ਗੁਰਦੇਵ ਸਿੰਘ ਸਿੱਧੂ
ਪੰਜਾਬ ਹਿੰਦੋਸਤਾਨੀ ਬਰੇ-ਸਗੀਰ (ਉਪ ਮਹਾਂਦੀਪ) ਵਿੱਚੋਂ ਅੰਗਰੇਜ਼ੀ ਸਾਮਰਾਜ ਵਿੱਚ ਸਭ ਤੋਂ ਪਿੱਛੋਂ ਸ਼ਾਮਲ ਕੀਤਾ ਜਾਣ ਵਾਲਾ ਸੂਬਾ ਸੀ। ਪਹਿਲੇ ਪੰਜਾਹ ਕੁ ਸਾਲ ਪੰਜਾਬੀਆਂ ਨੂੰ ਸੰਭਲਣ ਵਿਚ ਲੱਗੇ ਅਤੇ ਵੀਹਵੀਂ ਸਦੀ ਦੇ ਸ਼ੁਰੂ ਤੋਂ ਬਰਤਾਨਵੀ ਗ਼ੁਲਾਮੀ ਤੋਂ ਮੁਕਤੀ ਲਈ ਸੁਤੰਤਰਤਾ ਅੰਦੋਲਨ ਸ਼ੁਰੂ ਹੋ ਗਿਆ। ਅਗਲੇ ਪੰਜਾਹ ਸਾਲਾਂ ਦੌਰਾਨ ਪੰਜਾਬੀਆਂ ਨੇ ਸ. ਅਜੀਤ ਸਿੰਘ ਦੀ ਅਗਵਾਈ ਹੇਠ ਲੜੇ ਕਿਸਾਨ ਅੰਦੋਲਨ, ਗ਼ਦਰ ਪਾਰਟੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਭਾਰਤੀ ਰਾਸ਼ਟਰੀ ਕਾਂਗਰਸ ਲਹਿਰ ਅਤੇ ਕਿਰਤੀ ਕਿਸਾਨ ਲਹਿਰ ਵਿਚ ਸ਼ਾਮਲ ਹੋ ਕੇ ਅੰਗਰੇਜ਼ ਸਰਕਾਰ ਦਾ ਨੱਕ ਵਿਚ ਦਮ ਲਿਆਂਦਾ। ਸੁਤੰਤਰਤਾ ਅੰਦੋਲਨ ਦੇ ਪ੍ਰਚਾਰ ਅਤੇ ਰਾਜਸੀ ਵਿਚਾਰਾਂ ਦੇ ਪ੍ਰਸਾਰ ਹਿਤ ਤਤਕਾਲੀਨ ਲੇਖਕਾਂ, ਵਿਸ਼ੇਸ਼ ਕਰਕੇ ਕਵੀਆਂ, ਨੇ ਮਹੱਤਵਪੂਰਨ ਯੋਗਦਾਨ ਪਾਇਆ ਜਿਨ੍ਹਾਂ ਨੇ ਵੱਡੀਆਂ ਰਾਜਸੀ ਘਟਨਾਵਾਂ ਤੋਂ ਲੈ ਕੇ ਰਾਜਸੀ ਮੁਕੱਦਮਿਆਂ ਅਤੇ ਦੇਸ਼ਭਗਤ ਵਿਅਕਤੀਆਂ ਦੇ ਜੀਵਨ ਤੱਕ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਇਆ। ਇਨ੍ਹਾਂ ਰਾਜਸੀ ਲਿਖਤਾਂ, ਜਿਨ੍ਹਾਂ ਵਿੱਚ ਲੋਕ ਜੀਵਨ ਦੇ ਦੁੱਖੜੇ ਅਤੇ ਗਿਲੇ ਸ਼ਿਕਵੇ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤੇ ਗਏ ਸਨ, ਨੇ ਲੋਕਾਂ ਨੂੰ ਆਪਣੇ ਸ਼ਾਨਦਾਰ ਰਾਜਸੀ, ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਤੋਂ ਜਾਣੂੰ ਕਰਵਾ ਕੇ ਉਨ੍ਹਾਂ ਦੇ ਹਿਰਦਿਆਂ ਵਿੱਚ ਇਸ ਪ੍ਰਤੀ ਮੋਹ ਅਤੇ ਇਸ ਵਿਰਸੇ ਨੂੰ ਖੋਰਾ ਲਾ ਰਹੀਆਂ ਹਾਕਮ ਸ਼ਕਤੀਆਂ ਪ੍ਰਤੀ ਘ੍ਰਿਣਾ ਪੈਦਾ ਕੀਤੀ।
ਸੁਤੰਤਰਤਾ ਅੰਦੋਲਨ ਦੌਰਾਨ ਜਦੋਂ ਵੀ ਅਸਾਧਾਰਨ ਉਭਾਰ ਆਇਆ ਤਾਂ ਅੰਗਰੇਜ਼ ਸਰਕਾਰ ਨੇ ਇਸ ਉਭਾਰ ਨੂੰ ਠੱਲ੍ਹ ਪਾਉਣ ਲਈ ਦਮਨ ਦਾ ਰਾਹ ਅਖਤਿਆਰ ਕੀਤਾ। ਸਰਕਾਰ ਦੀਆਂ ਦਮਨਕਾਰੀ ਨੀਤੀਆਂ ਜਨਤਾ ਵਿੱਚ ਰੋਸ ਅਤੇ ਰੋਹ ਉਪਜਾਉਣ ਦਾ ਕਾਰਨ ਬਣੀਆਂ ਜਿਨ੍ਹਾਂ ਨੂੰ ਸ਼ਬਦਾਂ ਦਾ ਰੂਪ ਦੇਣ ਲਈ ਤਿੱਖੇ ਸੁਰ ਵਾਲੀਆਂ ਰਚਨਾਵਾਂ ਨੇ ਜਨਮ ਲਿਆ। ਸੁਤੰਤਰਤਾ ਅੰਦੋਲਨ ਦੌਰਾਨ ਅਜਿਹੀਆਂ ਲਿਖਤਾਂ ਪੱਤਰਿਆਂ, ਚੌਵਰਕਿਆਂ, ਕਿਤਾਬਚਿਆਂ ਆਦਿ ਦੇ ਰੂਪ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਛਪ ਕੇ ਹੱਥੋ ਹੱਥੀ ਵਿਕਦੀਆਂ। ਇਨ੍ਹਾਂ ਵਿੱਚੋਂ ਵਧੇਰੇ ਲਿਖਤਾਂ ਕਾਵਿ-ਰੂਪ ਵਿੱਚ ਸਨ ਅਤੇ ਕਵੀ ਆਪ ਜਾਂ ਹੋਰ ਰਾਜਸੀ ਵਰਕਰ ਇਸ ਕਵਿਤਾ ਨੂੰ ਪਿੰਡਾਂ-ਗਰਾਵਾਂ ਵਿੱਚ ਲੱਗਣ ਵਾਲੇ ਮੇਲਿਆਂ-ਮੁਸਾਹਿਬਆਂ, ਧਾਰਮਿਕ-ਪੁਰਬਾਂ, ਪਸ਼ੂ-ਮੰਡੀਆਂ ਆਦਿ ਇਕੱਠਾਂ ਸਮੇਂ ਗਾ ਕੇ ਜਨ ਸਾਧਾਰਨ ਤੱਕ ਪਹੁੰਚਾਉਂਦੇ ਰਹੇ। ਇਉਂ ਉਨ੍ਹਾਂ ਦਾ ਸੰਦੇਸ਼ ਹਰ ਪੜ੍ਹੇ-ਅਣਪੜ੍ਹ, ਪੇਂਡੂ-ਸ਼ਹਿਰੀ, ਅਮੀਰ-ਗ਼ਰੀਬ, ਗੱਲ ਕੀ ਹਰ ਕਿਸੇ ਤੱਕ ਪੁੱਜਣ ਵਿੱਚ ਸਫ਼ਲ ਰਿਹਾ ਅਤੇ ਇਸ ਨੇ ਲੋਕ ਮਾਨਸ ਨੂੰ ਦੇਸ਼ ਵਿੱਚ ਵਾਪਰ ਰਹੀਆਂ ਰਾਜਸੀ ਘਟਨਾਵਾਂ ਨੂੰ ਰਾਸ਼ਟਰ ਹਿਤ ਦੇ ਦ੍ਰਿਸ਼ਟੀਕੋਣ ਤੋਂ ਵੇਖਣ ਸਮਝਣ ਵਾਸਤੇ ਤਿਆਰ ਕੀਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਨ ਸਮੂਹ ਆਜ਼ਾਦੀ ਦੇ ਘੋਲ ਵਿੱਚ ਸ਼ਰੀਕ ਹੋਣ ਲੱਗਾ। ਆਪਣੇ ਮਨੋਰਥ ਦੀ ਪ੍ਰਾਪਤੀ ਹਿਤ ਇਹ ਵਿਧੀ ਬਹੁਤ ਹੀ ਹਰਮਨ ਪਿਆਰੀ ਅਤੇ ਸ਼ਕਤੀਸ਼ਾਲੀ ਸਿੱਧ ਹੋਈ। ਇਸ ਨੂੰ ਬੇਅਸਰ ਕਰਨ ਲਈ ਅੰਗਰੇਜ਼ ਸਰਕਾਰ ਨੇ ਅਜਿਹੀਆਂ ਰਚਨਾਵਾਂ ਨੂੰ ਥੋਕ ਵਿੱਚ ਇਤਰਾਜ਼ਯੋਗ ਐਲਾਨ ਕੇ ਪਾਠਕਾਂ/ਸਰੋਤਿਆਂ ਤੱਕ ਪੁੱਜਣ ਤੋਂ ਰੋਕਣ ਦਾ ਯਤਨ ਕੀਤਾ। ਸਰਕਾਰ ਵੱਲੋਂ ਸਮੇਂ ਸਮੇਂ ਛਾਪੇਖਾਨੇ ਦੇ ਕੰਟਰੋਲ ਸੰਬੰਧੀ ਬਣਾਏ ਕਾਨੂੰਨ ਅਤੇ ਹੋਰ ਫੌਜਦਾਰੀ ਕਾਨੂੰਨ ਇਸ ਅਮਲ ਵਿੱਚ ਸਰਕਾਰੀ ਕਾਰਵਾਈ ਦਾ ਆਸਰਾ ਬਣੇ।
ਅੰਗਰੇਜ਼ ਸਰਕਾਰ ਦੁਆਰਾ ਪੰਜਾਬੀ ਭਾਸ਼ਾ ਦੀਆਂ ਜੋ ਰਚਨਾਵਾਂ ਉਪਰੋਕਤ ਕਾਰਵਾਈ ਦਾ ਸ਼ਿਕਾਰ ਬਣੀਆਂ, ਉਹ ਭਾਰਤ ਵਿੱਚ ਨੈਸ਼ਨਲ ਆਰਕਾਈਵਜ਼ ਨਵੀਂ ਦਿੱਲੀ ਦੇ ਨਾਲ ਨਾਲ ਲੰਡਨ ਸਥਿਤ ਬ੍ਰਿਟਿਸ਼ ਮਿਊਜ਼ੀਅਮ ਲਾਇਬ੍ਰੇਰੀ ਅਤੇ ਇੰਡੀਅਨ ਆਫਿਸ ਲਾਇਬ੍ਰੇਰੀ ਵਿੱਚ ਜ਼ਬਤ-ਸ਼ੁਦਾ ਸਾਹਿਤ ਸਾਂਭਣ ਲਈ ਸਥਾਪਤ ਵੱਖਰੀਆਂ ਸ਼ਾਖਾਵਾਂ ਵਿੱਚ ਸੁਰੱਖਿਅਤ ਹਨ। ਇਸ ਵਿਸ਼ੇ ਬਾਰੇ ਖੋਜ ਕਾਰਜ ਦੀ ਸ਼ੁਰੂਆਤ ਕਰਨ ਵਾਲੇ ਅਮਰੀਕੀ ਵਿਦਵਾਨ ਐੱਨ. ਜੀਰਾਲਡ ਬੈਰੀਅਰ ਦੇ ਦੱਸਣ ਮੁਤਾਬਿਕ ਇਨ੍ਹਾਂ ਤਿੰਨਾਂ ਸਥਾਨਾਂ ਉੱਤੇ ਸੰਭਾਲੀਆਂ ਅਤੇ ਇਸ ਵਰਗ ਅਧੀਨ ਆਉਂਦੀਆਂ ਰਚਨਾਵਾਂ ਦੀ ਗਿਣਤੀ ਕ੍ਰਮਵਾਰ 24, 60 ਅਤੇ 51 ਹੈ। ਇਉਂ ਅੰਗਰੇਜ਼ ਸਰਕਾਰ ਦੁਆਰਾ ਪੰਜਾਬੀ ਦੀਆਂ ਜ਼ਬਤ ਕੀਤੀਆਂ ਗਈਆਂ ਪੁਸਤਕਾਂ ਦੀ ਕੁੱਲ ਗਿਣਦੀ 135 ਬਣਦੀ ਹੈ, ਪਰ ਕੁਝ ਰਚਨਾਵਾਂ ਇੱਕ ਤੋਂ ਵੱਧ ਥਾਵਾਂ ਉੱਤੇ ਪਈਆਂ ਹੋਣ ਕਾਰਨ ਅਤੇ ਕੁਝ ਹੋਰ ਮਿਸਟਰ ਬੈਰੀਅਰ ਦੇ ਧਿਆਨ ਵਿਚ ਨਾ ਆਉਣ ਕਾਰਨ ਇਸ ਨੂੰ ਅੰਤਿਮ ਗਿਣਤੀ ਨਹੀਂ ਮੰਨਿਆ ਜਾ ਸਕਦਾ।
ਇਸ ਵਿਦਵਾਨ ਖੋਜੀ ਨੇ ਅਮਰੀਕਾ ਸਥਿਤ ਕਈ ਸੰਸਥਾਵਾਂ ਤੋਂ ਵਿੱਤੀ ਅਨੁਦਾਨ ਪ੍ਰਾਪਤ ਕਰ ਕੇ ਪੰਜਾਬ ਵਿੱਚ ਸੁਤੰਤਰਤਾ ਪ੍ਰਾਪਤੀ ਸੰਘਰਸ਼ ਦੇ ਪੂਰਬਲੇ ਚਾਰ ਦਹਾਕਿਆਂ ਦੌਰਾਨ ਅੰਗਰੇਜ਼ ਸਰਕਾਰ ਦੁਆਰਾ ਜ਼ਬਤ ਕੀਤੀਆਂ, ਪਰ ਅਣਗੌਲੀਆਂ ਰਹੀਆਂ ਪ੍ਰਕਾਸ਼ਨਾਵਾਂ ਬਾਰੇ ਖੋਜ ਕਾਰਜ ਕੀਤਾ। ਬੈਰੀਅਰ ਨੇ ਆਪਣੀ ਖੋਜ ਨੂੰ ਪੁਸਤਕ ‘Banned controversial literature and Political Control 1907-47’ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ।
ਸ੍ਰੀ ਬੈਰੀਅਰ ਦੁਆਰਾ ਬਰਤਾਨਵੀ ਹਿੰਦੋਸਤਾਨ ਦੇ ਪੰਜਾਬ ਸੂਬੇ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਇਹ ਇਸ ਵਿਸ਼ੇ ਬਾਰੇ ਪਹਿਲਾ ਖੋਜ ਕਾਰਜ ਹੈ। ਖੋਜਕਰਤਾ ਨੇ ਪੁਸਤਕ ਦੇ ਪਹਿਲੇ ਭਾਗ ‘ਜ਼ਬਤੀ ਦੀ ਰਾਜਨੀਤੀ’ ਵਿੱਚ ਪ੍ਰਕਾਸ਼ਨਾਵਾਂ ਦੀ ਜ਼ਬਤੀ ਸਬੰਧੀ ਬਰਤਾਨਵੀ ਹਿੰਦੋਸਤਾਨ ਦੀ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਜਾਣਕਾਰੀ ਦਿੰਦਿਆਂ ਉਸ ਰਾਜਸੀ ਪਿਛੋਕੜ ਦਾ ਵਿਸਤ੍ਰਿਤ ਵੇਰਵਾ ਦਰਜ ਕੀਤਾ ਹੈ ਜੋ ਇਨ੍ਹਾਂ ਕਾਨੂੰਨਾਂ ਨੂੰ ਘੜਨ ਦਾ ਕਾਰਨ ਬਣਿਆ। ਪੁਸਤਕ ਦਾ ਦੂਜਾ ਭਾਗ ‘ਜ਼ਬਤ-ਸ਼ੁਦਾ ਸਾਹਿਤ ਦਾ ਗਾਈਡ’ ਚਾਰ ਉਪ-ਭਾਗਾਂ ਕ੍ਰਮਵਾਰ (1) ਹਿੰਦੋਸਤਾਨ ਅਤੇ ਬਰਤਾਨੀਆ ਵਿੱਚ ਜ਼ਬਤ-ਸ਼ੁਦਾ ਸਾਹਿਤ ਦਾ ਇਕੱਤਰੀਕਰਨ, (2) ਧਾਰਮਿਕ ਵਾਦ ਵਿਵਾਦ, (3) ਰਾਸ਼ਟਰੀ ਧਰਮ ਨਿਰਪੇਖ ਰਾਜਨੀਤੀ ਅਤੇ (4) ਦੇਸ਼ਭਗਤੀ ਦੀ ਕਵਿਤਾ, ਗੀਤ ਵਿੱਚ ਵੰਡਿਆ ਗਿਆ ਹੈ। ਪਹਿਲੇ ਉਪ-ਭਾਗ ਵਿੱਚ ਜ਼ਬਤ-ਸ਼ੁਦਾ ਸਾਹਿਤ ਦੀ ਸੁਰੱਖਿਆ ਸੰਭਾਲ ਦੀ ਵਿਧੀ ਦਾ ਬਿਆਨ ਕੀਤਾ ਹੈ ਅਤੇ ਬਾਕੀ ਤਿੰਨੇ ਉਪ-ਭਾਗ ਪੁਸਤਕ ਨਾਮਾਵਲੀ ਉੱਤੇ ਆਧਾਰਿਤ ਹਨ। ਪੁਸਤਕ ਨਾਮਾਵਲੀ ਤਿਆਰ ਕਰਦਿਆਂ ਖੋਜੀ ਵਿਦਵਾਨ ਨੇ ਇਹ ਦੱਸਣ ਦੀ ਜ਼ਰੂਰਤ ਨਹੀਂ ਸਮਝੀ ਕਿ ਦਰਜ ਕੀਤੀ ਗਈ ਪੁਸਤਕ ਕਿਸ ਮਿਤੀ ਨੂੰ ਜਾਰੀ ਕੀਤੇ ਕਿਸ ਨੰਬਰ ਦੇ ਅਧਿਆਦੇਸ਼ ਦੁਆਰਾ ਜ਼ਬਤ ਕੀਤੀ ਗਈ ਸੀ। ਇੰਨੀ ਕੁ ਸੂਚਨਾ ਦਾ ਵਾਧਾ ਕਰ ਦੇਣ ਨਾਲ ਜ਼ਬਤੀ ਸਬੰਧੀ ਦਰਜ ਵੇਰਵੇ ਨੂੰ ਪ੍ਰਮਾਣਿਕ ਬਣਾਇਆ ਜਾ ਸਕਦਾ ਸੀ।
ਖੋਜ ਕਾਰਜ ਦੀ ਗੰਭੀਰਤਾ ਦੀ ਦ੍ਰਿਸ਼ਟੀ ਤੋਂ ਦੂਜੇ ਭਾਗ ਵਿੱਚ ਕੁਝ ਰਚਨਾਵਾਂ ਦਾ ਦੂਹਰਾ ਇੰਦਰਾਜ਼ ਰੜਕਦਾ ਹੈ। ਉਦਾਹਰਨ ਲਈ ਕਾਮਰੇਡ ਅਮਰ ਨਾਥ ਆਹਲੂਵਾਲੀਆ ਰਚਿਤ ਅਤੇ 1931 ਈਸਵੀ ਵਿੱਚ ਪ੍ਰਕਾਸ਼ਿਤ ‘ਵਿਰਲਾਪ’ ਨੂੰ ਪੁਸਤਕ ਦੇ ਦੂਜੇ ਭਾਗ ਦੇ ਉਪਭਾਗ ਤਿੰਨ ਵਿੱਚ ‘ਭਗਤ ਸਿੰਘ’ ਸਿਰਲੇਖ ਅਧੀਨ ਵੀ ਦਰਜ ਕੀਤਾ ਹੈ ਅਤੇ ਉਪਭਾਗ ਚਾਰ ਅਰਥਾਤ ‘ਦੇਸ਼ਭਗਤੀ ਦੀ ਕਵਿਤਾ, ਗੀਤ’ ਅਧੀਨ ਵੀ।
ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਪ੍ਰਕਾਸ਼ਨਾਵਾਂ ਬਾਰੇ ਸਬੰਧਿਤ ਭਾਸ਼ਾ ਤੋਂ ਅਣਜਾਣ ਕਿਸੇ ਗੈਰ ਭਾਸ਼ਾ ਭਾਸ਼ੀ ਅਥਵਾ ਵਿਦੇਸ਼ੀ ਵਿਦਵਾਨ ਦੇ ਸਬੰਧਿਤ ਭਾਸ਼ਾਈ ਖਿੱਤੇ ਦੇ ਇਤਿਹਾਸ, ਸਾਹਿਤ, ਸਭਿਆਚਾਰ ਆਦਿ ਤੋਂ ਅਣਜਾਣ ਹੋਣ ਅਤੇੇ ਸਬੰਧਿਤ ਭਾਸ਼ਾ ਦੇ ਅਲਪ ਗਿਆਨ ਕਾਰਨ ਪ੍ਰਾਪਤ ਸਮੱਗਰੀ ਦੀ ਡੂੰਘੀ ਛਾਣਬੀਣ ਕਰਨ ਦੇ ਅਸਮਰੱਥ ਹੋਣ ਕਾਰਨ ਉਸ ਨੂੰ ਲਿਖਤੀ ਰੂਪ ਵਿੱਚ ਪ੍ਰਾਪਤ ਮੋਟੀ ਮੋਟੀ ਸੂਚਨਾ, ਜੋ ਕਈ ਵਾਰ ਸਤਹੀ ਹੁੰਦੀ ਹੈ, ਉੱਪਰ ਹੀ ਨਿਰਭਰ ਕਰਨਾ ਪੈਂਦਾ ਹੈ ਜਿਸ ਕਾਰਨ ਉਸ ਦੇ ਖੋਜ ਕਾਰਜ ਵਿੱਚ ਕੁਝ ਵਿਸ਼ੇਸ਼ ਕਿਸਮ ਦੀਆਂ ਤਰੁੱਟੀਆਂ ਦਾ ਆ ਜਾਣਾ ਸੁਭਾਵਿਕ ਹੁੰਦਾ ਹੈ। ਅਜਿਹੀਆਂ ਕੁਝ ਤਰੁੱਟੀਆਂ ਇਸ ਪੁਸਤਕ ਵਿੱਚ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਉਦਾਹਰਨ ਵਜੋਂ ਕਵੀ ਪੰਛੀ ਨੇ ਆਪਣੀ ਇਕ ਰਚਨਾ ਨੂੰ ਜ਼ਬਤੀ ਦੇ ਕੁਹਾੜੇ ਤੋਂ ਬਚਾਉਣ ਵਾਸਤੇ ਉਸ ਨੂੰ ਗੁਰਮੁਖੀ, ਪਰਸ਼ੀਅਨ ਅਤੇ ਨਾਗਰੀ ਅੱਖਰਾਂ ਵਿਚ ਵਿਭਿੰਨ ਨਾਵਾਂ – ਕ੍ਰਮਵਾਰ ਸਰਹੱਦੀ ਸ਼ੇਰ, ਅਣਮੁੱਲੇ ਲਾਲ ਅਤੇ ਹਿੰਦ ਦਾ ਸਿਤਾਰਾ – ਅਧੀਨ ਪ੍ਰਕਾਸ਼ਿਤ ਕਰਵਾਇਆ, ਪਰ ਪ੍ਰੋ. ਬੈਰੀਅਰ ਨੇ ਤਿੰਨ ਵਿਭਿੰਨ ਪ੍ਰਕਾਸ਼ਨਾਵਾਂ ਮੰਨ ਕੇ ਵੱਖ ਵੱਖ ਭਾਗਾਂ ਵਿਚ ਦਰਜ ਕੀਤਾ ਹੈ।
ਖੋਜੀ ਵਿਦਵਾਨ ਪੰਜਾਬੀ ਭਾਸ਼ਾ ਤੋਂ ਅਣਜਾਣ ਹੋਣ ਕਾਰਨ ਕੁਝ ਪੁਸਤਕਾਂ ਦੇ ਸਹੀ ਨਾਉਂ ਦਰਜ ਕਰਨ ਵਿੱਚ ਵੀ ਅਸਮਰੱਥ ਰਿਹਾ। ਅਵਤਾਰ ਸਿੰਘ ਆਜ਼ਾਦ ਦੀ ਪੁਸਤਕ ‘ਕੈਦੀ ਬੀਰ, ਭਾਗ ਪਹਿਲਾ’ ਪ੍ਰਕਾਸ਼ਿਤ ਹੋਈ ਤਾਂ ਅੰਗਰੇਜ਼ ਸਰਕਾਰ ਨੇ ਇਸ ਪੁਸਤਕ ਨੂੰ ਜ਼ਬਤ ਕਰ ਲਿਆ। ਪ੍ਰੋ. ਬੈਰੀਅਰ ਨੇ ਭਾਗ ਸ਼ਬਦ ਨੂੰ ਪੁਸਤਕ ਦੇ ਨਾਉਂ ਦਾ ਹਿੱਸਾ ਬਣਾ ਕੇ ਇਸ ਪੁਸਤਕ ਦਾ ਇੰਦਰਾਜ਼ ਇਉਂ ਕੀਤਾ ਹੈ: ‘‘ਕੈਦੀ ਬੀਰ ਭਾਗ, ਹਿੱਸਾ ਪਹਿਲਾ’’। ਪੰਜਾਬੀ ਭਾਸ਼ਾ ਤੋਂ ਅਣਜਾਣ ਹੋਣ ਕਾਰਨ ਹੀ ਖੋਜੀ ਵਿਦਵਾਨ ਦੁਆਰਾ ਸ. ਰਤਨ ਸਿੰਘ ਆਜ਼ਾਦ ਦੀ ਪੁਸਤਕ ‘ਬਾਗੀ ਸਿੱਖ ਕਿ ਸਰਕਾਰ’ ਦਾ ਰੋਮਨ ਅੱਖਰਾਂ ਵਿਚ ਨਾਉਂ Baghi ki ki sarkar ਲਿਖਿਆ ਹੈ। ਨਾਉਂ ਗ਼ਲਤ ਲਿਖਿਆ ਜਾਣ ਕਾਰਨ ਇਸ ਦਾ ਅੰਗਰੇਜ਼ੀ ਅਨੁਵਾਦ What is the Government of Baghi Sikh? ਵੀ ਉਲਟ ਪੁਲਟ ਹੋ ਗਿਆ ਹੈ।
ਇਸ ਖੋਜ ਪੁਸਤਕ ਵਿੱਚ ਕੁਝ ਅਜਿਹੀਆਂ ਤਰੁੱਟੀਆਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ ਜਿਨ੍ਹਾਂ ਨੂੰ ਉਪਰਲੇ ਵਰਗ ਵਿੱਚ ਨਹੀਂ ਰੱਖਿਆ ਜਾ ਸਕਦਾ ਸਗੋਂ ਇਨ੍ਹਾਂ ਦਾ ਸੰਬੰਧ ਖੋਜ ਕਰਤਾ ਦੀ ਖੋਜ ਅਧੀਨ ਵਿਸ਼ੇ ਪ੍ਰਤੀ ਪਹੁੰਚ ਨਾਲ ਹੈ। ਖੋਜ ਕਰਤਾ ਨੇ ਖੋਜ ਕਾਰਜ ਨੂੰ ਹਿੰਦੋਸਤਾਨ ਦੇ ਇਕ ਖਿੱਤੇ ਪੰਜਾਬ ਸੂਬੇ ਦੀ ਰਾਜਨੀਤੀ ਤੱਕ ਸੀਮਿਤ ਰੱਖਿਆ ਦੱਸਿਆ ਹੈ ਜਿਸ ਕਾਰਨ ਮੌਲਵੀ ਹਾਫ਼ਿਜ਼ ਮੁਹੰਮਦ ਅਬਦੁੱਲ ਸਲਾਮ ਦੁਆਰਾ ਲਿਖਿਆ ਅਤੇ ਲਖਨਊ ਤੋਂ ਪ੍ਰਕਾਸ਼ਿਤ ‘ਸਵਾਲਾਤ-ਇ-ਮੁਹੰਮਦੀਆ’ (ਉਰਦੂ), ਮਹਾਂਦੇਵ ਸ਼ਰਮਾ ਦੀ ਲਿਖਤ ਅਤੇ ਕਲਕੱਤੇ ਤੋਂ ਪ੍ਰਕਾਸ਼ਿਤ ‘ਆਰੀਓਂ ਕਾ ਡੰਕਾ’ (ਹਿੰਦੀ), ਲਖਨਊ ਤੋਂ ਹੀ ਪ੍ਰਕਾਸ਼ਿਤ ਉਰਦੂ ਕਿਤਾਬਚਾ ‘ਅਸ਼ੁੱਧੀ ਤੋੜ ਵੇਦ ਕੀ ਹਕੀਕਤ’, ਅਖਿਲ ਸ਼ਰਮਾ ਰਚਿਤ ਅਤੇ ਕਾਨਪੁਰ ਤੋਂ ਪ੍ਰਕਾਸ਼ਿਤ ‘ਦੇਵ ਸਭਾ ਮੇਂ ਵੇਦੋਂ ਕੀ ਅਪੀਲ’ ਆਦਿ ਇੰਦਰਾਜ਼ ਇਸ ਪੁਸਤਕ ਵਿੱਚ ਨਹੀਂ ਸਨ ਹੋਣੇ ਚਾਹੀਦੇ। ਜੇਕਰ ਵਿਦਵਾਨ ਖੋਜੀ ਦੀ ਦਲੀਲ ਇਹ ਹੋਵੇ ਕਿ ਪੁਸਤਕ ਨਾਮਾਵਲੀ ਵਿੱਚ ਪੰਜਾਬ ਪ੍ਰਾਂਤ ਦੀ ਰਾਜਨੀਤੀ ਨਾਲ ਸਬੰਧਿਤ ਪੁਸਤਕ, ਭਾਵੇਂ ਉਸ ਦੀ ਰਚਨਾ ਅਤੇ ਪ੍ਰਕਾਸ਼ਨਾ ਕਿਧਰੇ ਵੀ ਅਤੇ ਕਿਸੇ ਵੀ ਭਾਸ਼ਾ ਵਿੱਚ ਹੋਈ ਹੋਵੇ, ਨੂੰ ਸਥਾਨ ਦਿੱਤਾ ਗਿਆ ਹੈ ਤਾਂ ਇਹ ਕਥਨ ਵੀ ਸਹੀ ਨਹੀਂ ਕਿਉਂਕਿ ਜ਼ਬਤ ਹੋਈਆਂ ਹੋਰ ਅਨੇਕਾਂ ਹੀ ਪੁਸਤਕਾਂ ਮਿਲਦੀਆਂ ਹਨ ਜੋ ਉਪਰੋਕਤ ਦਲੀਲ ਦੇ ਆਧਾਰ ਉੱਤੇ ਇਸ ਨਾਮਾਵਲੀ ਵਿੱਚ ਸਥਾਨ ਪ੍ਰਾਪਤ ਕਰਨ ਦੀਆਂ ਹੱਕਦਾਰ ਸਨ, ਪਰ ਅਜਿਹਾ ਨਹੀਂ ਹੋਇਆ। ਪੰਜਾਬੀ ਤੋਂ ਬਿਨਾਂ ਹੋਰਨਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਅਤੇ ਅੰਗਰੇਜ਼ ਸਰਕਾਰ ਦੁਆਰਾ ਜ਼ਬਤ ਪੁਸਤਕਾਂ ਦੀ ਉਦਾਹਰਨ ਦੇਖਣ ਲਈ ਕੇਵਲ ਭਗਤ ਸਿੰਘ ਦੀ ਸ਼ਹੀਦੀ ਨੂੰ ਵਿਸ਼ਾ ਬਣਾ ਕੇ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਅਤੇ ਜ਼ਬਤ-ਸ਼ੁਦਾ ਪ੍ਰਕਾਸ਼ਨਾਵਾਂ ਦੀ ਸੂਚੀ ਉੱਤੇ ਸਰਸਰੀ ਨਜ਼ਰਸਾਨੀ ਕਰਨੀ ਹੀ ਕਾਫ਼ੀ ਹੈ। ਇਸ ਲੇਖਕ ਨੇ ਸ਼ਹੀਦ ਭਗਤ ਸਿੰਘ ਬਾਰੇ ਲਿਖੀਆਂ ਅਤੇ ਜ਼ਬਤ ਹੋਈਆਂ ਇਕ ਸੌ ਤੋਂ ਵੱਧ ਪੁਸਤਕਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਵਿਚੋਂ ਪ੍ਰੋ. ਬੈਰੀਅਰ ਨੇ ਕੇਵਲ ਉਂਗਲਾਂ ਉੱਤੇ ਗਿਣੀਆਂ ਜਾ ਸਕਦੀਆਂ ਪੁਸਤਕਾਂ ਨੂੰ ਇਸ ਸੂਚੀ ਵਿਚ ਥਾਂ ਦਿੱਤੀ ਹੈ।
ਪੁਸਤਕ ਦੇ ਦੂਜੇ ਭਾਗ ਦੇ ਉਪਭਾਗ ਤਿੰਨ ‘ਰਾਸ਼ਟਰਵਾਦੀ, ਧਰਮ ਨਿਰਪੇਖ ਰਾਜਨੀਤੀ’ ਅਧੀਨ ਦੋ ਸਿਰਲੇਖ ‘ਭਗਤ ਸਿੰਘ’ ਅਤੇ ‘ਸਾਜ਼ਿਸ਼ ਮਾਮਲੇ’ ਰੱਖੇ ਗਏ ਹਨ। ਪਿਛਲੇ ਵਿੱਚ ਅੱਗੋਂ ਉਪ ਸਿਰਲੇਖ ‘ਚਿਟਾਗਾਂਗ’, ‘ਕਾਕੋਰੀ’ ਅਤੇ ‘ਲਾਹੌਰ (1929-30)’ ਦਰਜ ਕਰਕੇ ਇਨ੍ਹਾਂ ਅਧੀਨ ਇੰਦਰਾਜ਼ ਕੀਤੇ ਗਏ ਹਨ। ਪਾਠਕ ਦੇਖ ਸਕਦੇ ਹਨ ਕਿ ‘ਭਗਤ ਸਿੰਘ’ ਅਤੇ ‘ਲਾਹੌਰ (1929-30)’ ਵਿਚਲੇ ਇੰਦਰਾਜ ਇੱਕ ਥਾਂ ਹੀ ਕੀਤੇ ਜਾ ਸਕਦੇ ਸਨ।
ਦੂਜੇ ਉਪਭਾਗ ‘ਧਾਰਮਿਕ ਵਾਦ-ਵਿਵਾਦ’ ਅਧੀਨ ਦਰਜ ਵਿਭਿੰਨ ਉਪ ਸਿਰਲੇਖਾਂ ਹੇਠਾਂ ਕਈ ਐਸੀਆਂ ਪੁਸਤਕਾਂ ਦੇ ਵੇਰਵੇ ਦਰਜ ਕੀਤੇ ਮਿਲਦੇ ਹਨ ਜਿਨ੍ਹਾਂ ਦੇ ਵਿਸ਼ੇ ਸਿਆਸੀ ਹੋਣ ਕਾਰਨ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਧੱਕੇ ਨਾਲ ਹੀ ਇਸ ਹਿੱਸੇ ਵਿੱਚ ਘੁਸੇੜ ਦਿੱਤੀਆਂ ਗਈਆਂ ਹੋਣ। ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲੱਗੇ ਅਕਾਲੀ ਮੋਰਚਿਆਂ ਸਬੰਧੀ ਰਚੀਆਂ ਅਤੇ ਜ਼ਬਤ ਹੋਈਆਂ ਪ੍ਰਕਾਸ਼ਨਾਵਾਂ ਨੂੰ ਇਸ ਵਰਗ ਵਿਚ ਹਰਗਿਜ਼ ਨਹੀਂ ਰੱਖਿਆ ਜਾ ਸਕਦਾ। ਕੀ ਖੋਜਕਰਤਾ ਪਾਸੋਂ ਅਜਿਹਾ ਸਹਿਵਣ ਹੀ ਹੋ ਗਿਆ ਹੈ ਜਾਂ ਸਿਰਲੇਖਾਂ ਨੂੰ ਅਜਿਹਾ ਰੂਪ ਦੇਣ ਪਿੱਛੇ ਕੋਈ ਹੋਰ ਸੋਚ ਕੰਮ ਕਰ ਰਹੀ ਹੈ? ਇਸ ਦਾ ਉੱਤਰ ਜਾਣਨ ਲਈ ਸ. ਸੋਹਣ ਸਿੰਘ ਜੋਸ਼ ਦੁਆਰਾ ਆਪਣੀ ਪੁਸਤਕ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਦੀ ਭੂਮਿਕਾ ਵਿੱਚ ਪੱਛਮੀ ਵਿਦਵਾਨਾਂ ਵੱਲੋਂ ਭਾਰਤੀ ਇਤਿਹਾਸ ਬਾਰੇ ਵਿਸ਼ੇਸ਼ ਮਨੋਰਥ ਸਾਹਮਣੇ ਰੱਖ ਕੇ ਕੀਤੀ ਜਾ ਰਹੀ ਖੋਜ ਬਾਰੇ ਕੀਤੀ ਟਿੱਪਣੀ ਵਾਚਣੀ ਯੋਗ ਹੋਵੇਗੀ। ਜੋਸ਼ ਦੁਆਰਾ ਕੀਤੀ ਇਹ ਟਿੱਪਣੀ ਅੱਖਾਂ ਖੋਲ੍ਹਣ ਵਾਲੀ ਹੈ। ਉਨ੍ਹਾਂ ਨੇ ਲਿਖਿਆ ਹੈ: ‘‘ਮੈਂ ਇਸ ਵਿਸ਼ੇ ’ਤੇ ਹੀ ਨੈਸ਼ਨਲ ਆਰਕਾਈਵਜ਼ ਨਵੀਂ ਦਿੱਲੀ ਵਿੱਚ ਇਤਿਹਾਸ ਵਿਭਾਗ ਦੇ ਇਕ ਇੰਚਾਰਜ ਨਾਲ ਗੱਲ ਕਰ ਰਿਹਾ ਸਾਂ। ਉਹ ਕਹਿਣ ਲੱਗੇ ਕਿ ਅੰਗਰੇਜ਼ ਤੇ ਅਮਰੀਕੀ ਲੱਖਾਂ ਰੁਪਏ ਖਰਚ ਕੇ ਸਾਡੇ ਆਜ਼ਾਦੀ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਲਿਖਵਾ ਰਹੇ ਹਨ।
ਅਮਰੀਕਾ ਇਸ ਕੰਮ (ਭਾਰਤੀ ਇਤਿਹਾਸ ਨੂੰ ਤੋੜ ਮਰੋੜ ਕੇ ਲਿਖਣ ਦਾ ਕੰਮ) ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ ਅਤੇ ਸਾਡੇ ਇਤਿਹਾਸ ਨੂੰ ਸਾਮਰਾਜੀ ਨਜ਼ਰੀਏ ਨਾਲ ਲਿਖਣ ਉੱਤੇ ਲੱਖਾਂ ਰੁਪਏ ਖਰਚ ਕਰ ਰਿਹਾ ਹੈ। ਅਮਰੀਕੀ ਪ੍ਰੋਫ਼ੈਸਰ ਮਿਸਟਰ ਬੈਰੀਅਰ ਅੰਗਰੇਜ਼ ਹਾਕਮਾਂ ਦਾ ਮਾਂ-ਬਾਪ ਸਰਕਾਰਾਂ ਦਾ ਸਿਧਾਂਤ ਮੁੜ ਸੁਰਜੀਤ ਕਰਨ ਦਾ ਯਤਨ ਕਰ ਰਿਹਾ ਹੈ ਅਤੇ ਸਿੱਖ ਇਤਿਹਾਸ ਵਿੱਚ ਤਾਂ ਬਹੁਤ ਜ਼ਿਆਦਾ ਖੋਟ ਮਿਲਾਇਆ ਜਾ ਚੁੱਕਾ ਹੈ।’’ ਪ੍ਰੋ. ਬੈਰੀਅਰ ਵੱਲੋਂ ਅੰਗਰੇਜ਼ ਸਰਕਾਰ ਵੱਲੋਂ ਕੀਤੀਆਂ ਜ਼ਿਆਦਤੀਆਂ ਦਾ ਜ਼ਿਕਰ ਕਰਦਿਆਂ ਇਸ ਨਾਲ ‘ਅਖੌਤੀ’ ਸ਼ਬਦ ਲਿਖਣਾ ਜੋਸ਼ ਹੋਰਾਂ ਦੇ ਕਥਨ ਨੂੰ ਪ੍ਰਮਾਣਿਤ ਕਰਦਾ ਹੈ।
ਸੰਪਰਕ: 94170-49417
ਲਗਭਗ ਅੱਧੀ ਦਰਜਨ ਤੋਂ ਵੱਧ ਅਖ਼ਬਾਰਾਂ ਰਸਾਲਿਆਂ ਦੇ ਸੰਪਾਦਕੀ ਮੰਡਲਾਂ ਵਿਚ ਸ਼ਾਮਲ ਰਹੇ ਅਵਤਾਰ ਸਿੰਘ ‘ਆਜ਼ਾਦ’ (ਜੀਵਨ ਕਾਲ 1904-31.5.1972) ਨੇ ਆਪਣੀ ਸਾਹਿਤਕ ਯਾਤਰਾ ਅਕਾਲੀ ਲਹਿਰ ਦੇ ਪ੍ਰਭਾਵ ਹੇਠ ਕਵਿਤਾਵਾਂ ਲਿਖ ਕੇ ਸ਼ੁਰੂ ਕੀਤੀ ਸੀ। ਉਸ ਦੀਆਂ ਹੋਰ ਕਾਵਿ ਰਚਨਾਵਾਂ ‘ਸਵਾਂਤ ਬੂੰਦ’, ‘ਸਾਵਣ ਪੀਂਘਾਂ’, ‘ਵਿਸ਼ਵ ਵੇਦਨਾ’ ਆਦਿ ਹਨ। ‘ਕੈਦੀ ਬੀਰ’ ਉਸ ਦੀਆਂ 48 ਕਵਿਤਾਵਾਂ ਦਾ ਸੰਗ੍ਰਹਿ ਹੈ। ਅਵਤਾਰ ਸਿੰਘ ‘ਆਜ਼ਾਦ’ ਨੇ ਪੰਜਾਹਵਿਆਂ ਤੋਂ ਪਿੱਛੋਂ ‘ਮਰਦ ਅਗੰਮੜਾ’ (ਗੁਰੂ ਗੋਬਿੰਦ ਸਿੰਘ ਜੀ ਬਾਰੇ), ‘ਵਿਸ਼ਵ ਨੂਰ’ (ਗੁਰੂ ਨਾਨਕ ਦੇਵ ਜੀ ਬਾਰੇ) ਅਤੇ ‘ਮਹਾਂਬਲੀ’ (ਮਹਾਰਜਾ ਰਣਜੀਤ ਸਿੰਘ ਬਾਰੇ) ਮਹਾਂਕਾਵਿ ਰਚ ਕੇ, ਅਤੇ ਫ਼ਾਰਸੀ ਵਿਚੋਂ ਉਮਰ ਖੱਯਾਮ ਦੀਆਂ ਰੁਬਾਈਆਂ ਦਾ ‘ਖਿਆਮ ਖੁਮਾਰੀ’ ਨਾਂ ਹੇਠ ਅਤੇ ‘ਜ਼ਫਰਨਾਮਾ’ ਦਾ ਕਾਵਿ ਅਨੁਵਾਦ ਕਰ ਕੇ ਪ੍ਰਸਿੱਧੀ ਖੱਟੀ।
ਜੋੜ ਜੋੜ ਤੋੜ ਫਾਂਸੀ ਬੁਲਬੁਲਾਂ ਨੂੰ ਚਾੜ੍ਹਿਆ
ਅਵਤਾਰ ਸਿੰਘ ‘ਆਜ਼ਾਦ’
ਆਇਆ ਇਕਰਾਰ ਕਰ, ਬਾਗ ਦੇ ਬਚਾਵਣੇ ਨੂੰ,
ਮਾਲਕਾਂ ਨੇ ਮਾਲੀ ਜਾਣ ਪਾਲੀ ਕਰ ਵਾੜਿਆ।
ਚੰਗੀ ਰਖਵਾਲੀ ਕੀਤੀ, ਡਾਲੀ ਡਾਲੀ ਕੱਟ ਦਿਤੀ,
ਖਾਲੀ ਕਰ ਬਾਗ ਤਾਂਈਂ ਦਿਲ ਡਾਢਾ ਸਾੜਿਆ।
‘ਨੀਤ’ ਨੂੰ ‘ਅਨੀਤ’ ਕਰ, ਧਾਰ ਬਦਨੀਤ ਚਿਤ,
ਰੀਤ ਬਿਸਰਾਈ ਮੀਤ ਪ੍ਰੀਤ ਪਾ ਉਜਾੜਿਆ।
ਖਿਲੇ ਫੁੱਲ ਤੋੜ ਦਿਤੇ, ਗੁੰਚੇ ਮਰੋੜ ਦਿਤੇ,
ਜੋੜ ਜੋੜ ਤੋੜ ਫਾਂਸੀ ਬੁਲਬੁਲਾਂ ਨੂੰ ਚਾੜ੍ਹਿਆ।
ਭੱਠਾਂ ’ਚ ਤਪਾਯਾ, ਉਤੇ ਚਾੜਿਆ ਕੜਾਂਯਾਂ,
ਰਾਹੀਆਂ ਚਾਰ ਕੂਟ ਤਾਈਂ ਇਨ੍ਹਾਂ ਚੰਦਰੇ ਕਸਾਈਆਂ ਨੇ।
ਫੜਫੜ ਪਾਈਆਂ ਵਿਚ ਬੁਲਬੁਲਾਂ ਬਿਦੋਸੀਆਂ ’ਚਾ,
ਜਿੰਦਾ ਹੀ ਜਲਾਇਆ ਸ਼ੈਤਾਨ ਦਿਆਂ ਭਾਈਆਂ ਨੇ।
ਦੇਸ਼ ਸੰਦੇ ਭੌਰਿਆਂ ਦੇ ਭਾ ਦੀ ਇਹ ਖਿਜ਼ਾਂ ਆਈ,
ਜਿਨ੍ਹਾਂ ਦੀ ਬਹਾਰ ਯਾਰੋ ਕਰ ਲਈਆਂ ਧਾਈਆਂ ਨੇ।
ਪਤਾ ਨਹੀਂ ਸਾਈਂ ਮੇਰਾ ਤੁਠਸੀ ਦਿਆਲ ਕਦ?
ਹੋਣ ਤਾਂ ‘ਆਜ਼ਾਦ’ ਲਈ ਪਾਈਆਂ ਤਾਂ ਦੁਹਾਈਆਂ ਨੇ।
(ਪੰਜਾਬ ਸਰਕਾਰ ਅਧਿਆਦੇਸ਼ ਨੰ: 14372, ਮਿਤੀ 19 ਮਈ 1924 ਦੁਆਰਾ ਜ਼ਬਤ ‘‘ਕੈਦੀ ਬੀਰ’’ ਵਿਚੋਂ)
ਕਵੀ, ਕਹਾਣੀਕਾਰ, ਵਾਰਤਕ ਲੇਖਕ ਅਤੇ ਪੱਤਰਕਾਰ ਹੋਣ ਦੇ ਨਾਲ ਨਾਲ ਸੁਤੰਤਰਤਾ ਸੰਗਰਾਮੀ ਗਿਆਨੀ ਹੀਰਾ ਸਿੰਘ ‘ਦਰਦ’ (30 ਸਤੰਬਰ 1889-22 ਜੂਨ 1965) ਨੇ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਅਧਿਆਪਕ ਵਜੋਂ ਨੌਕਰੀ ਅਤੇ ਨਾਲ ਹੀ ਕਾਵਿ ਰਚਨਾ ਕਰਨੀ ਸ਼ੁਰੂ ਕੀਤੀ। ਬਜਬਜ ਘਾਟ ਦੀ ਘਟਨਾ ਵਿਰੁੱਧ ਰੋਸ ਪ੍ਰਗਟਾਉਣ ਕਾਰਨ ਜੇਲ੍ਹ ਦੀ ਸਜ਼ਾ ਭੁਗਤਣ ਪਿੱਛੋਂ ਉਹ ਸੁਤੰਤਰਤਾ ਸੰਗਰਾਮ ਨੂੰ ਸਮਰਪਿਤ ਹੋ ਗਿਆ। 1920 ਵਿਚ ਅਕਾਲੀ ਅਖ਼ਬਾਰ ਸ਼ੁਰੂ ਹੋਣ ਸਮੇਂ ਉਹ ਇਸ ਦੇ ਸੰਪਾਦਕੀ ਮੰਡਲ ਵਿਚ ਸ਼ਾਮਲ ਸੀ, ਪਿੱਛੋਂ 1930 ਵਿਚ ਉਸ ਨੇ ਮਹੀਨਾਵਾਰ ‘ਫੁਲਵਾੜੀ’ ਰਸਾਲਾ ਸ਼ੁਰੂ ਕੀਤਾ। ਉਹ ਵਿਚਾਰਧਾਰਾ ਪੱਖੋਂ ਪ੍ਰਗਤੀਵਾਦੀ ਸੀ। ਸਿੱਖ ਲੀਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਂਗਰਸ ਪਾਰਟੀ, ਕਿਰਤੀ ਕਿਸਾਨ ਲਹਿਰ ਸਭਨਾਂ ਵਿਚ ਉਸ ਦਾ ਯੋਗਦਾਨ ਮਹੱਤਵਪੂਰਨ ਰਿਹਾ। ਉਹ ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਸੰਸਥਾਪਕਾਂ ਵਿਚੋਂ ਸੀ।
ਬਾਬਾ ਗੁਰਦਿੱਤ ਸਿੰਘ ਜੀ ਦਾ ਦਿਲ
ਗਿਆਨੀ ਹੀਰਾ ਸਿੰਘ ‘ਦਰਦ’
ਕੰਬਖਤ ਦਿਲ ਕੁੱਝ ਐਸਾ ਮੈਂ ਨਾਲ ਲੈ ਕੇ ਆਇਆ।
ਦਿੱਤਾ ਨਾ ਸੁੱਖ ਕਿਸੇ ਨੂੰ ਮੈਂ ਭੀ ਨਾ ਚੈਨ ਪਾਇਆ।
ਪੁਛੋ ਨਾ ਕੁਝ ਕਹਾਣੀ ਇਸ ਬੇਵਤਨ ਦੇ ਦਿਲ ਦੀ,
ਦੁੱਖਾਂ ਦੇ ਵਹਿਣ ਅੰਦਰ ਹੈ ਕੌਣ ਰੁੜਨੇ ਆਇਆ।
ਹੈ ਸ਼ੌਕ ਕਿਸਨੂੰ ਆਇਆ ਇਸ ਦਿਲ ਦਾ ਦਰਦ ਪੁੱਛੇ,
ਜਿਸ ਵਤਨ ਨੂੰ ਛੁਡਾਇਆ, ਪ੍ਰਦੇਸ ਨੂੰ ਗਵਾਇਆ।
ਰਿਹਾ ਨਾ ਥਾਂ ਟਿਕਾਣਾ ਦੁਨੀਆ ’ਤੇ ਕੋਈ ਬਾਕੀ,
ਜੀਂਦੇ ਜਵਾਬ ਦਿਤਾ, ਮੋਏ ਨੇ ਨਾ ਰਲਾਇਆ।
ਆਪਣੇ ਬਿਗਾਨੇ ਸਾਰੇ ਵੈਰੀ ਬਣਾਏ ਦਿਲ ਨੇ,
ਹਾਂ ਦਰਦਿ ਦਿਲ ਦਾ ਰੋਗੀ ਬੱਸ! ਪਾਪ ਇਹ ਕਮਾਇਆ।
ਬੱਸ ਖਾਕ ਹੋ ਚੁਕਾ ਹੈ ਇਸ ਬੇਵਤਨ ਦਾ ਗੁਲਸ਼ਨ,
ਬੁਲਬੁਲ ਨੂੰ ਹੁਣ ਕੁਵੇਲੇ ਗਾਵਣ ਦਾ ਸ਼ੌਕ ਆਇਆ।
ਬਰਛੀ ਨੂੰ ਕੌਣ ਖਾਵੇ, ਤੰਦੂਰ ਦਿਲ ਤਪਾਵੇ,
ਇਸ ਦਰਦਿ ਦਿਲ ਦੀ ਸਾਖੀ ਸੁਣਨੇ ਨੂੰ ਕੌਣ ਆਇਆ।
ਭੁਚਾਲ ਐਸਾ ਆਵੇ, ਅਸਮਾਨ ਨੂੰ ਕੰਬਾਵੇ,
ਜੇ ਦਰਦ ਏਸ ਦਿਲ ਦਾ ਮੈਂ ਖੋਲ੍ਹ ਕੇ ਵਿਖਾਇਆ।
(ਪੰਜਾਬ ਸਰਕਾਰ ਅਧਿਆਦੇਸ਼ ਨੰ: 14886, ਮਿਤੀ 3 ਮਈ 1923 ਦੁਆਰਾ ਜ਼ਬਤ ‘‘ਜੀਵਨ ਚਰਿੱਤਰ ਬਾਬਾ ਗੁਰਦਿੱਤ ਸਿੰਘ ਜੀ’’ ਵਿਚੋਂ)
ਵਿਧਾਤਾ ਸਿੰਘ ‘ਤੀਰ’ (15 ਅਗਸਤ 1900-4 ਜਨਵਰੀ 1973) ਨੇ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਭਾਵ ਹੇਠ ਕਾਵਿ ਰਚਨਾ ਕਰਨੀ ਸ਼ੁਰੂ ਕੀਤੀ। ‘ਤੀਰ ਤ੍ਰੰਗ’, ‘ਅਣਿਆਲੇ ਤੀਰ’, ‘ਕਾਲ ਕੂਕਾਂ’ ਆਦਿ ਉਸ ਦੇ ਕਾਵਿ ਸੰਗ੍ਰਹਿ ਹਨ। ਕਵਿਤਾਵਾਂ ਦੀ ਅੰਗਰੇਜ਼ ਵਿਰੋਧੀ ਸੁਰ ਕਾਰਨ ਉਸ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ। ਉਸ ਨੇ ਵੱਡੀਆਂ ਕਾਵਿ ਰਚਨਾਵਾਂ ਵੀ ਕੀਤੀਆਂ ਹਨ। ‘ਦਸਮੇਸ਼ ਦਰਸ਼ਨ’ ਅਤੇ ‘ਬੰਦਾ ਬਹਾਦਰ’ ਵਿਚ ਸਿੱਖ ਇਤਿਹਾਸ ਨੂੰ ਅਤੇ ‘ਰੂਪ ਰਾਣੀ ਸ਼ਕੁੰਤਲਾ’, ‘ਨਲ ਦਮਿਅੰਤੀ’ ਅਤੇ ‘ਧਰੂ ਭਗਤ’ ਵਿਚ ਪੁਰਾਤਨ ਕਹਾਣੀਆਂ ਨੂੰ ਵਿਸ਼ਾ ਬਣਾਇਆ ਹੈ। ਉਹ ਆਪਣੇ ਸਮੇਂ ਸਟੇਜ ਦਾ ਧਨੀ ਅਤੇ ਉਸਤਾਦ ਕਵੀ ਸੀ।
ਪੰਜਾ ਸਾਹਿਬ ਦੇ ਸ਼ਹੀਦਾਂ ਦੀਆਂ ਰੂਹਾਂ
ਵਿਧਾਤਾ ਸਿੰਘ ‘ਤੀਰ’
ਰਾਗ ਰੰਗ ਭੁੱਲੇ, ਸਾਕ ਅੰਗ ਭੁੱਲੇ, ਸੁਣ ਕੇ ਵੀਰ ਭੁੱਖੇ ਦੁਖੇ ਨੈਨ ਡੁਲ੍ਹੇ,
ਲਗੀ ਦਿਲ ਅੰਦਰ ਏਹੋ ਚਾਹ ਡਾਢੀ, ਚਲੋ ਦੇਖੀਏ ਸਾਈਂ ਦੇ ਬੰਦਿਆਂ ਨੂੰ।
ਖਲੇ ਵਿਚ ਉਡੀਕਦੇ ਪਟੜੀ ’ਤੇ, ਆ ਵੇ ਇੰਜਨਾਂ ਦੇਰ ਨਾ ਲਾ ਛੇਤੀ,
ਬਾਟਾ ਦੇਹ ਸ਼ਹਾਦਤ ਦਾ ਪੀ ਲਈਏ, ਭਾਗਾਂ ਨਾਲ ਮਿਲਿਆ ਹੈ ਤਰਸੰਦਿਆਂ ਨੂੰ।
ਸਾਡੇ ਵੀਰ ਜੰਜੀਰਾਂ ਦੇ ਵਿਚ ਜਕੜੇ, ਆਪਣੀ ਆਣ ਖਾਤਰ ਕਰਦੇ ਕਾਰ ਪਕੜੇ,
ਭੈ ਉਨ੍ਹਾਂ ਨੂੰ ਨਹੀਂ ਜੇਹਲ ਫਾਂਸੀਆਂ ਦਾ, ਸਾਨੂੰ ਭੈ ਕੀ ਭਲਾ ਕੁਚਲੰਦਿਆਂ ਨੂੰ।
ਵਾਹ ਵਾਹ ਖੂਨੀਆ ਸਾਡਿਆ ਝੱਬਦੇ ਆ, ਸਾਨੂੰ ਭੇਟ ਆਜ਼ਾਦੀ ਦੀ ਚਾੜਦਾ ਜਾ,
ਆਪਣਾ ਜਬਰ, ਸਾਡਾ ਸਬਰ ਹਾੜਦਾ ਜਾ, ਵੇਲਾ ਬੀਤਦਾ ਸਿਕ ਸਿਕੰਦਿਆਂ ਨੂੰ।
ਤੁਸਾਂ ਜੇਹਲ ਮੱਲੀ, ਅਸਾਂ ਰੇਲ ਮੱਲੀ, ਆਪਣੀ ਕੌਮ ਖਾਤਰ ਧਰਿਆ ਸੀਸ ਤਲੀ,
ਇਹ ਸੁਨੇਹੜਾ ਅਸਾਂ ਦਾ ਜਾ ਦੇਵੀਂ, ਖੂਨੀ ਇੰਜਨਾਂ ਜੇਹਲ ਵਸੰਦਿਆਂ ਨੂੰ।
ਹਾਂ! ਹੁਣ ਜਾਬਰਾ ਆਪਣਾ ਤਾਣ ਲਾ ਕੇ, ਸਾਨੂੰ ਪੈਰਾਂ ਦੇ ਹੇਠ ਲਤਾੜਦਾ ਜਾ,
ਅਖੀਂ ਆਪਣੀ ਅਸੀਂ ਵੀ ਵੇਖ ਲਈਏ, ਨਾਲੇ ਅੰਨ ਦੇਈਏ ਭੁਖੇ ਬੰਦਿਆਂ ਨੂੰ।
ਜੇਕਰ ਸਿਦਕ ਸਾਡਾ ਸੱਚੇ ਰੱਬ ਉਤੇ, ਵੀਰਾਂ ਤਾਈਂ ਛਕਾਵਣਾ ਅੰਨ ਪਾਣੀ,
ਜਾਨ ਵਾਰਕੇ ਲੈਣਾ ਖਲਾਰ ਤੈਨੂੰ, ਲੋਕੀਂ ਵੇਖਸਨ ਅਜ ਕਟੰਦਿਆਂ ਨੂੰ।
ਗਾਨਾ ਬੰਨ੍ਹ ਸ਼ਹੀਦੀ ਦਾ ਰਾਹ ਫੜਿਆ, ਅਖਾਂ ਲਾਲ ਹੋਈਆਂ ਬੀਰ ਰਸ ਚੜਿਆ,
ਧਰਮ ਮੁਲਕ ਤੋਂ ਵਾਰਨੀ ਜਿੰਦ ਅੜਿਆ, ਬੁਰਾ ਸਮਝਦੇ ਹਾਂ ਹਟਕੰਦਿਆਂ ਨੂੰ।
ਤੀਰ ਤ੍ਰੰਗ (ਪੰਜਾਬ ਸਰਕਾਰ ਦੇ ਅਧਿਆਦੇਸ਼ ਨੰ: 20095-ਜੇ. ਮਿਤੀ 26 ਅਗਸਤ 1924 ਦੁਆਰਾ ਜ਼ਬਤ) (‘ਤੀਰ ਤ੍ਰੰਗ’ ਵਿਚੋਂ)
ਤਰਨਤਾਰਨ ਵਿਚ ਜਨਮੇ ਸਾਹਿਤਕਾਰ, ਪੱਤਰਕਾਰ ਅਤੇ ਸੁਤੰਤਰਤਾ ਸੰਗਰਾਮੀ ਅਰਜਨ ਸਿੰਘ ‘ਗੜਗੱਜ’ (1905- 10 ਮਾਰਚ 1963) ਨੇ ਛੇਵੀਂ ਜਮਾਤ ਵਿਚ ਪੜ੍ਹਦਿਆਂ ‘ਯੂਨੀਅਨ ਜੈਕ’ ਨੂੰ ਸਲਾਮੀ ਨਾ ਦੇਣ ਦੇ ‘ਦੋਸ਼’ ਵਿਚ ਸਕੂਲ ਵਿਚੋਂ ਕੱਢੇ ਜਾਣ ਪਿੱਛੋਂ ਸਥਾਨਕ “ਗੜਗੱਜ ਅਕਾਲੀ ਦੀਵਾਨ” ਵਿਚ ਸ਼ਾਮਲ ਹੋ ਕੇ ਅਜਿਹੀ ਸਰਗਰਮੀ ਵਿਖਾਈ ਕਿ ‘ਗੜਗੱਜ’ ਉਸ ਦੇ ਨਾਂ ਨਾਲ ਹੀ ਜੁੜ ਗਿਆ। ਉਹ ਸਮੇਂ ਸਮੇਂ ਅਕਾਲੀ ਦਲ, ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਪਾਰਟੀ, ਕਮਿਊਨਿਸਟ ਪਾਰਟੀ ਵਿਚ ਆਗੂਆਂ ਵਾਂਗ ਵਿਚਰਿਆ। ਅੰਗਰੇਜ਼ ਸਰਕਾਰ ਨੇ ਉਸ ਨੂੰ ਅਨੇਕਾਂ ਵਾਰ ਜੇਲ੍ਹ ਭੇਜਿਆ, ਕਦੇ ਜੂਹਬੰਦੀ ਕੀਤੀ ਅਤੇ ਕਦੇ ਜ਼ਬਾਨਬੰਦੀ। ਕਿਰਤੀ ਅਤੇ ਨਵਾਂ ਜ਼ਮਾਨਾ ਦੇ ਸੰਪਾਦਕੀ ਮੰਡਲ ਵਿਚ ਉਸ ਨੇ ਪ੍ਰਮੁੱਖਤਾ ਨਾਲ ਕੰਮ ਕੀਤਾ। ਉਸ ਦੀ ਲਿਖੀ ਕਵਿਤਾ ਅਤੇ ਜੀਵਨ ਘਟਨਾਵਾਂ ਨੂੰ ਬਿਆਨਦੀਆਂ ਪੁਸਤਕਾਂ ‘ਦੋ ਪੈਰ ਘੱਟ ਤੁਰਨਾ’, ‘ਮੇਰਾ ਆਪਣਾ ਆਪ’ ਪ੍ਰੇਰਨਾ ਦੇਣ ਵਾਲੀਆਂ ਹਨ।
ਐਜੀਟੇਸ਼ਨ ਕਰ ਦਿਓ ਬਾਬੇ ਛੁਡਵਾਵੋ
‘ਗੜਗੱਜ’ (ਬਾਬਾ ਅਰਜਨ ਸਿੰਘ ਗੜਗੱਜ)
ਉੱਠੋ! ਉੱਠੋ!! ਸਜਣੋ, ਹੁਣ ਕਰੋ ਤਿਆਰੇ,
ਚੌਦਾਂ ਵਾਲੇ ਬਾਬਿਆਂ ਤੋਂ ਜਾਵੋ ਵਾਰੇ।
ਸਾਡੀ ਖਾਤਰ ਛੱਡ ਗਏ ਪਰਵਾਰ ਵਿਚਾਰੇ,
ਪਿੰਜਰ ਹੁਣ ਤਾਂ ਰਹਿ ਗਏ ਜੇਹਲਾਂ ਦੇ ਮਾਰੇ।
ਕਿਉਂ ਨਹੀਂ ਪੈਂਦੀ ਅਣਖ, ਤੁਸੀਂ ਹੋ ਗਏ ਨਕਾਰੇ।
ਭੁੱਲੇ ਆਪਣੇ ਫਰਜ਼ ਨੂੰ, ਨਿਜ-ਮਾਨ ਵਿਸਾਰੇ।
ਹਿੰਦੂ, ਸਿੱਖੋ, ਮੋਮਨੋ, ਕੀ ਧਰਮ ਤਿਹਾਰੇ,
ਜੇ ਨਹੀਂ ਬਾਬੇ ਯਾਦ ਤੁਸਾਂ ਨੂੰ ਹੋ ਬੁਰਿਆਰੇ।
ਉੱਠੋ! ਮਾਰੋ ਹੰਭਲਾ, ਤੂਫਾਨ ਮਚਾਵੋ,
ਐਜੀਟੇਸ਼ਨ ਕਰ ਦਿਓ, ਬਾਬੇ ਛੁਡਵਾਵੋ।
ਵਿਚ ਸਕੂਲਾਂ ਪੜ੍ਹਦਿਓ, ਹੁਣ ਅੱਖ ਉਠਾਵੋ।
ਰਖੋ ਜਾਂਦੀ ਅਣਖ, ਤੁਸੀਂ ਗੱਭਰੂ ਅਖਵਾਵੋ।
ਭਾਰ ਤੁਸਾਂ ਦੇ ਸਿਰਾਂ ’ਤੇ, ਇਹ ਚੇਤੇ ਲਾਵੋ,
ਭਾਰਤ ਮਾਤ ਪੁਕਾਰਦੀ, ਨਾ ਦੇਰਾਂ ਲਾਵੋ।
ਹਿੰਦੁਸਤਾਨੀ ਗੱਭਰੂਓ! ਨਾ ਫਰਜ਼ ਭੁਲਾਵੋ,
ਪਾ ‘ਗੜਗੱਜ’ ਪਿਆਰਿਓ ਕੁਝ ਰੱਖ ਵਿਖਾਵੋ।
(ਪੰਜਾਬ ਸਰਕਾਰ ਦੇ ਅਧਿਆਦੇਸ਼ ਨੰ: 6978-ਪੀ.ਬੀ., ਮਿਤੀ 22 ਫਰਵਰੀ 1933 ਦੁਆਰਾ ਜ਼ਬਤ ‘‘ਜ਼ਿੰਦਾ ਸ਼ਹੀਦ ਬਾਬੇ ਅਰਥਾਤ ਪੂਰਨ ਆਜ਼ਾਦੀ ਦੀ ਨੀਂਹ ਰੱਖਣ ਵਾਲੇ 1914-15 ਦੇ ਅਣਖੀਲੇ ਵੀਰ’’ ਵਿਚੋਂ)
ਕਰਤਾਰ ਸਿੰਘ ਪਿੰਡ ਹੁੰਦਾਲ, ਤਹਿਸੀਲ ਚੂਨੀਆਂ, ਜ਼ਿਲ੍ਹਾ ਲਾਹੌਰ ਦਾ ਵਸਨੀਕ ਸੀ। ਉਹ ਕਾਮਰੇਡ ਵਜੋਂ ਜਾਣਿਆ ਜਾਂਦਾ ਸੀ। ਉਸ ਨੇ ਆਪਣੇ ਰਾਜਨੀਤਿਕ ਵਿਚਾਰਾਂ ਦੇ ਪ੍ਰਚਾਰ ਲਈ ‘ਕਰਤਾਰ’ ਉਪਨਾਉਂ ਹੇਠ ਕਵਿਤਾ ਲਿਖੀ। ਉਸ ਦੇ ਲਿਖੇ ਦੋ ਕਾਵਿ-ਕਿਤਾਬਚੇ ‘ਦੁਖੀ ਦੁਨੀਆ’ ਅਤੇ ‘ਝੋਲੀ ਚੁਕਾਂ ਦਾ ਸਿਆਪਾ’ ਮਿਲਦੇ ਹਨ। ਪਹਿਲਾ ਕਿਤਾਬਚਾ 18 ਕਵਿਤਾਵਾਂ ਦਾ ਸੰਗ੍ਰਹਿ ਹੈ, ਬਹੁਤੀਆਂ ਕਵਿਤਾਵਾਂ ਵਿਚ ਕਿਸਾਨੀ ਦੀ ਦੁਰਦਸ਼ਾ ਦਾ ਬਿਆਨ ਕਰਕੇ ਗੁਲਾਮੀ ਤੋਂ ਛੁਟਕਾਰਾ ਪਾਉਣ ਦੀ ਪ੍ਰੇਰਨਾ ਦਿੰਦੀਆਂ ਹਨ। ‘ਝੋਲੀ ਚੁੱਕਾਂ ਦਾ ਸਿਆਪਾ’ ਵਿਅਕਤੀ ਦੀ ਮੌਤ ਉਪਰੰਤ ਪਾਏ ਜਾਣ ਵਾਲੇ ਵੈਣਾਂ ਦੀ ਤਰਜ਼ ਉੱਤੇ ਰਚਿਆ ਪ੍ਰਗੀਤ ਹੈ ਜਿਸ ਵਿਚ ਟੇਕ ਦੀਆਂ ਪੰਕਤੀਆਂ ਹਨ: ‘‘ਰਲ ਮਿਲ ਕਰੋ ਸਿਆਪਾ ਝੋਲੀ ਚੁੱਕ ਬੁਰੇ, ਹਾਇ ! ਹਾਇ !! ਝੋਲੀ ਚੁੱਕ ਬੁਰੇ।’’ ਮਾਸਿਕ ‘ਕਿਰਤੀ’ ਅਤੇ ਹਫ਼ਤਾਵਰੀ ‘ਕਿਰਤੀ ਲਹਿਰ’ ਵਿਚ ਵੀ ਉਸ ਦੀਆਂ ਕਵਿਤਾਵਾਂ ਛਪਦੀਆਂ ਰਹੀਆਂ।
ਵਾਹ ਜੀ ਵਾਹ! ਸੋਹਣੇ ਸਰਦਾਰ ਭਗਤ ਸਿੰਘ
ਕਰਤਾਰ ਸਿੰਘ ‘ਕਰਤਾਰ’
ਸੀ ਕੌਮ ਦਾ ਗਮਖਾਰ ਤਾਂ ਸਰਦਾਰ ਭਗਤ ਸਿੰਘ,
ਹੋਇਆ ਮੁਲਕ ਤੋਂ ਨਸਾਰ ਤਾਂ ਸਰਦਾਰ ਭਗਤ ਸਿੰਘ,
ਦੇਸ਼ ਸੇਵਾ ਵਾਸਤੇ ਸਿਰ ਸੀ ਕਟਾ ਲਿਆ,
ਮੂੰਹੋਂ ਨਾ ਕੀਤਾ ਉਫ਼ ਦਾ ਇਜ਼ਹਾਰ ਭਗਤ ਸਿੰਘ।
ਵਾਹ ਜੀ ਵਾਹ! ਸੋਹਣੇ ਸਰਦਾਰ ਭਗਤ ਸਿੰਘ।
ਦੇਸ਼ ਪਿੱਛੇ ਤਿੱਖੀ ਸੂਲੀ ਉਤੇ ਚੜ੍ਹ ਕੇ,
ਭਾਂਬੜ ਜ਼ੁਲਮ ਵਾਲੇ ਵਿਚ ਸੜ ਕੇ,
ਸ਼ਹੀਦਾਂ ਵਾਲੀ ਕਤਲਗਾਹ ਵਿਚ ਵੜ ਕੇ,
ਸੀਸ ਦਿਤਾ ਆਪਣਾ ਸੀ ਵਾਰ ਭਗਤ ਸਿੰਘ।
ਵਾਹ ਜੀ ਵਾਹ! ਸੋਹਣੇ ਸਰਦਾਰ ਭਗਤ ਸਿੰਘ।
ਰੱਖਿਆ ਨ ਦਿਲ ਵਿਚ ਖੌਫ ਮਰਨ ਦਾ,
ਸੀ ਖਿਆਲ ਇਕ ਹਿੰਦ ਨੂੰ ਆਜ਼ਾਦ ਕਰਨ ਦਾ,
ਤੇ ਦਾਮਨ ਸ਼ਹਾਦਤ ਦੇ ਨਾਲ ਭਰਨ ਦਾ,
ਇਹਾ ਲੈ ਖਿਆਲ ਹੋਯਾ ਤਯਾਰ ਭਗਤ ਸਿੰਘ।
ਵਾਹ ਜੀ ਵਾਹ! ਸੋਹਣੇ ਸਰਦਾਰ ਭਗਤ ਸਿੰਘ।
(ਪੰਜਾਬ ਸਰਕਾਰ ਅਧਿਆਦੇਸ਼ ਨੰਬਰ 4197 ਐੱਸ.ਡੀ.,ਐੱਸ.ਬੀ., ਮਿਤੀ 20 ਮਾਰਚ 1938 ਦੁਆਰਾ ਜ਼ਬਤ ਪੁਸਤਕ ‘‘ਦੁਖੀ ਦੁਨੀਆ’’ ਵਿਚੋਂ)
– ਕਰਤਾਰ ਸਿੰਘ ‘ਕਰਤਾਰ’ ਦੀ ਕੋਈ ਤਸਵੀਰ ਉਪਲਬੱਧ ਨਹੀਂ ਹੋ ਸਕੀ।