ਨਰਾਇਣ ਦੱਤ
ਅੱਜ ਕਿਸਾਨ ਲਹਿਰ ਦੇ ਆਗੂ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦਾ ਸ਼ਰਧਾਂਜਲੀ ਸਮਾਗਮ ਹੋਇਆ। ਉਹ ਹਾਕਮਾਂ ਵੱਲੋਂ ਸਾਮਰਾਜੀ ਪ੍ਰਬੰਧ ਦੀਆਂ ਸੰਸਾਰ ਵਪਾਰ ਜਥੇਬੰਦੀ ਵਰਗੀਆਂ ਸੰਸਥਾਵਾਂ ਦੀਆਂ ਕਿਸਾਨੀ ਧੰਦੇ ਨੂੰ ਚੌਪਟ ਕਰਨ ਵਾਲੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਦੀ ਅਗਵਾਈ ਕਰ ਰਿਹਾ ਸੀ। ਕਦੇ ਖੇਤੀ ਕਿੱਤੇ ਬਾਰੇ ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਦਾ ਨਾਅਰਾ ਲਾਇਆ ਜਾਂਦਾ ਸੀ, ਪਰ 1990-91 ਵਿੱਚ ਸੰਸਾਰ ਵਪਾਰ ਸੰਸਥਾ ਵੱਲੋਂ ਲਾਗੂ ਨੀਤੀਆਂ ਕਾਰਨ ਨਵਾਂ ਦੌਰ ਸ਼ੁਰੂ ਹੋ ਗਿਆ। ਖੇਤੀ ਵਪਾਰਕ ਹਿੱਤਾਂ ਨੂੰ ਹੋਰ ਅੱਗੇ ਵਧਾਉਣ ਦਾ ਜ਼ਰੀਆ ਬਣ ਗਈ। ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣੇ ਖੇਤੀ ਖੇਤਰ ਉੱਪਰ ਕਬਜ਼ੇ ਲਈ ਰੱਸੇ-ਪੈੜੇ ਵੱਟਣ ਲੱਗੇ। ਇਸ ਤੋਂ ਪਹਿਲਾਂ ਅਖੌਤੀ ਹਰੇ ਇਨਕਲਾਬ ਨਾਲ ਪੈਦਾਵਾਰ ਵਿੱਚ ਅਥਾਹ ਵਾਧਾ ਹੋਇਆ ਅਤੇ ਕਿਸਾਨਾਂ ਨੇ ਅੰਨ ਦੇ ਭੰਡਾਰ ਭਰ ਦਿੱਤੇ। ਇਸ ਦੇ ਨਾਲ ਹੀ ਰੇਹ, ਤੇਲ, ਬੀਜ, ਕੀਟਨਾਸ਼ਕ, ਨਦੀਨਨਾਸ਼ਕ ਦਵਾਈਆਂ, ਟਰੈਕਟਰ, ਕੰਬਾਈਨ ਬਣਾਉਣ ਵਾਲੀਆਂ ਕੰਪਨੀਆਂ ਨੇ ਅੰਨ੍ਹੇ ਮੁਨਾਫੇ ਕਮਾਏ, ਪਰ ਕਿਸਾਨਾਂ ਦੇ ਪੱਲੇ ਕਰਜ਼ਾ ਪਿਆ। ਖੇਤਾਂ ਵਿੱਚ ਲਹਿਰਾਉਂਦੀਆਂ ਫ਼ਸਲਾਂ ਵਾਲੀ ਜ਼ਮੀਨ ਵਿੱਚ ਖੁਦਕੁਸ਼ੀਆਂ ਦੀ ਖੇਤੀ ਉੱਗਣ ਲੱਗੀ।
ਇਸੇ ਕਤਾਰ ਵਿੱਚ ਪਿੰਡ ਬੀਰੋਕੇਖੁਰਦ (ਮਾਨਸਾ) ਦੇ ਗਰੀਬ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਦੀ ਨਿਲਾਮੀ ਰੋਕਣ ਲਈ ਜਾਨ ਦੇਣ ਵਾਲਿਆਂ ਵਿੱਚੋਂ ਪ੍ਰਿਥੀਪਾਲ ਪਾਲ ਸਿੰਘ ਚੱਕ ਅਲੀਸ਼ੇਰ ਦਾ ਸੁਨਹਿਰੀ ਅੱਖਰਾਂ ਵਿੱਚ ਸ਼ੁਮਾਰ ਨਾਂ ਮੁੱਢਲੀ ਕਤਾਰ ਵਿੱਚ ਆਉਂਦਾ ਹੈ। ਉਹ ਖੇਤਾਂ ਦਾ ਉਹ ਜੁਝਾਰੂ ਪੁੱਤ ਸੀ ਜਿਸ ਨੇ ਦਸ ਸਾਲ ਪਹਿਲਾਂ ਜ਼ਮੀਨ ਬਚਾਓ ਮੋਰਚੇ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲੇ ਗਰੀਬ ਕਿਸਾਨ ਦੀ ਕੁਰਕ ਹੁੰਦੀ ਜ਼ਮੀਨ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਜ਼ਮੀਨ ਬਚਾਓ ਮੋਰਚੇ ਦਾ ਉਹ ਪਹਿਲਾ ਸ਼ਹੀਦ ਸੀ।
11 ਅਕਤੂਬਰ, 2010 ਦੇ ਦਿਨ ਬੁਢਲਾਡਾ ਮੰਡੀ ਦੇ ਦੋ ਸ਼ਾਹੂਕਾਰ ਆਪਣੇ ਲਾਮ ਲਸ਼ਕਰ ਸਮੇਤ ਪਿੰਡ ਬੀਰੋਕੇ ਖੁਰਦ ਦੇ ਕਿਸਾਨ ਭੋਲਾ ਸਿੰਘ ਦੀ ਜ਼ਮੀਨ ਕੁਰਕ ਕਰਵਾ ਕੇ ਕਾਬਜ਼ ਹੋਣ ਪਹੁੰਚੇ ਸਨ। ਉਨ੍ਹਾਂ ਦੇ ਹੱਥ ਵਿੱਚ ਅਦਾਲਤ ਤੋਂ ਪ੍ਰਾਪਤ ਕੁਰਕੀ ਦਾ ਹੁਕਮ ਸੀ। ਨਾਇਬ ਤਹਿਸੀਲਦਾਰ ਨੇ ਜ਼ਮੀਨ ਦੀ ਕੁਰਕੀ ਲਈ ਬੋਲੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਕੁਰਕੀ ਅਤੇ ਬੋਲੀ ਦਾ ਵਿਰੋਧ ਕਰਨ ਲਈ ਸਵੇਰ ਤੋਂ ਹੀ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦੀ ਬਲਾਕ ਇਕਾਈ ਦੀ ਅਗਵਾਈ ਵਿੱਚ ਜੁਝਾਰੂ ਕਿਸਾਨਾਂ ਦਾ ਜਥਾ ਡੰਡੇ ਅਤੇ ਝੰਡੇ ਲੈ ਕੇ ਪਹੁੰਚਿਆ ਹੋਇਆ ਸੀ। ਇੱਕ ਵਾਰ ਤਾਂ ਪਟਵਾਰੀ ਤੇ ਕਾਨੂੰਗੋ ਕੁਰਕੀ ਦੀ ਕਾਰਵਾਈ ਮੁਲਤਵੀ ਕਰਨ ਦੀ ਕਾਰਵਾਈ ਪਾ ਕੇ ਚਲੇ ਗਏ। ਜਥੇ ਦੇ ਬਹੁਤੇ ਕਿਸਾਨ ਵੀ ਪਰਤ ਗਏ ਤੇ ਬਾਕੀ ਚਾਹ-ਪਾਣੀ ਪੀ ਕੇ ਜਾਣ ਦੀ ਤਿਆਰੀ ਵਿੱਚ ਸਨ। ਇਸੇ ਦੌਰਾਨ ਸ਼ਾਹੂਕਾਰਾਂ ਨਾਲ ਕੀਤੀ ਗਿੱਟ-ਮਿੱਟ ਮੁਤਾਬਿਕ ਨਾਇਬ ਤਹਿਸੀਲਦਾਰ ਪਿੰਡ ਦੀ ਧਰਮਸ਼ਾਲਾ ਪਹੁੰਚ ਗਿਆ। ਉਨ੍ਹਾਂ ਦੇ ਪਹੁੰਚਣ ਦੀ ਖ਼ਬਰ ਮਿਲਣ ’ਤੇ ਪਿੰਡ ਵਿੱਚ ਮੌਜੂਦ ਬਾਕੀ ਕਿਸਾਨ ਜਥੇ ਦੇ ਮੈਂਬਰਾਂ ਨੇ ਮੋਰਚਾ ਸੰਭਾਲ ਲਿਆ ਅਤੇ ਤਹਿਸੀਲਦਾਰ ਦਾ ਘਿਰਾਓ ਕਰਕੇ ਸ਼ਾਹੂਕਾਰਾਂ ਅਤੇ ਉਨ੍ਹਾਂ ਦੇ ਜੋਟੀਦਾਰਾਂ ਨੂੰ ਧਰਮਸ਼ਾਲਾ ਅੰਦਰ ਵੜਨ ਤੋਂ ਰੋਕ ਦਿੱਤਾ। ਜਦੋਂ ਸ਼ਾਹੂਕਾਰਾਂ ਨੇ ਹੈਂਕੜ ਦਿਖਾਉਣ ਅਤੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਹਿੱਕ ਠੋਕ ਕੇ ਖੜ੍ਹ ਗਏ। ਛੇਤੀ ਹੀ ਕਿਸਾਨਾਂ ਨੇ ਸ਼ਾਹੂਕਾਰਾਂ ਅਤੇ ਗੁੰਡਿਆਂ ਨੂੰ ਮੂਹਰੇ ਲਾ ਲਿਆ। ਬੁਰੀ ਤਰ੍ਹਾਂ ਘਿਰ ਗਏ ਟੋਲੇ ਨੇ ਬਾਜ਼ੀ ਪੁੱਠੀ ਪੈਂਦੀ ਦੇਖ ਗੋਲੀ ਚਲਾ ਦਿੱਤੀ। ਇਸ ਦੌਰਾਨ ਇੱਕ ਗੋਲੀ ਪ੍ਰਿਥੀਪਾਲ ਦੀ ਛਾਤੀ ਵਿੱਚ ਵੱਜੀ, ਇੱਕ ਲਛਮਣ ਅਲੀਸ਼ੇਰ ਦੀ ਬਾਂਹ ’ਚ ਅਤੇ ਇੱਕ ਹੋਰ ਗੋਲੀ ਤਰਸੇਮ ਸਿੰਘ ਦੇ ਪੈਰ ਵਿੱਚ ਲੱਗੀ।
ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਸ਼ਹਾਦਤ ਨੇ ਇਲਾਕੇ ਸਮੇਤ ਪੰਜਾਬ ਭਰ ਵਿੱਚ ਕਿਸਾਨਾਂ ਦਾ ਰੋਹ ਪ੍ਰਚੰਡ ਕਰ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦੀ ਬਲਾਕ ਅਤੇ ਜ਼ਿਲ੍ਹਾ ਇਕਾਈ ਨੇ ਸੂਬਾ ਕਮੇਟੀ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਕੇਸ ਦੀ ਪੈਰਵਾਈ ਕੀਤੀ ਅਤੇ ਬੇਖੌਫ਼ ਹੋ ਕੇ ਗਵਾਹੀਆਂ ਦਿੱਤੀਆਂ, ਉਸ ਨੇ ਦੋਵਾਂ ਸ਼ਾਹੂਕਾਰਾਂ ਸਮੇਤ ਉਨ੍ਹਾਂ ਦੇ ਦੋਵੇਂ ਪੁੱਤਰਾਂ ਅਤੇ ਦੋ ਗੁੰਡਿਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਕਰਵਾ ਦਿੱਤੀਆਂ। ਕਿਸਾਨ ਲਹਿਰ ਵਿੱਚ ਇਹ ਸ਼ਾਇਦ ਪਹਿਲਾ ਮਿਸਾਲੀ ਕੇਸ ਹੈ ਜਿਸ ਵਿੱਚ ਜਥੇਬੰਦਕ ਤਾਕਤ ਅਤੇ ਕਾਨੂੰਨੀ ਪੈਰਵਾਈ ਦੇ ਜ਼ੋਰ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ ਅਤੇ ਆਪਣੇ ਸਾਰੇ ਆਗੂਆਂ ਨੂੰ ਬਰੀ ਕਰਵਾਇਆ। ਹਾਈਕੋਰਟ ਤੋਂ ਵੀ ਸ਼ਾਹੂਕਾਰਾਂ, ਗੁੰਡਿਆਂ ਅਤੇ ਨਾਇਬ ਤਹਿਸੀਲਦਾਰ ਨੂੰ ਕੋਈ ਖੈਰ ਨਾ ਪਈ। ਇਨ੍ਹਾਂ ਦੋਸ਼ੀਆਂ ਦੀ ਬੁਢਲਾਡਾ ਅਦਾਲਤ ਵਿੱਚ ਪੇਸ਼ੀ ਮੌਕੇ ਜਿਹੜੀ ਲੜਾਈ ਹੋਈ ਸੀ, ਉਸ ਕੇਸ ਵਿੱਚ ਫਤਿਆਬਾਦ ਸੈਸ਼ਨ ਕੋਰਟ ਨੇ ਜਥੇਬੰਦੀਆਂ ਦੇ 13 ਸਾਥੀਆਂ ਨੂੰ ਜਿਹੜੀ ਤਿੰਨ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਉਹ ਕੇਸ ਅਜੇ ਹਾਈਕੋਰਟ ਵਿੱਚ ਹੈ। ਇਨ੍ਹਾਂ ਵਿੱਚੋਂ ਅੱਠ ਕਿਸਾਨ ਡਕੌਂਦਾ ਗਰੁੱਪ ਅਤੇ ਪੰਜ ਪੰਜਾਬ ਕਿਸਾਨ ਯੂਨੀਅਨ ਦੇ ਹਨ।
ਜ਼ਮੀਨ ਬਚਾਓ ਮੋਰਚੇ ਵਿੱਚ ਸ਼ਹਾਦਤ ਦੇਣ ਵਾਲਾ ਪ੍ਰਿਥੀਪਾਲ ਕੋਈ ਸਾਧਾਰਨ ਕਿਸਾਨ ਵਰਕਰ ਨਹੀਂ ਸੀ। ਉਹ ਜਮਾਤੀ ਤੌਰ ’ਤੇ ਸੁਚੇਤ ਸੁਲਝਿਆ ਕਿਸਾਨ ਕਾਰਕੁਨ ਸੀ। ਜਿੱਥੇ ਉਹ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦਾ ਇਲਾਕਾਈ ਆਗੂ ਸੀ, ਉੱਥੇ ਉਹ ਇਨਕਲਾਬੀ ਕੇਂਦਰ ਪੰਜਾਬ ਨਾਲ ਜੁੜਿਆ ਹੋਇਆ ਸੀ। ਉਹ ਅਜਿਹੀ ਸਮਾਜਿਕ ਤਬਦੀਲੀ ਦਾ ਚਾਹਵਾਨ ਸੀ ਜਿਹੜੀ ਭਗਤ-ਸਰਾਭੇ ਵਾਲੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਵਾਲਾ ਨਵਾਂ ਸਮਾਜ ਸਿਰਜਣ ਵੱਲ ਸੇਧਤ ਹੋਵੇ। ਉਹ ਅਜਿਹੀ ਸਮਾਜਿਕ ਤਬਦੀਲੀ ਦੇ ਸੰਘਰਸ਼ ਨੂੰ ਸਮਰਪਿਤ ਸੀ।
ਅੱਜ ਜਦੋਂ ਅਸੀਂ ਬਾਰਾਂ ਸਾਲ ਬਾਅਦ ਪ੍ਰਿਥੀਪਾਲ ਨੂੰ ਯਾਦ ਕਰ ਰਹੇ ਹਾਂ ਤਾਂ ਸਾਨੂੰ ਲੁੱਟੇ-ਪੁੱਟੇ ਜਾਂਦੇ ਕਿਸਾਨਾਂ ਸਮੇਤ ਮਿਹਨਤਕਸ਼ ਲੋਕਾਂ ਸਾਹਮਣੇ ਦਰਪੇਸ਼ ਚੁਣੌਤੀਆਂ ਦੀ ਚਰਚਾ ਕਰਨੀ ਚਾਹੀਦੀ ਹੈ। ਸਾਨੂੰ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਹੱਕਾਂ-ਹਿੱਤਾਂ ਅਤੇ ਜਮਹੂਰੀ ਅਧਿਕਾਰਾਂ ’ਤੇ ਬੋਲੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਜ਼ਮੀਨ ਬਚਾਓ ਮੋਰਚੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਂਦਾ ਪ੍ਰਿਥੀਪਾਲ ਸ਼ਹੀਦ ਹੋਇਆ, ਉਹ ਜ਼ਮੀਨਾਂ ਹਥਿਆਉਣ ਅਤੇ ਕਾਰਪੋਰੇਟਾਂ ਹਵਾਲੇ ਕਰਨ ਲਈ ਕੇਂਦਰ ਸਰਕਾਰ ਬੁਰੇ ਦੇ ਘਰ ਤੱਕ ਗਈ। ਕਿਸਾਨਾਂ ਦੇ ਇਤਿਹਾਸਕ ਘੋਲ ਸਦਕਾ ਸਰਕਾਰ ਭਾਵੇਂ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਈ, ਪਰ ਉਹ ਅੱਜ ਵੀ ਟੇਢੇ ਢੰਗ ਨਾਲ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਸੌਂਪਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਸ਼ਹਾਦਤ ਨੂੰ ਦੇਖਦੇ ਹੋਏ ਸਾਨੂੰ ਕੇਂਦਰੀ ਹਕੂਮਤ ਦੀਆਂ ਲੋਕ ਤੇ ਕਿਸਾਨ ਮਾਰੂ ਅਤੇ ਸੂਬਿਆਂ ਦੀ ਸੰਘੀ ਨੱਪਣ ਵਾਲੀਆਂ ਨੀਤੀਆਂ ਖਿਲਾਫ਼ ਜੱਦੋ-ਜਹਿਦ ਤਿੱਖੀ ਕਰਨ ਅਤੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਨੂੰ ਇੱਕਜੁਟ ਕਰਨ ਦਾ ਅਹਿਦ ਕਰਨਾ ਚਾਹੀਦਾ ਹੈ।
ਸੰਪਰਕ: 84275-11770