ਪ੍ਰਿੰ. ਸਰਵਣ ਸਿੰਘ
ਪ੍ਰੋ. ਬਸੰਤ ਸਿੰਘ ਬਰਾੜ ਅੰਗਰੇਜ਼ੀ ਅਤੇ ਪੰਜਾਬੀ ਦਾ ਗਿਆਨਵਾਨ ਵਾਰਤਕ ਲੇਖਕ ਹੈ। 2020-21 ਵਾਲੇ ਕਿਸਾਨ ਅੰਦੋਲਨ ਦੌਰਾਨ ਉਸ ਦੀ ਪੁਸਤਕ ‘ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ’ ਛਪੀ ਸੀ ਜਿਸ ਵਿਚ ਸਰ ਛੋਟੂ ਰਾਮ ਦੀ ਜੀਵਨੀ ਤੋਂ ਇਲਾਵਾ ਉਨ੍ਹਾਂ ਦੀਆਂ ਮੌਲਿਕ ਲਿਖਤਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਬਸੰਤ ਸਿੰਘ ਨੇ ਕਾਲਿਆਂਵਾਲੀ ਦੇ ਹਾਈ ਸਕੂਲ ਤੋਂ ਦਸਵੀਂ ਅਤੇ ਨੈਸ਼ਨਲ ਕਾਲਜ ਸਿਰਸੇ ਤੋਂ ਅੰਗਰੇਜ਼ੀ ਆਨਰਜ਼ ਨਾਲ ਬੀਏ ਕਰਨ ਪਿੱਛੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਦੀ ਐੱਮਏ ਕੀਤੀ। ਸਪੋਰਟਸ ਕਾਲਜ ਜਲੰਧਰ ਵਿਚ ਲੈਕਚਰਾਰ ਹੁੰਦਿਆਂ ਉਸ ਨੂੰ ਖੇਡਾਂ ਤੇ ਖਿਡਾਰੀਆਂ ਨੂੰ ਨੇੜਿਓਂ ਤੱਕਣ ਤੇ ਗਾਈਡ ਕਰਨ ਦੇ ਮੌਕੇ ਮਿਲੇ, ਤੇ ਫਿਰ ਉਥੋਂ ਪ੍ਰਾਪਤ ਖੇਡ ਅਨੁਭਵ ਕਲਮਬੱਧ ਕੀਤੇ।
ਪ੍ਰੋਫੈਸਰ ਬਰਾੜ ਦਾ ਪੂਰਾ ਨਾਂ ਬਸੰਤ ਸਿੰਘ ਬਰਾੜ ਹੈ। ਉਹ ਅੰਗਰੇਜ਼ੀ ਤੇ ਪੰਜਾਬੀ ਦਾ ਗਿਆਨਵਾਨ ਵਾਰਤਕ ਲੇਖਕ ਹੈ। 2020-21 ਦੇ ਕਿਸਾਨ ਅੰਦੋਲਨ ਦੌਰਾਨ ਉਸ ਦੀ ਪੁਸਤਕ ‘ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ’ ਛਪੀ ਸੀ ਜਿਸ ਦਾ ਮੁਖਬੰਦ ਡਾ. ਸਰਦਾਰਾ ਸਿੰਘ ਜੌਹਲ ਨੇ ਲਿਖਿਆ ਸੀ। ਅਖੇ, ਪਾਕਿਸਤਾਨ ਦੇ ਨੋਬੇਲ ਲਾਰੀਏਟ ਡਾ. ਅਬਦੁਸ ਸਲਾਮ ਨੂੰ ਸਰ ਛੋਟੂ ਰਾਮ ਦੇ ਸ਼ੁਰੂ ਕੀਤੇ ‘ਕਿਸਾਨ ਭਲਾਈ ਫੰਡ’ ਵਿਚੋਂ ਵਜ਼ੀਫ਼ਾ ਨਾ ਮਿਲਦਾ ਤਾਂ ਉਸ ਦੀ ਕਾਬਲੀਅਤ ਗ਼ਰੀਬੀ ਥੱਲੇ ਹੀ ਦੱਬੀ ਰਹਿ ਜਾਣੀ ਸੀ। ਉਨ੍ਹਾਂ ਨੇ ਪਿੰਡਾਂ ਵਿਚ ਸਕੂਲ ਕਾਲਜ ਖੁਲ੍ਹਵਾਏ, ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ, ਕਰਜ਼ਈ ਕਿਸਾਨਾਂ ਦੀਆਂ ਜ਼ਮੀਨਾਂ ਸ਼ਾਹੂਕਾਰਾਂ ਦੀ ਲੁੱਟ ਤੋਂ ਬਚਾਈਆਂ ਅਤੇ ਐਸੇ ਅਨੇਕਾਂ ਕਾਨੂੰਨ ਬਣਵਾਏ ਜਿਨ੍ਹਾਂ ਨਾਲ ਪੇਂਡੂ ਲੋਕਾਂ ਦੇ ਸਾਹ ਵਿਚ ਸਾਹ ਆਇਆ। 1930 ਤੋਂ 1943 ਤੱਕ ਸਰ ਛੋਟੂ ਰਾਮ ਨੇ ਤਕਰੀਬਨ 22 ਐਕਟ ਅਤੇ ਕਾਨੂੰਨੀ ਸੋਧਾਂ ਕਰਵਾ ਕੇ ਕਿਸਾਨਾਂ ਦੀ ਜਾਨ ਸੁਖਾਲੀ ਕੀਤੀ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਖੜਾ ਡੈਮ ਮੂਲ ਰੂਪ ਵਿਚ ਸਰ ਛੋਟੂ ਰਾਮ ਦੀ ਦੇਣ ਹੈ। ਪੰਜਾਬ ਤੇ ਹਰਿਆਣੇ ਦੇ ਨੀਲੇ ਨਹਿਰੀ ਪਾਣੀਆਂ ਵਿਚ ਸਰ ਛੋਟੂ ਰਾਮ ਦੀ ਸੋਚ ਅਤੇ ਰੂਹ ਵਗਦੀ ਹੈ। ਇਹ ਕਿਤਾਬ ਬੜੀ ਮਿਹਨਤ ਨਾਲ ਲਿਖੀ ਗਈ ਹੈ। ਪੜ੍ਹਨਯੋਗ ਹੈ, ਖ਼ਾਸ ਕਰ ਕੇ ਕਿਸਾਨੀ ਅਤੇ ਪੇਂਡੂ ਭਲਾਈ ਵਿਚ ਰੁਚੀ ਰਖਦੇ ਵਿਦਵਾਨਾਂ ਅਤੇ ਵਿਅਕਤੀਆਂ ਵਾਸਤੇ। ਇਸ ਪੁਸਤਕ ਲਈ ਜੋ ਸਰ ਛੋਟੂ ਰਾਮ ਦੀ ਰੌਚਿਕ ਜੀਵਨੀ ਦਾ ਰੂਪ ਹੈ, ਮੈਂ ਪ੍ਰੋ. ਬਸੰਤ ਸਿੰਘ ਬਰਾੜ ਨੂੰ ਹਾਰਦਿਕ ਵਧਾਈ ਦਿੰਦਾ ਹਾਂ।
ਪ੍ਰੋ. ਬਸੰਤ ਸਿੰਘ ਦਾ ਜਨਮ 25 ਅਕਤੂਬਰ 1940 ਨੂੰ ਪਿੰਡ ਰੁਘੂਆਣਾ ਜਿ਼ਲ੍ਹਾ ਸਿਰਸਾ ਦੇ ਨਿਮਨ ਕਿਸਾਨ ਕਰਤਾਰ ਸਿੰਘ ਅਤੇ ਨਿਹਾਲ ਕੌਰ ਦੇ ਗਰ ਹੋਇਆ। ਉਸ ਨੇ ਕਾਲਿਆਂਵਾਲੀ ਦੇ ਹਾਈ ਸਕੂਲ ਤੋਂ ਦਸਵੀਂ ਅਤੇ ਨੈਸ਼ਨਲ ਕਾਲਜ ਸਿਰਸੇ ਤੋਂ ਅੰਗਰੇਜ਼ੀ ਆਨਰਜ਼ ਨਾਲ ਬੀਏ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਦੀ ਐੱਮਏ ਕੀਤੀ। ਸਪੋਰਟਸ ਕਾਲਜ ਜਲੰਧਰ ਵਿਚ ਲੈਕਚਰਾਰ ਹੁੰਦਿਆਂ ਉਸ ਨੂੰ ਖੇਡਾਂ ਤੇ ਖਿਡਾਰੀਆਂ ਨੂੰ ਨੇੜਿਓਂ ਤੱਕਣ ਤੇ ਗਾਈਡ ਕਰਨ ਦੇ ਮੌਕੇ ਮਿਲੇ। ਉਥੋਂ ਪ੍ਰਾਪਤ ਹੋਏ ਖੇਡਾਂ ਦੇ ਅਨੁਭਵ ਉਸ ਨੇ ਕਲਮਬੱਧ ਕੀਤੇ। ਉਸ ਦੇ ਅੰਗਰੇਜ਼ੀ ਤੇ ਪੰਜਾਬੀ ਦੇ ਗੰਭੀਰ ਲੇਖ ਕਾਫੀ ਸਮੇਂ ਤੋਂ ਅਖ਼ਬਾਰਾਂ ਵਿਚ ਛਪ ਰਹੇ ਹਨ। ਉਹ 1965 ਤੋਂ 1998 ਤੱਕ ਛੇ ਕਾਲਜਾਂ ਵਿਚ ਅੰਗਰੇਜ਼ੀ ਦਾ ਲੈਕਚਰਾਰ ਰਿਹਾ ਤੇ ਅੱਜ ਕੱਲ੍ਹ ਆਪਣਾ ਬੁਢਾਪਾ ਬਠਿੰਡੇ ਦੇ ਮਾਡਲ ਟਾਊਨ ਵਿਚ ਕੱਟ ਰਿਹੈ। ਨਜ਼ਰ ਘਟਣ ਦੇ ਬਾਵਜੂਦ ਉਹ ਅਜੇ ਵੀ ਪੜ੍ਹਨ ਲਿਖਣ ਵਿਚ ਪੂਰਾ ਸਰਗਰਮ ਹੈ।
ਉਸ ਨੇ ਸਰਲ ਵਾਰਤਕ ਵਿਚ ਪੰਜ ਪੁਸਤਕਾਂ ਲਿਖ ਕੇ ਪੰਜਾਬੀ ਦੇ ਗਿਆਨ ਸਾਹਿਤ ਵਿਚ ਚੋਖਾ ਵਾਧਾ ਕੀਤਾ ਹੈ। ਉਸ ਦੀਆਂ ਪੁਸਤਕਾਂ ਦੇ ਨਾਂ ‘ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਯਾਤਰਾ’, ‘ਪੈਗ਼ੰਬਰ’, ‘ਮਹਾਨਤਾ ਦੇ ਮਾਰਗ’, ‘ਵੱਡੇ ਲੋਕਾਂ ਦੀਆਂ ਛੁਪੀਆਂ ਗੱਲਾਂ’ ਤੇ ‘ਕਿਸਾਨਾਂ ਦੇ ਮਸੀਹਾ ਸਰ ਛੋਟੂ ਰਾਮ’ ਹਨ। ਉਹ ਜਿਥੇ ਵਿਦਿਆਰਥੀਆਂ ਵਿਚ ਹਰਮਨ ਪਿਆਰਾ ਅਧਿਆਪਕ ਰਿਹਾ ਉਥੇ ਸਾਥੀ ਅਧਿਆਪਕਾਂ ਦਾ ਵੀ ਪ੍ਰੇਰਨਾ ਸਰੋਤ ਰਿਹਾ। ਵਿਦਵਾਨ ਲੇਖਕ ਹੋਣ ਦੇ ਨਾਲ ਉਹ ਸੁਹਿਰਦ ਇਨਸਾਨ ਵੀ ਹੈ। ਉਸ ਦੀਆਂ ਸਾਰੀਆਂ ਰਚਨਾਵਾਂ ਗਿਆਨ ਸਾਹਿਤ ਦੀ ਸ਼੍ਰੇਣੀ ਵਿਚ ਗਿਣੀਆਂ ਜਾਂਦੀਆਂ ਹਨ। ਉਸ ਨੇ ‘ਵੱਡੇ ਲੋਕਾਂ ਦੀਆਂ ਛੁਪੀਆਂ ਗੱਲਾਂ’ ਪੁਸਤਕ ਵਿਚ ਕੁਝ ਨਬਿੰਧ ਅਜਿਹੇ ‘ਛੁਪੇ ਰੁਸਤਮਾਂ’ ਬਾਰੇ ਲਿਖੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਅਨਮੋਲ ਜਾਣਕਾਰੀ ਮਿਲਦੀ ਹੈ। ਉਸ ਦੇ ਪਰਸੰਸਕ ਪ੍ਰੋ. ਬਰਾੜ ਨੂੰ ਰੇਗਿਸਤਾਨ ਦੇ ਟਿੱਬਿਆਂ ਵਿਚ ਉੱਗਿਆ ‘ਸਾਹਿਤ ਦਾ ਮਹਿਕਦਾ ਬਾਗ਼’ ਆਖਦੇ ਹਨ। ਇਸ ਬਾਗ਼ ਵਿਚ ਜਿਥੇ ‘ਅੰਗਰੇਜ਼ੀ ਗ਼ੁਲਾਬ’ ਦੇ ਫੁੱਲ ਖਿੜੇ ਹਨ, ਉਥੇ ‘ਪੰਜਾਬੀ ਸਾਹਿਤ’ ਦੇ ਕੋਮਲ ਤੇ ਨਰਮ ਪੰਖੜੀਆਂ ਵਾਲੇ ਖ਼ੁਸ਼ਬੂਦਾਰ ਫੁੱਲ ਵੀ ਮਹਿਕ ਰਹੇ ਹਨ। ਉਸ ਨੇ ਆਪਣੇ ਬਾਰੇ ਲਿਖਿਆ ਹੈ:
ਜਦੋਂ ਸਾਡੇ ਇਲਾਕੇ ਦੇ ਘਰਾਂ ਵਿਚ ਤੰਗੀਆਂ-ਤੁਰਸ਼ੀਆਂ ਸਨ, ਆਵਾਜਾਈ ਦੇ ਸਾਧਨ ਬਹੁਤ ਘੱਟ ਸਨ, ਬਿਜਲੀ ਪਾਣੀ ਦੀ ਘਾਟ ਸੀ, ਚੰਗੇ ਸਕੂਲ ਨਹੀਂ ਸਨ ਹੁੰਦੇ, ਸਾਰੇ ਪਰਿਵਾਰ ਨੇ ਸਵਾਤ ਵਿਚ ਹੀ ਗਰਮੀ ਸਰਦੀ ਕੱਟਣੀ ਹੁੰਦੀ ਸੀ, ਉਹਨਾਂ ਵਕਤਾਂ ਵਿਚ ਮੈਂ ਨੈਸ਼ਨਲ ਕਾਲਜ ਸਿਰਸਾ ਵਿਚ ਪੜ੍ਹਦਿਆਂ ਡਰਾਮਿਆਂ, ਭਾਸ਼ਣ ਮੁਕਾਬਲਿਆਂ ਅਤੇ ਕਵੀ ਦਰਬਾਰਾਂ ਵਿਚ ਭਾਗ ਲੈਂਦਾ ਰਿਹਾ। ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਕੀਤੀ ਅਤੇ 1962 ਵਿਚ ਅੰਗਰੇਜ਼ੀ (ਆਨਰਜ਼) ਨਾਲ ਬੀਏ ਕਰ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੰਗਰੇਜ਼ੀ ਦੀ ਐੱਮਏ ਚੰਗੇ ਨੰਬਰਾਂ ਨਾਲ ਪਾਸ ਕੀਤੀ। ਸਾਡੇ ਪਛੜੇ ਇਲਾਕੇ ਵਾਸਤੇ ਇਹ ਅਚੰਭੇ ਵਾਲੀ ਗੱਲ ਸੀ। ਸਮਝੋ ਅਲਾਦੀਨ ਦਾ ਚਿਰਾਗ਼ ਜਲਾਉਣ ਵਾਲੀ ਬਾਤ। ਫਿਰ ਕੇਂਦਰ ਸਰਕਾਰ ਦੀ ਵਧੀਆ ਨੌਕਰੀ ਠੁਕਰਾ ਕੇ ਮੈਂ ਅਧਿਆਪਨ ਦਾ ਮਨਪਸੰਦ ਪੇਸ਼ਾ ਚੁਣਿਆ ਅਤੇ ਡਬਵਾਲੀ, ਨਾਰਨੌਲ, ਹਿਸਾਰ, ਜਲੰਧਰ, ਟਾਂਡਾ ਉੜਮੁੜ, ਰੋਪੜ ਤੇ ਮੁਕਤਸਰ ਦੇ ਕਾਲਜਾਂ ਵਿਚ ਤੇਤੀ ਸਾਲ ਪੜ੍ਹਾਉਂਦਾ ਰਿਹਾ। ਮੈਂ ਆਪਣੇ ਆਪ ਨੂੰ ਵੱਡਭਾਗਾ ਸਮਝਦਾ ਹਾਂ ਕਿ ਖੇਡਾਂ ਦਾ ਮੱਕਾ ਕਹੇ ਜਾਂਦੇ ਸਪੋਰਟਸ ਕਾਲਜ ਜਲੰਧਰ ਵਿਚ ਪੜ੍ਹਾਉਣ ਦਾ ਵੀ ਮੈਨੂੰ ਮੌਕਾ ਮਿਲਿਆ। ਉਥੋਂ ਦੇ ਇਕ ਵਿਦਿਆਰਥੀ ਪਿਰਥੀ ਸਿੰਘ ਬਰਾੜ ਨੇ ਬਾਅਦ ਵਿਚ ਲਿਖਿਆ:
ਪ੍ਰੋ. ਬਰਾੜ ਸਾਹਿਬ ਦੀ ਸ਼ਖ਼ਸੀਅਤ ਬਾਰੇ ਲਿਖਣ ਲਈ ਮੇਰੀ ਕਲਮ ਨੂੰ ਲਫ਼ਜ਼ ਨਹੀਂ ਲੱਭ ਰਹੇ ਜਿਨ੍ਹਾਂ ਨਾਲ ਮੈਂ ਉਨ੍ਹਾਂ ਦੇ ਗੁਣਾਂ ਦਾ ਵਿਸਥਾਰ ਨਾਲ ਜਿ਼ਕਰ ਕਰ ਸਕਾਂ। ਉਨ੍ਹਾਂ ਦੇ ਸੁਭਾਅ ਵਿਚ ਸਹਿਜਤਾ, ਇਕਾਗਰਤਾ, ਮਿਲਾਪੜਾਪਣ, ਪਿਆਰ ਭਰੀ ਬੋਲ-ਚਾਲ ਤੇ ਲੋਹੜੇ ਦੀ ਪੰਜਾਬੀਅਤ ਭਰੀ ਹੋਈ ਹੈ। ਗੱਲ ਕਰਨ ਵੇਲੇ ਠੇਠ ਪੰਜਾਬੀ ਵਿਚ ਛੋਟੇ-ਛੋਟੇ ਸ਼ਬਦਾਂ ਦੀ ਵਰਤੋਂ ਬੜੇ ਹੀ ਭਾਵਪੂਰਤ ਲਹਿਜੇ ਵਿਚ ਸਾਹਿਤਕ ਢੰਗ ਨਾਲ ਕਰਦੇ ਹਨ। ਅੰਗਰੇਜ਼ੀ ਦੇ ਪ੍ਰੋਫੈਸਰ ਹੋਣ ਦੇ ਬਾਵਜੂਦ ਪੰਜਾਬੀ ਬੋਲਦਿਆਂ ਅੰਗਰੇਜ਼ੀ ਦਾ ਇਕ ਵੀ ਲਫ਼ਜ਼ ਨਹੀਂ ਬੋਲਦੇ। ਜਦੋਂ ਉਹ ਲੋਈ ਦੀ ਬੁੱਕਲ਼ ਮਾਰ ਕੇ, ਅੰਤਰ-ਧਿਆਨ ਹੋ ਕੇ ਗੁਰਬਾਣੀ ਪੜ੍ਹਦੇ ਸੁਣਦੇ ਹਨ ਤਾਂ ਇਸ ਤਰ੍ਹਾਂ ਪਰਤੀਤ ਹੁੰਦਾ ਹੈ ਜਿਵੇਂ ਕੋਈ ਅਰਸ਼ਾਂ ਦਾ ਦੇਵਤਾ ਸਮਾਧੀਲੀਨ ਹੋਇਆ ਇਸ ਧਰਤ ਤੇ ਚੌਕੜਾ ਮਾਰੀ ਬੈਠਾ ਹੋਵੇ।
ਉਨ੍ਹਾਂ ਦੀਆਂ ਕਿਤਾਬਾਂ ਬਾਰੇ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਣਾ ਜ਼ਰੂਰੀ ਸਮਝਦਾ ਹਾਂ। ‘ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਯਾਤਰਾ’ ਬੜੀ ਦਰਦ ਭਰੀ ਬੋਲੀ ਵਿਚ 1947 ਦੇ ਦੁਖਾਂਤ ਨੂੰ ਬਿਆਨ ਕਰਦੀ ਹੈ। ਵੀਡੀਓਗਰਾਫੀ ਦੇ ਅੰਦਾਜ਼ ਵਿਚ ਲਿਖੀ ਇਹ ਪੁਸਤਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਦੇ ਨਾਲ ਪਾਕਿਸਤਾਨ ਦੇ ਸਮਾਜਿਕ ਤੇ ਆਰਥਿਕ ਹਾਲਾਤ ਦਾ ਪਰਤੱਖ ਚਿੱਤਰ ਪੇਸ਼ ਕਰਦੀ ਹੈ। ਦੋਹਾਂ ਦੇਸ਼ਾਂ ਦੀ ਆਪਸੀ ਨਫ਼ਰਤ ਨੂੰ ਖ਼ਤਮ ਕਰ ਕੇ ਇਕਮਿਕ ਹੋਣ ਦੀ ਗੱਲ ਵੀ ਅੱਗੇ ਤੋਰਦੀ ਹੈ। ਉਨ੍ਹਾਂ ਦੀ ਦੂਜੀ ਕਿਤਾਬ ਹੈ ‘ਪੈਗ਼ੰਬਰ’। ਇਹ ਖ਼ਲੀਲ ਜਬਿਰਾਨ ਦੇ ਸ਼ਾਹਕਾਰ ‘ਦਿ ਪ੍ਰਾਫਿਟ’ ਦਾ ਮੌਲਿਕ ਪੰਜਾਬੀ ਰਚਨਾ ਵਰਗਾ ਅਨੁਵਾਦ ਹੈ। ਇਹ ਵਿਸ਼ਵ ਪ੍ਰਸਿੱਧ ਪੁਸਤਕ ਪੰਜਾਬੀ ਪਾਠਕਾਂ ਲਈ ਅਨਮੋਲ ਤੋਹਫ਼ਾ ਹੈ। ਉਨ੍ਹਾਂ ਦੀ ਤੀਜੀ ਪੁਸਤਕ ‘ਮਹਾਨਤਾ ਦੇ ਮਾਰਗ’ ਭਾਰਤ ਦੇ 11ਵੇਂ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ 2015 ਵਿਚ ਛਪੀ ਆਖ਼ਰੀ ਕਿਤਾਬ ‘ਪਾਥਵੇਜ਼ ਟੂ ਗ੍ਰੇਟਨੈੱਸ’ ਦਾ ਪੰਜਾਬੀ ਅਨੁਵਾਦ ਹੈ। ਇਹ ਪੰਜਾਬੀ ਪਾਠਕਾਂ ਨੂੰ ਭਾਰਤ ਦੇ ‘ਮਿਜ਼ਾਈਲ ਮੈਨ’ ਕਹੇ ਜਾਂਦੇ ਮਹਾਨ ਵਿਗਿਆਨੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੀ ਹੈ ਕਿ ਕਿਵੇਂ ਉਹ ਗ਼ਰੀਬੀ ਵਿਚੋਂ ਉੱਠ ਕੇ ਦੁਨੀਆਂ ਦੇ ਉੱਚ-ਕੋਟੀ ਦੇ ਵਿਦਵਾਨ ਅਤੇ ਵਿਗਿਆਨੀ ਬਣੇ ਅਤੇ ਰਾਸ਼ਟਰਪਤੀ ਦੀ ਸਰਵਉੱਚ ਪਦਵੀ ਨਾਲ ਸਨਮਾਨਿਤ ਹੋਏ।
‘ਕਿਸਾਨਾਂ ਦੇ ਮਸੀਹੇ ਸਰ ਛੋਟੂ ਰਾਮ’ ਕਰੋਨਾ ਕਾਲ ਵਿਚ ਲਿਖੀ ਉਨ੍ਹਾਂ ਦੀ ਚੌਥੀ ਕਿਤਾਬ ਹੈ। 80 ਸਾਲ ਦੀ ਉਮਰ ਵਿਚ ਲੌਕਡਾਊਨ ਦੌਰਾਨ ਆਨਲਾਈਨ ਸਮੱਗਰੀ ਉੱਤੇ ਦਿਨ ਰਾਤ ਘੋਖ ਕਰ ਕੇ ਲਿਖੀ ਇਹ ਕਿਤਾਬ ਜਮਰੌਦ ਦਾ ਕਿਲ੍ਹਾ ਜਿੱਤਣ ਸਮਾਨ ਹੈ। ਇਸ ਰਾਹੀਂ ਭਾਖੜਾ ਡੈਮ ਬਣਵਾਉਣ ਅਤੇ ਦੇਸ਼ ਦੀ ਵੰਡ ਨੂੰ ਰੋਕਣ ਲਈ ਸਰ ਛੋਟੂ ਰਾਮ ਦੀਆਂ ਅਣਥੱਕ ਕੋਸਿ਼ਸ਼ਾਂ ਬਾਰੇ ਪਾਠਕਾਂ ਨੂੰ ਪਹਿਲੀ ਵਾਰ ਜਾਣਕਾਰੀ ਮਿਲੀ ਹੈ। ਖੁਸ਼ੀ ਦੀ ਗੱਲ ਹੈ ਕਿ ਇਸ ਦਾ ਅਨੁਵਾਦ ਹਿੰਦੀ ਵਿਚ ਵੀ ਛਪ ਗਿਆ ਹੈ। ‘ਵੱਡੇ ਲੋਕਾਂ ਦੀਆਂ ਛੁਪੀਆਂ ਗੱਲਾਂ’ ਉਨ੍ਹਾਂ ਦੀ ਪੰਜਵੀਂ ਕਿਤਾਬ ਹੈ ਜੋ ਉਨ੍ਹਾਂ ਦੇ 1976 ਵਿਚ ਛਪੇ ਇਸੇ ਨਾਂ ਦੇ ਕਿਤਾਬਚੇ ਦਾ ਸੋਧਿਆ ਅਤੇ ਵਧਾਇਆ ਹੋਇਆ ਰੂਪ ਹੈ। ਇਸ ਦੇ 24 ਲੇਖਾਂ ਵਿਚ ਵੱਖ ਵੱਖ ਦੇਸ਼ਾਂ ਦੀਆਂ ਜਗਤ ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ ਚਿੱਤਰ ਪੇਸ਼ ਕੀਤੇ ਗਏ ਹਨ। ਉਨ੍ਹਾਂ ਦੀ ਘਾਲਣਾ ਅੱਗੇ ਸਾਡਾ ਸਿਰ ਝੁਕਦਾ ਹੈ। ਪੇਸ਼ ਹਨ ਪ੍ਰੋ. ਬਰਾੜ ਦੀਆਂ ਲਿਖਤਾਂ ਦੇ ਕੁਝ ਅੰਸ਼:
ਖੇਡਾਂ ਦੀਆਂ ਮੇਰੀਆਂ ਅਭੁੱਲ ਯਾਦਾਂ
29 ਜਨਵਰੀ 1968 ਨੂੰ ਜਦ ਮੈਂ ਸਪੋਰਟਸ ਕਾਲਜ ਜਲੰਧਰ ਵਿਚ ਅੰਗਰੇਜ਼ੀ ਦੇ ਲੈਕਚਰਰ ਵਜੋਂ ਨੌਕਰੀ ਸ਼ੁਰੂ ਕੀਤੀ ਤਾਂ ਮਨ ਗਦਗਦ ਹੋ ਗਿਆ। ਇਸ ਕਾਲਜ ਵਿਚ ਲਗਭਗ ਸਾਰੀਆਂ ਖੇਡਾਂ ਦੀ ਸਿਖਲਾਈ ਦੇਣ ਦੀਆਂ ਵਧੀਆ ਸਹੂਲਤਾਂ ਸਨ। ਫਿਜ਼ਾ ਵਿਚ ਨਰੋਏ ਜੁੱਸਿਆਂ, ਖੁਸ਼ੀਆਂ, ਖੇੜਿਆਂ ਅਤੇ ਹੱਸਮੁਖ ਚਿਹਰਿਆਂ ਦੀ ਭਰਮਾਰ ਸੀ। ਖੁੱਲ੍ਹੇ ਮੈਦਾਨ ਸਨ। ਉਥੇ ਸੀਮਤ ਸੰਖਿਆ ਵਿਚ ਕੇਵਲ ਖਿਲਾੜੀ ਹੀ ਦਾਖਲ ਕੀਤੇ ਜਾਂਦੇ ਸਨ। ਪਹਿਲੇ ਦਿਨ ਹੀ ਖੇਡਾਂ ਨਾਲ ਮੇਰੇ ਸਬੰਧਾਂ ਦੀ ਤਸਵੀਰ ਮਨ ਦੇ ਪਰਦੇ ਤੇ ਉੱਭਰ ਆਈ ਸੀ। ਮੇਰੇ ਪਿੰਡ ਤੇ ਇਲਾਕੇ ਦੀਆਂ ਖੇਡਾਂ ਬਾਰੇ ਦੱਸਣ ਤੋਂ ਪਹਿਲਾਂ ਇਹ ਦੱਸ ਦਿਆਂ ਕਿ ਮੈਨੂੰ ਬਚਪਨ ਤੋਂ ਹੀ ਖੇਡਾਂ ਦਾ ਬਹੁਤ ਸ਼ੌਕ ਸੀ, ਪਰ ਨੌਕਰੀ ਸਿਰ ਹੋਣ ਲਈ ਪੜ੍ਹਾਈ ਤੇ ਜ਼ੋਰ ਦੇਣਾ ਵੀ ਬਹੁਤ ਜ਼ਰੂਰੀ ਸੀ। ਸੋ ਥੋੜ੍ਹੀ ਬਹੁਤੀ ਵਾਲੀਬਾਲ ਹੀ ਖੇਡ ਸਕਿਆ ਅਤੇ ਅਥਲੈਟਿਕਸ ਵਿਚ ਸ਼ੌਕੀਆ ਭਾਗ ਲਿਆ।
ਕਿਹੜੀ ਖੇਡ ਕਿੱਥੇ ਖੇਡੀ ਜਾਂਦੀ ਹੈ, ਇਸ ਦੇ ਆਰਥਿਕ, ਰਾਜਨੀਤਕ, ਪੌਣ-ਪਾਣੀ ਆਦਿ ਕਈ ਕਾਰਨ ਹੁੰਦੇ ਹਨ। ਘੱਟ ਅਤੇ ਅਨਿਸ਼ਚਿਤ ਆਮਦਨ ਵਾਲੇ ਮਿਹਨਤਕਸ਼ ਲੋਕ ਸਿਰਫ਼ ਉਹੀ ਖੇਡਾਂ ਖੇਡ ਸਕਦੇ ਹਨ ਜਿਨ੍ਹਾਂ ਤੇ ਖਰਚਾ ਘੱਟ ਜਾਂ ਬਿਲਕੁਲ ਹੀ ਨਾ ਹੋਵੇ। ਉਹ ਕ੍ਰਿਕਟ ਦੀ ਥਾਂ ਗੁੱਲੀ ਡੰਡਾ ਖੇਡਦੇ ਹਨ। ਸਾਡੇ ਇਲਾਕੇ ਵਿਚ ਆਮ ਤੌਰ ਤੇ ਕਬੱਡੀ, ਗੋਲਾ਼ ਸੁੱਟਣਾ, ਘੋਲ਼ ਘੁਲਣਾ, ਸੌਂਚੀ ਆਦਿ ਕਮ-ਖ਼ਰਚ ਖੇਡਾਂ ਖੇਡੀਆਂ ਜਾਂਦੀਆਂ ਸਨ। ਕਬੱਡੀ ਖੇਡਣ ਲਈ ਕਿਤੇ ਰੇਤਲੀ ਥਾਂ ਲਕੀਰ ਖਿੱਚ ਕੇ ਪਾਲ਼ੇ ਬਣਾ ਲਏ ਜਾਂਦੇ। ਜਿਹੜੇ ਪਹੁੰਚ ਜਾਂਦੇ ਕੱਪੜੇ ਲਾਹ ਕੇ ਕੱਲੇ ਜਾਂਘੀਏ ਨਾਲ ਖੇਡਣ ਲਗਦੇ। ਲੱਤਾਂ ਫੜੀਆਂ ਜਾਣ ਤੋਂ ਡਰਦੇ ਝਾੜੂ ਫੇਰਨ ਵਾਂਗ ਕਬੱਡੀ ਪਾਉਂਦੇ। ਕੋਈ ਵਿਰਲਾ ਹੀ ਮੋਰ ਵਾਂਗ ਪੈਲ ਪਾਉਂਦਾ ਸੀ। ਕਿਸੇ-ਕਿਸੇ ਪਿੰਡ ਸੌਂਚੀ ਵੀ ਖੇਡੀ ਜਾਂਦੀ। ਦੋ ਖਿਡਾਰੀਆਂ ਚੋਂ ਇਕ ਜਣਾ ਦੂਜੇ ਦੀ ਹਿੱਕ ਤੇ ਤਲ਼ੀਆਂ ਮਾਰਦਾ ਪਿੱਛੇ ਹਟਦਾ ਜਾਂਦਾ। ਜੇ ਉਹਦਾ ਮੋਰਚਾ ਫੜਿਆ ਜਾਂਦਾ ਤਾਂ ਮੁਕਾਬਲਾ ਖ਼ਤਮ ਹੋ ਜਾਂਦਾ। ਕੁਰੰਗਾਵਾਲੀ ਦੇ ਮੇਲੇ ਤੇ ਸੌਂਚੀ ਜ਼ਰੂਰ ਖੇਡੀ ਜਾਂਦੀ ਸੀ। ਤਾਰੂਆਣੇ ਦੇ ਬਲਜੀਤ ਹੋਰੀਂ ਤਿੰਨ ਭਰਾ ਸੌਂਚੀ ਤੇ ਕਬੱਡੀ ਦੇ ਮਸ਼ਹੂਰ ਖਿਲਾੜੀ ਸਨ।
ਸਾਡੇ ਪਿੰਡਾਂ ਚ ਗੋਲ਼ਾ ਸੁੱਟਣ ਦਾ ਬੜਾ ਸ਼ੌਕ ਸੀ। ਇਸੇ ਕਾਰਨ ਸਾਡੇ ਇਲਾਕੇ ਨੇ ਬਹਾਦਰ ਸਿੰਘ ਤੇ ਜੁਗਰਾਜ ਸਿੰਘ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਸੁਟਾਵੇ ਪੈਦਾ ਕੀਤੇ। ਬਹਾਦਰ ਸਿੰਘ ਏਸ਼ੀਆ ਦਾ ਚੈਂਪੀਅਨ ਬਣਿਆ ਤੇ ਜੁਗਰਾਜ ਸਿੰਘ ਵੀ ਏਸ਼ੀਆ ਦੇ ਜਿੱਤ-ਮੰਚਾਂ ਤੇ ਚੜ੍ਹਿਆ। ਮੱਲਾਂ ਦੇ ਘੋਲ਼ ਹਰੇਕ ਪਿੰਡ ਹੁੰਦੇ। ਮੂੰਗਲੀਆਂ ਫੇਰ ਕੇ, ਬੋਰੀ ਚੁੱਕ ਕੇ ਤੇ ਡੰਡ ਬੈਠਕਾਂ ਮਾਰ ਕੇ ਜੁੱਸੇ ਬਣਾਏ ਜਾਂਦੇ। ਪਿੰਡ ਦੇ ਮੱਲ ਨੂੰ ਪਿੰਡ ਵਾਸੀ ਘਿਉ ਇਕੱਠਾ ਕਰ ਕੇ ਦਿੰਦੇ। ਡੱਬਵਾਲੀ ਦਾ ਨਾਹਰ ਸਿੰਘ ਰੰਧਾਵਾ ਬੜਾ ਮਸ਼ਹੂਰ ਪਹਿਲਵਾਨ ਸੀ ਜੋ ਵੱਡੇ ਦਾਰੇ ਨਾਲ ਘੁਲਿ਼ਆ ਸੀ। ਸਾਡੇ ਇਲਾਕੇ ਨੂੰ ਏਸ਼ੀਅਨ ਖੇਡਾਂ ਦੇ ਦੌੜਾਕ ਬਾਬੂ ਸਿੰਘ ਤੇ ਵੀ ਮਾਣ ਹੈ। ਉਸ ਨੂੰ ਪੰਜਾਬ ਪੁਲੀਸ ਦਾ ‘ਯੱਕਾ ਐਥਲੀਟ’ ਕਿਹਾ ਜਾਂਦਾ ਸੀ। 1988 ਵਿਚ ਉਹ ਡੀਐੱਸਪੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਤੇ 8 ਨਵੰਬਰ 2017 ਨੂੰ ਗੁਮਨਾਮੀ ਵਿਚ ਸਵਰਗ ਸਿਧਾਰ ਗਿਆ।
ਸਪੋਰਟਸ ਕਾਲਜ ਜਲੰਧਰ ਵਿਚ ਮੈਂ ਜਨਵਰੀ 1968 ਤੋਂ ਜੁਲਾਈ 1971 ਤੱਕ ਰਿਹਾ। ਉਸ ਦੀਆਂ ਅਣਗਿਣਤ ਯਾਦਾਂ ਹੁਣ ਵੀ ਤਾਜ਼ਾ ਹਨ। ਇਹ ਕਾਲਜ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ 1961 ਵਿਚ ਖੋਲ੍ਹਿਆ ਸੀ। 44 ਏਕੜ ਚ ਫੈਲੇ ਇਸ ਦੇ ਕੈਂਪਸ ਵਿਚ 1947 ਤੱਕ ਇਸਲਾਮੀਆ ਕਾਲਜ ਚਲਦਾ ਸੀ। 140 ਚੋਣਵੇਂ ਖਿਡਾਰੀਆਂ ਲਈ ਲਗਭਗ ਸਾਰੀਆਂ ਖੇਡਾਂ ਦਾ ਪ੍ਰਬੰਧ ਸੀ ਜਿਨ੍ਹਾਂ ਦੀ ਕੋਚਿੰਗ ਲਈ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਬਤੌਰ ਕੋਚ ਰੱਖੇ ਹੋਏ ਸਨ। ਉਨ੍ਹਾਂ ਦਾ ਕਾਡਰ ਵੱਖਰਾ ਸੀ। ਵਾਲੀਬਾਲ ਅਤੇ ਅਥਲੈਟਿਕਸ ਦੇ ਓਲੰਪੀਅਨ ਖਿਲਾੜੀ ਸੋਮ ਨਾਥ ਪਹਿਲੇ ਪ੍ਰਿੰਸੀਪਲ ਨਿਯੁਕਤ ਕੀਤੇ ਗਏ ਸਨ। ਕਈ ਵਿਸਿ਼ਆਂ ਦੇ ਪ੍ਰੋਫੈਸਰਾਂ ਕੋਲ ਕੇਵਲ ਦੋ ਚਾਰ ਵਿਦਿਆਰਥੀ ਹੀ ਹੁੰਦੇ ਸਨ। ਫੀਸਾਂ, ਹੋਸਟਲ ਅਤੇ ਖਾਣ ਪੀਣ ਵਿਦਿਆਰਥੀਆਂ ਲਈ ਮੁਫ਼ਤ ਸੀ। ਸ਼ਾਹੀ ਸੁਭਾਅ ਵਾਲੇ ਪ੍ਰਿੰਸੀਪਲ ਸੋਮ ਨਾਥ ਲਾਹੌਰ ਦੇ ਲਹਿਜ਼ੇ ਵਿਚ ਪੰਜਾਬੀ ਬੋਲਦੇ। ਕਾਲਜ ਵਿਚ ਮੇਲੇ ਵਰਗਾ ਮਾਹੌਲ ਸੀ। ਹਰ ਖਿਲਾੜੀ ਦੇ ਚਿਹਰੇ ਤੇ ਮੁਸਕਰਾਹਟ ਅਤੇ ਖੇੜਾ ਹੁੰਦਾ ਸੀ। ਮੇਰੇ ਕੋਲੋਂ ਪੜ੍ਹੇ ਤੇ ਬਾਅਦ ਵਿਚ ਕਬੱਡੀ ਕੋਚ ਬਣੇ ਪਿਰਥੀ ਸਿੰਘ ਬਰਾੜ ਤੇ ਬ੍ਰਿਗੇਡੀਅਰ ਹਰਚਰਨ ਸਿੰਘ ਵਰਗੇ ਖਿਡਾਰੀ ਸਦਾ ਲਈ ਮੇਰੇ ਦੋਸਤ ਬਣ ਗਏ। ਉਦੋਂ ਕੋਚ ਬੜੀ ਮਿਹਨਤ ਕਰਵਾਉਂਦੇ। ਸੁਬ੍ਹਾ ਸਖ਼ਤ ਕਸਰਤਾਂ ਤੇ ਸ਼ਾਮ ਨੂੰ ਖੇਡਾਂ ਹੁੰਦੀਆਂ। ਹਾਕੀ ਖਿਡਾਰੀ ਹਰਚਰਨ ਸਿੰਘ, ਸੁਰਜੀਤ ਰੰਧਾਵਾ ਤੇ ਕੁਲਵੰਤ ਹੋਰੀਂ ਓਲੰਪਿਕ ਖੇਡਾਂ ਚ ਸ਼ਾਮਲ ਹੋਏ। ਵਾਲੀਬਾਲ, ਫੁੱਟਬਾਲ, ਬਾਸਕਟਬਾਲ ਆਦਿ ਖੇਡਾਂ ਤੇ ਵੀ ਬਹੁਤ ਜ਼ੋਰ ਦਿੱਤਾ ਜਾਂਦਾ ਸੀ। ਹੋਰਨਾਂ ਕਾਲਜਾਂ ਨਾਲ ਅਕਸਰ ਮੈਚ ਹੁੰਦੇ ਰਹਿੰਦੇ।
1969 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਾਪਿਤ ਹੋ ਗਈ ਅਤੇ ਉਸੇ ਸਾਲ ਯੂਨੀਵਰਸਿਟੀ ਨਾਲ ਤਿੰਨ ਜਿ਼ਲ੍ਹੇ ਜੋੜ ਦਿੱਤੇ ਗਏ। ਉਦੋਂ ਖਿਲਾੜੀ ਸਖਤ ਅਨੁਸ਼ਾਸਨ ਵਿਚ ਰਹਿੰਦੇ ਸਨ। ਹੜਤਾਲ ਕਰਨ ਦਾ ਕੋਈ ਸੁਫਨਾ ਵੀ ਨਹੀਂ ਸੀ ਲੈਂਦਾ। ਕੋਈ ਨਾਹਰਾ ਨਹੀਂ, ਧਰਨਾ ਨਹੀਂ, ਕੋਈ ਜਲੂਸ ਨਹੀਂ। ਬੱਸ ਗਰਾਊਂਡਾਂ ਵਿਚ ਖੇਡਦੇ ਫਿਰਦੇ। ਪੜ੍ਹਾਈ ਦਾ ਸਿਲੇਬਸ ਆਮ ਕਾਲਜਾਂ ਵਾਲਾ ਹੁੰਦਾ ਸੀ। ਖਿਡਾਰੀਆਂ ਦੇ ਦਿਮਾਗ਼ ਤੇਜ਼ ਹੁੰਦੇ ਹਨ। ਕਲਾਸਾਂ ਚੋਂ ਬੇਮਤਲਬ ਗ਼ੈਰਹਾਜ਼ਰ ਨਹੀਂ ਸਨ ਹੁੰਦੇ ਤੇ ਪੂਰੇ ਧਿਆਨ ਨਾਲ ਲੈਕਚਰ ਸੁਣਦੇ ਸਨ। ਹਾਂ, ਸਵੇਰ ਦੀ ਕਰੜੀ ਕਸਰਤ ਤੋਂ ਬਾਅਦ ਕਦੇ ਕਦੇ ਕਿਸੇ ਵਿਦਿਆਰਥੀ ਦੀ ਅੱਖ ਜ਼ਰੂਰ ਲੱਗ ਜਾਂਦੀ ਸੀ। ਉਹ ਸਾਲਾਨਾ ਇਮਤਿਹਾਨਾਂ ਨੇੜੇ ਪੂਰੀ ਮਿਹਨਤ ਕਰ ਕੇ ਪਾਸ ਹੋ ਜਾਂਦੇ। ਬਾਹਰੋਂ ਕੋਈ ਦਖ਼ਲ ਨਹੀਂ ਸੀ ਦਿੰਦਾ।
ਪੜ੍ਹਾਉਣ ਸਮੇਂ ਕਈ ਦਿਲਚਸਪ ਗੱਲਾਂ ਵੀ ਹੋ ਜਾਂਦੀਆਂ। ਪੜ੍ਹਾਈ ਦੀ ਥਾਂ ਪੀਰੀਅਡ ਵਿਚ ਰੇਡੀਓ ਤੇ ਖੇਡਾਂ ਦੀ ਕੁਮੈਂਟਰੀ ਚੱਲਣ ਲੱਗ ਪੈਂਦੀ। ਸਭਿਆਚਾਰਕ ਸਰਗਰਮੀਆਂ ਵਿਚ ਸਾਡੇ ਵਿਦਿਆਰਥੀ ਵਧ ਚੜ੍ਹ ਕੇ ਹਿੱਸਾ ਲੈਂਦੇ। ਹਰ ਯੂਥ ਫ਼ੈਸਟੀਵਲ ਚ ਅਸੀਂ ਇਕਾਂਗੀ ਨਾਟਕ ਪੇਸ਼ ਕਰਦੇ। ਮੈਂ ਕਾਲਜ ਵਿਚ ਪੜ੍ਹਨ ਵੇਲੇ ਨਾਟਕਾਂ ਚ ਭਾਗ ਲੈਂਦਾ ਰਿਹਾ ਸਾਂ ਸੋ ਹਰ ਕਾਲਜ ਚ ਨਾਟਕ ਕਰਾਉਣ ਦੀ ਡਿਊਟੀ ਲੈ ਲੈਂਦਾ। ਹਰ ਯੂਥ ਫ਼ੈਸਟੀਵਲ ਚ ਇਨਾਮ ਜਿੱਤਦੇ। ਸਪੋਰਟਸ ਕਾਲਜ ਦੇ ਕਈ ਵਿਦਿਆਰਥੀਆਂ ਨੇ ਕਈ ਫਿਲਮਾਂ ਵਿਚ ਭੰਗੜਾ ਵੀ ਪਾਇਆ। ‘ਕਸ਼ਮੀਰ ਕੀ ਕਲੀ’ ਫਿਲਮ ਵਿਚ ਸਾਰੀ ਭੰਗੜਾ ਟੀਮ ਸਾਡੇ ਕਾਲਜ ਦੀ ਸੀ। ਚੇਤਨ ਆਨੰਦ ਦੀ ਫਿਲਮ ‘ਹੀਰ ਰਾਂਝਾ’ ਲਈ ਮਨੋਹਰ ਦੀਪਕ ਨੇ ਪਿਰਥੀ ਸਿੰਘ ਬਰਾੜ ਤੇ ਜੋਗਿੰਦਰ ਸਿੰਘ ਨੂੰ ਚੁਣਿਆ ਸੀ। ਬਾਅਦ ਵਿਚ ਪਿਰਥੀ ਸਿੰਘ ਨੇ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’ ਲਈ ਮੁਕਤਸਰ ਮਾਘੀ ਮੇਲੇ ਤੇ ਹੋਈ ਸ਼ੂਟਿੰਗ ਵਿਚ ਪਹਿਲਵਾਨ ਦਾਰਾ ਸਿੰਘ ਨਾਲ ਭੰਗੜਾ ਪਾਇਆ।
ਇਕ ਵਾਰ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਤੇ ਰੂਪ ਸਿੰਘ ਪ੍ਰਿੰਸੀਪਲ ਸੋਮ ਨਾਥ ਨੂੰ ਮਿਲਣ ਉਨ੍ਹਾਂ ਦੀ ਕੋਠੀ ਆਏ। ਉਹ ਕਿਸੇ ਹੋਰ ਕਾਲਜ ਦੇ ਫੰਕਸ਼ਨ `ਤੇ ਹੋ ਕੇ ਆਏ ਸਨ। ਪ੍ਰਿੰਸੀਪਲ ਸਾਹਿਬ ਨੇ ਸਾਰਾ ਸਟਾਫ਼ ਬੁਲਾ ਕੇ ਹੋਸਟਲ ਵਿਚ ਇਕੱਠ ਕਰ ਲਿਆ। ਧਿਆਨ ਚੰਦ ਨੇ ਆਪਣੇ ਗੋਲ਼ਾਂ ਬਾਰੇ ਫ਼ਖ਼ਰ ਨਾਲ ਦੱਸਿਆ। ਉਸ ਨੇ 1932 ਦੇ ਵਿਸ਼ਵ ਟੂਰ ਸਮੇ 400 ਗੋਲਾਂ ਵਿਚੋਂ 133 ਗੋਲ ਕੀਤੇ ਸਨ। 1936 ਦੀ ਬਰਲਿਨ ਓਲੰਪਿਕਸ ਦੇ ਫਾਈਨਲ ਵਿਚ ਜਰਮਨੀ ਨੂੰ 8-1 ਗੋਲਾਂ ਨਾਲ ਹਰਾਉਣ ਸਮੇਂ ਉਸ ਨੇ 3 ਗੋਲ ਸਨ। ਕਿਹਾ ਜਾਂਦਾ ਹੈ ਕਿ ਹਿਟਲਰ ਨੇ ਧਿਆਨ ਚੰਦ ਨੂੰ ਆਪਣੀ ਫ਼ੌਜ ਵਿਚ ਉੱਚਾ ਰੈਂਕ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਬਾਰੇ ਉੱਦਣ ਉਸ ਨੇ ਕੁਝ ਨਹੀਂ ਦੱਸਿਆ। ਧਿਆਨ ਚੰਦ ਦੇ ਆਉਣ ਦੀ ਖ਼ੁਸ਼ੀ ਵਿਚ ਵਿਦਿਆਰਥੀਆਂ ਨੇ ਭੰਗੜਾ ਪਾਇਆ। ਬੜੇ ਚੇਤੇ ਆਉਂਦੇ ਨੇ ਸਪੋਰਟਸ ਕਾਲਜ ਦੇ ਉਹ ਅਣਮੁੱਲੇ ਸਾਲ!
ਲੁਜ਼ ਲੌਂਗ ਦੀ ਸੱਚੀ-ਸੁੱਚੀ ਖੇਡ ਭਾਵਨਾ
ਬਰਲਿਨ ਓਲੰਪਿਕਸ ਦੀ ਯਾਦਗਾਰੀ ਘਟਨਾ ਸੱਚੀ-ਸੁੱਚੀ ਖੇਡ ਭਾਵਨਾ ਦੀ ਅਦੁੱਤੀ ਮਿਸਾਲ ਹੈ। ਸਭ ਜਾਣਦੇ ਹਨ, ਜੀਵਨ ਵਿਚ ਖੇਡਾਂ ਦਾ ਬੜਾ ਮਹੱਤਵ ਹੈ। ਓਲੰਪਿਕ ਖੇਡਾਂ ਵਿਸ਼ਵ ਪੱਧਰ ਤੇ ਹੁੰਦੀਆਂ ਹਨ। ਉਨ੍ਹਾਂ ਵਿਚ ਵੱਖ ਵੱਖ ਦੇਸ਼ ਹਿੱਸਾ ਲੈਂਦੇ ਹਨ, ਦੋਸਤ ਵੀ ਤੇ ਦੁਸ਼ਮਣ ਵੀ। ਸਭਨਾਂ ਦੇਸ਼ਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਖੇਡਾਂ ਤੇ ਸਿਆਸਤ ਤੇ ਨਫ਼ਰਤ ਦਾ ਪਰਛਾਵਾਂ ਨਾ ਪਵੇ। ਖੇਡਾਂ ਨੂੰ ਕਿਸੇ ਕੌਮ ਦੇ ਵੱਕਾਰ ਦਾ ਸਵਾਲ ਨਾ ਬਣਾਇਆ ਜਾਵੇ। ਇਹ ਤਕਨੀਕ ਤੇ ਕਲਾ ਦੇ ਨਾਲ ਨਾਲ ਜਿਸਮਾਨੀ, ਮਾਨਸਿਕ ਅਤੇ ਰੂਹਾਨੀ ਸ਼ਕਤੀ ਦਾ ਸੁਮੇਲ ਹੁੰਦੀਆਂ ਹਨ। ਆਧੁਨਿਕ ਓਲੰਪਿਕ ਖੇਡਾਂ ਦੇ ਬਾਨੀ ਕੂਬਰਤਿਨ ਨੇ ਠੀਕ ਹੀ ਕਿਹਾ ਸੀ, “ਜੀਵਨ ਵਿਚ ਜ਼ਰੂਰੀ ਗੱਲ ਜਿੱਤਣਾ ਨਹੀਂ, ਬਲਕਿ ਵਧੀਆ ਸੰਘਰਸ਼ ਕਰਨਾ ਹੈ।”
ਸੱਚੀ-ਸੁੱਚੀ ਖੇਡ ਭਾਵਨਾ ਦੀ ਸੁਨਹਿਰੀ ਮਿਸਾਲ 1936 ਵਿਚ ਜਰਮਨੀ ਦੇ ਸ਼ਹਿਰ ਬਰਲਿਨ ਵਿਚ ਹੋਈਆਂ ਓਲੰਪਿਕ ਖੇਡਾਂ ਵਿਚੋਂ ਮਿਲਦੀ ਹੈ। ਉਸ ਸਮੇਂ ਉੱਥੇ ਹਿਟਲਰ ਦੀ ਤਾਨਾਸ਼ਾਹੀ ਸੀ। ਪਹਿਲੀ ਵਿਸ਼ਵ ਜੰਗ ਵਿਚ ਜਰਮਨੀ ਦੀ ਹਾਰ ਪਿੱਛੋਂ ਹਿਟਲਰ ਨੇ ਆਪਣੇ ਦੇਸ਼ਵਾਸੀਆਂ ਵਿਚ ਰਾਸ਼ਟਰਵਾਦ ਅਤੇ ਆਰੀਆ ਨਸਲ ਦੀ ਸਰਵਸ੍ਰੇਸ਼ਟਤਾ ਦਾ ਵਿਚਾਰ ਕੁੱਟ ਕੁੱਟ ਕੇ ਭਰ ਦਿੱਤਾ ਸੀ। ਦੂਜੀਆਂ ਨਸਲਾਂ ਤੇ ਦੇਸ਼ਾਂ ਪ੍ਰਤੀ ਨਫ਼ਰਤ ਸਿਖਰਾਂ ਉੱਤੇ ਸੀ। ਹਿਟਲਰ ਚਾਹੁੰਦਾ ਸੀ ਕਿ ਬਰਲਿਨ ਓਲੰਪਿਕਸ ਵਿਚ ਜਰਮਨੀ ਦੇ ਖਿਡਾਰੀ ਸਭ ਤੋਂ ਵੱਧ ਤਗ਼ਮੇ ਜਿੱਤਣ ਤਾਂ ਕਿ ਉਸ ਦੇ ਆਰੀਆ ਨਸਲ ਬਾਰੇ ਵਿਚਾਰਾਂ ਦੀ ਪੁਸ਼ਟੀ ਹੋ ਸਕੇ। ਓਲੰਪਿਕ ਖੇਡਾਂ ਦੀ ਤਿਆਰੀ ਉਸ ਨੇ ਜੰਗੀ ਪੱਧਰ `ਤੇ ਕਰਵਾਈ ਸੀ। ਲੰਮੀ ਛਾਲ ਚੋਂ ਸੋਨੇ ਦਾ ਤਮਗ਼ਾ ਜਿੱਤਣ ਲਈ ਹਿਟਲਰ ਨੇ ਇਕ ਅਗਿਆਤ ਨੌਜਵਾਨ ਲੁਜ਼ ਲੌਂਗ ਨੂੰ ਗੁਪਤ ਰੱਖ ਕੇ ਤਿਆਰ ਕਰਵਾਇਆ ਸੀ। ਉਸ ਦੀ ਛਾਲ ਓਲੰਪਿਕ ਰਿਕਾਰਡ ਤੋਂ ਵੱਧ ਲੱਗਣ ਲੱਗ ਪਈ ਸੀ ਪਰ ਦੁਨੀਆ ਸਮਝਦੀ ਸੀ ਕਿ ਲੰਮੀ ਛਾਲ ਦਾ ਗੋਲਡ ਮੈਡਲ ਤਾਂ ਅਮਰੀਕਾ ਦਾ ਮੰਨਿਆ ਦੰਨਿਆ ਮਹਾਨ ਅਥਲੀਟ ਜੈਸੀ ਓਵੇਨਜ਼ ਹੀ ਜਿੱਤੇਗਾ।
ਮੁੱਢਲੇ ਟਰਾਇਲਾਂ ਵਿਚ ਨਿਸ਼ਚਤ ਦੂਰੀ ਜੋਗੀ ਛਾਲ ਲਾਉਣੀ ਜ਼ਰੂਰੀ ਹੁੰਦੀ ਹੈ। ਲੁਜ਼ ਲੌਂਗ ਪਹਿਲੀ ਛਾਲ ਨਾਲ ਹੀ ਫਾਈਨਲ ਮੁਕਾਬਲੇ ਲਈ ਕੁਆਲੀਫਾਈ ਕਰ ਗਿਆ। ਜੈਸੀ ਓਵੇਨਜ਼ ਉਹਦੀ 26 ਫੁੱਟ ਦੀ ਰਿਕਾਰਡਤੋੜ ਛਾਲ ਤੋਂ ਹੱਕਾ-ਬੱਕਾ ਰਹਿ ਗਿਆ! ਇਹ ਅਫ਼ਲਾਤੂਨ ਕਿੱਥੋਂ ਨਿਕਲ ਆਇਆ? ਹਿਟਲਰ ਦੇ ਨਸਲਵਾਦ ਨੇ ਜੈਸੀ ਦਾ ਪਾਰਾ ਚੜ੍ਹਾ ਦਿੱਤਾ। ਗੁੱਸੇ ਵਿਚ ਆ ਕੇ ਜੈਸੀ ਓਵੇਨਜ਼ ਦੋ ਛਾਲਾਂ ਫਾਊਲ ਕਰ ਬੈਠਾ। ਗੁੱਸੇ ਤੇ ਘਬਰਾਹਟ ਕਾਰਨ ਉਹਦਾ ਪੈਰ ਛਾਲ ਚੁੱਕਣ ਵਾਲੀ ਫੱਟੀ ਤੋਂ ਮਾਮੂਲੀ ਅੱਗੇ ਚਲਾ ਜਾਂਦਾ ਸੀ। ਬੱਸ ਇਕੋ ਮੌਕਾ ਹੋਰ ਸੀ। ਜੈਸੀ ਦੀ ਘਬਰਾਹਟ ਹੋਰ ਵਧ ਗਈ। ਜੇ ਆਖ਼ਰੀ ਛਾਲ ਵੀ ਫਾਊਲ ਹੋ ਜਾਂਦੀ ਜਾਂ ਮਿਥੀ ਦੂਰੀ ਤੋਂ ਘੱਟ ਰਹਿ ਜਾਂਦੀ ਤਾਂ ਸਾਲਾਂ ਦੀ ਮਿਹਨਤ ਤੇ ਪਾਣੀ ਫਿਰ ਜਾਣਾ ਸੀ। ਫਿਰ ਉਹ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਸੀ ਰਹਿਣਾ।
ਆਪਣੀ ਵਾਰੀ ਦੀ ਉਡੀਕ ਵਿਚ ਉਹ ਗੁੱਸੇ ਨਾਲ ਜ਼ਮੀਨ ਤੇ ਠੁੱਡੇ ਮਾਰ ਰਿਹਾ ਸੀ ਜਦੋਂ ਇਕ ਹਮਦਰਦ ਹੱਥ ਪਿੱਛੋਂ ਉਸ ਦੇ ਮੋਢੇ ਤੇ ਟਿਕਿਆ। ਉਸ ਨੇ ਮੁੜ ਕੇ ਦੇਖਿਆ ਤਾਂ ਲੁਜ਼ ਲੌਂਗ ਖੜ੍ਹਾ ਸੀ। ਗੋਰਾ ਨਿਛੋਹ, ਪਤਲਾ, ਲੰਮਾ, ਬਿੱਲੀਆਂ ਅੱਖਾਂ ਤੇ ਭੂਰੇ ਵਾਲਾਂ ਵਾਲਾ। ਦੇਖਣ ਨੂੰ ਉਹ ਹਿਟਲਰ ਦੇ ਨਸਲਵਾਦ ਦਾ ਪਰਤੱਖ ਰੂਪ ਜਾਪਦਾ ਸੀ ਪਰ ਉਸ ਨੇ ਓਵੇਨਜ਼ ਨਾਲ਼ ਘੁੱਟ ਕੇ ਹੱਥ ਮਿਲਾਇਆ ਤੇ ਹਮਦਰਦੀ ਨਾਲ ਕਿਹਾ, “ਅੱਜ ਤੈਨੂੰ ਕੀ ਹੋ ਗਿਆ ਜੈਸੀ? ਨਾਰਮਲ ਰਹਿ ਕੇ ਛਾਲ ਲਾ। ਤੂੰ ਤਾਂ ਜੰਪਿੰਗ ਪਿੱਟ ਤੋਂ ਇਕ ਫੁੱਟ ਪਿੱਛੋਂ ਵੀ ਛਾਲ ਚੁੱਕੇਂ ਤਾਂ ਕੁਆਲੀਫਾਈ ਕਰ ਸਕਦੈਂ। ਗੁੱਡ ਲੱਕ!” ਲੁਜ਼ ਦੀ ਹਮਦਰਦੀ ਨਾਲ ਓਵੇਨਜ਼ ਨਾਰਮਲ ਹੋ ਗਿਆ। ਉਸ ਨੇ ਤੀਜੀ ਛਾਲ ਫੱਟੀ ਤੋਂ ਖਾਸੀ ਪਿੱਛੋਂ ਚੁੱਕੀ ਅਤੇ ਆਸਾਨੀ ਨਾਲ ਕੁਆਲੀਫਾਈ ਕਰ ਗਿਆ।
ਉਸੇ ਦਿਨ ਪਿਛਲੇ ਪਹਿਰ ਫਾਈਨਲ ਮੁਕਾਬਲੇ ਵਿਚ ਦੋਹਾਂ ਅਥਲੀਟਾਂ ਨੇ ਗੋਲਡ ਮੈਡਲ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਲੁਜ਼ ਲੌਂਗ ਨੇ ਆਪਣੇ ਖੇਡ ਕੈਰੀਅਰ ਦੀ ਸਭ ਤੋਂ ਲੰਬੀ ਛਾਲ ਲਾਈ ਪਰ ਓਵੇਨਜ਼ ਉਸ ਤੋਂ ਵੀ ਵੱਧ ਲੰਮੀ ਛਾਲ਼ ਮਾਰ ਕੇ ਸੋਨੇ ਦਾ ਤਮਗ਼ਾ ਜਿੱਤ ਗਿਆ। ਲੁਜ਼ ਲੌਂਗ ਨੇ ਸੁਹਿਰਦ ਮੁਸਕ੍ਰਾਹਟ ਨਾਲ ਜੈਸੀ ਓਵੇਨਜ਼ ਦਾ ਹੱਥ ਘੁੱਟ ਕੇ ਵਧਾਈ ਦਿੱਤੀ ਅਤੇ ਉਸ ਨਾਲ ਫੋਟੋ ਖਿਚਵਾਏ। ਸੌ ਕੁ ਗਜ਼ ਦੂਰ ਕੈਬਿਨ ਵਿਚ ਬੈਠਾ ਹਿਟਲਰ ਅੱਗਬਗੂਲਾ ਹੋ ਉੱਠਿਆ। ਲੁਜ਼ ਨੇ ਉਸ ਵੱਲ ਦੇਖਿਆ ਪਰ ਕੋਈ ਪਰਵਾਹ ਨਾ ਕੀਤੀ। ਇਸ ਦੀ ਸਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਭੁਗਤਣੀ ਪਈ ਕਿਉਂਕਿ ਹਿਟਲਰ ਨੇ ਉਸ ਨੂੰ ਜੰਗ ਵਿਚ ਝੋਕ ਦਿੱਤਾ।
ਲੁਜ਼ ਲੌਂਗ ਦਾ ਧੰਨਵਾਦ ਕਰਨ ਜੈਸੀ ਓਵੇਨਜ਼ ਉਸੇ ਰਾਤ ਉਹਦੇ ਕਮਰੇ ਵਿਚ ਗਿਆ ਸੀ। ਉਹ ਦੋ ਘੰਟੇ ਗੱਲਾਂ ਕਰਦੇ ਰਹੇ ਸਨ। ਲੁਜ਼ ਲੌਂਗ ਨੂੰ ਹਿਟਲਰ ਦੇ ਨਸਲਵਾਦ ਵਿਚ ਵਿਸ਼ਵਾਸ ਨਹੀਂ ਸੀ ਤੇ ਨਾ ਹੀ ਉਹ ਉਸ ਤੋਂ ਡਰਦਾ ਸੀ। ਉਥੇ ਦੋਹਾਂ ਮਹਾਨ ਐਥਲੀਟਾਂ ਵਿਚਕਾਰ ਨਸਲਵਾਦ ਦੀਆਂ ਹੱਦਾਂ ਨਕਾਰਦੀ ਗੂੜ੍ਹੀ ਦੋਸਤੀ ਹੋ ਗਈ ਜੋ ਪਿੱਛੋਂ ਪਰਿਵਾਰਕ ਸਬੰਧਾਂ ਚ ਬਦਲ ਗਈ। ਜੈਸੀ ਓਵੇਨਜ਼ ਉਸ ਦੋਸਤੀ ਨੂੰ ਸਾਰੀ ਉਮਰ `ਚ ਜਿੱਤੇ ਤਗ਼ਮਿਆਂ ਤੋਂ ਕਿਤੇ ਅਣਮੁੱਲੀ ਸਮਝਦਾ ਰਿਹਾ। ਇਹ ਹੁੰਦੀ ਹੈ ਖੇਡਾਂ ਦੀ ਸੱਚੀ-ਸੁੱਚੀ ਭਾਵਨਾ! ਰਿਕਾਰਡ ਬਣਦੇ ਤੇ ਟੁਟਦੇ ਰਹਿੰਦੇ ਹਨ ਪਰ ਖੇਡ ਭਾਵਨਾ ਅਮਰ ਰਹਿੰਦੀ ਹੈ। ਬਦਕਿਸਮਤੀ ਨਾਲ ਲੁਜ਼ ਲੌਂਗ ਦੂਜੇ ਵਿਸ਼ਵ ਯੁੱਧ ਚ ਲੜਦਾ 1943 ਵਿਚ 30 ਸਾਲ ਦੀ ਜੁਆਨ ਉਮਰੇ ਤਾਨਾਸ਼ਾਹੀ ਦੀ ਭੇਟ ਚੜ੍ਹ ਗਿਆ ਪਰ ਉਹਦੀ ਖੇਡ ਭਾਵਨਾ ਖੇਡਾਂ ਦੇ ਇਤਿਹਾਸ ਵਿਚ ਅਮਰ ਹੋ ਗਈ। ਹੁਣ ਵੀ ਲੋਕ ਲੰਮੀ ਛਾਲ ਦੇ ਉਸ ਮੁਕਾਬਲੇ ਨੂੰ ਇੰਟਰਨੈੱਟ ਤੇ ਦੇਖਦੇ ਹਨ ਅਤੇ ਵਿਦਿਆਰਥੀ ਸਕੂਲਾਂ/ਕਾਲਜਾਂ ਦੀਆਂ ਕਿਤਾਬਾਂ ਦੇ ਪਾਠ-ਕ੍ਰਮ ਵਿਚ ਪੜ੍ਹਦੇ ਹਨ। ਅਮਰ ਰਹੇ ਲੁਜ਼ ਲੌਂਗ!
ਸੰਪਰਕ: principalsarwasingh@gmail.com