ਬਲਰਾਜ ਸਿੰਘ ਸਿੱਧੂ
ਤਾਮਿਲਨਾਡੂ ਵਿੱਚ ਚੇਨੱਈ ਦੇ ਨਜ਼ਦੀਕ ਵੱਸਣ ਵਾਲਾ ਇਰੂਲਾ ਕਬੀਲਾ ਸਦੀਆਂ ਤੋਂ ਸੱਪਾਂ ’ਤੇ ਨਿਰਭਰ ਰਿਹਾ ਹੈ। ਮੁੱਢ ਕਦੀਮ ਤੋਂ ਹੀ ਇਹ ਲੋਕ ਪੰਜਾਬ ਦੇ ਜੋਗੀਆਂ ਵਾਂਗ ਸੱਪਾਂ ਨੂੰ ਬੀਨਾਂ ’ਤੇ ਨਚਾ ਕੇ ਆਪਣਾ ਪੇਟ ਭਰਦੇ ਰਹੇ ਹਨ। ਜਦੋਂ ਵੀਹਵੀਂ ਸਦੀ ਵਿੱਚ ਸੱਪਾਂ ਦੀਆਂ ਖੱਲਾਂ ਦਾ ਵਪਾਰ ਸ਼ੁਰੂ ਹੋਇਆ ਤਾਂ ਇਹ ਵੀ ਹੋਰ ਸ਼ਿਕਾਰੀਆਂ ਦੀ ਤਰ੍ਹਾਂ ਸੱਪਾਂ ਨੂੰ ਮਾਰ ਕੇ ਖੱਲਾਂ ਵੇਚਣ ਲੱਗ ਪਏ। ਸੱਪਾਂ ਦੀਆਂ ਖੱਲਾਂ ਅਮਰੀਕਾ ਅਤੇ ਯੂਰਪੀਨ ਦੇਸ਼ਾਂ ਨੂੰ ਨਿਰਯਾਤ ਹੁੰਦੀਆਂ ਸਨ ਤੇ ਉਨ੍ਹਾਂ ਤੋਂ ਬੇਸ਼ਕੀਮਤੀ ਪਰਸ, ਬਟੂਏ, ਘੜੀਆਂ ਦੇ ਸਟਰੈਪ, ਬੈਲਟਾਂ ਅਤੇ ਬੂਟ ਆਦਿ ਸੈਂਕੜੇ ਕਿਸਮ ਦਾ ਸਾਮਾਨ ਬਣਦਾ ਸੀ। ਇੱਕ ਅਨੁਮਾਨ ਮੁਤਾਬਿਕ 1960ਵਿਆਂ ਵਿੱਚ ਇਕੱਲੇ ਭਾਰਤ ਵਿੱਚ ਹੀ ਹਰ ਰੋਜ਼ 17,000 ਸੱਪ ਮਾਰ ਦਿੱਤੇ ਜਾਂਦੇ ਸਨ। ਇਨ੍ਹਾਂ ਵਿੱਚ ਕੋਬਰਾ, ਵਾਈਪਰ, ਕਰੇਟ, ਅਜਗਰ ਅਤੇ ਚੂਹੇ ਖਾਣ ਵਾਲੇ ਆਦਿ ਸੱਪ ਸ਼ਾਮਿਲ ਸਨ। ਇਹ ਕੰਮ 1975 ਤੱਕ ਕੋਈ 50 ਕੁ ਸਾਲ ਚੱਲਿਆ ਸੀ। ਜਦੋਂ ਜੰਗਲਾਂ ਵਿੱਚ ਉਪਰੋਕਤ ਸੱਪ ਮਿਲਣੇ ਮੁਸ਼ਕਲ ਹੋ ਗਏ ਤਾਂ ਵਪਾਰੀਆਂ ਨੇ ਪਾਣੀ ਵਾਲੇ ਸੱਪ ਵੀ ਖਰੀਦਣੇ ਸ਼ੁਰੂ ਕਰ ਦਿੱਤੇ। ਸੱਪਾਂ ਨੂੰ ਖੋਜਣ ਦੀ ਆਪਣੀ ਬੇਮਿਸਾਲ ਮੁਹਾਰਤ ਕਾਰਨ ਇਰੂਲਾ ਭਾਰਤ ਵਿੱਚ ਸੱਪਾਂ ਦੀਆਂ ਖੱਲਾਂ ਦੇ ਸਭ ਤੋਂ ਵੱਡੇ ਆਪੂਰਤੀ ਕਰਤਾ ਸਨ। ਉਹ ਗੱਲ ਵੱਖਰੀ ਹੈ ਕਿ ਇਨ੍ਹਾਂ ਨੂੰ ਇੱਕ ਖੱਲ ਦੇ ਬਦਲੇ ਸਿਰਫ 20 ਤੋਂ 35 ਰੁਪਏ ਮਿਲਦੇ ਸਨ, ਅਸਲੀ ਮਾਲ ਦਲਾਲ ਅਤੇ ਐਕਸਪੋਰਟਰ ਕਮਾਉਂਦੇ ਸਨ।
ਭਾਰਤ ਵਿੱਚ ਸੱਪਾਂ ਦੀਆਂ 216 ਕਿਸਮਾਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ 52 ਜ਼ਹਿਰੀਲੀਆਂ ਹਨ। ਇਨ੍ਹਾਂ ਦਾ ਇੰਨੀ ਬੇਦਰਦੀ ਨਾਲ ਸ਼ਿਕਾਰ ਕੀਤਾ ਗਿਆ ਕਿ ਕਈ ਕਿਸਮਾਂ ਲੋਪ ਹੋਣ ਦੇ ਕਿਨਾਰੇ ਪਹੁੰਚ ਗਈਆਂ। ਜਦੋਂ ਕੁਦਰਤ ਪ੍ਰੇਮੀਆਂ ਨੇ ਰੌਲਾ ਰੱਪਾ ਪਾਇਆ ਤਾਂ ਕਿਤੇ ਜਾ ਕੇ ਭਾਰਤ ਸਰਕਾਰ ਦੀ ਅੱਖ ਖੁੱਲ੍ਹੀ ਅਤੇ 1975 ਵਿੱਚ ਸੱਪਾਂ ਨੂੰ ਮਾਰਨ ਤੇ ਉਨ੍ਹਾਂ ਦੀਆਂ ਖੱਲਾਂ ਨੂੰ ਨਿਰਯਾਤ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਕੰਮ ਵਿੱਚ ਲੱਗੀਆਂ ਸੈਂਕੜੇ ਫੈਕਟਰੀਆਂ ਬੰਦ ਹੋ ਗਈਆਂ ਤੇ ਲੱਖਾਂ ਸਪੇਰੇ ਬੇਰੁਜ਼ਗਾਰ ਹੋ ਗਏ। ਇਸ ਪਾਬੰਦੀ ਦਾ ਸਭ ਤੋਂ ਮਾਰੂ ਅਸਰ ਇਰੂਲਾ ਕਬੀਲੇ ’ਤੇ ਹੋਇਆ ਕਿਉਂਕਿ ਉਹ ਕੋਈ ਹੋਰ ਕੰਮ ਕਰਨਾ ਜਾਣਦੇ ਹੀ ਨਹੀਂ ਸਨ। ਉਹ ਭੁੱਖੇ ਮਰਨ ਲੱਗੇ ਤੇ ਗੁਜ਼ਰ ਬਸਰ ਕਰਨ ਲਈ ਭੀਖ ਤੱਕ ਮੰਗਣੀ ਪਈ। ਇਸ ਸਮੇਂ ਉਨ੍ਹਾਂ ਦੀ ਮਦਦ ਲਈ ਅਮਰੀਕਾ ਦਾ ਪ੍ਰਸਿੱਧ ਸਰਪ ਵਿਗਿਆਨੀ ਰੋਮੂਲਸ ਵਿਟੇਕਰ ਫਰਿਸ਼ਤਾ ਬਣ ਕੇ ਬਹੁੜਿਆ। ਵਿਟੇਕਰ ਕਈ ਸਾਲਾਂ ਤੋਂ ਭਾਰਤ ਵਿੱਚ ਰੀਂਗਣ ਵਾਲੇ ਜਾਨਵਰਾਂ ਦੀ ਰੱਖਿਆ ਲਈ ਕੰਮ ਕਰ ਰਿਹਾ ਸੀ। ਉਸ ਨੇ ਚੇਨੱਈ ਵਿੱਚ ਭਾਰਤ ਦਾ ਪਹਿਲਾ ਮਗਰਮੱਛ ਇੰਸਟੀਚਿਊਟ ਸਥਾਪਿਤ ਕੀਤਾ ਜਿੱਥੇ ਮਗਰਮੱਛਾਂ ਅਤੇ ਘੜਿਆਲਾਂ ਦੀ ਬਰੀਡਿੰਗ ਕੀਤੀ ਜਾਂਦੀ ਹੈ।
ਉਸ ਨੇ ਆਪਣੀ ਚੇਨੱਈ ਵਿਚਲੀ ਰਿਹਾਇਸ਼ ਨੂੰ ਛੱਡ ਕੇ ਇਰੂਲਾ ਦੇ ਇੱਕ ਪਿੰਡ ਵਿੱਚ ਡੇਰਾ ਲਗਾ ਲਿਆ ਤੇ ਭਾਰਤ ਦਾ ਪਹਿਲਾ ਸਨੇਕ ਫਾਰਮ ਸਥਾਪਿਤ ਕੀਤਾ। ਉਸ ਨੇ ਇਰੂਲਾ ਲੋਕਾਂ ਨੂੰ ਸਮਝਾਇਆ ਕਿ ਸੱਪਾਂ ਦੀਆਂ ਖੱਲਾਂ ਵੇਚਣ ਨਾਲੋਂ ਕਿਤੇ ਵੱਧ ਮੁਨਾਫ਼ਾ ਉਨ੍ਹਾਂ ਦੀ ਜ਼ਹਿਰ ਵੇਚਣ ਵਿੱਚ ਹੈ। ਉਸ ਦੀ ਸਰਪ੍ਰਸਤੀ ਅਤੇ ਸਿਖਲਾਈ ਅਧੀਨ ਇਰੂਲਾ ਜ਼ਹਿਰੀਲੇ ਸੱਪਾਂ ਨੂੰ ਫੜ ਕੇ ਉਨ੍ਹਾਂ ਦਾ ਜ਼ਹਿਰ ਕੱਢਣ ਵਿੱਚ ਮਾਹਿਰ ਹੋ ਗਏ। ਉਹ ਕੋਬਰਾ ਆਦਿ ਜ਼ਹਿਰੀਲੇ ਸੱਪਾਂ ਨੂੰ ਫੜ ਕੇ ਸਨੇਕ ਫਾਰਮ ਵਿੱਚ ਰੱਖਦੇ ਹਨ ਤੇ ਚਾਰ ਵਾਰ ਜ਼ਹਿਰ ਕੱਢਣ ਤੋਂ ਬਾਅਦ ਤਿੰਨ ਹਫ਼ਤਿਆਂ ਬਾਅਦ ਸੱਪ ਨੂੰ ਮੁੜ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ। ਛੱਡਣ ਲੱਗਿਆਂ ਸੱਪ ਦੇ ਸਰੀਰ ’ਤੇ ਇੱਕ ਖ਼ਾਸ ਨਿਸ਼ਾਨ ਲਗਾ ਦਿੱਤਾ ਜਾਂਦਾ ਹੈ ਤਾਂ ਜੋ ਉਸ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਨਾ ਫੜ ਲਿਆ ਜਾਵੇ। ਕੁਝ ਹਫ਼ਤਿਆਂ ਬਾਅਦ ਸੱਪ ਦਾ ਜ਼ਹਿਰ ਪੂਰਾ ਹੋ ਜਾਂਦਾ ਹੈ ਤੇ ਉਸ ਨੂੰ ਦੁਬਾਰਾ ਫੜਿਆ ਜਾ ਸਕਦਾ ਹੈ।
ਸੱਪ ਦੇ ਡੰਗ ਤੋਂ ਬਚਾਉ ਦੇ ਟੀਕੇ ਬਣਾਉਣ ਵਾਲੀਆਂ ਫਾਰਮੇਸੀਆਂ ਇਸ ਜ਼ਹਿਰ ਨੂੰ ਸੋਨੇ ਤੋਂ ਵੀ ਮਹਿੰਗੇ ਰੇਟ ’ਤੇ ਖਰੀਦਦੀਆਂ ਹਨ। ਕੋਬਰਾ ਦੇ ਇੱਕ ਗ੍ਰਾਮ ਸੁੱਕੇ ਜ਼ਹਿਰ ਦਾ ਰੇਟ 7000 ਰੁਪਏ ਪ੍ਰਤੀ ਗ੍ਰਾਮ ਹੈ, ਮਤਲਬ 70000 ਰੁਪਏ ਤੋਲਾ। ਇਰੂਲਾ ਕਿਉਂਕਿ ਅਨਪੜ੍ਹ ਸਨ, ਇਸ ਲਈ ਉਨ੍ਹਾਂ ਵੱਲੋਂ ਪੈਦਾ ਕੀਤੇ ਗਏ ਜ਼ਹਿਰ ਨੂੰ ਵਪਾਰੀਆਂ ਵੱਲੋਂ ਮਨਮਰਜ਼ੀ ਦੇ ਰੇਟਾਂ ’ਤੇ ਲੁੱਟ ਲਿਆ ਜਾਂਦਾ ਸੀ। ਇਹ ਵਰਤਾਰਾ ਵੇਖ ਕੇ ਰੋਮੂਲਸ ਵਿਟੇਕਰ ਦੇ ਦਿਮਾਗ਼ ਵਿੱਚ ਇਰੂਲਾ ਦੀ ਸਹਿਕਾਰੀ ਸਭਾ ਬਣਾਉਣ ਦਾ ਖ਼ਿਆਲ ਆਇਆ ਤਾਂ ਜੋ ਇਸ ਨੁਕਸਾਨ ਤੋਂ ਬਚਿਆ ਜਾ ਸਕੇ। ਭਾਰਤ ਦੀ ਲਾਲ ਫੀਤਾਸ਼ਾਹੀ ਕਾਰਨ ਉਸ ਨੂੰ ਇਹ ਕੰਮ ਸਿਰੇ ਚੜ੍ਹਾਉਣ ਵਿੱਚ ਸੱਤ ਸਾਲ ਲੱਗ ਗਏ। ਆਖਰ ਵਿਟੇਕਰ ਨੇ ਤਾਮਿਲਨਾਡੂ ਦੇ ਤਤਕਾਲੀ ਮੁੱਖ ਮੰਤਰੀ ਐਮ.ਜੀ. ਰਾਮਾਚੰਦਰਨ ਨੂੰ ਮਿਲ ਕੇ ਬੇਨਤੀ ਕੀਤੀ ਤਾਂ ਜਾ ਕੇ 1982 ਵਿੱਚ ਇਰੂਲਾ ਨੂੰ ਕੋਬਰਾ, ਕਰੇਟ ਅਤੇ ਰਸਲਜ਼ ਵਾਈਪਰ ਦਾ ਜ਼ਹਿਰ ਕੱਢਣ ਦੀ ਆਗਿਆ ਅਤੇ ਸਹਿਕਾਰੀ ਸਭਾ ਬਣਾਉਣ ਦਾ ਲਾਇਸੈਂਸ ਮਿਲਿਆ। ਪਹਿਲੀ ਸਹਿਕਾਰੀ ਸਭਾ ਵਿੱਚ ਸਿਰਫ਼ 300 ਮੈਂਬਰ ਸਨ, ਪਰ ਹੁਣ 25000 ਆਬਾਦੀ ਵਾਲੇ ਇਸ ਕਬੀਲੇ ਵਿੱਚ ਕਈ ਸਹਿਕਾਰੀ ਸਭਾਵਾਂ ਚੱਲ ਰਹੀਆਂ ਹਨ। ਇਸ ਸਮੇਂ ਇਰੂਲਾ ਹਰ ਸਾਲ ਜ਼ਹਿਰ ਵੇਚ ਕੇ ਲੱਖਾਂ ਰੁਪਏ ਕਮਾ ਰਹੇ ਹਨ। ਕਿਸੇ ਸਮੇਂ ਟੁੱਟੀਆਂ ਫੁੱਟੀਆਂ ਝੌਪੜੀਆਂ ਵਿੱਚ ਰਹਿਣ ਵਾਲੇ ਇਹ ਲੋਕ ਹੁਣ ਵਧੀਆ ਪੱਕੇ ਮਕਾਨਾਂ ਵਿੱਚ ਰਹਿੰਦੇ ਹਨ ਤੇ ਇਨ੍ਹਾਂ ਦੇ ਬੱਚੇ ਚੰਗੇ ਸਕੂਲਾਂ, ਕਾਲਜਾਂ ਵਿੱਚ ਵਿਦਿਆ ਗ੍ਰਹਿਣ ਕਰ ਰਹੇ ਹਨ। ਇਸ ਵਿਦਿਆ ਦੇ ਸਿਰ ’ਤੇ ਹੁਣ ਅਨੇਕਾਂ ਇਰੂਲਾ ਨੌਜਵਾਨ ਸਰਕਾਰੀ ਨੌਕਰੀਆਂ ’ਤੇ ਲੱਗੇ ਹੋਏ ਹਨ।
ਇਸ ਵੇਲੇ ਇਰੂਲਾ ਕਬੀਲੇ ਵਾਲੇ ਭਾਰਤ ਦੇ ਸਭ ਤੋਂ ਵੱਡੇ ਜ਼ਹਿਰ ਸਪਲਾਇਰ ਹਨ। ਉਨ੍ਹਾਂ ਵੱਲੋਂ ਇਕੱਠਾ ਕੀਤਾ ਗਿਆ ਜ਼ਹਿਰ ਸਾਰੇ ਭਾਰਤ ਦੀਆਂ ਫਾਰਮੇਸੀਆਂ ਲਈ ਕਾਫ਼ੀ ਹੈ ਤੇ ਇਸ ਵੱਲੋਂ ਤਿਆਰ ਕੀਤੇ ਗਏ ਟੀਕੇ ਸਾਰੇ ਦੇਸ਼ ਦੇ ਹਸਪਤਾਲਾਂ ਵਿੱਚ ਸਪਲਾਈ ਕੀਤੇ ਜਾਂਦੇ ਹਨ। ਇਰੂਲਾ ਜ਼ਹਿਰ ਇਕੱਤਰਨ ਰਾਹੀਂ ਦੇਸ਼ ਦੀ ਵੱਡੀ ਸੇਵਾ ਵੀ ਕਰ ਰਹੇ ਹਨ ਕਿਉਂਕਿ ਭਾਰਤ ਵਿੱਚ ਹਰ ਸਾਲ 10000 ਦੇ ਕਰੀਬ ਲੋਕ ਸੱਪ ਦੇ ਕੱਟਣ ਨਾਲ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਜੇ ਇਰੂਲਾ ਵਰਗੇ ਲੋਕ ਨਾ ਹੋਣ ਤਾਂ ਇਹ ਗਿਣਤੀ ਲੱਖਾਂ ਤੱਕ ਪਹੁੰਚ ਸਕਦੀ ਹੈ। ਇਰੂਲਾ ਕਬੀਲਾ ਰੋਮੂਲਸ ਵਿਟੇਕਰ ਦੀ ਰੱਬ ਵਾਂਗ ਪੂਜਾ ਕਰਦਾ ਹੈ। ਵਿਟੇਕਰ 79 ਸਾਲ ਦੀ ਉਮਰ (ਜਨਮ 23 ਮਈ 1943) ਵਿੱਚ ਵੀ ਪੂਰੀ ਤਰ੍ਹਾਂ ਨਾਲ ਸਿਹਤਮੰਦ ਤੇ ਸਰਗਰਮ ਹੈ ਅਤੇ ਇਸ ਕਬੀਲੇ ਨੂੰ ਹਰ ਤਰ੍ਹਾਂ ਦਾ ਮਾਰਗ ਦਰਸ਼ਨ ਦੇ ਰਿਹਾ ਹੈ। ਉਹ ਡਿਸਕਵਰੀ ਅਤੇ ਨੈਸ਼ਨਲ ਜੌਗਰਾਫਿਕ ਆਦਿ ਚੈਨਲਾਂ ਵਾਸਤੇ ਭਾਰਤੀ ਵਣ ਜੀਵ ਜੰਤੂਆਂ ਬਾਰੇ ਅਕਸਰ ਹੀ ਵੱਡਮੁੱਲੀਆਂ ਡਾਕੂਮੈਂਟਰੀਆਂ ਬਣਾਉਂਦਾ ਤੇ ਪੇਸ਼ ਕਰਦਾ ਰਹਿੰਦਾ ਹੈ।
ਸੰਪਰਕ: 95011-00062