਲੇ ਪਦਾਰਥਾਂ ਦੀ ਖਰੀਦ ਵਿਕਰੀ ਲਈ ਸੋਸ਼ਲ ਨੈੱਟਵਰਕਿੰਗ ਸਾਈਟਾਂ ਦਾ ਧੜੱਲੇ ਨਾਲ ਪ੍ਰਯੋਗ ਹੋ ਰਿਹਾ ਹੈ। ਗੁਜਰਾਤ ਦੀ ਬੰਦਰਗਾਹ ਤੋਂ ਚਿੱਟੇ ਦੀ ਭਾਰੀ ਖੇਪਾਂ ਵੀ ਬਰਾਮਦ ਹੋਈਆਂ ਹਨ। ਪੰਜਾਬ ਵਿੱਚ ਵੋਟਾਂ ਤੋਂ ਪਹਿਲਾਂ ਮੌਜੂਦਾ ਮੁੱਖ ਮੰਤਰੀ ਬਣੇ ਭਗਵੰਤ ਮਾਨ ਪਿੰਡ ਪਿੰਡ ਵੋਟਾਂ ਮੰਗਣ ਲਈ ਜਾਂਦੇ ਸਨ। ਕਈ ਖਬਰਾਂ ਦੇਖਣ ਨੂੰ ਮਿਲਦੀਆਂ ਸਨ ਕਿ ਪਿੰਡ ਦੀਆਂ ਔਰਤਾਂ ਚੁੰਨੀਆਂ ਪਸਾਰ ਕੇ ਭਗਵੰਤ ਮਾਨ ਮੂਹਰੇ ਆਪਣੇ ਦੁੱਖੜੇ ਰੋਂਦੀਆਂ ਸਨ ਕਿ ਉਨ੍ਹਾਂ ਦੇ ਪੁੱਤਾਂ ਨੂੰ ਨਸ਼ੇ ਤੋਂ ਬਚਾ ਲਵੋ, ਪਰ ਹਾਲੇ ਇਸ ਦਿਸ਼ਾ ਵਿਚ ਸਰਕਾਰ ਦੀ ਕੋਈ ਠੋਸ ਕਾਰਵਾਈ ਦੇਖਣ ਨੂੰ ਨਹੀਂ ਮਿਲੀ।
ਇਸ ਲਈ ਸਰਕਾਰ ਦੇ ਨਾਲ-ਨਾਲ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਪ੍ਰਸ਼ਾਸਨ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਕੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੈਮੀਨਾਰ ਹੋਣੇ ਚਾਹੀਦੇ ਹਨ। ਸਰਕਾਰਾਂ ਹੁਣ ਤੱਕ ਨਸ਼ੇ ’ਤੇ ਚੰਗੀ ਤਰ੍ਹਾਂ ਨਕੇਲ ਕੱਸਣ ਵਿੱਚ ਅਸਫ਼ਲ ਸਾਬਤ ਹੋਈਆਂ ਹਨ। ਨਾਲ ਹੀ ਭ੍ਰਿਸ਼ਟ ਅਧਿਕਾਰੀਆਂ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸੰਪਰਕ: 78889-66168