ਪ੍ਰੇਰਕ ਪ੍ਰਸੰਗ
ਪ੍ਰਿੰਸੀਪਲ ਵਿਜੈ ਕੁਮਾਰ
ਸਕੂਲ ਦੇ ਬੱਚੇ ਪ੍ਰਾਰਥਨਾ ਸਭਾ ਵਾਲੇ ਮੰਚ ਉੱਤੇ ਬਹੁਤ ਸੋਹਣਾ ਹੱਥਾਂ ਨਾਲ ਬਣਿਆ ਇਕ ਚਿੱਤਰ ਵੇਖ ਕੇ ਹੈਰਾਨ ਸਨ। ਉਹ ਉਸ ਚਿੱਤਰ ਦੇ ਉੱਥੇ ਪਏ ਹੋਣ ਦਾ ਕਾਰਨ ਜਾਣਨਾ ਚਾਹੁੰਦੇ ਸਨ। ਪ੍ਰਾਰਥਨਾ ਕਰਨ ਦੀ ਰਸਮ ਪੂਰੀ ਕਰਨ ਤੋਂ ਬਾਅਦ ਸਕੂਲ ਦੇ ਡਰਾਇੰਗ ਅਧਿਆਪਕ ਨੇ ਮੰਚ ’ਤੇ ਆ ਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, ‘‘ ਬੱਚਿਓ, ਕੀ ਤੁਸੀਂ ਮੰਚ ’ਤੇ ਪਏ ਇਸ ਹੱਥੀਂ ਬਣੇ ਸੁੰਦਰ ਅਤੇ ਬੜੇ ਚਿੱਤਰ ਬਾਰੇ ਜਾਣਨਾ ਚਾਹੁੰਦੇ ਹੋ?’’ ਬੱਚਿਆਂ ਨੇ ਉੱਚੀ ਆਵਾਜ਼ ਵਿਚ ਕਿਹਾ,‘ਜੀ ਸਰ।’
ਡਰਾਇੰਗ ਅਧਿਆਪਕ ਨੇ ਅੱਗੋਂ ਕਿਹਾ, ‘‘ਬੱਚਿਓ, ਜਿਸ ਚਿੱਤਰਕਾਰ ਨੇ ਇਹ ਸੁੰਦਰ ਚਿੱਤਰ ਬਣਾਇਆ ਹੈ, ਉਸ ਚਿੱਤਰਕਾਰ ਦੇ ਹੱਥ ਨਹੀਂ ਹਨ।’’ ਡਰਾਇੰਗ ਅਧਿਆਪਕ ਦੇ ਇਹ ਸ਼ਬਦ ਸੁਣ ਕੇ ਬੱਚਿਆਂ ਵਿਚ ਘੁਸਰ ਮੁਸਰ ਸ਼ੁਰੂ ਹੋ ਗਈ। ਅਧਿਆਪਕ ਸਮਝ ਗਿਆ ਕਿ ਬੱਚੇ ਇਹ ਜਾਣਨਾ ਚਾਹੁੰਦੇ ਹਨ ਕਿ ਬਿਨਾਂ ਹੱਥਾਂ ਤੋਂ ਚਿੱਤਰ ਕਿਵੇਂ ਬਣ ਸਕਦਾ ਹੈ। ਅਧਿਆਪਕ ਨੇ ਫੇਰ ਕਿਹਾ, ‘‘ਬੱਚਿਓ, ਕੀ ਤੁਸੀਂ ਉਸ ਚਿੱਤਰਕਾਰ ਨੂੰ ਮਿਲਣਾ ਚਾਹੁੰਦੇ ਹੋ ਜਿਸ ਨੇ ਇਹ ਚਿੱਤਰ ਬਣਾਇਆ ਹੈ?’’ ਸਕੂਲ ਦੇ ਸਾਰੇ ਬੱਚੇ ਬੋਲੇ, ‘‘ਹਾਂ ਜੀ, ਸਰ।’’ ਅਧਿਆਪਕ ਨੇ ਉਸ ਚਿੱਤਰਕਾਰ ਨੂੰ ਮੰਚ ਉੱਤੇ ਬੁਲਾਇਆ। ਉਸ ਚਿੱਤਰਕਾਰ ਨੂੰ ਵੇਖ ਕੇ ਬੱਚੇ ਸੋਚੀਂ ਪੈ ਗਏ ਕਿਉਂਕਿ ਉਸ ਚਿੱਤਰਕਾਰ ਦੇ ਤਾਂ ਦੋਵੇਂ ਹੱਥ ਮੌਜੂਦ ਸਨ। ਬੱਚਿਆਂ ਦੇ ਚਿਹਰਿਆਂ ਉੱਤੇ ਉੱਕਰੇ ਇਕ ਹੋਰ ਸਵਾਲ ਨੂੰ ਪੜ੍ਹ ਕੇ ਅਧਿਆਪਕ ਨੇ ਉਸ ਚਿੱਤਰਕਾਰ ਨੂੰ ਇਸ਼ਾਰੇ ਨਾਲ ਬੱਚਿਆਂ ਦੇ ਸਨਮੁੱਖ ਹੋਣ ਨੂੰ ਕਿਹਾ।
ਚਿੱਤਰਕਾਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ, ‘‘ਬੱਚਿਓ, ਤੁਸੀਂ ਸੋਚ ਰਹੇ ਸੀ ਕਿ ਤੁਹਾਡੇ ਅਧਿਆਪਕ ਨੇ ਤਾਂ ਇਹ ਕਿਹਾ ਸੀ ਕਿ ਮੇਰੇ ਹੱਥ ਨਹੀਂ ਹਨ, ਪਰ ਤੁਹਾਨੂੰ ਮੇਰੇ ਹੱਥ ਵਿਖਾਈ ਦੇ ਰਹੇ ਹਨ।’’ ਉਸ ਨੇ ਆਪਣੇ ਨਕਲੀ ਹੱਥ ਲਾਹੁੰਦਿਆਂ ਹੋਇਆਂ ਕਿਹਾ, ‘‘ਬੱਚਿਓ, ਮੇਰੇ ਇਹ ਹੱਥ ਨਕਲੀ ਹਨ। ਇਹ ਤਾਂ ਕੇਵਲ ਵੇਖੇ ਹੀ ਜਾ ਸਕਦੇ ਹਨ। ਇਹ ਕੰਮ ਨਹੀਂ ਕਰ ਸਕਦੇ। ਮੇਰੇ ਪਿਤਾ ਜੀ ਵੀ ਬਹੁਤ ਵਧੀਆ ਚਿੱਤਰਕਾਰ ਸਨ। ਉਨ੍ਹਾਂ ਦੀਆਂ ਬਣਾਈਆਂ ਗਈਆਂ ਤਸਵੀਰਾਂ ਬੜੇ – ਬੜੇ ਲੋਕ ਵੀ ਪਸੰਦ ਕਰਦੇ ਸਨ। ਉਨ੍ਹਾਂ ਦੇ ਬਣਾਏ ਹੋਏ ਚਿੱਤਰ ਵਿਦੇਸ਼ਾਂ ਵਿਚ ਵੀ ਵਿਕਦੇ ਸਨ। ਮੈਂ ਉਨ੍ਹਾਂ ਦੀ ਇਕੱਲੀ ਸੰਤਾਨ ਹਾਂ। ਉਹ ਚਾਹੁੰਦੇ ਸਨ ਕਿ ਮੈਂ ਵੀ ਉਨ੍ਹਾਂ ਵਾਂਗ ਬੜਾ ਚਿੱਤਰਕਾਰ ਬਣਾ, ਪਰ ਉਸ ਅਕਾਲ ਪੁਰਖ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਇਕ ਦੁਰਘਟਨਾ ਵਿਚ ਮੇਰੀਆਂ ਦੋਵੇਂ ਬਾਹਾਂ ਕੱਟੀਆਂ ਗਈਆਂ। ਮੇਰੇ ਪਿਤਾ ਜੀ ਨੇ ਬੜੇ-ਬੜੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਮੇਰਾ ਇਲਾਜ ਕਰਵਾਇਆ, ਪਰ ਨਿਰਾਸ਼ਾ ਹੀ ਹੱਥ ਲੱਗੀ। ਪਿਤਾ ਜੀ ਨੂੰ ਬਹੁਤ ਬੜਾ ਸਦਮਾ ਲੱਗਾ। ਉਹ ਮੇਰੇ ਦੁੱਖ ਕਾਰਨ ਅਤੇ ਆਪਣੀ ਕਲਾ ਨੂੰ ਅੱਗੇ ਨਾ ਵਧਣ ਦੀ ਭਾਵਨਾ ਨੂੰ ਲੈ ਕੇ ਇਸ ਦੁਨੀਆਂ ਤੋਂ ਚੱਲ ਵਸੇ। ਮੇਰੇ ਉੱਤੇ ਦੁੱਖਾਂ ਦਾ ਇਕ ਹੋਰ ਪਹਾੜ ਡਿੱਗ ਪਿਆ। ਮੇਰੀ ਮਾਂ ਨੇ ਮੇਰਾ ਹੌਸਲਾ ਟੁੱਟਣ ਨਹੀਂ ਦਿੱਤਾ। ਉਸ ਨੇ ਮੈਨੂੰ ਆਪਣੇ ਪਿਤਾ ਵਾਂਗ ਮਸ਼ਹੂਰ ਚਿੱਤਰਕਾਰ ਬਣਨ ਲਈ ਪ੍ਰੇਰਿਤ ਕੀਤਾ। ਮਾਂ ਦੇ ਸ਼ਬਦਾਂ ਨੇ ਮੇਰੇ ਵਿਚ ਕੁੱਝ ਕਰਕੇ ਵਿਖਾਉਣ ਦੀ ਭਾਵਨਾ ਪੈਦਾ ਕਰ ਦਿੱਤੀ। ਮੈਂ ਮਿਹਨਤ ਅਤੇ ਲਗਨ ਨਾਲ ਆਪਣਾ ਅਤੇ ਮਾਂ ਦਾ ਸੁਪਨਾ ਪੂਰਾ ਕਰਨ ਵਿਚ ਜੁਟ ਗਿਆ। ਮੈਂ ਆਪਣੇ ਪੈਰਾਂ ਨਾਲ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ।
ਪਰ ਇਹ ਕੰਮ ਐਨਾ ਸੌਖਾ ਨਹੀਂ ਸੀ। ਕਦੇ -ਕਦੇ ਮੈਂ ਨਿਰਾਸ਼ ਹੋ ਜਾਂਦਾ ਤੇ ਆਪਣਾ ਉਦੇਸ਼ ਛੱਡਣ ਲਈ ਤਿਆਰ ਹੋ ਜਾਂਦਾ, ਪਰ ਮੇਰੀ ਮਾਂ ਮੈਨੂੰ ਮੇਰੇ ਪਿਤਾ ਜੀ ਦਾ ਸੁਪਨਾ ਯਾਦ ਕਰਾ ਕੇ ਹੌਸਲੇ ਨਾਲ ਯਤਨ ਕਰਨ ਲਈ ਕਹਿੰਦੀ। ਇਕ ਦਿਨ ਮੇਰੇ ਪਿਤਾ ਜੀ ਅਤੇ ਮੇਰੀ ਮਾਂ ਦਾ ਸੁਪਨਾ ਪੂਰਾ ਹੋ ਗਿਆ। ਮੈਂ ਪੈਰਾਂ ਨਾਲ ਵਧੀਆ ਤੋਂ ਵਧੀਆ ਚਿੱਤਰ ਬਣਾਉਣ ਵਿਚ ਸਫਲ ਹੋ
ਗਿਆ। ਮੇਰੇ ਪੈਰਾਂ ਨਾਲ ਬਣਿਆ ਚਿੱਤਰ ਤੁਹਾਡੇ ਸਾਹਮਣੇ ਹੈ। ਬੱਚਿਓ, ਇਸ ਦੁਨੀਆਂ ਵਿਚ ਕੁੱਝ ਵੀ ਅਸੰਭਵ ਨਹੀਂ ਹੈ , ਕੇਵਲ ਆਤਮ ਵਿਸ਼ਵਾਸ ਅਤੇ ਮਜ਼ਬੂਤ ਇਰਾਦੇ ਦੀ ਲੋੜ ਹੈ।’’
ਸਕੂਲ ਦੇ ਪ੍ਰਿੰਸੀਪਲ ਦੇ ਕਹਿਣ ’ਤੇ ਉਸ ਨੇ ਮੰਚ
’ਤੇ ਪੈਰਾਂ ਨਾਲ ਇਕ ਚਿੱਤਰ ਬਣਾ ਕੇ ਵੀ
ਵਿਖਾਇਆ। ਬੱਚਿਆਂ ਨੇ ਤਾੜੀਆਂ ਮਾਰ ਕੇ ਉਸ
ਦਾ ਸਵਾਗਤ ਕੀਤਾ।
ਸੰਪਰਕ: 98726-27136