ਡਾ. ਨਵਦੀਪ ਸਿੰਘ ਜੌੜਾ
ਬ੍ਰਹਿਮੰਡ ਵਿਚ ਜੀਵਨ ਦੀ ਜੋਤ ਲਈ ਸਾਹਾਂ ਦਾ ਲਗਾਤਰਾ ਗਤੀ ਵਿਚ ਚੱਲਣਾ ਜ਼ਰੂਰੀ ਹੈ ਜੋ ਮੁਢਲੇ ਰੂਪ ਵਿਚ ਇਸ ਧਰਤੀ ਤੇ ਮੌਜੂਦ ਸ਼ੁਧ ਹਵਾ ਤੇ ਪਾਣੀ ਤੇ ਨਿਰਭਰ ਹੈ। ਕਰੋਨਾ ਕਾਲ ਦੌਰਾਨ ਸ਼ੁਧ ਹਵਾ ਦੇ ਰੂਪ ਵਿਚ ਪ੍ਰਾਪਤ ਹੁੰਦੀ ਆਕਸੀਜਨ ਦੀ ਘਾਟ ਕਾਰਨ ਹਜ਼ਾਰਾਂ ਜ਼ਿੰਦਗੀਆਂ ਦੇ ਸਾਹਾਂ ਦੀ ਗਤੀ ਬੰਦ ਹੋ ਗਈ ਪਰ ਵਿਗਿਆਨ ਦੀਆਂ ਅਜੋਕੀਆਂ ਤਕਨੀਕਾਂ, ਸਰਵਪੱਖੀ ਪ੍ਰਬੰਧਾਂ ਅਤੇ ਮੈਡੀਕਲ ਖੋਜਾਂ ਦੀ ਬਦੌਲਤ ਕੁਦਰਤੀ ਤੌਰ ਤੇ ਪੈਦਾ ਹੁੰਦੀ ਆਕਸੀਜਨ ਨੂੰ ਬਨਾਵਟੀ ਤੌਰ ਤੇ ਫੈਕਟਰੀਆਂ ਵਿਚ ਪੈਦਾ ਕਰ ਕੇ ਆਕਸੀਜਨ ਦੀ ਘਾਟ ਕਾਰਨ ਮੌਤ ਦੇ ਮੂੰਹ ਅਜਾਈਂ ਜਾ ਰਹੀਆਂ ਜ਼ਿੰਦਗੀਆਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਂਜ, ਜੀਵਨ ਦੀ ਜੋਤ ਲਈ ਦੂਸਰਾ ਜ਼ਰੂਰੀ ਅੰਗ ਪਾਣੀ, ਕਿਸੇ ਵੀ ਫੈਕਟਰੀ ਵਿਚ ਪੈਦਾ ਨਹੀਂ ਕੀਤਾ ਜਾ ਸਕਦਾ ਅਤੇ ਪਾਣੀ ਦਾ ਇੱਕੋ-ਇੱਕ ਸਰੋਤ ਸਿਰਫ ਕੁਦਰਤ ਹੈ ਪਰ ਮਨੁੱਖ ਦੇ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਕਾਰਨ ਧਰਤੀ ਤੇ ਪਾਣੀ ਦੀ ਹੋਂਦ ਖਤਰੇ ਵਿਚ ਹੈ ਅਤੇ ਜੇ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪਾਣੀ ਦੀ ਘਾਟ ਕਾਰਨ ਇਸ ਧਰਤੀ ਤੇ ਵਾਪਰਨ ਵਾਲਾ ਕਹਿਰ ਕਰੋਨਾ ਮਹਾਮਾਰੀ ਨਾਲੋਂ ਵੀ ਕਈ ਗੁਣਾ ਵੱਡਾ ਹੋ ਸਕਦਾ ਹੈ।
ਧਰਤੀ ਦੇ 71 ਫੀਸਦੀ ਹਿੱਸੇ ਉੱਪਰ ਪਾਣੀ ਹੈ ਜਿਸ ਵਿਚੋਂ 97 ਪ੍ਰਤੀਸ਼ਤ ਪਾਣੀ ਖਾਰਾ ਹੈ। ਇਹ ਪਾਣੀ ਮਨੁੱਖਾਂ ਜਾਂ ਜਾਨਵਰਾਂ ਦੇ ਪੀਣ ਯੋਗ ਜਾਂ ਫਸਲਾਂ ਦੀ ਕਾਸ਼ਤ ਦੇ ਯੋਗ ਨਹੀਂ ਹੈ। ਬਾਕੀ ਬਚਦੇ 3 ਪ੍ਰਤੀਸ਼ਤ ਤਾਜੇ ਪਾਣੀ ਵਿਚੋਂ ਲੱਗਭੱਗ ਅੱਧਾ ਗਲੇਸ਼ੀਅਰ ਉੱਪਰ ਜੰਮਿਆ ਹੋਇਆ ਹੈ ਤੇ ਸਿਰਫ 0.01 ਪ੍ਰਤੀਸ਼ਤ ਤੋਂ ਵੀ ਘੱਟ ਪਾਣੀ ਦਰਿਆਵਾਂ ਅਤੇ ਝੀਲਾਂ ਵਿਚੋਂ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਿਲਣਯੋਗ ਹੈ ਪਰ ਵਧ ਰਹੀ ਆਬਾਦੀ ਤੇ ਵਾਤਾਵਰਨ ਵਿਚ ਤਬਦੀਲੀਆਂ ਅਤੇ ਪਾਣੀ ਦੀ ਸਾਂਭ ਸੰਭਾਲ ਦੇ ਮਾੜੇ ਪ੍ਰਬੰਧਾਂ ਕਾਰਨ ਧਰਤੀ ਦੇ ਉਪਰਲੇ ਅਤੇ ਹੇਠਲੇ ਸੋਮੇ ਸੁੰਗੜ ਰਹੇ ਹਨ। ਪਿਛਲੇ 70 ਸਾਲਾਂ ਵਿਚ ਧਰਤੀ ਉੱਪਰ ਮਨੁੱਖ ਦੀ ਆਬਾਦੀ ਚ ਲੱਗਭੱਗ ਤਿੰਨ ਗੁਣਾ ਵਾਧਾ ਹੋਇਆ ਹੈ ਜਦੋਂ ਕਿ ਪਾਣੀ ਦੀ ਮੰਗ ਛੇ ਗੁਣਾ ਵਧ ਗਈ ਹੈ ਜਿਸ ਨੂੰ ਪੂਰਿਆਂ ਕਰਨ ਲਈ ਦਰਿਆਵਾਂ, ਝੀਲ ਅਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀਆਂ ਸਾਰੀਆਂ ਹੱਦਾਂ ਟੱਪੀਆਂ ਜਾ ਚੁੱਕੀਆਂ ਹਨ ਅਤੇ ਸਮੁੱਚੀ ਦੁਨੀਆ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ।
ਹਿੰਦੋਸਤਾਨ ਦੇ ਬਹੁਤ ਸਾਰੇ ਸੂਬੇ ਭਾਵੇਂ ਧਰਤੀ ਹੇਠਲੇ ਅਤੇ ਧਰਤੀ ਉੱਪਰਲੇ ਪਾਣੀਆਂ ਦੀ ਘਾਟ ਕਾਰਨ ਸਦੀਆਂ ਤੋਂ ਹੀ ਬਹੁਤੇ ਉਪਜਾਊ ਨਹੀਂ ਮੰਨੇ ਗਏ ਅਤੇ ਪਾਣੀ ਦੇ ਸੰਕਟ ਕਾਰਨ ਇਹਨਾਂ ਸੂਬਿਆਂ ਵਿਚ ਅਕਾਲ ਵਰਗੀਆਂ ਹਾਲਤਾਂ ਵੀ ਪੈਦਾ ਹੋ ਜਾਂਦੀਆਂ ਰਹੀਆਂ ਹਨ ਪਰ ਬਦਕਿਸਮਤੀ ਇਹ ਹੈ ਕਿ ਕਿਸੇ ਸਮੇਂ ਧਰਤੀ ਹੇਠਲੇ ਅਤੇ ਉੱਪਰਲੇ ਪਾਣੀਆਂ ਲਈ ਅਮੀਰ ਜਾਣਿਆ ਜਾਂਦਾ ਪੰਜਾਬ ਵੀ ਅੱਜ ਉਸ ਮੋੜ ਤੇ ਖੜ੍ਹਾ ਹੈ ਜਿੱਥੋਂ ਰੇਗਿਸਤਾਨ ਦਾ ਰਾਹ ਸ਼ੁਰੂ ਹੁੰਦਾ ਹੈ। ਪੰਜ ਦਹਾਕੇ ਪਹਿਲਾਂ ਕਣਕ, ਮੱਕੀ, ਕਪਾਹ ਅਤੇ ਬਾਜਰੇ ਵਰਗੀਆਂ ਫਸਲਾਂ ਦੀ ਕਾਸ਼ਤ ਕਰਨ ਵਾਲਾ ਪੰਜਾਬ ਆਪਣੀ ਉਪਜਾਊ ਮਿੱਟੀ ਤੇ ਧਰਤੀ ਹੇਠਲੇ ਮਾਖਿਉਂ ਮਿੱਠੇ ਸ਼ੁੱਧ ਪਾਣੀ ਸਦਕਾ ਸਮੁੱਚੀ ਦੁਨੀਆ ਵਿਚ ਖਾਸ ਪਛਾਣ ਰੱਖਦਾ ਸੀ ਤੇ ਇਸ ਜ਼ਰਖੇਜ਼ ਮਿੱਟੀ ਤੇ ਹਲ ਚਲਾਉਣ ਵਾਲਾ ਕਿਸਾਨ ਆਪਣੀਆਂ ਲੰਮੀਆਂ ਹੇਕਾਂ, ਤਾਕਤਵਰ ਜੁੱਸੇ ਅਤੇ ਖੁੱਲ੍ਹੇ ਡੁੱਲ੍ਹੇ ਸੁਭਾਅ ਕਾਰਨ ਸਮੁੱਚੀ ਦੁਨੀਆ ਲਈ ਆਦਰਸ਼ ਸੀ। ਖੇਤਾਂ ਵਿਚ ਚਾਈਂ ਚਾਈਂ ਫਸਲਾਂ ਬੀਜੀਆਂ ਤੇ ਵੱਢੀਆਂ ਜਾਂਦੀਆਂ ਤੇ ਕਿਸਾਨ ਦੇ ਕੱਚੇ ਘਰਾਂ ਚੋਂ ਹਮੇਸ਼ਾ ਖੁਸ਼ੀਆਂ ਤੇ ਹਾਸਿਆਂ ਦੀਆਂ ਕਿਲਕਾਰੀਆਂ ਕੰਨੀ ਪੈਦੀਆਂ।
ਫਿਰ ਮੁਲਕ ਦੀਆਂ ਅਨਾਜ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰੇ ਇਨਕਲਾਬ ਦੀ ਨਵੀਂ ਸੋਚ ਆਈ। ਹਰੇ ਇਨਕਲਾਬ ਦੌਰਾਨ ਝੋਨੇ ਦੀ ਫਸਲ ਨੂੰ ਮੁਲਕ ਵਿਚ ਵੱਡੇ ਪੱਧਰ ਤੇ ਉਤਸ਼ਾਹਿਤ ਕੀਤਾ ਗਿਆ ਤੇ ਕੁਦਰਤੀ ਸਰੋਤਾਂ ਦੇ ਅਮੀਰ ਵਾਰਿਸ ਪੰਜਾਬ ਦੇ ਕਿਸਾਨਾਂ ਵੱਲੋਂ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਵੱਡੇ ਪੱਧਰ ਤੇ ਅਪਣਾਇਆ ਗਿਆ। ਕਿਸਾਨਾਂ ਦੀ ਹੱਡ ਭੰਨਵੀਂ ਮਿਹਨਤ, ਖੇਤੀ ਖੋਜਾਂ ਅਤੇ ਖੇਤੀ ਪਸਾਰ ਕਾਰਨ ਆਈ ਕ੍ਰਾਂਤੀ ਸਦਕਾ ਮੁਲਕ ਦੇ ਸਿਰਫ ਡੇਢ ਪ੍ਰਤੀਸ਼ਤ ਵਾਹੀਯੋਗ ਰਕਬੇ ਦਾ ਮਾਲਕ ਪੰਜਾਬ ਹਿੰਦੋਸਤਾਨ ਦੀ 20% ਕਣਕ ਅਤੇ 12% ਝੋਨਾ ਪੈਦਾ ਕਰ ਕੇ ਹਿੰਦੋਸਤਾਨ ਦੀ ਅਨਾਜ ਦੀ ਟੋਕਰੀ ਅਖਵਾਉਣ ਲੱਗਾ। ਝੋਨੇ ਦੀ ਕਾਸ਼ਤ ਨੇ ਜਿੱਥੇ ਮੁਲਕ ਦੇ ਅੰਨ ਭੰਡਾਰ ਨੱਕੋ-ਨੱਕ ਭਰੇ, ਉੱਥੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਵੀ ਹੁਲਾਰਾ ਦਿੱਤਾ। ਕਿਸਾਨਾਂ ਦੇ ਕੱਚੇ ਘਰਾਂ ਨੂੰ ਪੱਕੀਆਂ ਇੱਟਾਂ ਨਸੀਬ ਹੋਈਆਂ। ਪਿੰਡਾਂ ਨੂੰ ਜਾਂਦੇ ਕੱਚੇ ਰਾਹਾਂ ਤੇ ਪੱਕੀਆਂ ਸੜਕਾਂ ਬਣੀਆਂ। ਸਾਇਕਲ ਤੇ ਘੁੰਮਦਾ ਕਿਸਾਨ ਜੀਪਾਂ ਤੇ ਮੋਟਰ ਸਾਇਕਲਾਂ ਤੇ ਨਜ਼ਰ ਆਉਣ ਲੱਗਾ ਤੇ ਸਮਾਜਿਕ ਤੇ ਸਿਆਸੀ ਖੇਤਰ ਵਿਚ ਪੰਜਾਬ ਦੇ ਕਿਸਾਨ ਦੀ ਤੂਤੀ ਬੋਲਣ ਲੱਗੀ। ਬੈਂਕਾਂ ਦੇ ਖਾਤੇ ਭਰਨ ਲੱਗੇ। ਹੌਲੀ ਹੌਲੀ ਸੈਟਰੀਫਿਊਜਲ ਮੋਟਰਾਂ ਦੀ ਥਾਂ ਸਬਮਰਸੀਬਲ ਮੋਟਰਾਂ ਨੇ ਲੈ ਲਈ ਜੋ ਚੌਵੀ ਘੰਟੇ ਧਰਤੀ ਵਿਚੋਂ ਪਾਣੀ ਬਾਹਰ ਕੱਢਣ ਲੱਗੀਆਂ।
ਇਸ ਵਰਤਾਰੇ ਦੇ ਲਗਾਤਾਰ ਚੱਲਣ ਸਦਕਾ ਸਮੇਂ ਨੇ ਪੁੱਠਾ ਗੇੜ ਖਾਧਾ। ਧਰਤੀ ਹੇਠਲੇ ਪਾਣੀ ਡੂੰਘੇ ਹੋਣੇ ਸ਼ੁਰੂ ਹੋ ਗਏ ਤੇ ਹਰ ਸਾਲ ਡੂੰਘੇ ਹੋ ਰਹੇ ਬੋਰਾਂ ਦੇ ਖਰਚ ਕਾਰਨ ਜਿੱਥੇ ਕਿਸਾਨ ਦੀ ਆਰਥਿਕਤਾ ਡਾਵਾਂਡੋਲ ਹੋਣ ਲੱਗੀ, ਉੱਥੇ ਲਗਾਤਾਰ ਡੂੰਘੇ ਹੋ ਰਹੇ ਪਾਣੀਆਂ ਕਾਰਨ ਪੰਜਾਬ ਖਤਰਨਾਕ ਮੋੜ ਤੇ ਪਹੁੰਚ ਗਿਆ। ਜਿਸ ਝੋਨੇ ਦੀ ਫਸਲ ਨੇ ਕਿਸਾਨਾਂ ਦੇ ਘਰਾਂ ਵਿਚ ਖੁਸ਼ਹਾਲੀ ਲਿਆਂਦੀ, ਅੱਜ ਉਹੀ ਝੋਨਾ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਝੋਨੇ ਦੀ ਫਸਲ ਪਾਲਣ ਲਈ ਧਰਤੀ ਹੇਠਲੇ ਪਾਣੀ ਦੀ ਵਿਵੇਕਹੀਣ ਵਰਤੋਂ, ਲੰਮਾ ਸਮਾਂ ਲੈਣ ਵਾਲੀਆਂ ਗੈਰ ਸਿਫਾਰਸ਼ੀ ਕਿਸਮਾਂ ਦੀ ਕਾਸ਼ਤ, ਖੇਤੀ ਖੋਜ ਵਿਚ ਆਈ ਖੜੋਤ ਅਤੇ ਲੋੜੀਂਦੇ ਖੇਤੀ ਪਸਾਰ ਦੀ ਘਾਟ ਕਾਰਨ ਅੱਜ ਜਿੱਥੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਨਾ ਸਹਿਣਯੋਗ ਪੱਧਰ ਤੇ ਪਹੁੰਚ ਚੁਕਿਆ ਹੈ, ਉੱਥੇ ਬਚੇ ਹੋਏ ਪਾਣੀ, ਹਵਾ ਤੇ ਮਿੱਟੀ ਵਿਚ ਜ਼ਹਿਰਾਂ ਘੁਲ ਚੁੱਕੀਆਂ ਹਨ। ਸਾਉਣੀ ਦੇ ਸੀਜ਼ਨ ਦੌਰਾਨ ਲਗਭਗ 70% ਰਕਬੇ ਉੱਪਰ ਲਾਏ ਝੋਨੇ ਨੂੰ ਸੂਬੇ ਦੇ 14.5 ਲੱਖ ਟਿਊਬਵੈਲ ਦਿਨ ਰਾਤ ਚੱਲ ਕੇ ਧਰਤੀ ਹੇਠੋਂ ਪਾਣੀ ਮੁਕਾਉਣ ਦਾ ਕੰਮ ਕਰਦੇ ਹਨ। ਵੱਖ ਵੱਖ ਮਾਹਿਰਾਂ ਦੀਆਂ ਖੋਜਾਂ ਅਤੇ ਅੰਦਾਜਿ਼ਆਂ ਮੁਤਾਬਕ ਇੱਕ ਏਕੜ ਝੋਨਾ ਪੈਦਾ ਕਰਨ ਲਈ 90 ਲੱਖ ਲਿਟਰ ਤੋਂ ਲੈ ਕੇ 1 ਕਰੋੜ 12 ਲੱਖ ਲਿਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਬਾਜ਼ਾਰ ਵਿਚ ਇੱਕ ਲਿਟਰ ਪਾਣੀ ਦੀ ਬੋਤਲ ਦੀ ਕੀਮਤ ਦੇ ਹਿਸਾਬ ਨਾਲ ਝੋਨੇ ਦੀ ਫਸਲ ਲਈ ਇੱਕ ਸੀਜ਼ਨ ਵਿਚ ਅੰਦਾਜ਼ਨ 38 ਖਰਬ ਰੁਪਏ ਦਾ ਪਾਣੀ ਲੱਗ ਰਿਹਾ ਹੈ।
ਹੁਣ ਤੱਕ ਝੋਨੇ ਦੀ ਕਾਸ਼ਤ ਲਈ ਪੰਜਾਬ ਵਿਚੋਂ ਅੰਦਾਜ਼ਨ 130 ਘਣ ਕਿਲੋਮੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾ ਚੁੱਕਾ ਹੈ ਜੋ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਰਗੀਆਂ 14 ਝੀਲਾਂ ਦੇ ਬਰਾਬਰ ਦਾ ਪਾਣੀ ਬਣਦਾ ਹੈ। ਮੁਲਕ ਦੇ ਕੇਂਦਰੀ ਪੂਲ ਵਿਚ ਢੁੱਕਵਾਂ ਯੋਗਦਾਨ ਪਾਉਣ ਵਾਲੇ ਪੰਜਾਬ ਨੂੰ ਆਪਣੀ ਕੁਦਰਤੀ ਸਰੋਤਾਂ ਦੀ ਭਰਪਾਈ ਲਈ ਅੱਜ ਤੱਕ ਦੇਸ਼ ਦੇ ਨੀਤੀ ਘਾੜਿਆਂ ਨੇ ਕਦੇ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ। ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿਚ ਧਰਤੀ ਹੇਠਲੇ ਗਤੀਸ਼ੀਲ ਪਾਣੀ ਦੇ ਵਰਤਣਯੋਗ ਸਰੋਤਿਆਂ ਦੀ ਮਿਕਦਾਰ ਲੱਗਭੱਗ 24.433 ਮਿਲੀਅਨ ਕਿਊਸਕ ਮੀਟਰ ਹੈ ਜਦੋਂ ਕਿ ਪੰਜਾਬ ਵਿਚ ਹਰ ਸਾਲ ਧਰਤੀ ਹੇਠੋਂ ਕੱਢੇ ਜਾਂਦੇ ਪਾਣੀ ਦੀ ਮਾਤਰਾ, ਵਰਤਣਯੋਗ ਸਰੋਤਾਂ ਤੋਂ ਜਿ਼ਆਦਾ ਭਾਵ 31.162 ਮਿਲੀਅਨ ਕਿਊਸਿਕ ਮੀਟਰ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ ਅਨੁਸਾਰ ਇਸ ਵਕਤ ਪੰਜਾਬ ਵਿਚ ਪਾਣੀ ਜਮ੍ਹਾਂ ਕਰਨ (ਵਾਟਰ ਰੀਚਾਰਜਿੰਗ) ਦੇ ਮੁਕਾਬਲੇ ਅਸੀਂ 172 ਪ੍ਰਤੀਸ਼ਤ ਧਰਤੀ ਹੇਠਲਾ ਪਾਣੀ ਵਰਤ ਰਹੇ ਹਾਂ; ਮਤਲਬ ਇੱਕ ਬੈਂਕ ਦਾ ਖਾਤਾ ਜਿਸ ਵਿਚ ਅਸੀ ਸਾਲਾਨਾ ਜਮ੍ਹਾਂ ਤਾਂ ਇੱਕ ਸੌ ਰੁਪਈਆ ਕਰਵਾਈਏ ਤੇ ਉਸ ਵਿਚੋਂ ਕਢਵਾਈਏ 172 ਰੁਪਏ ਤਾਂ ਉਹ ਬੈਂਕ ਇੱਕ ਦਿਨ ਪੱਕੀ ਬੰਦ ਹੋ ਜਾਵੇਗੀ। ਮੌਜੂਦਾ ਸਮੇ ਪੰਜਾਬ ਦੇ ਕੁੱਲ ਰਕਬੇ ਚੋਂ 84 ਪ੍ਰਤੀਸ਼ਤ ਰਕਬੇ ਦੇ ਧਰਤੀ ਹੇਠਲੇ ਪਾਣੀ ਦੀ ਲੋੜ ਤੋਂ ਵੱਧ ਸ਼ੋਸ਼ਣ ਹੋ ਚੁੱਕਾ ਹੈ। ਪ੍ਰਤੀ ਵਰਗ ਕਿਲੋਮੀਟਰ ਵਿਚ ਲੱਗੇ ਲੱਗਭੱਗ 34 ਟਿਊਬਵੈਲਾਂ ਕਾਰਨ ਪੰਜਾਬ ਦੇ 50362 ਵਰਗ ਕਿਲੋਮੀਟਰ ਰਕਬੇ ਵਿਚੋਂ 39000 ਵਰਗ ਕਿਲੋਮੀਟਰ ਰਕਬੇ ਦਾ ਪਾਣੀ ਆਮ ਨਾਲੋਂ ਥੱਲੇ ਹੈ ਅਤੇ ਧਰਤੀ ਹੇਠਲੇ ਪਾਣੀਆਂ ਦੀ ਮੌਜੂਦਾ ਹਾਲਤ ਪੰਜਾਬ ਦੇ ਕੇਂਦਰੀ ਜਿ਼ਲ੍ਹਿਆਂ ਵਿਚ ਜਿ਼ਆਦਾ ਖਤਰਨਾਕ ਪੱਧਰ ਦੇ ਨਾਲ ਨਾਲ ਪੰਜਾਬ ਵਿਚ ਚੰਗੇ ਪਾਣੀਆਂ ਦੀ ਉਪਲੱਭਧਤਾ ਵਿਚ ਵੀ ਕਮੀ ਆਈ ਹੈ। ਲੋੜ ਤੋਂ ਵੱਧ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਾਰਨ ਧਰਤੀ ਹੇਠਲੇ ਪਾਣੀ ਵਿਚ ਨਾਈਟ੍ਰੇਟ, ਆਰਸੈਨਿਕ ਅਤੇ ਕੈਡਮੀਅਮ ਵਰਗੀਆਂ ਧਾਤਾਂ ਦੇ ਅੰਸ਼ ਘੱਟੋ-ਘੱਟ ਸਹਿਣਯੋਗ ਮਾਤਰਾ ਤੋਂ ਵੱਧ ਮਿਲ ਰਹੇ ਹਨ।
ਮੌਜੂਦਾ ਸਮੇਂ ਪੰਜਾਬ ਦੇ 12423 ਪਿੰਡਾਂ ਵਿਚੋਂ 11849 ਪਿੰਡਾਂ ਦਾ ਪਾਣੀ ਪੀਣ ਦੇ ਮਾਪ ਦੰਡਾਂ ਤੇ ਖਰਾ ਨਹੀਂ ਉੱਤਰ ਰਿਹਾ ਨਤੀਜੇ ਵਜੋਂ ਅੱਜ ਪੰਜਾਬ ਵਿਚ ਕੈਂਸਰ, ਗੁਰਦਿਆਂ ਦਾ ਫੇਲ੍ਹ ਹੋਣਾ ਅਤੇ ਮਾਨਸਿਕ ਬਿਮਾਰੀਆਂ ਵੱਡੇ ਪੱਧਰ ਤੇ ਪੈਰ ਪਸਾਰ ਰਹੀਆਂ ਹਨ। ਪੰਜਾਬ ਵਿਚ ਧਰਤੀ ਹੇਠਲੇ ਪਾਣੀਆਂ ਦੀ ਇਸ ਹਾਲਤ ਲਈ ਕਣਕ ਝੋਨੇ ਦੇ ਫਸਲੀ ਚੱਕਰ ਦੇ ਨਾਲ ਨਾਲ ਰਾਜਸੀ ਸ਼ਰੀਕੇਬਾਜ਼ੀ, ਵਧ ਰਿਹਾ ਸ਼ਹਿਰੀਕਰਨ, ਵਧ ਰਹੀ ਆਬਾਦੀ, ਚੇਤਨਤਾ ਦੀ ਘਾਟ ਅਤੇ ਘਰਾਂ ਦਾ ਆਧੁਨੀਕਰਨ ਵੀ ਜਿ਼ੰਮੇਵਾਰ ਹੈ। ਘਰਾਂ ਵਿਚ ਲੱਗੀਆਂ ਸਬਮਰਸੀਬਲ ਮੋਟਰਾਂ ਅਤੇ ਸ਼ਹਿਰਾਂ ਵਿਚ ਸਥਾਨਕ ਸੰਸਥਾਵਾਂ ਰਾਹੀਂ ਸਪਲਾਈ ਕੀਤੇ ਜਾ ਰਹੇ ਪਾਣੀਆਂ ਦਾ ਵੱਡੇ ਪੱਧਰ ਤੇ ਦੁਰਉਪਯੋਗ ਕੀਤਾ ਜਾਂਦਾ ਹੈ। ਪਾਣੀ ਦੇ ਸੰਕਟ ਨਾਲ ਜੂਝ ਰਿਹਾ ਪੰਜਾਬ ਅੱਜ ਉਸ ਮੋੜ ਤੇ ਖੜ੍ਹਾ ਹੈ ਜਿੱਥੇ ਰੇਗਸਤਾਨ ਦਾ ਰਸਤਾ ਸ਼ੁਰੂ ਹੁੰਦਾ ਹੈ। ਕੁਦਰਤੀ ਸਰੋਤਾਂ ਦੀ ਵੱਡੀ ਪੱਧਰ ਤੇ ਛੇੜ ਛਾੜ ਕਾਰਨ ਕਿਸੇ ਸਮੇਂ ਹਰਿਆਲੀ ਦੇ ਪ੍ਰਤੀਕ ਪੰਜਾਬ ਵਿਚ ਅਸੀਂ ਵੱਡੇ ਪੱਧਰ ਤੇ ਵਾਤਾਵਰਨ ਵਿਚ ਆਈਆਂ ਤਬਦੀਲੀਆਂ ਕਾਰਨ ਚਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਪਿਛਲੇ ਕੁਝ ਦਹਾਕਿਆਂ ਤੋਂ ਸਰਦੀ, ਗਰਮੀ, ਬਸੰਤ ਤੇ ਪਤਝੜ ਵਰਗੀਆਂ ਖੂਬਸੂਰਤ ਰੁੱਤਾਂ ਦਾ ਆਨੰਦ ਬੀਤੇ ਦੀ ਗੱਲ ਬਣ ਚੁੱਕੀ ਹੈ।
ਜਿੱਥੇ ਅੱਜ ਪੰਜਾਬ ਦੇ ਕੁਦਰਤੀ ਸਰੋਤ ਖਤਰੇ ਵਿਚ ਹਨ, ਉੱਥੇ ਹਰੀ ਕ੍ਰਾਂਤੀ ਤੋਂ ਬਾਅਦ ਖੁਸ਼ਹਾਲੀ ਦਾ ਭਰਮ ਪਾਲੀ ਬੈਠਾ ਕਿਸਾਨ ਵੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਬੋਰਾਂ ਨੂੰ ਡੂੰਘੇ ਕਾਰਨ ਤੋਂ ਲੈ ਕੇ ਸਬਮਰਸੀਬਲ ਮੋਟਰਾਂ ਤੇ ਆਂਉਦੇ ਭਾਰੀ ਖਰਚ ਦੇ ਬੋਝ ਹੇਠ ਦੱਬੇ ਕਿਸਾਨ ਲਈ ਝੋਨੇ ਦੀ ਕਾਸ਼ਤ ਕਰਨਾ ਮਜਬੂਰੀ ਬਣ ਚੁੱਕਾ ਹੈ। ਧਰਤੀ ਹੇਠਲੇ ਪਾਣੀਆਂ ਦੀ ਵਿਵੇਕਹੀਣ ਵਰਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਪਰੀਜਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ ਪਾਸ ਕਰਨ ਨਾਲ ਅਗੇਤੇ ਝੋਨੇ ਦੀ ਲਵਾਈ ਤੇ ਲਾਈ ਪਾਬੰਦੀ ਕਾਰਨ ਧਰਤੀ ਹੇਠਲੇ ਪਾਣੀਆਂ ਦੀ ਹਾਲਤ ਵਿਚ ਸੁਧਾਰ ਆਇਆ ਹੈ।
ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਫਸਲੀ ਭਿੰਨਤਾ ਅਧੀਨ ਝੋਨੇ ਹੇਠੋਂ ਰਕਬਾ ਕੱਢ ਕੇ ਦੂਸਰੀਆ ਬਦਲਵੀਆਂ ਅਧੀਨ ਲੈ ਕੇ ਆਉਣਾ ਸਮੇਂ ਦੀ ਮੁੱਖ ਲੋੜ ਹੈ। ਉਪਰੋਕਤ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਰਮਾ, ਮੱਕੀ ਅਤੇ ਬਾਸਮਤੀ ਦੀ ਫਸਲ ਦੀ ਕਾਸ਼ਤ ਲਈ ਵੱਡੇ ਪੱਧਰ ਤੇ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ ਜਿਸ ਦੇ ਹਾਂ ਪੱਖੀ ਨਤੀਜੇ ਆ ਰਹੇ ਹਨ ਪਰ ਕਿਸਾਨ ਫਸਲੀ ਭਿੰਨਤਾ ਦੀ ਸਫਲਤਾ ਵੀ ਦੂਸਰੀਆਂ ਬਦਲਵੀਆਂ ਫਸਲਾਂ ਦੇ ਝੋਨੇ ਦੇ ਬਰਾਬਰ ਸ਼ੁੱਧ ਲਾਭ ਅਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਸੁਰਖਿਅਤ ਮੰਡੀਕਰਨ ਨੂੰ ਮੰਨ ਰਹੇ ਹਨ ਜਦੋਂ ਕਿ ਪੰਜਾਬ ਹਿਤੈਸ਼ੀ ਅਤੇ ਵਾਤਾਵਰਨ ਪੱਖੀ ਬਹੁਤੇ ਕਿਸਾਨਾਂ ਨੇ ਸੂਬੇ ਦੇ ਭਵਿੱਖ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਦੇਖਦਿਆਂ ਮੰਡੀਕਰਨ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰ ਕੇ ਝੋਨੇ ਦੀ ਥਾਂ ਬਦਲਵੀਆਂ ਫਸਲਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਨਾਲ ਝੋਨੇ ਨੂੰ ਪਨੀਰੀ ਰਾਹੀਂ ਲਾਉਣ ਦੀ ਥਾਂ ਝੋਨੇ ਦੀ ਸਿੱਧੀ ਬਿਜਾਈ ਵੀ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਵਿਚ ਸਹਾਈ ਹੋ ਸਕਦੀ ਹੈ ਅਤੇ ਪਿਛਲੇ ਸਾਲ ਕਰੋਨਾ ਮਹਾਮਾਰੀ ਦੌਰਾਨ ਕਿਸਾਨ ਵੱਲੋਂ ਇਸ ਤਕਨੀਕ ਨੂੰ ਵੱਡੇ ਪੱਧਰ ਤੇ ਅਪਣਾਇਆ ਵੀ ਗਿਆ ਸੀ। ਜਿੱਥੇ ਇਸ ਤਕਨੀਕ ਨਾਲ 3000 ਰੁਪਏ ਪ੍ਰਤੀ ਏਕੜ ਪੈਦਾਵਾਰ ਖਰਚਿਆਂ ਵਿਚ ਕਮੀ ਆਈ ਹੈ, ਉੱਥੇ ਇਹ ਤਕਨੀਕ ਵਾਤਾਵਰਨ ਪੱਖੀ ਵੀ ਮੰਨੀ ਗਈ ਹੈ।
ਪੰਜਾਬ ਵਿਚ ਧਰਤੀ ਹੇਠਲੇ ਪਾਣੀਆਂ ਦੀ ਵਿਸਫੋਟਕ ਹਾਲਤ ਨੂੰ ਦੇਖਦਿਆਂ ਸੁਚੱਜੇ ਪ੍ਰਬੰਧਾਂ ਦੀ ਜੁਗਤਬੰਦੀ ਅਧੀਨ ਧਰਤੀ ਹੇਠਲੇ ਪਾਣੀਆਂ ਦੀ ਸੰਜਮ ਨਾਲ ਵਰਤੋਂ, ਫਸਲੀ ਵੰਨ-ਸਵੰਨਤਾ ਨੂੰ ਅਪਣਾਉਣਾ, ਝੋਨੇ ਦੀ ਸਿੱਧੀ ਬਿਜਾਈ ਵਰਗੀਆਂ ਨਵੀਆਂ ਤਕਨੀਕਾਂ ਅਤੇ ਗੈਰ ਖੇਤੀ ਖੇਤਰਾਂ ਅਤੇ ਇੰਡਸਟਰੀ ਵਿਚ ਧਰਤੀ ਹੇਠਲੇ ਪਾਣੀ ਦੀ ਵਿਵੇਕਹੀਣ ਵਰਤੋਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਸੂਬੇ ਵਿਚ ਹਰ ਸਾਲ ਬਰਸਾਤਾਂ ਦੇ ਦਿਨਾਂ ਵਿਚ ਅਜਾਈਂ ਜਾਂਦੇ ਲੱਗਭਗ 1200 ਮਿਲੀਅਨ ਕਿਊਬਿਕ ਮੀਟਰ ਪਾਣੀ ਨੂੰ ਸਾਂਭਣ ਦੀ ਜ਼ਰੂਰਤ ਹੈ। ਵਾਟਰ ਹਾਰਵੈਸਟਿੰਗ ਅਤੇ ਆਰਟੀਫੀਸ਼ੀਅਲ ਰੀਚਾਰਜਿੰਗ ਵਰਗੀਆਂ ਤਕਨੀਕਾਂ ਅਪਣਾ ਕੇ ਜੇਕਰ ਬਾਰਿਸ਼ ਦੇ ਉਪਰੋਕਤ ਪਾਣੀ ਨੂੰ ਸਾਂਭਿਆ ਜਾਵੇ ਤਾਂ ਧਰਤੀ ਹੇਠਲੇ ਪਾਣੀਆਂ ਦੇ ਪੱਧਰ ਵਿਚ ਕਾਫੀ ਸੁਧਾਰ ਆ ਸਕਦਾ ਹੈ। ਇਜ਼ਰਾਈਲ ਵੱਲੋਂ ਅਪਣਾਈਆਂ ਤਕਨੀਕਾਂ ਨੂੰ ਪਰਖਣ ਦੀ ਜ਼ਰੂਰਤ ਹੈ ਜਿੱਥੋਂ ਦੀ ਔਸਤ ਵਰਖਾ ਸਿਰਫ 100 ਮਿਲੀਮੀਟਰ ਹੈ ਪਰ ਇਜ਼ਰਾਈਲ ਨੇ ਵਰਖਾ ਦੇ ਪਾਣੀ ਨੂੰ ਸੰਭਾਲਣ ਦੀਆਂ ਆਧੁਨਿਕ ਤਕਨੀਕਾਂ ਰਾਹੀਂ ਪਾਣੀ ਦੇ ਸੰਕਟ ਤੇ ਸਦਾ ਲਈ ਕਾਬੂ ਪਾ ਲਿਆ ਹੈ। ਅੱਜ ਹਰ ਪੰਜਾਬ ਹਿਤੈਸ਼ੀ ਦਾ ਫਰਜ਼ ਹੈ ਕਿ ਉਹ ਸਾਨੂੰ ਵਿਰਾਸਤ ਵਿਚ ਮਿਲੇ ਮਾਖਿਉਂ ਮਿੱਠੇ ਪਾਣੀਆਂ ਦੇ ਸਰੋਤਾਂ ਨੂੰ ਸਾਂਭਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਵੇ। ਜੇਕਰ ਹਾਲਾਤ ਮੌਜੂਦਾ ਸਮੇਂ ਅਨੁਸਾਰ ਖਤਰਨਾਕ ਹੁੰਦੇ ਗਏ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪਾਣੀ ਸਾਡੀ ਪਹੁੰਚ ਤੋਂ ਦੂਰ ਹੋ ਜਾਵੇਗਾ, ਪੰਜਾਂ ਪਾਣੀਆਂ ਦੇ ਨਾਂ ਨਾਲ ਜਾਣੀ ਜਾਂਦੀ ਸਾਡੀ ਇਹ ਧਰਤੀ ਬੰਜਰ ਹੋ ਜਾਵੇਗੀ। ਕਰੋਨਾ ਮਹਾਮਾਰੀ ਦਾ ਮੁਕਾਬਲਾ ਅਸੀਂ ਲੌਕਡਾਊਨ ਲਾ ਕੇ, ਮਾਸਕ ਪਾ ਕੇ, ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀਆਂ ਵਰਤ ਕੇ ਕਰ ਰਹੇ ਹਾਂ ਪਰ ਜੇਕਰ ਸਾਡੀਆਂ ਉਪਰੋਕਤ ਗਲਤੀਆਂ ਕਾਰਨ ਇਸ ਧਰਤੀ ਚੋਂ ਪਾਣੀ ਮੁੱਕ ਗਿਆ ਤਾਂ ਅਸੀ ਉਹਨਾਂ ਹਾਲਤਾਂ ਦਾ ਮੁਕਾਬਲਾ ਇੱਕ ਮਿੰਟ ਵੀ ਨਹੀਂ ਕਰ ਸਕਾਂਗੇ। ਸਾਨੂੰ ਸਾਡੀਆਂ ਜ਼ਮੀਨਾਂ, ਜਾਇਦਾਦਾਂ ਤੇ ਖੁਸ਼ਹਾਲੀ ਦਾ ਪ੍ਰਤੀਕ ਹੋ ਰਹੀਆਂ ਚੌੜੀਆਂ ਸੜਕਾਂ ਤੇ ਵੱਡੀਆਂ ਵੱਡੀਆਂ ਇਮਾਰਤਾਂ ਵਾਲਾ ਇਹ ਖਿੱਤਾ ਛੱਡ ਕੇ ਕਿਤੇ ਹੋਰ ਜਾਣਾ ਪਵੇਗਾ। ਇਹ ਸੱਚ ਕੌੜਾ ਹੈ ਪਰ ਝੂਠ ਨਹੀਂ। ਆਓ, ਪੰਜਾਬ ਦੇ ਵਡੇਰੇ ਹਿੱਤਾਂ ਲਈ ਨਿੱਜੀ ਹਿੱਤ ਤਿਆਗੀਏ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਲੋਕ ਲਹਿਰ ਉਸਾਰੀਏ। ਜੇਕਰ ਹੁਣ ਵੀ ਨਾ ਸੰਭਲੇ ਤਾਂ ਇਤਿਹਾਸ ਸਾਨੂੰ ਕਦੇ ਮੁਆਫ ਨਹੀਂ ਕਰੇਗਾ।
ਸੰਪਰਕ: 98145-69351