ਡਾ. ਰਣਜੀਤ ਸਿੰਘ
ਪੰਜਾਬ ਦਾ ਵਾਤਾਵਰਨ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨ ਪੰਜਾਬ ਵਿਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਰੁੱਖਾਂ ਉਤੇ ਮਾਣ ਸੀ। ਰੁੱਖ ਤਾਂ ਉਥੇ ਹੀ ਹੁੰਦੇ ਹਨ ਜਿਥੇ ਪਾਣੀ ਹੋਵੇ, ਤੇ ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ। ਇਸ ਕਰਕੇ ਇਥੇ ਰੁੱਖ ਹੀ ਰੁੱਖ ਨਜ਼ਰ ਆਉਂਦੇ ਸਨ। ਇਥੋਂ ਦੇ ਦਰਿਆਵਾਂ ਕੰਢੇ ਰੁੱਖਾਂ ਹੇਠ ਬੈਠ ਕੇ ਮਹਾਂਪੁਰਖਾਂ ਨੇ ਭਗਤੀ ਕੀਤੀ ਤੇ ਆਪਣਾ ਸੁਨੇਹਾ ਲੋਕਾਈ ਨੂੰ ਦਿੱਤਾ। ਭਾਰਤ ਦੇ ਸਭ ਤੋਂ ਪਵਿੱਤਰ ਮੰਨੇ ਗਏ ਚਾਰ ਹੀ ਗ੍ਰੰਥਾਂ ਦੀ ਰਚਨਾ ਪੰਜਾਬ ਵਿਚ ਰੁੱਖਾਂ ਹੇਠ ਬੈਠ ਕੀਤੀ ਗਈ। ਸੰਸਾਰ ਦੀ ਸਭ ਤੋਂ ਪੁਰਾਣੀ ਮੰਨੀ ਜਾਂਦੀ ਪੁਸਤਕ ਵੇਦਾਂ ਦੀ ਰਚਨਾ ਰਿਸ਼ੀਆਂ ਨੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀ। ਮਹਾਂਰਿਸ਼ੀ ਬਾਲਮੀਕ ਜੀ ਨੇ ਰਾਮਾਇਣ ਦੀ ਰਚਨਾ ਵੀ ਅੰਮ੍ਰਿਤਸਰ ਨੇੜੇ ਆਪਣੀ ਬਾਟਿਕਾ ਵਿਚ ਹੀ ਕੀਤੀ ਸੀ। ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਨੂੰ ਗੀਤਾ ਦਾ ਉਪਦੇਸ਼ ਕੁਰੂਕਸ਼ੇਤਰ ਨੇੜੇ ਜਯੋਤੀਸਰ ਵਿਖੇ ਰੁੱਖ ਹੇਠ ਬੈਠ ਕੇ ਹੀ ਦਿੱਤਾ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਲਿਖਾਈ ਰਾਮਸਰ ਸਾਹਿਬ ਵਿਖੇ ਰੁੱਖਾਂ ਹੇਠ ਬੈਠ ਕੇ ਹੀ ਕੀਤੀ ਸੀ। ਅੰਮ੍ਰਿਤਸਰ ਵਿਚ ਸਰੋਵਰ ਦੀ ਖੁਦਾਈ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਗੁਰੂ ਸਾਹਿਬਾਨ ਨੇ ਰੁੱਖਾਂ ਹੇਠ ਬੈਠ ਕੇ ਹੀ ਕਰਵਾਈ ਸੀ।
ਸਿੱਖ ਧਰਮ ਨੇ ਤਾਂ ਰੁੱਖਾਂ ਨੂੰ ਸਾਹਿਬੀ ਬਖਸ਼ੀ ਹੈ। ਬਹੁਤ ਸਾਰੇ ਗੁਰੂ ਘਰ ਰੁੱਖਾਂ ਦੇ ਨਾਮ ਉਤੇ ਹਨ ਜਿਵੇਂ ਜੰਡ ਸਾਹਿਬ, ਟਾਹਲੀ ਸਾਹਿਬ, ਰੀਠਾ ਸਾਹਿਬ ਆਦਿ। ਸਾਰੇ ਗੁਰੂ ਸਾਹਿਬਾਨ ਦਾ ਰੁੱਖਾਂ ਨਾਲ ਅਥਾਹ ਪਿਆਰ ਸੀ। ਇਹ ਆਖਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਬਸਤੀ ਦੇ ਬਾਹਰ ਕਿਸੇ ਰੁੱਖ ਹੇਠ ਹੀ ਡੇਰਾ ਲਗਾਉਂਦੇ ਸਨ ਤੇ ਭਾਈ ਮਰਦਾਨੇ ਦੀ ਰਬਾਬ ਉਤੇ ਬਾਣੀ ਦਾ ਉਚਾਰਨ ਕਰਦੇ ਸਨ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਰੁੱਖਾਂ ਹੇਠ ਸਕੂਲ ਖੋਲ੍ਹੇ ਤੇ ਲੋਕਾਈ ਲਈ ਵਿਦਿਆ ਦੇ ਦਰਵਾਜ਼ੇ ਖੋਲ੍ਹੇ ਸਨ। ਸ੍ਰੀ ਗੁਰੂ ਅਮਰਦਾਸ ਜੀ ਨੇ 12 ਵਰ੍ਹੇ ਆਪਣੇ ਮੁਰਸ਼ਦ ਦੀ ਤਨ ਤੇ ਮਨ ਨਾਲ ਸੇਵਾ ਕੀਤੀ। ਉਹ ਖਡੂਰ ਸਾਹਿਬ ਵਿਚ ਭਗਤੀ ਅਤੇ ਆਰਾਮ ਰੁੱਖ ਹੇਠ ਹੀ ਕਰਦੇ ਸਨ। ਸ੍ਰੀ ਰਾਮ ਦਾਸ ਜੀ ਨੇ ਕੋਈ 28 ਸਾਲ ਆਪਣੇ ਮੁਰਸ਼ਦ, ਤੀਜੇ ਗੁਰੂ ਦੀ ਸੇਵਾ ਕੀਤੀ। ਉਹ ਵੀ ਭਗਤੀ ਅਤੇ ਆਰਾਮ ਰੁੱਖਾਂ ਹੇਠ ਹੀ ਕਰਦੇ ਸਨ। ਉਨ੍ਹਾਂ ਨੇ ਜੰਗਲ ਵਿਚ ਮੰਗਲ ਕੀਤਾ ਅਤੇ ਅੰਮ੍ਰਿਤਸਰ ਵਸਾਇਆ। ਪਵਿੱਤਰ ਸਰੋਵਰ ਦੀ ਕਾਰ ਸੇਵਾ ਵੀ ਆਪ ਜੀ ਦੁਖਭੰਜਨ ਬੇਰੀ ਹੇਠ ਬੈਠ ਹੀ ਕਰਵਾਉਂਦੇ ਸਨ। ਪੰਜਵੇਂ ਪਾਤਸ਼ਾਹ ਨੇ ਵੀ ਇਸੇ ਬੇਰੀ ਹੇਠ ਬੈਠ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਰੁੱਖਾਂ ਹੇਠ ਬੈਠ ਕੇ ਹੀ ਕੀਤੀ। ਛੇਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੇ ਰਮਣੀਕ ਜੰਗਲ ਵਿਚ ਡੇਰੇ ਲਗਾਏ ਤੇ ਸੁੰਦਰ ਬਗੀਚੀ ਦਾ ਨਿਰਮਾਣ ਕੀਤਾ। ਸਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦਾ ਬਚਪਨ ਇਸੇ ਬਗੀਚੀ ਵਿਚ ਬੀਤਿਆ। ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਤਾਂ ਦੁਰਲੱਭ ਜੜ੍ਹੀ ਬੂਟੀਆਂ ਦਾ ਬਗੀਚਾ ਵੀ ਬਣਾਇਆ। ਜੰਗਲੀ ਜੀਵ ਜੰਤੂਆਂ ਲਈ ਜੰਗਲ ਦੀ ਰਾਖੀ ਕੀਤੀ। ਇਸੇ ਕਰਕੇ ਉਨ੍ਹਾਂ ਦੀ ਗੁਰਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਅਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਆਪਣੇ ਆਖਿ਼ਰੀ ਸਮੇਂ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਰੁੱਖ ਹੇਠ ਬੈਠ ਹੀ ਸਰੀਰ ਤਿਆਗਿਆ ਸੀ। ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੰਗਲ ਵਿਚ ਹੀ ਅਨੰਦਪੁਰ ਨਗਰ ਵਸਾ ਕੇ ਉਥੇ ਡੇਰੇ ਲਗਾਏ ਸਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਾਰੀ ਬਾਣੀ ਦੀ ਰਚਨਾ, ਭਵਿੱਖੀ ਨੀਤੀ ਦੀ ਤਿਆਰੀ ਜੰਗਲ ਵਿਚ ਬੈਠ ਕੇ ਹੀ ਕੀਤੀ ਸੀ। ਉਨ੍ਹਾਂ ਦਾ ਪਹਿਲਾ ਚਿੰਤਨ ਸ਼ਿਵਰ ਜਮਨਾ ਦੇ ਕੰਢੇ ਜੰਗਲ ਵਿਚ ਲਗਿਆ ਸੀ। ਇਕ ਪਾਸੇ ਉਚਾ ਪਹਾੜ ਤੇ ਦੂਜੇ ਪਾਸੇ ਸੰਘਣਾ ਜੰਗਲ। ਇਥੇ ਜਮਨਾ ਬਿਲਕੁਲ ਸ਼ਾਂਤ ਵਗਦੀ ਹੈ। ਇਸ ਪਵਿੱਤਰ ਸਥਾਨ ਨੂੰ ਹੁਣ ਪਾਉਂਟਾ ਸਾਹਿਬ ਆਖਿਆ ਜਾਂਦਾ ਹੈ, ਭਾਵ ਚਰਨਾਂ ਦੀ ਛੋਹ। ਗੁਰੂ ਜੀ ਨੇ ਦੂਜਾ ਪੜਾ ਤਲਵੰਡੀ ਸਾਬੋ (ਹੁਣ ਦਮਦਮਾ ਸਾਹਿਬ) ਵਿਖੇ ਝਿੜੀ ਵਿਚ ਹੀ ਕੀਤਾ ਸੀ। ਇਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਸਤਿਗੁਰੂ ਦੀ ਬਾਣੀ ਨੂੰ ਦਰਜ ਕਰਕੇ ਸੰਪੂਰਨਾ ਦੀ ਬਖਸ਼ਿਸ਼ ਕੀਤੀ ਸੀ। ਗੁਰੂ ਜੀ ਦਾ ਤੀਜਾ ਵੱਡਾ ਪੜਾ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਵਿਖੇ ਸੀ। ਇਸ ਪਵਿੱਤਰ ਸਥਾਨ ਨੂੰ ਹੁਣ ਹਜੂਰ ਸਾਹਿਬ ਆਖਿਆ ਜਾਂਦਾ ਹੈ। ਇਥੇ ਹੀ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ ਸ਼ਬਦ ਨੂੰ ਜੁਗੋ-ਜੁਗ ਅਟਲ ਗੁਰੂ ਥਾਪਿਆ ਸੀ। ਇਥੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ ਸੀ।
ਬਹੁਤ ਸਾਲ ਜੰਗਲ ਹੀ ਸਿੱਖਾਂ ਦੇ ਘਰ ਰਹੇ ਹਨ। ਪੰਜਾਬੀ ਤਾਂ ਰੁੱਖਾਂ ਦੀ ਪੂਜਾ ਕਰਦੇ ਹਨ। ਹਰ ਪਿੰਡ ਵਿਚ ਰੁੱਖਾਂ ਦੀ ਝਿੜੀ ਹੁੰਦੀ ਸੀ। ਕਿਸਾਨਾਂ ਦੇ ਖੇਤਾਂ ਅਤੇ ਰਾਹਾਂ ਉਤੇ ਰੁੱਖ ਹੀ ਰੁੱਖ ਨਜਰ ਆਉਂਦੇ ਸਨ। ਲੋਕੀਂ ਗਰਮੀਆਂ ਦੀਆਂ ਦੁਪਹਿਰਾਂ ਰੁੱਖਾਂ ਹੇਠ ਹੀ ਕੱਟਦੇ ਸਨ। ਰੁੱਖਾਂ ਦੀ ਪਹਿਲੀ ਕਟਾਈ ਮੁਰੱਬੇਬੰਦੀ ਸਮੇਂ ਹੋਈ। ਜ਼ਮੀਨ ਦੀ ਅਦਲਾ-ਬਦਲੀ ਸਮੇਂ ਕਿਸਾਨਾਂ ਨੇ ਆਪੋ-ਆਪਣੇ ਰੁੱਖ ਵੱਢ ਲਏ। ਜਿਹੜੇ ਥੋੜ੍ਹੇ ਬਹੁਤੇ ਰੁੱਖ ਸਨ, ਉਹ ਸੰਘਣੀ ਖੇਤੀ ਕਾਰਨ ਵਧ ਤੋਂ ਵਧ ਧਰਤੀ ਵਾਹੀ ਹੇਠ ਲਿਆਉਣ ਲਈ ਵੱਢੇ ਗਏ। ਸੜਕਾਂ ਕੰਢੇ ਰੁੱਖ ਲਗਾਉਣ ਦੀ ਮੁਹਿੰਮ ਚਲੀ ਸੀ। ਬਹੁਤੀਆਂ ਸੜਕਾਂ ਹੁਣ ਰੁੱਖਾਂ ਦੇ ਵੱਡੇ ਹੋਣ ਨਾਲ ਠੰਢੀਆਂ ਸੜਕਾਂ ਬਣ ਗਈਆਂ ਸਨ ਪਰ ਹੁਣ ਇਨ੍ਹਾਂ ਸੜਕਾਂ ਨੂੰ ਚੌੜਿਆਂ ਕਰਨ ਦੇ ਪ੍ਰੋਗਰਾਮ ਅਧੀਨ ਲਗਭਗ ਸਾਰੇ ਹੀ ਰੁੱਖ ਵੱਢੇ ਗਏ ਹਨ। ਸੜਕਾਂ ਇਤਨੀਆਂ ਚੌੜੀਆਂ ਹੋ ਗਈਆਂ ਹਨ ਕਿ ਨਵੇਂ ਰੁੱਖ ਲਗਾਉਣ ਲਈ ਥਾਂ ਹੀ ਨਹੀਂ ਰਹੀ। ਪੰਜਾਬ ਵਿਚ ਹਰ ਵਰ੍ਹੇ ਲੱਖਾਂ ਰੁੱਖ ਲਗਾਏ ਜਾਂਦੇ ਹਨ ਪਰ ਇਨ੍ਹਾਂ ਦੀ ਦੇਖ ਰੇਖ ਦੀ ਅਣਗਹਿਲੀ ਕਾਰਨ ਇਹ ਆਮ ਕਰਕੇ ਮਰ ਜਾਂਦੇ ਹਨ। ਪੰਜਾਬ ਵਿਚ ਰੁੱਖਾਂ ਦੀ ਗਿਣਤੀ ਘਟ ਰਹੀ ਹੈ। ਵਾਤਾਵਰਨ ਦੀ ਸਫਾਈ ਰੁੱਖ ਹੀ ਕਰਦੇ ਹਨ ਜੋ ਹੁਣ ਨਹੀਂ ਹੋ ਰਹੀ। ਰੁੱਖ ਅਤੇ ਮਨੁੱਖ ਦਾ ਰਿਸ਼ਤਾ ਆਦਿ ਜੁਗਾਦ ਤੋਂ ਹੀ ਰਿਹਾ ਹੈ। ਪਹਿਲਾਂ ਤਾਂ ਮਨੁੱਖ ਦਾ ਠਿਕਾਣਾ ਹੀ ਰੁੱਖਾਂ ਹੇਠ ਸੀ, ਮੁੜ ਹਰ ਘਰ ਦੇ ਵਿਹੜੇ ਰੁੱਖ ਜ਼ਰੂਰ ਹੁੰਦਾ ਸੀ। ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਕਿਸਾਨ ਦੇ ਖੇਤਾਂ ਵਿਚ ਕੁਝ ਰੁੱਖ ਜ਼ਰੂਰ ਹੁੰਦੇ ਸਨ। ਹੁਣ ਤਾਂ ਹਰ ਪਾਸੇ ਸੁੰਨਾ ਸੁੰਨਾ ਲਗ ਰਿਹਾ ਹੈ।
ਪੰਜਾਬ ਦੇ ਵਾਤਾਵਰਨ ਦੀ ਸੰਭਾਲ, ਧਰਤੀ ਹੇਠ ਘਟ ਰਹੇ ਪਾਣੀ ਨੂੰ ਬਚਾਉਣ ਅਤੇ ਆਮਦਨ ਵਿਚ ਵਾਧੇ ਲਈ ਰੁੱਖ ਲਗਾਉਣ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਬਰਸਾਤ ਦਾ ਮੌਸਮ (ਜੁਲਾਈ ਅਗਸਤ) ਸਦਾ ਬਹਾਰ ਰੁੱਖ ਲਗਾਉਣ ਲਈ ਬਹੁਤ ਢੁੱਕਵਾਂ ਹੈ। ਇਨ੍ਹਾਂ ਦੋ ਮਹੀਨਿਆਂ ਵਿਚ ਪੰਜਾਬ ਵਿਚ ਵਧ ਤੋਂ ਵਧ ਰੁੱਖ ਲਗਾਉਣੇ ਚਾਹੀਦੇ ਹਨ ਪਰ ਇਸ ਦੇ ਨਾਲ ਹੀ ਰੁੱਖਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਹਰ ਕਿਸਾਨ ਨੂੰ ਇਸ ਵਾਰ ਪੰਜ ਰੁੱਖਾਂ ਦਾ ਟੀਚਾ ਮਿਥਣਾ ਚਾਹੀਦਾ ਹੈ। ਉਸ ਨੂੰ ਆਪਣੀ ਬੰਬੀ ਉਤੇ ਜਾਂ ਖੇਤ ਦੇ ਬੰਨਿਆਂ ਉਤੇ ਘੱਟੋ-ਘੱਟ ਪੰਜ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ। ਪੰਜਾਬ ਵਿਚ ਲੱਕੜ ਦੀ ਘਾਟ ਹੈ। ਲਕੜ ਵੇਚ ਕੇ ਪੈਸੇ ਵੀ ਕਮਾਏ ਜਾ ਸਕਦੇ ਹਨ। ਸਾਡੀਆਂ ਪੰਚਾਇਤਾਂ ਇਸ ਪਾਸੇ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਕੁਝ ਥਾਈਂ ਪੰਚਾਇਤਾਂ ਦੇ ਸਹਿਯੋਗ ਨਾਲ ਅਜਿਹੇ ਤਜਰਬੇ ਕੀਤੇ ਗਏ ਹਨ ਜਿਹੜੇ ਚੋਖੇ ਸਫਲ ਹੋਏ ਹਨ। ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਨੇ ਖਡੂਰ ਸਾਹਿਬ ਨੂੰ ਜਾਂਦੀਆਂ ਸਾਰੀਆਂ ਸੜਕਾਂ ਨੂੰ ਰੁੱਖਾਂ ਨਾਲ ਸ਼ਿੰਗਾਰ ਦਿੱਤਾ ਹੈ। ਡਾ. ਲਖਵਿੰਦਰ ਸਿੰਘ ਨੇ ਆਪਣੇ ਪਿੰਡ ਲੱਖੇਵਾਲੀ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਪੰਜਾਬ ਦੇ ਮਹਾਂਪੁਰਖਾਂ ਨੂੰ ਚਾਹੀਦਾ ਹੈ ਕਿ ਉਹ ਵੀ ਇਸ ਪਾਸੇ ਆਪਣਾ ਯੋਗਦਾਨ ਪਾਉਣ।
ਕਿਸਾਨਾਂ ਵਲੋਂ ਵਣ ਖੇਤੀ ਬਾਰੇ ਵੀ ਸੋਚਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਵਿਚ ਆ ਰਹੀ ਗਿਰਾਵਟ ਨੂੰ ਦੇਖਦਿਆਂ ਵੀ ਪੰਜਾਬ ਵਿਚ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਕੁਝ ਰਕਬੇ ਵਿਚ ਵਣ ਖੇਤੀ ਜ਼ਰੂਰ ਕਰਨੀ ਚਾਹੀਦੀ ਹੈ। ਮੁੱਢਲੇ ਤਿੰਨ ਸਾਲ ਇਨ੍ਹਾਂ ਵਿਚਕਾਰ ਫਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦੇ ਅੰਦਾਜ਼ੇ ਅਨੁਸਾਰ ਵਣ ਖੇਤੀ ਰਾਹੀਂ ਫਸਲਾਂ ਨਾਲੋਂ ਵੱਧ ਆਮਦਨ ਹੋ ਜਾਂਦੀ ਹੈ। ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਖੇਚਲ ਵੀ ਬਹੁਤ ਘਟ ਹੈ। ਰਸਾਇਣਾਂ ਦੀ ਵੀ ਨਾ-ਮਾਤਰ ਲੋੜ ਪੈਂਦੀ ਹੈ। ਹੁਣ ਸਫੈਦਾ, ਕਿੱਕਰ, ਪਹਾੜੀ ਕਿੱਕਰ, ਟਾਹਲੀ, ਨਿੰਮ, ਤੂਤ, ਸਾਗਵਾਨ ਅਤੇ ਡੇਕ ਦੇ ਰੁੱਖ ਲਗਾਏ ਜਾ ਸਕਦੇ ਹਨ। ਜੇ ਵਣ ਖੇਤੀ ਕਰਨੀ ਹੈ ਤਾਂ ਟੋਏ ਪੁੱਟ ਲਵੋ। ਇਕ ਮੀਟਰ ਘੇਰਾ ਅਤੇ ਇਕ ਮੀਟਰ ਹੀ ਡੂੰਘਾ ਟੋਇਆ ਪੁੱਟਿਆ ਜਾਵੇ। ਸਫੈਦੇ ਦੇ ਬੂਟੇ ਲਗਾਉਣ ਸਮੇਂ ਲਾਈਨਾਂ ਵਿਚਕਾਰ ਚਾਰ ਅਤੇ ਬੂਟਿਆਂ ਵਿਚਕਾਰ ਦੋ ਮੀਟਰ ਦਾ ਫਾਸਲਾ ਰੱਖਿਆ ਜਾਵੇ।
ਜੇ ਕਿੱਕਰ, ਡੇਕ ਤੇ ਨਿੰਮ ਦੇ ਬੂਟੇ ਲਗਾਉਣੇ ਹਨ ਤਾਂ ਕਤਾਰਾਂ ਅਤੇ ਰੁੱਖਾਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਿਆ ਜਾਵੇ। ਜੇਕਰ ਬੂਟਿਆਂ ਨੂੰ ਵੱਟਾਂ ਉਤੇ ਲਗਾਉਣਾ ਹੈ ਤਾਂ ਬੂਟਿਆਂ ਵਿਚਕਾਰ ਤਿੰਨ ਮੀਟਰ ਦਾ ਫਾਸਲਾ ਰੱਖਣਾ ਚਾਹੀਦਾ ਹੈ। ਟਾਹਲੀ ਲਈ 22 ਮੀਟਰ ਦਾ ਫਾਸਲਾ ਰੱਖੋ। ਸਾਗਵਾਨ ਦੇ ਬੂਟੇ 22 ਮੀਟਰ ਉਤੇ ਲਗਾਏ ਜਾਣ। ਇਨ੍ਹਾਂ ਰੁੱਖਾਂ ਦੇ ਨਾਲ ਕੁਝ ਸਜਾਵਟੀ ਰੁੱਖ ਵੀ ਲਗਾਏ ਜਾ ਸਕਦੇ ਹਨ। ਗੁਲਮੋਹਰ, ਰਾਤ ਦੀ ਰਾਣੀ, ਚਾਂਦਨੀ, ਮੋਤੀਆ, ਸਾਵਨੀ, ਕਨੇਰ, ਹਾਰ ਸ਼ਿੰਗਾਰ ਸਜਾਵਟੀ ਬੂਟੇ ਹਨ। ਇਸ ਵਾਰ ਪੰਜਾਬ ਵਿਚ ‘ਰੁੱਖ ਲਗਾਵੋ’ ਮੁਹਿੰਮ ਸਹੀ ਅਰਥਾਂ ਵਿਚ ਸ਼ੁਰੂ ਕਰਨੀ ਚਾਹੀਦੀ ਹੈ, ਕੇਵਲ ਰਸਮ ਜਾਂ ਫੋਟੋਗ੍ਰਾਫੀ ਲਈ ਹੀ ਅਜਿਹਾ ਨਾ ਕੀਤਾ ਜਾਵੇ। ਰੁੱਖ ਭਾਵੇਂ ਘੱਟ ਗਿਣਤੀ ਵਿਚ ਲਗਾਏ ਜਾਣ ਪਰ ਉਨ੍ਹਾਂ ਦੀ ਸਾਂਭ ਸੰਭਾਲ ਦਾ ਪੂਰਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਆਓ ਅਸੀਂ ਰੁੱਖਾਂ ਨਾਲ ਪਿਆਰ ਕਰੀਏ ਅਤੇ ਕੁਦਰਤ ਦੇ ਨੇੜੇ ਜਾਈਏ।
ਸੰਪਰਕ: 94170-87328