ਜਗਤਾਰਜੀਤ ਸਿੰਘ
ਥਲੀ ਕ੍ਰਿਤ ‘ਬਲੈਸਿੰਗਜ਼’ ਦੇਖਣ ਨੂੰ ਵੱਖਰੀ ਜਿਹੀ ਲੱਗ ਰਹੀ ਹੋਵੇਗੀ। ਸੱਚਮੁੱਚ ਇਹ ਬਣਤਰ, ਵਿਧੀ ਅਤੇ ਮਾਧਿਅਮ ਪੱਖੋਂ ਭਿੰਨਤਾ ਵਾਲੀ ਹੈ। ਆਮ ਤੌਰ ’ਤੇ ਚਿੱਤਰ ਰਚਨਾ ਲਈ ਪ੍ਰਚਲਿਤ ਮਾਧਿਅਮ ਤੇਲ-ਰੰਗ, ਜਲ-ਰੰਗ, ਪੇਸਟਲ ਰੰਗ, ਪੈਂਸਿਲ-ਰੰਗ ਜਾਂ ਸਿਰਫ਼ ਪੈਂਸਿਲ ਨੂੰ ਹੀ ਵਰਤਿਆ ਜਾਂਦਾ ਹੈ। ਪ੍ਰਿੰਟ ਮੇਕਰ ਪਰਮਜੀਤ ਸਿੰਘ ਨੇ ‘ਬਲੈਸਿੰਗਜ਼’ (ਅਸੀਸ/ਮਿਹਰ) ਵਾਸਤੇ ਸਿਲਕ ਸਕਰੀਨ ਵਿਧੀ ਦਾ ਆਸਰਾ ਲਿਆ ਹੈ। ਇਸ ਕਲਾਕਾਰ ਨੇ ਆਪਣੀ ਉਮਰ ਦਾ ਵਧੇਰਾ ਹਿੱਸਾ ਸਿਲਕ ਸਕਰੀਨ ਮਾਧਿਅਮ ਦੇ ਲੇਖੇ ਲਾਈ ਰੱਖਿਆ। ਮੋਟੇ ਤੌਰ ’ਤੇ ਇਹ ਉਹੀ ਤਰੀਕਾ ਹੈ ਜਿਹੜਾ ਬੀਤੇ ਸਮੇਂ ਦੌਰਾਨ ਵਿਜ਼ਿਟਿੰਗ ਕਾਰਡ ਜਾਂ ਵਿਆਹ ਦੇ ਕਾਰਡ ਬਣਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਪ੍ਰਿੰਟ ਮੇਕਰ ਨੇ ਮਿਹਨਤ ਅਤੇ ਲੰਬੇ ਪ੍ਰਯੋਗਾਂ ਬਾਅਦ ‘ਸਿਲਕ ਸਕਰੀਨ’ ਦੇ ਕਮਰਸ਼ਲ ਖਿੱਤੇ ਨੂੰ ਕਲਾ ਖੇਤਰ ਵੱਲ ਮੋੜ ਲਿਆ। ਇਸ ਵਿਧੀ ਨੂੰ ਅਪਣਾਉਣ ਵਾਲੇ ਕਲਾਕਾਰਾਂ ਦੀ ਗਿਣਤੀ ਬਹੁਤ ਘੱਟ ਹੈ। ਲਗਾਤਾਰ ਕੰਮ ਕਰਨ ਵਾਲੇ ਹੋਰ ਵੀ ਘੱਟ।
ਸੱਤਰ ਸੈਂਟੀਮੀਟਰ ਗੁਣਾ ਅਠਤਾਲੀ ਸੈਂਟੀਮੀਟਰ ਆਕਾਰ ਦਾ ‘ਬਲੈਸਿੰਗਜ਼’ ਪ੍ਰਿੰਟ 1989 ਵਿਚ ਤਿਆਰ ਕੀਤਾ ਸੀ। ਇਹ ਆਕਾਰ ਆਮ ਨਾਲੋਂ ਕਾਫ਼ੀ ਵੱਡਾ ਹੈ। ਇਸੇ ਕਾਰਨ ਮੂਲ ਪ੍ਰਿੰਟ ਪ੍ਰਭਾਵੀ ਅਤੇ ਖਿੱਚ ਭਰਪੂਰ ਲੱਗਦਾ ਹੈ।
ਪ੍ਰਿੰਟ ਅੰਦਰ ਦਿਖਾਈ ਦੇਣ ਵਾਲੀਆਂ ਸਭ ਇਕਾਈਆਂ ਆਸਮਾਨ, ਬੱਦਲ, ਫੁੱਲ, ਧਰਤੀ ਦਾ ਸਬੰਧ ਪ੍ਰਕਿਰਤੀ ਨਾਲ ਹੈ। ਪ੍ਰਿੰਟ ਮੇਕਰ ਦੇ ਸਾਰੇ ਕੰਮ ਵਿਚ ਕੁਦਰਤ ਨੂੰ ਪਹਿਲ ਅਤੇ ਪ੍ਰਮੁੱਖਤਾ ਮਿਲੀ ਹੈ। ਇਹ ਹੋਰ ਗੱਲ ਹੈ ਕਿ ਆਉਣ ਵਾਲੀ ਸ਼ੈਅ ਕੀ ਰੂਪ ਰੰਗ ਲੈਂਦੀ ਅਤੇ ਕਾਗਜ਼ ਉੱਪਰ ਉਤਰਨ ਬਾਅਦ ਕੀ ਕਹਿੰਦੀ ਹੈ।
ਮਾਧਿਅਮ ਉਸ ਨੂੰ ਵਰਤਣ ਵਾਲੇ ਦੀ ਸੋਚ ਅਤੇ ਕੰਮ ਕਰਨ ਦੇ ਅੰਦਾਜ਼ ਨੂੰ ਪ੍ਰਭਾਵਿਤ ਕਰਦਾ ਹੈ। ਪਰਮਜੀਤ ਸਿੰਘ ਨੇ ਜਦ ਇਸ ਖੇਤਰ ਦੀ ਚੋਣ ਕੀਤੀ ਤਾਂ ਉਸ ਦੀ ਵਸਤੂਆਂ ਨੂੰ ਦੇਖਣ, ਬਣਾਉਣ ਦੀ ਦ੍ਰਿਸ਼ਟੀ ਵੀ ਬਦਲੀ। ਇਸ ਦੀ ਪੁਸ਼ਟੀ ਇਹ ਪ੍ਰਿੰਟ ਦੇਖ ਕੇ ਹੋ ਜਾਂਦੀ ਹੈ। ਜੋ ਇਕਾਈਆਂ ਸਾਹਮਣੇ ਹਨ, ਉਹ ਆਪਣਾ ਆਕਾਰ ਅਤੇ ਰੰਗ ਕਾਫ਼ੀ ਹੱਦ ਤਕ ਗੁਆ ਚੁੱਕੀਆਂ ਹਨ। ਇਸ ਖੇਤਰ ਦਾ ਕਲਾਕਾਰ ਖ਼ੁਦ-ਬ-ਖ਼ੁਦ ਉਹ ਆਜ਼ਾਦੀ ਨਹੀਂ ਲੈ ਸਕਦਾ ਜੋ ਹੋਰ ਖੇਤਰ ਦੇ ਕਲਾਕਾਰਾਂ ਨੂੰ ਸਹਿਜ ਸੁਭਾਅ ਮਿਲਦੀ ਰਹਿੰਦੀ ਹੈ। ਪੁੱਛਿਆ ਜਾ ਸਕਦਾ ਹੈ, ਮਾਧਿਅਮ ਔਖਾ ਹੋਣ ਦੇ ਬਾਵਜੂਦ ਪਰਮਜੀਤ ਸਿੰਘ ਇਹ ਰਾਹ ਵੱਲ ਕਿਉਂ ਆਇਆ? ਬਿਖੜੇ ਰਾਹ ਦੇ ਵੀ ਕੁਝ ਗੁਣ-ਲੱਛਣ ਹੁੰਦੇ ਹਨ ਕਿ ਰਾਹੀ ਉਨ੍ਹਾਂ ਵੱਲ ਖਿੱਚਿਆ ਜਾਂਦਾ ਹੈ। ਇਸ ਦਾ ਪਹਿਲਾ ਗੁਣ ਹੈ, ਕਾਗ਼ਜ਼ ਉੱਪਰ ਲਾਏ ਜਾਂਦੇ ਰੰਗ ਸਪਾਟ ਭਾਵ ਫਲੈਟ ਹੁੰਦੇ ਹਨ। ਪ੍ਰਿੰਟ ਵਿਚਲਾ ਅੰਬਰ ਅਤੇ ਧਰਤੀ ਲਈ ਵਰਤਿਆ ਰੰਗ ਸਪਾਟ ਹੈ। ਇਨ੍ਹਾਂ ਦੇ ਤੱਤਾਂ ਨੇ ਕਾਗਜ਼ ਦੀ ਸਭ ਤੋਂ ਵੱਧ ਥਾਂ ਮੱਲੀ ਹੋਈ ਹੈ। ਇਹ ਕਾਗਜ਼ ਉੱਪਰ ਦਿਸਦੇ ਹੋਰ ਮੋਟਿਫਾਂ ਦੀ ਪਿੱਠਭੂਮੀ ਵੀ ਬਣਦੇ ਹਨ। ਪਿਛੋਕੜ ਦੇ ਸਪਾਟ ਰੰਗਾਂ ਦੇ ਮੁਕਾਬਲੇ ਅਗਲੇਰੇ ਰੰਗ ਵੰਨ-ਸੁਵੰਨੇ ਅਤੇ ਹਲਕੇ ਹਨ। ਕਲਾਕਾਰ ਨੂੰ ਸਿਲਕ ਸਕਰੀਨ ਪ੍ਰਿੰਟ ਤਿਆਰ ਕਰਦੇ ਸਮੇਂ, ਓਦਾਂ ਵੀ ਵੱਡੀਆਂ ਥਾਵਾਂ ਨੂੰ ਪਹਿਲਾਂ ਪੋਤਣਾ ਪੈਂਦਾ ਹੈ। ਤੇਜ਼, ਤਿੱਖੇ ਰੰਗਾਂ ਦੀ ਇਕਸਾਰ ਸੰਘਣੀ ਵਰਤੋਂ ਕਲਾਕ੍ਰਿਤ ਦਾ ਅਸਰ ਬਦਲ ਦੇਣ ਦੇ ਸਮਰੱਥ ਹੈ। ਕਈ ਪੇਂਟਰਾਂ ਨੇ ਆਪਣੀਆਂ ਪੇਂਟਿੰਗਾਂ ਦੀ ਪਿੱਠਭੂਮੀ ਲਈ ਸਪਾਟ ਰੰਗਾਂ ਦੀ ਵਰਤੋਂ ਕੀਤੀ ਹੈ। ਇਹ ਗੁਣ ਸਿਲਕ ਸਕਰੀਨ ਦਾ ਹੀ ਹੈ।
ਪ੍ਰਿੰਟ ਮੇਕਰ ਵੱਡੀਆਂ ਥਾਵਾਂ ਨੂੰ ਇਕ ਰੰਗੀ ਰੱਖਦਾ ਹੈ। ਛੋਟੀਆਂ ਇਕਾਈਆਂ ਹਿਤ ਦੂਸਰੇ ਰੰਗਾਂ ਨੂੰ ਮੇਲ ਕੇ, ਵੱਖ-ਵੱਖ ਤਰ੍ਹਾਂ ਦੀ ਭਾਹ ਦੇ ਕੇ ਉਹ ਉਨ੍ਹਾਂ ਨੂੰ ਜੀਵੰਤ ਕਰ ਦਿੰਦਾ ਹੈ। ਅਸਲ ਵਿਚ ਛੋਟੀਆਂ ਥਾਵਾਂ ਨੂੰ ਸਾਂਭਣਾ ਸੌਖਾ ਹੁੰਦਾ ਹੈ। ਕਾਗਜ਼ ਉਪਰ ਹੋਈ ਦ੍ਰਿਸ਼ ਰਚਨਾ ਲਈ ਕਿਸੇ ਮਸ਼ੀਨੀ ਯੰਤਰ ਦੀ ਮਦਦ ਨਹੀਂ ਲਈ ਗਈ। ਪ੍ਰਿੰਟ ਮੇਕਰ ਦਾ ਮਤ ਹੈ ਕਿ ਮਨਚਾਹੇ ਪ੍ਰਭਾਵ ਲੈਣ ਵਾਸਤੇ ਸਾਰਾ ਕੁਝ ਹੱਥੀਂ ਕੀਤਾ ਜਾਂਦਾ ਹੈ। ਇਉਂ ਬਣਾਉਣ ਵਾਲੇ ਦਾ ਬਣਾਈ ਜਾ ਰਹੀ ਵਸਤੂ ਨਾਲ ਸੰਪਰਕ ਵੀ ਬਣਿਆ ਰਹਿੰਦਾ ਹੈ।
ਪ੍ਰਿੰਟ ਮੇਕਰ ਜ਼ਰੂਰੀ ਨਹੀਂ ਸਮਝਦਾ ਕਿ ਉਹੀ ਰੰਗ ਵਰਤਿਆ ਜਾਵੇ ਜੋ ਵਸਤੂ ਦਾ ਹੈ। ਇੱਥੇ ਵੀ ਆਸਮਾਨ ਗੂੜ੍ਹਾ ਨੀਲਾ ਹੈ, ਆਸਮਾਨੀ ਨਹੀਂ। ਧਰਤੀ ਦਾ ਰੰਗ ਧਰਤੀ ਜਿਹਾ ਨਹੀਂ। ਪ੍ਰਿੰਟ ਖੇਡ ਜਿਹਾ ਕਾਰਾ ਹੈ, ਜੋ ਸੱਚ ਵੀ ਹੈ ਅਤੇ ਨਹੀਂ ਵੀ। ਜਦ ਇਕ ਵਸਤੂ ਦਾ ਰੰਗ ਮੂਲ ਰੰਗ ਤੋਂ ਹਟ ਕੇ ਵਰਤਿਆ ਜਾਂਦਾ ਹੈ ਤਾਂ ਦੂਸਰੀਆਂ ਵਸਤਾਂ ਦੇ ਰੰਗ ਵੀ ਆਪਣੇ ਆਪ ਬਦਲ ਜਾਂਦੇ ਹਨ ਕਿਉਂਕਿ ਵਰਤੇ ਗਏ ਰੰਗਾਂ ਪੱਖੋਂ ਰਚਨਾ ਇਕ ਤਰਕਸੰਗਤ ਇਕਾਈ ਵੀ ਹੈ। ਪ੍ਰਿੰਟ ਵਿਚ ਜ਼ਿਆਦਾ ਮੋਟਿਫਾਂ ਦਾ ਘੜਮੱਸ ਨਹੀਂ। ਆਸਮਾਨੀ ਖਲਾਅ ਵਿਚ ਕੋਈ ਕੋਈ ਬੱਦਲ ਟੋਟਾ ਹੈ। ਜ਼ਮੀਨ ਅਤੇ ਬੱਦਲਾਂ ਵਿਚਾਲੇ ਫ਼ਾਸਲੇ ਨੂੰ ਕਮਲ ਫੁੱਲਾਂ ਨਾਲ ਭਰਿਆ ਹੈ। ਫੁੱਲ ਪੂਰੀ ਤਰ੍ਹਾਂ ਖਿੜੇ ਹੋਏ ਨਹੀਂ। ਮੰਨ ਸਕਦੇ ਹਾਂ ਕਿ ਉਹ ਪੂਰੀ ਤਰ੍ਹਾਂ ਖਿੜਨ ਦੀ ਪ੍ਰਕਿਰਿਆ ਵੱਲ ਵਧ ਰਹੇ ਸਨ। ਇੱਥੇ ਫੁੱਲਾਂ ਦੇ ਨਾਲ ਕਮਲ-ਡੰਡੀਆਂ ਹਨ ਜੋ ਨੀਰਸ ਖਲਾਅ ਨੂੰ ਭਰਦੀਆਂ ਹਨ। ਟਹਿਣੀਆਂ ਸਮੇਤ ਦਰਸਾਏ ਕਮਲ ਫੁੱਲਾਂ ਦਾ ਇੱਥੇ ਜਮਘਟ ਨਹੀਂ। ਇਹ ਵਿਰਲੇ ਹੋਣ ਸਦਕਾ ਆਪਣਾ ਕਿਰਦਾਰ ਰੱਖ ਰਹੇ ਹਨ। ਡੰਡੀਆਂ ਦੀ ਹਲਕੀ ਗੋਲਾਈ ਮਾਹੌਲ ਵਿਚਲੀ ਸਖ਼ਤਾਈ ਨੂੰ ਵਿਰਾਮ ਦੇਂਦੀ ਹੈ। ਇਹ ਮੋਟਿਫ ਆਕਾਸ਼, ਬੱਦਲ, ਧਰਤੀ ਤੋਂ ਆਪਣੇ ਰੰਗ-ਰੂਪ, ਬਣਤਰ ਪੱਖੋਂ ਭਿੰਨ ਹਨ। ਫੁੱਲ ਦੀ ਮੰਗ ਹੈ ਕਿ ਉਸ ਨੂੰ ਰੰਗਦਾਰ ਅਤੇ ਕੋਮਲ ਬਣਾਇਆ ਜਾਵੇ। ਫੁੱਲਾਂ ਨੂੰ ਮਿਲੀ ਰੰਗ ਗਰੇਡੇਸ਼ਨ ਇਹੋ ਭਾਵ ਜਗਾਉਂਦੀ ਹੈ। ਖਲਾਅ ਮੰਚ ਸਾਹਮਣਿਓਂ ਨਿੱਕੇ-ਵੱਡੇ ਬੱਦਲ ਟੋਟੇ ਇਕ ਦਿਸ਼ਾ ਤੋਂ ਦੂਜੀ ਦਿਸ਼ਾ ਵੱਲ ਵਧਦੇ ਦਿਸ ਰਹੇ ਹਨ। ਨੀਝ ਨਾਲ ਦੇਖਣ ਵਾਲੀ ਅੱਖ ਬੱਦਲਾਂ ਵਿਚੋਂ ਭਿੰਨ-ਭਿੰਨ ਆਕਾਰ ਦੇਖਣ ਵਿਚ ਗੁਆਚੀ ਰਹਿੰਦੀ ਹੈ। ਇਹ ਖੇਡ ਅਮੁੱਕ ਹੁੰਦੀ ਹੈ।
ਪ੍ਰਿੰਟ ਮੇਕਰ ਪਰਮਜੀਤ ਸਿੰਘ ਬੱਦਲ ਦਾ ਮਾਨਵੀਕਰਨ ਕਰ ਰਿਹਾ ਹੈ। ਬੱਦਲ ਤਾਂ ਹਰ ਖਿਣ ਬਦਲਦੇ ਰਹਿੰਦੇ ਹਨ ਜਦੋਂਕਿ ਪ੍ਰਿੰਟ ਮੇਕਰ ਕਾਗਜ਼ ਉੱਪਰ ਉਸ ਦਾ ਰੂਪ ਉਤਾਰ ਉਸ ਨੂੰ ਸਥਿਰ ਕਰ ਦਿੰਦਾ ਹੈ। ਜਿਸ ਬੱਦਲ ਦਾ ਮਾਨਵੀਕਰਨ ਕੀਤਾ ਗਿਆ ਹੈ, ਉਸ ਦੀ ਦਿੱਖ ਆਪਣੇ ਸੰਗੀ-ਸਾਥੀਆਂ ਤੋਂ ਭਿੰਨ ਹੈ। ਵੱਡਾ ਬੱਦਲ ਸ਼ੁੱਧ ਮਾਨਵੀ ਆਕਾਰ ਨਹੀਂ ਸਗੋਂ ਮਾਨਵ ਦਾ ਝਾਉਲਾ ਸਿਰਜਦਾ ਹੈ।
ਧਰਤੀ ਉੱਪਰੋਂ ਬੱਦਲਾਂ ਦਾ ਗੁਜ਼ਰਨਾ ਭਾਵ ਧਰਤੀ ਦੀ ਪਿਆਸ ਨੂੰ ਮਿਟਾਉਣ ਵਾਲਾ ਮੂਲ ਸਰੋਤ। ਫੁੱਲ ਮਾਹੌਲ ਨੂੰ ਤਾਜ਼ਾ, ਸਰਸ ਬਣਾਉਂਦੇ ਹਨ। ਇਨ੍ਹਾਂ ਦੇ ਰੰਗਾਂ ਦਾ ਪਾਸਾਰ ਧਰਤੀ ਦੇ ਗੁਣਾਂ ਦੀ ਦੱਸ ਹੈ।
ਸਿਲਕ ਸਕਰੀਨ ਦੀ ਕਾਢ ਚੀਨ ਵਿਚ ਕੱਢੀ ਗਈ। ਉੱਥੋਂ ਇਹਨੇ ਲਾਗਲੇ ਦੇਸ਼ਾਂ ਬਾਅਦ ਪੱਛਮ ਵੱਲ ਯਾਤਰਾ ਕੀਤੀ। ਫਰੇਮ ਵਿਚ ਕੱਸ ਕੇ ਬੰਨ੍ਹੇ ਸਿਲਕ ਦੇ ਕੱਪੜੇ ਨੂੰ ਕਾਗ਼ਜ਼ ਉੱਪਰ ਲਿਟਾਅ ਦੇਂਦੇ ਹਨ। ਕੱਪੜੇ ਉੱਪਰ ਪਾਏ ਰੰਗ ਨੂੰ ਲਚਕਦਾਰ ਰਬੜ-ਪੱਟੀ ਨਾਲ ਥੱਲੇ ਵੱਲ ਨੂੰ ਧੱਕਿਆ ਜਾਂਦਾ ਹੈ। ਇਸ ਦਾਬ ਨਾਲ ਰੰਗ ਮਹੀਨ ਕੱਪੜੇ ਥਾਣੀਂ ਨਿਕਲ ਪੇਪਰ ਉੱਤੇ ਆ ਜਾਂਦਾ ਹੈ।
ਰੰਗੇ ਜਾਣ ਵਾਲੀ ਥਾਂ ਨੂੰ ਛੱਡ ਕੇ ਬਾਕੀ ਸਾਰੀ ਥਾਂ ਉੱਤੇ ਕੈਮੀਕਲ ਤਰਲ ਪਦਾਰਥ ਦਾ ਲੇਪ ਲਾ ਦਿੱਤਾ ਜਾਂਦਾ ਹੈ। ਤਰਲ ਪਦਾਰਥ ਵਾਲੀ ਥਾਂ ਸੁੱਕ ਕੇ ਸਿਲਕ ਨੂੰ ਅਪਾਰਦਰਸ਼ੀ ਬਣਾ ਦਿੰਦੀ ਹੈ। ਜਿੰਨੀ ਰੰਗਾਂ ਦੀ ਗਿਣਤੀ ਹੋਵੇਗੀ ਇਹ ਕਾਰਜ ਓਨੀ ਵਾਰ ਦੁਹਰਾਇਆ ਜਾਵੇਗਾ। ਪਰਮਜੀਤ ਸਿੰਘ ਅਨੁਸਾਰ: ‘‘ਮੈਂ ਆਮ ਤੌਰ ’ਤੇ ਇਕ ਪ੍ਰਿੰਟ ਤਿਆਰ ਕਰਨ ਵਾਸਤੇ ਪੰਦਰਾਂ-ਸੋਲਾਂ ਰੰਗ ਇਸਤੇਮਾਲ ਕਰਦਾ ਹਾਂ। ਆਮ ਤੌਰ ’ਤੇ ਪੇਪਰ ਉਪਰ ਆਕਾਰ ਚਿੱਤਰਣ ਹਿਤ ਫਿਲਮ ਵਰਤੀ ਜਾਂਦੀ ਹੈ। ਮੇਰੇ ਵੱਲੋਂ ਲਾਏ ਜਾਂਦੇ ਰੰਗਾਂ ਦੀ ਗਿਣਤੀ ਅਨੁਸਾਰ ਹੋਣ ਵਾਲੇ ਖਰਚੇ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਖਰਚ ਕਾਬੂ ਵਿਚ ਰੱਖਣ ਲਈ ਮੈਂ ਕਾਗਜ਼ ਇਸਤੇਮਾਲ ਕਰਦਾ ਹਾਂ। ਇਸ ਦੀ ਸੋਝੀ ਕੰਮ ਕਰਦਿਆਂ ਕਰਦਿਆਂ ਹੀ ਹੋਈ।’’
ਜਿਸ ਥਾਂ ਉਪਰ ਰੰਗ ਨਹੀਂ ਲਾਇਆ ਜਾਣਾ, ਉੱਥੇ ਉਹ ਥਾਂ ਕਾਗਜ਼ ਨਾਲ ਢਕ ਲਈ ਜਾਂਦੀ ਹੈ। ਇਸ ਤਰੀਕੇ ਨਾਲ ਪੈਸੇ ਦੀ ਬੱਚਤ ਤਾਂ ਹੋ ਜਾਂਦੀ ਹੈ, ਪਰ ਜ਼ਿਆਦਾ ਪ੍ਰਿੰਟ ਤਿਆਰ ਨਹੀਂ ਹੋ ਸਕਦੇ ਕਿਉਂਕਿ ਸਕਿਊਜੀ ਚਲਾਉਣ ਨਾਲ ਕਾਗਜ਼ ਗਲ ਜਾਂਦਾ ਹੈ। ਪ੍ਰਿੰਟ ਮੇਕਰ ਇਸ ਵਿਧੀ ਨਾਲ ਦਸ ਦੇ ਆਸ-ਪਾਸ ਪ੍ਰਿੰਟ ਲੈਂਦਾ ਰਿਹਾ ਹੈ।
ਸਾਰਾ ਕੰਮ ਹੱਥੀਂ ਕੀਤਾ ਜਾਂਦਾ ਹੈ ਭਾਵ ਮਸ਼ੀਨ ਦੀ ਮਦਦ ਨਹੀਂ ਲਈ ਜਾਂਦੀ। ਵਰਤੇ ਜਾਂਦੇ ਰੰਗਾਂ ਵਿਚ ਰਸਾਇਣਾਂ ਦੀ ਵਰਤੋਂ ਹੋਣ ਕਾਰਨ ਉਹ ਆਸ-ਪਾਸ ਤਿੱਖੀ ਗੰਧ ਖਿਲੇਰਦੇ ਹਨ ਜਿਸ ਨੂੰ ਜ਼ਿਆਦਾ ਸਮੇਂ ਤੱਕ ਸਹਾਰਿਆ ਨਹੀਂ ਜਾ ਸਕਦਾ। ਰਸਾਇਣੀ ਰੰਗ ਤੇਜ਼ ਗਰਮੀ ਜਾਂ ਤੇਜ਼ ਠੰਢ ਸਮੇਂ ਨਹੀਂ ਵਰਤੇ ਜਾ ਸਕਦੇ।
ਆਕਾਸ਼ ਅਛੋਹ, ਅੰਤਹੀਣ ਹੈ। ਦਿਖਾਈ ਦੇ ਰਿਹਾ ਧਰਤ ਟੋਟਾ ਧਰਤੀ ਦਾ ਅਤਿ ਨਿਗੂਣਾ ਹਿੱਸਾ ਹੈ। ਮਾਨਵੀਕ੍ਰਿਤ ਬੱਦਲ, ਇਸਤਰੀ ਰੂਪ ਵੱਲ ਦੇ ਹਨ। ਇਸਤਰੀ ਪਿਆਰ, ਮਮਤਾ, ਕੋਮਲ ਹਿਰਦੇ ਅਤੇ ਭਾਵੁਕਤਾ ਦਾ ਰੂਪ ਹੈ। ਅਤਿ ਕਠੋਰ ਇਸਤਰੀ ਵੀ ਇਨ੍ਹਾਂ ਗੁਣਾਂ ਤੋਂ ਸੱਖਣੀ ਨਹੀਂ ਹੋ ਸਕਦੀ। ਪ੍ਰਿੰਟ ਵਿਚ ਧਰਤੀ ਪੂਰੀ ਤਰ੍ਹਾਂ ਸਪਾਟ ਹੈ। ਉਸ ਉੱਪਰ ਘਾਹ ਤਿੜ ਤੱਕ ਨਹੀਂ। ਪਰ ਧਰਤੀ ਪਾਲਕ ਹੈ। ਮਿੱਟੀ ਵਿਚੋਂ ਜੋ ਉਪਜਦਾ ਹੈ, ਉਹ ਜੀਅ-ਜੰਤ ਦੇ ਜੀਵਨ ਨੂੰ ਅਗਾਂਹ ਤੋਰਦਾ ਹੈ। ਧਰਤੀ ਦੇ ਕਰਮ ਨੂੰ ਦੇਖ ਪ੍ਰਸੰਨ ਹੋਏ ਬੱਦਲ ਉਸ ਉੱਪਰ ਫੁੱਲ ਵਰਖਾ ਕਰ ਰਹੇ ਹਨ। ਓਦਾਂ ਬੱਦਲਾਂ ’ਚੋਂ ਡਿੱਗਦਾ ਪਾਣੀ ਧਰਤੀ ਲਈ ਵਰਦਾਨ ਹੈ, ਬਲੈਸਿੰਗਜ਼ ਹੈ। ਪ੍ਰਿੰਟ ਮੇਕਰ ਇਸੇ ਤੱਥ ਨੂੰ ਆਪਣੀ ਰਚਨਾ ਰਾਹੀਂ ਪ੍ਰਗਟਾਅ ਰਿਹਾ ਹੈ।
ਆਮ ਤੌਰ ’ਤੇ ਚਿੱਤਰ ਰਚਨਾ ਲਈ ਪ੍ਰਚਲਿਤ ਮਾਧਿਅਮ ਤੇਲ-ਰੰਗ, ਜਲ-ਰੰਗ, ਪੇਸਟਲ ਰੰਗ, ਪੈਂਸਿਲ-ਰੰਗ ਜਾਂ ਸਿਰਫ਼ ਪੈਂਸਿਲ ਨੂੰ ਹੀ ਵਰਤਿਆ ਜਾਂਦਾ ਹੈ। ਪ੍ਰਿੰਟ ਮੇਕਰ ਪਰਮਜੀਤ ਸਿੰਘ ਨੇ ‘ਬਲੈਸਿੰਗਜ਼’ (ਅਸੀਸ/ਮਿਹਰ) ਵਾਸਤੇ ਸਿਲਕ ਸਕਰੀਨ ਵਿਧੀ ਦਾ ਆਸਰਾ ਲਿਆ ਹੈ। ਇਸ ਕਲਾਕਾਰ ਨੇ ਆਪਣੀ ਉਮਰ ਦਾ ਵਧੇਰਾ ਹਿੱਸਾ ਸਿਲਕ ਸਕਰੀਨ ਮਾਧਿਅਮ ਦੇ ਲੇਖੇ ਲਾਈ ਰੱਖਿਆ। ਮੋਟੇ ਤੌਰ ’ਤੇ ਇਹ ਉਹੀ ਤਰੀਕਾ ਹੈ ਜਿਹੜਾ ਬੀਤੇ ਸਮੇਂ ਦੌਰਾਨ ਵਿਜ਼ਿਟਿੰਗ ਕਾਰਡ ਜਾਂ ਵਿਆਹ ਦੇ ਕਾਰਡ ਬਣਾਉਣ ਵਾਸਤੇ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ।
ਸੰਪਰਕ: 98990-91186