ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਗਿਆ ਚਾਰ-ਚਾਰ ਰੁਪਏ ਦਾ ਵਾਧਾ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਲਈ ਨਵੀਂ ਸਿਆਸੀ ਸਿਰਦਰਦੀ ਬਣ ਗਿਆ ਹੈ। ਪਿਛਲੇ ਤਿੰਨ ਮਹੀਨਿਆਂ ਦੌਰਾਨ ਸਰਕਾਰ ਨੇ ਪੈਟਰੋ ਵਸਤਾਂ ਦੀਆਂ ਕੀਮਤਾਂ ਤਿੰਨ ਵਾਰ ਵਧਾਈਆਂ ਹਨ। ਚਾਰ ਰੁਪਏ ਵਾਲਾ ਵਾਧਾ 31 ਦਸੰਬਰ ਦੀ ਰਾਤ ਨੂੰ ਕੀਤਾ ਗਿਆ। ਮੁੱਖ ਵਿਰੋਧੀ ਪਾਰਟੀਆਂ ਪੀ.ਐੈਮ.ਐੱਲ.-ਐੱਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਨੇਤਾਵਾਂ ਨੇ ਇਸ ਨੂੰ ‘ਨਵੇਂ ਸਾਲ ਦਾ ਕੁਸੈਲਾ ਤੋਹਫ਼ਾ’ ਕਰਾਰ ਦਿੱਤਾ। ਪੀ.ਪੀ.ਪੀ. ਦੇ ਮੁਖੀ ਬਿਲਾਵਲ ਭੁੱਟੋ ਨੇ ਕਿਹਾ ਕਿ ਨਵੇਂ ਵਰ੍ਹੇ ਦੀ ਪੂਰਬਲੀ ਸ਼ਾਮ ਕੀਮਤਾਂ ਵਿਚ ਵਾਧਾ ਕਰ ਕੇ ਸਰਕਾਰ ਨੇ ਆਮ ਲੋਕਾਂ ਦੀਆਂ ਦੁਸ਼ਵਾਰੀਆਂ ਪ੍ਰਤੀ ਬੇਦਿਲੀ ਤੇ ਬੇਪਰਵਾਹੀ ਦਿਖਾਈ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਕਾਰਜਕਾਰੀ ਮੁਖੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਸਰਕਾਰ, ਕੌਮਾਂਤਰੀ ਸਿੱਕਾ ਵੰਡ (ਆਈਐਮਐਫ਼) ਦੀਆਂ ਸ਼ਰਤਾਂ ਦੀ ਆੜ ਹੇਠ ਆਮ ਆਦਮੀ ਦਾ ਖ਼ੂਨ ਚੂਸਣ ਦੇ ਰਾਹ ਤੁਰੀ ਹੋਈ ਹੈ।
ਸਰਕਾਰ ਦੀ ਤਰਫ਼ੋਂ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੂੰ ਆਰਥਿਕ ਸੰਕਟ ’ਚੋਂ ਬਾਹਰ ਕੱਢਣ ਵਾਸਤੇ ਆਈ.ਐਮ.ਐਫ. ਨੇ ਜੋ ਸ਼ਰਤਾਂ ਰੱਖੀਆਂ ਹਨ, ਉਨ੍ਹਾਂ ਅਧੀਨ ਸਰਕਾਰ ਕੋਲ ਪੈਟਰੋ ਵਸਤਾਂ ’ਤੇ ਸਬਸਿਡੀ ਘਟਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਕੌਮੀ ਮੁਫ਼ਾਦਾਂ ਪ੍ਰਤੀ ਜ਼ਿੰਮੇਵਾਰੀ ਤੇ ਜਵਾਬਦੇਹੀ ਦਿਖਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੁੰਦੀ, ਮੌਜੂਦਾ ਆਰਥਿਕ ਹਾਲਾਤ ਵਾਲੀ ਦ੍ਰਿਸ਼ਾਵਲੀ ਵਿਚ ਉਸ ਨੂੰ ਪੈਟਰੋ ਕੀਮਤਾਂ ਵਧਾਉਣ ਵਰਗੇ ਕਦਮ ਉਠਾਉਣੇ ਹੀ ਪੈਣੇ ਸਨ। ਅੰਗਰੇਜ਼ੀ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਅਨੁਸਾਰ ਪੈਟਰੋਲ ਦੀ ਨਵੀਂ ਕੀਮਤ 144.82 ਰੁਪਏ ਅਤੇ ਹਾਈ ਸਪੀਡ ਡੀਜ਼ਲ ਦੀ 141.62 ਰੁਪਏ ਹੋਵੇਗੀ। ਮਿੱਟੀ ਦੇ ਤੇਲ ਦੀ ਕੀਮਤ 113.53 ਰੁਪਏ ਅਤੇ ਲਾਈਟ ਡੀਜ਼ਲ ਆਇਲ ਦੀ 111.06 ਰੁਪਏ ਨਿਰਧਾਰਤ ਕੀਤੀ ਗਈ ਹੈ। ਇਹ ਕੀਮਤਾਂ ਪੂਰੇ ਦੱਖਣੀ ਏਸ਼ੀਆ ਵਿਚ ਸਭ ਤੋਂ ਉੱਚੀਆਂ ਹਨ। ਇਸ ਤੱਥ ਨੂੰ ਵਿਰੋਧੀ ਪਾਰਟੀਆਂ ਵੱਲੋਂ ਖ਼ੂਬ ਉਛਾਲਿਆ ਜਾ ਰਿਹਾ ਹੈ। ਸਰਕਾਰ ਖ਼ਿਲਾਫ਼ ਵਿਰੋਧ ਦੀ ਲਾਮਬੰਦੀ ਲਈ ਵੀ ਇਹੋ ਤੱਥ ਸਭ ਤੋਂ ਵੱਧ ਕਾਰਗਰ ਸਾਬਤ ਹੋ ਰਿਹਾ ਹੈ।
ਸਰਕਾਰੀ ਦਾਅਵੇ ਨੂੰ ਚੁਣੌਤੀ
ਪੈਟਰੋ ਕੀਮਤਾਂ ਵਾਂਗ ਪਾਕਿਸਤਾਨ ਵਿਚ ਖ਼ੁਰਾਕੀ ਤੇ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧਦੀਆਂ ਜਾ ਰਹੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਕੌਮਾਂਤਰੀ ਵਰਤਾਰਾ ਹੈ ਅਤੇ ਕੋਈ ਇਕ ਮੁਲਕ ਇਸ ਰੁਝਾਨ ਨੂੰ ਮੋੜਾ ਨਹੀਂ ਦੇ ਸਕਦਾ। ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਤਾਂ ਇਹ ਵੀ ਕਿਹਾ ਹੈ ਕਿ ਆਪਣੇ ਵਰਗੇ ਜੀ.ਡੀ.ਪੀ. ਵਾਲੇ ਮੁਲਕਾਂ ਦੀ ਤੁਲਨਾ ਵਿਚ ਪਾਕਿਸਤਾਨ ਦੀ ਮਹਿੰਗਾਈ ਦਰ ਕਾਫ਼ੀ ਘੱਟ ਹੈ।
ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫ਼ੂਕ ਕੱਢਣ ਵਾਲਾ ਇਕ ਵੱਡਾ ਮਜ਼ਮੂਨ ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੇ ਆਪਣੇ ਐਤਵਾਰ ਦੇ ਅੰਕ ਵਿਚ ਛਾਪਿਆ ਹੈ। ਇਹ ਮਜ਼ਮੂਨ ਪਾਕਿਸਤਾਨ ਤੇ ਦੱਖਣੀ ਏਸ਼ੀਆ ਦੇ ਹੋਰ ਮੁਲਕਾਂ ਦੀਆਂ ਨਵੰਬਰ 2020 ਤੋਂ ਨਵੰਬਰ 2021 ਤੱਕ ਦੀਆਂ ਮਾਸਿਕ ਮਹਿੰਗਾਈ ਦਰਾਂ ਦੀ ਤੁਲਨਾ ਉੱਤੇ ਆਧਾਰਿਤ ਹੈ। ਇਨ੍ਹਾਂ ਮੁਲਕਾਂ ਤੋਂ ਇਲਾਵਾ ਨਾਇਜੀਰੀਆ ਤੇ ਵੀਅਤਨਾਮ ਦੀਆਂ ਮਹਿੰਗਾਈ ਦਰਾਂ ਨੂੰ ਵੀ ਇਸ ਤੁਲਨਾਤਮਿਕ ਅਧਿਐਨ ਵਿਚ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਦੋਵਾਂ ਮੁਲਕਾਂ ਦੀ ਪ੍ਰਤੀ ਵਿਅਕਤੀ ਕੌਮੀ ਉਤਪਾਦ ਦਰ (ਜੀ.ਡੀ.ਪੀ.) ਵੀ ਪਾਕਿਸਤਾਨ ਵਰਗੀ ਹੀ ਹੈ। ਮਜ਼ਮੂਨ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਪਾਕਿਸਤਾਨ ਦੀ ਮਹਿੰਗਾਈ ਦਰ ਨੂੰ ਬ੍ਰਾਜ਼ੀਲ ਜਾਂ ਤੁਰਕੀ ਦੀਆਂ ਦਰਾਂ ਨਾਲ ਨਹੀਂ ਤੁਲਨਾਇਆ ਜਾਣਾ ਚਾਹੀਦਾ। ਉਹ ਦੋਵੇਂ ਅਰਥਚਾਰੇ, ਪਾਕਿਸਤਾਨੀ ਅਰਥਚਾਰੇ ਤੋਂ ਬਹੁਤ ਵੱਡੇ ਹਨ ਅਤੇ ਉਨ੍ਹਾਂ ਦੇ ਕੁਪ੍ਰਬੰਧ ਨੂੰ ਪਾਕਿਸਤਾਨੀ ਆਰਥਿਕ ਕੁਪ੍ਰਬੰਧ ਨਾਲ ਮੇਲਣਾ ਦਰੁਸਤ ਨਹੀਂ। ਮਜ਼ਮੂਨ ਮੁਤਾਬਿਕ ਉਪਰੋਕਤ 12 ਮਹੀਨਿਆਂ ਦੌਰਾਨ ਪਾਕਿਸਤਾਨ ਦੇ ਖਪਤਕਾਰ ਕੀਮਤ ਸੂਚਕ-ਅੰਕ (ਸੀ.ਪੀ.ਆਈ.) ਵਿਚ ਵਾਧੇ ਦੀ ਔਸਤ ਦਰ 11.53 ਫ਼ੀਸਦੀ ਰਹੀ। ਸਿਰਫ਼ ਨਾਇਜੀਰੀਆ ਦੀ ਔਸਤ ਦਰ (15.39 ਫ਼ੀਸਦੀ) ਹੀ ਇਸ ਤੋਂ ਵੱਧ ਸੀ। ਸ੍ਰੀਲੰਕਾ, ਬੰਗਲਾਦੇਸ਼ ਤੇ ਭਾਰਤ ਦੀ ਇਹ ਦਰ ਕ੍ਰਮਵਾਰ 9.92%, 6.50% ਤੇ 4.91% ਸੀ। ਵੀਅਤਨਾਮ ਦੀ ਦਰ (2.10%) ਸਭ ਤੋਂ ਘੱਟ ਰਹੀ। ਇੰਜ ਹੀ ਖ਼ੁਰਾਕੀ ਮਹਿੰਗਾਈ ਦਰ ਪੱਖੋਂ ਪਾਕਿਸਤਾਨ ਤੀਜੇ ਨੰਬਰ (10.47 ਫ਼ੀਸਦੀ) ’ਤੇ ਰਿਹਾ। ਪਹਿਲਾ ਮੁਕਾਮ ਸ੍ਰੀਲੰਕਾ (17.45 ਫ਼ੀਸਦੀ) ਤੇ ਦੂਜਾ ਨਾਇਜੀਰੀਆ (17.20 ਫ਼ੀਸਦੀ) ਰਿਹਾ। ਬੰਗਲਾਦੇਸ਼ (6.63%), ਭਾਰਤ (1.83 ਫ਼ੀਸਦੀ) ਤੇ ਵੀਅਤਨਾਮ (0.08%) ਵੱਧ ਸੁਖਦਾਈ ਸਥਿਤੀ ਵਿਚ ਰਹੇ। ਅਜਿਹੇ ਕਈ ਸਾਰੇ ਅੰਕੜੇ ਦੇ ਕੇ ਅਖ਼ਬਾਰ ਪੁੱਛਦਾ ਹੈ: ਇਮਰਾਨ ਸਰਕਾਰ ਸਚਾਈ ਕਿਉਂ ਨਹੀਂ ਕਬੂਲਦੀ? ਉਸ ਨੇ ਆਪਣੀਆਂ ਅੱਖਾਂ ਉੱਤੇ ਪੱਟੀ ਕਿਉਂ ਬੰਨ੍ਹੀ ਹੋਈ ਹੈ?
ਵਿਧਾਨਕਾਰ ’ਤੇ ਕਾਤਲਾਨਾ ਹਮਲਾ
ਲਾਹੌਰ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐੱਲ.-ਐੱਨ.) ਦੇ ਵਿਧਾਨਕਾਰ (ਐਮ.ਪੀ.ਏ.) ਬਿਲਾਲ ਯਾਸੀਨ ਉੱਤੇ ਕਾਤਲਾਨਾ ਹਮਲਾ ਵੀ ਸਿਆਸੀ ਰੱਸਾਕਸ਼ੀ ਦਾ ਵਿਸ਼ਾ ਬਣਿਆ ਹੋਇਆ ਹੈ। ਬਿਲਾਲ ਉਪਰ ਹਮਲਾ ਸ਼ੁੱਕਰਵਾਰ ਰਾਤੀਂ ਸਲਾਮਤ ਮੁਹੱਲੇ ਦੀ ਮੋਹਾਨੀ ਰੋਡ ਉੱਤੇ ਹੋਇਆ। ਉਹ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਵਿਚ ਭਾਗ ਲੈਣ ਲਈ ਮੀਆਂ ਇਕਰਾਮ ਖ਼ਾਨ ਨਾਮੀ ਆਗੂ ਦੇ ਘਰ ਵਿਚ ਦਾਖ਼ਲ ਹੋਣ ਹੀ ਲੱਗਾ ਸੀ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਵੱਲ ਗੋਲੀ ਚਲਾ ਦਿੱਤੀ। ਉਸ ਨੂੰ ਤੁਰੰਤ ਮਿਓ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਲਾਹੌਰ ਪੁਲੀਸ ਐਤਵਾਰ ਤਕ ਹਮਲਾਵਰਾਂ ਦਾ ਕੋਈ ਸੁਰਾਗ਼ ਨਹੀਂ ਸੀ ਲਾ ਸਕੀ। ਪਿਛਲੇ ਦੋ ਸਾਲਾਂ ਦੌਰਾਨ ‘ਪੀ.ਐਮ.ਐੱਲ.-ਐੱਨ’ ਦੇ ਆਗੂਆਂ ਉਪਰ ਕਾਤਲਾਨਾ ਹਮਲਿਆਂ ਦੀ ਇਹ ਸੱਤਵੀਂ ਘਟਨਾ ਹੈ। ਇਸ ਪਾਰਟੀ ਤੋਂ ਇਲਾਵਾ ਹੋਰਨਾਂ ਸਿਆਸੀ ਧਿਰਾਂ ਨੇ ਵੀ ਅਜਿਹੇ ਹਮਲਿਆਂ ਦੀ ਸਖ਼ਤ ਮਜ਼ੱਮਤ ਕੀਤੀ ਹੈ। ਰੋਜ਼ਨਾਮਾ ‘ਦਿ ਨੇਸ਼ਨ’ ਦੀ ਸੰਪਾਦਕੀ ਮੁਤਾਬਿਕ ਲਾਹੌਰ ਹਾਈ ਕੋਰਟ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਹਮਲਿਆਂ ਦਾ ਖ਼ੁਦ-ਬਖ਼ੁਦ ਨੋਟਿਸ ਲੈ ਕੇ ਵਿਸ਼ੇਸ਼ ਪੜਤਾਲੀਆ ਟੀਮ (ਐੱਸ.ਆਈ.ਟੀ.) ਦਾ ਗਠਨ ਕਰਵਾਏ ਅਤੇ ਪੜਤਾਲ ਦੀ ਨਿਗ਼ਰਾਨੀ ਖ਼ੁਦ ਕਰੇ। ਦੂਜੇ ਪਾਸੇ, ਸੂਬਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਹਮਲੇ ’ਚ ਪੀ.ਐਮ.ਐੱਲ.-ਐੱਨ ਦੇ ਹੀ ਬਿਲਾਲ- ਵਿਰੋਧੀ ਧੜੇ ਦਾ ਹੱਥ ਹੋਣ ਦਾ ਸ਼ੁਬਹਾ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਪੁਲੀਸ ਇਕ-ਦੋ ਦਿਨਾਂ ਤਕ ਹਮਲਾਵਰਾਂ ਦਾ ਖੁਰਾ ਲੱਭ ਕੇ ਉਨ੍ਹਾਂ ਨੂੰ ਦਬੋਚ ਲਵੇਗੀ।
ਧਾਰਮਿਕ ਟੂਰਿਜ਼ਮ
ਕੌਮੀ ਅਸੈਂਬਲੀ ਦੇ ਹਿੰਦੂ ਮੈਂਬਰ ਤੇ ਪਾਕਿਸਤਾਨੀ ਹਿੰਦੂ ਸਭਾ ਦੇ ਸਰਪ੍ਰਸਤ ਡਾ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਧਾਰਮਿਕ ਟੂਰਿਜ਼ਮ ਸਬੰਧੀ ਸਮਝੌਤਾ ਸਿਰੇ ਚੜ੍ਹ ਗਿਆ ਹੈ ਅਤੇ ਹਰ ਮਹੀਨੇ ਦੋਵਾਂ ਮੁਲਕਾਂ ਤੋਂ ਜਥੇ ਧਰਮ ਸਥਾਨਾਂ ਦੀ ਯਾਤਰਾ ’ਤੇ ਜਾ ਸਕਣਗੇ। ਸ਼ਨਿਚਰਵਾਰ ਨੂੰ ਲਾਹੌਰ ਵਿਚ ਭਾਰਤ ਤੋਂ ਅਟਾਰੀ-ਵਾਹਗਾ ਸਰਹੱਦ ਰਾਹੀਂ ਪੁੱਜੇ 159 ਹਿੰਦੂ ਯਾਤਰੀਆਂ ਦਾ ਸਵਾਗਤ ਕਰਦਿਆਂ ਡਾ. ਰਮੇਸ਼ ਕੁਮਾਰ ਨੇ ਵਾਅਦਾ ਕੀਤਾ ਕਿ ਪਾਕਿਸਤਾਨ ਅੰਦਰਲੇ ਧਰਮ ਸਥਾਨਾਂ ਦੀ ਯਾਤਰਾ ’ਤੇ ਆਏ ਭਾਰਤੀ ਹਿੰਦੂਆਂ ਜਾਂ ਸਿੱਖਾਂ ਨੂੰ ਪੂਰਨ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਅੰਗਰੇਜ਼ੀ ਅਖ਼ਬਾਰ ‘ਦਿ ਨਿਊਜ਼’ ਦੀ ਰਿਪੋਰਟ ਮੁਤਾਬਿਕ ਸਵਾਗਤੀ ਸਮਾਰੋਹ ਮਗਰੋਂ ਭਾਰਤੀ ਜਥਾ ਖ਼ੈਬਰ-ਪਖ਼ਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਵੱਲ ਰਵਾਨਾ ਹੋ ਗਿਆ। ਇਹ ਜਥਾ ਉਸ ਸੂਬੇ ਦੇ ਕਰਕ ਜ਼ਿਲ੍ਹੇ ਦੇ ਤੇੜੀ ਕਸਬੇ ਵਿਚ ਸਥਿਤ ਅਦਵੈਤਾਨੰਦਜੀ ਮੰਦਿਰ ਵਿਖੇ ਚਾਰ ਰੋਜ਼ਾ ਅਨੁਸ਼ਠਾਨ ਵਿਚ ਹਿੱਸਾ ਲਵੇਗਾ। ਇਸ ਪ੍ਰਾਚੀਨ ਮੰਦਿਰ ਨੂੰ ਪਹਿਲਾਂ 2012 ਤੇ ਫਿਰ 2020 ਵਿਚ ਕੱਟੜਪੰਥੀਆਂ ਨੇ ਭਾਰੀ ਨੁਕਸਾਨ ਪਹੁੰਚਾਇਆ ਸੀ। ਦੋਵੇਂ ਵਾਰ ਪਾਕਿਸਤਾਨ ਸੁਪਰੀਮ ਕੋਰਟ ਨੇ ਇਸ ਮੰਦਿਰ ਤੇ ਇਸ ਦੇ ਆਸ-ਪਾਸ ਦੇ ਇਲਾਕੇ ਦੇ ਹੋਰ ਹਿੰਦੂ ਧਾਰਮਿਕ ਅਸਥਾਨਾਂ ਦੀ ਮੁਰੰਮਤ ਤੇ ਦੇਖਭਾਲ, ਸਰਕਾਰ ਵੱਲੋਂ ਕਰਵਾਏ ਜਾਣ ਦੇ ਹੁਕਮ ਦਿੱਤੇ। ਹੁਣ ਤੇੜੀ ਸਥਿਤ ਮੰਦਿਰ ਦੀ ਪੁਰਾਣੀ ਸ਼ਾਨ ਬਹਾਲ ਹੋ ਗਈ ਹੈ।
ਡਾ. ਰਮੇਸ਼ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਧਾਰਮਿਕ ਟੂਰਿਜ਼ਮ ਸਬੰਧੀ ਸਮਝੌਤੇ ਦੇ ਤਹਿਤ ਪਾਕਿਸਤਾਨੀ ਮੁਸਲਮਾਨਾਂ ਦਾ ਇਕ ਜਥਾ ਇਸੇ ਮਹੀਨੇ ਅਜਮੇਰ ਸ਼ਰੀਫ਼ ਵਿਖੇ ਜ਼ਿਆਰਤ ’ਤੇ ਜਾਵੇਗਾ। ਸਮਝੌਤੇ ਮੁਤਾਬਿਕ ਭਾਰਤੀ ਯਾਤਰੀ ਏਅਰ ਇੰਡੀਆ ਤੇ ਪਾਕਿਸਤਾਨੀ ਯਾਤਰੀ ਪੀਆਈਏ ਦੇ ਜਹਾਜ਼ਾਂ ਰਾਹੀਂ ਹੀ ਆ-ਜਾ ਸਕਣਗੇ।
ਪਾਕਿ-ਤੁਰਕ ਡਰਾਮਾ ਲੜੀ
ਤੁਰਕ ਡਰਾਮਿਆਂ ਦੀ ਪਾਕਿਸਤਾਨ ਅਤੇ ਅਰਬ ਮੁਲਕਾਂ ਵਿਚ ਮਕਬੂਲੀਅਤ ਦੇ ਮੱਦੇਨਜ਼ਰ ਮਹਾਨ ਮੁਸਲਿਮ ਨੇਤਾ ਸਲਾਹੂਦੀਨ ਅਯੂਬੀ ਦੇ ਜੀਵਨ ਤੇ ਯੋਗਦਾਨ ਬਾਰੇ ਇਕ ਨਵੀਂ ਡਰਾਮਾ ਲੜੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਇਹ ਲੜੀ ਪਾਕਿਸਤਾਨ ਤੇ ਤੁਰਕੀ ਦੇ ਫਿਲਮਸਾਜ਼ਾਂ ਦਾ ਸਾਂਝਾ ਉੱਦਮ ਹੈ ਅਤੇ ਇਸ ਵਿਚ ਊਸ਼ਨਾ ਸ਼ਾਹ, ਅਦਨਾਨ ਜਿਲਾਨੀ, ਫ਼ਰਹਾਨ ਆਗ਼ਾ ਤੇ ਆਇਸ਼ਾ ਉਮਰ ਤੋਂ ਇਲਾਵਾ ਇਕ ਦਰਜਨ ਹੋਰ ਪਾਕਿਸਤਾਨੀ ਕਲਾਕਾਰ ਵੱਖ ਵੱਖ ਭੂਮਿਕਾਵਾਂ ਨਿਭਾਉਣਗੇ। ਸਲਾਹੂਦੀਨ, ਪੱਛਮ ਵਿਚ ਸਾਲਾਦੀਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਸ ਨੇ ਤੁਰਕੀ ਤੇ ਮੱਧ ਪੂਰਬ ਵਿਚੋਂ ਇਸਾਈ ਸਾਮਰਾਜੀਆਂ ਨੂੰ ਖਦੇੜਨ ’ਚ ਮੁੱਖ ਭੂਮਿਕਾ ਨਿਭਾਈ ਸੀ। ਇਸ ਡਰਾਮਾ ਲੜੀ ਲਈ ਆਡੀਸ਼ਨਜ਼ ਦਾ ਪਹਿਲਾ ਗੇੜ ਕਰਾਚੀ ਤੇ ਲਾਹੌਰ ਵਿਚ ਚੱਲਿਆ। ਇਸ ਗੇੜ ਵਿਚ ਛੇ ਹਜ਼ਾਰ ਤਜਰਬੇਕਾਰ ਤੇ ਗ਼ੈਰ-ਤਜਰਬੇਕਾਰ ਕਲਾਕਾਰਾਂ ਨੇ ਹਿੱਸਾ ਲਿਆ। ਇਨ੍ਹਾਂ ਵਿਚੋਂ 62 ਦੀ ਚੋਣ ਕੀਤੀ ਗਈ। ਡਰਾਮਾ ਲੜੀ ਦੇ ਇਕ ਨਿਰਮਾਤਾ ਡਾ. ਕਸ਼ਿਫ਼ ਅਨਸਾਰੀ ਨੇ ਦੱਸਿਆ ਕਿ ਇਹ ਲੜੀ ਦੁਨੀਆਂ ਦੇ ਸਭ ਤੋਂ ਮਹਿੰਗੇ ਟੀ.ਵੀ./ਓ.ਟੀ.ਟੀ. ਡਰਾਮਿਆਂ ਵਿਚੋਂ ਇਕ ਗਿਣੀ ਜਾਵੇਗੀ। ਇਸ ਵਿਚ ਅਸਲੀਅਤ ਦੇ ਰੰਗ ਭਰਨ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
– ਪੰਜਾਬੀ ਟ੍ਰਿਬਿਊਨ ਫੀਚਰ