ਸਾਰਿਕਾ ਜਿੰਦਲ
ਲਾਲ ਬਹਾਦੁਰ ਸ਼ਾਸਤਰੀ (2 ਅਕਤੂਬਰ 1904-11 ਜਨਵਰੀ 1966) ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦਾ ਜਨਮ ਵਾਰਾਨਸੀ ਦੇ ਪਿੰਡ ਮੁਗਲਸਰਾਏ ਵਿਚ ਹੋਇਆ। ਉਹ ਉਦੋਂ ਸਿਰਫ ਡੇਢ ਸਾਲਾਂ ਦੇ ਸਨ ਜਦੋਂ ਸਿੱਖਿਆ ਵਿਭਾਗ ਨਾਲ ਸਬੰਧਿਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਮਾਤਾ ਰਾਮਦੁਲਾਰੀ ਨੇ ਨਿਭਾਈ। ਗਰੀਬੀ ਅਤੇ ਅਤਿਅੰਤ ਮੁਸ਼ਕਿਲਾਂ ਦੌਰਾਨ ਉਨ੍ਹਾਂ ਆਪਣੀ ਮੁਢਲੀ ਪੜ੍ਹਾਈ ਪੂਰੀ ਕਰਨ ਉਪਰੰਤ ਵਾਰਾਨਸੀ ਦੇ ਹਰੀਸ਼ ਚੰਦਰ ਸਕੂਲ ਵਿਚ ਦਾਖਲਾ ਲਿਆ। ਜਦੋਂ 1921 ਵਿਚ ਮਹਾਤਮਾ ਗਾਂਧੀ ਨੇ ਵਾਰਾਨਸੀ ਆ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਸਿਰਫ 17 ਸਾਲ ਦੀ ਉਮਰ ਵਿਚ ਆਪ ਜੀ ਨੇ ਭਰੀ ਸਭਾ ਵਿਚ ਖੜ੍ਹੇ ਹੋ ਕੇ ਆਪਣੇ ਆਪ ਨੂੰ ਰਾਸ਼ਟਰ ਹਿਤ ਲਈ ਸੌਂਪਣ ਦਾ ਐਲਾਨ ਕਰ ਦਿੱਤਾ। ਪੜ੍ਹਾਈ ਛੱਡ ਉਹ ਰਾਸ਼ਟਰੀ ਅੰਦੋਲਨ ਵਿਚ ਕੁੱਦ ਪਏ ਅਤੇ ਢਾਈ ਸਾਲ ਲਈ ਜੇਲ੍ਹ ਵਿਚ ਬੰਦ ਰਹੇ।
ਇਸ ਤੋਂ ਬਾਅਦ ਉਨ੍ਹਾਂ ਕਾਸ਼ੀ ਵਿਦਿਆਪੀਠ ਵਿਖੇ ਦਾਖਲਾ ਲਿਆ। ਉੱਥੇ ਆਪ ਜੀ ਦੀ ਮੁਲਾਕਾਤ ਡਾæ ਭਗਵਾਨ ਦਾਸ, ਆਚਾਰੀਆ ਕ੍ਰਿਪਲਾਨੀ, ਸ਼੍ਰੀ ਪ੍ਰਕਾਸ਼ ਅਤੇ ਡਾ. ਸੰਪੂਰਨਾਨੰਦ ਨਾਲ ਹੋਈ। ਇਨ੍ਹਾਂ ਤੋਂ ਉਨ੍ਹਾਂ ਨੇ ਰਾਜਨੀਤੀ ਦੀ ਸਿੱਖਿਆ ਤਾਂ ਪ੍ਰਾਪਤ ਕੀਤੀ ਹੀ, ਨਾਲ ਹੀ ਸ਼ਾਸਤਰੀ ਦੀ ਉਪਾਧੀ ਵੀ ਪਾਈ ਅਤੇ ਲਾਲਾ ਬਹਾਦੁਰ ਤੋਂ ਲਾਲਾ ਬਹਾਦੁਰ ਸ਼ਾਸਤਰੀ ਬਣ ਗਏ। ਆਪ ਲੋਕ ਸੇਵਕ ਸੰਘ ਦੇ ਮੈਂਬਰ ਬਣ ਕੇ ਲੋਕ ਸੇਵਾ ਅਤੇ ਗਣਤੰਤਰਤਾ ਲਈ ਕੰਮ ਕਰਨ ਲੱਗੇ। ਇਲਾਹਾਬਾਦ ਨਗਰ ਨਿਗਮ ਅਤੇ ਇੰਪਰੂਵਮੈਂਟ ਦੇ ਮੈਂਬਰ ਵੀ ਬਣੇ। ਇਸ ਤੋਂ ਬਾਅਦ ਇਲਾਹਾਬਾਦ ਜ਼ਿਲ੍ਹਾ ਕਾਂਗਰਸ ਦੀ ਮਹਾ-ਮੁਹਿੰਮ ਲਈ ਵੀ ਚੁਣੇ ਗਏ। ਆਪ ਜੀ ਦੇ ਰਾਜਨੀਤਕ ਜੀਵਨ ਉੱਤੇ ਪੰਡਿਤ ਗੋਬਿੰਦ ਵੱਲਭ ਪੰਤ ਦਾ ਵੀ ਬਹੁਤ ਪ੍ਰਭਾਵ ਰਿਹਾ। 1937 ਵਿਚ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। 1940 ਵਿਚ ਬ੍ਰਿਟਿਸ਼ ਸਰਕਾਰ ਨੇ ਆਪ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿਚ ਡੱਕ ਦਿੱਤਾ।
ਇਸੇ ਤਰ੍ਹਾਂ ਜਦੋਂ 1942 ਵਿਚ ਮਹਾਤਮਾ ਗਾਂਧੀ ਜੀ ਨੇ ਭਾਰਤ ਛੱਡੋ ਅਤੇ ਕਰੋ ਜਾਂ ਮਰੋ ਦੇ ਨਾਅਰੇ ਲਾਏ, ਉਸ ਸਮੇਂ ਵੀ ਬਾਕੀ ਰਾਸ਼ਟਰੀ ਨੇਤਾਵਾਂ ਨਾਲ ਆਪ ਜੀ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। 1945 ਵਿਚ ਜੇਲ੍ਹ ਵਿਚੋਂ ਮੁਕਤ ਹੋਂਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪੰਡਿਤ ਗੋਬਿੰਦ ਵੱਲਭ ਨੇ ਆਪ ਜੀ ਨੂੰ ਸਭਾ-ਸਕੱਤਰ ਬਣਾ ਲਿਆ। 1947 ਵਿਚ ਆਪ ਜੀ ਨੂੰ ਗ੍ਰਹਿ ਮੰਤਰੀ ਦਾ ਪਦ ਮਿਲਿਆ। ਇਸੇ ਤਰ੍ਹਾਂ ਆਪਣੀ ਮਿਹਨਤ ਅਤੇ ਯੋਗਤਾ ਕਾਰਨ ਉਹ ਲਗਾਤਾਰ ਅੱਗੇ ਹੀ ਅੱਗੇ ਵਧਦੇ ਗਏ। ਦਿੱਲੀ ਆਉਣ ਪਿੱਛੋਂ ਜਦੋਂ ਆਜ਼ਾਦ ਭਾਰਤ ਦਾ ਆਪਣਾ ਨਵਾਂ ਅਤੇ ਗਣਤੰਤਰੀ ਸੰਵਿਧਾਨ ਐਲਾਨ ਹੋਇਆ ਤਾਂ ਕੇਂਦਰੀ ਮੰਤਰੀ ਮੰਡਲ ਵਿਚ ਉਨ੍ਹਾਂ ਨੂੰ ਰੇਲ ਤੇ ਟਰਾਂਸਪੋਰਟ ਮੰਤਰੀ, ਫਿਰ ਵਿੱਤ ਮੰਤਰੀ, ਉਦਯੋਗ ਮੰਤਰੀ, ਗ੍ਰਹਿ ਮੰਤਰੀ ਨਿਵਾਜਿਆ ਗਿਆ। 1964 ਵਿਚ ਨਹਿਰੂ ਜੀ ਦੇ ਦੇਹਾਂਤ ਤੋਂ ਬਾਅਦ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਬਣਨ ਮਗਰੋਂ ਉਨ੍ਹਾਂ ਨੇ ਆਪਣੀ ਕਾਰਗੁਜ਼ਾਰੀ ਨਾਲ ਸੰਸਾਰ ਭਰ ਵਿਚ ਮਾਣ ਹਾਸਲ ਕੀਤਾ। 1965 ਵਿਚ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇਣ ਦੇ ਨਾਲ ਨਾਲ ਜੈ ਜਵਾਨ ਦੇ ਨਾਅਰੇ ਨਾਲ ਜੈ ਕਿਸਾਨ ਦਾ ਨਾਅਰਾ ਜੋੜ ਕੇ ਅਮਰੀਕਾ ਦੀ ਦੋਗਲੀ ਨੀਤੀ ਦਾ ਵੀ ਕਰਾਰਾ ਜਵਾਬ ਦਿੱਤਾ। ਭਾਰਤ ਦੀ ਹਰੀ ਕ੍ਰਾਂਤੀ ਅਸਲ ਵਿਚ ਇਸੇ ਨਾਅਰੇ ਦੀ ਦੇਣ ਹੈ। 11 ਜਨਵਰੀ 1966 ਨੂੰ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ। ਸ਼ਾਂਤੀ ਵਣ ਕੋਲ ਬਣੀ ਵਿਜੈ ਘਾਟ ਦੀ ਸ਼ਾਸਤਰੀ ਜੀ ਦੀ ਸਮਾਧੀ ਅਤੇ ਉਨ੍ਹਾਂ ਦਾ ਸ਼ਖ਼ਸੀਅਤ ਸਾਨੂੰ ਅੱਜ ਵੀ ਇਹ ਯਾਦ ਕਰਵਾਉਂਦੀ ਹੈ ਕਿ ਲਗਨ, ਪੱਕੇ ਇਰਾਦੇ, ਦ੍ਰਿੜ ਸੰਕਲਪ ਅਤੇ ਸੱਚਾਈ ਨਾਲ ਕੰਮ ਕਰਨ ਨਾਲ ਕੋਈ ਵੀ ਸ਼ਖ਼ਸ ਉੱਚੇ ਤੋਂ ਉੱਚਾ ਪਦ ਪ੍ਰਾਪਤ ਕਰ ਸਕਦਾ ਹੈ।
ਸੰਪਰਕ: 94635-51992