ਰਮੇਸ਼ਵਰ ਸਿੰਘ
ਪੰਜਾਬ ਦੀ ਮੁਟਿਆਰ ਅੰਮ੍ਰਿਤ ਕੌਰ ਨੇ ਸੰਗੀਤ ਦੇ ਖੇਤਰ ਵਿਚ ਕਈ ਮੱਲਾਂ ਮਾਰੀਆਂ ਹਨ। ਉਸ ਦਾ ਜਨਮ ਸ਼ਹਿਰ ਲੁਧਿਆਣਾ ਵਿਚ ਪ੍ਰਸਿੱਧ ਲੋਕ ਗਾਇਕ ਧੰਨਾ ਸਿੰਘ ਰੰਗੀਲਾ ਤੇ ਮਾਤਾ ਬਲਵਿੰਦਰ ਕੌਰ ਦੇ ਘਰ ਹੋਇਆ। ਘਰ ਵਿਚ ਸੰਗੀਤ ਦਾ ਮਾਹੌਲ ਹੋਣ ਕਰਕੇ ਉਸ ਨੂੰ ਬਚਪਨ ਤੋਂ ਹੀ ਸੰਗੀਤ ਨਾਲ ਗੂੜ੍ਹਾ ਪਿਆਰ ਪੈ ਗਿਆ। ਫਿਰ ਉਸ ਨੇ ਸੰਗੀਤ ਜਗਤ ਦੇ ਪ੍ਰਸਿੱਧ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਤਕਰੀਬਨ ਛੇ ਸਾਲ ਦੀ ਉਮਰ ਵਿਚ ਹੀ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ।
ਉਸ ਨੇ ਸਕੂਲ ਅਤੇ ਕਾਲਜ ਦੀ ਪੜ੍ਹਾਈ ਦੌਰਾਨ ਸੰਗੀਤਕ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਅਣਗਿਣਤ ਪੁਰਸਕਾਰ ਪ੍ਰਾਪਤ ਕੀਤੇ। ਇਨ੍ਹਾਂ ਵਿਚ ਖ਼ਾਸ ਤੌਰ ’ਤੇ 2011 ਵਿਚ ਪੰਜਾਬ ਆਰਟਸ ਕੌਂਸਲ ਵੱਲੋਂ ਕਰਵਾਏ ਗਏ ਲੋਕ ਗੀਤ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਦੀ ਕੋਇਲ ਦਾ ਖਿਤਾਬ ਹਾਸਲ ਕੀਤਾ। ਉਸ ਨੇ ਸੰਗੀਤ ਗਾਇਨ ਵਿਚ ਐੱਮ.ਏ. ਦੀ ਡਿਗਰੀ ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਤੋਂ ਕੀਤੀ। ਇਸ ਵਿਚ ਉਸ ਨੇ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਐੱਮ.ਫਿਲ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਗਾਇਨ ਦੇ ਨਾਲ ਨਾਲ ਅੰਮ੍ਰਿਤ ਨੂੰ ਸਾਜ਼ ਵਜਾਉਣ ਦਾ ਵੀ ਬਹੁਤ ਸ਼ੌਕ ਹੈ ਜਿਵੇਂ ਕਿ ਹਾਰਮੋਨੀਅਮ, ਸਿਤਾਰ, ਤੂੰਬੀ, ਤੂੰਬਾ, ਢੋਲ, ਢੋਲਕ, ਢੱਡ, ਬੁਗਚੂ, ਵੰਝਲੀ, ਖੰਜਰੀ, ਚਿਮਟਾ, ਅਲਗੋਜ਼ੇ, ਬੀਨ ਅਤੇ ਡੋਰੂ। ਉਸ ਦਾ ਹਰਮਨ ਪਿਆਰਾ ਸਾਜ਼ ਤੂੰਬੀ ਰਿਹਾ ਹੈ। ਤੂੰਬੀ ਵਜਾਉਣ ਦਾ ਸ਼ੌਕ ਉਸ ਨੂੰ ਆਪਣੇ ਪਿਤਾ ਪਾਸੋਂ ਪਿਆ, ਉਨ੍ਹਾਂ ਤੋਂ ਹੀ ਤੂੰਬੀ ਵਜਾਉਣੀ ਸਿੱਖੀ ਅਤੇ ਇਸ ਸਾਜ਼ ਦੀਆਂ ਬਾਰੀਕੀਆਂ ਵੀ ਜਾਣੀਆਂ। ਅੰਮ੍ਰਿਤ ਦਾ ਕਹਿਣਾ ਹੈ ਕਿ ਜਦੋਂ ਉਸ ਨੇ 2007 ਵਿਚ ਪਹਿਲੀ ਵਾਰ ਮੰਚ ’ਤੇ ਤੂੰਬੀ ਵਜਾਈ ਤਾਂ ਲੋਕਾਂ ਦਾ ਇਹੀ ਕਹਿਣਾ ਸੀ ਕਿ ਉਨ੍ਹਾਂ ਨੇ ਕੁੜੀ ਨੂੰ ਤੂੰਬੀ ਵਜਾਉਂਦੇ ਪਹਿਲੀ ਵਾਰ ਦੇਖਿਆ ਹੈ। ਉਹ ਲੋਕ ਸਾਜ਼ ਤੂੰਬੀ ਵਿਚ ਜ਼ੋਨਲ ਯੂਥ ਫੈਸਟੀਵਲ ਤੋਂ ਲੈ ਕੇ ਅੰਤਰ ਯੂਨੀਵਰਸਿਟੀ ਤਕ ਦੇ ਮੁਕਾਬਲਿਆਂ ਵਿਚ ਭਾਗ ਲੈ ਚੁੱਕੀ ਹੈ ਅਤੇ ਗੋਲਡ ਮੈਡਲ ਜਿੱਤੇ ਹਨ।
ਉਸ ਨੇ ਭਾਰਤ ਦੇ ਵੱਖ ਵੱਖ ਮੇਲਿਆਂ ਅਤੇ ਮੁਕਾਬਲਿਆਂ ਤੋਂ ਇਲਾਵਾ ਵਿਦੇਸ਼ਾਂ ਵਿਚ ਵੀ ਆਪਣੀ ਗਾਇਕੀ ਅਤੇ ਤੂੰਬੀ ਦੇ ਜੌਹਰ ਦਿਖਾਏ ਹਨ। ਉਸ ਦਾ ਮੰਨਣਾ ਹੈ ਕਿ ਲੋਕ ਸਾਜ਼ਾਂ ਦਾ ਦੌਰ ਹਰ ਦਿਨ ਘਟਦਾ ਜਾ ਰਿਹਾ ਹੈ ਅਤੇ ਨੌਜਵਾਨ ਪੀੜ੍ਹੀ ਵਿਚ ਬਹੁਤ ਘੱਟ ਨੌਜਵਾਨ ਹਨ ਜੋ ਵਿਰਾਸਤੀ ਸਾਜ਼ਾਂ ਅਤੇ ਕਲਾਵਾਂ ਨੂੰ ਸਾਂਭ ਰਹੇ ਹਨ, ਇਸ ਲਈ ਸਾਨੂੰ ਆਪਣੇ ਇਨ੍ਹਾਂ ਸਾਜ਼ਾਂ ਦੀ ਹੋਂਦ ਨੂੰ ਖ਼ਤਮ ਹੋਣ ਤੋਂ ਬਚਾਉਣਾ ਹੈ ਕਿਉਂਕਿ ਇਹ ਸਾਡੇ ਪੰਜਾਬ ਦਾ ਇਕ ਖ਼ਾਸ ਰੰਗ ਅਤੇ ਅੰਗ ਹੈ। ਲੋਕ ਗਾਇਕੀ ਵਿਚ ਉਸ ਨੇ ਜੁਗਨੀ ਤੇ ਮਾਹੀਆ ਗਾਉਣ ਨੂੰ ਪਹਿਲ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਲੋਕ ਗਾਇਕੀ ਤੇ ਤੂੰਬੀ ਨੂੰ ਪਹਿਲ ਦਿੱਤੀ ਹੈ ਅਤੇ ਪਿਤਾ ਵੱਲੋਂ ਮਿਲੀ ਇਸ ਸਿੱਖਿਆ ਨੂੰ ਸਿਰੇ ਚੜ੍ਹਾਉਣਾ ਹੀ ਉਸ ਦਾ ਮਾਣ ਹੈ।
ਸੰਪਰਕ: 99148-80392