ਭਗਵਾਨ ਜੋਸ਼
ਪੰਜਾਬ ਦੇ ਉੱਘੇ ਇਤਿਹਾਸਕਾਰ ਜਗਤਾਰ ਸਿੰਘ ਗਰੇਵਾਲ ਨੇ ਪੰਜਾਬ ਵਿਚ ਨਵੀਂ ਤਰ੍ਹਾਂ ਦੀ ਇਤਿਹਾਸਕਾਰੀ ਦਾ ਮੁੱਢ ਬੰਨ੍ਹਿਆ ਅਤੇ ਮੱਧਕਾਲੀਨ ਭਾਰਤ, ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਯਾਦਗਾਰੀ ਖੋਜ ਕਾਰਜ ਕੀਤੇ। 18 ਅਗਸਤ ਨੂੰ ਉਨ੍ਹਾਂ ਦੇ ਚਲਾਣੇ ਨਾਲ ਪੰਜਾਬ ਦੀ ਇਤਿਹਾਸਕਾਰੀ ਦਾ ਇਕ ਯੁੱਗ ਖ਼ਤਮ ਹੋ ਗਿਆ ਹੈ।
ਪ੍ਰੋਫੈਸਰ ਜਗਤਾਰ ਸਿੰਘ ਗਰੇਵਾਲ ਦੇ ਸਮੁੱਚੇ ਕੰਮ ’ਤੇ ਨਜ਼ਰ ਮਾਰਦਿਆਂ ਕਈ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ‘ਪੰਜਾਬ ਇਤਿਹਾਸ’ ਅਤੇ ‘ਸਿੱਖ ਇਤਿਹਾਸ’ ਦਾ ਕੋਈ ਵੀ ਅਜਿਹਾ ਪੱਖ ਨਹੀਂ ਹੋਵੇਗਾ ਜਿਸ ਬਾਰੇ ਪ੍ਰੋਫੈਸਰ ਗਰੇਵਾਲ ਨੇ ਨਾ ਲਿਖਿਆ ਹੋਵੇ। ਉਨ੍ਹਾਂ ਦੇ ਕੰਮ ਨੂੰ ਉਸ ਪ੍ਰਸੰਗ ਤੋਂ ਅਲੱਗ ਕਰਕੇ ਵੀ ਨਹੀਂ ਵੇਖਿਆ ਜਾ ਸਕਦਾ ਜਿਸ ਨੂੰ ਸਿੱਖ ਇਤਿਹਾਸ ਲੇਖਨ ਦੀ ਪਰੰਪਰਾ ਦਾ ਮੁੱਢ ਸਮਝਿਆ ਜਾਂਦਾ ਹੈ। ਇਸ ਲੇਖਨ ਪਰੰਪਰਾ ਦੇ ਦੋ ਮਹੱਤਵਪੂਰਨ ਨਾਂ ਹਨ: ਪ੍ਰੋਫੈਸਰ ਗੰਡਾ ਸਿੰਘ ਤੇ ਪ੍ਰੋਫੈਸਰ ਫ਼ੌਜਾ ਸਿੰਘ ਜਿਨ੍ਹਾਂ ਨੇ ਸਿੱਖ ਇਤਿਹਾਸ ਲੇਖਨ ਨੂੰ ‘ਆਧੁਨਿਕ/ਮਾਡਰਨ’ ਦਿਸ਼ਾ ਵੱਲ ਰੁਚਿਤ ਕਰਨ ਦੀ ਵੱਡੀ ਵਚਨਬੱਧਤਾ ਦਿਖਾਈ। ‘ਆਧੁਨਿਕਤਾਵਾਦੀ/ ਮਾਡਰਨਵੀ’ ਵੱਲ ਰੁਚਿਤ ਇਸ ਲੇਖਨ ਪਰੰਪਰਾ ਨੂੰ ਗਰੇਵਾਲ ਨੇ ਆਪਣੀਆਂ ਸਮੁੱਚੀਆਂ ਲਿਖਤਾਂ ਵਿਚ ਹੋਰ ਵਿਸਤਾਰ ਤੇ ਡੂੰਘਾਈ ਦੇਣ ਦੀ ਕੋਸ਼ਿਸ਼ ਕੀਤੀ। ਗਰੇਵਾਲ ਨੇ ਆਪਣੀ ਪੀਐੱਚ.ਡੀ. ਡਾਕਟਰ ਪੀਟਰ ਗਾਰਡੀ ਦੀ ਨਿਗਰਾਨੀ ਹੇਠ ‘ਸਕੂਲ ਆਫ ਅਫ਼ਰੀਕਨ ਐਂਡ ਓਰੀਐਂਟਲ ਸਟੱਡੀਜ਼’ (SOAS) ਲੰਡਨ ਤੋਂ ਹਾਸਿਲ ਕੀਤੀ। ਪੜ੍ਹਾਈ ਤੇ ਖੋਜ ਦਾ ਇਹ ਉਹ ਸਮਾਂ ਵਕਤ ਹੁੰਦਾ ਹੈ ਜਦੋਂ ਕੋਈ ਵੀ ਖੋਜਾਰਥੀ, ਅਚੇਤ ਅਤੇ ਸੁਚੇਤ ਪੱਧਰ ’ਤੇ, ਇਤਿਹਾਸ ਰਚਨਾ ਦੇ ਢੰਗਾਂ-ਤਰੀਕਿਆਂ (Historical Craft) ਨੂੰ ਆਪਣੀ ਸੋਚਣ ਵਿਧੀ ਵਿਚ ਸਮੋ ਲੈਂਦਾ ਹੈ। ਜਿਨ੍ਹਾਂ ਇਤਿਹਾਸਕਾਰਾਂ ਦੀਆਂ ਲਿਖਤਾਂ ਉਹ ਪੜ੍ਹਦਾ ਹੈ, ਉਨ੍ਹਾਂ ਦੇ ਇਤਿਹਾਸਕ ਪ੍ਰਵਚਨ ਦਾ ਵੀ ਉਸ ਦੇ ਮਨ ਉੱਪਰ ਅਸਰ ਪੈਂਦਾ ਰਹਿੰਦਾ ਹੈ। ਇਸੇ ਕਾਰਨ ‘ਐਂਗਲੋ ਸੈਕਸਿਨ’ ਇਤਿਹਾਸਕਾਰੀ ਦੀ ਪਰੰਪਰਾ ਉਨ੍ਹ੍ਵਾਂ ਦੀ ਆਪਣੇ ਵਿਸ਼ੇ ਪ੍ਰਤੀ ਪਹੁੰਚ ਦਾ ਅਟੁੱਟ ਅੰਗ ਬਣ ਗਈ।
ਉਨ੍ਹਾਂ ’ਤੇ ਇਨ੍ਹਾਂ ਬ੍ਰਿਟਿਸ਼ ਇਤਿਹਾਸਕਾਰਾਂ, ਖ਼ਾਸਕਰ ਇੰਗਲੈਂਡ ਵਿਚ ਰਚੇ ਜਾਂਦੇ ਮੱਧਕਾਲ ਬਾਰੇ ਲੇਖਨ ਦੀ ਪਰੰਪਰਾ ਦਾ ਅਸਰ ਦੇਖਿਆ ਜਾ ਸਕਦਾ ਹੈ। ਪ੍ਰਸਿੱਧ ਇਤਿਹਾਸਕਾਰ ਈ.ਐੱਚ. ਕਾਰ ਦੀ ਪੁਸਤਕ ‘ਇਤਿਹਾਸ ਕੀ ਹੈ?’ ਨੂੰ ਉਹ ਇਤਿਹਾਸਕਾਰੀ ਦੀ ਕਲਾ ਸਿੱਖਣ ਬਾਰੇ ਬਹੁਤ ਮਹੱਤਵ ਦਿੰਦੇ ਸਨ। ਈ.ਐੱਚ. ਕਾਰ ਉਹ ਇਤਿਹਾਸਕਾਰ ਹੈ ਜਿਸ ਨੇ ਅੱਠ ਜਿਲਦਾਂ ਵਿਚ ਰੂਸੀ ਇਨਕਲਾਬ ਦਾ ਇਤਿਹਾਸ ਲਿਖਿਆ ਹੈ। ਅੱਜ ਕੱਲ੍ਹ ਈ.ਐੱਚ. ਕਾਰ ਦੀ ਇਸ ਪੁਸਤਕ ਤੋਂ ਅੱਗੇ ਲੰਘ ਕੇ ਇਤਿਹਾਸਕਾਰਾਂ ਨੇ ਇਤਿਹਾਸ ਲਿਖਣ ਦੀਆਂ ਵਿਧੀਆਂ ਨੂੰ ਹੋਰ ਵੀ ਅਗਾਂਹ ਤੋਰਿਆ ਹੈ ਤੇ ਸਮਾਜ ਵਿਗਿਆਨ ਦੇ ਹੋਰ ਖੇਤਰਾਂ, ਜਿਵੇਂ ਸੋਸ਼ਿਆਲੋਜੀ ਤੇ ਐਂਥਰੋਪਾਲੋਜੀ ਤੇ ਸਾਹਿਤ ਦੇ ਖੇਤਰਾਂ ਨਾਲ ਇਤਿਹਾਸ ਦੇ ਗੁੰਝਲਦਾਰ ਢੰਗਾਂ ਨਾਲ ਜੁੜੇ ਹੋਣ ਦੀ ਵੀ ਗੱਲ ਕੀਤੀ ਹੈ। ਅੱਜ ਭਾਸ਼ਾ ਤੇ ਇਤਿਹਾਸ ਦੇ ਜੁੜੇ ਹੋਣ ਦੇ ਸਵਾਲ ਨੂੰ ਵੀ ਬਹੁਤ ਮਹੱਤਤਾ ਪ੍ਰਾਪਤ ਹੈ। ਇਸ ਨੂੰ ‘ਇਤਿਹਾਸ ਵਿਚ ਭਾਸ਼ਾਈ ਮੋੜ (ਲਿੰਗੂਇਸਟਿਕ ਟਰਨ ਇਨ ਹਿਸਟਰੀ)’ ਦਾ ਨਾਂ ਦਿੱਤਾ ਗਿਆ ਹੈ। ਅੱਜ ਇਤਿਹਾਸ ਨੂੰ ‘ਰਾਸ਼ਟਰਵਾਦ’ ਤੇ ‘ਰਾਸ਼ਟਰ-ਰਿਆਸਤ/ਨੇਸ਼ਨ-ਸਟੇਟ’ ਜਿਹੇ ਸੰਕਲਪਾਂ ਤੋਂ ਮੁਕਤੀ ਦਿਵਾਉਣ ਬਾਰੇ ਵੀ ਇਤਿਹਾਸਕਾਰ ਚੇਤੰਨ ਹਨ। ਸ੍ਰੀ ਗਰੇਵਾਲ ਦੇ ਰਚਨਾ ਕਾਲ ਵਿਚ ਇਹ ਸਵਾਲ ਐਨ ਉੱਭਰ ਕੇ ਸਾਹਮਣੇ ਨਹੀਂ ਸਨ ਆਏ। ਉਹ ਸਮਾਂ ਵਧੇਰੇ ਕਰਕੇ ਇਤਿਹਾਸ ਨੂੰ ‘ਮਾਸਟਰ ਡਿਸਕੋਰਸ’ (Master discourses) ਵਜੋਂ ਲਿਖਣ ਦਾ ਹੀ ਜ਼ਮਾਨਾ ਸੀ।
ਆਪਣੀ ਖੋਜ ਰਾਹੀਂ ਪ੍ਰੋਫੈਸਰ ਗਰੇਵਾਲ ਨੇ ਦੋ ਮਹੱਤਵਪੂਰਨ ਗੱਲਾਂ ਜਾਂ ਮਨੌਤਾਂ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਪਹਿਲੀ ਇਹ ਕਿ ਆਧੁਨਿਕ ਯੁੱਗ ਵਿਚ ‘ਸਿੱਖ ਇਤਿਹਾਸ’ ਦੀ ਪੁਨਰ-ਸੰਰਚਨਾ ਨੂੰ ਪੱਛਮ ਵਿਚ ਲਿਖੇ ਜਾ ਰਹੇ ਇਤਿਹਾਸ ਵਾਂਗ ਤੱਥ-ਆਧਾਰਿਤ ਇਤਿਹਾਸ ਬਣਾਉਣ ਦੀ ਜ਼ਰੂਰਤ ਹੈ। ਅਜਿਹਾ ਕਰਨ ਲਈ ਲਾਜ਼ਮੀ ਤੌਰ ’ਤੇ ਸਿੱਖ ਇਤਿਹਾਸ ਨੂੰ ਉਨ੍ਹਾਂ ਪ੍ਰਵਚਨਾਂ/ਡਿਸਕੋਰਸਜ਼ ਤੋਂ ਮੁਕਤ ਕਰਨ ਦੀ ਲੋੜ ਹੈ ਜੋ ਕਿੱਸੇ-ਕਹਾਣੀਆਂ ਦੇ ਵਧੇਰੇ ਨਜ਼ਦੀਕ ਹਨ।
ਉਨ੍ਹਾਂ ਦੀ ਲੇਖਨ ਵਿਧੀ ਇਹ ਮੰਨ ਕੇ ਚੱਲਦੀ ਹੈ ਕਿ ਸਿੱਖ ਵਿਰਸੇ ਵਿਚ ਰਚੇ ਗਏ ਬਹੁਤ ਸਾਰੇ ਸਾਹਿਤਕ ਸੋਮਿਆਂ ਵਿਚ ਬਿਖਰੇ ਤੱਥਾਂ ਨੂੰ ਅਸੀਂ ਉਨ੍ਹਾਂ ਨਾਲ ਲਿਪਟੀਆਂ ਚਮਤਕਾਰੀ ਮਧਿਆਵਾਂ ਤੋਂ ਅਲੱਗ ਕਰ ਸਕਦੇ ਹਾਂ। ਇੰਝ ਸਾਨੂੰ ਉਹ ਤੱਥ ਮੁਹੱਈਆ ਹੋ ਜਾਣਗੇ ਜਿਨ੍ਹਾਂ ਨੂੰ ਲੈ ਕੇ ਅਸੀਂ ਨਵੇਂ ਸਿਰਿਓਂ ਸਿੱਖਾਂ (ਜਾਂ ਸਿੱਖ ਕੌਮ) ਦਾ ਤੱਥ-ਆਧਾਰਿਤ ਇਤਿਹਾਸ ਲਿਖ ਸਕਦੇ ਹਾਂ। ਇਹ ਪਹੁੰਚ ਤੇ ਮਨੌਤ ਉਨ੍ਹਾਂ ਦੀਆਂ ਲਗਭਗ ਸਾਰੀਆਂ ਲਿਖਤਾਂ ਵਿਚ ਪਿੱਠ-ਭੂਮੀ ਦੇ ਸੰਗੀਤ ਵਾਂਗ ਚੱਲਦੀ ਦਿਖਾਈ ਦਿੰਦੀ ਹੈ। ਗਰੇਵਾਲ ਦੇ ਅਜਿਹੇ ਯਤਨਾਂ ਨੇ ਹੀ ਉਨ੍ਹਾਂ ਨੂੰ ਭਾਰਤ ਦੇ ਉੱਘੇ ਇਤਿਹਾਸਕਾਰਾਂ ਵਿਚ ਮਾਨਤਾ ਦਿਵਾਈ ਅਤੇ ਉਹ ਇਨ੍ਹਾਂ ਇਤਿਹਾਸਕਾਰਾਂ ਦੀਆਂ ਸਾਲਾਨਾ ਕਾਨਫ਼ਰੰਸਾਂ ਵਿਚ ਸਿੱਖ ਇਤਿਹਾਸ ਦੇ ਲੇਖਕ ਵਜੋਂ ਸਥਾਪਿਤ ਹੋਏ।
ਆਪਣੇ ਵਿਦਿਆਰਥੀਆਂ ਦੀ ਸਿਖਲਾਈ ਤੇ ਢਲਾਈ ਰਾਹੀਂ ਉਨ੍ਹਾਂ ਨੇ ਆਪਣੀ ਇਸ ਪਹੁੰਚ ਨੂੰ ਇਕ ਨਵੀਂ ਪਰੰਪਰਾ ਵਜੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਕਾਲਜ ਅਧਿਆਪਕਾਂ ਵਿਚ ਅੱਗੇ ਤੋਰਨ ਵਿਚ ਉੱਘੀ ਭੂਮਿਕਾ ਨਿਭਾਈ ਹੈ। ਦੂਸਰੀ ਮਹੱਤਵਪੂਰਨ ਗੱਲ ਜੋ ਉਨ੍ਹਾਂ ਦੀ ਇਤਿਹਾਸਕਾਰੀ ਵਿਚ ਲਗਾਤਾਰ ਕਾਰਜਸ਼ੀਲ ਹੈ, ਉਹ ਹੈ ‘ਸਿੱਖ ਇਤਿਹਾਸ’ ਤੇ ‘ਪੰਜਾਬ ਇਤਿਹਾਸ’ ਦੇ ਆਪਸੀ ਰਿਸ਼ਤੇ ਦੀ ਗੁੰਝਲਦਾਰ ਵਿਥਿਆ। ਇਸ ਵਿਚ ਪੰਜਾਬ ਦੇ ਸਭਿਆਚਾਰ ਦੀਆਂ ਬਹੁਤ ਸਾਰੀਆਂ, ਜਿਸ ਵਿਚ ਪੰਜਾਬੀ ਬੋਲੀ ਤੇ ਉਸ ਨਾਲ ਜੁੜੀ ਸਿਆਸਤ ਵੀ ਸ਼ਾਮਿਲ ਹੈ, ਦੁਬਿਧਾਵਾਂ ਦੀ ਇਕ ਡੂੰਘੀ ਤੇ ਗੁੰਝਲਦਾਰ ਖਾਣ ਹੈ ਜਿਸ ਦੀ ਖੁਦਾਈ ਕਰਕੇ ਤੇ ਕੁਰੇਦ ਕੇ ਇਸ ਖ਼ਿੱਤੇ ਦੇ ਲੋਕ, ਖ਼ਾਸਕਰ ਸਿਆਸਤਦਾਨ ਬਹੁਤ ਕੁਝ ਕੱਢ ਸਕਦੇ ਹਨ ਤੇ ਉਨ੍ਹਾਂ ਨੇ ਲਗਾਤਾਰ ਇਸ ਖਾਣ ਨੂੰ ਪੁੱਟਿਆ ਵੀ ਹੈ ਤੇ ਕੁਰੇਦਿਆ ਵੀ। ਅਜੋਕੇ ਪੰਜਾਬ ਦੇ ਬਹੁਤ ਸਾਰੇ ਮਸਲਿਆਂ ਦੀਆਂ ਜੜ੍ਹਾਂ ਇੱਥੇ ਹੀ ਹਨ। ਪ੍ਰੋਫੈਸਰ ਗਰੇਵਾਲ ਦੇ ਕੰਮ ਤੋਂ ਇਹ ਗੱਲ ਉੱਭਰਦੀ ਹੈ ਕਿ ਇਨ੍ਹਾਂ ਦੋਵਾਂ ਇਤਿਹਾਸਾਂ ਦਾ ਰਿਸ਼ਤਾ ਉਨ੍ਹਾਂ ਮੁਤਾਬਿਕ ਸਪੱਸ਼ਟ ਹੀ ਹੈ ਕਿਉਂਕਿ ‘ਸਿੱਖ ਇਤਿਹਾਸ’ ਅਸਲ ਵਿਚ ‘ਪੰਜਾਬ ਇਤਿਹਾਸ’ ਦਾ ਕੇਂਦਰੀ ਧੁਰਾ ਹੈ; ਦਰਅਸਲ, ਇਨ੍ਹਾਂ ਦੋਵੇਂ ਤਰ੍ਹਾਂ ਦੇ ਇਤਿਹਾਸਾਂ ਵਿਚ ਇਕ ਸਾਵੇਂਪਣ ਦੀ ਲੋੜ ਹੈ। ਉਨ੍ਹਾਂ ਦੀ ਆਪਣੀ ਇਤਿਹਾਸ ਲੇਖਣੀ ਵਿਚ ਇਹ ‘ਸਾਵਾਂਪਣ’ ਕਿੱਥੋਂ ਤਕ ਉਨ੍ਹਾਂ ਦੇ ਇਤਿਹਾਸ ਪ੍ਰਵਚਨ ਨੂੰ ਮੁਖ਼ਾਤਬਿ ਹੁੰਦਾ ਹੈ? ਇਸ ਦਾ ਸਪੱਸ਼ਟ ਉੱਤਰ ਉਨ੍ਹਾਂ ਦੇ ਇਤਿਹਾਸਕ ਪ੍ਰਵਚਨ ਦੀ ਡੂੰਘੀ ਛਾਣ-ਬੀਣ ਤੋਂ ਹੀ ਮਿਲ ਸਕਦਾ ਹੈ।
ਇਕ ਹੋਰ ਮਹੱਤਵਪੂਰਨ ਸਵਾਲ ਜੋ ਉਨ੍ਹਾਂ ਦੀਆਂ ਰਚਨਾਵਾਂ ਨੂੰ ਲੈ ਕੇ ਉਠਾਇਆ ਜਾਵੇਗਾ, ਉਹ ਇਹ ਕਿ ਉਨ੍ਹਾਂ ਦੇ ਤੱਥ-ਆਧਾਰਿਤ ਇਤਿਹਾਸ ਉੱਪਰ ਕਿੱਥੋਂ ਤਕ ‘ਸਿੱਖ-ਸਵੈ ਪਛਾਣ’ ਨੂੰ ਸਥਾਪਿਤ ਕਰਨ ਵਾਲੀ ‘ਸਿੱਖ ਇਕ ਕੌਮ – ਵਿਚਾਰਧਾਰਾ’ ਦੀ ਪਾਣ ਚੜ੍ਹੀ ਹੋਈ ਹੈ? ਕੀ ਗਰੇਵਾਲ ਆਪਣੇ ਇਤਿਹਾਸ ਲੇਖਨ ਵਿਚ ਇਸ ਪੱਖ ਤੋਂ ਚੇਤੰਨ ਸਨ? ਕਿਸੇ ਵੀ ਖ਼ਿੱਤੇ ਵਿਚ ਉੱਥੋਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਨੂੰ ਲੈ ਕੇ ਉੱਥੋਂ ਦੇ ਵਾਸੀਆਂ ਦੀ ਆਪਣੀ ‘ਸਵੈ-ਪਛਾਣ’ ਅਤੇ ਉਨ੍ਹਾਂ ਲੋਕਾਂ ਬਾਰੇ ਕੀਤੀ ਇਤਿਹਾਸਕਾਰਾਂ ਦੀ ਇਤਿਹਾਸਕਾਰੀ ਵਿਚ ਜ਼ਰੂਰ ਹੀ ਕੌਮੀ ਕਿਸਮ ਦਾ ਗੁੰਝਲਦਾਰ ਰਿਸ਼ਤਾ ਹੁੰਦਾ ਹੈ। ਪ੍ਰੋਫੈਸਰ ਗਰੇਵਾਲ ਦੇ ਸਮੁੱਚੇ ਕੰਮ ਨੂੰ ਲੈ ਕੇ ਉਨ੍ਹਾਂ ਨੂੰ ਕੇਵਲ ‘ਸਿੱਖ
ਇਤਿਹਾਸ’ ਦੇ ਦਾਇਰੇ ਵਿਚ ਰੱਖਣ ਦੀ ਕੋਸ਼ਿਸ਼ ਕਿੱਥੋਂ ਤਕ ਜਾਇਜ਼ ਹੋਵੇਗੀ?
ਕੁਦਰਤ ਨੇ ਪ੍ਰੋਫੈਸਰ ਗਰੇਵਾਲ ਨੂੰ ਚੰਗੀ ਸਿਹਤ ਤੇ ਲੰਮੀ ਉਮਰ ਬਖ਼ਸ਼ੀ ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਲੰਮੇ ਸਮੇਂ ਲਈ ਇਤਿਹਾਸ ਰਚਣ ਦਾ ਮੌਕਾ ਮਿਲਿਆ। ਉਨ੍ਹਾਂ ਦੀਆਂ ਲਿਖਤਾਂ ਦੀ ਪੁਸਤਕ ਸੂਚੀ ਬਹੁਤ ਲੰਮੀ ਹੈ। ਇਸੇ ਕਾਰਨ ਕੌਮਾਂਤਰੀ ਪ੍ਰਸੰਗ ਵਿਚ ਜੋ ਮੁਕਾਮ ਉਨ੍ਹਾਂ ਨੂੰ ਹਾਸਿਲ ਹੋਇਆ ਉਸ ਦੀ ਜ਼ਰੂਰ ਹੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ।
ਹਫ਼ਤਾਵਾਰੀ ‘ਗੁਰਮੁਖੀ’ (21 ਅਗਸਤ 2022) ਪਰਚੇ ਵਿਚ ਜਾਣੇ-ਪਛਾਣੇ ਬੁੱਧੀਜੀਵੀ ਤੇ ਚਿੰਤਕ ਡਾ. ਬਲਕਾਰ ਸਿੰਘ ਨੇ ਡਾ. ਗਰੇਵਾਲ ਸਬੰਧੀ ਇਕ ਲਿਖਤ ਵਿਚ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਹੈ: ‘‘ਮੈਂ ਅਮਰਜੀਤ ਗਰੇਵਾਲ ਨੂੰ ਨਾਲ ਲੈ ਕੇ ਇਕ ਵਾਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਗਿਆ। ਇਸ ਗੱਲ ’ਤੇ ਉਹ ਖੁੱਲ੍ਹ ਕੇ ਹੱਸੇ ਸਨ ਕਿ ਦੋ ਜ਼ਹੀਨ ਗਰੇਵਾਲਾਂ ਵਿਚਕਾਰ ਤੀਜੇ ਜੱਟ ਦਾ ਕੀ ਬਣੇਗਾ।’’ ਇਹ ਗੱਲ ਭਾਵੇਂ ਹਾਸੇ ਦੇ ਮਾਹੌਲ ਵਿਚ ਸੁੱਤੇ-ਸਿੱਧ ਹੀ ਕੀਤੀ ਗਈ ਸੀ ਪਰ ਗੱਲਬਾਤ ਆਪਣੇ ਆਪ ਵਿਚ ਅਚਾਨਕ ਹੀ ਪਾਪੂਲਰ ਸਭਿਆਚਾਰ ਦੇ ਸੰਕਲਪ ‘ਜੱਟ’ ਨੂੰ ਘਸੀਟ ਲਿਆਈ ਸੀ। ਪੰਜਾਬ ਦੇ ਸੰਦਰਭ ਵਿਚ ਇਹ ਸਵਾਲ ਉੱਠਦਾ ਹੈ ਕਿ ਕੀ ਸੰਕਲਪ ‘ਜੱਟ’ ਤੇ ‘ਜੱਟ-ਸਿੱਖ’ ਦੋ ਵੱਖਰੇ ਸੰਕਲਪ ਹਨ; ਕੀ ਇਹ ਹੋ ਸਕਦਾ ਹੈ ਕਿ ਕੁਝ ਲੋਕ ‘ਸਿੱਖ’ ਵਧੇਰੇ ਤੇ ‘ਜੱਟ’ ਘੱਟ ਹੋਣ ਅਤੇ ਕੁਝ ‘ਜੱਟ’ ਵਧੇਰੇ ਤੇ ‘ਸਿੱਖ’ ਘੱਟ ਹੋਣ? ਇਹ ਪ੍ਰਸ਼ਨ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਸਿੱਖਾਂ ਦੇ ਇਤਿਹਾਸ ਵਿਚ ਜੱਟ-ਪ੍ਰਵਚਨ ਹਮੇਸ਼ਾਂ ਹੀ ਆਪਣੀ ਮੌਜੂਦਗੀ ਅਣਜਾਣੇ ਤੇ ਅਚੇਤ ਤੌਰ ’ਤੇ ਬਣਾਈ ਰੱਖਦਾ ਹੈ; ਇਸ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਸਿੱਖਾਂ ਵਿਚ ਜੱਟ ਸਭਿਆਚਾਰ ਵਧੇਰੇ ਭਾਰੂ ਹੈ ਤੇ ਪੰਜਾਬ ਦੇ ਪਾਪੂਲਰ ਸਭਿਆਚਾਰ ਵਿਚ ਤਾਂ ਇਹ ਸਾਰੇ ਸਭਿਆਚਾਰਕ ਸਪੇਸ ਨੂੰ ਪ੍ਰਭਾਵਿਤ ਕਰਦਾ ਨਜ਼ਰ ਆਉਂਦਾ ਹੈ। ਇੱਥੋਂ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਇਤਿਹਾਸ ਲੇਖਨ ਵਿਚ ‘ਜੱਟ’ ਤੇ ‘ਸਿੱਖ’ ਵਾਲੇ ਸੰਧੀਛੇਦ/ ਸਮਾਸ ਚਿੰਨ੍ਹ (hyphen) ਦਾ ਚੇਤੰਨ ਤੌਰ ’ਤੇ ਜ਼ਿਕਰ ਕਰਨਾ ਵੀ ਜ਼ਰੂਰੀ ਨਹੀਂ ਹੋ ਜਾਂਦਾ? ਗਰੇਵਾਲ ਹੋਰਾਂ ਦੀ ਇਤਿਹਾਸਕਾਰੀ ਇਸ ਬਾਰੇ ‘ਚੁੱਪ’ ਹੀ ਨਜ਼ਰ ਆਉਂਦੀ ਹੈ।
ਪ੍ਰੋਫੈਸਰ ਗਰੇਵਾਲ ਦੀ ਇਤਿਹਾਸਕਾਰੀ ਵਿਚ ਇਕ ਹੋਰ ‘ਚੁੱਪ’ ਦਿਸਦੀ ਹੈ ਜੋ ਅੱਜ ਇੱਕੀਵੀਂ ਸਦੀ ਵਿਚ ਕਿਸੇ ਵੀ ਇਤਿਹਾਸ ਲੇਖਨ ਵਿਚ ਚੁੱਭਦੀ ਹੈ। ਉਹ ਹੈ ਦਲਿਤ ਸਿੱਖਾਂ ਤੇ ਦਲਿਤ ਸਿੱਖ ਸਮਾਜ ਬਾਰੇ ਇਤਿਹਾਸਕਾਰੀ। ਅੱਜ ਪੰਜਾਬ ਵਿਚ ਦਲਿਤਾਂ ਦੀ ਸੰਖਿਆ 30 ਫ਼ੀਸਦੀ ਤੋਂ ਵੀ ਵਧੇਰੇ ਹੈ। ਕੁਦਰਤੀ ਹੈ ਕਿ ਪੰਜਾਬ ਬਾਰੇ ਜਾਣਕਾਰੀ ਹਾਸਿਲ ਕਰਨ ਵਾਲਾ ਕੋਈ ਵੀ ਪਾਠਕ ਇਨ੍ਹਾਂ ਸਵਾਲਾਂ ਬਾਰੇ ਗਰੇਵਾਲ ਦੀ ਇਤਿਹਾਸ ਰਚਨਾ ਦੇ ਵਰਕੇ ਫੋਲੇਗਾ। ਪੰਜਾਬ ਵਿਚ ਐਨੇ ਦਲਿਤ ਕਿੱਥੋਂ ਆਏ? ਆਖ਼ਰ ਇਨ੍ਹਾਂ ਦਾ ਪਿਛੋਕੜ ਕੀ ਹੈ? ਸਿੱਖ ਇਨਕਲਾਬ ਦੀਆਂ ਬਰਕਤਾਂ ਕਾਰਨ ਜੱਟਾਂ ਨੂੰ ਜ਼ਮੀਨਾਂ ਦੀ ਮਲਕੀਅਤ ਨਸੀਬ ਹੋਈ ਤੇ ਦਲਿਤ ਉਸ ਤੋਂ ਕਿਉਂ ਤੇ ਕਿਵੇਂ ਵਾਂਝੇ ਰਹਿ ਗਏ?
ਗਰੇਵਾਲ ਸਾਹਿਬ ਦਾ ਸਿੱਖ ਦਾ ਸੰਕਲਪ ਐਨਾ ਵਿਰਾਟ ਤੇ ਸੰਘਣਾ ਮੋਕਲਾ ਹੈ ਕਿ ਉਹ ਸਿੱਖ ਔਰਤ ਦੀ ਇਕ ਔਰਤ ਹੋਣ ਦੇ ਨਾਤੇ ਵੱਖਰੀ ਪਛਾਣ ਨੂੰ ਵੀ ਆਪਣੇ ਅੰਦਰ ਜਜ਼ਬ ਕਰੀ ਬੈਠਾ ਹੈ। ਉਨ੍ਹਾਂ ਦੀ ਇਤਿਹਾਸਕਾਰੀ ਸਿੱਖ ਔਰਤਾਂ ਬਾਰੇ ਅਲੱਗ ਤੌਰ ’ਤੇ ਕੁਝ ਵੀ ਕਹਿਣ ਤੋਂ ਝਿਜਕਦੀ ਹੈ। ਔਰਤ ਪ੍ਰਤੀ ਕਿਸੇ ਸਮਾਜ ਵਿਚ ਬੰਦਿਆਂ ਦਾ ਰਵੱਈਆ ਕਿਹੋ ਜਿਹਾ ਹੈ; ਅੱਜ ਇਸ ਗੱਲ ਨੂੰ ਬਹੁਤ ਮਹੱਤਵ ਪ੍ਰਾਪਤ ਹੈ ਤੇ ਨਵੇਂ ਇਤਿਹਾਸਕਾਰਾਂ ਨੇ ਔਰਤਾਂ ਦਾ ਇਕ ਵੱਖਰਾ ਇਤਿਹਾਸ ਲਿਖਣ ਦੀ ਪਿਰਤ ਪਾਈ ਹੈ। ਇਤਿਹਾਸਕਾਰੀ ਦੀ ਨਵੀਂ ਸਮਝ ਅਨੁਸਾਰ ਬੰਦਿਆਂ ਦਾ ਔਰਤ ਪ੍ਰਤੀ ਰੁਖ਼ ਕਿਸੇ ਵੀ ਸਮਾਜ ਦੇ ਇਤਿਹਾਸ ਦੇ ਕੇਂਦਰ ਵਿਚ ਰੱਖ ਕੇ ਉਸ ਦੀ ਖ਼ਾਸ ਤੌਰ ’ਤੇ ਜਾਂਚ ਪੜਤਾਲ ਕਰਨਾ ਤੇ ਸਮਝਣਾ ਅੱਜਕੱਲ੍ਹ ਇਕ ਚੇਤੰਨ ਇਤਿਹਾਸਕਾਰ ਦੀ ਨਿਸ਼ਾਨੀ ਹੈ।
ਉਪਰੋਕਤ ਚੁੱਪਾਂ ਦੇ ਬਾਵਜੂਦ ਡਾ. ਗਰੇਵਾਲ ਦੀ ਇਤਿਹਾਸਕਾਰੀ ਸਿੱਖ ਭਾਈਚਾਰੇ ਬਾਰੇ ਇਕ ਮਹਾਂ-ਪ੍ਰਵਚਨ (master discourse) ਖੜ੍ਹਾ ਕਰਨ ਦੀ ਅਦੁੱਤੀ ਕੋਸ਼ਿਸ਼ ਹੈ। ਅਜਿਹਾ ਮਹਾਂ-ਪ੍ਰਵਚਨ ਸਾਨੂੰ ਇਤਿਹਾਸ ਤੇ ਸਿਆਸਤ ਦੇ ਆਪਸੀ ਸਬੰਧਾਂ ਬਾਰੇ ਬਹੁਤ ਕੁਝ ਸਮਝਣ-ਸਮਝਾਉਣ ਦੀ ਸਮਰੱਥਾ ਰੱਖਦਾ ਹੈ।
ਸੰਪਰਕ: 98184-98464
ਮੁਕੰਮਲ ਇਤਿਹਾਸਕਾਰ
ਤੇਜਵੰਤ ਸਿੰਘ ਗਿੱਲ
ਸ਼ਖ਼ਸੀਅਤ
ਲਗਪਗ ਸੱਤਰ ਸਾਲਾਂ ਤੋਂ ਮੈਂ ਪ੍ਰੋਫੈਸਰ ਜਗਤਾਰ ਸਿੰਘ ਗਰੇਵਾਲ ਨੂੰ ਜਾਣਦਾ ਸਾਂ। ਪਿਛਲੀ ਸਦੀ ਦੇ ਪੰਜਾਹਵਿਆਂ ਦੇ ਅੱਧ ਜਹੇ ਦੀ ਗੱਲ ਹੈ ਕਿ ਮਾਡਲ ਟਾਊਨ ਲੁਧਿਆਣਾ ਵਿਚ ਰਹਿੰਦਿਆਂ ਉਨ੍ਹਾਂ ਦੀ ਮੇਰੇ ਮਾਮਾ ਜੀ ਸੰਤ ਸਿੰਘ ਸੇਖੋਂ ਨਾਲ ਬੜੀ ਨੇੜਤਾ ਹੋ ਗਈ ਸੀ। ਨੇੜੇ ਹੀ ਉਹ ਦੀਵਾਨ ਸਿੰਘ ਕਾਲੇਪਾਣੀ ਦੇ ਪੁੱਤਰ ਮੁਹਿੰਦਰ ਸਿੰਘ ਨਾਲ ਕੋਠੀ ਕਿਰਾਏ ’ਤੇ ਲੈ ਕੇ ਰਹਿੰਦੇ ਸਨ। ਮੈਨੂੰ ਤਾਂ ਬਸ ਐਨਾ ਕੁ ਪਤਾ ਸੀ ਕਿ ਉਨ੍ਹਾਂ ਦਾ ਪਿਛੋਕੜ ਧਾਂਦਰਾ ਪਿੰਡ ਸੀ, ਜੋ ਮੇਰੇ ਪਿੰਡ ਗਿੱਲ ਤੋਂ ਕੋਈ ਦੋ ਢਾਈ ਕੋਹ ’ਤੇ, ਧੂਰੀ ਨੂੰ ਜਾਂਦੀ ਰੇਲਵੇ ਲਾਈਨ ਤੋਂ ਪਾਰ ਵਸਿਆ ਹੋਇਆ। ਸਥਾਨਕ ਕਾਲਜ ਵਿਚ ਉਹ ਕਿਸ ਵਿਸ਼ੇ ਦੇ ਅਧਿਆਪਕ ਸਨ, ਇਸ ਦਾ ਮੈਨੂੰ ਕੋਈ ਪਤਾ ਨਹੀਂ ਸੀ। ਉਨ੍ਹਾਂ ਦੇ ਮੇਜ਼ ’ਤੇ ਦੋ ਕਾਵਿ-ਸੰਗ੍ਰਹਿ ਮਿਰਜ਼ਾ ਗ਼ਾਲਬਿ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ਅਤੇ ਹੀਰ ਵਾਰਸ ਦੀ ਜਿਲਦ ਜ਼ਰੂਰ ਪਏ ਰਹਿੰਦੇ ਸਨ। ਅਵੱਸ਼ ਹੀ ਉਨ੍ਹਾਂ ਵਿਚਲੇ ਭਾਗਾਂ ਨੂੰ ਪੜ੍ਹਨਾ ਅਤੇ ਗੁਣ-ਗੁਣਾਉਣਾ ਉਨ੍ਹਾਂ ਦਾ ਮਨ ਭਾਉਂਦਾ ਕਾਰਜ ਸੀ।
ਦਸ ਵਰ੍ਹਿਆਂ ਬਾਅਦ ਮੈਨੂੰ ਪਤਾ ਲੱਗਿਆ ਕਿ ਜਗਤਾਰ ਸਿੰਘ ਗਰੇਵਾਲ ਇੰਗਲੈਂਡ ਦੀ ਕਿਸੇ ਮੰਨੀ-ਪ੍ਰਮੰਨੀ ਯੂਨੀਵਰਸਿਟੀ ਤੋਂ ਪੀਐੱਚ.ਡੀ. ਦੀ ਡਿਗਰੀ ਲੈ ਕੇ ਆਏ ਸਨ। ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵਿਚ ਉਹ ਰੀਡਰ ਲੱਗ ਗਏ। ਮੈਨੂੰ ਹੈਰਾਨੀ ਹੁੰਦੀ ਸੀ ਕਿ ਸਾਹਿਤ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੇ ਬੰਦੇ ਨੂੰ ਕੀ ਪਈ ਸੀ ਪਈ ਉਹ ਸਾਹਿਤ ਵਿਚ ਬਣੀ ਡੂੰਘੀ ਦਿਲਚਸਪੀ ਨੂੰ ਅੱਖੋਂ ਪਰੋਖੇ ਕਰਕੇ ਇਤਿਹਾਸ ਵਰਗੇ ਜੰਗਾਂ, ਯੁੱਧਾਂ ਨਾਲ ਓਤ-ਪੋਤ ਵਿਸ਼ੇ ਦਾ ਸ਼ੈਦਾਈ ਬਣ ਜਾਵੇ। ਗੁਰੂ ਨਾਨਕ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਚ ਪਹੁੰਚ ਕੇ ਮੈਨੂੰ ਸੋਝੀ ਆਈ ਕਿ ਸਾਹਿਤ ਅਤੇ ਇਤਿਹਾਸ ਦਾ ਲਹੂ-ਮਾਸ ਵਾਲਾ ਰਿਸ਼ਤਾ ਹੁੰਦਾ ਹੈ। ਪ੍ਰੋਫੈਸਰ ਗਰੇਵਾਲ ਪਹਿਲਾਂ ਹੀ ਉੱਥੇ ਇਤਿਹਾਸ ਵਿਭਾਗ ਦੇ ਮੁਖੀ ਲੱਗ ਚੁੱਕੇ ਸਨ। ਵਾਈਸ ਚਾਂਸਲਰ ਉਹ ਬਾਅਦ ਵਿਚ ਬਣੇ।
ਪੀਐੱਚ.ਡੀ. ਤਾਂ ਉਹ ਵਿਦੇਸ਼ੀ ਇਤਿਹਾਸਕਾਰਾਂ ’ਤੇ ਕਰ ਕੇ ਆਏ ਸਨ, ਜਿਨ੍ਹਾਂ ਦਾ ਮੈਨੂੰ ਪਤਾ ਨਹੀਂ ਲੱਗਦਾ ਕਿ ਪੰਜਾਬੀ ਸਾਹਿਤ ਅਤੇ ਪੰਜਾਬ ਦੇ ਇਤਿਹਾਸ ਨਾਲ ਕੀ ਵਾਸਤਾ ਬਣਦਾ ਸੀ। ਕੀ ਇਹ ਨਿਰੋਲ ਅਕਾਦਮਿਕ ਪ੍ਰਾਪਤੀ ਸੀ ਜਾਂ ਉਨ੍ਹਾਂ ਦੀ ਮੁੱਢੋਂ ਬਣੀ ਧਾਰਨਾ ਨਾਲ ਕੋਈ ਸਬੰਧ ਜੁੜਦਾ ਸੀ। ਪੇਤਲਾ ਹੀ ਸਹੀ, ਸਬੰਧ ਜ਼ਰੂਰ ਸੀ ਕਿਉਂਕਿ ਇਨ੍ਹਾਂ ਇਤਿਹਾਸਕਾਰਾਂ ਦੀਆਂ ਲਿਖਤਾਂ ਹਿੰਦੋਸਤਾਨ ਨਾਲ ਸਬੰਧ ਰੱਖਦੀਆਂ ਸਨ। ਡਾ. ਗਰੇਵਾਲ ਨੇ ਇਸ ਦਿਸ਼ਾ ਵਿਚ ਸ਼ਾਇਦ ਅੱਗੇ ਕੋਈ ਖੋਜ ਨਹੀਂ ਕੀਤੀ। ਪੰਜਾਬ ਵੱਲ ਉਨ੍ਹਾਂ ਦਾ ਧਿਆਨ ਮੁੜਿਆ ਤੇ ਇਸ ਦੇ ਭੂਗੋਲ, ਇਤਿਹਾਸ, ਸਮਾਜ ਅਤੇ ਵਿਹਾਰ ਦੀਆਂ ਪਰਤਾਂ ਖੋਲ੍ਹਣ ਵਿਚ ਜੁਟ ਗਏ। ਉਨ੍ਹਾਂ ਨੇ ਆਪਣੇ ਲੇਖ ਵਿਚ ‘ਪੰਜਾਬ ਪੰਜ ਦਰਿਆਵਾਂ ਦਾ ਦੇਸ਼’ ਨਾਮੀਂ ਲੋਕ ਭਾਵਨਾ ਨੂੰ ਇਸ ਦੇ ਕੱਚ ਤੋਂ ਮੁਕਤ ਕਰਕੇ, ਪੰਜਾਬ – ਪੰਜ ਦੁਆਬਾਂ ਦਾ ਦੇਸ਼ ਸਿੱਧ ਕਰ ਕੇ ਭੂਗੋਲਕ, ਇਤਿਹਾਸਕ ਅਤੇ ਸਭਿਆਚਾਰਕ ਪੱਖ ਤੋਂ ਨਿਆਂ ਯੁਕਤ ਧਾਰਨਾ ਪੇਸ਼ ਕੀਤੀ। ਲੋਕ ਧਾਰਨਾ ਅਨੁਸਾਰ ਪੰਜਾਬ ਪੰਜ ਦਰਿਆਵਾਂ- ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ- ਦਾ ਦੇਸ਼ ਹੀ ਬਣਦਾ ਸੀ। ਡਾ. ਗਰੇਵਾਲ ਨੇ ਪੰਜਾਬ ਨੂੰ ਪੰਜ ਦੁਆਬਾਂ ਦਾ ਦੇਸ਼ ਗਰਦਾਨਿਆ। ਇਸ ਨਾਲ ਪੰਜਾਬ ਦੀ ਪੱਛਮੀ ਹੱਦ ਦਰਿਆ ਜੇਹਲਮ ’ਤੇ ਰੁਕਣ ਦੀ ਥਾਂ ਦਰਿਆ ਸਿੰਧ ਤੱਕ ਫੈਲ ਗਈ। ਇਹ ਉਨ੍ਹਾਂ ਦੀ ਮੌਲਿਕ ਧਾਰਨਾ ਸੀ ਜਿਸ ਦੀ ਗਵਾਹੀ ਇਤਿਹਾਸਕ ਤੱਥ ਭਰਦੇ ਸਨ। ਪੰਜਾਬ ਦੀ ਸਭ ਤੋਂ ਪੁਰਾਤਨ ਅਤੇ ਮੌਲਿਕ ਮਿੱਥਕ ਕਥਾ ਵਿਚਲੇ ਦੋ ਭਰਾਵਾਂ ਪੂਰਨ ਅਤੇ ਰਸਾਲੂ ਵਿਚੋਂ ਪਹਿਲਾ ਜੋਗੀ ਬਣ ਕੇ ਦੂਰ-ਦੁਰਾਡੇ ਘੁੰਮਦਾ ਰਹਿੰਦਾ ਹੈ। ਦੂਜਾ ਦੈਂਤਾਂ ਵਿਰੁੱਧ ਯੁੱਧ ਕਰਦਾ ਸਿੰਧ ਦਰਿਆ ਦੇ ਕੰਢੇ ’ਤੇ ਜਾਨ ਦੇ ਦਿੰਦਾ ਹੈ ਪਰ ਦੈਂਤਾਂ ਨੂੰ ਪੰਜਾਬ ਵਿਚ ਘੁਸਣ ਨਹੀਂ ਦਿੰਦਾ। ਸਿਕੰਦਰ ਦੇ ਹਮਲੇ ਤੋਂ ਸ਼ੁਰੂ ਹੋ ਕੇ ਅਠਾਰਵੀਂ ਸਦੀ ਤੱਕ ਪੰਜਾਬ ’ਤੇ ਹੁੰਦੇ ਆਏ ਧਾਵਿਆਂ ਨੂੰ ਪਛਾੜਨ ਲਈ ਪੰਜਾਬ ਵਾਸੀ, ਖ਼ਾਸ ਤੌਰ ’ਤੇ ਅਠਾਰਵੀਂ ਸਦੀ ਦੇ ਸਿੱਖ ਯੋਧੇ ਸਿੰਧ ਦਰਿਆ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਸਨ। ਪੰਜਾਬ ਨੂੰ ਪੰਜ ਦਰਿਆਵਾਂ ਦੀ ਥਾਂ ਪੰਜ ਦੁਆਬਾਂ ਦਾ ਦੇਸ਼ ਸਿੱਧ ਕਰ ਕੇ ਡਾ. ਗਰੇਵਾਲ ਨੇ ਲੋਕ ਜੀਵਨ ’ਤੇ ਪਏ ਇਸਲਾਮ ਦੇ ਪ੍ਰਭਾਵ ਨੂੰ ਨਿੱਘ ਦਾ ਧਾਰਨੀ ਬਣਾ ਕੇ ਕਿੱਸਾ ਸਾਹਿਤ ਅਤੇ ਸੂਫ਼ੀ ਸਾਹਿਤ ਨੂੰ ਪੰਜਾਬ ਦਾ ਆਪਣਾ ਸਾਹਿਤ ਸਿੱਧ ਕਰਨ ਵਿਚ ਵੱਡੀ ਮੱਲ ਮਾਰੀ ਹੈ। ਉਨ੍ਹਾਂ ਦੀ ਪੁਸਤਕ Historical Studies in Punjabi Literature ਦੇ ਅਧਿਐਨ ਤੋਂ ਇਹ ਧਾਰਨਾ ਸੱਚ ਸਿੱਧ ਹੋ ਜਾਂਦੀ ਹੈ।
ਪੁਸਤਕ ਦਾ ਆਰੰਭ ਇਤਿਹਾਸਕਾਰੀ ਨਾਂ ਦੇ ਲੇਖ ਨਾਲ ਹੁੰਦਾ ਹੈ। ਗਰੇਵਾਲ ਦਾ ਦਾਅਵਾ ਹੈ ਕਿ ਕੁਰਾਨ ਤੋਂ ਗ੍ਰਹਿਣ ਹੋਣ ਵਾਲੇ ਇਸਲਾਮ ਦਾ ਪ੍ਰਭਾਵ ਸ਼ੇਖ ਫ਼ਰੀਦ ਦੇ ਸ਼ਲੋਕਾਂ ਵਿੱਚੋਂ ਪ੍ਰਤੱਖ ਹੀ ਗ੍ਰਹਿਣ ਹੁੰਦਾ ਹੈ। ਅਭਾਵ ਹੈ ਤਾਂ ਉਸ ਹਿੰਸਕ ਵਿਚਾਰਧਾਰਾ ਦਾ ਜਿਸ ਨਾਲ ਪੱਛਮ ਤੋਂ ਪੰਜਾਬ ’ਤੇ ਧਾਵਾ ਕਰਨ ਵਾਲਿਆਂ ਨੇ ਆਪਣੇ ਆਪ ਨੂੰ ਲੈਸ ਕਰ ਲਿਆ ਸੀ। ਨਤੀਜੇ ਵਜੋਂ ਕੁਰਾਨ ਵਿਚ ਜੋ ਰਹਿਮ ਦੀ ਗੱਲ ਹੁੰਦੀ ਹੈ, ਉਸ ਨੂੰ ਅੱਖੋਂ ਪਰੋਖੇ ਕਰ ਕੇ, ਉਨ੍ਹਾਂ ਨੇ ਧਾਵਿਆਂ ਨੂੰ ਯੋਗ ਠਹਿਰਾ ਲਿਆ ਸੀ।
ਗਰੇਵਾਲ ਵਧੇਰੇ ਵਡਿਆਈ ਦਾ ਹੱਕਦਾਰ ਬੁੱਲੇ ਸ਼ਾਹ ਨੂੰ ਮੰਨਦਾ ਹੈ ਜਿਸ ਨੇ ਹਰੇਕ ਤਰ੍ਹਾਂ ਦੀ ਸਥਾਪਤ ਰਸਮ, ਮਰਿਯਾਦਾ ਅਤੇ ਅੰਧਵਿਸ਼ਵਾਸ ਵਿਰੁੱਧ ਬੀੜਾ ਚੁੱਕਿਆ ਹੋਇਆ ਸੀ। ਉਸ ਦੀ ਇਹ ਖੁੱਲ੍ਹਦਿਲੀ ਮਨੁੱਖਾ ਮਨ ਨੂੰ ਧੂਹ ਪਾਉਂਦੀ ਹੈ, ਅਜੋਕੇ ਯੁੱਗ ਵਿਚ ਤਾਂ ਖ਼ਾਸ ਕਰਕੇ ਜਦ ਸਭ ਕੁਝ ਦਾ ਮਸ਼ੀਨੀਕਰਨ ਹੋ ਰਿਹਾ ਹੈ। ਜਿੱਥੇ ਉਸ ਦੇ ਔਕੜਾਂ, ਖ਼ਤਰਿਆਂ, ਭੁਲਾਵਿਆਂ ਅਤੇ ਵਹਿਮਾਂ ਭਰਮਾਂ ਨੂੰ ਬੇਪਰਦ ਕਰਨ ਦੇ ਉਸ ਦੇ ਬੁਲੰਦ ਹੌਸਲੇ, ਵਿਸ਼ਾਲ ਹਿਰਦੇ ਅਤੇ ਤੀਖਣ ਬੋਧ ਦੀ ਵਡਿਆਈ ਕਰਨੀ ਬਣਦੀ ਹੈ, ਉੱਥੇ ਜਿਸ ਤਰ੍ਹਾਂ ਘੁੰਮਣਘੇਰੀ ਵਿਚ ਵਿਚਰਨਾ ਪੈਂਦਾ ਹੈ, ਉਸ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ‘ਭੂਰਿਆਂ ਵਾਲੇ ਰਾਜੇ ਕੀਤੇ/ ਮੁਗਲਾਂ ਜ਼ਹਿਰ ਪਿਆਲੇ ਪੀਤੇ,’ ਇਨ੍ਹਾਂ ਬੋਲਾਂ ਦੀ ਮਿਸਾਲ ਲਈ ਜਾ ਸਕਦੀ ਹੈ।
ਗੁਰਬਾਣੀ, ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲ ਵੀ ਗਰੇਵਾਲ ਦਾ ਧਿਆਨ ਮੁੜਿਆ, ਭਾਵੇਂ ਬਹੁਤ ਗਹਿਰ-ਗੰਭੀਰ ਰੂਪ ਵਿਚ ਨਹੀਂ। ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪੁਸਤਕ ਦਾ ਇਨ੍ਹਾਂ ਵਿਚ ਸਭ ਤੋਂ ਗੌਰਵਮਈ ਸਥਾਨ ਬਣਦਾ ਹੈ। ਇਸ ਵਿਚ ਵਧੇਰੇ ਵੇਰਵਾ ਉਨ੍ਹਾਂ ਤਾਣਿਆਂ ਬਾਣਿਆਂ ਦਾ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਚੁਣੌਤੀਆਂ ਪੇਸ਼ ਕੀਤੀਆਂ, ਜਿਨ੍ਹਾਂ ਤੋਂ ਪਾਰ ਦਾ ਤਸੱਵਰ ਬਖ਼ਸ਼ ਕੇ ਉਨ੍ਹਾਂ ਰਹਿੰਦੀ ਦੁਨੀਆ ਤੱਕ ਸਨਮਾਨਯੋਗ ਜੀਵਨ ਜਿਉਣ ਦਾ ਰਾਹ ਦਿਖਾਇਆ। ਕਰੜੀ ਮਿਹਨਤ ਨਾਲ ਲਿਖੀ, ਪ੍ਰਮਾਣਕ ਤੱਥਾਂ ’ਤੇ ਆਧਾਰਿਤ ਇਹ ਕਿਤਾਬ ਉਸ ਦੀ ਤਸੱਲੀ ਨਾ ਕਰਵਾ ਸਕੀ। ਪਹਿਲੀ ਵਾਰ ਛਪਣ ਤੋਂ ਝੱਟ ਮਗਰੋਂ ਉਹ ਇਸ ਵਿਚ ਖ਼ਾਸ ਤਬਦੀਲੀਆਂ ਲਿਆਉਣ ਬਾਰੇ ਸੋਚਣ ਲੱਗ ਪਿਆ ਸੀ। ਆਪਣੇ ਕਸਬ ਨੂੰ ਪ੍ਰਤੀਬੱਧਤਾ ਅਤੇ ਵਿਸ਼ੇ ਦੇ ਮਹੱਤਵ ਨੂੰ ਦੇਖਦਿਆਂ ਇਹ ਲਾਜ਼ਮੀ ਸੀ। ਕਈ ਸਾਲਾਂ ਤੋਂ ਹੁਣ ਤਾਂ ਉਹ ਇਸ ਪੁਸਤਕ ਨੂੰ ਨਵੀਂ ਨੁਹਾਰ ਦੇਣ ਦੀ ਗੱਲ ਕਰ ਰਿਹਾ ਸੀ। ਨਵੀਂ ਨੁਹਾਰ ਦਾ ਸਾਰ ਕੀ ਹੋਣਾ ਸੀ, ਇਸ ਦਾ ਪਤਾ ਤਾਂ ਉਸ ਨੂੰ ਹੀ ਸੀ। ਮੇਰੇ ਅਨੁਮਾਨ ਅਨੁਸਾਰ ਉਹ ਮਹਿਸੂਸ ਕਰਦਾ ਸੀ ਕਿ ਛਪ ਚੁੱਕੀ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦਾ ਘੱਟ ਅਤੇ ਉਸ ਦੇ ਸਮੇਂ ਦਾ ਵੱਧ ਜ਼ਿਕਰ ਹੋਇਆ ਸੀ। ਕਈ ਵਰ੍ਹਿਆਂ ਤੋਂ ਉਹ ਇਹ ਅਸੰਤੁਲਨ ਦੂਰ ਕਰਨ ਵਿਚ ਲੱਗਾ ਹੋਇਆ ਸੀ।
ਇਸ ਸੰਦਰਭ ਵਿਚ ਗਰੇਵਾਲ ਦੀਆਂ ਹੋਰ ਕਈ ਲਿਖਤਾਂ ਵਿਚਾਰਨਯੋਗ ਹਨ ਪਰ ਏਥੇ ਦੋ ਤਿੰਨ ਲਿਖਤਾਂ ਦਾ ਸੰਖੇਪ ਜਿਹਾ ਵਰਣਨ ਕਰਨਾ ਹੀ ਯੋਗ ਸਮਝਦਾ ਹਾਂ। ਪਹਿਲੀ ਹੈ ਮਾਸਟਰ ਤਾਰਾ ਸਿੰਘ ਬਾਰੇ, ਜੋ ਬਾਹਰੀ ਸੂਚਨਾਵਾਂ ਨਾਲ ਇਉਂ ਲੱਦੀ ਪਈ ਹੈ ਕਿ ਸਿੱਖ ਨੇਤਾ ਦਾ ਆਪਾ ਅਤੇ ਤਸੱਵਰ ਉਨ੍ਹਾਂ ਦੇ ਬੋਝ ਹੇਠ ਦਬ ਕੇ ਰਹਿ ਗਿਆ ਹੈ। ਦੂਜੀ ਹੈ ਨਾਭਾ ਦੇ ਮਹਾਰਾਜ ਰਿਪੁਦਮਨ ਸਿੰਘ ਦੀ ਜੀਵਨੀ ਜਿਸ ਬਾਹਰੀ ਸੂਚਨਾਵਾਂ, ਭਾਵੁਕ ਲਾਲਸਾਵਾਂ, ਮਨੋਭਾਵੁਕ ਆਸਾਂ ਅਤੇ ਉਮੀਦਾਂ ਦਾ ਅਜਿਹਾ ਨੈੱਟਵਰਕ ਪੇਸ਼ ਹੈ ਕਿ ਵਿਅਕਤੀ ਵਿਸ਼ੇਸ਼ ਦੀ ਜੀਵਨੀ ਦੇ ਨਾਲ ਇਹ ਬਹੁ-ਦਿਸ਼ਾਵੀ ਰਚਨਾ ਹੋ ਨਬਿੜੀ ਹੈ। ਮੈਨੂੰ ਤਾਂ ਇਸ ਦੀ ਸ਼ੈਲੀ ਵਿਚ ਸੂਚਨਾਵਾਂ ਦੇਣ ਤੋਂ ਪਾਰ ਅਜਿਹੇ ਭਾਵ ਅਤੇ ਮਨੋਭਾਵ ਜਗਾਉਣ ਵਾਲੀ ਲੱਗਦੀ ਹੈ ਜੋ ਕਿਸੇ ਉੱਤਮ ਲਿਖਤ ਦਾ ਪ੍ਰਧਾਨ ਗੁਣ ਹੋਣਾ ਚਾਹੀਦਾ ਹੈ। ਕੀ ਇਸ ਦੇ ਇਹ ਪ੍ਰਧਾਨ ਗੁਣ ਦਾ ਧਾਰਨੀ ਹੋ ਨਬਿੜਨ ਦਾ ਕਾਰਨ ਇਹ ਤਾਂ ਨਹੀਂ ਕਿ ਲੰਮੇ ਸਮੇਂ ਤੋਂ ਚੱਲੀ ਆਈ ਗਰੇਵਾਲ ਦੀ ਸਹਿਯੋਗਣ, ਭਾਵ ਪ੍ਰੋਫੈਸਰ ਇੰਦੂ ਬਾਂਗਾ ਦਾ ਇਸ ਨੂੰ ਲਿਖਣ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ।
ਸੰਪਰਕ: 98150-86016