ਵਿਵੇਕ ਕੁਮਾਰ ਅਤੇ ਵਜਿੰਦਰ ਪਾਲ
ਭਾਰਤ ਵਿੱਚ ਤੇਲ ਬੀਜ ਫ਼ਸਲਾਂ ਦਾ ਉਤਪਾਦਨ ਲੋੜ ਨਾਲੋਂ ਕਾਫ਼ੀ ਘੱਟ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਹਰ ਸਾਲ ਬਾਹਰਲੇ ਮੁਲਕਾਂ ਵਿੱਚੋਂ ਕਾਫ਼ੀ ਮਾਤਰਾ ਵਿੱਚ ਤੇਲ ਮੰਗਵਾਉਣਾ ਪੈਂਦਾ ਹੈ। ਇਸ ਲਈ ਦੇਸ਼ ਵਿੱਚ ਤੇਲ ਬੀਜਾਂ ਦਾ ਉਤਪਾਦਨ ਵਧਾਉਣ ਲਈ ਇਨ੍ਹਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਘੱਟ ਸਮੇਂ ਵਿੱਚ ਪੱਕਣ ਵਾਲੀ ਹੋਣ ਕਰ ਕੇ ਤੇਲ ਬੀਜਾਂ ਦਾ ਉਤਪਾਦਨ ਵਧਾਉਣ ਲਈ ਸੂਰਜਮੁਖੀ ਬਹੁਤ ਹੀ ਢੁੱਕਵੀਂ ਫ਼ਸਲ ਸਾਬਿਤ ਹੋ ਰਹੀ ਹੈ। ਇਸ ਦੇ ਬੀਜਾਂ ਵਿੱਚ ਵਧੇਰੇ ਤੇਲ ਦੀ ਮਾਤਰਾ ਅਤੇੇ ਤੇਲ ਵਿੱਚ ਘੱਟ ਕੋਲੈਸਟਰੋਲ ਹੋਣ ਕਰ ਕੇ ਸੂਰਜਮੁਖੀ ਨੂੰ ਇੱਕ ਉੱਤਮ ਤੇਲਬੀਜ ਫ਼ਸਲ ਮੰਨਿਆ ਜਾਂਦਾ ਹੈ। ਕੇਂਦਰ ਸਰਕਾਰ ਨੇ ਇਸ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 2017-18 ਵਿੱਚ 4100 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 2019-20 ਵਿੱਚ 5650 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਹੈ।
ਸੂਰਜਮੁਖੀ ਦੀ ਕਾਸ਼ਤ ਲਈ ਬਹਾਰ ਰੁੱਤ ਦਾ ਸਮਾਂ ਸਭ ਤੋਂ ਢੁੱਕਵਾਂ ਮੰਨਿਆ ਜਾਂਦਾ ਹੈ। ਇਸ ਰੁੱਤ ਵਿੱਚ ਸ਼ਹਿਦ ਦੀਆਂ ਮੱਖੀਆਂ ਕਾਫ਼ੀ ਗਿਣਤੀ ਵਿੱਚ ਹੋਣ ਕਰ ਕੇ ਪਰ ਪਰਾਗਣ ਵਿੱਚ ਸਹਾਇਤਾ ਮਿਲਦੀ ਹੈ ਜੋ ਝਾੜ ਵਧਾਉਣ ਵਿੱਚ ਸਹਾਈ ਹੁੰਦੀ ਹੈ।
ਕਿਸਮਾਂ ਦੀ ਚੋਣ: ਪੰਜਾਬ ਵਿੱਚ ਸੂਰਜਮੁਖੀ ਦੀ ਕਾਸ਼ਤ ਲਈ ਦੋਗਲੀਆਂ ਕਿਸਮਾਂ ਪੀ ਐਸ ਐਚ 2080, ਪੀ ਐਸ ਐਚ 1962, ਡੀ ਕੇ 3849, ਪੀ ਐਸ ਐਚ 996, ਪੀ ਐਸ ਐਚ 569, ਪੀ ਐਸ ਐਫ਼ ਐਚ 118 ਅਤੇ ਐਸ ਐਚ 3322 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਐਸ ਐਚ 3322 ਕਿਸਮ ਪੱਕਣ ਵਿੱਚ ਸਭ ਤੋਂ ਵੱਧ ਸਮਾਂ (120 ਦਿਨ) ਲੈਂਦੀ ਹੈ ਜਦੋਂਕਿ ਬਾਕੀ ਕਿਸਮਾਂ 96 ਤੋਂ 102 ਦਿਨਾਂ ਵਿੱਚ ਪੱਕ ਜਾਂਦੀਆਂ ਹਨ।
ਜ਼ਮੀਨ ਦੀ ਚੋਣ ਅਤੇ ਖੇਤ ਦੀ ਤਿਆਰੀ: ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸੂਰਜਮੁਖੀ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ। ਕਲਰਾਠੀਆਂ ਜ਼ਮੀਨਾਂ ਇਸ ਦੀ ਕਾਸ਼ਤ ਨਹੀਂ ਕੀਤੀ ਜਾ ਸਕਦੀ। ਜ਼ਮੀਨ ਦੀ ਤਿਆਰੀ ਲਈ ਖੇਤ ਨੂੰ ਦੋ-ਤਿੰਨ ਵਾਰੀ ਵਾਹੁਣਾ ਤੇ ਹਰ ਵਾਹੀ ਤੋਂ ਪਿਛੋਂ ਸੁਹਾਗਾ ਫੇਰਨਾ ਚਾਹੀਦਾ ਹੈ।
ਬਿਜਾਈ ਦਾ ਸਮਾਂ: ਵਧੇਰੇ ਝਾੜ ਲੈਣ ਲਈ ਅਤੇ ਪਾਣੀ ਦੀ ਬੱਚਤ ਕਰਨ ਲਈ ਸੂਰਜਮੁਖੀ ਦੀ ਬਿਜਾਈ ਦਾ ਸਹੀ ਸਮਾਂ ਜਨਵਰੀ ਦਾ ਮਹੀਨਾ ਹੈ। ਜੇ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਕਰਨੀ ਪੈ ਜਾਵੇ ਤਾਂ ਦੋਗਲੀਆਂ ਕਿਸਮਾਂ ਪੀ ਐਸ ਐਚ 2080, ਪੀ ਐਸ ਐਚ 1959, ਪੀ ਐਸ ਐਚ 569 ਅਤੇ ਪੀ ਐਸ ਐਚ 996 ਨੂੰ ਤਰਜੀਹ ਦੇਣੀ ਚਾਹੀਦੀ ਹੈ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਇੱਕ ਏਕੜ ਵਿੱਚ ਕਾਸ਼ਤ ਕਰਨ ਲਈ ਦੋ ਕਿਲੋ ਬੀਜ ਨੂੰ 6 ਗ੍ਰਾਮ ਟੈਗਰਾਨ 35 ਡਬਲਯੂ ਐਸ (ਮੈਟਾਲੈਕਸਲ) ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਕਤਾਰਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖਦੇ ਹੋਏ 4-5 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ। ਇਸ ਦੀ ਬਿਜਾਈ ਵਾਸਤੇ ਫਾਲਿਆਂ ਵਾਲਾ ਜਾਂ ਸਿਆੜਾਂ ਵਾਲਾ ਰਿਜ਼ਰ ਪਲਾਂਟਰ ਵੀ ਵਰਤਿਆ ਜਾ ਸਕਦਾ ਹੈ। ਅਗੇਤੀ ਬੀਜੀ ਫ਼ਸਲ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਫ਼ਸਲ ਨੂੰ ਪੂਰਬ-ਪੱਛਮ ਦਿਸ਼ਾ ਵਾਲੀਆ ਵੱਟਾਂ ਦੇ ਦੱਖਣ ਵਾਲੇ ਪਾਸੇ ਬੀਜਣਾ ਚਾਹੀਦਾ ਹੈ। ਬੀਜ ਨੂੰ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ ਬੀਜਣਾ ਚਾਹੀਦਾ ਹੈ। ਵੱਟਾਂ ਤੇ ਬੀਜੀ ਫ਼ਸਲ ਢਹਿੰਦੀ ਨਹੀਂ ਅਤੇ ਵੱਧ ਗਰਮੀ ਦੇ ਮਹੀਨਿਆਂ ਵਿੱਚ ਪਾਣੀ ਦੀ ਬੱਚਤ ਵਿੱਚ ਵੀ ਸਹਾਈ ਹੁੰਦੀ ਹੈ।
ਜੇ ਸੂਰਜਮੁਖੀ ਦੀ ਬਿਜਾਈ ਫਰਵਰੀ ਤੱਕ ਪਛੇਤੀ ਹੁੰਦੀ ਜਾਪੇ ਤਾਂ ਇਸ ਦੀ ਕਾਸ਼ਤ ਪਨੀਰੀ ਰਾਹੀਂ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਕਰਨ ਨਾਲ ਬੀਜ ਰਾਹੀਂ ਬੀਜੀ ਫ਼ਸਲ ਦੇ ਮੁਕਾਬਲੇ ਝਾੜ ਵੱਧ ਮਿਲਦਾ ਹੈ ਤੇ ਫ਼ਸਲ ਛੇਤੀ ਪੱਕ ਜਾਂਦੀ ਹੈ। ਪਨੀਰੀ ਦੀ ਬਿਜਾਈ ਲਈ 1.5 ਕਿਲੋ ਬੀਜ ਨੂੰ ਚੰਗੀ ਤਰ੍ਹਾਂ ਤਿਆਰ ਕੀਤੇ ਲਗਭਗ ਸਵਾ ਮਰਲੇ (30 ਵਰਗ ਮੀਟਰ ਪ੍ਰਤੀ ਏਕੜ) ਦੇ ਕਿਆਰੇ ਵਿੱਚ ਬੀਜਣਾ ਚਾਹੀਦਾ ਹੈ। ਪੁੱਟਣ ਤੋਂ ਪਹਿਲਾਂ ਪਨੀਰੀ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ ਜਦੋਂ ਪੌਦੇ ਦੇ ਚਾਰ ਪੱਤੇ ਨਿਕਲ ਆਉਣ ਤਾਂ ਪਨੀਰੀ ਨੂੰ 30 ਸੈਂਟੀਮੀਟਰ ਦੀ ਵਿੱਥ ਤੇ 60 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਲਾ ਕੇ ਪਾਣੀ ਲਾ ਦੇਣਾ ਚਾਹੀਦਾ ਹੈ।
ਮੈਂਥੇ ਨਾਲ ਰਲਵੀਂ ਕਾਸ਼ਤ: ਆਮਦਨ ਵਿੱਚ ਵਾਧਾ ਕਰਨ ਲਈ ਮੈਂਥੇ ਨੂੰ ਸੂਰਜਮੁਖੀ ਵਿੱਚ ਰਲ਼ਵੀਂ ਫ਼ਸਲ ਵਜੋਂ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਦੇ ਲਈ ਸੂਰਜਮੁਖੀ ਦੀਆਂ ਉੱਤਰ ਦੱਖਣ ਦਿਸ਼ਾ ਵਿੱਚ 120 ਸੈਂਟੀਮੀਟਰ ਦੂਰੀ ਤੇ ਬੀਜੀਆਂ ਕਤਾਰਾਂ ਦੇ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ 150 ਕਿਲੋ ਜੜ੍ਹਾਂ ਪ੍ਰਤੀ ਏਕੜ ਵਰਤਦੇ ਹੋਏ ਅਖੀਰ ਜਨਵਰੀ ਵਿੱਚ ਬੀਜਣੀਆਂ ਚਾਹੀਦੀਆਂ ਹਨ। ਸੂਰਜਮੁਖੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 50 ਕਿਲੋ ਯੂਰੀਆ, 75 ਕਿਲੋ ਸੁਪਰਫ਼ਾਸਫੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਪੂਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਬਿਜਾਈ ਤੋਂ 40 ਦਿਨਾਂ ਪਿੱਛੋਂ ਪਾਓ।
ਖਾਦ ਪ੍ਰਬੰਧ: ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਮਿੱਟੀ ਪਰਖ ਨਾ ਕਰਵਾਉਣ ਦੀ ਸੂਰਤ ਵਿੱਚ ਸੂਰਜਮੁਖੀ ਨੂੰ 50 ਕਿਲੋ ਯੂਰੀਆ ਅਤੇ 75 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਪੋਟਾਸ਼ ਨੂੰ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ ਹੀ ਪਾਉਣਾ ਚਾਹੀਦਾ ਹੈ। ਸਾਰੀਆਂ ਖਾਦਾਂ ਨੂੰ ਬਿਜਾਈ ਵੇਲੇ ਹੀ ਪਾ ਦੇਣੀਆਂ ਚਾਹੀਦੀਆਂ ਹਨ। ਜੇ ਜ਼ਮੀਨ ਹਲਕੀ ਹੋਵੇ ਤਾਂ ਯੂਰੀਆ ਨੂੰ ਦੋ ਬਰਾਬਰ ਹਿੱਸਿਆਂ ਵਿੱਚ, ਪਹਿਲਾ ਬਿਜਾਈ ਸਮੇਂ ਅਤੇ ਦੂਜਾ ਹਿੱਸਾ ਬਿਜਾਈ ਤੋਂ 30 ਦਿਨਾਂ ਬਾਅਦ ਪਾਉਣਾ ਹੈ। ਜੇ ਦੋਗਲੀ ਸੂਰਜਮੁਖੀ ਦੀ ਫ਼ਸਲ ਆਲੂਆਂ ਤੋਂ ਪਿਛੋਂ ਬੀਜੀ ਜਾਵੇ ਜਿਸ ਨੂੰ 20 ਟਨ ਰੂੜੀ ਪ੍ਰਤੀ ਏਕੜ ਪਾਈ ਗਈ ਹੋਵੇ ਤਾਂ ਸੂਰਜਮੁਖੀ ਨੂੰ ਸਿਫ਼ਾਰਸ਼ ਨਾਲੋਂ ਅੱਧੀ ਨਾਈਟ੍ਰੋਜਨ ਪਾਉਣੀ ਚਾਹੀਦੀ ਹੈ।
ਸਿੰਜਾਈ: ਜ਼ਮੀਨ ਦੀ ਕਿਸਮ, ਮੀਂਹ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬਹਾਰ ਰੁੱਤ ਦੀ ਸੂਰਜਮੁਖੀ ਦੀ ਫ਼ਸਲ ਨੂੰ 6-9 ਸਿੰਜਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਅਤੇ ਅਗਲੇ ਪਾਣੀ 2 ਤੋਂ 3 ਹਫ਼ਤੇ ਦੇ ਅੰਤਰ ਤੇ ਕਰਨੇ ਚਾਹੀਦੇ ਹਨ। ਮਾਰਚ ਵਿੱਚ ਪਾਣੀ ਲਾਉਣ ਦਾ ਵਕਫ਼ਾ 2 ਹਫਤੇ ਅਤੇ ਅਪਰੈਲ-ਮਈ ਦੇ ਗਰਮ ਮਹੀਨਿਆਂ ਵਿੱਚ 8-10 ਦਿਨ ਕਰ ਦੇਣਾ ਚਾਹੀਦਾ ਹੈ। ਆਖਰੀ ਪਾਣੀ ਕਟਾਈ ਤੋਂ 12-14 ਦਿਨ ਪਹਿਲਾਂ ਲਾਉਣਾ ਚਾਹੀਦਾ ਹੈ। ਫ਼ਸਲ ਨੂੰ 50 ਫ਼ੀਸਦੀ ਫੁੱਲ ਪੈਣ ਸਮੇਂ, ਦਾਣਿਆਂ ਦੇ ਨਰਮ ਅਤੇ ਸਖ਼ਤ ਦੋਧੇ ਸਮੇਂ ਤੇ ਪਾਣੀ ਦੇਣਾ ਬਹੁਤ ਜ਼ਰੂਰੀ ਹੈ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੋਡੀ ਨਦੀਨ ਉੱਗਣ ਤੋਂ 2-3 ਹਫ਼ਤੇ ਪਿੱਛੋਂ ਅਤੇ ਦੂਜੀ ਉਸ ਤੋਂ 3 ਹਫ਼ਤੇ ਪਿੱਛੋਂ ਕਰਨੀ ਚਾਹੀਦੀ ਹੈ।